Thursday, April 19, 2018

                              ਮੋਦੀ ਪਟਕਾ
       ਐਫ.ਸੀ.ਆਈ ਕਣਕ ਖ਼ਰੀਦਣ ਤੋਂ ਭੱਜੀ
                            ਚਰਨਜੀਤ ਭੁੱਲਰ
ਬਠਿੰਡਾ : ਭਾਰਤੀ ਖ਼ੁਰਾਕ ਨਿਗਮ ਨੇ ਐਤਕੀਂ ਕਣਕ ਦੀ ਖ਼ਰੀਦ ਕਰਨ ਤੋਂ ਹੱਥ ਖਿੱਚ ਲਏ ਹਨ ਜਿਸ ਕਰਕੇ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਖ਼ੁਰਾਕ ਨਿਗਮ ਦੇ ਅਫ਼ਸਰਾਂ ਨੇ ਸਾਫ਼ ਆਖ ਦਿੱਤਾ ਹੈ ਕਿ ਅਗਰ ਰੇਲ ਮੂਵਮੈਂਟ ਹੋਈ ਤਾਂ ਹੀ ਕਣਕ ਖ਼ਰੀਦ ਕਰਾਂਗੇ। ਵੱਡੀ ਬਿਪਤਾ ਅਨਾਜ ਭੰਡਾਰਨ ਲਈ ਜਗ੍ਹਾ ਦੀ ਕਮੀ ਦੀ ਬਣੀ ਹੈ। ਇਸੇ ਬਹਾਨੇ ਖ਼ੁਰਾਕ ਨਿਗਮ ਨੂੰ ਅਨਾਜ ਦੀ ਖ਼ਰੀਦ ਤੋਂ ਖਹਿੜਾ ਛੁਡਾਉਣ ਦਾ ਮੌਕਾ ਮਿਲ ਗਿਆ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਪਿਛਲੇ ਵਰ੍ਹਿਆਂ ਵਿਚ ਭਾਰਤੀ ਖ਼ੁਰਾਕ ਨਿਗਮ ਵੱਲੋਂ 20 ਫ਼ੀਸਦੀ ਤੱਕ ਕਣਕ ਦੀ ਖ਼ਰੀਦ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਖ਼ੁਰਾਕ ਨਿਗਮ ਇਸ ਤੋਂ ਵੀ ਭੱਜ ਰਹੀ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ 20 ਫ਼ੀਸਦੀ ਤੋਂ ਖ਼ਰੀਦ ਘਟਾ ਕੇ 10 ਫ਼ੀਸਦੀ ਕਰਾ ਲਈ ਅਤੇ ਹੁਣ ਪੰਜ ਫ਼ੀਸਦੀ ਕਰਨ ਦੀ ਹੀ ਖ਼ੁਰਾਕ ਨਿਗਮ ਨੇ ਗੱਲ ਆਖੀ ਹੈ। ਖ਼ੁਰਾਕ ਨਿਗਮ ਨੇ ਬਠਿੰਡਾ ਅਤੇ ਮਾਨਸਾ ਦੇ 44 ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਕਰਨੀ ਸੀ ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
                   ਕਈ ਖ਼ਰੀਦ ਕੇਂਦਰਾਂ ਵਿਚ ਰਾਜ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੂੰ ਐਫ.ਸੀ.ਆਈ ਨਾਲ ਤਾਇਨਾਤ ਕਰ ਦਿੱਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ ਨੇ ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ ਸਿਰਫ਼ 2500 ਮੀਟਰਿਕ ਟਨ ਕਣਕ ਦੀ ਹੀ ਖ਼ਰੀਦ ਕੀਤੀ ਹੈ।  ਭਾਰਤੀ ਖ਼ੁਰਾਕ ਨਿਗਮ ਨੂੰ ਬਠਿੰਡਾ ਜ਼ਿਲ੍ਹੇ ਵਿਚ 21 ਖ਼ਰੀਦ ਕੇਂਦਰ ਦਿੱਤੇ ਗਏ ਸਨ। ਮੌੜ,ਗੋਨਿਆਣਾ,ਸੰਗਤ,ਨਥਾਣਾ, ਭੁੱਚੋ ਅਤੇ ਬਠਿੰਡਾ ਦੇ ਬਹੁਤੇ ਖ਼ਰੀਦ ਕੇਂਦਰਾਂ ਵਿਚ ਖ਼ੁਰਾਕ ਨਿਗਮ ਨੇ ਸ਼ੁਰੂਆਤ ਹੀ ਨਹੀਂ ਕੀਤੀ ਹੈ। ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਬਾਓ ਬਣਾਇਆ ਤਾਂ ਖ਼ੁਰਾਕ ਨਿਗਮ ਦੇ ਅਫ਼ਸਰਾਂ ਨੇ ਹੱਥ ਖੜੇ੍ਹ ਕਰ ਦਿੱਤੇ। ਵੇਰਵਿਆਂ ਅਨੁਸਾਰ ਖ਼ੁਰਾਕ ਨਿਗਮ ਕੋਲ ਬਠਿੰਡਾ ਮਾਨਸਾ 12 ਲੱਖ ਮੀਟਰਿਕ ਟਨ ਦੀ ਸਮਰੱਥਾ ਦੇ ਕਵਰਡ ਗੋਦਾਮ ਹਨ ਜਦੋਂ ਕਿ 13.50 ਲੱਖ ਮੀਟਰਿਕ ਟਨ ਚੌਲ ਆ ਚੁੱਕਾ ਹੈ। ਖ਼ੁਰਾਕ ਨਿਗਮ ਨੇ ਤਰਕ ਦਿੱਤਾ ਹੈ ਕਿ ਉਨ੍ਹਾਂ ਦੇ ਗੁਦਾਮ ਓਵਰਲੋਡ ਹੋ ਚੁੱਕੇ ਹਨ ਜਿਸ ਕਰਕੇ ਉਹ ਕਣਕ ਖ਼ਰੀਦ ਤੋਂ ਬੇਵੱਸ ਹਨ।
        ਖ਼ੁਰਾਕ ਨਿਗਮ ਵੱਲੋਂ ਸਿਰਫ਼ ਕਵਰਡ ਗੁਦਾਮਾਂ ਵਿਚ ਹੀ ਅਨਾਜ ਭੰਡਾਰ ਕੀਤਾ ਜਾਂਦਾ ਹੈ। ਰਾਮਾਂ ਮੰਡੀ ਦੇ ਇਲਾਕੇ ਵਿਚ ਰੇਲਵੇ  ਮੂਵਮੈਂਟ ਰੁਕ ਗਈ ਹੈ ਕਿਉਂਕਿ ਰੇਲਵੇ ਦਾ ਕੋਈ ਤਕਨੀਕੀ ਕੰਮ ਚੱਲ ਰਿਹਾ ਹੈ। ਭਾਰਤੀ ਖੁਰਾਕ ਨਿਗਮ ਦੇ ਮੈਨੇਜਰ (ਖਰੀਦ) ਸ੍ਰੀ ਸਿਧਾਰਥ ਦਾ ਕਹਿਣਾ ਸੀ ਕਿ ਅਗਰ ਕੋਈ ਰੇਲਵੇ ਰੈਕ ਮਿਲਦਾ ਹੈ ਤਾਂ ਹੀ ਉਹ ਕਣਕ ਦੀ ਖ਼ਰੀਦ ਸੰਭਵ ਬਣਾ ਸਕਦੇ ਹਨ ਕਿਉਂਕਿ ਮੌਜੂਦਾ ਸਮੇਂ ਨਿਗਮ ਕੋਲ ਅਨਾਜ ਭੰਡਾਰਨ ਲਈ ਜਗ੍ਹਾ ਹੀ ਨਹੀਂ ਹੈ ਜਿਸ ਕਰਕੇ ਉਹ ਖ਼ਰੀਦ ਕਰਨ ਤੋਂ ਬੇਵੱਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਂ ਖ਼ਰੀਦ ਸਿਰਫ਼ ਰੇਲਵੇ ਦੀ ਮੂਵਮੈਂਟ ਤੇ ਹੀ ਨਿਰਭਰ ਕਰੇਗੀ। ਸੂਤਰ ਦੱਸਦੇ ਹਨ ਕਿ ਏਦਾ ਦੀ ਪ੍ਰਸਥਿਤੀ ਚਾਰੇ ਪਾਸੇ ਬਣਨ ਲੱਗੀ ਹੈ।
         ਖ਼ੁਰਾਕ ਨਿਗਮ ਦੀ ਕੋਰੀ ਨਾਂਹ ਮਗਰੋਂ ਸਾਰਾ ਭਾਰ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਤੇ ਪੈਣ ਲੱਗਾ ਹੈ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਸ੍ਰੀ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਰਾਜ ਦੀਆਂ ਏਜੰਸੀਆਂ ਕੋਲ ਵੀ ਏਨੀ ਮੌਕੇ ਤੇ ਜਗ੍ਹਾ ਅਤੇ ਪ੍ਰਬੰਧ ਨਹੀਂ ਹਨ ਕਿ ਖ਼ੁਰਾਕ ਨਿਗਮ ਦੇ ਹਿੱਸੇ ਦੀ ਵੀ ਖ਼ਰੀਦ ਕੀਤੀ ਜਾ ਸਕੇ ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕਈ ਖ਼ਰੀਦ ਕੇਂਦਰਾਂ ਤੇ ਐਫ.ਸੀ.ਆਈ ਨਾਲ ਸ਼ੇਅਰਡ ਮੰਡੀਆਂ ਕਰਨ ਵਾਸਤੇ ਮੁੱਖ ਦਫ਼ਤਰ ਨੂੰ ਲਿਖ ਦਿੱਤਾ ਹੈ। ਰਾਜ ਦੀਆਂ ਏਜੰਸੀਆਂ ਕੋਲ ਆਪਣੇ ਹਿੱਸੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਸੂਤਰ ਆਖਦੇ ਹਨ ਕਿ ਆਉਂਦੇ ਦਿਨਾਂ ਵਿਚ ਕੇਂਦਰੀ ਖ਼ੁਰਾਕ ਨਿਗਮ ਦੀ ਇਨਕਾਰੀ ਕੈਪਟਨ ਹਕੂਮਤ ਦੀ ਸਾਖ ਨੂੰ ਸੱਟ ਮਾਰ ਸਕਦੀ ਹੈ ਕਿਉਂਕਿ ਐਫਸੀਆਈ ਦੀਆਂ ਮੰਡੀਆਂ ਵਿਚ ਰੌਲਾ ਪੈਣ ਦੇ ਅਸਾਰ ਵਧ ਜਾਣੇ ਹਨ।


No comments:

Post a Comment