Saturday, December 31, 2016

                          ਮਕਾਨ ਘੱਟ, ਚੈੱਕ ਵੱਧ
           ਲੰਬੀ ਹਲਕੇ ਵਿਚ 'ਹੋਮ ਸਕੈਂਡਲ'
                              ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਐਨ ਚੋਣਾਂ ਤੋਂ ਪਹਿਲਾਂ 'ਹੋਮ ਸਕੈਂਡਲ' ਹੋ ਰਿਹਾ ਹੈ। ਹਲਕੇ ਦੇ ਕਈ ਪਿੰਡਾਂ ਵਿਚ ਉਨੇ ਮਕਾਨ ਨਹੀਂ ਹਨ ਜਿੰਨੇ ਮਕਾਨਾਂ ਨੂੰ ਮੁਰੰਮਤ ਲਈ ਪੈਸੇ ਵੰਡ ਦਿੱਤੇ ਹਨ। ਇੱਕ ਇੱਕ ਘਰ ਨੂੰ ਤਿੰਨ ਤਿੰਨ ਚੈੱਕ ਵੰਡੇ ਗਏ ਹਨ। ਪੰਜਾਬ ਦਾ ਇਹ ਇਕਲੌਤਾ ਹਲਕਾ ਹੈ ਜਿਥੇ ਘਰਾਂ ਦੀ ਮੁਰੰਮਤ ਲਈ ਪੰਦਰਾਂ ਪੰਦਰਾਂ ਹਜ਼ਾਰ ਦੇ ਚੈੱਕ ਵੰਡੇ ਗਏ ਹਨ। ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਅਤੇ ਛੋਟੀਆਂ ਬੱਚਤਾਂ ਚੋਂ ਇਹ ਪੈਸਾ ਖ਼ਰਚਿਆ ਜਾ ਰਿਹਾ ਹੈ। ਕਰੀਬ 45 ਕਰੋੜ ਰੁਪਏ ਹਲਕਾ ਲੰਬੀ ਵਿਚ ਮਕਾਨਾਂ ਦੀ ਮੁਰੰਮਤ ਅਤੇ ਉਸਾਰੀ ਲਈ ਵੰਡੇ ਗਏ ਹਨ ਜਿਨ•ਾਂ ਚੋਂ ਕਰੀਬ 22 ਕਰੋੜ ਰੁਪਏ ਸੇਮ ਦਾ ਬਹਾਨਾ ਘੜ ਕੇ ਮੁਰੰਮਤ ਲਈ ਵੰਡੇ ਗਏ ਹਨ। ਆਰ.ਟੀ.ਆਈ ਸੂਚਨਾ ਅਨੁਸਾਰ ਲੰਬੀ ਦੇ ਪਿੰਡ ਸਿੰਘੇਵਾਲਾ ਵਿਚ 564 ਮਕਾਨਾਂ ਨੂੰ ਮੁਰੰਮਤ ਲਈ 15-15 ਹਜ਼ਾਰ ਦਿੱਤੇ ਗਏ ਹਨ ਜਦੋਂ ਕਿ ਤਾਜ਼ਾ ਵੋਟਰ ਸੂਚੀ ਅਨੁਸਾਰ ਇਸ ਪਿੰਡ ਵਿਚ ਕੁੱਲ ਘਰਾਂ ਦੀ ਗਿਣਤੀ 372 ਹੈ। ਇਸ ਪਿੰਡ ਦੇ ਕਿਸਾਨ ਆਗੂ ਗੁਰਪਾਸ ਸਿੰਘ ਦਾ ਪ੍ਰਤੀਕਰਮ ਸੀ ਕਿ ਪਿੰਡ ਦੇ ਲੋੜਵੰਦ ਰਹਿ ਗਏ ਜਦੋਂ ਕਿ ਸਰਦੇ ਪੁੱਜਦੇ ਚੈੱਕ ਲੈ ਗਏ ਹਨ। ਸਰਕਾਰੀ ਤੱਥਾਂ ਅਨੁਸਾਰ ਪਿੰਡ ਮਿੱਡੂਖੇੜਾ ਵਿਚ ਕੁੱਲ 407 ਮਕਾਨ ਹਨ ਜਦੋਂ ਕਿ ਮੁਰੰਮਤ ਵਾਸਤੇ ਪੈਸੇ 448 ਘਰਾਂ ਨੂੰ ਦਿੱਤਾ ਗਿਆ ਹੈ।
                         ਬਹਾਨਾ ਇਹੋ ਕਿ ਸੇਮ ਕਾਰਨ ਲੋਕਾਂ ਦੇ ਮਕਾਨ ਤਿੜਕ ਗਏ ਹਨ ਤੇ ਮੁਰੰਮਤ ਦੀ ਲੋੜ ਹੈ। ਡਰੇਨੇਜ਼ ਮਹਿਕਮੇ ਦੇ ਤੱਥ ਆਖਦੇ ਹਨ ਕਿ ਪਿੰਡ ਮਿਡੂਖੇੜਾ ਵਿਚ 2901 ਏਕੜ ਰਕਬੇ ਚੋਂ ਹੁਣ ਸਿਰਫ਼ 220 ਏਕੜ ਵਿਚ ਸੇਮ ਦੀ ਸਮੱਸਿਆ ਹੈ ਇਵੇਂ ਪਿੰਡ ਮਹਿਣਾ ਵਿਚ ਕੁੱਲ ਮਕਾਨਾਂ ਦੀ ਗਿਣਤੀ 758 ਹੈ ਜਦੋਂ ਕਿ ਖ਼ਜ਼ਾਨੇ ਚੋਂ ਮੁਰੰਮਤ ਲਈ ਪੈਸਾ 850 ਘਰਾਂ ਲਈ 1.27 ਕਰੋੜ ਜਾਰੀ ਕੀਤਾ ਗਿਆ ਹੈ। ਪਿੰਡ ਹਾਕੂਵਾਲਾ ਵਿਚ 353 ਮਕਾਨ ਹਨ ਅਤੇ ਸਾਰੇ ਮਕਾਨਾਂ ਦੀ ਮੁਰੰਮਤ ਖਾਤਰ ਪੈਸਾ ਦੇ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਪਿੰਡ ਵਿਚ ਇੱਕ ਧਨਾਢ ਪਰਿਵਾਰ ਦੀ ਕੋਠੀ ਦੀ ਮੁਰੰਮਤ ਲਈ ਤਿੰਨ ਚੈੱਕ ਦਿੱਤੇ ਗਏ ਹਨ। ਪਿੰਡ ਵਣਾਂਵਾਲਾ ਅਨੂੰ ਵਿਚ 388 ਘਰ ਹਨ ਜਦੋਂ ਕਿ ਮੁਰੰਮਤ ਦਾ ਪੈਸਾ 498 ਘਰਾਂ ਨੂੰ ਦਿੱਤਾ ਗਿਆ ਹੈ। ਪਿੰਡ ਮਿਠੜੀ ਵਿਚ ਕੋਠੀਆਂ ਵਾਲੇ ਦੋ ਭਰਾਵਾਂ ਨੂੰ ਪੰਦਰਾਂ ਪੰਦਰਾਂ ਹਜ਼ਾਰ ਦੇ ਚੈੱਕ ਦਿੱਤੇ ਗਏ ਹਨ ਜਦੋਂ ਕਿ ਮਜ਼ਦੂਰ ਇਨ•ਾਂ ਤੋਂ ਵਾਂਝੇ ਹਨ। ਏਦਾ ਡੇਢ ਦਰਜਨ ਪਿੰਡਾਂ ਵਿਚ ਹੋਇਆ ਹੈ। ਸਰਕਾਰੀ ਸੂਚਨਾ ਅਨੁਸਾਰ ਬਲਾਕ ਲੰਬੀ ਦੇ 55 ਪਿੰਡਾਂ ਦੇ 17494 ਘਰਾਂ ਨੂੰ ਪੈਸਾ ਵੰਡਿਆ ਗਿਆ ਹੈ। ਏਦਾ ਜਾਪਦਾ ਹੈ ਕਿ ਜਿਵੇਂ ਪੂਰੇ ਬਲਾਕ ਦੇ ਘਰਾਂ ਦੀ ਖਸਤਾ ਹਾਲਤ ਹੋਵੇ। ਬਾਕੀ ਪੰਜਾਬ ਦੇ ਪਿੰਡਾਂ ਵਿਚ ਮੁਰੰਮਤ ਵਾਸਤੇ ਪੈਸਾ ਨਹੀਂ ਮਿਲ ਰਿਹਾ ਹੈ।
                       ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 7 ਨਵੰਬਰ ਨੂੰ ਇੱਕੋ ਦਿਨ ਵਿਚ 9.50 ਕਰੋੜ ਰੁਪਏ ਭੇਜੇ ਸਨ ਜਦੋਂ ਕਿ 13 ਪਿੰਡਾਂ ਦੇ 2312 ਘਰਾਂ ਨੂੰ 3.72 ਕਰੋੜ ਰੁਪਏ 30 ਸਤੰਬਰ ਨੂੰ ਭੇਜੇ ਗਏ ਸਨ। ਹੁਣ ਐਨ ਚੋਣਾਂ ਤੋਂ ਪਹਿਲਾਂ ਇਹ ਚੈੱਕ ਵੰਡੇ ਗਏ ਹਨ ਅਤੇ ਕਈ ਪਿੰਡਾਂ ਵਿਚ ਗਰੀਬ ਲੋਕਾਂ ਨੇ ਰੌਲਾ ਰੱਪਾ ਵੀ ਪਾਇਆ ਹੈ।  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਪ੍ਰਤੀਕਰਮ ਸੀ ਕਿ ਹਲਕਾ ਲੰਬੀ ਵਿਚ ਗਰੀਬਾਂ ਦੇ ਬਹਾਨੇ ਹਾਕਮ ਧਿਰ ਨੇ 'ਆਪਣਿਆਂ' ਨੂੰ ਚੈੱਕ ਦੇ ਦਿੱਤੇ ਹਨ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਮਕਾਨ ਮੁਰੰਮਤ ਦੇ ਨਾਂਅ ਹੇਠ ਵੋਟਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ।
                                  ਗਲਤ ਚੈੱਕ ਵਾਪਸ ਲਏ ਜਾਣਗੇ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੁਕਤਸਰ ਸ੍ਰੀ ਸੁਮੀਤ ਜਾਰੰਗਲ ਦਾ ਕਹਿਣਾ ਸੀ ਕਿ ਸੇਮ ਪ੍ਰਭਾਵਿਤ ਪਿੰਡਾਂ ਵਾਸਤੇ ਜ਼ਿਲ•ੇ ਨੂੰ 45 ਕਰੋੜ ਰੁਪਏ ਮਕਾਨਾਂ ਦੀ ਮੁਰੰਮਤ ਵਾਸਤੇ ਮਿਲੇ ਹਨ ਜੋ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਹਨ। ਉਨ•ਾਂ ਤਰਕ ਦਿੱਤਾ ਕਿ ਕਈ ਵਾਰੀ ਇੱਕੋ ਮਕਾਨ ਦੇ ਵੱਖੋ ਵੱਖਰੇ ਕਮਰੇ ਵਿਚ ਦੋ ਦੋ ਪਰਿਵਾਰ ਰਹਿ ਰਹੇ ਹੁੰਦੇ ਹਨ ਜਿਸ ਕਰਕੇ ਮੁਰੰਮਤ ਵਾਲੇ ਮਕਾਨਾਂ ਦੀ ਗਿਣਤੀ ਵਧੀ ਹੈ। ਅਗਰ ਕਿਤੇ ਨਿਯਮਾਂ ਤੋਂ ਉਲਟ ਕਿਸੇ ਨੂੰ ਪੈਸਾ ਚਲਾ ਗਿਆ ਹੈ ਤਾਂ ਉਹ ਵਾਪਸ ਲਿਆ ਜਾਵੇਗਾ।

Saturday, December 24, 2016

                                ਘਾਲਾ-ਮਾਲਾ
             ਚੱਟ ਗਏ ਖ਼ਜ਼ਾਨੇ,ਲੰਬੀ ਦੇ ਪਖਾਨੇ
                               ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਦੇ ਹਲਕਾ ਲੰਬੀ ਦੇ ਪਖਾਨੇ ਖ਼ਜ਼ਾਨੇ ਨੂੰ ਚੱਟ ਗਏ ਹਨ। ਚੋਣਾਂ ਤੋਂ ਪਹਿਲਾਂ ਲੰਬੀ ਹਲਕੇ ਦੇ ਘਰ ਘਰ ਵਿਚ ਪਖਾਨੇ ਬਣ ਰਹੇ ਹਨ। ਪੰਜਾਬ ਵਿਚ ਪ੍ਰਤੀ ਪਖਾਨਾ 15 ਹਜ਼ਾਰ ਰੁਪਏ ਦਿੱਤੇ ਗਏ ਹਨ ਜਦੋਂ ਕਿ ਲੰਬੀ ਹਲਕੇ ਵਿਚ ਇਸੇ ਪਖਾਨੇ ਲਈ 28,400 ਰੁਪਏ ਦਿੱਤੇ ਜਾ ਰਹੇ ਹਨ। ਸਰਕਾਰੀ ਖ਼ਜ਼ਾਨੇ ਚੋਂ ਇਕੱਲੇ ਇਸ ਵੀ.ਆਈ.ਪੀ ਹਲਕੇ ਖਾਤਰ ਸੇਮ ਦਾ ਬਹਾਨਾ ਘੜ ਕੇ 22 ਕਰੋੜ ਰੁਪਏ ਵਾਧੂ ਜਾਰੀ ਕੀਤੇ ਗਏ ਹਨ। ਹਾਲਾਂ ਕਿ ਪੰਜਾਬ ਦੇ ਦੂਸਰੇ ਸੇਮ ਪ੍ਰਭਾਵਿਤ ਪਿੰਡਾਂ ਨੂੰ ਵੀ ਪ੍ਰਤੀ ਪਖਾਨਾ 15 ਹਜ਼ਾਰ ਹੀ ਮਿਲ ਰਹੇ ਹਨ। ਪੰਜਾਬ ਭਰ ਵਿਚ 4,18,384 ਘਰਾਂ ਵਿਚ ਪਖਾਨੇ ਬਣ ਰਹੇ ਹਨ ਜਿਸ ਤੋਂ ਸਭ ਤੋਂ ਜਿਆਦਾ ਪਖਾਨੇ ਜ਼ਿਲ•ਾ ਮੁਕਤਸਰ ਵਿਚ 55,169 ਬਣਨੇ ਹਨ ਜਿਨ•ਾਂ ਚੋਂ ਕਰੀਬ 30 ਹਜ਼ਾਰ ਪਖਾਨੇ ਇਕੱਲੇ ਲੰਬੀ ਹਲਕੇ ਵਿਚ ਬਣ ਰਹੇ ਹਨ। ਵੇਰਵਿਆਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਤੀ ਪਖਾਨਾ 15 ਹਜ਼ਾਰ ਦੀ ਰਾਸ਼ੀ ਪ੍ਰਵਾਨਿਤ ਹੈ ਜਿਸ ਵਿਚੋਂ 9 ਹਜ਼ਾਰ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ ਜਦੋਂ ਕਿ ਬਾਕੀ ਤਿੰਨ ਹਜ਼ਾਰ ਰਾਜ ਸਰਕਾਰ ਅਤੇ ਤਿੰਨ ਹਜ਼ਾਰ ਰੁਪਏ ਲਾਭਪਾਤਰੀ ਨੇ ਪਾਉਣੇ ਹਨ। ਪੰਜਾਬ ਸਰਕਾਰ ਨੇ ਆਪਣੀ ਅਤੇ ਲਾਭਪਾਤਰੀ ਦੀ ਹਿੱਸੇਦਾਰੀ ਵਾਲੀ ਪ੍ਰਤੀ ਪਖਾਨਾ 6 ਹਜ਼ਾਰ ਰੁਪਏ ਦੀ ਰਾਸ਼ੀ ਲਈ ਵਿਸ਼ਵ ਬੈਂਕ ਤੋਂ ਕਰਜ਼ਾ ਚੁੱਕਿਆ ਹੈ।
                        ਹਲਕਾ ਲੰਬੀ ਦਾ ਕੇਸ ਵੱਖਰਾ ਹੈ ਜਿਥੇ ਕਿ ਪੰਜਾਬ ਸਰਕਾਰ ਇਸ ਰਾਸ਼ੀ ਤੋਂ ਬਿਨ•ਾਂ ਪ੍ਰਤੀ ਪਖਾਨਾ 13,400 ਰੁਪਏ ਹੋਰਨਾਂ ਫੰਡਾਂ ਵਿਚੋਂ ਦੇ ਰਹੀ ਹੈ। ਮਲੋਟ ਡਵੀਜ਼ਨ ਨੂੰ ਪਖਾਨੇ ਉਸਾਰਨ ਵਾਸਤੇ 44 ਕਰੋੜ ਰੁਪਏ ਮਿਲ ਚੁੱਕੇ ਹਨ ਜਿਸ ਚੋਂ 22 ਕਰੋੜ ਹਲਕਾ ਲੰਬੀ ਲਈ ਵਾਧੂ ਫੰਡ ਦਿੱਤੇ ਗਏ ਹਨ। ਲੰਬੀ ਦੇ ਗਰੀਬ ਲੋਕਾਂ ਨੂੰ ਹੁਣ ਚੋਣਾਂ ਮੌਕੇ ਪਖਾਨੇ ਬਣਾ ਕੇ ਦੇਣ ਦੀ ਮੁਹਿੰਮ ਨੇ ਤੇਜੀ ਫੜੀ ਹੈ। ਕਈ ਪਿੰਡਾਂ ਵਿਚ ਤਾਂ ਕਾਗ਼ਜ਼ਾਂ ਵਿਚ ਹੀ ਪਖਾਨੇ ਬਣ ਗਏ ਹਨ ਜਾਂ ਫਿਰ ਪਖਾਨਾ ਬਣਾਉਣ ਦੇ ਨਾਮ ਹੇਠ ਸਿਰਫ਼ ਲਿਪਾਪੋਚੀ ਹੋਈ ਹੈ। ਪੰਜਾਬ ਦੇ 8469 ਪਿੰਡਾਂ ਵਿਚ ਮਿਸ਼ਨ ਸਵੱਛ ਪੰਜਾਬ ਤਹਿਤ 4.18 ਲੱਖ ਪਖਾਨੇ ਬਣ ਰਹੇ ਹਨ ਜਿਸ ਦਾ ਮਤਲਬ ਹੈ ਕਿ ਪ੍ਰਤੀ ਪਿੰਡ ਔਸਤਨ 49 ਪਖਾਨੇ ਬਣਨੇ ਹਨ। ਹਲਕਾ ਲੰਬੀ ਦੇ ਹਰ ਪਿੰਡ ਵਿਚ ਔਸਤਨ 425 ਪਖਾਨੇ ਬਣ ਰਹੇ ਹਨ। ਸੂਤਰ ਆਖਦੇ ਹਨ ਕਿ ਪਖਾਨਿਆਂ ਦੀ ਉਸਾਰੀ ਵਿਚ ਵੱਡਾ ਘਾਲਾ ਮਾਲਾ ਹੋਇਆ ਹੈ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ। ਬਹੁਤੇ ਘਰਾਂ ਵਿਚ ਸਿਰਫ਼ ਪਖਾਨੇ ਬਣਾਏ ਜਾਣ ਦੀ ਖਾਨਾਪੂਰਤੀ ਹੀ ਕੀਤੀ ਗਈ ਹੈ ਅਤੇ ਬਹੁਤਾ ਪੈਸਾ ਗੋਲ ਹੀ ਕੀਤਾ ਗਿਆ ਹੈ।
                         ਜਨ ਸਿਹਤ ਵਿਭਾਗ ਦੇ ਮਲੋਟ ਡਵੀਜ਼ਨ ਦੇ ਐਕਸੀਅਨ ਸ੍ਰੀ ਹਰਦੀਪ ਸਿੰਘ ਔਜਲਾ ਦਾ ਕਹਿਣਾ ਸੀ ਕਿ ਸੇਮ ਵਾਲਾ ਇਲਾਕਾ ਹੋਣ ਕਰਕੇ ਪਖਾਨੇ ਬਣਾਉਣ ਲਈ 22 ਕਰੋੜ ਰੁਪਏ ਦਾ ਜਿਆਦਾ ਖਰਚਾ ਹੋਇਆ ਹੈ। ਉਨ•ਾਂ ਆਖਿਆ ਕਿ 60 ਫੀਸਦੀ ਪਖਾਨੇ ਮੁਕੰਮਲ ਹੋ ਗਏ ਹਨ ਅਤੇ ਕਿਧਰੇ ਵੀ ਕੋਈ ਗੜਬੜ ਨਹੀਂ ਹੋਈ ਹੈ।  ਇੱਕ ਸੀਨੀਅਰ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਲੰਬੀ ਦੀ ਤਰ•ਾਂ ਪੰਜਾਬ ਦੇ ਬਾਕੀ ਸੇਮ ਪ੍ਰਭਾਵਿਤ ਪਿੰਡਾਂ ਨੂੰ ਪਖਾਨੇ ਬਣਾਉਣ ਲਈ ਲੰਬੀ ਦੀ ਤਰ•ਾਂ ਵੱਖਰੀ ਰਾਸ਼ੀ ਨਹੀਂ ਮਿਲੀ ਹੈ। ਮੁਕਤਸਰ ਡਵੀਜ਼ਨ ਦੇ ਐਕਸੀਅਨ ਯਾਦਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਨ•ਾਂ ਦੀ ਡਵੀਜ਼ਨ ਨੂੰ ਪ੍ਰਤੀ ਪਖਾਨਾ 15 ਹਜ਼ਾਰ ਦੀ ਰਾਸ਼ੀ ਹੀ ਮਿਲੀ ਹੈ ਅਤੇ 22,606 ਪਖਾਨਿਆਂ ਲਈ ਕਰੀਬ 7 ਕਰੋੜ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ। ਵੇਰਵਿਆਂ ਅਨੁਸਾਰ ਸੰਗਰੂਰ ਜ਼ਿਲ•ੇ ਨੂੰ ਪ੍ਰਤੀ ਪਿੰਡ ਔਸਤਨ 40 ਪਖਾਨੇ ਮਿਲੇ ਹਨ ਜਦੋਂ ਕਿ ਮਾਨਸਾ ਜ਼ਿਲ•ੇ ਨੂੰ ਪ੍ਰਤੀ ਪਿੰਡ ਔਸਤਨ 101 ਪਖਾਨੇ ਮਿਲੇ ਹਨ। ਬਠਿੰਡਾ ਜ਼ਿਲ•ੇ ਦੇ 173 ਪਿੰਡਾਂ ਵਿਚ 18,985 ਪਖਾਨੇ ਬਣ ਰਹੇ ਹਨ ਜਦੋਂ ਕਿ ਫਰੀਦਕੋਟ ਦੇ 195 ਪਿੰਡਾਂ ਵਿਚ 15467 ਪਖਾਨੇ ਬਣਨੇ ਹਨ।

Tuesday, December 20, 2016

                               'ਆਪ' ਦਾ ਪੈਂਤੜਾ  
          ਹਲਕਾ ਲੰਬੀ ਤੋਂ ਚੋਣ ਲੜੇਗਾ ਜਰਨੈਲ ?
                                 ਚਰਨਜੀਤ ਭੁੱਲਰ
ਬਠਿੰਡਾ  :  ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਹਲਕਾ ਲੰਬੀ ਤੋਂ ਚੋਣ ਲੜਨਗੇ ? ਵਿਧਾਇਕ ਜਰਨੈਲ ਸਿੰਘ ਨੂੰ ਲੰਬੀ ਦੇ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲੱਗਭਗ ਹੋ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ 28 ਦਸੰਬਰ ਜਰਨੈਲ ਸਿੰਘ ਦੇ ਨਾਮ ਦਾ ਐਲਾਨ ਕਰਨਗੇ। ਹਲਕਾ ਲੰਬੀ ਦੇ ਪਿੰਡ ਕੋਲਿਆਂ ਵਾਲੀ ਵਿਚ 'ਆਪ' ਦੀ 28 ਦਸੰਬਰ ਨੂੰ ਰੈਲੀ ਹੋ ਰਹੀ ਹੈ ਜਿਸ ਵਿਚ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੁੱਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਵਿਧਾਇਕ ਜਰਨੈਲ ਸਿੰਘ ਵਲੋਂ ਮਾਲਵਾ ਖਿੱਤੇ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। 'ਆਪ' ਆਗੂ ਜਰਨੈਲ ਸਿੰਘ ਪੱਛਮੀ ਦਿੱਲੀ ਤੋਂ ਵਿਧਾਇਕ ਹਨ ਅਤੇ ਅਪਰੈਲ 2009 ਵਿਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ.ਚਿੰਦਬਮਰ ਤੇ ਜੁੱਤੀ ਸੁੱਟੇ ਜਾਣ ਮਗਰੋਂ ਉਹ ਚਰਚਾ ਵਿਚ ਆਏ ਸਨ। ਜਰਨੈਲ ਸਿੰਘ ਨੇ ਦਿੱਲੀ ਦੰਗਿਆ ਦੇ ਰੋਸ ਵਜੋਂ ਇਹ ਕਦਮ ਚੁੱਕਿਆ ਸੀ।
                     'ਆਪ' ਦੇ ਲੀਡਰਸ਼ਿਪ ਵਲੋਂ ਸਿੱਖ ਚਿਹਰਾ ਲੰਬੀ ਵਿਚ ਉਤਾਰੇ ਜਾਣ ਤੋਂ ਪਿਛਲੇ ਕੁਝ ਦਿਨਾਂ ਤੋਂ ਵਿਚਾਰ ਵਟਾਂਦਰਾ ਹੋ ਰਿਹਾ ਸੀ। ਪਿਛਲੇ ਦਿਨਾਂ ਵਿਚ ਮਜੀਠਾ ਹਲਕੇ ਤੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਵਜੋਂ ਐਲਾਨਣ ਲਈ ਖੁਦ ਅਰਵਿੰਦ ਕੇਜਰੀਵਾਲ ਮਜੀਠਾ ਆਏ ਸਨ। ਸੂਤਰ ਦੱਸਦੇ ਹਨ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਲੰਬੀ ਹਲਕੇ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨਣ ਦੀ ਸੰਭਾਵਨਾ ਹੈ। ਸੂਤਰ ਆਖਦੇ ਹਨ ਕਿ ਅਗਰ ਲੰਬੀ ਤੋਂ ਜਰਨੈਲ ਸਿੰਘ ਮੈਦਾਨ ਵਿਚ ਉਤਰਦੇ ਹਨ ਤਾਂ ਮੁਕਾਬਲਾ ਕਾਫੀ ਦਿਲਚਸਪ ਬਣ ਜਾਣਾ ਹੈ। ਕਾਂਗਰਸ ਪਾਰਟੀ ਤਰਫੋਂ ਵੀ ਹਾਲੇ ਤੱਕ ਹਲਕਾ ਲੰਬੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਕਾਂਗਰਸ ਨੇ ਗੁਰਮੀਤ ਸਿੰਘ ਖੁਡੀਆਂ ਅਤੇ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਮੂਡ ਬਣਾਇਆ ਹੈ। ਉਂਜ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਇਸ ਹਲਕੇ ਤੋਂ ਉਮੀਦਵਾਰ ਹੋਣਗੇ।
                       'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਅਤੇ ਜਰਨੈਲ ਸਿੰਘ ਨੇ ਫੋਨ ਨਹੀਂ ਚੁੱਕਿਆ  ਜਦੋਂ ਕਿ ਇੱਕ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਰਨੈਲ ਸਿੰਘ ਦੀ ਲੰਬੀ ਤੋਂ ਉਮੀਦਵਾਰੀ ਦੀ ਪੁਸ਼ਟੀ ਕੀਤੀ। 'ਆਪ' ਵਲੋਂ 28 ਦਸੰਬਰ ਨੂੰ ਪਿੰਡ ਕੋਲਿਆਂ ਵਾਲੀ ਵਿਚ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਮੌਕੇ ਹੀ ਰੱਫੜ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਤੇ 'ਆਪ' ਆਗੂਆਂ ਨੇ ਇਲਜ਼ਾਮ ਲਾਏ ਹਨ ਕਿ ਉਸ ਵਲੋਂ ਰੈਲੀ ਵਿਚ ਅੜਿੱਕੇ ਖੜ•ੇ ਕੀਤੇ ਜਾ ਰਹੇ ਹਨ ਅਤੇ 'ਆਪ' ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੋਲਿਆਂ ਵਾਲੀ ਇਸ ਗੱਲੋਂ ਇਨਕਾਰ ਕਰਦੇ ਹਨ। ਉਨ•ਾਂ ਦਾ ਕਹਿਣਾ ਹੈ ਕਿ ਉਨ•ਾਂ ਨੇ ਸਿਰਫ ਏਨਾ ਆਖਿਆ ਸੀ ਕਿ ਰੈਲੀ ਸਟੇਡੀਅਮ ਵਿਚ ਕਰਨ ਦੀ ਥਾਂ ਕਿਤੇ ਹੋਰ ਜਗ•ਾ ਕਰ ਲਵੋ ਕਿਉਂਕਿ ਸਟੇਡੀਅਮ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸੂਤਰ ਦੱਸਦੇ ਹਨ ਕਿ 'ਆਪ' ਵਲੋਂ ਪਿੰਡ ਕੋਲਿਆਂ ਵਾਲੀ ਵਿਚ ਵੱਡਾ ਇਕੱਠ ਕਰਕੇ ਪੂਰੇ ਮਾਲਵੇ ਨੂੰ ਹਲੂਣਾ ਦੇਣ ਦੀ ਰਣਨੀਤੀ ਬਣਾਈ ਹੈ। 

Saturday, December 17, 2016

                                                                  ਘੁੱਗੀ ਦਾ ਫਿਲਮੀ ਹੱਲਾ
                                       'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ'
                                                                      ਚਰਨਜੀਤ ਭੁੱਲਰ
ਬਠਿੰਡਾ  : ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਦੀ ਨਵੀਂ ਪੰਜਾਬੀ ਫਿਲਮ 'ਮੋਟਰ ਮਿੱਤਰਾਂ ਦੀ' ਤੋਂ ਨਵਾਂ ਕਲੇਸ਼ ਖੜ•ਾ ਹੋਣ ਦਾ ਡਰ ਬਣ ਗਿਆ ਹੈ। ਜਦੋਂ ਚੋਣ ਜ਼ਾਬਤੇ ਮਗਰੋਂ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਜਾਵੇਗਾ ਤਾਂ ਉਦੋਂ ਹੀ 30 ਦਸੰਬਰ ਨੂੰ ਇਹ ਫਿਲਮ ਰਲੀਜ਼ ਹੋਣੀ ਹੈ ਜੋ ਕਿ ਡੇਰਾਵਾਦ ਖ਼ਿਲਾਫ਼ ਹੈ। 'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਫਿਲਮ ਵਿਚਲਾ ਡਾਇਲਾਗ 'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ' ਨਵੀਂ ਨਰਾਜ਼ਗੀ ਸਹੇੜ ਸਕਦਾ ਹੈ। ਇਸ ਪੰਜਾਬੀ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਜਿਸ ਨੂੰ ਯੂ ਟਿਊਬ ਤੇ 14.69 ਲੱਖ ਲੋਕ ਵੇਖ ਚੁੱਕੇ ਹਨ। ਫਿਲਮ ਦੇ ਨਿਰਦੇਸ਼ਕ ਅਮਿਤੋਜ ਮਾਨ ਹਨ ਅਤੇ ਸਿਤਾਰੇ ਵਿਰਕਮ ਰਾਂਝਾ,ਹੈਪੀ ਰਾਏਕੋਟੀ,ਯੋਗਰਾਜ ਅਤੇ ਗੁਰਪ੍ਰੀਤ ਘੁੱਗੀ ਆਦਿ ਹਨ। ਨਵੀਂ ਪੰਜਾਬੀ ਫਿਲਮ ਡੇਰਾਵਾਦ ਨੂੰ ਨੰਗਾ ਕਰਦੀ ਹੈ ਅਤੇ ਡੇਰਿਆਂ ਦਾ ਅੰਦਰਲਾ ਸੱਚ ਦਿਖਾਉਂਦੀ ਹੈ। ਭਾਵੇਂ ਇਸ ਫਿਲਮ ਨੂੰ ਕਿਸੇ ਇੱਕ ਵਿਸ਼ੇਸ਼ ਡੇਰੇ ਤੇ ਕੇਂਦਰਿਤ ਨਹੀਂ ਕੀਤਾ ਗਿਆ ਪਰ ਇਸ ਫਿਲਮ ਦੇ ਡਾਇਲਾਗ ਅਤੇ ਬਣਤਰ ਕਿਸੇ ਇੱਕ ਡੇਰੇ ਦੀ ਨਰਾਜ਼ਗੀ ਦਾ ਕਾਰਨ ਬਣ ਸਕਦੀ ਹੈ। ਉਸ ਡੇਰੇ ਦਾ ਪੰਜਾਬ ਵਿਚ ਵੱਡਾ ਵੋਟ ਬੈਂਕ ਹੈ।
                     ਦੂਸਰੀ ਤਰਫ਼ ਪੰਥਕ ਧਿਰਾਂ ਨੇ ਡੇਰਾਵਾਦ ਖ਼ਿਲਾਫ਼ ਬਣੀ ਇਸ ਫਿਲਮ ਦਾ ਸਵਾਗਤ ਕੀਤਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਇਹ ਫਿਲਮ 'ਆਪ' ਨੂੰ ਡੇਰਾ ਵੋਟਰਾਂ ਤੋਂ ਦੂਰ ਅਤੇ ਪੰਥਕ ਵੋਟ ਦੇ ਨੇੜੇ ਵੀ ਸਕਦੀ ਹੈ। ਫਿਲਮ ਵਿਚ ਯੋਗਰਾਜ ਨੂੰ ਡੇਰਾ ਮੁਖੀ ਦਿਖਾਇਆ ਗਿਆ ਹੈ ਅਤੇ ਫਿਲਮ ਵਿਚ ਉਸ ਦੀ ਲੜਕੀਆਂ ਨਾਲ ਨੇੜਤਾ ਦਿਖਾਈ ਗਈ ਹੈ। ਇਹ ਫਿਲਮ ਬਣ ਤਾਂ ਕਾਫ਼ੀ ਪਹਿਲਾਂ ਸਮਾਂ ਚੁੱਕੀ ਸੀ ਪਰ ਰਲੀਜ਼ ਚੋਣਾਂ ਵਿਚ ਹੋ ਰਹੀ ਹੈ। 'ਆਪ' ਦੇ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਕਹਿਣਾ ਸੀ ਕਿ ਪੰਜਾਬੀ ਫਿਲਮ 'ਮੋਟਰ ਮਿੱਤਰਾਂ ਦੀ' ਡੇਰਾਵਾਦ ਖ਼ਿਲਾਫ਼ ਹੈ ਜਿਸ ਦਾ ਪੰਜਾਬ ਵਿਚ ਕਾਫ਼ੀ ਉਭਾਰ ਹੋ ਚੁੱਕਾ ਹੈ। ਉਨ•ਾਂ ਆਖਿਆ ਕਿ ਉਸ ਨੇ ਬਤੌਰ ਆਰਟਿਸਟ ਇਸ ਫਿਲਮ ਵਿਚ ਕੰਮ ਕੀਤਾ ਹੈ ਅਤੇ ਇਸ ਫਿਲਮ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਉਨ•ਾਂ ਆਖਿਆ ਕਿ ਅਗਰ ਕਿਸੇ ਤਰਫ਼ੋਂ ਕੋਈ ਪ੍ਰਤੀਕਰਮ ਹੈ ਤਾਂ ਉਹ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨਾਲ ਗੱਲ ਕਰ ਸਕਦੇ ਹਨ। ਸੂਤਰ ਆਖਦੇ ਹਨ ਕਿ 'ਆਪ' ਵਲੋਂ ਚੋਣਾਂ ਮੌਕੇ ਗੁਰਪ੍ਰੀਤ ਘੁੱਗੀ ਦੀ 'ਅਰਦਾਸ' ਵਰਗੀ ਫਿਲਮ ਪਿੰਡਾਂ ਵਿਚ ਦਿਖਾਈ ਜਾ ਸਕਦੀ ਹੈ।
                    ਇਸੇ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਉਨ•ਾਂ ਦਾ ਸਿਆਸੀ ਤੌਰ ਤੇ ਗੁਰਪ੍ਰੀਤ ਘੁੱਗੀ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਪਰ ਡੇਰਾਵਾਦ ਖ਼ਿਲਾਫ਼ ਬਣੀ ਇਸ ਫਿਲਮ ਦੀ ਉਹ ਸ਼ਲਾਘਾ ਕਰਦੇ ਹਨ ਅਤੇ ਇਸ ਤਰਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ•ਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ ਦਾ ਪ੍ਰਤੀਕਰਮ ਸੀ ਕਿ ਪੰਜਾਬ ਵਿਚ ਡੇਰਾਵਾਦ ਨੇ ਬਿਖੇੜੇ ਖੜ•ੇ ਕੀਤੇ ਹਨ ਅਤੇ ਡੇਰਿਆਂ ਵਿਚ ਹੁੰਦੇ ਗਲਤ ਕੰਮਾਂ ਨੂੰ ਕੋਈ ਫਿਲਮ ਉਜਾਗਰ ਕਰਦੀ ਹੈ ਤਾਂ ਇਹ ਚੰਗੀ ਗੱਲ ਹੈ। ਡੇਰਿਆਂ ਦੀ ਅੰਦਰਲੀ ਗੱਲ ਬਾਹਰ ਆਉਣੀ ਚਾਹੀਦੀ ਹੈ।
                     ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਖੁੱਲ• ਕੇ ਆਖਿਆ ਕਿ ਫਿਲਮਾਂ ਤਾਂ ਸਮਾਜ ਦਾ ਸ਼ੀਸ਼ਾ ਦਿਖਾਉਂਦੀਆਂ ਹਨ ਅਤੇ ਡੇਰਾਵਾਦ ਦਾ ਪਾਖੰਡ ਬੇਪਰਦ ਹੋਣਾ ਚਾਹੀਦਾ ਹੈ। ਉਹ ਸਲਾਘਾ ਕਰਦੇ ਹਨ ਕਿ ਇਸ ਫਿਲਮ ਰਾਹੀਂ ਡੇਰਾਵਾਦ ਦਾ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਫਿਲਮ ਦਾ ਡਾਇਲਾਗ 'ਕਾਤਲ ਕਦੇ ਗੌਡ ਦੇ ਮੈਸੰਜਰ ਨਹੀਂ ਹੋ ਸਕਦੇ' ਵੀ ਬਿਲਕੁਲ ਸੱਚ ਹੈ ਜਿਸ ਦਾ ਕਿਸੇ ਡੇਰੇ ਨੂੰ ਗੁੱਸਾ ਨੂੰ ਨਹੀਂ ਕਰਨਾ ਚਾਹੀਦਾ ਹੈ। ਜਦੋਂ ਇਸ ਪੱਤਰਕਾਰ ਨੇ ਇੱਕ ਡੇਰੇ ਦੇ ਆਗੂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਉਨ•ਾਂ ਨੇ ਇਸ ਫਿਲਮ ਦਾ ਟ੍ਰੇਲਰ ਨਹੀਂ ਦੇਖਿਆ ਹੈ, ਟ੍ਰੇਲਰ ਦੇਖਣ ਮਗਰੋਂ ਹੀ ਟਿੱਪਣੀ ਕੀਤੀ ਜਾ ਸਕਦੀ ਹੈ। 

Thursday, December 15, 2016

                                  ਬਾਦਲਾਂ ਦਾ ਚੋਗਾ
               ਪੁਲੀਸ ਦੇ ਲਾਈ 'ਸਿਆਸੀ ਫੀਤੀ'
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਤੋਂ ਪਹਿਲਾਂ ਕਰੀਬ ਅੱਠ ਹਜ਼ਾਰ ਸਿਪਾਹੀ 'ਸਿਆਸੀ ਫੀਤੀ' ਦਾ ਚੋਗਾ ਚੁਗਣਗੇ।  ਇਨ•ਾਂ ਦੇ ਮੋਢਿਆਂ ਤੇ ਫੀਤੀ ਤਾਂ ਹੌਲਦਾਰ ਵਾਲੀ ਸਜਾ ਦਿੱਤੀ ਹੈ ਪ੍ਰੰਤੂ ਇਨ•ਾਂ ਨੂੰ ਖ਼ਜ਼ਾਨੇ ਚੋਂ ਤਨਖਾਹ ਸਿਪਾਹੀ ਵਾਲੀ ਹੀ ਮਿਲੇਗੀ। ਮਤਲਬ ਹੈ ਕਿ ਸਰਕਾਰ ਨੇ ਇਨ•ਾਂ ਨੂੰ ਹੌਲਦਾਰ (ਲੋਕਲ ਰੈਂਕ) ਦੇਣਾ ਹੈ। ਹਾਕਮ ਧਿਰ ਨੇ ਵਿਧਾਨ ਸਭਾ ਚੋਣਾਂ 2012 ਤੋਂ ਐਨ ਪਹਿਲਾਂ ਵੀ ਥੋਕ ਵਿਚ ਏਦਾ ਹੀ ਲੋਕਲ ਰੈਂਕ ਦਿੱਤੇ ਸਨ। ਹੁਣ ਚੋਣ ਜ਼ਾਬਤੇ ਤੋਂ ਐਨ ਪਹਿਲਾਂ ਪੁਲੀਸ ਨੂੰ ਖੁਸ਼ ਕਰਨ ਖਾਤਰ ਫੀਤੀ ਦਾ ਚੋਗਾ ਪਾਇਆ ਹੈ। ਇਵੇਂ ਹੀ ਕਰੀਬ ਇੱਕ ਹਜ਼ਾਰ ਹੌਲਦਾਰਾਂ ਦੇ ਮੋਢੇ ਤੇ ਏ.ਐਸ.ਆਈ ਦਾ ਸਟਾਰ ਲਾਇਆ ਹੈ ਪਰ ਇਹ ਸਟਾਰ ਵਾਲੇ ਏ.ਐਸ.ਆਈ ਖ਼ਜ਼ਾਨੇ ਚੋਂ ਤਨਖਾਹ ਹੌਲਦਾਰ ਵਾਲੀ ਹੀ ਲੈਣਗੇ। ਵੇਰਵਿਆਂ ਅਨੁਸਾਰ ਬਠਿੰਡਾ, ਮਾਨਸਾ ਅਤੇ ਮੁਕਤਸਰ ਦੇ 1375 ਸਿਪਾਹੀਆਂ (16 ਸਾਲਾਂ ਵਾਲੇ) ਨੂੰ ਹੌਲਦਾਰ ਦੀ ਫੀਤੀ ਲਾਈ ਹੈ। ਇਨ•ਾਂ ਤੋਂ ਇਲਾਵਾ ਟਰੇਨਿੰਗ ਕਰ ਰਹੇ 313 ਸਿਪਾਹੀਆਂ ਨੂੰ ਵੀ ਪੱਕੇ ਹੌਲਦਾਰ ਬਣਾਇਆ ਹੈ। ਇਵੇਂ ਹੀ 150 ਹੌਲਦਾਰਾਂ ਨੂੰ ਪੱਕਾ ਏ.ਐਸ.ਆਈ ਅਤੇ 79 ਪੱਕੇ ਸਬ ਇੰਸਪੈਕਟਰ ਬਣਾਏ ਹਨ। ਚੋਣ ਜ਼ਾਬਤੇ ਦੇ ਡਰੋਂ ਹਾਕਮ ਧਿਰ ਹੁਣ ਨਿਯਮਾਂ ਨੂੰ ਵੀ ਦਾਅ ਤੇ ਲਾ ਰਹੀ ਹੈ।
                         ਟਰੇਨਿੰਗ ਕਰਨ ਵਾਲੇ ਇਨ•ਾਂ ਸਿਪਾਹੀਆਂ ਅਤੇ ਹੌਲਦਾਰਾਂ ਦੀ ਟਰੇਨਿੰਗ ਪੂਰੀ ਹੋਣ ਤੋਂ ਪਹਿਲਾਂ ਹੀ ਅਗਲੀ ਤਰੱਕੀ ਕਰ ਦਿੱਤੀ ਗਈ ਹੈ ਜਦੋਂ ਕਿ ਇਨ•ਾਂ ਦਾ ਸੀ-ਵਨ ਬਣੀ ਨਹੀਂ ਹੈ। ਸਰਕਾਰ ਨੇ ਕਾਹਲੀ ਨਾਲ ਐਲੋਕੇਸ਼ਨ ਕੀਤੀ ਹੈ ਸੂਤਰ ਦੱਸਦੇ ਹਨ ਕਿ ਨਿਯਮਾਂ ਅਨੁਸਾਰ ਜਦੋਂ ਵੀ ਕੋਈ ਸਿਪਾਹੀ ਜਾਂ ਹੌਲਦਾਰ ਆਦਿ ਆਪਣੀ ਟਰੇਨਿੰਗ ਮੁਕੰਮਲ ਕਰਦਾ ਹੈ ਤਾਂ ਉਸ ਦੀ ਸੀ-ਵਨ,ਡੀ-ਵਨ (ਸੀਨੀਆਰਤਾ ਲਿਸਟ) ਬਣਦੀ ਹੈ ਜਿਸ ਦੇ ਅਧਾਰ ਤੇ ਪੰਜਾਬ ਪੁਲੀਸ ਵਲੋਂ ਐਲੋਕੇਸ਼ਨ ਕੀਤੀ ਜਾਂਦੀ ਹੈ। ਇਸ ਐਲੋਕੇਸ਼ਨ ਮਗਰੋਂ ਵਿਭਾਗੀ ਤਰੱਕੀ ਕਮੇਟੀ ਵਲੋਂ ਇਨ•ਾਂ ਐਲੋਕੇਸ਼ਨ ਦੇ ਅਧਾਰ ਤੇ ਹੀ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ। ਹੁਣ ਇੰਜ ਹੋਇਆ ਹੈ ਕਿ ਟਰੇਨਿੰਗ ਮੁਕੰਮਲ ਹੋਣ ਤੋਂ ਪਹਿਲਾਂ ਹੀ ਐਲੋਕੇਸ਼ਨ ਕਰ ਦਿੱਤੀ ਗਈ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਸਰਕਾਰ ਨੂੰ ਕਾਹਲੀ ਹੈ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਫੀਤੀਆਂ ਅਤੇ ਸਟਾਰ ਮੁਲਾਜ਼ਮਾਂ ਦੇ ਲਾਉਣੇ ਹਨ।
                       ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਵਰ•ੇ ਪਹਿਲਾਂ ਲੋਕਲ ਰੈਂਕ ਦੇਣਾ ਬੰਦ ਵੀ ਕਰ ਦਿੱਤਾ ਸੀ ਪਰ ਹੁਣ ਚੋਣਾਂ ਤੋਂ ਪਹਿਲਾਂ ਲੋਕਲ ਰੈਂਕ ਦੇਣਾ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਹੁਣ ਅੱਠ ਹਜ਼ਾਰ ਸਿਪਾਹੀਆਂ ਦੇ ਹੌਲਦਾਰੀ ਦੀ ਫੀਤੀ ਲਾਈ ਹੈ, ਉਨ•ਾਂ ਸਿਪਾਹੀਆਂ ਵਲੋਂ ਲੋੜੀਦਾ ਬੀ-ਵਨ ਟੈਸਟ ਪਾਸ ਨਹੀਂ ਕੀਤਾ ਹੋਇਆ ਹੈ। ਸੂਤਰ ਆਖਦੇ ਹਨ ਕਿ ਪਿਛਲੇ ਸਮੇਂ ਤੋਂ ਪੁਲੀਸ ਘੁੱਟਣ ਮਹਿਸੂਸ ਕਰਦੀ ਆ ਰਹੀ ਹੈ ਅਤੇ ਹਾਕਮ ਧਿਰ ਪ੍ਰਤੀ ਰੋਹ ਵੀ ਪੁਲੀਸ ਅੰਦਰ ਵਧਿਆ ਹੈ। ਹਾਕਮ ਧਿਰ ਨੇ ਇਸ ਰੋਹ ਨੂੰ ਠੰਢਾ ਕਰਨ ਵਾਸਤੇ ਅੱਜ ਜਲੰਧਰ ਵਿਚ 'ਫੀਤੀ ਵੰਡ ਸਮਾਗਮ' ਕੀਤਾ ਹੈ। ਏ.ਡੀ.ਜੀ.ਪੀ (ਪ੍ਰਸ਼ਾਸਨ) ਦਿਨਕਰ ਗੁਪਤਾ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਪਰ ਉਨ•ਾਂ ਫੋਨ ਅਟੈਂਡ ਨਹੀਂ ਕੀਤਾ।

Tuesday, December 13, 2016

                                             ਚੋਣ ਦੰਗਲ
                   ਚਾਰ ਹਜ਼ਾਰ 'ਅਕਾਲੀ' ਕਲੱਬ ਬਣਾਏ !
                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਅਗਾਮੀ ਚੋਣਾਂ ਤੋਂ ਐਨ ਪਹਿਲਾਂ ਕਰੀਬ ਚਾਰ ਹਜ਼ਾਰ ਨੌਜਵਾਨ ਕਲੱਬ ਖੜ•ੇ ਕਰ ਦਿੱਤੇ ਹਨ ਜਿਨ•ਾਂ ਨੂੰ ਹੁਣ ਧੜਾਧੜ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। ਜੋ ਪੁਰਾਣੇ ਪੇਂਡੂ ਕਲੱਬ ਹਨ, ਉਨ•ਾਂ ਨੂੰ ਛੱਡ ਕੇ ਪਹਿਲਾਂ ਹਾਕਮ ਧਿਰ ਨੇ 'ਆਪਣੇ' ਨੌਜਵਾਨ ਕਲੱਬ ਬਣਾਏ ਹਨ, ਹੁਣ ਇਨ•ਾਂ ਕਲੱਬਾਂ ਨੂੰ ਕਿੱਟਾਂ ਦੀ ਵੰਡ ਜਾਰੀ ਹੈ। ਇਨ•ਾਂ ਯੁਵਕ ਕਲੱਬਾਂ ਨੂੰ ਦਸਮੇਸ਼ ਕਲੱਬ ਦਾ ਨਾਮ ਦਿੱਤਾ ਗਿਆ ਹੈ। ਵਰਿ•ਆਂ ਤੋਂ ਕੰਮ ਕਰਨ ਵਾਲੇ ਪੇਂਡੂ ਕਲੱਬ ਹੁਣ ਖੂੰਜੇ ਲਾ ਦਿੱਤੇ ਗਏ ਹਨ ਜਦੋਂ ਕਿ ਰਾਤੋਂ ਰਾਤ ਬਣੇ ਕਲੱਬਾਂ ਦੀ ਚੌਧਰ ਕਾਇਮ ਕਰ ਦਿੱਤੀ ਗਈ ਹੈ। ਫਿਰੋਜ਼ਪੁਰ ਤੇ ਫਾਜਿਲਕਾ ਜ਼ਿਲ•ੇ ਵਿਚ ਨਵੇਂ ਕਲੱਬ ਬਣਾਉਣ ਦੇ ਮਾਮਲੇ ਵਿਚ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ।ਵੇਰਵਿਆਂ ਅਨੁਸਾਰ ਫਿਰੋਜ਼ਪੁਰ ਵਿਚ ਹੁਣ ਥੋੜੇ ਸਮੇਂ ਵਿਚ ਹੀ 577 ਨਵੇਂ ਕਲੱਬ ਬਣਾ ਦਿੱਤੇ ਗਏ ਹਨ ਜਦੋਂ ਕਿ ਇਸ ਜ਼ਿਲ•ੇ ਵਿਚ 603 ਕਲੱਬ ਪਹਿਲਾਂ ਹੀ ਸਨ। ਜ਼ਿਲ•ੇ ਵਿਚ ਨੌਜਵਾਨ ਕਲੱਬਾਂ ਦੀ ਗਿਣਤੀ 1180 ਹੋ ਗਈ ਹੈ ਜੋ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਹੋਏ ਹਨ, ਉਹ ਕਲੱਬ ਵੱਖਰੇ ਹਨ। ਇਵੇਂ ਹੀ ਜ਼ਿਲ•ਾ ਫਾਜਿਲਕਾ ਦੇ ਪਿੰਡਾਂ ਵਿਚ 572 ਨਵੇਂ ਕਲੱਬ ਬਣਾ ਦਿੱਤੇ ਗਏ ਹਨ ਜਦੋਂ ਕਿ ਪਹਿਲਾਂ ਇਸ ਜ਼ਿਲ•ੇ ਵਿਚ 67 ਕਲੱਬ ਸਨ। ਸੂਤਰ ਦੱਸਦੇ ਹਨ ਕਿ ਇਹ ਨਵੇਂ ਕਲੱਬ ਅਕਾਲੀ ਪੱਖੀ ਹਨ। ਖੇਡ ਵਿਭਾਗ ਵਲੋਂ ਪੰਜਾਬ ਭਰ ਵਿਚ 75 ਕਰੋੜ ਰੁਪਏ ਦੀਆਂ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। ਇਨ•ਾਂ ਕਿੱਟਾਂ ਦੀ ਗੁਣਵਤਾ ਨੂੰ ਲੈ ਕੇ ਪਹਿਲਾਂ ਹੀ ਉਂਗਲ ਉੱਠੀ ਹੈ।
                         ਜ਼ਿਲ•ਾ ਸਪੋਰਟਸ ਅਫਸਰ ਫਾਜਿਲਕਾ ਸ੍ਰੀ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਲਾਭਪਾਤਰੀਆਂ ਦੀ ਚੋਣ ਲਈ ਬਕਾਇਦਾ ਕਮੇਟੀ ਬਣੀ ਹੋਈ ਹੈ। ਖੇਡ ਕਿੱਟਾਂ ਕੇਵਲ ਰਜਿਸਟਰਡ ਕਲੱਬਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਨਵੇਂ ਕਲੱਬ ਯੁਵਕ ਸੇਵਾਵਾਂ ਵਿਭਾਗ ਪੰਜਾਬ ਨਾਲ ਰਜਿਸਟਰਡ ਕੀਤਾ ਜਾ ਰਿਹਾ ਹੈ। ਯੁਵਕ ਸੇਵਾਵਾਂ ਵਿਭਾਗ ਦੇ ਪੰਜਾਬ ਵਿਚ ਪਹਿਲਾਂ 6991 ਯੁਵਕ ਭਲਾਈ ਕਲੱਬ ਸਨ। ਹੁਣ ਪੰਜਾਬ ਵਿਚ 3861 ਨਵੇਂ ਕਲੱਬ ਬਣਾ ਦਿੱਤੇ ਗਏ ਹਨ ਜਿਸ ਨਾਲ ਕਲੱਬਾਂ ਦੀ ਕੁੱਲ ਗਿਣਤੀ 10,852 ਹੋ ਗਈ ਹੈ। ਵੇਰਵੇ ਮਿਲੇ ਹਨ ਕਿ ਜ਼ਿਲ•ਾ ਫਾਜਿਲਕਾ ਤੇ ਫਿਰੋਜ਼ਪੁਰ ਤੋਂ ਇਲਾਵਾ ਹਲਕਾ ਲੰਬੀ ਦੇ ਇੱਕ ਇੱਕ ਪਿੰਡ ਕਈ ਕਈ ਕਲੱਬ ਬਣਾ ਦਿੱਤੇ ਗਏ ਹਨ। ਜ਼ਿਲ•ਾ ਮੁਕਤਸਰ ਵਿਚ 121 ਕਲੱਬ ਨਵੇਂ ਬਣਾਏ ਗਏ ਹਨ ਜਦਕਿ ਇਸ ਜ਼ਿਲ•ੇ ਵਿਚ 165 ਕਲੱਬ ਪੁਰਾਣੇ ਸਨ। ਜ਼ਿਲ•ਾ ਖੇਡ ਅਫਸਰ ਮੁਕਤਸਰ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਹਰ ਹਲਕੇ ਨੂੰ ਡੇਢ ਡੇਢ ਸੌ ਸਪੋਰਟਸ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਕੋਈ ਵੀ ਰਜਿਸਟਰਡ ਕਲੱਬ ਇਹ ਕਿੱਟ ਲੈ ਸਕਦਾ ਹੈ। ਸੂਤਰ ਆਖਦੇ ਹਨ ਕਿ ਹਲਕਾ ਇੰਚਾਰਜ ਅਤੇ ਵਿਧਾਇਕ ਦੀ ਸਿਫਾਰਸ਼ ਤੇ ਹੀ ਕਿੱਟ ਦਿੱਤੀ ਜਾਂਦੀ ਹੈ। ਹਲਕਾ ਮੁਕਤਸਰ ਤੇ ਗਿੱਦੜਬਹਾ ਵਿਚ ਵੀ ਨਵੇਂ ਕਲੱਬ ਬਣਾਏ ਗਏ ਹਨ। ਬਠਿੰਡਾ ਜ਼ਿਲ•ੇ ਵਿਚ 171 ਕਲੱਬ ਨਵੇਂ ਬਣੇ ਜਦੋਂ ਕਿ ਪਟਿਆਲਾ ਵਿਚ 303 ਕਲੱਬ ਨਵੇਂ ਬਣੇ ਹਨ।
                     ਇਵੇਂ ਹੀ ਬਰਨਾਲਾ ਵਿਚ 150 ਕਲੱਬ,ਸੰਗਰੂਰ ਵਿਚ 59,ਤਰਨਤਾਰਨ ਵਿਚ 492,ਗੁਰਦਾਸਪੁਰ ਵਿਚ 247 ਅਤੇ ਕਪੂਰਥਲਾ ਵਿਚ 161 ਨਵੇਂ ਕਲੱਬ ਬਣਾਏ ਗਏ ਹਨ। ਜ਼ਿਲ•ਾ ਮੋਗਾ ਤੇ ਪਠਾਨਕੋਟ ਵਿਚ ਕੋਈ ਨਵਾਂ ਕਲੱਬ ਨਹੀਂ ਬਣਿਆ ਹੈ। ਨੈਸ਼ਨਲ ਅਵਾਰਡੀ ਸਰਬਜੀਤ ਸਿੰਘ ਜੇਠੂਕੇ ਦਾ ਪ੍ਰਤੀਕਰਮ ਸੀ ਕਿ ਜੋ ਵਰਿ•ਆਂ ਤੋਂ ਅਸਲ ਵਿਚ ਪਿੰਡਾਂ ਵਿਚ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਕਲੱਬ ਹਨ, ਉਨ•ਾਂ ਦੀ ਥਾਂ ਸਿਆਸੀ ਕਲੱਬ ਬਣਾ ਕੇ ਉਨ•ਾਂ ਨੂੰ ਰਿਊੜੀਆਂ ਵੰਡੀਆਂ ਜਾ ਰਹੀਆਂ ਹਨ ਜਿਸ ਨਾਲ ਜਿਥੇ ਪੇਂਡੂ ਨੌਜਵਾਨਾਂ ਵਿਚ ਵੰਡੀਆਂ ਪੈਣਗੀਆਂ, ਉਥੇ ਪੁਰਾਣੇ ਕਲੱਬਾਂ ਦਾ ਹੌਸਲਾ ਵੀ ਡਿੱਗੇਗਾ। ਦੱਸਣਯੋਗ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਪਿੰਡਾਂ ਵਿਚ ਕਲੱਬ ਖੜ•ੇ ਕਰ ਦਿੱਤੇ ਜਾਂਦੇ ਹਨ। ਸੂਤਰ ਆਖਦੇ ਹਨ ਕਿ ਜਿਨ•ਾਂ ਪਿੰਡਾਂ ਵਿਚ ਨੌਜਵਾਨ ਕਲੱਬ ਹਾਕਮ ਧਿਰ ਤੋਂ ਬਾਹਰ ਹਨ, ਉਨ•ਾਂ ਪਿੰਡਾਂ ਵਿਚ ਨਵੇਂ ਕਲੱਬ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ। 'ਆਪ' ਦੇ ਉਭਾਰ ਮਗਰੋਂ ਨੌਜਵਾਨਾਂ ਵੱਲ ਹਾਕਮ ਧਿਰ ਨੇ ਜਿਆਦਾ ਧਿਆਨ ਕੇਂਦਰਿਤ ਕੀਤਾ ਹੈ। ਪੱਖ ਜਾਣਨ ਲਈ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਫੋਨ ਕੀਤਾ ਜਿਨ•ਾਂ ਫੋਨ ਅਟੈਂਡ ਨਹੀਂ ਕੀਤਾ।

Monday, December 12, 2016

                                   'ਕਾਲੀ' ਕਰਤੂਤ
                   ਸ਼ਰਮ ਵਿਚ ਡੁੱਬਾ ਵਿਰਕ ਕਲਾਂ
                                   ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਜ਼ਿਲ•ੇ ਦਾ ਪਿੰਡ ਵਿਰਕ ਕਲਾਂ ਹੁਣ ਸ਼ਰਮ ਵਿਚ ਡੁੱਬਿਆ ਹੋਇਆ ਹੈ। ਕੋਈ ਵੀ ਮੂੰਹ ਖੋਲ•ਣ ਨੂੰ ਤਿਆਰ ਨਹੀਂ ਹੈ। ਹਰ ਨਿਆਣੇ ਸਿਆਣੇ ਨੇ ਚੁੱਪ ਵੱਟੀ ਹੋਈ ਹੈ। ਅਕਾਲੀ ਸਰਪੰਚ ਦੇ ਪਰਿਵਾਰ ਦੀ ਦਹਿਸ਼ਤ ਦਾ ਡਰ ਵੀ ਹਰ ਚਿਹਰੇ ਤੇ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਅਕਾਲੀ ਸਰਪੰਚ ਜਗਦੇਵ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਉਰਫ ਲੱਖਾ ਨੇ ਪੁਲੀਸ ਦੇ ਹੌਲਦਾਰ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਮਗਰੋਂ ਹੌਲਦਾਰ ਨੂੰ ਨਿਰਵਸਤਰ ਕਰਕੇ ਪਿੰਡ ਵਿਚ ਟਰਾਲੀ ਤੇ ਬਿਠਾ ਕੇ ਘੁੰਮਾਇਆ। ਜ਼ਿਲ•ਾ ਪੁਲੀਸ ਨੇ ਤਾਂ ਆਪਣੀ ਤਰਫ਼ੋਂ ਕਾਰਵਾਈ ਕਰ ਦਿੱਤੀ ਹੈ ਪਰ ਪਿੰਡ ਇਸ 'ਕਾਲੇ ਕਾਰੇ' ਨੂੰ ਪਿੰਡ ਦੇ ਮੱਥੇ ਤੇ ਦਾਗ ਮੰਨ ਰਿਹਾ ਹੈ। ਪਿੰਡ ਵਾਲੇ ਦੱਸਦੇ ਹਨ ਕਿ ਲਖਵਿੰਦਰ ਸਿੰਘ ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਪਿੰਡ ਵਿਰਕ ਕਲਾਂ ਵਿਚ ਹੀ ਅੱਜ ਹਵਾਈ ਅੱਡਾ ਦਾ ਉਦਘਾਟਨ ਹੋਇਆ ਹੈ ਜਿਸ ਦਾ ਪੂਰੇ ਪਿੰਡ ਨੂੰ ਕਈ ਦਿਨਾਂ ਤੋਂ ਚਾਅ ਸੀ। ਉਦਘਾਟਨ ਤੋਂ ਪਹਿਲਾਂ ਹੀ ਪਿੰਡ ਵਿਚ ਇਹ ਭਾਣਾ ਵਰਤ ਗਿਆ ਜਿਸ ਨੇ ਪਿੰਡ ਦੀ ਖੁਸ਼ੀ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਪਿੰਡ ਵਿਰਕ ਕਲਾਂ ਵਿਚ ਕਰੀਬ 2050 ਵੋਟਾਂ ਹਨ ਅਤੇ ਇਸ ਪਿੰਡ ਨੇ ਕਦੇ ਵੀ ਏਦਾ ਦੇ ਦਿਨ ਨਹੀਂ ਵੇਖੇ ਸਨ। ਪਿੰਡ ਦੇ ਮੌਜੂਦਾ ਅਕਾਲੀ ਸਰਪੰਚ ਜਗਦੇਵ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਨਿੰਦਰ ਸਿੰਘ ਨੂੰ 178 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪੁਲੀਸ ਨੇ ਅਕਾਲੀ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਰਪੰਚ ਦੇ ਘਰ ਇਕੱਲੇ ਡੰਗਰ ਬਚੇ ਹਨ ਅਤੇ ਬਾਕੀ ਪਰਿਵਾਰ ਫਰਾਰ ਹੈ।
                        ਅਕਾਲੀ ਸਰਪੰਚ ਜਗਦੇਵ ਸਿੰਘ ਦੇ ਦੋ ਲੜਕੇ ਲਖਵਿੰਦਰ ਸਿੰਘ ਅਤੇ ਪਰਗਟ ਸਿੰਘ ਹਨ ਜੋ ਕਿ ਬਹੁਤ ਥੋੜਾ ਪੜੇ ਹੋਏ ਹਨ। ਕਰੀਬ 25 ਏਕੜ ਪੈਲੀ ਦੇ ਮਾਲਕ ਜਗਦੇਵ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਨੇ ਕੁਝ ਅਰਸਾ ਪਹਿਲਾਂ ਪਿੰਡ ਦੇ ਗੁਰਲਾਭ ਸਿੰਘ ਦੇ ਸੱਟਾਂ ਮਾਰੀਆਂ ਸਨ ਜਿਸ ਸਬੰਧ ਵਿਚ ਲਖਵਿੰਦਰ ਸਿੰਘ ਤੇ ਧਾਰਾ 307 ਤਹਿਤ ਕੇਸ ਦਰਜ ਹੋਇਆ ਸੀ। ਅਕਾਲੀ ਸਰਪੰਚ ਜਗਦੇਵ ਸਿੰਘ ਖੁਦ ਪਿਛਲੇ ਦਿਨਾਂ ਵਿਚ ਹਸਪਤਾਲ ਦਾਖਲ ਰਿਹਾ ਹੈ ਅਤੇ ਉਸ ਨੂੰ ਲੀਵਰ ਤੇ ਗੁਰਦਿਆਂ ਦੀ ਸਰੀਰਕ ਤਕਲੀਫ਼ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲਖਵਿੰਦਰ ਲੱਖਾ ਇੱਕ ਦੋ ਦਫ਼ਾ ਪਿੰਡ ਵਿਚ ਕੁੱਟਿਆ ਵੀ ਗਿਆ ਹੈ। ਲੱਖਾ ਦੀ ਪਿੰਡ ਵਿਚ ਏਨੀ ਦਹਿਸ਼ਤ ਹੈ ਕਿ ਕੋਈ ਵੀ ਇਸ ਘਟਨਾ ਤੇ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈ। ਕਈ ਮੋਹਤਬਾਰ ਲੋਕਾਂ ਨੇ ਬੀਤੇ ਕੱਲ ਤੋਂ ਹੀ ਫੋਨ ਬੰਦ ਕੀਤੇ ਹੋਏ ਹਨ। ਅੱਜ ਇਸ ਪੱਤਰਕਾਰ ਨੇ ਪਿੰਡ ਦੇ ਕਈ ਮੋਹਤਬਾਰਾਂ ਨਾਲ ਗੱਲ ਕੀਤੀ ਪਰ ਹਰ ਕਿਸੇ ਨੇ ਆਪਣਾ ਨਾਮ ਜੱਗ ਜ਼ਾਹਰ ਕਰਨ ਤੋਂ ਗੁਰੇਜ਼ ਕੀਤੀ। ਵਿਰਕ ਕਲਾਂ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਅਕਾਲੀ ਨੇਤਾ ਸਰਪੰਚ ਦੇ ਘਰ ਆਉਂਦੇ ਜਾਂਦੇ ਰਹੇ ਹਨ ਪਰ ਸਰਪੰਚ ਦੇ ਮੁੰਡੇ ਕਰਕੇ ਆਮ ਪਿੰਡ ਦੇ ਲੋਕ ਇਨ•ਾਂ ਨਾਲ ਪੰਗਾ ਲੈਣ ਤੋਂ ਡਰਦੇ ਹਨ। ਪਿੰਡ ਦੇ ਇੱਕ ਹੋਰ ਵਿਅਕਤੀ ਨੇ ਆਖਿਆ ਕਿ ' ਜਦੋਂ ਪੁਲੀਸ ਹੌਲਦਾਰ ਨੂੰ ਹੀ ਨਿਰਵਸਤਰ ਕਰ ਦਿੱਤਾ, ਤਾਂ ਆਮ ਆਦਮੀ ਦਾ ਕੀ ਵੱਟੀਦਾ ਹੈ।'
                      ਬਹੁਤੇ ਲੋਕਾਂ ਦੀ ਗੱਲਬਾਤ ਤੋਂ ਲੱਗਾ ਕਿ ਅੰਦਰੋਂ ਅੰਦਰੀ ਲੋਕ ਇਸ ਘਟਨਾ ਤੋਂ ਸ਼ਰਮਸਾਰ ਹਨ ਪਰ ਉਹ ਦਹਿਸ਼ਤ ਹੋਣ ਕਰਕੇ ਖੁੱਲ• ਕੇ ਬੋਲਣ ਨੂੰ ਤਿਆਰ ਨਹੀਂ ਹਨ।ਪਿੰਡ ਦੇ ਲੋਕਾਂ ਨੇ ਅੱਜ ਸਰਪੰਚ ਅਤੇ ਉਸ ਦੇ ਸੀਰੀ ਦੇ ਘਰ ਭੁੱਖੇ ਖੜ•ੇ ਪਸ਼ੂਆਂ ਨੂੰ ਹਰਾ ਚਾਰਾ ਪੁਆਇਆ। ਅੱਜ ਸਵੇਰ ਤੋਂ ਹੀ ਦੋ ਪਰਿਵਾਰ ਗਾਇਬ ਹੋ ਗਏ ਹਨ। ਪਿੰਡ ਵਿਰਕ ਕਲਾਂ ਦੇ ਪੰਚਾਇਤ ਮੈਂਬਰ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿਚ ਹਵਾਈ ਅੱਡਾ ਅੱਜ ਚਾਲੂ ਹੋ ਗਿਆ ਹੈ ਜਿਸ ਨਾਲ ਪਿੰਡ ਹੁਣ ਦੇਸ਼ ਦੇ ਨਕਸ਼ੇ ਤੇ ਚਮਕ ਪਵੇਗਾ। ਉਨ•ਾਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਿੰਡ ਦੇ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ 'ਸਾਡੇ ਹਵਾਈ ਅੱਡੇ ਵਾਲੇ ਚਾਅ ਤਾਂ ਹੌਲਦਾਰ ਵਾਲੀ ਘਟਨਾ ਨੇ ਹੀ ਮਾਰ ਦਿੱਤੇ।' ਵੇਖਿਆ ਗਿਆ ਕਿ ਪਿੰਡ ਵਿਚ ਸਹਿਮ ਹੈ ਅਤੇ ਹਵਾਈ ਅੱਡੇ ਕਰਕੇ ਪਿੰਡ ਦੀ ਜੂਹ ਵਿਚ ਵੱਡੇ ਨੇਤਾ ਵੀ ਪੁੱਜੇ ਹੋਏ ਸਨ ਅਤੇ ਪੁਲੀਸ ਅਫਸਰ ਵੀ। ਹੁਣ ਪਿੰਡ ਵਾਲੇ ਪੁਲੀਸ ਦੀ ਪ੍ਰਤੀਕ੍ਰਿਆ ਵੱਖ ਦੇਖ ਰਹੇ ਹਨ।
                                                  ਪੁਲੀਸ ਨੇ ਗੁੱਸੇ ਵਿਚ ਗੱਡੀ ਭੰਨੀ
ਬਠਿੰਡਾ ਪੁਲੀਸ ਨੇ ਅੱਜ ਪਿੰਡ ਵਿਰਕ ਕਲਾਂ ਦੇ ਅਕਾਲੀ ਸਰਪੰਚ ਜਗਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸ ਦਾ ਲੜਕਾ ਅਤੇ ਸੀਰੀ ਫਰਾਰ ਹਨ। ਥਾਣਾ ਸਦਰ ਬਠਿੰਡਾ ਦੀ ਪੁਲੀਸ ਨੇ ਐਫ.ਆਈ.ਨੰਬਰ 99 ਤਹਿਤ ਅਕਾਲੀ ਸਰਪੰਚ ਜਗਦੇਵ ਸਿੰਘ, ਉਸਦੇ ਲੜਕੇ ਲਖਵਿੰਦਰ ਸਿੰਘ ਅਤੇ ਸੀਰੀ ਬੋਘੜ ਸਿੰਘ ਤੇ ਧਾਰਾ 365, 353, 186, 332,382 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਅਕਾਲੀ ਸਰਪੰਚ ਦੇ ਲੜਕੇ ਲਖਵਿੰਦਰ ਸਿੰਘ ਅਤੇ ਉਸ ਦੇ ਸੀਰੀ ਬੋਘੜ ਸਿੰਘ ਨੇ ਗਸ਼ਤ ਕਰ ਰਹੇ ਹੌਲਦਾਰ ਮਲਕੀਤ ਸਿੰਘ ਅਤੇ ਹੋਮਗਾਰਡ ਜਵਾਨ ਰਜਿੰਦਰ ਸਿੰਘ ਨੂੰ ਮਾਮੂਲੀ ਤਕਰਾਰ ਮਗਰੋਂ ਘੇਰ ਲਿਆ ਸੀ। ਹੌਲਦਾਰ ਦੀ ਕੁੱਟਮਾਰ ਕਰਨ ਮਗਰੋਂ ਟਰਾਲੀ ਵਿਚ ਬਿਠਾ ਕੇ ਪਿੰਡ ਵਿਚ ਘੁੰਮਾਇਆ ਸੀ। ਹੋਮਗਾਰਡ ਜਵਾਨ ਭੱਜਣ ਵਿਚ ਸਫਲ ਹੋ ਗਿਆ ਸੀ। ਹੌਲਦਾਰ ਮਲਕੀਤ ਸਿੰਘ ਬੀਤੇ ਕੱਲ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਾਇਆ ਗਿਆ ਸੀ। ਅੱਜ ਸਵੇਰ ਤੋਂ ਹੀ ਮਲਕੀਤ ਸਿੰਘ ਹਸਪਤਾਲ ਤੋਂ ਗਾਇਬ ਹੈ। ਹੌਲਦਾਰ ਮਲਕੀਤ ਸਿੰਘ ਨੇ ਗੁਪਤ ਸਰੋਤ ਰਾਹੀਂ ਇਸ ਪੱਤਰਕਾਰ ਨਾਲ ਗੱਲਬਾਤ ਕੀਤੀ।
                   ਪੁਲੀਸ ਚੌਂਕੀ ਤਾਇਨਾਤ ਪੀੜਤ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਲਖਵਿੰਦਰ ਲੱਖਾ ਨੂੰ ਕੁੱਟਮਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਉਹ ਖੁੰਧਕ ਰੱਖ ਰਿਹਾ ਸੀ। ਉਹ ਹਵਾਈ ਅੱਡੇ ਦੇ ਉਦਘਾਟਨ ਦੀ ਵੀ.ਆਈ.ਪੀ ਡਿਊਟੀ ਦੌਰਾਨ ਜਦੋਂ ਪਿੰਡ ਵਿਚ ਗਸ਼ਤ ਕਰ ਰਿਹਾ ਸੀ ਤਾਂ ਲੱਖੇ ਤੇ ਉਸ ਦੇ ਸੀਰੀ ਨੇ ਉਸ ਦੀ ਪਹਿਲਾਂ ਵਰਦੀ ਪਾੜ ਦਿੱਤੀ ਅਤੇ ਫਿਰ ਬੁਨੈਣ ਵਗੈਰਾ ਵੀ ਪਾੜ ਦਿੱਤੀ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਟਰਾਲੀ ਵਿਚ ਬਿਠਾ ਕੇ ਪਿੰਡ ਵਿਚੋਂ ਦੀ ਲੱਖਾ ਘਰ ਲੈ ਗਿਆ ਜਿਥੇ ਉਹ ਬੇਹੋਸ਼ ਹੋ ਗਿਆ। ਅਕਾਲੀ ਸਰਪੰਚ ਨੇ ਵੀ ਉਸ ਦੀ ਕੁੱਟਮਾਰ ਕੀਤੀ। ਲੱਖਾ ਤੇ ਸੀਰੀ ਮੌਕੇ ਤੇ ਹੀ ਭੱਜ ਗਏ ਸਨ ਅਤੇ ਉਹ ਖੁਦ ਅੱਖ ਬਚਾ ਕੇ ਭੱਜ ਆਇਆ ਅਤੇ ਅੱਗਿਓ ਉਸ ਨੂੰ ਐਸ.ਐਚ.ਓ ਹਰਨੇਕ ਸਿੰਘ ਮਿਲ ਗਿਆ।
                   ਸੂਤਰਾਂ ਅਨੁਸਾਰ ਜਦੋਂ ਪੁਲੀਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਪੁਲੀਸ ਮੁਲਾਜ਼ਮਾਂ ਨੇ ਗੁੱਸੇ ਵਿਚ ਅਕਾਲੀ ਸਰਪੰਚ ਦੇ ਘਰ ਖੜ•ੀ ਨਵੀਂ ਵਰਨਾ ਗੱਡੀ ਵੀ ਭੰਨ ਦਿੱਤੀ। ਨਵੀ ਕਾਰ ਨੰਬਰ ਪੀ.ਬੀ 30 ਆਰ 5118 ਦੇ ਫਰੰਟ ਵਾਲੇ ਸ਼ੀਸ਼ੇ ਤੇ ਸੁਖਬੀਰ ਬਾਦਲ ਦੀ ਫੋਟੋ ਵਾਲਾ 'ਪਰਾਊਡ ਟੂ ਬੀ ਅਕਾਲੀ' ਵਾਲਾ ਸਟਿੱਕਰ ਵੀ ਲੱਗਾ ਹੋਇਆ ਸੀ। ਪੁਲੀਸ ਨੇ ਸਟਿੱਕਰ ਵਾਲਾ ਸ਼ੀਸ਼ਾ ਭੰਨ ਦਿੱਤਾ ਅਤੇ ਚਾਰੇ ਪਾਸੇ ਗੱਡੀ ਤੇ ਡੈਂਟ ਪਾ ਦਿੱਤੇ। ਪਤਾ ਲੱਗਾ ਹੈ ਕਿ ਲਖਵਿੰਦਰ ਲੱਖਾ ਤੇ ਕਰੀਬ 10 ਪੁਲੀਸ ਕੇਸ ਦਰਜ ਹਨ ਜੋ ਕਿ ਇਰਾਦਾ ਕਤਲ,ਅਗਵਾ ਅਤੇ ਕੁੱਟਮਾਰ ਆਦਿ ਕਰਨ ਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਸਰਪੰਚ ਜਗਦੇਵ ਸਿੰਘ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ ਅਤੇ ਦੋ ਮੁਲਜ਼ਮ ਫਰਾਰ ਹਨ।
                    ਸਰਪੰਚ ਜਗਦੇਵ ਸਿੰਘ ਦੇ ਦੋ ਲੜਕੇ ਲਖਵਿੰਦਰ ਸਿੰਘ ਤੇ ਪ੍ਰਗਟ ਸਿੰਘ ਹਨ। 25 ਏਕੜ ਦਾ ਮਾਲਕ ਜਗਦੇਵ ਸਿੰਘ ਕੁਝ ਸਮਾਂ ਪਹਿਲਾਂ ਹੀ ਸਰੀਰਕ ਤਕਲੀਫ ਕਾਰਨ ਹਸਪਤਾਲ ਚੋਂ ਡਿਸਚਾਰਜ ਹੋਇਆ ਹੈ। ਕਈ ਅਕਾਲੀ ਨੇਤਾਵਾਂ ਦੇ ਜਗਦੇਵ ਸਿੰਘ ਦੇ ਘਰ ਆਉਣ ਜਾਣ ਰਿਹਾ ਹੈ ਅਤੇ ਜਗਦੇਵ ਸਿੰਘ ਨੇ ਆਪਣੇ ਵਿਰੋਧੀ ਨਿੰਦਰ ਸਿੰਘ ਨੂੰ 178 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਐਸ.ਐਸ.ਪੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਸਰਪੰਚ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਂ ਕਿ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਸ਼ਾਮ ਤੱਕ ਗ੍ਰਿਫਤਾਰੀ ਸੰਭਵ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕਰੀਬ 15 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਇੱਕ ਮੰਤਰੀ ਵਲੋਂ ਪੁਲੀਸ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਵਿਰਕ ਕਲਾਂ ਦੀ ਘਟਨਾ ਨੇ ਪੁਲੀਸ ਵਿਚ ਹਾਕਮ ਧਿਰ ਖ਼ਿਲਾਫ਼ ਰੋਹ ਨੂੰ ਹੋਰ ਤਿੱਖਾ ਕਰ ਦਿੱਤਾ ਹੈ। 
                            ਭਲੇ ਸਰਪੰਚ ਹਾਰੇ   
         ਪਿੰਡਾਂ ਵਿਚ ਬੁਲਾਏ ਜਾਣਗੇ 'ਬੱਕਰੇ'
                              ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਐਤਕੀਂ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਤੋਂ ਤੌਬਾ ਕਰ ਲਈ ਹੈ ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਸੱਟ ਵੱਜੀ ਹੈ। ਪੰਜਾਬ ਭਰ ਚੋਂ ਸਿਰਫ਼ 60 ਪੰਚਾਇਤਾਂ ਨੇ ਐਤਕੀਂ ਮਾਲੀ ਵਰ•ਾ 2017-18 ਲਈ ਆਪੋ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ•ਣ ਸਬੰਧੀ ਮਤੇ ਪਾਸ ਕੀਤੇ ਹਨ। ਗੱਲ ਉਭਰੀ ਹੈ ਕਿ ਸਰਕਾਰ ਵਲੋਂ ਪਿੰਡਾਂ ਵਿਚ ਗ਼ੈਰਕਨੂੰਨੀ ਠੇਕਿਆਂ ਨੂੰ ਦਿੱਤੀ 'ਖੁੱਲ•ੀ ਛੁੱਟੀ' ਨੇ ਪੰਚਾਇਤਾਂ ਦੇ ਹੌਸਲੇ ਤੌੜ ਦਿੱਤੇ ਹਨ। ਕਾਫ਼ੀ ਅਰਸੇ ਮਗਰੋਂ ਏਦਾ ਹੋਇਆ ਹੈ ਕਿ ਠੇਕਿਆਂ ਖ਼ਿਲਾਫ਼ ਕੁੱਦਣ ਵਾਲੀਆਂ ਪੰਚਾਇਤਾਂ ਦੀ ਗਿਣਤੀ ਘਟੀ ਹੈ। ਮਤੇ ਪਾਉਣ ਵਿਚ ਮੋਹਰੀ ਰਹਿਣ ਵਾਲੇ ਜ਼ਿਲ•ਾ ਸੰਗਰੂਰ ਵਿਚ ਵੀ ਪੰਚਾਇਤਾਂ ਗ਼ੈਰਕਨੂੰਨੀ ਸ਼ਰਾਬ ਦੀ ਵਿਕਰੀ ਤੋਂ ਦੁੱਖੀ ਹਨ। ਕਰ ਅਤੇ ਆਬਕਾਰੀ ਵਿਭਾਗ ਪੰਜਾਬ ਕੋਲ ਹੁਣ ਤੱਕ ਪੰਜਾਬ ਭਰ ਚੋਂ ਕਰੀਬ 60 ਪੰਚਾਇਤੀ ਮਤੇ ਪੁੱਜੇ ਹਨ ਜਿਨ•ਾਂ ਨੇ ਠੇਕੇ ਬੰਦ ਕਰਾਉਣ ਦਾ ਬੀੜਾ ਚੁੱਕਿਆ ਹੈ। ਜ਼ਿਲ•ਾ ਬਠਿੰਡਾ ਵਿਚ ਐਤਕੀਂ ਸਿਰਫ਼ ਪਿੰਡ ਬਦਿਆਲਾ ਦੀ ਪੰਚਾਇਤ ਠੇਕਾ ਬੰਦ ਕਰਾਉਣ ਲਈ ਮੈਦਾਨ ਵਿਚ ਕੁੱਦੀ ਹੈ ਜਦੋਂ ਕਿ ਪਿਛਲੇ ਸਾਲ ਦਰਜਨ ਦੇ ਕਰੀਬ ਪੰਚਾਇਤਾਂ ਨੇ ਮਤੇ ਪਾਸ ਕੀਤੇ ਸਨ। ਕਰ ਅਤੇ ਆਬਕਾਰੀ ਅਫਸਰ ਵਿਕਰਮ ਠਾਕੁਰ ਦਾ ਪ੍ਰਤੀਕਰਮ ਸੀ ਕਿ ਸਿਰਫ਼ ਇੱਕ ਪੰਚਾਇਤ ਦਾ ਮਤਾ ਆਇਆ ਹੈ ਅਤੇ ਪੰਚਾਇਤਾਂ ਦੀ ਰੁਚੀ ਘਟਣ ਦੇ ਕਾਰਨ ਵਾਰੇ ਕੁੱਝ ਪਤਾ ਨਹੀਂ ਹੈ।
                      ਸੰਗਰੂਰ ਦੇ ਪਿੰਡ ਬੜੀ,ਭੈਣੀ ਕਲਾਂ,ਦੀਦਾਰਗੜ,ਟਿੱਬਾ ਅਤੇ ਹਰੀਗੜ• ਆਦਿ ਪਿੰਡਾਂ ਨੇ ਠੇਕਿਆਂ ਖਿਲਾਫ ਐਤਕੀਂ ਮਤੇ ਪਾਸ ਕੀਤੇ ਹਨ। ਪਿਛਲੇ ਵਰੇ• ਸੰਗਰੂਰ ਜ਼ਿਲ•ੇ ਵਿਚ 59 ਪੰਚਾਇਤਾਂ ਨੇ ਮਤੇ ਪਾਸ ਕੀਤੇ ਸਨ ਜਦੋਂ ਕਿ ਐਤਕੀਂ ਗਿਣਤੀ 20 ਦੇ ਕਰੀਬ ਦੱਸੀ ਜਾ ਰਹੀ ਹੈ। ਤੱਥਾਂ ਅਨੁਸਾਰ ਸਾਲ 2015 ਵਿਚ ਪੰਜਾਬ ਭਰ ਚੋਂ 232 ਪੰਚਾਇਤਾਂ ਨੇ ਠੇਕਿਆਂ ਖ਼ਿਲਾਫ਼ ਮਤੇ ਪਾਸ ਕੀਤੇ ਸਨ ਜਿਨ•ਾਂ ਚੋਂ 163 ਪੰਚਾਇਤਾਂ ਦੇ ਮਤੇ ਪ੍ਰਵਾਨ ਕਰਕੇ ਠੇਕੇ ਬੰਦ ਕਰ ਦਿੱਤੇ ਗਏ ਸਨ। ਇਵੇਂ ਹੀ ਪੰਜਾਬ ਵਿਚ ਸਾਲ 2014 ਦੌਰਾਨ 135 ਪਿੰਡਾਂ ਨੇ ਠੇਕੇ ਬੰਦ ਕਰਾਉਣ ਵਾਸਤੇ ਪੰਚਾਇਤਾਂ ਮੈਦਾਨ ਵਿਚ ਉਤਰੀਆ ਸਨ ਜਿਨ•ਾਂ ਚੋਂ 89 ਪਿੰਡਾਂ ਦੇ ਠੇਕੇ ਬੰਦ ਕੀਤੇ ਗਏ ਸਨ। ਸਾਲ 2013 ਵਿਚ 128 ਪੰਚਾਇਤਾਂ ਨੇ ਮਤਾ ਪਾਸ ਕੀਤੇ ਸਨ ਪਰ ਠੇਕੇ ਬੰਦ ਸਿਰਫ਼ 22 ਪਿੰਡਾਂ ਵਿਚ ਕੀਤੇ ਗਏ ਸਨ। ਉਸ ਤੋਂ ਪਹਿਲਾਂ ਸਾਲ 2012 ਵਿਚ ਪੰਜਾਬ ਦੇ 127 ਪਿੰਡਾਂ ਨੇ ਮਤੇ ਪਾਸ ਕੀਤੇ ਸਨ ਪਰ 32 ਪੰਚਾਇਤਾਂ ਦੇ ਮਤੇ ਪ੍ਰਵਾਨ ਕੀਤੇ ਗਏ ਸਨ।  ਸਾਲ 2011 ਵਿਚ 89 ਪਿੰਡਾਂ ਨੇ ਮਤੇ ਪਾਸ ਕੀਤੇ ਪਰ ਠੇਕੇ ਬੰਦ ਸਿਰਫ਼ 32 ਪਿੰਡਾਂ ਵਿਚ ਹੋਏ ਸਨ। ਰੁਝਾਨ ਦੇਖੀਏ ਤਾਂ ਪਿਛਲੇ ਵਰਿ•ਆਂ ਤੋਂ ਮਤਿਆਂ ਦੀ ਗਿਣਤੀ ਵੱਧਦੀ ਰਹੀ ਹੈ ਜਦਕਿ ਐਤਕੀਂ ਉਲਟਾ ਰੁਝਾਨ ਸ਼ੁਰੂ ਹੋ ਗਿਆ ਹੈ।
                     ਸਾਇੰਨਟੈਫਿਕ ਅਵੇਰਸਨੈਸ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ (ਸੰਗਰੂਰ) ਦਾ ਪ੍ਰਤੀਕਰਮ ਸੀ ਕਿ ਉਹ ਕਈ ਵਰਿ•ਆਂ ਤੋਂ ਸ਼ਰਾਬਬੰਦੀ ਲਈ ਪ੍ਰੇਰ ਕੇ ਪੰਚਾਇਤਾਂ ਤੋਂ ਮਤੇ ਪਵਾ ਰਹੇ ਹਨ ਪਰ ਇਸ ਵਾਰ ਪੰਚਾਇਤਾਂ ਨੇ ਇਹੋ ਫੀਡ ਬੈਕ ਦਿੱਤੀ ਹੈ ਕਿ ਸਰਕਾਰ ਨੇ ਤਾਂ ਘਰਾਂ ਵਿਚ ਵੀ ਗ਼ੈਰਕਨੂੰਨੀ ਬਰਾਂਚਾਂ ਖੋਲ ਦਿੱਤੀਆਂ ਹਨ ਅਤੇ ਤਸਕਰਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਡਾ.ਮਾਨ ਦਾ ਕਹਿਣਾ ਸੀ ਕਿ ਸਿਆਸੀ ਧਿਰਾਂ ਚੋਣ ਮੈਨੀਫੈਸਟੋ ਵਿਚ ਸ਼ਰਾਬਬੰਦੀ ਦਾ ਅਹਿਦ ਲੈਣ। ਇਵੇਂ ਹੀ ਕੁਝ ਸਰਪੰਚਾਂ ਦਾ ਪ੍ਰਤੀਕਰਮ ਸੀ ਕਿ 'ਮਤੇ ਪਾ ਕੇ ਕੀ ਕਰਾਂਗੇ, ਸਰਕਾਰ ਤਾਂ ਘਰ ਘਰ ਸ਼ਰਾਬ ਰਖਾਈ ਬੈਠੀ ਹੈ।' ਦੱਸਣਯੋਗ ਹੈ ਕਿ ਗ਼ੈਰਕਨੂੰਨੀ ਸ਼ਰਾਬ ਕਾਰਨ ਪੰਜਾਬ ਵਿਚ ਕਿੰਨੇ ਹਾਦਸੇ ਵਾਪਰ ਚੁੱਕੇ ਹਨ ਅਤੇ ਨੌਬਤ ਕਤਲੋਗਾਰਦ ਤੱਕ ਪੁੱਜੀ ਹੈ।
                      ਪੰਜਾਬ ਦੇ ਕਰੀਬ 200 ਤੋਂ ਜਿਆਦਾ ਪਿੰਡਾਂ ਵਿਚ ਐਤਕੀ ਹਾਲੇ ਤੱਕ ਸ਼ਰਾਬ ਦੇ ਠੇਕਿਆਂ ਦੀ ਬੋਲੀ ਨਹੀਂ ਹੋਈ ਹੈ ਜਿਥੇ ਸ਼ਰੇਆਮ ਠੇਕੇ ਖੁੱਲੇ• ਹੋਏ ਹਨ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਤਹਿਤ ਕੋਈ ਵੀ ਪੰਚਾਇਤ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ•ੇ ਜਾਣ ਦਾ ਫੈਸਲਾ ਲੈ ਸਕਦੀ ਹੈ। ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਣਾ ਲਾਜ਼ਮੀ ਹੈ ਅਤੇ ਪਿੰਡ ਵਿਚ ਪਿਛਲੇ ਦੋ ਸਾਲਾਂ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ ਹੈ। ਹਰ ਪੰਚਾਇਤ ਨੇ 30 ਸਤੰਬਰ ਤੱਕ ਇਹ ਮਤਾ ਸਰਕਾਰ ਨੂੰ ਭੇਜਣਾ ਹੁੰਦਾ ਹੈ।

Sunday, December 4, 2016

                                  ਮੰਗੋ ਹਿਸਾਬ
                  ਵਜ਼ੀਰਾਂ ਕੋਲ ਕਰੋੜਾਂ ਦਾ ਸੋਨਾ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵਜ਼ੀਰਾਂ ਕੋਲ 4.19 ਕਰੋੜ ਦਾ ਸੋਨਾ ਹੈ ਜਦੋਂ ਕਿ ਮਹਿਲਾ ਵਿਧਾਇਕਾਂ ਕੋਲ 2.80 ਕਰੋੜ ਦੇ ਗਹਿਣੇ ਹਨ। ਉਧਰ ਕੇਂਦਰੀ ਮਹਿਲਾ ਵਜ਼ੀਰਾਂ ਕੋਲ 8.11 ਕਰੋੜ ਦਾ ਸੋਨਾ ਹੈ ਜਿਨ•ਾਂ ਚੋਂ 6.02 ਕਰੋੜ ਦੇ ਗਹਿਣੇ ਇਕੱਲੇ ਹਰਸਿਮਰਤ ਕੌਰ ਬਾਦਲ ਕੋਲ ਹਨ। ਕੇਂਦਰ ਸਰਕਾਰ ਦੇ ਨਵੇਂ ਫੈਸਲੇ ਮਗਰੋਂ ਇਨ•ਾਂ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਇਸ ਜਵੈਲਰੀ ਦਾ ਹਿਸਾਬ ਕਿਤਾਬ ਦੇਣਾ ਪਵੇਗਾ। ਹਾਲਾਂਕਿ ਇਨ•ਾਂ ਵਜ਼ੀਰਾਂ ਤੇ ਵਿਧਾਇਕਾਂ ਨੇ ਚੋਣ ਲੜਨ ਸਮੇਂ ਹੀ ਸੋਨੇ ਦੇ ਵੇਰਵੇ ਨਸ਼ਰ ਕੀਤੇ ਹਨ ਪਰ ਹੁਣ ਇਨ•ਾਂ ਦੇ ਸਬੂਤ ਵਗੈਰਾ ਜੁਟਾਉਣੇ ਪੈ ਸਕਦੇ ਹਨ। ਸਰਕਾਰੀ ਤੱਥਾਂ ਤੇ ਯਕੀਨ ਕਰੀਏ ਤਾਂ ਪੰਜਾਬ ਦੇ ਵਜ਼ੀਰ ਤੋਤਾ ਸਿੰਘ ਅਤੇ ਅਜੀਤ ਸਿੰਘ ਕੋਹਾੜ ਕੋਲ ਸੋਨੇ ਦਾ ਕੋਈ ਗਹਿਣਾ ਨਹੀਂ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਵਜ਼ੀਰਾਂ ਚੋਂ ਸਭ ਤੋਂ ਵੱਧ ਸੋਨਾ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਕੋਲ ਹੈ ਜਿਸ ਦੀ ਕੀਮਤ ਕਰੀਬ 1.02 ਕਰੋੜ ਰੁਪਏ ਬਣਦੀ ਹੈ। ਉਨ•ਾਂ ਕੋਲ ਖੁਦ 22.70 ਲੱਖ ਅਤੇ ਬਾਕੀ ਸੋਨਾ ਪਤਨੀ ਕੋਲ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕੋਲ ਸਿਰਫ਼ 3.42 ਲੱਖ ਰੁਪਏ ਦਾ ਸੋਨਾ ਹੈ ਜਦੋਂ ਕਿ ਉਪ ਮੁੱਖ ਮੰਤਰੀ ਕੋਲ 6.02 ਕਰੋੜ ਦਾ ਸੋਨਾ ਹੈ ਜਿਸ ਚੋਂ ਉਨ•ਾਂ ਕੋਲ ਖੁਦ 7.25 ਲੱਖ ਦਾ ਸੋਨਾ ਹੈ ਅਤੇ ਬਾਕੀ ਗਹਿਣੇ ਉਨ•ਾਂ ਦੀ ਪਤਨੀ ਦੇ ਹਨ।
                     ਵਜ਼ੀਰ ਬਿਕਰਮ ਸਿੰਘ ਮਜੀਠੀਆ ਕੋਲ 50.70 ਲੱਖ ਦਾ ਅਤੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਕੋਲ 18 ਲੱਖ ਦਾ ਸੋਨਾ ਹੈ। ਇਵੇਂ ਹੀ ਸੁਰਜੀਤ ਕੁਮਾਰ ਜਿਆਣੀ ਕੋਲ 51 ਲੱਖ ਦਾ ਸੋਨਾ ਹੈ ਜਿਸ ਚੋਂ ਡੇਢ ਕਿਲੋ ਸੋਨਾ ਉਨ•ਾਂ ਦੀ ਪਤਨੀ ਦਾ ਹੈ। ਤੱਥਾਂ ਅਨੁਸਾਰ ਵਜ਼ੀਰ ਚੁੰਨੀ ਲਾਲ ਭਗਤ ਕੋਲ 50 ਹਜ਼ਾਰ ,ਸਿਕੰਦਰ ਸਿੰਘ ਮਲੂਕਾ ਕੋਲ 28.75 ਲੱਖ, ਸੁਰਜੀਤ ਰੱਖੜਾ ਕੋਲ 45.50 ਲੱਖ, ਪਰਮਿੰਦਰ ਢੀਂਡਸਾ ਕੋਲ 46.96 ਲੱਖ, ਡਾ. ਦਲਜੀਤ ਚੀਮਾ ਕੋਲ 23.50 ਲੱਖ ਅਤੇ ਅਨਿਲ ਜੋਸ਼ੀ ਕੋਲ 15 ਲੱਖ ਦਾ ਸੋਨਾ ਹੈ। ਪੰਜਾਬ ਵਿਚ ਕਰੀਬ 13 ਮਹਿਲਾ ਵਿਧਾਇਕ ਹਨ ਜਿਨ•ਾਂ ਚੋਂ ਸਭ ਤੋਂ ਜਿਆਦਾ ਸੋਨਾ ਡਾ.ਨਵਜੋਤ ਕੌਰ ਸਿੱਧੂ ਕੋਲ 53 ਲੱਖ ਦਾ ਹੈ। ਦੂਸਰਾ ਨੰਬਰ ਵਨਿੰਦਰ ਕੌਰ ਲੂਬਾ ਦਾ ਹੈ ਜਿਨ•ਾਂ ਕੋਲ 50.97 ਲੱਖ ਦਾ ਸੋਨਾ ਹੈ। ਉਨ•ਾਂ ਕੋਲ ਖੁਦ 1 ਕਿਲੋ 470 ਗਰਾਮ ਸੋਨਾ ਹੈ ਅਤੇ ਦੋ ਡਾਇਮੰਡ ਦਾ ਸੈੱਟ ਹਨ। ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਕਰਨ ਕੌਰ ਮੁਕਤਸਰ ਕੋਲ 42-42 ਲੱਖ ਦਾ ਸੋਨਾ ਹੈ। ਬੀਬੀ ਰਜਿੰਦਰ ਕੌਰ ਭੱਠਲ ਕੋਲ ਸਿਰਫ਼ ਪੰਜ ਲੱਖ ਦੇ ਗਹਿਣੇ ਹਨ ਜਦੋਂ ਕਿ ਬੀਬੀ ਜਗੀਰ ਕੌਰ ਕੋਲ 20 ਲੱਖ ਰੁਪਏ ਦੀ ਕੀਮਤ ਦਾ 900 ਗਰਾਮ ਸੋਨਾ ਹੈ। ਸਭ ਤੋਂ ਘੱਟ ਸੋਨਾ ਰਾਜਵਿੰਦਰ ਕੌਰ ਭਾਗੀਕੇ ਕੋਲ 1.96 ਲੱਖ ਅਤੇ ਸੀਮਾ ਦੇਵੀ ਕੋਲ 1.30 ਲੱਖ ਦਾ ਹੈ।
                     ਪ੍ਰਧਾਨ ਮੰਤਰੀ ਦਫਤਰ ਦੇ ਤਾਜ਼ਾ ਵੇਰਵਿਆਂ ਅਨੁਸਾਰ ਕੇਂਦਰੀ ਮਹਿਲਾ ਵਜ਼ੀਰਾਂ ਚੋਂ ਹਰਸਿਮਰਤ ਕੌਰ ਬਾਦਲ ਦੀ ਝੰਡੀ ਹੈ ਜਦੋਂ ਕਿ ਮੇਨਕਾ ਗਾਂਧੀ ਕੋਲ 1.24 ਕਰੋੜ ਦਾ ਸੋਨਾ ਹੈ। ਮੇਨਕਾ ਗਾਂਧੀ ਕੋਲ 3.41 ਕਿਲੋ ਸੋਨਾ ਅਤੇ 85 ਕਿਲੋ ਸਿਲਵਰ ਹੈ। ਸਮਿਰਤੀ ਇਰਾਨੀ ਕੋਲ 12.36 ਲੱਖ ਦੇ ਗਹਿਣੇ ਹਨ ਅਤੇ ਸੁਸ਼ਮਾ ਸਵਰਾਜ ਕੋਲ 30.48 ਲੱਖ ਦੇ ਗਹਿਣੇ ਹਨ। ਉਮਾ ਭਾਰਤੀ ਕੋਲ 6 ਕਿਲੋ ਸੋਨੇ ਚਾਂਦੀ ਦੇ ਬਰਤਨ ਤੇ ਭਗਵਾਨ ਦੇ ਗਹਿਣੇ ਹਨ ਜਿਨ•ਾਂ ਦੀ ਕੀਮਤ 35 ਲੱਖ ਰੁਪਏ ਬਣਦੀ ਹੈ। ਕੇਂਦਰੀ ਵਜ਼ੀਰ ਸ੍ਰੀਮਤੀ ਨਿਰਮਲਾ ਸਿਥਰਮਨ ਕੋਲ 7.87 ਲੱਖ ਦੇ ਗਹਿਣੇ ਹਨ। ਸੂਤਰ ਆਖਦੇ ਹਨ ਕਿ ਇਨ•ਾਂ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਆਪਣੇ ਸਬੂਤ ਨਸ਼ਰ ਕਰਨੇ ਚਾਹੀਦੇ ਹਨ।

Saturday, December 3, 2016

                                  ਕਾਲਾ ਧਨ
                  ਗਰੀਬਾਂ ਦੇ ਖਾਤੇ ਹੋਏ 'ਫੁੱਲ' !
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਗਰੀਬ ਲੋਕਾਂ ਦੇ ਜਨ ਧਨ ਖਾਤਿਆਂ ਵਿਚ ਅਚਾਨਕ ਕਰੀਬ 900 ਕਰੋੜ ਰੁਪਏ ਜਮ•ਾ ਹੋ ਗਏ ਹਨ ਜਿਸ ਤੋਂ ਕਈ ਸ਼ੱਕ ਖੜ•ੇ ਹੋ ਗਏ ਹਨ। ਨੋਟਬੰਦੀ ਮਗਰੋਂ ਇੱਕ ਹਫਤੇ ਵਿਚ ਏਡੀ ਵੱਡੀ ਰਾਸ਼ੀ ਗਰੀਬਾਂ ਦੇ ਖਾਤਿਆਂ ਵਿਚ ਆਈ ਹੈ ਜਿਸ ਵਾਰੇ ਆਮਦਨ ਕਰ ਵਿਭਾਗ ਨੂੰ 'ਕਾਲਾ ਧਨ' ਹੋਣ ਦਾ ਸ਼ੱਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਨ•ਾਂ ਬੈਂਕ ਖਾਤਿਆਂ ਤੇ ਸ਼ੱਕ ਜ਼ਾਹਰ ਕਰ ਚੁੱਕੇ ਹਨ। ਸੂਤਰ ਆਖਦੇ ਹਨ ਕਿ ਧਨਾਢ ਲੋਕਾਂ ਨੇ ਗਰੀਬ ਲੋਕਾਂ ਦੇ ਇਨ•ਾਂ ਬੈਂਕ ਖਾਤਿਆਂ ਦੀ ਦੁਰਵਰਤੋਂ ਕੀਤੀ ਹੈ। ਪੰਜਾਬ ਵਿਚ ਜਨ ਧਨ ਯੋਜਨਾ ਦੇ 51.24 ਲੱਖ ਬੈਂਕ ਖਾਤੇ ਹਨ ਜੋ 'ਜ਼ੀਰੋ ਬੈਲੇਂਸ' ਤੇ ਖੋਲ•ੇ ਗਏ ਸਨ। ਇਨ•ਾਂ ਚੋਂ 30.47 ਲੱਖ ਬੈਂਕ ਖਾਤੇ ਪੇਂਡੂ ਖੇਤਰ ਦੇ ਹਨ ਜਦੋਂ ਕਿ 20.76 ਲੱਖ ਖਾਤੇ ਸ਼ਹਿਰੀ ਖੇਤਰ ਵਿਚ ਹਨ ਕੇਂਦਰੀ ਵਿੱਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਨੋਟਬੰਦੀ ਮਗਰੋਂ ਪੰਜਾਬ ਵਿਚ 9 ਨਵੰਬਰ ਨੂੰ ਜਨ ਧੰਨ ਯੋਜਨਾ ਦੇ 51.07 ਲੱਖ ਬੈਂਕ ਖਾਤੇ ਸਨ ਜਿਨ•ਾਂ ਵਿਚ 1737 ਕਰੋੜ ਰੁਪਏ ਜਮ•ਾ ਸਨ। 23 ਨਵੰਬਰ ਨੂੰ ਜਨ ਧਨ ਖਾਤਿਆਂ ਦੀ ਗਿਣਤੀ ਵੱਧ ਕੇ 51.24  ਲੱਖ ਹੋ ਗਈ। ਮਤਲਬ ਕਿਂ 17 ਹਜ਼ਾਰ ਖਾਤੇ ਨੋਟਬੰਦੀ ਦੌਰਾਨ ਨਵੇਂ ਖੁੱਲ•ੇ ਹਨ।
                   23 ਨਵੰਬਰ ਨੂੰ ਜਨ ਧਨ ਦੇ ਖਾਤਿਆਂ ਵਿਚ ਜਮ•ਾ ਰਾਸ਼ੀ 2673 ਕਰੋੜ ਰੁਪਏ ਸਨ। ਜਿਸ ਤੋਂ ਸਾਫ ਹੈ ਕਿ ਨੋਟਬੰਦੀ ਮਗਰੋਂ ਦੋ ਹਫਤਿਆਂ ਵਿਚ ਹੀ ਇਨ•ਾਂ ਖਾਤਿਆਂ ਵਿਚ 936 ਕਰੋੜ ਰੁਪਏ ਜਮ•ਾ ਹੋ ਗਏ ਹਨ। ਨੋਟਬੰਦੀ ਮਗਰੋਂ ਪਹਿਲੇ ਹਫਤੇ ਦੌਰਾਨ ਭਾਵ 16 ਨਵੰਬਰ ਤੱਕ ਜਨ ਧਨ ਖਾਤਿਆਂ ਵਿਚ 641 ਕਰੋੜ ਰੁਪਏ ਜਮ•ਾ ਹੋਏ ਜਦੋਂ ਕਿ 16 ਨਵੰਬਰ ਤੋਂ 23 ਨਵੰਬਰ ਤੱਕ ਇਨ•ਾਂ ਖਾਤਿਆਂ ਵਿਚ 295 ਕਰੋੜ ਰੁਪਏ ਜਮ•ਾ ਹੋਏ ਹਨ। ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਵਿਚ ਆਮਦਨ ਕਰ ਮਹਿਕਮੇ ਵਲੋਂ ਇਨ•ਾਂ ਬੈਂਕ ਖਾਤਿਆਂ ਦੀ ਛਾਣਬੀਣ ਕੀਤੀ ਜਾਣੀ ਹੈ। ਕੇਂਦਰੀ ਵੇਰਵਿਆਂ ਅਨੁਸਾਰ ਪੰਜਾਬ ਵਿਚ ਅੱਠ ਲੱਖ ਜਨ ਧਨ ਖਾਤੇ ਖਾਲੀ ਵੀ ਖੜਕ ਰਹੇ ਹਨ ਜਿਨ•ਾਂ ਵਿਚ ਕੋਈ ਪੈਸਾ ਨਹੀਂ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਗਰੀਬ ਲੋਕਾਂ ਦੇ ਬੈਂਕ ਵਿਚ 'ਜ਼ੀਰੋ ਬੈਲੈਂਸ' ਤੇ ਖਾਤੇ ਖੋਲ•ੇ ਗਏ ਸਨ ਜਿਸ ਤਹਿਤ ਲੋਕਾਂ ਨੂੰ ਇੰਸੋਰੈਂਸ ਵਗੈਰਾ ਦੀ ਸਹੂਲਤ ਵੀ ਦਿੱਤੀ ਗਈ ਹੈ। ਬਠਿੰਡਾ ਦੇ ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਪ੍ਰਤੀਕਰਮ ਸੀ ਕਿ ਬਹੁਤੇ ਧਨਾਢ ਤੇ ਸਿਆਸੀ ਲੋਕਾਂ ਨੇ ਆਪਣਾ 'ਕਾਲਾ ਧਨ' ਇਨ•ਾਂ ਗਰੀਬ ਲੋਕਾਂ ਦੇ ਖਾਤਿਆਂ ਵਿਚ ਰੱਖਿਆ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
                     ਆਮ ਲੋਕ ਤਾਂ ਨੋਟਬੰਦੀ ਮਗਰੋਂ ਪ੍ਰੇਸ਼ਾਨ ਹੋਏ ਹਨ ਅਤੇ ਉਨ•ਾਂ ਦੇ ਖੀਸੇ ਖਾਲੀ ਹੋਏ ਹਨ। ਉੱਚ ਪੱਧਰੀ ਪੜਤਾਲ ਕਰਕੇ ਪੈਸੇ ਦੇ ਅਸਲ ਮਾਲਕਾਂ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ। ਆਮਦਨ ਕਰ ਮਹਿਕਮੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਨ•ਾਂ ਲੋਕਾਂ ਨੇ ਜਨ ਧਨ ਖਾਤਿਆਂ ਨੂੰ ਕਾਲਾ ਧੰਨ ਰੱਖਣ ਵਾਸਤੇ ਵਰਤਿਆ ਹੈ, ਉਨ•ਾਂ ਨੂੰ ਐਕਸ਼ਨ ਦਾ ਸਾਹਮਣਾ ਕਰਨਾ ਪਵੇਗਾ। ਜਿਨ•ਾਂ ਬੈਂਕ ਖਾਤਾਧਾਰਕਾਂ ਨੇ ਦੂਸਰਿਆਂ ਨੂੰ ਆਪਣੇ ਖਾਤਿਆਂ ਵਿਚ ਪੈਸਾ ਰੱਖਣ ਦੀ ਇਜਾਜ਼ਤ ਦਿੱਤੀ ਹੈ, ਉਨ•ਾਂ ਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ। ਕੋਈ ਵੀ ਅਧਿਕਾਰੀ ਇਸ ਮਾਮਲੇ ਤੇ ਸਰਕਾਰੀ ਤੌਰ ਤੇ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੋਇਆ। ਸੂਤਰ ਦੱਸਦੇ ਹਨ ਕਿ ਬਠਿੰਡਾ ਖ਼ਿੱਤੇ ਦੇ ਇੱਕ ਧਨਾਢ ਨੇ ਆਪਣੇ ਪ੍ਰੋਜੈਕਟਾਂ ਵਿਚ ਕੰਮ ਕਰਦੇ ਮਜ਼ਦੂਰਾਂ ਦੇ ਖਾਤਿਆਂ ਨੂੰ ਵਰਤਿਆ ਹੈ ਜਿਸ ਦੀ ਕਿਧਰੋਂ ਪੁਸ਼ਟੀ ਨਹੀਂ ਹੋ ਸਕੀ ਹੈ।