Tuesday, September 26, 2017

                         ਅਕਾਲੀ ਦਲ 
      ਵੱਡੇ ਘਰਾਣੇ ਵਲੋਂ 9 ਕਰੋੜ ਦਾ 'ਦਾਨ'
                        ਚਰਨਜੀਤ ਭੁੱਲਰ
ਬਠਿੰਡਾ : ਵੱਡੇ ਕਾਰੋਬਾਰੀ ਘਰਾਣੇ ਨੇ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਬਾਜੀ ਜਿੱਤਣ ਖਾਤਰ 9 ਕਰੋੜ ਰੁਪਏ ਦਾ 'ਦਾਨ' ਦਿੱਤਾ। ਸ਼ਰਾਬ ਕੰਪਨੀ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਧਨੰਤਰਾਂ ਨੇ ਵੀ ਅਕਾਲੀ ਦਲ ਦੇ ਖ਼ਜ਼ਾਨੇ ਚੋਣਾਂ ਤੋਂ ਪਹਿਲਾਂ ਭਰਪੂਰ ਕੀਤੇ। ਭਾਵੇਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਵਿਚ ਸਿਆਸੀ ਦੰਗਲ ਹਾਰ ਗਿਆ ਪ੍ਰੰਤੂ ਚੋਣਾਂ ਵਾਲੇ ਮਾਲੀ ਵਰੇ• 2016-17 ਵਿਚ ਅਕਾਲੀ ਦਲ ਨੂੰ 115 ਦਾਨੀ ਸੱਜਣਾਂ ਤੋਂ 15.45 ਕਰੋੜ ਰੁਪਏ ਦਾ ਸਿਆਸੀ ਦਾਨ ਮਿਲਿਆ ਹੈ। ਚੋਣ ਕਮਿਸ਼ਨ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਨੇ ਦਾਨੀ ਸੱਜਣਾਂ ਦੀ ਸੂਚੀ ਭੇਜੀ ਹੈ, ਉਸ ਅਨੁਸਾਰ 62 ਦਾਨੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਹਨ ਜਦੋਂ ਕਿ ਬਾਕੀ ਸਭ ਕਾਰੋਬਾਰੀ ਲੋਕ ਹਨ।  ਵੇਰਵਿਆਂ ਅਨੁਸਾਰ ਵੱਡੇ ਕਾਰੋਬਾਰੀ ਘਰਾਣੇ ਦੇ ਸਤਿਆ ਇਲੈਕਟ੍ਰੋਰਲ ਟਰੱਸਟ ਨੇ ਚਾਰ ਕਿਸ਼ਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 9 ਕਰੋੜ ਰੁਪਏ ਦੇ ਫੰਡ ਦਿੱਤੇ ਹਨ ਜਿਨ•ਾਂ ਚੋਂ ਪੰਜ ਕਰੋੜ ਰੁਪਏ ਤਾਂ ਵੋਟਾਂ ਪੈਣ ਤੋਂ ਐਨ ਪਹਿਲਾਂ ਅਕਾਲੀ ਦਲ ਨੂੰ ਭੇਜੇ ਗਏ ਹਨ। ਇਸ ਪੰਥਕ ਪਾਰਟੀ ਨੇ ਸ਼ਰਾਬ ਕੰਪਨੀ (ਪਟਿਆਲਾ ਡਿਸਟਿਲਰੀਜ਼) ਤੋਂ ਵੀ 15 ਲੱਖ ਰੁਪਏ ਦਾ ਚੰਦਾ ਲਿਆ ਹੈ ਜੋ ਕਿ ਦੋ ਚੈੱਕਾਂ ਰਾਹੀਂ ਦਿੱਤਾ ਗਿਆ ਹੈ।
                    ਤਨੇਜ਼ਾ ਡਿਵੈਲਪਰਜ਼ ਦੀ ਕੰਪਨੀ ਤਰਫੋਂ 20 ਲੱਖ ਰੁਪਏ ਅਕਾਲੀ ਦਲ ਨੂੰ ਦਿੱਤੇ ਗਏ। ਲੁਧਿਆਣਾ ਦੇ ਦੀਪਕ ਬਿਲਡਰਜ਼ ਨੇ 23 ਜਨਵਰੀ 2017 ਨੂੰ ਅਕਾਲੀ ਦਲ ਨੂੰ 75 ਲੱਖ ਰੁਪਏ ਦੇ ਫੰਡ ਦਿੱਤੇ ਇਵੇਂ ਲੁਧਿਆਣਾ ਦੀਆਂ ਸਾਈਕਲ ਕੰਪਨੀਆਂ ਨੇ ਵੀ ਦਿਲ ਖੋਲ• ਕੇ ਚੰਦਾ ਦਿੱਤਾ ਹੈ। ਹੀਰੋ ਸਾਇਕਲ ਗਰੁੱਪ ਨੇ ਅਕਾਲੀ ਦਲ ਨੇ 10 ਲੱਖ ਰੁਪਏ ਅਤੇ ਰੈਲਸ਼ਨ ਇੰਡੀਆ ਨੇ ਪੰਜ ਲੱਖ ਰੁਪਏ ਦਿੱਤੇ ਹਨ। ਇਵੇਂ ਹੀ ਏ-ਵਨ ਸਾਈਕਲ ਕੰਪਨੀ ਨੇ ਪੰਜ ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂ ਕਿ ਲੁਧਿਆਣਾ ਦੇ ਹੋਰ ਚਾਰ ਕਾਰੋਬਾਰੀ ਲੋਕਾਂ ਨੇ ਵੀ ਅਕਾਲੀ ਦਲ ਨੂੰ ਮੋਟਾ ਗੱਫਾ ਦਿੱਤਾ ਹੈ। ਵੇਰਵਿਆਂ ਅਨੁਸਾਰ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਤਰਫ਼ੋਂ ਵੀ 75 ਲੱਖ ਰੁਪਏ ਦਾ ਫੰਡ ਚੋਣ ਪ੍ਰਚਾਰ ਦੌਰਾਨ ਹੀ 23 ਜਨਵਰੀ 2017 ਨੂੰ ਦਿੱਤਾ ਗਿਆ ਜਦੋਂ ਕਿ ਇੰਟਰਨੈਸ਼ਨਲ ਟਰੈਕਟਰ ਕੰਪਨੀ ਨੇ ਵੀ ਇਸੇ ਦਿਨ 75 ਲੱਖ ਰੁਪਏ ਦੇ ਫੰਡ ਅਕਾਲੀ ਦਲ ਨੂੰ ਦਿੱਤੇ। ਸੇਤੀਆ ਇੰਡਸਟ੍ਰੀਜ ਨੇ ਵੀ ਅਕਾਲੀ ਦਲ ਨੂੰ 25 ਲੱਖ ਰੁਪਏ ਦੇ ਫੰਡ ਦਿੱਤੇ ਹਨ। ਟਰੈਵਲਜ਼ ਕੰਪਨੀਆਂ ਜਿਵੇਂ ਏਆਰਐਸ,ਕੇਬੀਸੀ,ਵਰਿੰਦਾ ਟਰੈਵਲਜ਼,ਐਨਸੀਆਰ ਤੇ ਪਿਕਾਸੋ ਆਦਿ ਨੇ ਵੀ ਲੱਖ ਰੁਪਏ ਦਾ ਚੰਦਾ ਦਿੱਤਾ ਹੈ।
                       ਯੂਰੋ ਕੈਬ ਸਰਵਿਸ ਨੇ ਕਰੀਬ 10 ਲੱਖ ਰੁਪਏ ਦੇ ਫੰਡ ਦਿੱਤੇ ਹਨ।  ਸ਼੍ਰੋਮਣੀ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ 1.80 ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂ ਕਿ ਆਦੇਸ਼ ਪ੍ਰਤਾਪ ਕੈਰੋਂ ਨੇ 1.65 ਲੱਖ ਰੁਪਏ ਪਾਰਟੀ ਖਾਤੇ ਵਿਚ ਜਮ•ਾ ਕਰਾਏ ਹਨ। ਬਿਕਰਮ ਸਿੰਘ ਮਜੀਠੀਆ ਨੇ 90 ਹਜ਼ਾਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸਾਬਕਾ ਵਜ਼ੀਰਾਂ ਨੇ ਪਾਰਟੀ ਨੂੰ 30 ਹਜ਼ਾਰ ਤੋਂ ਦੋ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਕੁਝ ਵਰੇ• ਪਹਿਲਾਂ ਅਕਾਲੀ ਦਲ ਨੇ ਇੱਕ ਤੰਬਾਕੂ ਕੰਪਨੀ ਤੋਂ ਚੰਦਾ ਲੈ ਲਿਆ ਸੀ ਅਤੇ ਹੁਣ ਸ਼ਰਾਬ ਕੰਪਨੀਆਂ ਤੋਂ ਵੀ ਪੈਸਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ.ਕੇ.ਸ਼ਰਮਾ ਨੂੰ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਅਸਫਲ ਰਿਹਾ।

Monday, September 25, 2017

                       ਨਰਿੰਦਰ ਮੋਦੀ 
       ਪਤਨੀ ਦੇ ਚਿੱਟੇ ਧਨ ਤੋਂ ਅਣਜਾਣ
                       ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਤਨੀ ਦੇ 'ਚਿੱਟੇ ਧੰਨ' ਦਾ ਵੀ ਕੋਈ ਇਲਮ ਨਹੀਂ ਹੈ ਜਦੋਂ ਕਿ ਉਹ ਦੇਸ਼ ਦੇ 'ਕਾਲੇ ਧੰਨ' ਤੋਂ ਜਾਣੂ ਹੋਣ ਦੀ ਗੱਲ ਆਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇੱਕ ਹਫਤਾ ਪਹਿਲਾਂ ਸਾਲ 2016-17 ਦੀ ਸੰਪਤੀ ਦੀ ਰਿਟਰਨ ਪ੍ਰਧਾਨ ਮੰੰਤਰੀ ਦਫ਼ਤਰ ਕੋਲ ਜਮ•ਾ ਕਰਾਈ ਹੈ, ਉਸ ਅਨੁਸਾਰ ਪ੍ਰਧਾਨ ਮੰਤਰੀ ਨੂੰ ਆਪਣੀ ਪਤਨੀ ਜਸ਼ੋਦਾਬੇਨ ਦੀ ਸੰਪਤੀ ਦਾ ਕੋਈ ਥਹੁ ਪਤਾ ਨਹੀਂ ਹੈ। ਹਾਲਾਂਕਿ ਵਜ਼ੀਰਾਂ ਨੇ ਆਪਣੀ ਪਤਨੀ ਦੀ ਸੰਪਤੀ ਦੇ ਵੇਰਵਿਆਂ ਬਾਰੇ ਏਦਾ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਦੀ ਸੰਪਤੀ ਬਾਰੇ ਆਖਿਆ ਹੈ ਕਿ 'ਪਤਾ ਨਹੀਂ'।
    ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਤੀ ਵਿਚ ਲੰਘੇ ਤਿੰਨ ਵਰਿ•ਆਂ ਵਿਚ 74.01 ਲੱਖ ਰੁਪਏ ਦਾ ਵਾਧਾ ਹੋਇਆ ਹੈ ਜਦੋਂ ਕਿ ਉਨ•ਾਂ ਦੀ ਅਚੱਲ ਸੰਪਤੀ ਦੀ ਬਾਜ਼ਾਰੂ ਕੀਮਤ ਸਿਰਫ਼ ਇੱਕ ਕਰੋੜ ਦੇ ਅਟਕੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਇਸ ਵੇਲੇ ਦੋ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ ਜਿਨ•ਾਂ ਵਿਚ ਇੱਕ ਕਰੋੜ ਦੀ ਉਨ•ਾਂ ਦੀ ਅਚੱਲ ਸੰਪਤੀ ਹੈ।
                       ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਸਾਲ 2013-14 ਵਿਚ ਉਨ•ਾਂ ਦੀ ਕੁੱਲ ਸੰਪਤੀ 1.26 ਕਰੋੜ ਰੁਪਏ ਸੀ ਜੋ ਕਿ ਹੁਣ ਵਧ ਕੇ 2,00,13,403 ਹੋ ਗਈ ਹੈ। ਹੁਣ ਉਨ•ਾਂ ਕੋਲ 1.49 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਮਾਲੀ ਵਰੇ• ਵਿਚ ਉਨ•ਾਂ ਦੀ ਆਮਦਨ ਵਿਚ 15.02 ਲੱਖ ਦਾ ਵਾਧਾ ਹੋਇਆ ਜਦੋਂ ਕਿ ਦੂਸਰੇ ਵਰੇ• 32.22 ਲੱਖ ਰੁਪਏ ਦਾ ਵਾਧਾ ਹੋਇਆ ਹੈ। ਤੀਸਰੇ ਵਰੇ• ਉਨ•ਾਂ ਦੀ ਆਮਦਨ 26.76 ਲੱਖ ਰੁਪਏ ਵਧੀ ਹੈ। ਨਜ਼ਰ ਮਾਰੀਏ ਤਾਂ ਪਿਛਲੇ ਮਾਲੀ ਵਰੇ• ਦੌਰਾਨ ਉਨ•ਾਂ ਦੀ ਆਮਦਨ 1.73 ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਾਂਧੀਨਗਰ (ਗੁਜਰਾਤ) ਵਿਚ ਇੱਕ ਪਲਾਟ ਹੈ । ਚਾਰ ਵਰਿ•ਆਂ ਤੋਂ ਇਸ ਪਲਾਟ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੀ ਹੈ। ਪ੍ਰਧਾਨ ਮੰਤਰੀ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ ਜਿਨ•ਾਂ ਦੀ ਕੀਮਤ 1.28 ਲੱਖ ਰੁਪਏ ਹੈ।
                     ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਉਨ•ਾਂ ਨੇ ਕਦੇ ਕਰਜ਼ ਲਿਆ ਹੈ ਅਤੇ ਨਾ ਹੀ ਕਰਜ਼ ਦਿੱਤਾ ਹੈ। ਸੰਪਤੀ ਰਿਟਰਨ ਵਿਚ ਇੱਕੋ ਮਦ ਹੈਰਾਨ ਕਰਦੀ ਹੈ ਕਿ ਉਨ•ਾਂ ਨੂੰ ਆਪਣੀ ਪਤਨੀ ਦੇ ਸੰਪਤੀ ਵਾਰੇ ਕੁਝ ਵੀ ਪਤਾ ਨਹੀਂ ਹੈ ਜਦੋਂ ਕਿ ਉਹ ਦੇਸ਼ ਦੀ ਰਗ ਰਗ ਤੋਂ ਜਾਣੂ ਹੋਣ ਦਾ ਦਾਅਵਾ ਕਰਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸਾਲ 1968 ਵਿਚ ਜਸ਼ੋਦਾਬੇਨ ਨਾਲ ਸ਼ਾਦੀ ਹੋਈ ਸੀ ਅਤੇ ਉਸ ਨੇ ਇੱਕ ਸਕੂਲ ਅਧਿਆਪਕਾ ਵਜੋਂ ਵੀ ਕੰਮ ਕੀਤਾ ਹੈ। ਹੁਣ ਉਹ ਗੁਜਰਾਤ ਹੀ ਰਹਿ ਰਹੀ ਹੈ। ਉਸ ਨੇ ਖੁਦ ਵੀ ਕਦੇ ਆਪਣੀ ਸੰਪਤੀ ਵਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। 

Sunday, September 24, 2017

                              ਕਪਤਾਨੀ ਫੈਸਲਾ
              ਮੁਫਤ ਬਿਜਲੀ ਦਾ ਪਏਗਾ ਭੋਗ ?
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਨੇ ਕਿਸਾਨਾਂ ਨੂੰ ਖੇਤਾਂ ਲਈ ਮੁਫ਼ਤ ਬਿਜਲੀ ਦੇਣ ਤੋਂ ਕਿਨਾਰਾ ਕਰਨ ਵਾਸਤੇ ਨਵੇਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਬਿਜਲੀ ਸਬਸਿਡੀ ਦੇ ਭਾਰ ਨੂੰ ਘਟਾਇਆ ਜਾ ਸਕੇ। ਭਾਵੇਂ ਮੌਜੂਦਾ ਖੇਤੀ ਕੁਨੈਕਸ਼ਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਜਾਰੀ ਰਹੇਗੀ ਪ੍ਰੰਤੂ ਨਵੇਂ ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਤਿਆਗਣ ਦਾ ਰਾਹ ਖੋਲ• ਦਿੱਤਾ ਹੈ। ਬਿਜਲੀ ਵਿਭਾਗ ਪੰਜਾਬ (ਬਿਜਲੀ ਸੁਧਾਰ ਵਿੰਗ) ਤਰਫ਼ੋਂ ਜੋ ਨਵੀਂ ਪਾਲਿਸੀ ਦੇ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ, ਉਨ•ਾਂ ਅਨੁਸਾਰ ਹੁਣ ਨਵੇਂ ਕੁਨੈਕਸ਼ਨਾਂ ਦੀ ਇੱਕ ਹੋਰ ਕੈਟਾਗਿਰੀ ਬਣਾ ਦਿੱਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਨਵੇਂ ਕੁਨੈਕਸ਼ਨਾਂ ਤੇ ਮੀਟਰਡ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਪੱਤਰ ਭੇਜ ਦਿੱਤਾ ਹੈ ਪੱਤਰ ਅਨੁਸਾਰ ਨਵੀਂ ਪਾਲਿਸੀ ਤਹਿਤ ਟਿਊਬਵੈਲ ਕੁਨੈਕਸ਼ਨਾਂ ਦੀ ਇੱਕ ਹੋਰ ਵੱਖਰੀ ਕੈਟਾਗਿਰੀ ਬਣੇਗੀ ਜਿਸ ਤਹਿਤ ਖੇਤਾਂ ਲਈ ਬਿਜਲੀ ਸਪਲਾਈ ਦਾ ਬਿੱਲ ਲਿਆ ਜਾਵੇਗਾ ਅਤੇ ਕਿਸਾਨ ਨੂੰ ਮੁਫ਼ਤ ਬਿਜਲੀ ਸਪਲਾਈ ਨਹੀਂ ਦਿੱਤੀ ਜਾਵੇਗੀ। 'ਪਹਿਲਾ ਆਓ,ਪਹਿਲਾ ਪਾਓ' ਦੇ ਅਧਾਰ 'ਤੇ ਇਹ ਕੁਨੈਕਸ਼ਨ ਜਾਰੀ ਹੋਣਗੇ। ਜੋ ਵੀ ਕਿਸਾਨ ਇਸ ਕੈਟਾਗਿਰੀ ਤਹਿਤ ਬਿੱਲ ਵਾਲੀ ਬਿਜਲੀ ਲੈਣਾ ਚਾਹੇਗਾ, ਉਸ ਦੀ ਵੱਖਰੀ ਸੀਨੀਅਰਤਾ ਸੂਚੀ ਬਣੇਗੀ।
                      ਸ਼ਰਤ ਲਗਾਈ ਗਈ ਹੈ ਕਿ ਇਸ ਕੈਟਾਗਿਰੀ ਵਿਚ ਨਵਾਂ ਕੁਨੈਕਸ਼ਨ ਲੈਣ ਵਾਲੇ ਕਿਸਾਨ ਦਾ ਭਵਿੱਖ ਵਿਚ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਾਲੀ ਕੈਟਾਗਿਰੀ ਵਿਚ ਤਬਦੀਲ ਨਹੀਂ ਹੋ ਸਕੇਗਾ। ਇਨ•ਾਂ ਕੁਨੈਕਸ਼ਨਾਂ ਤੇ ਮੀਟਰ ਲੱਗਣਗੇ ਅਤੇ ਰੀਡਿੰਗ ਦੇ ਹਿਸਾਬ ਨਾਲ ਬਿੱਲ ਕਿਸਾਨਾਂ ਨੂੰ ਤਾਰਨਾ ਪਵੇਗਾ। ਮੀਟਰ ਵਾਲੀ ਸਪਲਾਈ ਲੈਣ ਵਾਸਤੇ ਸਾਰਾ ਕੁਨੈਕਸ਼ਨ ਖਰਚਾ ਕਿਸਾਨ ਨੂੰ ਝੱਲਣਾ ਪਵੇਗਾ ਅਤੇ ਮੀਟਰ ਤੇ ਹੋਰ ਸਾਜੋ ਸਮਾਨ ਦੇ ਪੈਸੇ ਵੀ ਕਿਸਾਨ ਹੀ ਜਮ•ਾ ਕਰਾਏਗਾ ਇਸ ਪੱਤਰ ਅਨੁਸਾਰ ਮੀਟਰ ਸੜਨ ਆਦਿ ਦੀ ਸੂਰਤ ਵਿਚ ਖਪਤਕਾਰ ਨੂੰ ਫਲੈਟ ਰੇਟ ਲਾ ਕੇ ਬਿਜਲੀ ਬਿੱਲ ਵਸੂਲ ਕੀਤਾ ਜਾਵੇਗਾ। ਨਵੀਂ ਪਾਲਿਸੀ ਅਨੁਸਾਰ ਜਿਨ•ਾਂ ਕਿਸਾਨਾਂ ਨੇ ਕੁਨੈਕਸ਼ਨ ਲਈ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ, ਉਹ ਵੀ ਮੀਟਰਡ ਸਪਲਾਈ ਵਾਲੀ ਕੈਟਾਗਿਰੀ ਵਿਚ ਆ ਸਕਣਗੇ। ਇਸ ਕੈਟਾਗਿਰੀ ਵਾਲੇ ਕੁਨੈਕਸ਼ਨ ਦੀ ਦੁਰਵਰਤੋਂ ਹੋਣ ਦੀ ਸੂਰਤ ਵਿਚ ਸਬੰਧਿਤ ਅਧਿਕਾਰੀ ਜਿੰਮੇਵਾਰੀ ਹੋਣਗੇ। ਇਸ ਤੋਂ ਇਲਾਵਾ ਮੀਟਰਡ ਸਪਲਾਈ ਲੈਣ ਵਾਲੇ ਕਿਸਾਨਾਂ ਨੂੰ ਹਲਫ਼ੀਆ ਬਿਆਨ ਵੀ ਦੇਣਾ ਪਵੇਗਾ ਕਿ ਉਹ ਮੁਫ਼ਤ ਬਿਜਲੀ ਸਪਲਾਈ ਕਿਸੇ ਵੀ ਸੂਰਤ ਵਿਚ ਕਲੇਮ ਨਹੀਂ ਕਰਨਗੇ।
                     ਕਿਸਾਨਾਂ ਵਲੋਂ ਗਲਤ ਬਿਆਨੀ ਕਰਨ ਦੀ ਸੂਰਤ ਵਿਚ ਕੁਨੈਕਸ਼ਨ ਕੱਟਣ ਦੇ ਅਧਿਕਾਰ ਪਾਵਰਕੌਮ ਕੋਲ ਹੋਣਗੇ। ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਟੇਢੇ ਤਰੀਕੇ ਨਾਲ ਮੁਫ਼ਤ ਬਿਜਲੀ ਦਾ ਚੈਪਟਰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਵਿਚ ਉਲਝੇ ਹੋਏ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਕਿਸਾਨਾਂ ਅਤੇ ਸਿਆਸਤਦਾਨਾਂ ਨੂੰ ਖੇਤੀ ਸੈਕਟਰ ਵਾਲੀ ਬਿਜਲੀ ਸਬਸਿਡੀ ਤਿਆਗਣ ਦਾ ਸੱਦਾ ਦਿੱਤਾ ਸੀ ਪ੍ਰੰਤੂ ਕਿਸੇ ਵੀ ਨੇਤਾ ਅਤੇ ਵੱਡੇ ਕਿਸਾਨ ਵਲੋਂ ਇਸ ਵਿਚ ਦਿਲਚਸਪੀ ਨਹੀਂ ਦਿਖਾਈ ਗਈ ਹੈ ਪਾਵਰਕੌਮ ਦੇ ਡਾਇਰੈਕਟਰ (ਵਪਾਰਿਕ) ਸ੍ਰੀ ਓ.ਪੀ.ਗਰਗ ਦਾ ਕਹਿਣਾ ਸੀ ਕਿ ਪੰਜਾਬ ਸਕਰਾਰ ਨੇ ਮਾਲੀ ਪਹੁੰਚ ਰੱਖਣ ਵਾਲੇ ਕਿਸਾਨਾਂ ਵਾਸਤੇ ਨਵੀਂ ਪਾਲਿਸੀ ਬਣਾਈ ਹੈ ਜਿਸ ਤਹਿਤ ਇਹ ਕਿਸਾਨ ਮੀਟਰਡ ਸਪਲਾਈ ਤਹਿਤ ਨਵੇਂ ਕੁਨੈਕਸ਼ਨ ਲੈ ਸਕਣਗੇ ਜਦੋਂ ਕਿ ਮੌਜੂਦਾ ਖਪਤਕਾਰਾਂ ਲਈ ਮੁਫ਼ਤ ਬਿਜਲੀ ਸਪਲਾਈ ਜਾਰੀ ਰਹੇਗੀ। ਇਸ ਨਾਲ ਸਰਕਾਰ ਤੋਂ ਸਬਸਿਡੀ ਦਾ ਬੋਝ ਘਟੇਗਾ ਅਤੇ ਕਿਸਾਨਾਂ ਨੂੰ ਜਲਦੀ ਕੁਨੈਕਸ਼ਨ ਲੈਣ ਦਾ ਮੌਕਾ ਵੀ ਮਿਲੇਗਾ। ਮੀਟਰਡ ਸਪਲਾਈ ਵਾਲਾ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਿਚ ਮਗਰੋਂ ਤਬਦੀਲ ਨਹੀਂ ਹੋ ਸਕੇਗਾ।

Friday, September 15, 2017

                             ਸ਼ਾਹੀ ਰੰਗ 
    ਸਕੂਲ 'ਚ ਬੱਚੇ ਚਾਰ, ਅਧਿਆਪਕ ਪੰਜ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ ਮਹਿਰਾਜ ਹੈ ਜਿਥੇ ਬੱਚੇ ਘੱਟ ਤੇ ਅਧਿਆਪਕ ਵੱਧ ਹਨ। ਹਕੂਮਤ ਬਦਲੀ ਮਗਰੋਂ ਬਠਿੰਡਾ ਦੇ ਪਿੰਡ ਮਹਿਰਾਜ 'ਚ ਐਤਕੀਂ ਇਹ ਬਾਦਸ਼ਾਹੀ ਰੰਗ ਦਿਖੇ ਹਨ। ਸਿੱਖਿਆ ਮਹਿਕਮੇ ਨੇ ਸਭ ਨਿਯਮ ਛਿੱਕੇ ਟੰਗ ਦਿੱਤੇ ਹਨ ਕਿਉਂਕਿ ਇਹ ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਦਾ ਸਕੂਲ ਹੈ। ਸਰਕਾਰੀ ਮਿਡਲ ਸਕੂਲ ਪੱਤੀ ਸੰਦਲੀ, ਮੱਲੂਆਣਾ (ਮਹਿਰਾਜ) 'ਚ ਇਸ ਵੇਲੇ ਚਾਰ ਬੱਚੇ ਪੜ•ਦੇ ਹਨ ਜਦੋਂ ਕਿ ਪੰਜ ਅਧਿਆਪਕ ਹਨ। ਪੰਜਾਬ ਸਰਕਾਰ ਇਸ ਸਕੂਲ ਦੇ ਹਰ ਬੱਚੇ ਤੇ ਕਰੀਬ 43 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰ ਰਹੀ ਹੈ। ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਜਿਆਦਾ ਹਨ ਪ੍ਰੰਤੂ ਉਨ•ਾਂ ਨੂੰ ਅਧਿਆਪਕ ਨਹੀਂ ਮਿਲ ਰਹੇ ਹਨ।  ਵੇਰਵਿਆਂ ਅਨੁਸਾਰ ਇਸ ਮਿਡਲ ਸਕੂਲ ਵਿਚ ਪਹਿਲਾਂ ਤਿੰਨ ਅਧਿਆਪਕ ਸਨ ਅਤੇ ਸਿੱਖਿਆ ਮਹਿਕਮੇ ਨੇ ਦੋ ਅਧਿਆਪਕ ਹੋਰ ਭੇਜ ਦਿੱਤੇ ਹਨ। ਇਸ ਸਕੂਲ ਵਿਚ ਇੱਕ ਹਿੰਦੀ, ਇੱਕ ਪੰਜਾਬੀ ਅਤੇ ਇੱਕ ਪੀ.ਟੀ.ਆਈ ਕੰਮ ਕਰ ਰਹੇ ਸਨ ਅਤੇ ਦੋ ਅਧਿਆਪਕਾਂ ਨੇ ਹੁਣ ਜੁਆਇੰਨ ਕੀਤਾ ਹੈ। ਇਸ ਸਰਕਾਰੀ ਸਕੂਲ ਦੀ ਛੇਵੀਂ ਅਤੇ ਸੱਤਵੀਂ ਕਲਾਸ ਵਿਚ ਇੱਕ ਇੱਕ ਵਿਦਿਆਰਥੀ ਹੈ ਜਦੋਂ ਕਿ ਅੱਠਵੀਂ ਕਲਾਸ ਵਿਚ ਦੋ ਵਿਦਿਆਰਥੀ ਹਨ।
                      ਪਤਾ ਲੱਗਾ ਹੈ ਕਿ ਸਕੂਲ ਅਧਿਆਪਕ ਗਿਣਤੀ 'ਚ ਵਾਧੇ ਲਈ ਘਰੋਂ ਘਰੀ ਵੀ ਗਏ ਹਨ ਪ੍ਰੰਤੂ ਨਿਆਣੇ ਇਸ ਸਰਕਾਰੀ ਸਕੂਲ ਵੱਲ ਮੂੰਹ ਹੀ ਨਹੀਂ ਕਰ ਰਹੇ ਹਨ। ਇਹ ਸਕੂਲ ਪਿੰਡ ਦੀ ਫਿਰਨੀ ਤੋਂ ਦੋ ਕਿਲੋਮੀਟਰ ਦੀ ਦੂਰੀ ਤੋਂ ਘੱਟ ਹੈ। ਇੱਥੋਂ ਦੀ ਸਰਕਾਰੀ ਪ੍ਰਾਇਮਰੀ ਸਕੂਲ (ਮੱਲੂਆਣਾ) ਮਹਿਰਾਜ ਵਿਚ ਕਰੀਬ ਪੰਜ ਬੱਚੇ ਹੀ ਹਨ ਜਦੋਂ ਕਿ ਦੋ ਅਧਿਆਪਕ ਹਨ। ਸਿੱਖਿਆ ਮਹਿਕਮੇ ਨੂੰ ਸਭ ਪਤਾ ਹੈ ਪ੍ਰੰਤੂ ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਹੋਣ ਕਰਕੇ ਸਭ ਚੁੱਪ ਹਨ। ਜ਼ਿਲ•ਾ ਸਿੱਖਿਆ ਅਫਸਰ (ਸੈਕੰਡਰੀ) ਬਠਿੰਡਾ ਮਨਿੰਦਰ ਕੌਰ ਦਾ ਕਹਿਣਾ ਸੀ ਕਿ ਇਸ ਸਕੂਲ ਦੇ ਬੱਚਿਆਂ ਦੀ ਗਿਣਤੀ ਤੋਂ ਪਹਿਲਾਂ ਹੀ ਮਹਿਕਮੇ ਨੂੰ ਜਾਣੂ ਕਰਾ ਦਿੱਤਾ ਸੀ ਅਤੇ ਹੁਣ ਦੋ ਹੋਰ ਅਧਿਆਪਕ ਜੋ ਇਸ ਮਿਡਲ ਸਕੂਲ ਵਿਚ ਭੇਜੇ ਗਏ ਹਨ, ਉਨ•ਾਂ ਨੂੰ ਜਲਦੀ ਹੀ ਕਿਧਰੇ ਹੋਰ ਅਡਜਸਟ ਕਰ ਦਿੱਤਾ ਜਾਵੇਗਾ। ਉਨ•ਾਂ ਨੇ ਮਿਡਲ ਸਕੂਲ ਵਾਰੇ ਅੱਜ ਵੀ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ।
                      ਸੂਤਰ ਆਖਦੇ ਹਨ ਕਿ ਅਧਿਆਪਕ ਵਿਦਿਆਰਥੀ ਅਨੁਪਾਤ ਦੇ ਨਿਯਮ ਇੱਥੇ ਬੇਵੱਸ ਹਨ।  ਮਹਿਰਾਜ ਪਿੰਡ ਦਾ ਇੱਕ ਹੋਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਪਿੱਪਲੀ ਹੈ ਜਿਥੇ ਬੱਚਿਆਂ ਦੀ ਗਿਣਤੀ ਡੇਢ ਦਰਜਨ ਹੈ ਜਦੋਂ ਕਿ ਦੋ ਅਧਿਆਪਕ ਹਨ। ਇਵੇਂ ਹੀ ਮਹਿਰਾਜ ਦੇ ਕੋਠੇ ਰੱਥੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚੇ 27 ਹਨ ਅਤੇ ਦੋ ਅਧਿਆਪਕ ਹਨ। ਸਿੱਖਿਆ ਬਚਾਓ ਕਮੇਟੀ ਦੇ ਦਰਸ਼ਨ ਮੌੜ ਦਾ ਪ੍ਰਤੀਕਰਮ ਸੀ ਕਿ ਅਧਿਆਪਕਾਂ ਦੀ ਤਾਇਨਾਤੀ ਸਿਆਸੀ ਅਧਾਰ ਤੇ ਨਹੀਂ ਬਲਕਿ ਲੋੜ ਦੇ ਅਧਾਰ ਤੇ ਹੋਵੇ। ਉਨ•ਾਂ ਆਖਿਆ ਕਿ ਹੁਣ ਸਿੱਖਿਆ ਮਹਿਕਮੇ ਦੇ ਅਫਸਰਾਂ ਨੇ ਕਿਉਂ ਅੱਖਾਂ ਮੀਟ ਲਈਆਂ ਹਨ।

Thursday, September 14, 2017

                      ਅਸੀਂ ਲੜਾਂਗੇ... 
               ਖੇਤਾਂ ਦੇ ਪੁੱਤ ਬਣਕੇ
                    ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ ਦੇ ਛੋਟੇ ਛੋਟੇ ਬੱਚੇ ਸੰਘਰਸ਼ਾਂ ਦੇ ਮਾਅਨੇ ਤਾਂ ਨਹੀਂ ਜਾਣਦੇ ਪ੍ਰੰਤੂ ਏਨਾ ਜਰੂਰ ਭਾਪਦੇ ਹਨ ਕਿ ਘਰਾਂ ਦੇ ਵਿਹੜੇ 'ਚ ਖੈਰ ਨਹੀਂ। ਬਾਪ ਦਾਦੇ ਖੁਦਕੁਸ਼ੀ ਦੇ ਰਾਹ ਚਲੇ ਗਏ ਤੇ ਇਹ ਨਿਆਣੇ ਸੜਕਾਂ 'ਤੇ ਹਨ। ਉਨ•ਾਂ ਦੇ ਚਿਹਰਿਆਂ ਦੀ ਗੰਭੀਰਤਾ ਹਕੂਮਤਾਂ ਨੂੰ ਸੁਨੇਹਾ ਦਿੰਦੀ ਹੈ ਜਿਨ•ਾਂ ਦੀ ਅਣਦੇਖੀ ਨੇ ਉਨ•ਾਂ ਦੇ ਸਿਰ ਦੀ ਛਾਂ ਖੋਹ ਲਈ ਹੈ। ਲੜਾਂਗੇ ਸਾਥੀ.. ਇਨ•ਾਂ ਬੱਚਿਆਂ ਦੇ ਮਨ ਸ਼ਾਇਦ ਇਹੋ ਆਖ ਰਹੇ ਹਨ ਪ੍ਰੰਤੂ ਉਹ ਬਹੁਤੀ ਸੋਝੀ ਨਹੀਂ ਰੱਖਦੇ। ਜਦੋਂ ਉਹ ਵੱਡੇ ਹੋਣਗੇ ਤਾਂ ਸਮਝ ਜਾਣਗੇ ਕਿਉ ਮਾਰਨੇ ਪੈਂਦੇ ਨੇ ਨਾਅਰੇ ਤੇ ਬਜ਼ੁਰਗ ਦਾਦਿਆਂ ਨੂੰ ਰੇਲ ਪਟੜੀਆਂ ਤੇ ਕਿਉਂ ਰੱਖਣਾ ਪੈਂਦਾ ਹੈ ਸਿਰ। ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਧਰਨੇ ਵਿਚ ਅਨੇਕਾਂ ਬੱਚੇ ਆਪਣੇ ਮਾਪਿਆਂ ਨਾਲ ਬੈਠੇ ਸਨ। ਪਿੰਡ ਲਹਿਰਾ ਬੇਗਾ ਦਾ ਕਿਸਾਨ ਸੋਨੀ ਸਿੰਘ ਜਦੋਂ ਖੁਦਕੁਸ਼ੀ ਕਰ ਗਿਆ ਤਾਂ ਉਸ ਦੀ ਪਤਨੀ ਵੀ ਆਪਣਾ ਬੱਚਾ ਛੱਡ ਕੇ ਪੇਕੇ ਘਰ ਚਲੀ ਗਈ। ਡੇਢ ਵਰ•ੇ ਦਾ ਬੱਚਾ ਅਮਨਦੀਪ ਹੁਣ ਆਪਣੀ ਦਾਦੀ ਹਮੀਰ ਕੌਰ ਨਾਲ ਹਰ ਧਰਨੇ ਵਿਚ ਜਾਂਦਾ ਹੈ। ਉਸ ਦੀ ਭਾਵੇਂ ਹਾਲੇ ਸੁਰਤ ਵੀ ਨਹੀਂ ਸੰਭਲੀ ਪ੍ਰੰਤੂ ਖੇਤਾਂ ਦੇ ਸੰਕਟ ਵਿਚ ਇਸ ਬੱਚੇ ਦੇ ਚੋਹਲ ਮੋਹਲ ਗੁਆਚ ਗਏ ਹਨ।
                     ਦਾਦੀ ਦੱਸਦੀ ਹੈ ਕਿ ਹਕੂਮਤਾਂ ਨੇ ਬਚਪਨ ਖੋਹ ਲਏ ਹਨ ਅਤੇ ਬਚਪਨ ਵੀ ਅਮੀਰੀ ਗਰੀਬੀ ਦੇ ਪਾੜੇ ਵਿਚ ਪਿਸ ਗਿਆ ਹੈ। ਪਿੰਡ ਕੋਟੜਾ ਦਾ ਤਿੰਨ ਵਰਿ•ਆਂ ਦਾ ਬੱਚੇ ਗੁਰਸ਼ਰਨ ਨੇ ਵੀ ਸਕੂਲ ਦੇਖਣ ਤੋਂ ਪਹਿਲਾਂ ਹੀ ਸੰਘਰਸ਼ਾਂ ਦੇ ਰੰਗ ਵੇਖ ਲਏ ਹਨ ਜੋ ਆਪਣੇ ਦਾਦੇ ਨਾਲ ਪੁੱਜਦਾ ਹੈ। ਬਹੁਤੇ ਸਕੂਲੀ ਬੱਚੇ ਆਪਣੇ ਭਵਿੱਖ ਲਈ ਨਾਅਰੇ ਮਾਰਦੇ ਹਨ।  ਪਿੰਡ ਰਾਮਪੁਰਾ ਦਾ ਢਾਈ ਵਰਿ•ਆਂ ਦਾ ਬੱਚਾ ਜਸਪ੍ਰੀਤ ਅੱਜ ਧਰਨੇ ਵਿਚ ਝੰਡਾ ਚੁੱਕੀ ਖੜ•ਾ ਸੀ। ਉਹ ਖੇਤਾਂ ਦੇ ਝੁੱਲੇ ਝੱਖੜਾਂ ਬਾਰੇ ਕੁਝ ਨਹੀਂ ਜਾਣਦਾ ਪ੍ਰੰਤੂ ਝੰਡੇ ਦਾ ਰੰਗ ਅਤੇ ਵੱਜਦੇ ਨਾਅਰੇ ਉਸ ਨੂੰ ਹਲੂਣਾ ਦਿੰਦੇ ਹਨ। ਏਦਾ ਦੇ ਸੈਂਕੜੇ ਬੱਚੇ ਹਨ ਜਿਨ•ਾਂ ਦੇ ਬਾਪ ਖੁਦਕੁਸ਼ੀ ਦੇ ਰਾਹ ਚਲੇ ਗਏ ਅਤੇ ਪਿਛੇ ਦੁੱਖਾਂ ਦੀ ਪੰਡ ਨਿਆਣੀ ਉਮਰੇ ਉਨ•ਾਂ ਦੀ ਝੋਲੀ ਪੈ ਗਈ ਹੈ। ਮਹਿਲਾ ਨੇਤਾ ਬਿੰਦੂ ਦਾ ਪ੍ਰਤੀਕਰਮ ਸੀ ਕਿ ਸੈਂਕੜੇ ਮਾਂਵਾਂ ਹਨ ਜਿਨ•ਾਂ ਨਾਲ ਬੱਚੇ ਧਰਨੇ ਮੁਜ਼ਾਹਰਿਆਂ ਵਿਚ ਆਉਂਦੇ ਹਨ ਅਤੇ ਥੋੜੀ ਵੱਡੀ ਉਮਰ ਦੇ ਬੱਚੇ ਤਾਂ ਕਿਸਾਨ ਸੰਘਰਸ਼ਾਂ ਦੇ ਸਾਥੀ ਵੀ ਬਣ ਗਏ ਹਨ। ਬਠਿੰਡਾ ਮਾਨਸਾ ਵਿਚ ਇਹ ਰੁਝਾਨ ਕਾਫੀ ਵਧ ਗਿਆ ਹੈ ਕਿ ਸੜਕਾਂ ਤੇ ਹੁਣ ਸੰਘਰਸ਼ਾਂ ਵਿਚ ਬੱਚੇ ਕਾਫੀ ਦਿੱਖਦੇ ਹਨ।
                                           ਵੱਡੀ ਸੱਟ ਬਚਪਨ ਨੂੰ ਵੱਜੀ ਹੈ : ਅਮੋਲਕ ਸਿੰਘ
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਸੰਕਟ ਵੱਡਾ ਹੈ ਜਿਸ ਨੇ ਬਚਪਨ ਨੂੰ ਮਧੋਲ ਦਿੱਤਾ ਹੈ। ਵੱਡਾ ਸੰਤਾਪ ਇਨ•ਾਂ ਬੱਚਿਆਂ ਨੂੰ ਹੰਢਾਉਣਾ ਪੈ ਰਿਹਾ ਹੈ ਜੋ ਕਿ ਮੂੰਹੋ ਕੁਝ ਵੀ ਦੱਸਣ ਤੋਂ ਬੇਵੱਸ ਹਨ ਪ੍ਰੰਤੂ ਉਨ•ਾਂ ਦੇ ਮਾਸੂਮ ਚਿਹਰੇ ਸਭ ਕੁਝ ਬਿਆਨ ਕਰ ਰਹੇ ਹਨ। ਉਨ•ਾਂ ਆਖਿਆ ਕਿ ਖੇਤੀ ਸੰਕਟਾਂ ਦੀ ਵੱਡੀ ਸੱਟ ਤਾਂ ਬਚਪਨ ਨੂੰ ਹੀ ਪਈ ਹੈ ਪ੍ਰੰਤੂ ਸਰਕਾਰਾਂ ਦੀ ਅੱਖ ਚੋਂ ਫਿਰ ਵੀ ਹੰਝੂ ਨਹੀਂ ਕਿਰੇ

Sunday, September 10, 2017

                    ਅਸੈਂਬਲੀ ਸੈਸ਼ਨ ਚੋਂ 
      35 ਵਿਧਾਇਕ ਸੁੱਚੇ ਮੂੰਹ ਹੀ ਮੁੜੇ
                     ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਪਹਿਲੇ ਅਸੈਂਬਲੀ ਸੈਸ਼ਨ 'ਚ 35 ਵਿਧਾਇਕਾਂ ਨੇ ਮੂੰਹ ਹੀ ਨਹੀਂ ਖੋਲਿ•ਆ ਜਦੋਂ ਕਿ 'ਆਪ' ਵਿਧਾਇਕਾਂ ਨੇ ਸੁਆਲਾਂ ਦੀ ਝੜੀ 'ਚ ਝੰਡੀ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਹੀ ਵੱਟਿਆ। ਜੂਨ 2017 ਵਿਚ ਹੋਏ ਸੈਸ਼ਨ 'ਚ ਵਿਧਾਇਕਾਂ ਤਰਫ਼ੋਂ 1042 ਸਟਾਰਡ ਅਤੇ ਅਨਸਟਾਰਡ ਸੁਆਲ ਦਿੱਤੇ ਗਏ ਸਨ ਜਿਨ•ਾਂ ਚੋਂ 679 ਸੁਆਲ ਪ੍ਰਵਾਨ ਕੀਤੇ ਗਏ ਸਨ। ਪ੍ਰਵਾਨ ਕੀਤੇ ਸੁਆਲਾਂ ਚੋਂ ਕਰੀਬ 44 ਫੀਸਦੀ ਸੁਆਲ ਇਕੱਲੇ 'ਆਪ' ਵਿਧਾਇਕਾਂ ਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ,ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੈਸ਼ਨ ਵਿਚ ਇੱਕ ਵੀ ਸੁਆਲ ਨਹੀਂ ਪੁੱਛਿਆ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੇ 7 ਸੁਆਲ ਪੁੱਛੇ ਹਨ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਭ ਤੋਂ ਜਿਆਦਾ 62 ਸੁਆਲ ਸੈਸ਼ਨ ਦੌਰਾਨ ਪੁੱਛੇ ਹਨ ਜਦੋਂ ਕਿ ਦੂਸਰਾ ਨੰਬਰ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਦਾ ਹੈ ਜਿਸ ਨੇ 38 ਸੁਆਲ ਪੁੱਛੇ ਹਨ।
                     ਜੈਤੋ ਹਲਕੇ ਦੇ 'ਆਪ' ਵਿਧਾਇਕ ਬਲਦੇਵ ਸਿੰਘ ਸੁਆਲ ਪੁੱਛਣ ਦੇ ਮਾਮਲੇ ਵਿਚ 35 ਸੁਆਲਾਂ ਨਾਲ ਤੀਸਰੇ ਨੰਬਰ ਤੇ ਹਨ। ਅਸੈਂਬਲੀ ਸੈਸ਼ਨ ਵਿਚ ਕੁੱਲ 73 ਵਿਧਾਇਕਾਂ ਨੇ ਸੁਆਲ ਕੀਤੇ ਹਨ। ਮੁੱਖ ਮੰਤਰੀ ਤੋਂ ਇਲਾਵਾ ਵਜ਼ੀਰਾਂ ਦੀ ਗਿਣਤੀ 8 ਹੈ। ਇਵੇਂ ਹੀ 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ 24,ਨਾਜ਼ਰ ਸਿੰਘ ਮਾਨਸ਼ਾਹੀਆ ਨੇ 23,ਪ੍ਰੋ.ਬਲਜਿੰਦਰ ਕੌਰ ਨੇ 21 ਅਤੇ ਪਿਰਮਲ ਧੌਲ਼ਾ ਨੇ 16 ਸੁਆਲ ਪੁੱਛੇ ਹਨ। ਦੂਸਰੇ ਵਿਧਾਇਕਾਂ ਚੋਂ ਹਰਦਿਆਲ ਸਿੰਘ ਕੰਬੋਜ ਨੇ 15, ਬਲਵੀਰ ਸਿੱਧੂ ਨੇ 18, ਕੁਲਬੀਰ ਜੀਰਾ ਨੇ 14,ਸੁਰਜੀਤ ਧੀਮਾਨ ਨੇ 13,ਹਰਿੰਦਰਪਾਲ ਚੰਦੂਮਾਜਰਾ ਨੇ 11,ਮਦਨ ਲਾਲ ਜਲਾਲਪੁਰ ਨੇ 14 ਨੇ ਸੁਆਲ ਕੀਤੇ ਹਨ। ਦੂਸਰੀ ਤਰਫ਼ ਕੰਵਰਜੀਤ ਰੋਜ਼ੀ ਬਰਕੰਦੀ ਨੇ ਦੋ, ਦਿਲਰਾਜ ਭੂੰਦੜ ਨੇ ਦੋ,ਸੁਰਿੰਦਰ ਕੁਮਾਰ ਡਾਵਰ ਨੇ ਦੋ,ਰਜਿੰਦਰ ਬੇਰੀ ਨੇ ਇੱਕ,ਹਰਜੋਤ ਕਮਲ ਨੇ ਤਿੰਨ ਸੁਆਲ ਪੁੱਛੇ ਹਨ। ਸਭ ਤੋਂ ਵੱਧ ਸੁਆਲ ਪੁੱਛਣ ਵਾਲੇ 'ਆਪ' ਵਿਧਾਇਕ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਉਸ ਦੇ ਕਾਫੀ ਸੁਆਲ ਤਾਂ ਹਾਲੇ ਪ੍ਰਵਾਨ ਨਹੀਂ ਕੀਤੇ ਗਏ ਹਨ ਜਦੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਸੀ ਕਿ ਵਿਧਾਇਕ ਦੀ ਅਸਲੀ ਡਿਊਟੀ ਤਾਂ ਵਿਧਾਨ ਸਭਾ 'ਚ ਹੀ ਹੁੰਦੀ ਹੈ।
                  ਅਕਾਲੀ ਤੇ ਕਾਂਗਰਸੀ ਵਿਧਾਇਕਾਂ ਦਾ ਤਰਕ ਹੈ ਕਿ ਉਨ•ਾਂ ਦੇ ਸੁਆਲ ਪ੍ਰਵਾਨ ਹੀ ਨਹੀਂ ਕੀਤੇ ਗਏ ਹਨ ਜਦੋਂ ਕਿ ਉਨ•ਾਂ ਨੇ ਸੁਆਲ ਪੁੱਛੇ ਸਨ। ਸਰਕਾਰੀ ਸੂਚਨਾ ਅਨੁਸਾਰ ਜਿਨ•ਾਂ ਵਿਧਾਇਕਾਂ ਨੇ ਇੱਕ ਵੀ ਸੁਆਲ ਨਹੀਂ ਪੁੱਛਿਆ,ਉਨ•ਾਂ ਵਿਚ ਵਿਧਾਇਕ ਓਮ ਪ੍ਰਕਾਸ਼ ਸੋਨੀ,ਸੁਨੀਲ ਦੱਤੀ,ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ,ਤਰਸੇਮ ਸਿੰਘ,ਸੁਖਵਿੰਦਰ ਸਿੰਘ ਡੈਨੀ,ਸੁਖਬਿੰਦਰ ਸਿੰਘ ਸਰਕਾਰੀਆ,ਪ੍ਰੀਤਮ ਸਿੰਘ ਕੋਟਭਾਈ,ਕੁਸ਼ਲਦੀਪ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ ਬੱਸੀ ਪਠਾਣਾਂ,ਦਵਿੰਦਰ ਸਿੰਘ ਘੁਬਾਇਆ, ਬਲਵਿੰਦਰ ਸਿੰਘ ਲਾਡੀ,ਫਤਹਿਜੰਗ ਸਿੰਘ ਬਾਜਵਾ, ਅਰੁਣ ਡੋਗਰਾ,ਸੁੰਦਰ ਸ਼ਾਮ ਅਰੋੜਾ,ਪਵਨ ਕੁਮਾਰ ਆਦਿਆ,ਪ੍ਰਗਟ ਸਿੰਘ,ਸੁਸ਼ੀਲ ਕੁਮਾਰ ਰਿੰਕੂ,ਚੌਧਰੀ ਸੁਰਿੰਦਰ ਸਿੰਘ,ਬਲਦੇਵ ਸਿੰਘ ਖਾਹਰਾ, ਸੰਜੀਵ ਤਲਵਾੜ,ਅਮਰੀਕ ਸਿੰਘ ਢਿਲੋਂ,ਦਰਸ਼ਨ ਸਿੰਘ ਬਰਾੜ,ਸੁਖਜੀਤ ਸਿੰਘ ਧਰਮਕੋਟ,ਜੋਗਿੰਦਰਪਾਲ,ਅਮਿਤ ਵਿੱਜ, ਰਜਿੰਦਰ ਸਿੰਘ ਸਮਾਣਾ,ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਜੇ ਇੰਦਰ ਸਿੰਗਲਾ, ਰਮਨਜੀਤ ਸਿੰਘ ਸਹੋਤਾ, ਡਾ.ਧਰਮਬੀਰ ਅਗਨੀਹੋਤਰੀ ਸ਼ਾਮਿਲ ਹਨ।
                                          ਜੁਆਬਦੇਹੀ ਤੋਂ ਭੱਜ ਰਹੇ ਹਨ: ਅਰਸ਼ੀ
ਬੈਸਟ ਵਿਧਾਨਕਾਰ ਰਹੇ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਹੁਣ ਸਿਆਸਤ  ਸੇਵਾ ਨਹੀਂ ਤੇ ਵਪਾਰ ਬਣ ਗਈ ਹੈ ਜਿਸ ਦਾ ਇਹ ਨਮੂਨਾ ਹੈ ਕਿ 35 ਵਿਧਾਇਕ ਕੋਈ ਸੁਆਲ ਹੀ ਕਰਨ। ਉਨ•ਾਂ ਆਖਿਆ ਕਿ ਕਾਨੂੰਨਘਾੜੇ ਲੋਕਾਂ ਪ੍ਰਤੀ ਜੁਆਬਦੇਹੀ ਤੋਂ ਭੱਜਣ ਲੱਗੇ ਹਨ ਅਤੇ ਪੁਰਾਣੇ ਨੇਤਾ ਵੀ ਹੁਣ ਨਵੇਂ ਵਿਧਾਇਕਾਂ ਨੂੰ ਸੈਸ਼ਨ ਵਾਰੇ ਕੋਈ ਗਿਆਨ ਦੇਣ ਦੀ ਖੇਚਲਾ ਨਹੀਂ ਕਰਦੇ ਹਨ। 

Friday, September 8, 2017

                           ਡੇਰਾ ਪ੍ਰੇਮੀ ਡਰੇ
        ਦਾਨ ਕੀਤੇ ਮੁਰੱਬੇ ਵਾਪਸ ਮੋੜ ਦਿਓ...
                          ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਨੂੰ ਮੁਰੱਬੇ ਦਾਨ ਵਾਲੇ ਡੇਰਾ ਪ੍ਰੇਮੀਆਂ ਨੂੰ ਧੁੜਕੂ ਲੱਗ ਗਿਆ ਹੈ ਜਿਨ•ਾਂ ਚੋਂ ਕੁਝ ਡੇਰਾ ਪ੍ਰੇਮੀ ਜ਼ਮੀਨ ਵਾਪਸੀ ਲਈ ਚਾਰਾਜੋਈ ਕਰਨ ਲੱਗੇ ਹਨ। ਬਠਿੰਡਾ ਜ਼ਿਲ•ੇ ਚੋਂ ਸਭ ਤੋਂ ਵੱਧ ਪ੍ਰੇਮੀਆਂ ਨੇ ਡੇਰਾ ਸਿਰਸਾ ਨੂੰ ਜ਼ਮੀਨਾਂ ਤੇ ਘਰ ਦਾਨ ਕੀਤੇ ਸਨ। ਕੁਝ ਵਰੇ• ਪਹਿਲਾਂ ਰਾਤੋਂ ਰਾਤ ਡੇਰਾ ਪ੍ਰੇਮੀਆਂ ਨੇ 'ਸਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ' ਦੇ ਨਾਮ 'ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾ ਦਿੱਤੀਆਂ ਸਨ। ਬਠਿੰਡਾ ਜ਼ਿਲ•ੇ ਵਿਚ ਕਰੀਬ 70 ਡੇਰਾ ਪ੍ਰੇਮੀਆਂ ਨੇ ਆਪਣੀ ਸੰਪਤੀ ਦਾਨ ਵਿਚ ਡੇਰੇ ਨੂੰ ਦਿੱਤੀ ਸੀ ਜਿਨ•ਾਂ ਨੇ ਚਿਹਰੇ ਹੁਣ ਉੱਤਰੇ ਹੋਏ ਹਨ। ਤਲਵੰਡੀ ਸਾਬੋ ਅਤੇ ਬਠਿੰਡਾ ਸਬ ਡਵੀਜ਼ਨ ਦੇ ਸਭ ਤੋਂ ਜਿਆਦਾ ਡੇਰਾ ਪ੍ਰੇਮੀਆਂ ਨੇ ਇਹ ਦਾਨ ਦਿੱਤਾ ਸੀ। ਪਿੰਡ ਕੋਟਗੁਰੂ ਦੇ ਡੇਰਾ ਪ੍ਰੇਮੀ ਗੁਰਮੇਲ ਸਿੰਘ ਨੰਬਰਦਾਰ ਨੇ ਡੇਰਾ ਸਿਰਸਾ ਦੇ ਨਾਮ 'ਤੇ ਕਰੀਬ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਸੀ। ਨੰਬਰਦਾਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਉਦੋਂ ਜਜ਼ਬਾਤੀ ਹੋ ਕੇ ਰਜਿਸਟਰੀ ਕਰਾ ਦਿੱਤੀ ਸੀ ਜਿਸ ਮਗਰੋਂ ਘਰ ਵਿਚ ਕਲੇਸ਼ ਵੀ ਰਿਹਾ। ਉਨ•ਾਂ ਦੱਸਿਆ ਕਿ ਉਹ ਹੁਣ ਜ਼ਮੀਨ ਵਾਪਸੀ ਲਈ ਕਾਨੂੰਨੀ ਸਲਾਹ ਲੈ ਕੇ ਕਾਰਵਾਈ ਕਰੇਗਾ।
                    ਇਸ ਪਿੰਡ ਦੇ ਤਿੰਨ ਡੇਰਾ ਪ੍ਰੇਮੀਆਂ ਨੇ ਜ਼ਮੀਨ ਦਾਨ ਕੀਤੀ ਸੀ। ਪਿੰਡ ਜੈ ਸਿੰਘ ਵਾਲਾ ਅਤੇ ਚੁੱਘੇ ਕਲਾਂ ਦੇ ਦਰਜਨ ਡੇਰਾ ਪ੍ਰੇਮੀਆਂ ਨੇ ਜ਼ਮੀਨਾਂ ਦਾਨ ਕੀਤੀਆਂ ਸਨ ਜਿਨ•ਾਂ ਚੋਂ ਕੁਝ ਨੇ ਆਖਿਆ ਕਿ ਕੋਈ ਕਾਨੂੰਨੀ ਅੜਚਨ ਨਾ ਆਈ ਤਾਂ ਉਹ ਆਪਣੀ ਸੰਪਤੀ ਵਾਪਸ ਲੈਣਗੇ। ਬਠਿੰਡਾ ਖ਼ਿੱਤੇ ਦੇ ਕਰੀਬ 67 ਡੇਰਾ ਪ੍ਰੇਮੀਆਂ ਨੇ ਕਰੀਬ 58 ਏਕੜ ਜ਼ਮੀਨ ਡੇਰਾ ਸਿਰਸਾ ਨੂੰ ਦਾਨ ਵਜੋਂ ਦਿੱਤੀ ਸੀ ਜਿਸ ਦੀ ਕਲੈੱਕਟਰ ਰੇਟ ਦੇ ਹਿਸਾਬ ਨਾਲ ਕੀਮਤ ਕਰੀਬ ਸੱਤ ਕਰੋੜ ਰੁਪਏ ਬਣਦੀ ਹੈ। ਬਠਿੰਡਾ ਸਬ ਡਵੀਜ਼ਨ ਦੇ 27 ਡੇਰਾ ਪ੍ਰੇਮੀਆਂ ਨੇ 206 ਕਨਾਲ਼ਾਂ ਜ਼ਮੀਨ ਦਾਨ ਕੀਤੀ ਸੀ ਜਿਸ ਦੀ ਕਲੈੱਕਟਰ ਰੇਟ ਮੁਤਾਬਿਕ ਕੀਮਤ 4.26 ਕਰੋੜ ਬਣਦੀ ਹੈ ਜਦੋਂ ਕਿ ਮੌੜ ਸਬ ਡਵੀਜ਼ਨ ਦੇ 34 ਡੇਰਾ ਪ੍ਰੇਮੀਆਂ ਨੇ ਢਾਈ ਕਰੋੜ ਦੀ ਕੀਮਤ ਵਾਲੀ 230 ਕਨਾਲ਼ਾਂ ਜ਼ਮੀਨ ਡੇਰਾ ਸਿਰਸਾ ਨੂੰ ਦਿੱਤੀ ਸੀ। ਪਿੰਡ ਭਾਗੂ ਦੇ ਅੱਠ ਡੇਰਾ ਪ੍ਰੇਮੀਆਂ ਅਤੇ ਸੰਗਤ ਦੇ ਛੇ ਡੇਰਾ ਪ੍ਰੇਮੀਆਂ ਤੋਂ ਇਲਾਵਾ ਮਹਿਤਾ,ਬਾਂਡੀ, ਕੋਟਗੁਰੂ, ਤਰਖਾਣਵਾਲਾ,ਮੱਲਵਾਲਾ,ਚੱਕ ਹੀਰਾ ਸਿੰਘ ਵਾਲਾ ਆਦਿ ਦੇ ਡੇਰਾ ਪ੍ਰੇਮੀਆਂ ਨੇ ਵੀ ਜ਼ਮੀਨਾਂ ਦਾਨ ਦਿੱਤੀਆਂ ਸਨ।
                     ਭਾਵੇਂ ਇਨ•ਾਂ ਜ਼ਮੀਨਾਂ ਦੀ ਮਾਲਕੀ ਡੇਰਾ ਸਿਰਸਾ ਦੀ ਹੈ ਪ੍ਰੰਤੂ ਇਨ•ਾਂ ਤੇ ਕਾਬਜ਼ ਫਿਲਹਾਲ ਡੇਰਾ ਪ੍ਰੇਮੀ ਹੀ ਹਨ। ਡੇਰਾ ਪ੍ਰੇਮੀਆਂ ਨੂੰ ਡਰ ਬਣ ਗਿਆ ਹੈ ਕਿ ਅਗਰ ਹਿੰਸਾ ਵਿਚ ਹੋਏ ਨੁਕਸਾਨ ਦੀ ਪੂਰਤੀ ਡੇਰਾ ਸਿਰਸਾ ਤੋਂ ਹੁੰਦੀ ਹੈ ਤਾਂ ਉਨ•ਾਂ ਦੀਆਂ ਜ਼ਮੀਨਾਂ ਅਤੇ ਘਰਾਂ ਨੂੰ ਖਤਰਾ ਬਣ ਜਾਣਾ ਹੈ ਜਿਸ ਕਰਕੇ ਉਹ ਕਾਨੂੰਨੀ ਸਲਾਹਾਂ ਲੈ ਰਹੇ ਹਨ। ਪਿੰਡ ਨਸੀਬਪੁਰਾ ਦੇ ਤਾਂ 16 ਡੇਰਾ ਪ੍ਰੇਮੀਆਂ ਨੇ ਜ਼ਮੀਨ ਤੇ ਘਰ ਦਾਨ ਕੀਤੇ ਸਨ। ਪਤਾ ਲੱਗਾ ਹੈ ਕਿ ਕਈ ਦਾਨੀ ਪ੍ਰੇਮੀਆਂ ਦੇ ਆਪਣੇ ਘਰਾਂ ਦੀ ਮਾਲੀ ਪੁਜ਼ੀਸ਼ਨ ਕਾਫ਼ੀ ਖਸਤਾ ਹੈ। ਡਿਪਟੀ ਕਮਿਸ਼ਨਰ ਦੀ ਰਿਪੋਰਟ ਅਨੁਸਾਰ ਡੇਰਾ ਸਿਰਸਾ ਦੀ ਪੂਰੇ ਜ਼ਿਲ•ੇ ਵਿਚ 183 ਏਕੜ ਜ਼ਮੀਨ ਹੈ ਜਿਸ ਚੋਂ ਇਕੱਲੇ ਡੇਰਾ ਸਲਾਵਤਪੁਰਾ ਦੀ 135 ਏਕੜ ਜ਼ਮੀਨ ਹੈ। ਸਲਾਬਤਪੁਰਾ ਡੇਰੇ ਦੀ ਜ਼ਮੀਨ ਦੀ ਕੀਮਤ ਕਲੈੱਕਟਰ ਰੇਟ ਦੇ ਮੁਤਾਬਿਕ 10.17 ਕਰੋੜ ਰੁਪਏ ਹੈ।
                    ਡੇਰਾ ਸਲਾਬਤਪੁਰਾ ਪਿੰਡ ਰਾਜਗੜ• ਦੀ 95 ਏਕੜ ਅਤੇ ਸਲਾਬਤਪੁਰਾ ਦੀ 41 ਏਕੜ ਜ਼ਮੀਨ ਤੇ ਬਣਿਆ ਹੈ। ਇਸ ਡੇਰੇ ਦੀ ਆਮਦਨ ਸਲਾਨਾ ਕਰੀਬ 26 ਲੱਖ ਰੁਪਏ ਹੈ। ਡੇਰਾ ਸਲਾਬਤਪੁਰਾ ਤਰਫੋਂ ਜੋ ਮਈ 2017 ਵਿਚ ਹਿਸਾਬ ਦਿੱਤਾ ਗਿਆ ਹੈ, ਉਸ ਅਨੁਸਾਰ ਇੱਕ ਵਰੇ• ਦੌਰਾਨ ਡੇਰੇ ਦੀ ਕਮਾਈ 36.77 ਲੱਖ ਰੁਪਏ ਹੋਈ ਹੈ ਜਦੋਂ ਕਿ ਖਰਚਾ 36.62 ਲੱਖ ਰੁਪਏ ਰਿਹਾ ਹੈ। ਬਠਿੰਡਾ ਜ਼ਿਲ•ੇ ਵਿਚ ਡੇਰੇ ਦੀਆਂ ਕੁੱਲ 111 ਸੰਪਤੀਆਂ ਹਨ ਜਿਨ•ਾਂ ਦੀ ਕੀਮਤ ਜ਼ਿਲ•ਾ ਪ੍ਰਸ਼ਾਸਨ ਨੇ 19.06 ਕਰੋੜ ਰੁਪਏ ਬਣਾਈ ਹੈ। ਬਠਿੰਡਾ ਜ਼ਿਲ•ੇ ਵਿਚ ਡੇਰਾ ਮਾਮਲੇ ਕਰਕੇ ਸੁਰੱਖਿਆ ਤੇ 9 ਕਰੋੜ ਰੁਪਏ ਖਰਚ ਆਏ ਹਨ ਜਦੋਂ ਕਿ 24 ਲੱਖ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ। 

Tuesday, September 5, 2017


               ਇੱਕ ਗੁਰੂ ਏਹ ਵੀ 
   ਉਹ ਤੁਰਦੇ ਰਹੇ, ਰਾਹ ਬਣਦੇ ਗਏ
                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਏਦਾ ਦੇ ਗੁਰੂ ਵੀ ਹਨ ਜੋ ਖੁਦ ਚੁੱਪ ਰਹਿੰਦੇ ਹਨ ਪ੍ਰੰਤੂ ਉਨ•ਾਂ ਦੇ ਕੰਮ ਬੋਲਦੇ ਹਨ। ਉਨ•ਾਂ ਲਈ 'ਪੁਰਸਕਾਰ' ਕੋਈ ਮਾਅਨੇ ਨਹੀਂ ਰੱਖਦਾ। ਉਹ ਕਾਮਯਾਬ ਸ਼ਿਸ਼ਾਂ ਚੋਂ ਆਪਣੇ ਐਵਾਰਡ ਦੇਖਦੇ ਹਨ। ਸੱਚਮੁੱਚ ਇਨ•ਾਂ ਅਧਿਆਪਕਾਂ ਨੇ ਉਨ•ਾਂ ਦੀ ਮੜਕ ਭੰਨ ਦਿੱਤੀ ਹੈ ਜੋ ਸਰਕਾਰੀ ਸਕੂਲਾਂ ਨੂੰ ਮਿਹਣਾ ਮਾਰਦੇ ਹਨ। ਨਾ ਉਹ ਹੁੱਬ ਕੇ ਦੱਸਦੇ ਹਨ ਨਾ ਹੀ ਖੰਭਾਂ ਦੀ ਡਾਰ ਬਣਾਉਂਦੇ ਹਨ। ਉਹ ਤਾਂ ਅਜਿਹੇ ਆਲ•ਣੇ ਹਨ ਜੋ ਕਮਜ਼ੋਰ ਸ਼ਿਸ਼ਾਂ ਨੂੰ ਪਨਾਹ ਦਿੰਦੇ ਹਨ। ਉਨ•ਾਂ ਨੂੰ ਖੁੱਲ•ੇ ਅਕਾਸ਼ 'ਚ ਉੱਡਣ ਦੇ ਕਾਬਲ ਬਣਾਉਂਦੇ ਹਨ। ਇਨ•ਾਂ ਅਧਿਆਪਕਾਂ ਨੇ ਕੋਈ ਐਵਾਰਡ ਨਾ ਲੈਣ ਦੀ ਸਹੁੰ ਖਾਧੀ ਹੈ। ਭਲਕੇ ਅਧਿਆਪਕ ਦਿਵਸ ਹੈ ਅਤੇ ਇਸ ਦਿਵਸ ਮੌਕੇ ਉਹ ਸਵੈ ਪੜਚੋਲ ਹੀ ਕਰਦੇ ਹਨ।ਫਿਰੋਜ਼ਪੁਰ ਦੇ ਪਿੰਡ ਮਹਾਲਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੀਂਹ ਪੈਣ ਤੇ ਦਰਿਆ ਬਣ ਜਾਂਦਾ ਸੀ। ਉਦੋਂ ਅਧਿਆਪਕ ਮਹਿੰਦਰ ਸਿੰਘ ਸ਼ੈਲੀ ਨੇੜਲੇ ਰੇਲਵੇ ਸਟੇਸ਼ਨ ਦੇ ਸੈੱਡਾਂ ਹੇਠ ਸਕੂਲ ਲਾਉਂਦਾ ਸੀ। ਮੀਂਹ ਮਗਰੋਂ ਸਿੱਲ ਸਕੂਲ ਦਾ ਪਿਛਾ ਨਹੀਂ ਛੱਡਦੀ ਸੀ। ਪੰਚਾਇਤ ਤੋਂ ਭਰੋਸਾ ਲਿਆ ਤੇ ਸਰਕਾਰ ਤੋਂ ਗਰਾਂਟਾਂ। ਦਿਨਾਂ ਵਿਚ ਸਕੂਲ ਦਾ ਨਕਸ਼ਾ ਬਦਲ ਦਿੱਤਾ। ਸਕੂਲ 'ਚ ਇਕਲੌਤਾ ਰੈਗੂਲਰ ਅਧਿਆਪਕ ਹੈ ਜਿਸ ਨੇ ਆਧੁਨਿਕ ਕੈਂਪਸ ਬਣਾ ਦਿੱਤਾ ਹੈ। 
                ਡਾਇਰੈਕਟਰ ਜਨਰਲ ਨੇ ਦੋ ਦਫ਼ਾ ਸਕੂਲ ਨੂੰ ਪ੍ਰਸੰਸਾ ਪੱਤਰ ਭੇਜੇ ਹਨ। ਅਗਲੇ ਵਰੇ• ਤੋਂ ਇਹ ਅਧਿਆਪਕ ਸਕੂਲ 'ਚ ਸਮਾਰਟ ਕਲਾਸਾਂ ਸ਼ੁਰੂ ਕਰ ਰਿਹਾ ਹੈ। ਜਦੋਂ ਨਮੂਨੇ ਦਾ ਸਕੂਲ ਦਿਖਾਉਣਾ ਹੋਵੇ ਤਾਂ ਸਿੱਖਿਆ ਮਹਿਕਮਾ ਇਸ ਸਕੂਲ ਵੱਲ ਮੂੰਹ ਕਰ ਲੈਂਦਾ ਹੈ। ਅਧਿਆਪਕ ਮਹਿੰਦਰ ਸ਼ੈਲੀ ਦੱਸਦਾ ਹਨ ਕਿ ਮਹਿਕਮੇ ਨੇ ਕਈ ਦਫਾ ਐਵਾਰਡ ਵਾਸਤੇ ਅਪਲਾਈ ਕਰਨ ਲਈ ਆਖਿਆ ਪ੍ਰੰਤੂ ਉਸ ਦਾ ਐਵਾਰਡ ਉਸ ਦੇ ਸਫਲ ਹੋਏ ਬੱਚੇ ਹਨ, ਨਾ ਹੀ ਕਦੇ ਐਵਾਰਡ ਲੈਣਾ ਹੈ। ਫਤਹਿਗੜ• ਸਾਹਿਬ ਜ਼ਿਲ•ੇ ਦੇ ਪਿੰਡ ਪੰਜੋਲੀ ਕਲਾਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਬਲਵਿੰਦਰ ਕੌਰ ਦੀ ਜਦੋਂ ਸਰਕਾਰ ਨੇ ਇੱਕ ਦਫ਼ਾ ਬਦਲੀ ਕਰ ਦਿੱਤੀ ਤਾਂ ਪੂਰੇ ਪਿੰਡ ਨੇ ਸੜਕ ਜਾਮ ਕਰ ਦਿੱਤੀ। 19 ਵਰਿ•ਆਂ ਤੋਂ ਪਿੰਡ ਵਾਲੇ ਉਸ ਨੂੰ ਸਕੂਲ ਚੋਂ ਜਾਣ ਨਹੀਂ ਦੇ ਰਹੇ। ਦੂਸਰੇ ਅਧਿਆਪਕਾਂ ਤੋਂ ਪੀਰੀਅਡ ਖੁਦ ਮੰਗ ਕੇ ਪੜਾਉਂਦੀ ਹੈ ਤੇ ਉਸ ਦਾ ਪੀਰੀਅਡ ਸਿਰਫ਼ 40 ਮਿੰਟ ਦਾ ਨਹੀਂ ਹੁੰਦਾ। ਗਰੀਬ ਬੱਚਿਆਂ ਦੀਆਂ ਫੀਸਾਂ, ਗਰੀਬ ਲੜਕੀਆਂ ਦੇ ਵਿਆਹ,ਖਿਡਾਰੀਆਂ ਨੂੰ ਖੇਡ ਕਿੱਟਾਂ, ਸਭ ਕੁਝ ਉਹ ਗੁਪਤ ਰਹਿ ਕੇ ਕਰਦੀ ਹੈ। ਪਿੰਡ ਦੇ ਆਗੂ ਕਰਨੈਲ ਪੰਜੋਲੀ ਦਾ ਪ੍ਰਤੀਕਰਮ ਸੀ ਕਿ ਚਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਦਾ ਸਭ ਕੰਮ ਉਹ ਕਰਦੀ ਹੈ। 
               ਲੈਕਚਰਾਰ ਬਲਵਿੰਦਰ ਕੌਰ ਛੋਟੀਆਂ ਕਲਾਸਾਂ ਨੂੰ ਵੀ ਪੜਾਉਂਦੀ ਹੈ ਤੇ ਕਈ ਵਾਰੀ ਉਹ ਸਕੂਲ ਚੋਂ ਰਾਤ ਨੂੰ ਅੱਠ ਅੱਠ ਵਜੇ ਵੀ ਘਰ ਜਾਂਦੀ ਰਹੀ ਹੈ। ਮਾਨਸਾ ਦੇ ਪਛੜੇ ਇਲਾਕੇ ਬੋਹਾ ਦੇ ਸਰਕਾਰੀ ਸਕੂਲ (ਲੜਕੇ) ਦੇ ਦੋ ਲੈਕਚਰਾਰਾਂ ਦੀ ਜੋੜੀ ਸਿੱਖਿਆ ਮਹਿਕਮੇ ਦਾ ਫਖਰ ਤੇ ਠੁੱਕ ਬਣ ਰਹੀ ਹੈ। ਲੈਕਚਰਾਰ ਪਰਮਿੰਦਰ ਤਾਂਘੜੀ (ਜੀਵ ਵਿਗਿਆਨ) ਤੇ ਵਿਸ਼ਾਲ ਬਾਂਸਲ (ਫਿਜਿਕਸ਼) ਨੇ ਸਾਲ 2007 ਵਿਚ ਪੰਜ ਬੱਚਿਆਂ ਨਾਲ ਸਕੂਲ ਵਿਚ ਸਾਇੰਸ ਗਰੁੱਪ ਸ਼ੁਰੂ ਕੀਤਾ। ਆਸ ਪਾਸ ਸਕੂਲਾਂ 'ਚ ਜਾ ਜਾ ਕੇ ਬੱਚਿਆਂ ਦੀ ਕੌਂਸਲਿੰਗ ਕੀਤੀ। ਅੱਜ ਪੰਜਾਬ ਭਰ ਚੋਂ ਸਫਲ ਸਾਇੰਸ ਗਰੁੱਪ ਇਸ ਸਕੂਲ ਵਿਚ ਚੱਲ ਰਿਹਾ ਹੈ। ਅਧਿਆਪਕ ਜੋੜੀ ਦੀ ਚਰਚੇ ਸਭ ਪਾਸੇ ਹਨ। ਲੰਘੇ ਇੱਕ ਦਹਾਕੇ ਚੋਂ ਇਸ ਸਕੂਲ ਦਾ ਬੱਚਾ ਕਦੇ ਸਾਇੰਸ ਚੋ ਫ਼ੇਲ• ਨਹੀਂ ਹੋਇਆ ਬਲਕਿ ਕਈ ਦਫ਼ਾ ਬੱਚੇ ਮੈਰਿਟ ਵਿਚ ਆਏ ਹਨ। ਸਾਲ 2007 ਤੋਂ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਸਕੂਲ ਦੇ ਬੱਚੇ ਜਾ ਰਹੇ ਹਨ ਅਤੇ ਚਾਰ ਦਫ਼ਾ ਕੌਮੀ ਪੱਧਰ ਦੀ ਪ੍ਰਦਰਸ਼ਨੀ ਵਿਚ ਸ਼ਮੂਲੀਅਤ ਕਰ ਚੁੱਕੇ ਹਨ। ਕਰੀਬ 70 ਬੱਚੇ ਸਾਇੰਸ ਗਰੁੱਪ ਪੜ• ਰਹੇ ਹਨ। ਇਨ•ਾਂ ਦੇ ਤਿੰਨ ਬੱਚੇ ਸਾਇੰਸ ਅਧਿਆਪਕ ਬਣ ਗਏ ਹਨ।  
              ਅਧਿਆਪਕ ਜੋੜੀ ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਸਫਲ ਬੱਚੇ ਹੀ ਉਨ•ਾਂ ਦਾ ਪੁਰਸਕਾਰ ਹੈ। ਉਨ•ਾਂ ਦਾ ਕਹਿਣਾ ਸੀ ਕਿ ਐਵਾਰਡ ਲਈ ਕਦੇ ਨਾ ਅਪਲਾਈ ਕੀਤਾ ਹੈ ਤੇ ਨਾ ਕਰਨਾ ਹੈ। ਪੜਾਉਣਾ ਉਨ•ਾਂ ਦਾ ਫਰਜ਼ ਹੈ ਤੇ ਬਦਲੇ ਵਿਚ ਸਰਕਾਰ ਤਨਖਾਹ ਦਿੰਦੀ ਹੈ। ਪਿੰਡ ਨਿਦਾਮਪੁਰ (ਸੰਗਰੂਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਫਿਜਿਕਸ ਲੈਕਚਰਾਰ ਦਿਆਲ ਸਿੰਘ ਨੇ ਡੇਢ ਦਹਾਕਾ ਤਪੱਸਿਆ ਕਰਕੇ ਸਕੂਲ ਵਿਚ ਸਾਇੰਸ ਦਾ ਜਾਗ ਲਾ ਦਿੱਤਾ। ਸਕੂਲ ਦਾ ਕਲਪਨਾ ਚਾਵਲਾ ਸਾਇੰਸ ਬਲਾਕ ਇਸ ਦਾ ਪ੍ਰਤੱਖ ਸਬੂਤ ਹੈ। ਦਿਆਲ ਸਿੰਘ ਆਪਣੇ ਬੱਚਿਆਂ ਨੂੰ ਹੀ ਆਪਣੀ ਅਸਲੀ ਦੌਲਤ ਮੰਨਦਾ ਹੈ। ਫਾਜਿਲਕਾ ਦੇ ਪਿੰਡ ਹੌਜ ਗੰਧੜ ਦੇ ਸਰਕਾਰੀ ਸਕੂਲ 'ਚ ਸਾਲ 2012-13 ਵਿਚ ਕਲਾਸਾਂ ਦਰਖਤਾਂ ਹੇਠ ਲੱਗਦੀਆਂ ਸਨ। ਜਦੋਂ ਸਕੂਲ ਕੈਂਪਸ ਦੀ ਅਣਸੇਫ ਇਮਾਰਤ ਨੇ ਅਧਿਆਪਕ ਗੁਰਦਿੱਤ ਸਿੰਘ ਨੂੰ ਲਾਹਨਤਾਂ ਪਾਈਆਂ ਤਾਂ ਉਸ ਨੇ ਇੱਕ ਹਜ਼ਾਰ ਆਪਣੀ ਜੇਬ ਚੋਂ ਕੱਢੇ, ਦੂਸਰੇ ਅਧਿਆਪਕਾਂ ਨੇ ਵੀ ਆਪੋ ਆਪਣੀ ਜੇਬ ਨੂੰ ਹੱਥ ਪਾ ਲਿਆ, ਦੇਖਦੇ ਦੇਖਦੇ ਮਾਪਿਆਂ ਨੇ ਵੀ ਆਪਣੀ ਜੇਬ ਹਿਲਾਈ।
               30 ਹਜ਼ਾਰ ਨਾਲ ਸਕੂਲ ਕੈਂਪਸ ਦਾ ਕੰਮ ਸ਼ੁਰੂ ਹੋ ਗਿਆ। ਅੱਜ ਸਕੂਲ ਵਿਚ ਸਭ ਕੁਝ ਹੈ। ਪ੍ਰੇਸ਼ਾਨੀ ਇੱਕੋ ਹੈ ਕਿ ਸਕੂਲ ਦੇ ਚਾਰ ਅਧਿਆਪਕਾਂ ਚੋਂ ਤਿੰਨ ਦੀ ਡਿਊਟੀ ਚੋਣਾਂ ਵਿਚ ਪੱਕੀ ਲਾਈ ਹੋਈ ਹੈ। ਅਧਿਆਪਕ ਗੁਰਦਿੱਤ ਸਿੰਘ ਦੱਸਦਾ ਹੈ ਕਿ ਉਹ ਬੱਚਿਆਂ ਨੂੰ ਸੰਸਕਾਰ ਦੇ ਰਹੇ ਹਨ ਤੇ ਇਨਸਾਨੀਅਤ ਦਾ ਜਾਗ ਲਾ ਰਹੇ ਹਨ। ਇਹੋ ਬੱਚੇ ਹੀ ਉਨ•ਾਂ ਦਾ ਵੱਡਾ ਐਵਾਰਡ ਹੈ ਤੇ ਹੋਰ ਕਿਸੇ ਐਵਾਰਡ ਵਿਚ ਵਿਸ਼ਵਾਸ ਹੀ ਨਹੀਂ। ਬਠਿੰਡਾ ਦੇ ਪਿੰਡ ਬੁਰਜ ਮਾਨਸਾਹੀਆਂ ਦੀ ਮਹਿਲਾ ਅਧਿਆਪਕ ਪ੍ਰਵੀਨ ਸ਼ਰਮਾ ਨੇ ਜਦੋਂ ਸਾਲ 2006 ਵਿਚ ਸਕੂਲ ਕੈਂਪਸ ਦੀ ਡਿੱਗੂ ਡਿੱਗੂ ਕਰਦੀ ਇਮਾਰਤ ਦੇਖੀ ਅਤੇ ਆਸ ਪਾਸ ਜੰਗਲ ਵੇਖਿਆ ਤਾਂ ਉਸ ਨੇ ਸਭ ਬਦਲਣ ਦੀ ਹੀਆ ਕਰ ਲਿਆ। ਨਾ ਸਿਰਫ਼ ਸਕੂਲ ਕੈਂਪਸ ਦੇ ਰੰਗ ਬਦਲ ਗਏ ਬਲਕਿ ਸਾਲ 2013 ਸਮੇਂ ਪੰਜਾਬ ਦਾ ਇਹ ਇਕਲੌਤਾ ਸਕੂਲ ਸੀ ਜਿਸ ਵਿਚ ਸਮਾਰਟ ਕਲਾਸਾਂ ਚੱਲਦੀਆਂ ਸਨ।
              ਮਹਿਲਾ ਅਧਿਆਪਕ ਦੱਸਦੀ ਹੈ ਕਿ ਸਕੂਲ ਦੇ ਨਿਰਮਾਣ ਸਮੇਂ ਸਭ ਅਧਿਆਪਕਾਂ ਤੇ ਬੱਚਿਆਂ ਨੇ ਖੁਦ ਵੀ ਮਜ਼ਦੂਰੀ ਕੀਤੀ ਹੈ। ਬੱਚਿਆਂ ਦੇ ਪਿਆਰ ਤੇ ਪਿੰਡ ਦੇ ਸਤਿਕਾਰ ਤੋਂ ਵੱਡਾ ਹੋਰ ਕੋਈ ਐਵਾਰਡ ਨਹੀਂ ਤੇ ਨਾ ਹੀ ਪੁਰਸਕਾਰ 'ਚ ਕਦੇ ਭਰੋਸਾ ਰੱਖਿਆ ਹੈ। ਏਦਾ ਸੈਂਕੜੇ ਅਧਿਆਪਕ ਹਨ ਜੋ ਛੁਪ ਕੇ ਅਲੋਕਾਰੀ ਕੰਮ ਕਰ ਰਹੇ ਹਨ ਜਿਨ•ਾਂ ਵਿਚ ਲੁਹਾਰਾ ਮਾਜਰਾ ਕਲਾਂ ਦੇ ਹਿੰਦੀ ਅਧਿਆਪਕ ਜਗਵਿੰਦਰ ਸਿੰਘ,ਮਾਨਸਾ ਦੇ ਫਫੜੇ ਭਾਈਕਾ ਦੇ ਸਕੂਲ ਦੇ ਰਾਜ ਜੋਸ਼ੀ, ਭਵਾਨੀਗੜ ਸਕੂਲ ਦੀ ਪ੍ਰਿੰਸੀਪਲ ਤਰਨਜੀਤ ਕੌਰ ਅਤੇ ਰਾਮਪੁਰਾ ਪਿੰਡ ਦੀ ਅਧਿਆਪਕ ਸੀਮਾ ਆਦਿ ਦਾ ਨਾਮ ਵੀ ਸ਼ਾਮਿਲ ਹੈ। ਅਧਿਆਪਕ ਦਿਵਸ ਤੇ ਅਜਿਹੇ ਅਧਿਆਪਕਾਂ ਨੂੰ ਸਲਾਹ ਕਰਨਾ ਬਣਦਾ ਹੈ।
   









Saturday, September 2, 2017

                          ਅਲਰਟ ਜਾਰੀ  
             ਉਡ ਗਈ 'ਪਾਪਾ ਦੀ ਪਰੀ'
                          ਚਰਨਜੀਤ ਭੁੱਲਰ  
ਬਠਿੰਡਾ  : ਹਰਿਆਣਾ ਪੁਲੀਸ ਦੇ ਲੁੱਕ ਆਊਟ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਹੀ  'ਪਾਪਾ ਦੀ ਦੂਤ' ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ ਤੋਂ ਰਫ਼ੂ ਚੱਕਰ ਹੋ ਗਈ ਹੈ। ਦੋ ਦਿਨ ਪਹਿਲਾਂ ਹੀ ਉਹ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ•) ਵਿਖੇ ਪੁੱਜੀ ਸੀ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਤੋਂ ਇਨੋਵਾ ਗੱਡੀ ਬੀਤੀ ਰਾਤ ਪਿੰਡ ਗੁਰੂਸਰ ਮੋਡੀਆ ਪੁੱਜੀ ਸੀ ਜਿਸ ਵਿਚ ਸਵਾਰ ਹੋ ਕੇ ਹਨੀਪ੍ਰੀਤ ਇੰਸਾਂ ਚਲੀ ਗਈ ਹੈ। ਹਨੀਪ੍ਰੀਤ ਇੰਸਾਂ ਡੇਰਾ ਮੁਖੀ ਦੀ ਗੋਦ ਲਈ ਧੀ ਹੈ। ਡੇਰਾ ਮੁਖੀ ਦੀਆਂ ਦੋਵੇਂ ਧੀਆਂ ਵੀ ਗੁਰੂਸਰ ਮੋਡੀਆ ਤੋਂ ਚਲੀਆਂ ਗਈਆਂ ਹਨ। ਹੁਣ ਗੁਰੂਸਰ ਮੋਡੀਆ ਦੇ ਜੱਦੀ ਘਰ ਵਿਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ,ਪਤਨੀ ਹਰਜੀਤ ਕੌਰ, ਲੜਕਾ ਜਸਮੀਤ ਇੰਸਾਂ ਤੇ ਉਸ ਦੀ ਪਤਨੀ ਹਨ। ਹਨੀਪ੍ਰੀਤ ਇੰਸਾਂ ਆਪਣੇ ਟਵਿੱਟਰ ਖਾਤੇ 'ਤੇ ਆਪਣੇ ਆਪ ਨੂੰ 'ਪਾਪਾ ਦੀ ਦੂਤ' ਲਿਖ ਕੇ ਪੇਸ਼ ਕਰਦੀ ਰਹੀ ਹੈ।
                      ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹਨੀਪ੍ਰੀਤ ਵਿਸ਼ੇਸ਼ ਹੈਲੀਕਾਪਟਰ ਵਿਚ ਡੇਰਾ ਮੁਖੀ ਦੇ ਨਾਲ ਹੀ ਰੋਹਤਕ ਜੇਲ• ਤੱਕ ਗਈ ਸੀ। ਹਰਿਆਣਾ ਪੁਲੀਸ ਨੇ ਦੇਸ਼ ਧਿਰੋਹ ਦਾ ਮਾਮਲਾ ਹਨੀਪ੍ਰੀਤ ਇੰਸਾਂ ਤੇ ਦਰਜ ਕੀਤਾ ਹੈ। ਹਰਿਆਣਾ ਪੁਲੀਸ ਨੂੰ ਡਰ ਹੈ ਕਿ ਹਨੀਪ੍ਰੀਤ ਇੰਸਾਂ ਦੇਸ਼ ਛੱਡ ਕੇ ਜਾ ਸਕਦੀ ਹੈ ਜਿਸ ਕਰਕੇ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਪ੍ਰੰਤੂ ਉਸ ਤੋਂ ਪਹਿਲਾਂ ਹੀ ਹਨੀਪ੍ਰੀਤ ਇੰਸਾਂ ਪਿੰਡ ਗੁਰੂਸਰ ਮੋਡੀਆ ਤੋਂ ਗਾਇਬ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਪੁਲੀਸ ਦੇ ਡਰੋਂ ਉਸ ਨੇ ਪਾਸਾ ਵੱਟਣਾ ਬਿਹਤਰ ਸਮਝਿਆ। ਉਧਰ ਰਾਜਸਥਾਨ ਪੁਲੀਸ ਨੇ ਪਿੰਡ ਗੁਰੂਸਰ ਮੋਡੀਆ ਚੋਂ ਪੁਲੀਸ ਪਹਿਰਾ ਅੱਜ ਹਟਾ ਲਿਆ ਹੈ ਜਦੋਂ ਕਿ ਡੇਰਾ ਪੈਰੋਕਾਰਾਂ ਵਲੋਂ ਡੇਰਾ ਮੁਖੀ ਦੇ ਪਰਿਵਾਰ ਦੀ ਸੁਰੱਖਿਆ ਵਿਚ ਦਿਨ ਰਾਤ ਦਾ ਪਹਿਰਾ ਲਾਇਆ ਹੋਇਆ ਹੈ।
                      ਸੂਤਰ ਦੱਸਦੇ ਹਨ ਕਿ ਬੀਤੀ ਰਾਤ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਪਿੰਡ ਗੁਰੂਸਰ ਮੋਡੀਆ ਦਾ ਗੇੜਾ ਲਾਇਆ ਹੈ ਜਿਥੇ ਉਹ ਕੁਝ ਸਮਾਂ ਡੇਰਾ ਮੁਖੀ ਦੇ ਪਰਿਵਾਰ ਨੂੰ ਮਿਲੇ ਹਨ। ਉਸ ਮਗਰੋਂ ਉਹ ਰਾਤ ਵਕਤ ਹੀ ਵਾਪਸ ਪਰਤ ਆਏ ਹਨ। ਪਤਾ ਲੱਗਾ ਹੈ ਕਿ ਪਰਿਵਾਰ ਵਲੋਂ ਗੱਦੀਨਸ਼ੀਨੀ ਨੂੰ ਲੈ ਕੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਦੋ ਸੀਨੀਅਰ ਵਕੀਲਾਂ ਨੇ ਵੀ ਬੀਤੇ ਕੱਲ ਡੇਰਾ ਮੁਖੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਇਨ•ਾਂ ਵਕੀਲਾਂ ਚੋਂ ਇੱਕ ਵਕੀਲ ਤਾਂ ਡੇਰਾ ਮੁਖੀ ਦਾ ਰਿਸ਼ਤੇਦਾਰ ਹੀ ਹੈ। ਇਨ•ਾਂ ਵਕੀਲਾਂ ਤੋਂ ਪਰਿਵਾਰ ਨੇ ਡੇਰਾ ਮੁਖੀ ਦੇ ਕੇਸ ਦਾ ਵਿਸਥਾਰ ਜਾਣਿਆ ਹੈ।