Wednesday, March 28, 2018

                     ਸਿਆਸੀ ਨਿਸ਼ਾਨਾ
 ਮੋਦੀ ਦੀ ‘ਛੁੱਕ ਛੁੱਕ’ ਦਾ ਕੈਪਟਨ ਤੇ ਛਿੱਕਾ
                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫ਼ਾਈਨਰੀ ’ਚ ਅਖੀਰ ਅੱਜ ਬਜਰੀ ਨਾਲ ਲੱਦੀ ਮਾਲ ਗੱਡੀ ਪੁੱਜ ਗਈ ਹੈ ਜਿਸ ਦੀ ਛੁੱਕ ਛੁੱਕ ਨੇ ਇੱਕ ਸਿਆਸੀ ਸੁਨੇਹਾ ਕੈਪਟਨ ਹਕੂਮਤ ਨੂੰ ਦਿੱਤਾ ਹੈ। ਪੰਜਾਬ ’ਚ ਇਹ ਪਹਿਲਾ ਮੌਕਾ ਹੈ ਕਿ ਰੇਤਾ ਬਜਰੀ ਲਈ ‘ਰੇਲ ਰੂਟ’ ਦੀ ਵਰਤੋਂ ਹੋਈ ਹੈ। ਦਮ ਘੁੱਟਣ ਵਾਲਾ ਮਾਹੌਲ ਉਦੋਂ ਬਣਿਆ ਸੀ ਜਦੋਂ ‘ਗੁੰਡਾ ਟੈਕਸ’ ਦੀ ਚੜ੍ਹ ਮੱਚੀ ਸੀ। ਕੇਂਦਰ ਦੀ ਐਨਡੀਏ ਸਰਕਾਰ ਨੂੰ ਕੈਪਟਨ ਰਾਜ ਦੀ ਬਦਨਾਮੀ ਦਾ ਇੱਕ ਚੰਗਾ ਮੌਕਾ ਹੱਥ ਲੱਗਿਆ। ਵਿਰੋਧੀ ਧਿਰਾਂ ਨੇ ‘ਗੁੰਡਾ ਟੈਕਸ’ ਨੂੰ ਹੱਥੋਂ ਹੱਥ ਮੁੱਦਾ ਬਣਾ ਲਿਆ। ਇੱਧਰ ਰਿਫ਼ਾਈਨਰੀ ਪ੍ਰਬੰਧਕਾਂ ਨੇ ਕੇਂਦਰੀ ਰਮਜ਼ ਸਮਝਦੇ ਹੋਏ ਰੇਤਾ ਬਜਰੀ ਰੇਲ ਰਸਤੇ ਮੰਗਵਾਉਣ ਦਾ ਫ਼ੈਸਲਾ ਕਰ ਲਿਆ। ਗੇਂਦ ਹੱਥੋਂ ਨਿਕਲਣ ਤੋਂ ਪਹਿਲਾਂ ਹੀ ਕੈਪਟਨ ਸਰਕਾਰ ਨੇ ਮੌਕਾ ਸੰਭਾਲ ਲਿਆ। ਉਦੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਦੇ ਪੁਲੀਸ ਤੇ ਸਿਵਲ ਅਫ਼ਸਰਾਂ ਨੂੰ ਤਾੜ ਦਿੱਤਾ।  ਪੰਜਾਬੀ ਟ੍ਰਿਬਿਊਨ ਤਰਫ਼ੋਂ ਫਰਵਰੀ ਦੇ ਸ਼ੁਰੂ ’ਚ ‘ਗੁੰਡਾ ਟੈਕਸ’ ਨੂੰ ਪ੍ਰਮੱੁਖਤਾ ਨਾਲ ਉਭਾਰਨਾ ਸ਼ੁਰੂ ਕੀਤਾ ਅਤੇ ਸਭ ਤੋਂ ਪਹਿਲਾਂ ਰਿਫ਼ਾਈਨਰੀ ਵੱਲੋਂ ਰੇਲ ਰਸਤੇ ਰੇਤਾ ਬਜਰੀ ਮੰਗਵਾਏ ਜਾਣ ਦੀ ਖ਼ਬਰ ਨੂੰ 21 ਫਰਵਰੀ ਨੂੰ ਪ੍ਰਕਾਸ਼ਿਤ ਕੀਤਾ।
                    ਪੰਜਾਬੀ ਟ੍ਰਿਬਿਊਨ ਦੀ ਖ਼ਬਰ ਆਖ਼ਰ ਅੱਜ ਸੱਚ ਹੋ ਗਈ ਜਦੋਂ ਕਿ ਕਰੀਬ 10 ਵਜੇ ਮਾਲ ਗੱਡੀ ਰਿਫ਼ਾਈਨਰੀ ਦੇ ਅੰਦਰ ਪੁੱਜ ਗਈ। ਸੂਤਰ ਦੱਸਦੇ ਹਨ ਕਿ ਬਜਰੀ ਦਾ ਪੂਰਾ ਰੈਕ (ਕਰੀਬ 50 ਡੱਬੇ) ਰਿਫ਼ਾਈਨਰੀ ’ਚ ਆਇਆ ਹੈ ਜਿਸ ਨੂੰ ਅਣਲੋਡ ਕਰਨ ਦਾ ਕੰਮ ਦੇਰ ਸ਼ਾਮ ਤੱਕ ਚੱਲਿਆ। ਰਿਫ਼ਾਈਨਰੀ ਪ੍ਰਬੰਧਕਾਂ ਨੇ 7 ਮਾਰਚ ਤੱਕ ਅਣਲੋਡ ਕਰਨ ਦੀਆਂ ਕੁਟੇਸ਼ਨਾਂ ਲਈਆਂ ਸਨ। ਰਿਫ਼ਾਈਨਰੀ ’ਚ ਪੈਟਰੋ ਕੈਮੀਕਲ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪੈਟਰੋ ਕੈਮੀਕਲ ਪ੍ਰੋਜੈਕਟ ਦੀ ਧਰਾਤਲ ਲਈ ਬਜਰੀ ਦੀ ਵਰਤੋਂ ਹੋਣੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਅਨੰਦਪੁਰ ਸਾਹਿਬ ਦੇ ‘ਕਰੈਸ਼ਰ ਜ਼ੋਨ’ ਤੋਂ ਰੇਲ ਰਸਤੇ ਬਜਰੀ ਮੰਗਵਾਈ ਗਈ ਹੈ। ਪਹਿਲਾਂ ਰਾਜਸਥਾਨ ਚੋਂ ਰੇਤਾ ਬਜਰੀ ਮੰਗਵਾਏ ਜਾਣ ਦੀ ਗੱਲ ਚੱਲੀ ਸੀ। ਸੂਤਰ ਦੱਸਦੇ ਹਨ ਕਿ ਕੱੁਝ ਤਕਨੀਕੀ ਦਿੱਕਤਾਂ ਰਾਹ ਵਿਚ ਰੋੜਾ ਬਣ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ‘ਗੁੰਡਾ ਟੈਕਸ’ ਨੂੰ ਤਕੜੇ ਹੱਥੀਂ ਲਿਆ ਜਦੋਂ ਸਿਆਸੀ ਤੌਰ ਤੇ ਜ਼ਮੀਨ ਖਿਸਕਦੀ ਨਜ਼ਰ ਆਈ। ਜ਼ਿਲ੍ਹਾ ਪੁਲੀਸ ਨੇ ਵੀ ਆਪਣਾ ਰੰਗ ਬਦਲ ਲਿਆ ਸੀ।
                   ਉਸ ਮਗਰੋਂ ਹੀ ਰਿਫ਼ਾਈਨਰੀ ਲਾਗਿਓਂ ‘ਗੁੰਡਾ ਟੈਕਸ’ ਗ਼ਾਇਬ ਹੋ ਗਿਆ ਅਤੇ ਹੁਣ ਕਿਧਰੇ ਵੀ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਹੈ ਜਿਸ ਨਾਲ ਉਸਾਰੀ ਠੇਕੇਦਾਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਵੱਡਾ ਸੁਆਲ ਹੁਣ ਇਹ ਚਰਚਾ ਵਿਚ ਹੈ ਕਿ ਜਦੋਂ ‘ਗੁੰਡਾ ਟੈਕਸ’ ਖ਼ਤਮ ਹੋ ਗਿਆ ਤਾਂ ਰਿਫ਼ਾਈਨਰੀ ਨੂੰ ਰੇਲ ਰਸਤੇ ਬਜਰੀ ਮੰਗਵਾਏ ਜਾਣ ਦੀ ਲੋੜ ਕਿਉਂ ਪੈ ਗਈ। ਸਿਆਸੀ ਹਲਕੇ ਦੱਸਦੇ ਹਨ ਕਿ ਬਠਿੰਡਾ ਰਿਫ਼ਾਈਨਰੀ ਕੇਂਦਰ ਸਰਕਾਰ ਦਾ ਮਿੱਤਲ ਐਨਰਜੀ ਲਿਮਟਿਡ ਨਾਲ ਸਾਂਝਾ ਪ੍ਰੋਜੈਕਟ ਹੈ ਜਿਸ ਕਰਕੇ ਰਿਫ਼ਾਈਨਰੀ ਪ੍ਰਬੰਧਕ ਰਾਜ ਨਾਲੋਂ ਕੇਂਦਰ ਨੂੰ ਪ੍ਰਮੱੁਖਤਾ ਦਿੰਦੇ ਹਨ। ਭਾਵੇਂ ‘ਗੁੰਡਾ ਟੈਕਸ’ ਦਾ ਰਾਜ ਫ਼ਿਲਹਾਲ ਚਲਾ ਗਿਆ ਹੈ ਪੰ੍ਰਤੂ ਕੇਂਦਰ ‘ਰੇਤ ਬਜਰੀ’ ਰੇਲ ਰਸਤੇ ਮੰਗਵਾ ਕੇ ਕੈਪਟਨ ਹਕੂਮਤ ਤੇ ਇੱਕ ਹੋਰ ਨਿਸ਼ਾਨਾ ਲਾਉਣ ਤੋਂ ਖੁੰਝਣਾ ਨਹੀਂ ਚਾਹੁੰਦੀ ਸੀ। ਰੇਲ ਰਸਤੇ ਬਜਰੀ ਮੰਗਵਾ ਕੇ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਪੰਜਾਬ ’ਚ  ‘ਸਭ ਅੱਛਾ’ ਨਹੀਂ ਹੈ। ਹਾਲਾਂਕਿ ਨੇੜਿਓ ਕੱਚਾ ਮਾਲ ਰੇਲ ਰਸਤੇ ਮੰਗਵਾਉਣਾ ਮਹਿੰਗਾ ਸੌਦਾ ਹੈ। ਦੂਰ ਦੁਰਾਡੇ ਤੋਂ ਰੇਲ ਦੀ ਵਰਤੋਂ ਸਸਤੀ ਪੈਂਦੀ ਹੈ। ਰਿਫ਼ਾਈਨਰੀ ਪ੍ਰਬੰਧਕਾਂ ਨੇ ਸਭ ਘਾਟੇ ਝੱਲ ਕੇ ਇਹ ਨਵਾਂ ਸਿਆਸੀ ਸੁਨੇਹਾ ਦਿੱਤਾ ਹੈ ਜੋ ਰਿਫ਼ਾਈਨਰੀ ਲਈ ਲੰਮੇ ਸਮੇਂ ਵਾਸਤੇ ਫ਼ਾਇਦੇ ਵਾਲਾ ਹੋਵੇਗਾ।

 
   










No comments:

Post a Comment