Tuesday, June 28, 2016

                           ਪੁਲੀਸ ਭਰਤੀ
      ਖ਼ਜ਼ਾਨੇ ਨੂੰ ਦਮੋਂ ਕੱਢੇਗਾ ਡੋਪ ਟੈਸਟ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਭਰਤੀ ਨੇ ਸਰਕਾਰੀ ਖ਼ਜ਼ਾਨਾ  ਤਾਂ ਮਾਲਾ ਮਾਲ ਕਰ ਦਿੱਤਾ ਹੈ ਪ੍ਰੰਤੂ ਡੋਪ ਟੈਸਟ ਦਾ ਭਾਰ ਖ਼ਜ਼ਾਨੇ ਨੂੰ ਦਮੋਂ ਕੱਢੇਗਾ। ਕਰੀਬ 6.10 ਲੱਖ ਉਮੀਦਵਾਰਾਂ ਨੇ ਸਿਪਾਹੀ ਦੀ ਅਸਾਮੀ ਲਈ ਅਪਲਾਈ ਕੀਤਾ ਹੈ ਜਿਨ•ਾਂ ਤੋਂ ਅੰਦਾਜ਼ਨ 23 ਕਰੋੜ ਰੁਪਏ ਫੀਸ ਵਜੋਂ ਪ੍ਰਾਪਤ ਹੋਏ ਹਨ। ਪੁਲੀਸ ਦੀ ਭਰਤੀ ਨੇ ਪ੍ਰਾਈਵੇਟ ਬੈਂਕ ਐਚ.ਡੀ.ਐਫ.ਸੀ ਨੂੰ ਵੀ ਮੌਜ ਲਾ ਦਿੱਤੀ ਹੈ ਲੇਕਿਨ ਖ਼ਜ਼ਾਨੇ ਨੂੰ ਇਕੱਲੇ ਡੋਪ ਟੈਸਟ  ਦਾ ਕਰੀਬ 12.20 ਕਰੋੜ ਰੁਪਏ ਬੋਝ ਝੱਲਣਾ ਪਵੇਗਾ। ਪੰਜਾਬ ਸਰਕਾਰ ਨੇ ਪੁਲੀਸ ਭਰਤੀ ਲਈ ਹਰ ਉਮੀਦਵਾਰ ਦਾ ਡੋਪ ਟੈਸਟ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਨਸ਼ਾ ਰਹਿਤ ਸਿਪਾਹੀ ਭਰਤੀ ਕੀਤੇ ਜਾ ਸਕਣ ਵੇਰਵਿਆਂ ਅਨੁਸਾਰ ਪੰਜਾਬ ਪੁਲੀਸ ਵਿਚ ਕੁੱਲ 7416 ਸਿਪਾਹੀ ਭਰਤੀ ਕੀਤੇ ਜਾਣੇ ਹਨ ਜਿਨ•ਾਂ ਵਿਚ 1164 ਮਹਿਲਾ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਹੈ। ਇਨ•ਾਂ ਚੋਂ 2501 ਅਸਾਮੀਆਂ ਆਰਮਿਡ ਪੁਲੀਸ ਕਾਡਰ ਦੀਆਂ ਹਨ ਜਦੋਂ ਕਿ 4915 ਅਸਾਮੀਆਂ ਜ਼ਿਲ•ਾ ਪੁਲੀਸ ਕਾਡਰ ਦੀਆਂ ਹਨ। ਇਨ•ਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 21 ਜੂਨ 2016 ਸੀ। ਸੂਤਰਾਂ ਅਨੁਸਾਰ ਪੰਜਾਬ ਭਰ ਚੋਂ ਕਰੀਬ 6.10 ਲੱਖ ਉਮੀਦਵਾਰਾਂ ਨੇ ਇਨ•ਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਪ੍ਰਤੀ ਅਸਾਮੀ ਪਿਛੇ ਔਸਤਨ 82 ਉਮੀਦਵਾਰ ਮੈਦਾਨ ਵਿਚ ਹਨ। ਬੇਸ਼ੱਕ ਮਹਿਲਾ ਸਿਪਾਹੀਆਂ ਦੀਆਂ ਅਸਾਮੀਆਂ 1164 ਹੀ ਹਨ ਪ੍ਰੰਤੂ ਪੰਜਾਬ ਭਰ ਚੋਂ ਸਵਾ ਲੱਖ ਦੇ ਕਰੀਬ ਲੜਕੀਆਂ ਨੇ ਵੀ ਇਨ•ਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ।
                    ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਕਰੀਬ 30 ਹਜ਼ਾਰ ਉਮੀਦਵਾਰਾਂ ਨੇ ਪੰਜਾਬ ਪੁਲੀਸ ਵਿਚ ਭਰਤੀ ਹੋਣ ਵਾਸਤੇ ਅਪਲਾਈ ਕੀਤਾ ਹੈ। ਜਨਰਲ ਕੈਟਾਗਿਰੀ ਦੇ ਉਮੀਦਵਾਰਾਂ ਤੋਂ 400 ਰੁਪਏ ਅਤੇ ਐਸ.ਸੀ/ਬੀ.ਸੀ ਉਮੀਦਵਾਰਾਂ ਤੋਂ 100 ਰੁਪਏ ਐਪਲੀਕੇਸ਼ਨ ਫੀਸ ਲਈ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 23 ਕਰੋੜ ਫੀਸ ਵਜੋਂ ਇਕੱਠੇ ਹੋਏ ਹਨ। ਸਾਬਕਾ ਫੌਜੀਆਂ ਨੂੰ ਫੀਸ ਤੋਂ ਛੋਟ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਡੋਪ ਟੈਸਟ ਦਾ ਸੌਦਾ ਪੁਲੀਸ ਨੂੰ ਮਹਿੰਗਾ ਪੈਣਾ ਹੈ ਪ੍ਰੰਤੂ ਸਰਕਾਰ ਡੋਪ ਟੈਸਟ ਲਾਜ਼ਮੀ ਕਰਕੇ ਨਸ਼ਾ ਵਿਰੋਧੀ ਸੁਨੇਹਾ ਦੇਣਾ ਚਾਹੁੰਦੀ ਹੈ। ਹਰ ਉਮੀਦਵਾਰ ਲਈ ਡੋਪ ਟੈਸਟ ਕਿੱਪ ਖਰੀਦ ਕੀਤੀ ਜਾਵੇਗੀ ਜੋ ਕਿ ਕਰੀਬ 200 ਰੁਪਏ ਵਿਚ ਪਏਗੀ। ਪਤਾ ਲੱਗਾ ਹੈ ਕਿ ਸਰਹੱਦੀ ਜ਼ਿਲਿ•ਆਂ ਵਿਚ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਐਸ.ਐਸ.ਪੀ ਫਾਜਿਲਕਾ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ•ਾ ਫਾਜਿਲਕਾ ਵਿਚ ਕਰੀਬ 27 ਹਜ਼ਾਰ ਉਮੀਦਵਾਰਾਂ ਨੇ ਪੁਲੀਸ ਭਰਤੀ ਲਈ ਅਪਲਾਈ ਕੀਤਾ ਹੈ। ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਨੇ ਦੱਸਿਆ ਕਿ ਬਠਿੰਡਾ ਜ਼ਿਲ•ੇ ਵਿਚ ਪੁਲੀਸ ਭਰਤੀ ਲਈ ਕਰੀਬ 30 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇਵੇਂ ਐਸ.ਐਸ.ਪੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਉਨ•ਾਂ ਦੇ ਜ਼ਿਲ•ੇ ਵਿਚ ਕਰੀਬ 12 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ।
                    ਪਤਾ ਲੱਗਾ ਹੈ ਕਿ ਐਤਕੀਂ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਅਪਲਾਈ ਕੀਤਾ ਹੈ। ਪੁਲੀਸ ਭਰਤੀ ਕਰਕੇ ਦਲਾਲਾਂ ਨੇ ਵੀ ਕਾਫ਼ੀ ਸਰਗਰਮੀ ਫੜ ਲਈ ਹੈ ਅਤੇ ਹਾਕਮ ਧਿਰ ਦੇ ਲੀਡਰਾਂ ਦੇ ਘਰਾਂ ਵਿਚ ਵੀ ਲੋਕ ਗੇੜੇ ਮਾਰਨ ਲੱਗੇ ਹਨ। ਸਿਫਾਰਸ਼ਾਂ ਦਾ ਹੜ• ਤਾਂ ਹੁਣ ਤੋਂ ਹੀ ਆ ਗਿਆ ਹੈ ਅਤੇ ਆਉਂਦੇ ਦਿਨਾਂ ਵਿਚ ਭਰਤੀ ਦਾ ਅਗਲਾ ਪੜਾਅ ਸ਼ੁਰੂ ਹੋਣਾ ਹੈ। ਡੀ.ਆਈ.ਜੀ (ਐਡਮਨ) ਸ੍ਰੀ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਕਰੀਬ ਛੇ ਲੱਖ ਤੋਂ ਉਪਰ ਉਮੀਦਵਾਰਾਂ ਨੇ ਭਰਤੀ ਲਈ ਅਪਲਾਈ ਕੀਤਾ  ਹੈ। ਡੀ.ਜੀ.ਪੀ ਪੰਜਾਬ ਸ੍ਰੀ ਸੁਰੇਸ਼ ਅਰੋੜਾ ਨੇ ਉਮੀਦਵਾਰਾਂ ਨੂੰ ਦਲਾਲਾਂ ਦੇ ਝਾਂਸੇ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ•ਾਂ ਆਖਿਆ ਹੈ ਕਿ ਕੁਝ ਦਲਾਲ ਕਿਸਮ ਦੇ ਲੋਕ ਬੇਰੁਜ਼ਗਾਰ ਨੌਜਵਾਨਾਂ ਨੂੰ ਭਰਤੀ ਕਰਾਉਣ ਦਾ ਝਾਂਸਾ ਦੇ ਸਕਦੇ ਹਨ ਜਿਨ•ਾਂ ਤੋਂ ਪੂਰੀ ਤਰ•ਾਂ ਬਚਿਆ ਜਾਵੇ। ਪੁਲੀਸ ਦੀ ਭਰਤੀ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਣੀ ਹੈ। ਸ੍ਰੀ ਅਰੋੜਾ ਨੇ ਆਖਿਆ ਕਿ ਅਗਰ ਕਿਸੇ ਉਮੀਦਵਾਰ ਨਾਲ ਕੋਈ ਦਲਾਲ ਸੰਪਰਕ ਬਣਾਉਂਦਾ ਹੈ ਤਾਂ ਉਸ ਦੀ ਸੂਚਨਾ ਫੌਰੀ ਪੰਜਾਬ ਪੁਲੀਸ ਦੇ ਹੈਲਪ ਲਾਈਨ 181 ਤੇ ਦਿੱਤੀ ਜਾਵੇ। ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਅਗਰ ਕਿਸੇ ਉਮੀਦਵਾਰ ਨੇ ਗਲਤ ਤਰੀਕਾ ਅਖਤਿਆਰ ਕੀਤਾ ਤਾਂ ਉਸ ਨੂੰ ਅਯੋਗ ਐਲਾਨ ਦਿੱਤਾ ਜਾਵੇਗਾ।

Sunday, June 26, 2016

                           ਸੌ ਕਰੋੜੀ ਭਾਂਡੇ
     'ਸੰਗਰੂਰੀ ਮੱਲ' ਹੋਵੇਗਾ ਮਾਲਾ ਮਾਲ !
                           ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਦੇ ਹੁਣ ਸੌ ਕਰੋੜ ਦੇ ਭਾਂਡੇ ਖਰੀਦ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਏ ਹਨ ਜੋ ਅਗਾਮੀ ਚੋਣਾਂ ਤੋਂ ਪਹਿਲਾਂ ਵੰਡੇ ਜਾਣੇ ਹਨ। ਪੰਜਾਬ ਸਰਕਾਰ ਨੇ ਸੰਗਰੂਰ ਦੀ ਇੱਕੋ ਫਰਮ ਤੋਂ ਇਹ ਭਾਂਡੇ ਖਰੀਦਣ ਦੀ ਤਿਆਰੀ ਖਿੱਚ ਲਈ ਹੈ ਜਿਸ ਤੋਂ ਕਾਫ਼ੀ ਚਰਚੇ ਛਿੜ ਗਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਇਹ ਭਾਂਡੇ ਖ਼ਰੀਦੇ ਜਾ ਰਹੇ ਹਨ ਜਿਸ ਤੇ ਹੁਣ ਕੰਟਰੋਲਰ ਆਫ ਸਟੋਰ ਨੇ ਉਂਗਲ ਉਠਾ ਦਿੱਤੀ ਹੈ। ਵਧੀਕ ਕੰਟਰੋਲਰ ਨੇ 23 ਜੂਨ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤ ਕਰ ਦਿੱਤੀ ਹੈ ਕਿ ਭਾਂਡਿਆਂ ਦੀ ਖਰੀਦ ਪ੍ਰਕਿਰਿਆ ਤੇ ਰੋਕ ਲਗਾਈ ਜਾਵੇ। ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਨੇ ਭਾਂਡਿਆਂ ਦੀ ਖਰੀਦ ਦੀ ਪ੍ਰਵਾਨਗੀ ਕੰਟਰੋਲਰ ਆਫ਼ ਸਟੋਰ ਤੋਂ ਨਹੀਂ ਲਈ ਹੈ।ਵੇਰਵਿਆਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕਰੀਬ 90 ਕਰੋੜ ਦੇ ਬਰਤਨ ਖਰੀਦ ਕੀਤੇ ਜਾ ਰਹੇ ਹਨ ਜਿਨ•ਾਂ ਦੇ ਟੈਂਡਰ ਪਾਏ ਜਾਣ ਦੀ ਆਖਰੀ ਤਰੀਕ 27 ਜੂਨ ਹੈ। ਪੰਜਾਬ ਸਰਕਾਰ ਨੇ ਬਰਤਨਾਂ ਦੀਆਂ ਕਰੀਬ 30 ਹਜ਼ਾਰ ਕਿੱਟਾਂ ਦੀ ਖਰੀਦ ਕਰਨੀ ਹੈ ਅਤੇ ਪ੍ਰਤੀ ਕਿੱਟ ਅੰਦਾਜ਼ਨ ਕੀਮਤ 30 ਹਜ਼ਾਰ ਰੁਪਏ ਰੱਖੀ ਗਈ ਹੈ। ਟੈਂਡਰਾਂ ਵਿਚ ਸ਼ਰਤ ਲਾਈ ਗਈ ਹੈ ਕਿ ਉਹੋ ਫਰਮ ਅਪਲਾਈ ਕਰ ਸਕਦੀ ਹੈ ਜੋ ਘੱਟੋ ਘੱਟ ਛੇ ਹਜ਼ਾਰ ਕਿੱਟਾਂ ਸਪਲਾਈ ਕਰ ਸਕਣ ਦੀ ਸਮਰੱਥਾ ਰੱਖਦੀ ਹੋਵੇ।
                      ਵਧੀਕ ਕੰਟਰੋਲਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਹੈ ਕਿ ਭਾਂਡਿਆਂ ਦੀਆਂ ਸਪੈਸੀਫਿਕੇਸ਼ਨਾਂ ਉਨ•ਾਂ ਨੂੰ ਭੇਜੀਆਂ ਜਾਣ ਤਾਂ ਜੋ ਉਨ•ਾਂ ਦਾ ਦਫ਼ਤਰ ਟੈਂਡਰ ਕਰ ਸਕੇ। ਮਹਿਕਮੇ ਨੂੰ ਟੈਂਡਰ ਪ੍ਰਕਿਰਿਆ ਰੋਕਣ ਵਾਸਤੇ ਆਖਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਪੰਚਾਇਤ ਵਿਭਾਗ ਨੇ ਕੰਟਰੋਲਰ ਆਫ ਸਟੋਰ ਨੂੰ ਨਜ਼ਰਅੰਦਾਜ ਹੀ ਕਰ ਦਿੱਤਾ ਹੈ ਜਦੋਂ ਕਿ ਕੰਟਰੋਲਰ ਆਫ਼ ਸਟੋਰ ਹੀ ਹਰ ਖ਼ਰੀਦੇ ਜਾਣ ਵਾਲੇ ਸਮਾਨ ਦਾ ਮਾਰਕੀਟ ਚੋਂ ਜਾਇਜ਼ਾ ਲੈ ਕੇ ਰੈਟ ਤੈਅ ਕਰਦਾ ਹੈ।ਅਹਿਮ ਸੂਤਰਾਂ ਨੇ ਦੱਸਿਆ ਕਿ ਬਰਤਨ ਕਿੱਟ ਦੀ ਪਰਾਂਤ ਤੋਂ ਵੱਡਾ ਰੱਫੜ ਪੈ ਗਿਆ ਹੈ। ਸਪੈਸੀਫਿਕੇਸ਼ਨਾਂ ਵਿਚ ਸਟੀਲ ਦੀ ਪਰਾਤ ਦੀ ਏਦਾ ਦੀ ਸਪੈਸੀਫਿਕੇਸ਼ਨ ਰੱਖ ਦਿੱਤੀ ਗਈ ਹੈ ਜਿਸ ਦੀ ਸ਼ਰਤ ਸੰਗਰੂਰ ਦੀ ਸਿਰਫ਼ ਇੱਕ ਫਰਮ ਹੀ ਪੂਰੀ ਕਰਦੀ ਹੈ। ਐਤਕੀਂ ਸਰਕਾਰ ਵਲੋਂ ਬਰਤਨ ਕਿੱਟ ਵਿਚ ਸਟੀਲ ਦੀ ਪਰਾਤ ਖਰੀਦੀ ਜਾ ਰਹੀ ਹੈ ਜਦੋਂ ਕਿ ਪਿਛਲੇ ਵਰਿ•ਆਂ ਵਿਚ ਅਲਮੀਨੀਅਮ ਦੀ ਪਰਾਂਤ ਖਰੀਦੀ ਜਾਂਦੀ ਸੀ। ਬਰਤਨ ਕਿੱਟ ਵਿਚ ਸਟੀਲ ਦੀ ਪਰਾਤ 'ਡਾਇਆ 34' ਵਾਲੀ ਖਰੀਦ ਕੀਤੀ ਜਾਣੀ ਹੈ। ਏਡੀ ਵੱਡੀ ਪਰਾਤ ਦੀ ਕਿਸੇ ਵੀ ਫਰਮ ਕੋਲ ਉਪਲੱਭਧਤਾ ਨਹੀਂ ਹੈ ਅਤੇ ਸਿਰਫ ਸੰਗਰੂਰ ਦੀ ਇੱਕ ਫਰਮ ਕੋਲ ਹੀ ਇਹ ਪਰਾਂਤ ਮੌਜੂਦ ਹੈ। ਇਸ ਫਰਮ ਨੇ ਪਹਿਲਾਂ ਹੀ ਇਸ ਸਪੈਸੀਫਿਕੇਸ਼ਨ ਵਾਲੀ ਡਾਈ ਤਿਆਰ ਕਰਾ ਲਈ ਸੀ।
                    ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੂੰ ਪਿਛਲੇ ਵਰਿ•ਆਂ ਵਿਚ ਅਲਮੀਨੀਅਮ ਦੀ ਪੰਜ ਕਿਲੋ ਵਜ਼ਨ ਵਾਲੀ ਪਰਾਂਤ ਕਰੀਬ 850 ਰੁਪਏ ਵਿਚ ਪੈਂਦੀ ਸੀ ਜਦੋਂ ਕਿ ਹੁਣ ਸਰਕਾਰ ਨੂੰ ਸਟੀਲ ਵਾਲੀ ਪਰਾਂਤ ਘੱਟੋ ਘੱਟ 1500 ਰੁਪਏ ਵਿਚ ਪਏਗੀ। ਪਤਾ ਲੱਗਾ ਹੈ ਕਿ ਕੁਝ ਫਰਮਾਂ ਵਾਲੇ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਮਿਲੇ ਸਨ ਕਿ ਮਾਰਕੀਟ ਵਿਚ ਏਡੀ ਵੱਡੀ ਸਟੀਲ ਦੀ ਪਰਾਤ ਦੀ ਕਿਸੇ ਕੋਲ ਡਾਈ ਨਹੀਂ ਹੈ। ਸੂਤਰ ਦੱਸਦੇ ਹਨ ਕਿ ਨਵੀਂ ਡਾਈ ਬਣਾਉਣ ਦੀ ਘੱਟੋ ਘੱਟ ਦੋ ਮਹੀਨੇ ਦੀ ਪ੍ਰਕਿਰਿਆ ਹੈ ਪ੍ਰੰਤੂ ਜਿਸ ਫਰਮ ਨੂੰ ਖਰੀਦ ਦਾ ਕੰਮ ਦਿੱਤਾ ਜਾਣਾ ਹੈ ,ਉਸ ਨੇ ਅਗਾਊ ਹੀ ਇਹ ਡਾਈ ਤਿਆਰ ਕੀਤੀ ਹੋਈ ਹੈ। ਐਤਕੀਂ ਬਰਤਨ ਕਿੱਟ ਵਿਚ ਕੌਲੀ ਵਾਲੀ ਥਾਲ਼ੀ ਵੀ ਖਰੀਦੀ ਜਾ ਰਹੀ ਹੈ ਜਿਸ ਦਾ ਵਜ਼ਨ 530 ਗਰਾਮ ਰੱਖਿਆ ਗਿਆ ਹੈ ਜਦੋਂ ਕਿ ਪਿਛਲੇ ਵਰ•ੇ ਇਸ ਦਾ ਵਜ਼ਨ 260 ਗਰਾਮ ਸੀ।
                    ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਪ੍ਰੰਤੂ ਉਨ•ਾਂ ਨੇ ਫੋਨ ਨਹੀਂ ਚੁੱਕਿਆ। ਭਾਂਡੇ ਖਰੀਦਣ ਲਈ ਬਣਾਈ ਕਮੇਟੀ ਦੇ ਅਧਿਕਾਰੀ ਨੇ ਵੀ ਫੋਨ ਅਟੈਂਡ ਨਹੀਂ ਕੀਤਾ। ਸੂਤਰ ਆਖਦੇ ਹਨ ਕਿ ਹੁਣ ਦੇਖਣਾ ਇਹ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕੰਟਰੋਲਰ ਆਫ ਸਟੋਰ ਦੇ ਪੱਤਰ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਪਿਛਲੇ ਵਰਿ•ਆਂ ਵਿਚ ਖਰੀਦ ਕੀਤੇ ਭਾਂਡਿਆਂ ਵਿਚ ਕਦੇ ਵੀ ਏਡੀ ਵੱਡੀ ਸਟੀਲ ਦੀ ਪਰਾਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਪਰਾਂਤ ਨੇ ਹੁਣ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। 

Saturday, June 25, 2016

                                ਨੌਕਰੀ ਘੁਟਾਲਾ 
       ਦਲਾਲਾਂ ਦੀ ਤਿੱਕੜੀ ਨੇ ਹਿਲਾਈ 'ਤੱਕੜੀ'
                                ਚਰਨਜੀਤ ਭੁੱਲਰ
ਬਠਿੰਡਾ : ਨੌਕਰੀ ਘੁਟਾਲੇ ਦੀ ਗੰਢ ਬਠਿੰਡਾ-ਮੁਕਤਸਰ ਦੇ 'ਦਲਾਲਾਂ ਦੀ ਤਿੱਕੜੀ' ਖੋਲੇ•ਗੀ ਜਿਨ•ਾਂ ਨੂੰ ਕਾਬੂ ਕਰਨਾ ਵਿਜੀਲੈਂਸ ਲਈ ਵਕਾਰੀ ਬਣ ਗਿਆ ਹੈ। ਉਜ, ਇਹ  'ਦਲਾਲਾਂ ਦੀ ਤਿੱਕੜੀ' ਹੁਣ 'ਤੱਕੜੀ' ਲਈ ਸੰਕਟ ਪੈਦਾ ਕਰਨ ਲੱਗੀ ਹੈ। ਬਠਿੰਡਾ ਦੇ ਸੁਖਪ੍ਰੀਤ ਸਿੰਘ ਦਾ ਨਾਮ ਵੀ ਹੁਣ ਮੁੱਖ ਦਲਾਲ ਵਜੋਂ ਉਭਰਿਆ ਹੈ। ਇਵੇਂ ਹੀ ਜ਼ਿਲ•ਾ ਬਠਿੰਡਾ ਦੇ ਕੋਠੇ ਚੇਤ ਸਿੰਘ ਵਾਲਾ ਦੇ ਅਕਾਲੀ ਸਰਪੰਚ ਮਨਜੀਤ ਸਿੰਘ ਬਿੱਟੂ ਦੇ ਤਾਰ ਵੀ ਹਲਕਾ ਲੰਬੀ ਨਾਲ ਜੁੜਨ ਲੱਗੇ ਹਨ। ਬਾਦਲ ਪਰਿਵਾਰ ਦੇ ਇੱਕ ਨੇੜਲੇ ਆਗੂ ਨੇ ਬਿੱਟੂ ਸਰਪੰਚ ਦੇ ਬਚਾਓ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਵਿਜੀਲੈਂਸ ਨੇ ਹੁਣ ਤੱਕ ਨੌਕਰੀ ਘੁਟਾਲੇ ਵਿਚ ਬਠਿੰਡਾ, ਮਾਨਸਾ ਤੇ ਮੁਕਤਸਰ ਵਿਚ ਚਾਰ ਮੁੱਖ ਦਲਾਲਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ•ਾਂ ਚੋਂ ਭੀਖੀ ਦੇ ਪ੍ਰਿਤਪਾਲ ਸ਼ਰਮਾ ਨੂੰ ਵਿਜੀਲੈਂਸ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਵਿਜੀਲੈਂਸ ਦੇ ਨਿਸ਼ਾਨੇ ਤੇ ਮਲੋਟ ਦਾ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ, ਬਿੱਟੂ ਸਰਪੰਚ ਅਤੇ ਸੁਖਪ੍ਰੀਤ ਸਿੰਘ ਬਠਿੰਡਾ ਹਨ। ਇਨ•ਾਂ ਦੀ ਗ੍ਰਿਫਤਾਰੀ ਨਾਲ ਹੀ ਨੌਕਰੀ ਘੁਟਾਲੇ ਦੀ ਅਹਿਮ ਪਰਤ ਉੱਧੜਨ ਦੀ ਸੰਭਾਵਨਾ ਹੈ। ਅਹਿਮ ਵੇਰਵਿਆਂ ਅਨੁਸਾਰ ਬਠਿੰਡਾ ਦੇ ਸੁਖਪ੍ਰੀਤ ਸਿੰਘ ਤੇ ਵਿਜੀਲੈਂਸ ਨੇ ਤਿੰਨ ਕੇਸ ਦਰਜ ਕੀਤੇ ਹਨ ਅਤੇ ਇਹ ਨੌਜਵਾਨ ਮੁੱਖ ਦਲਾਲ ਵਜੋਂ ਸਾਹਮਣੇ ਆਇਆ ਹੈ।
                   ਸੁਖਪ੍ਰੀਤ ਸਿੰਘ ਪਹਿਲਾਂ ਬੈਂਕ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਉਹ ਪਨਸਪ ਵਿਚ ਸੀਨੀਅਰ ਸਹਾਇਕ ਵਜੋਂ ਭਰਤੀ ਹੋ ਕੇ ਫਰੀਦਕੋਟ ਵਿਚ ਨੌਕਰੀ ਕਰਦਾ ਸੀ। ਉਸ ਨੇ ਪਹਿਲਾਂ ਆਪ ਨੌਕਰੀ ਲਈ ਅਤੇ ਮਗਰੋਂ ਹੋਰਨਾਂ ਕਾਫ਼ੀ ਉਮੀਦਵਾਰਾਂ ਨੂੰ ਜੇਬ ਗਰਮ ਕਰਕੇ ਨੌਕਰੀ ਦਿਵਾਈ।ਵਿਜੀਲੈਂਸ ਪੜਤਾਲ ਵਿਚ ਹੁਣ ਤੱਕ ਸੁਖਪ੍ਰੀਤ ਸਿੰਘ ਵਲੋਂ 1.60 ਕਰੋੜ ਇਕੱਠੇ ਕੀਤੇ ਜਾਣ ਦੇ ਵੇਰਵੇ ਸਾਹਮਣੇ ਆ ਚੁੱਕੇ ਹਨ।  ਸੁਖਪ੍ਰੀਤ ਦਾ ਬਾਪ ਜਗੀਰ ਸਿੰਘ ਨਗਰ ਨਿਗਮ ਬਠਿੰਡਾ ਚੋਂ ਸੇਵਾ ਮੁਕਤ ਹੋਇਆ ਹੈ। ਪੱਖ ਜਾਣਨਾ ਚਾਹਿਆ ਪ੍ਰੰਤੂ ਜੰਗੀਰ ਸਿੰਘ ਦਾ ਫੋਨ ਬੰਦ ਆ ਰਿਹਾ ਸੀ। ਵਿਜੀਲੈਂਸ ਲਈ ਸੁਖਪ੍ਰੀਤ ਦੀ ਗ੍ਰਿਫਤਾਰੀ ਅਹਿਮ ਬਣ ਗਈ ਹੈ। ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ ਡੱਡੀ ਨਾਲ ਸੁਖਪ੍ਰੀਤ ਦੇ ਤਾਰ ਜੁੜਦੇ ਨਜ਼ਰ ਆ ਰਹੇ ਹਨ। ਹੁਣ ਕੋਠੇ ਚੇਤ ਸਿੰਘ ਵਾਲਾ ਦੇ ਅਕਾਲੀ ਸਰਪੰਚ ਮਨਜੀਤ ਸਿੰਘ ਬਿੱਟੂ, ਉਸ ਦੇ ਘਰਾਂ ਚੋਂ ਲੱਗਦੇ ਭਾਣਜੇ ਸ਼ਗਨਦੀਪ ਸਿੰਘ ਮਾਨ ਵਾਸੀ ਜੈ ਸਿੰਘ ਵਾਲਾ ਦੇ ਗ੍ਰਿਫਤਾਰੀ ਵਰੰਟ ਜਾਰੀ ਹੋਏ ਹਨ। ਵਿਜੀਲੈਂਸ ਨੇ ਬਿੱਟੂ ਸਰਪੰਚ ਦੀ ਗ੍ਰਿਫਤਾਰੀ ਲਈ ਰਾਜਸਥਾਨ ਵਿਚ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਜਦੋਂ ਬਿੱਟੂ ਸਰਪੰਚ ਨੂੰ ਭਿਣਕ ਪੈ ਗਈ ਸੀ ਤਾਂ ਉਹ ਕਈ ਦਿਨ ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨਾਂ ਵਿਚ ਹਾਜ਼ਰੀ ਭਰ ਕੇ ਵਿਜੀਲੈਂਸ ਦੀ ਨਜ਼ਰ ਤੋਂ ਬਚਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਮਗਰੋਂ ਬਾਦਲ ਪਰਿਵਾਰ ਦੇ ਨੇੜਲੇ ਇੱਕ ਨੌਜਵਾਨ ਆਗੂ ਨੇ ਬਿੱਟੂ ਸਰਪੰਚ ਦੇ ਬਚਾਓ ਦੀ ਵਾਹ ਲਾਉਣੀ ਸ਼ੁਰੂ ਕਰ ਦਿੱਤੀ।
                    ਵਿਜੀਲੈਂਸ ਨੇ ਸਭ ਤੋਂ ਪਹਿਲਾਂ ਬਠਿੰਡਾ ਦੇ ਟੈਗੋਰ ਨਗਰ ਦੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦੇ ਘਰੋਂ ਹੁਣ 43 ਲੱਖ ਰੁਪਏ ਵਿਜੀਲੈਂਸ ਨੇ ਬਰਾਮਦ ਕੀਤੇ ਹਨ ਜੋ ਉਸ ਨੇ ਪੌੜੀਆਂ ਹੇਠ ਦੱਬੇ ਹੋਏ ਸਨ। ਵਿਜੀਲੈਂਸ ਨੇ ਹੁਣ ਬਠਿੰਡਾ ਦੇ ਭਰਤ ਕਾਕੜੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਉਸ ਦਾ ਭਰਾ ਕੇਸ਼ਵ ਕਾਕੜੀਆਂ ਹਾਲੇ ਫਰਾਰ ਹੈ।ਮਲੋਟ ਦੇ ਇੱਕ ਹੋਰ ਅਕਾਲੀ ਦਲ ਨਾਲ ਜੁੜੇ ਇੰਦਰਜੀਤ ਸਿੰਘ ਬਰਾੜ ਦੇ ਲੜਕੇ ਦਿਲਪ੍ਰੀਤ ਸਿੰਘ ਦਾ ਨਾਮ ਵੀ ਨੌਕਰੀ ਘੁਟਾਲੇ ਨਾਲ ਜੁੜ ਗਿਆ ਹੈ ਜੋ ਪੂਡਾ ਵਿਚ ਜੇ.ਈ ਵਜੋਂ ਭਰਤੀ ਹੋਇਆ ਸੀ। ਇਸੇ ਤਰ•ਾਂ ਭੀਖੀ ਦੀ ਮਹਿਲਾ ਕੌਂਸਲਰ ਦਾ ਲੜਕਾ ਸੰਦੀਪ ਕੁਮਾਰ ਪੁੱਤਰ ਹਰਦੁਆਰੀ ਲਾਲ ਤੋਂ ਇਲਾਵਾ ਭੀਖੀ ਦੇ ਹੀ ਅਨਿਲ ਕੁਮਾਰ ਦੀ ਵੀ ਵਿਜੀਲੈਂਸ ਨੂੰ ਤਲਾਸ਼ ਹੈ ਜੋ ਕਿ ਪਨਸ਼ਪ ਵਿਚ ਇੰਸਪੈਕਟਰ ਵਜੋਂ ਭਰਤੀ ਹੋਏ ਹਨ। ਭੀਖੀ ਦੇ ਮੁੱਖ ਦਲਾਲ ਪ੍ਰਿਤਪਾਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਨੂੰ ਬਠਿੰਡਾ ਦੀ ਗੁਰੂ ਕੀ ਨਗਰੀ ਦੇ ਸਤਿੰਦਰ ਗਿੱਲ,ਪਰਸ ਰਾਮ ਨਗਰ ਦੇ ਰੌਬਿਨ ,ਸਰਾਭਾ ਨਗਰ ਦੇ ਕਪਿਲ ਗਰਗ,ਹਰਪ੍ਰੀਤ ਸਿੰਘ ਤੇ ਸੌਰਵ ਦੀ ਵੀ ਤਲਾਸ਼ ਹੈ।
                                                      ਬਿੱਟੂ ਸਰਪੰਚ ਦੀ ਠਾਠ ਨਵਾਬੀ
ਕੋਠੇ ਚੇਤ ਸਿੰਘ ਵਾਲਾ ਦੇ ਬਿੱਟੂ ਸਰਪੰਚ ਦੀ ਨਵਾਬੀ ਠਾਠ ਤੋਂ ਪੂਰਾ ਹਲਕਾ ਹੈਰਾਨ ਸੀ। ਤਿੰਨ ਏਕੜ ਜ਼ਮੀਨ ਦੇ ਮਾਲਕ ਬਿੱਟੂ ਨੇ ਪਿੰਡ ਵਿਚ ਆਲੀਸ਼ਾਨ ਕੋਠੀ ਪਾਈ ਹੋਈ ਸੀ ਅਤੇ ਉਸ ਨੇ ਇੱਕ ਬਲੈਰੋ ਗੱਡੀ, ਬੁਲਟ ਮੋਟਰ ਸਾਈਕਲ ਅਤੇ ਦੋ ਅਸਲਾ ਲਾਇਸੈਂਸ ਬਣਾਏ ਹੋਏ ਹਨ। ਉਸ ਦੀ ਕੋਠੀ ਤੇ ਕੁਝ ਦਿਨ ਪਹਿਲਾਂ ਤੱਕ ਅਕਾਲੀ ਦਲ ਦਾ ਝੰਡਾ ਅਤੇ ਵੱਡਾ ਸਵਾਗਤੀ ਬੈਨਰ ਲੱਗਾ ਹੋਇਆ ਸੀ, ਜੋ ਹੁਣ ਉਤਾਰ ਦਿੱਤਾ ਗਿਆ ਹੈ। ਬਾਦਲ ਪਰਿਵਾਰ ਦੇ ਇੱਕ ਨੇੜਲੇ ਆਗੂ ਦੀ ਉਸ ਦੇ ਘਰ ਆਉਣ ਜਾਣ ਸੀ। ਥੋੜਾ ਅਰਸਾ ਪਹਿਲਾਂ ਉਸ ਦੇ ਭਰਾ ਅਤੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਵੀ ਸਰਕਾਰੀ ਨੌਕਰੀ ਮਿਲੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਸ ਨੇ ਸਰਪੰਚੀ ਦੀ ਚੋਣ ਸਮੇਂ ਵੱਡਾ ਖਰਚਾ ਕੀਤਾ ਸੀ।
                                         ਨਾਇਕ                 
                  ਯਸ਼ਵੀਰ ਤੁਰਿਆ ਤਾਂ ਰਾਹ ਬਣੇ...
                                    ਚਰਨਜੀਤ ਭੁੱਲਰ
ਬਠਿੰਡਾ  : ਯਸ਼ਵੀਰ ਨਾ ਬੋਲ ਸਕਦਾ ਹੈ ਤੇ ਨਾ ਸੁਣ ਸਕਦਾ ਹੈ। ਬੱਸ ਉਸ ਦਾ ਕੰਮ ਬੋਲਦਾ ਹੈ ਤੇ ਅੱਜ ਜ਼ਮਾਨਾ ਸੁਣਦਾ ਹੈ। ਨਾ ਉਹ ਤਰਸ ਦਾ ਪਾਤਰ ਬਣਿਆ ਤੇ ਨਾ ਉਸ ਨੇ ਜਨੂਨ ਤੇ ਜਿੱਦ ਨੂੰ ਛੱਡਿਆ। ਕੁਦਰਤ ਨੇ ਉਸ ਦੀ ਪ੍ਰੀਖਿਆ ਲਈ, ਉਸ ਦੇ ਹੌਸਲੇ ਨੇ ਉਡਾਣ ਭਰ ਲਈ । ਜ਼ਮਾਨੇ ਨੇ ਪਾਸਾ ਵੱਟਿਆ ਤਾਂ ਉਸ ਦਾ ਜਜ਼ਬਾ ਢਾਲ ਬਣ ਗਿਆ। ਉਲਟਾ ਯਸ਼ਵੀਰ ਨੇ ਜ਼ਮਾਨੇ ਨੂੰ ਕੁਝ ਬੋਲਣ ਜੋਗਾ ਨਹੀਂ ਛੱਡਿਆ। ਯਸ਼ਵੀਰ ਗੋਇਲ ਅੱਜ ਗੂੰਗੇ ਬੋਲੇ ਬੱਚਿਆਂ ਦੇ ਸਮਾਜ ਦਾ ਨਾਇਕ ਹੈ ਜੋ ਆਮ ਸਮਾਜ ਦੀ ਔਕਾਤ ਦੱਸਣ ਵਿਚ ਸਫਲ ਹੋਇਆ ਹੈ। ਬਠਿੰਡਾ ਸ਼ਹਿਰ ਦਾ 16 ਵਰਿ•ਆਂ ਦਾ ਇਹ ਬੱਚਾ ਜ਼ਿੰਦਗੀ ਦੇ ਅਖਾੜੇ ਦਾ ਸਨਮਾਨ ਚਿੰਨ• ਬਣ ਗਿਆ ਹੈ। ਭਾਵੇਂ ਉਹ ਜਮਾਂਦਰੂ ਤੌਰ ਤੇ ਬੋਲ ਸੁਣ ਨਹੀਂ ਸਕਦਾ ਪ੍ਰੰਤੂ ਉਸ ਦਾ ਸਿਰੜ ਤੇ ਇਰਾਦਾ ਨੌ ਬਰ ਨੌ ਹੈ। ਤਾਹੀਓਂ  ਉਹ ਸਮਾਜ ਦੀ ਮੁੱਖ ਧਾਰਾ ਵਿਚ ਰਹਿਣ ਲਈ ਅੜਿਆ। ਪੰਜਾਬ ਸਰਕਾਰ ਨੇ ਤਾਂ ਗੂੰਗੇ ਬੋਲੇ ਬੱਚਿਆਂ ਲਈ ਵੱਖਰੇ ਸਕੂਲ ਬਣਾ ਕੇ ਪੱਲਾ ਝਾੜ ਲਿਆ ਪ੍ਰੰਤੂ ਉਸ ਨੇ ਇਸ ਸਕੂਲ ਵਿਚ ਵੱਲ ਮੂੰਹ ਨਾ ਕੀਤਾ। ਉਸ ਨੇ ਆਪਣੀ ਬਾਰ•ਵੀਂ ਕਲਾਸ ਤੱਕ ਦੀ ਪੜ•ਾਈ ਆਮ ਸਕੂਲ ਵਿਚ ਕੀਤੀ। ਚੰਗੇ ਭਲੇ ਬੱਚਿਆਂ ਨੂੰ ਪਛਾੜ ਕੇ ਉਹ ਵਿੱਦਿਅਕ ਨਕਸ਼ੇ ਤੇ ਚਮਕਿਆ। ਸ਼ਹਿਰ ਦੇ ਐਮ.ਐਚ.ਆਰ ਸਕੂਲ ਵਿਚ ਉਸ ਨੇ ਪੰਜਵੀਂ ਕਲਾਸ ਚੋਂ 91.3 ਫੀਸਦੀ ਅੰਕ ਲੈ ਕੇ ਪੰਜਾਬ ਦੇ ਆਮ ਮੋਹਰੀ ਬੱਚਿਆਂ ਦੀ ਕਤਾਰ ਵਿਚ ਖੜਿਆਂ ਤਾਂ ਸਮਾਜ ਨੂੰ ਉਹ ਚੁਣੌਤੀ ਲੱਗਿਆ। ਉਸ ਨੇ ਹਰ ਪੈਰ ਤੇ ਆਮ ਬੱਚਿਆਂ ਨਾਲ ਮੁਕਾਬਲਾ ਕੀਤਾ। ਦਸਵੀਂ ਕਲਾਸ ਚੋਂ ਉਸ ਨੇ 80 ਫੀਸਦੀ ਤੋਂ ਜਿਆਦਾ ਨੰਬਰ ਲਏ। ਹੁਣ ਬਾਰ•ਵੀਂ ਕਲਾਸ ਚੋਂ ਉਹ 86 ਫੀਸਦੀ ਅੰਕ ਲੈ ਕੇ ਸਕੂਲ ਦਾ ਟਾਪਰ ਬਣ ਬਣਿਆ ਹੈ।
                       ਵਿੱਦਿਅਕ ਪ੍ਰਾਪਤੀ ਅਹਿਮ ਨਹੀਂ, ਵੱਡੀ ਗੱਲ ਹੈ ਉਸ ਦਾ ਮੁੱਖ ਧਾਰਾ ਵਿਚ ਰਹਿ ਕੇ ਆਮ ਸਕੂਲ ਦੇ ਬੱਚਿਆਂ ਨਾਲ ਕਲਾਸ ਵਿਚ ਬੈਠ ਕੇ ਪੜ•ਨਾ। ਇਕੱਲਾ ਪੜ•ਨਾ ਨਹੀਂ ਬਲਕਿ ਸਮਾਜ ਨੂੰ ਅਹਿਸਾਸ ਕਰਾਉਣਾ ਕਿ ਉਹ ਵੀ ਇਸੇ ਮਿੱਟੀ ਦਾ ਪੁੱਤ ਹੈ, ਕਿਸੇ ਬਿਗਾਨੀ ਮਾਂ ਦਾ ਨਹੀਂ। ਮਾਂ ਨੀਤੂ ਗੋਇਲ ਯਸ਼ਵੀਰ ਨੂੰ ਵਡਮੁੱਲੀ ਦਾਤ ਮੰਨਦੀ ਹੈ ਜਿਸ ਨੇ ਇਸ ਦਾਤ ਦੇ ਅੰਦਰਲੇ ਨੂੰ ਜਾਗਦਾ ਰੱਖਿਆ। ਪਿਤਾ ਚੰਦਰ ਪ੍ਰਕਾਸ਼ (ਸੂਚਨਾ ਕਮਿਸ਼ਨਰ)  ਨੇ ਇੱਕ ਅਜਿਹਾ ਮਾਹੌਲ ਸਿਰਜਿਆ ਜਿਸ ਨੇ ਹੀਣਤਾ ਨੂੰ ਕਦੇ ਯਸ਼ਵੀਰ ਦੇ ਨੇੜੇ ਢੁਕਣ ਨਾ ਦਿੱਤਾ। ਬਾਪ ਦੀ ਹੱਲਾਸ਼ੇਰੀ ਤੇ ਮਾਂ ਦੀ ਦ੍ਰਿੜ•ਤਾ ਯਸ਼ਵੀਰ ਲਈ ਖੰਭ ਬਣ ਗਈ। ਸਰਕਾਰ ਨੇ ਤਾਂ ਸਿਰਫ਼ ਇਹੋ ਕਿਹਾ ,ਯਸ਼ਵੀਰ, ਤੂੰ ਗੂੰਗਾ ਹੈ, ਬੋਲਾ ਹੈ, ਭਾਣਾ ਮੰਨ ਪ੍ਰੰਤੂ ਯਸ਼ਵੀਰ ਭਾਣਾ ਮੰਨਣ ਵਾਲਾ ਕਿਥੇ। ਉਹ ਗੂੰਗੇ ਬੋਲੇ ਬੱਚਿਆਂ ਵਾਲੀ ਸੰਕੇਤਕ ਭਾਸ਼ਾ ਹੀ ਨਹੀਂ ਜਾਣਦਾ ਬਲਕਿ ਉਸ ਕੋਲ ਲਿਪ ਆਰਟ ਹੈ ਮਤਲਬ ਕਿ ਉਸ ਕੋਲ ਦੂਸਰਿਆਂ ਦੇ ਬੁੱਲ•ਾਂ ਤੋਂ ਹੀ ਸਭ ਸਮਝਣ ਦੀ ਸਮਰੱਥਾ ਹੈ। ਉਸ ਦੀ ਜ਼ਿੰਦਗੀ ਸੰਵਾਰਨ ਵਿਚ ਅਧਿਆਪਕ ਰਜਨੀਸ਼ ਭਾਰਦਵਾੜ ਦਾ ਵੀ ਵੱਡਾ ਰੋਲ ਹੈ। ਯਸ਼ਵੀਰ ਕਲਾਤਮਕ ਫਿਲਮਾਂ ਵੇਖ ਕੇ ਭਾਵੁਕ ਵੀ ਹੁੰਦਾ ਹੈ ਤੇ ਟੀ.ਵੀ ਤੇ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਵੇਖ ਕੇ ਹੱਸਦਾ ਵੀ ਹੈ। ਬੈਡਮਿੰਟਨ ਦਾ ਚੰਗਾ ਖਿਡਾਰੀ ਵੀ ਹੈ ਅਤੇ ਫੋਟੋਗਰਾਫੀ ਦਾ ਉਸ ਨੂੰ ਜਨੂਨ ਹੈ। ਉਹ ਹੁਣ ਪੁਰਾਣੇ ਸਿੱਕਿਆਂ ਅਤੇ ਨੋਟਾਂ ਦਾ ਭੰਡਾਰ ਇਕੱਠਾ ਕਰਨ ਵਿਚ ਜੁਟਿਆ ਹੋਇਆ ਹੈ। ਪੂਰੇ ਸਕੂਲ ਵਿਚ ਉਹ ਇਕੱਲਾ ਬੱਚਾ ਸੀ, ਜੋ ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ ਸੀ।
                    ਆਮ ਬੱਚਿਆਂ ਨਾਲ ਸਕੂਲ ਦੇ ਕਲਾਸ ਰੂਮ ਵਿਚ ਬੈਠ ਕੇ ਉਸ ਨੇ ਹਰ ਅਧਿਆਪਕ ਨੂੰ ਇਸ਼ਾਰੇਨੁਮਾ ਭਾਸ਼ਾ ਵਿਚ ਸੁਆਲ ਵੀ ਕੀਤੇ ਅਤੇ ਅਧਿਆਪਕਾਂ ਦੇ ਬੁੱਲ•ਾਂ ਦੀ ਭਾਸ਼ਾ ਪੜ• ਕੇ ਉਸ ਨੇ ਦੂਸਰੇ ਬੱਚਿਆਂ ਨੂੰ ਪਿਛਾਂਹ ਛੱਡ ਦਿੱਤਾ। ਹੁਣ ਉਹ ਕਾਲਜ ਦੇ ਵਿਦਿਆਰਥੀਆਂ ਨਾਲ ਲੋਹਾ ਲੈਣ ਦੀ ਤਿਆਰੀ ਵਿਚ ਹੈ।ਆਲ ਇੰਡੀਆ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਨੇ ਯਸ਼ਵੀਰ ਦੇ ਹੁਨਰ ਤੇ ਪ੍ਰਾਪਤੀ ਨੂੰ ਵੇਖ ਕੇ 3 ਮਈ 2009 ਨੂੰ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਨਵੀਂ ਦਿੱਲੀ ਵਿਚ ਦੇਸ਼ ਭਰ ਚੋਂ ਆਏ 10 ਬੱਚਿਆਂ ਵਿਚ ਯਸ਼ਵੀਰ ਵੀ ਸ਼ਾਮਲ ਸੀ ਜਿਸ ਨੂੰ ਕਮੇਟੀ ਦੇ ਪ੍ਰਧਾਨ ਪਦਮ ਸ੍ਰੀ ਜੀ.ਪੀ.ਚੋਪੜਾ ਜੋ ਹੁਣ ਨਹੀਂ ਰਹੇ, ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਪਹਿਲਾਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਹੁਣ ਉਸ ਨੂੰ ਸਿੱਖਿਆ ਵਿਭਾਗ ਨੇ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। ਯਸ਼ਵੀਰ ਕਈ ਸੂਬਿਆਂ ਵਿਚ ਘੁੰਮ ਚੁੱਕਾ ਹੈ ਅਤੇ ਉਸ ਨੇ ਕਦੇ ਵੀ ਆਪਣੇ ਆਪ ਨੂੰ ਅਧੂਰਾ ਨਹੀਂ ਸਮਝਿਆ। ਉਸ ਦੇ ਬਹੁਤ ਸਾਰੇ ਦੋਸਤ ਹਨ ਅਤੇ ਉਸ ਦਾ ਇੱਕ ਛੋਟਾ ਭਰਾ ਵੰਸ਼ ਗੋਇਲ ਹੈ ਜਿਸ ਲਈ ਉਹ ਚਾਨਣ ਮੁਨਾਰਾ ਹੈ। ਉਹ ਆਧੁਨਿਕ ਤਕਨੀਕਾਂ ਨੂੰ ਉਂਗਲਾਂ ਤੇ ਘੁੰਮਾ ਦਿੰਦਾ ਹੈ ਅਤੇ ਹਾਈਟੈਕ ਜ਼ਮਾਨੇ ਦਾ ਉਹ ਵੀ ਅਗਲੇਰਾ ਹੁਨਰਬਾਜ ਹੈ। ਪਿਤਾ ਚੰਦਰ ਪ੍ਰਕਾਸ਼ ਆਖਦਾ ਹੈ ਕਿ ਗੂੰਗੇ ਬੋਲੇ ਬੱਚਿਆਂ ਨੂੰ ਅਲਹਿਦਾ ਸਮਾਜ ਵਿਚ ਭੇਜਣ ਦੀ ਸੋਚ ਨੂੰ ਮੋੜਾ ਦੇਣ ਦੀ ਲੋੜ ਹੈ। ਉਨ•ਾਂ ਨੂੰ ਤਰਸ ਦੀ ਨਹੀਂ, ਮੁੱਖ ਧਾਰਾ ਦੇ ਸਮਾਜ ਵਿਚ ਹਿੱਸੇਦਾਰੀ ਦੀ ਜਰੂਰਤ ਹੈ। ਹਰ ਖੇਤਰ ਵਿਚ ਉਨ•ਾਂ ਨੂੰ ਬਣਦੀ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਵਰਗੇ ਹੋਰਨਾਂ ਲਈ ਕੁਝ ਬਿਹਤਰ ਸਿਰਜ ਸਕਣ।
        

Thursday, June 16, 2016

                           ਨੌਕਰੀ ਘੁਟਾਲਾ 
   ਉਮੀਦਵਾਰਾਂ ਨੂੰ ਦਿਵਾਏ ਜਹਾਜ਼ਾਂ ਦੇ ਝੂਟੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨੌਕਰੀ ਘੁਟਾਲੇ ਵਿਚ ਆਏ ਉਮੀਦਵਾਰਾਂ ਨੂੰ  'ਵਾਇਆ ਏਅਰ' ਸਫਰ ਕਰਾਇਆ ਜਾਂਦਾ ਸੀ ਤਾਂ ਜੋ ਕਿਸੇ ਨੂੰ ਪੇਪਰ ਲੀਕ ਦੀ ਭਿਣਕ ਨਾ ਪੈ ਸਕੇ। ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ ਡੱਡੀ ਤਰਫੋਂ ਵੀ ਉਮੀਦਵਾਰਾਂ ਨੂੰ 'ਵਾਇਆ ਏਅਰ' ਸਫਰ ਦੀ ਸਹੂਲਤ ਦਿੱਤੀ ਗਈ ਸੀ। ਵਿਜੀਲੈਂਸ ਦੀ ਪੜਤਾਲ ਇਹ ਗੱਲ ਬੇਪਰਦ ਹੋਈ ਹੈ ਕਿ ਜਿਨ•ਾਂ ਉਮੀਦਵਾਰਾਂ ਤੋਂ ਪੈਸਾ ਲਿਆ ਜਾਂਦਾ ਸੀ, ਉਨ•ਾਂ ਨੂੰ ਪੰਜਾਬ ਚੋਂ ਸੜਕੀ ਰਸਤੇ ਲਖਨਊ ਲਿਜਾਇਆ ਜਾਂਦਾ ਸੀ। ਲਖਨਊ ਵਿਚ ਇਨ•ਾਂ ਨੂੰ ਪੇਪਰ ਦਿੱਤਾ ਜਾਂਦਾ ਸੀ ਤੇ ਤਿਆਰੀ ਕਰਾਈ ਜਾਂਦੀ ਸੀ। ਲਿਖਤੀ ਪ੍ਰੀਖਿਆ ਤੋਂ ਐਨ ਪਹਿਲਾਂ ਉਮੀਦਵਾਰਾਂ ਨੂੰ ਲਖਨਊ ਤੋਂ 'ਵਾਇਆ ਏਅਰ' ਲਿਆਂਦਾ ਜਾਂਦਾ ਸੀ ਤਾਂ ਜੋ ਪੇਪਰ ਲੀਕੀਜ ਦਾ ਪਰਦਾ ਬਣਿਆ ਰਹੇ। ਅਹਿਮ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਕੋਲ ਮਲੋਟ ਦੇ ਅਮਿਤ ਸਾਗਰ ਜੋ ਕਿ ਕੌਂਸਲਰ ਡੱਡੀ ਦੇ ਪੀ.ਏ ਵਜੋਂ ਵਿਚਰਦਾ ਸੀ, ਨੇ ਵੀ ਇਹ ਗੱਲ ਕਬੂਲੀ ਸੀ। ਮਲੋਟ ਤੋਂ ਵੀ ਕਈ ਉਮੀਦਵਾਰ ਸੜਕੀ ਅਤੇ ਰੇਲ ਰਸਤੇ ਲਖਨਊ ਗਏ ਸਨ ਅਤੇ ਉਧਰੋਂ ਲਖਨਊ ਤੋਂ ਉਹ ਪ੍ਰੀਖਿਆ ਤੋਂ ਪਹਿਲਾਂ 'ਵਾਇਆ ਏਅਰ' ਪੁੱਜੇ ਸਨ। ਵਿਜੀਲੈਂਸ ਤਰਫੋਂ ਹਵਾਈ ਟਿਕਟਾਂ ਅਤੇ ਸਫਰ ਦੀ ਛਾਣਬੀਣ ਵੀ ਕੀਤੀ ਗਈ ਹੈ। ਵਿਜੀਲੈਂਸ ਨੂੰ ਪੁਸ਼ਟੀ ਹੋਈ ਹੈ ਕਿ ਪੈਸੇ ਦੀ ਅਗਾਊ ਅਦਾਇਗੀ ਮਲੋਟ ਵਿਚ ਹੁੰਦੀ ਰਹੀ ਹੈ। ਸਥਾਨਿਕ ਸਰਕਾਰਾਂ ਵਿਭਾਗ,ਪਨਸਪ ਅਤੇ ਪੂਡਾ ਵਿਚ ਕਾਫੀ ਉਮੀਦਵਾਰ ਮਾਲਵਾ ਖਿੱਤੇ ਦੇ ਨੌਕਰੀ ਲੈਣ ਵਿਚ ਸਫਲ ਹੋਏ ਹਨ। ਕਈ ਉਮੀਦਵਾਰਾਂ ਨੇ ਮੰਨਿਆ ਕਿ ਉਨ•ਾਂ ਨੇ ਪਹਿਲੀ ਦਫਾ ਹੀ 'ਹਵਾਈ ਸਫਰ' ਕੀਤਾ ਸੀ।
                       ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਹੁਣ ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਦੀਆਂ ਛੁਪਣਗਾਹਾਂ ਦੀ ਸਨਾਖਤ ਕਰ ਲਈ ਹੈ ਜਿਨ•ਾਂ ਨੇ ਸੂਹੀਏ ਨਜ਼ਰਸਾਨੀ ਕਰ ਰਹੇ ਹਨ। ਜਦੋਂ ਵੀ ਉਪਰੋਂ ਝੰਡੀ ਮਿਲੀ ਤਾਂ ਵਿਜੀਲੈਂਸ ਡੱਡੀ ਨੂੰ ਗ੍ਰਿਫਤਾਰ ਕਰਨ ਲਈ ਫੌਰੀ ਕਾਰਵਾਈ ਵਿਚ ਜੁੱਟੇਗੀ। ਕੈਪਟਨ ਅਮਰਿੰਦਰ ਦੇ 18 ਜੂਨ ਦੇ ਲੰਬੀ ਧਰਨੇ ਕਾਰਨ ਵੀ ਵਿਜੀਲੈਂਸ ਕਾਫੀ ਸਰਗਰਮ ਹੋ ਗਈ ਹੈ। ਵਿਜੀਲੈਂਸ ਟੀਮਾਂ ਨੇ ਅੱਜ ਬਠਿੰਡਾ ਦੇ ਤਿੰਨ ਉਮੀਦਵਾਰਾਂ ਦੇ ਘਰਾਂ ਤੇ ਛਾਪੇ ਮਾਰੇ ਹਨ ਪ੍ਰੰਤੂ ਛਾਪਿਆਂ ਤੋਂ ਪਹਿਲਾਂ ਹੀ ਇਹ ਉਮੀਦਵਾਰ ਫਰਾਰ ਹੋ ਗਏ ਹਨ। ਪਤਾ ਲੱਗਾ ਹੈ ਕਿ ਦਰਜਨਾਂ ਹੋਰ ਉਮੀਦਵਾਰ ਵੀ ਹਨ ਜੋ ਵਿਜੀਲੈਂਸ ਦੇ ਡਰੋਂ ਇੱਧਰ ਉਧਰ ਹੋ ਗਏ ਹਨ। ਟੀਮ ਨੇ ਅੱਜ ਤਲਵੰਡੀ ਸਾਬੋ ਦੇ ਹਰਮਨਜੋਤ ਸਿੰਘ ਪੁੱਤਰ ਜਗਜੀਤ ਸਿੰਘ ਦੇ ਘਰ ਛਾਪਾ ਮਾਰਿਆ ਪ੍ਰੰਤੂ ਅਸਫਲਤਾ ਮਿਲੀ। ਹਰਮਨਜੋਤ ਸਿੰਘ ਸਥਾਨਿਕ ਸਰਕਾਰਾਂ ਵਿਭਾਗ ਵਿਚ ਐਸ.ਡੀ.ਓ ਭਰਤੀ ਹੋਇਆ ਹੈ। ਬਠਿੰਡਾ ਦੀ ਅਗਰਵਾਲ ਕਲੋਨੀ ਦੇ ਕਪਲ ਗਰਗ ਪੁੱਤਰ ਚਮਨ ਲਾਲ ਦੇ ਘਰ ਵੀ ਛਾਪਾ ਮਾਰਿਆ ਪ੍ਰੰਤੂ ਉਹ ਵੀ ਹੱਥ ਨਹੀਂ ਆਇਆ। ਇਵੇਂ ਹੀ ਵਿਜੀਲੈਂਸ ਨੇ ਸਥਾਨਿਕ ਪਰਸ ਰਾਮ ਨਗਰ ਦੇ ਰੌਬਿਨ ਗੋਇਲ ਪੁੱਤਰ ਸੁਰਿੰਦਰ ਦੇ ਘਰ ਛਾਪਾ ਮਾਰਿਆ ਪ੍ਰੰਤੂ ਉਹ ਵੀ ਹੱਥ ਨਹੀਂ ਲੱਗਾ। ਰੌਬਿਨ ਗੋਇਲ ਅਤੇ ਕਪਲ ਗਰਗ ਪਨਸਪ ਵਿਚ ਸੀਨੀਅਰ ਸਹਾਇਕ ਭਰਤੀ ਹੋਏ ਹਨ।
                    ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਦੇ ਸਬੰਧ ਵਿਚ ਤਿੰਨ ਕੇਸ ਦਰਜ ਕੀਤੇ ਹਨ ਜਿਨ•ਾਂ ਵਿਚ ਹੁਣ ਤੱਕ 15 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਨੇ ਅੱਜ ਤਹਿਸੀਲਦਾਰ ਬਠਿੰਡਾ ਦੇ ਰੀਡਰ ਭਾਰਤ ਭੂਸ਼ਨ ਦੀ ਚੰਡੀਗੜ• ਵਿਚ ਪੁੱਛਗਿੱਛ ਕੀਤੀ ਹੈ ਜਿਸ ਖਿਲਾਫ ਹਾਲੇ ਕੋਈ ਕੇਸ ਦਰਜ ਨਹੀਂ ਹੈ। ਉਨ•ਾਂ ਨੂੰ ਸਿਰਫ ਪੁੱਛਗਿੱਛ ਵਾਸਤੇ ਹੀ ਸੱਦਿਆ ਗਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਦੇ ਦਲਾਲਾਂ ਦਾ ਪਿਛਾ ਕੀਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿਚ ਵਿਜੀਲੈਂਸ ਕਿਸੇ ਵੱਡੇ ਨੂੰ ਵੀ ਹੱਥ ਪਾ ਸਕਦੀ ਹੈ ਬਸ਼ਰਤੇ ਕਿ ਸਰਕਾਰ ਇਸ਼ਾਰਾ ਕਰੇ। ਇਸ ਮਾਮਲੇ ਤੇ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਟਿੱਪਣੀ ਨਾ ਕੀਤੀ।
                                      ਵਿਜੀਲੈਂਸ ਵਲੋਂ ਅਕਾਲੀ ਕੌਂਸਲਰ ਡੱਡੀ ਦੀ ਘੇਰਾਬੰਦੀ ਸ਼ੁਰੂ
ਵਿਜੀਲੈਂਸ ਪੰਜਾਬ ਨੇ ਹੁਣ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਅਫਸਰਾਂ ਨੇ ਬਠਿੰਡਾ ਜ਼ਿਲ•ੇ ਵਿਚੋਂ ਤਿੰਨ ਉਮੀਦਵਾਰ ਹਿਰਾਸਤ ਵਿਚ ਲਏ ਹਨ ਜਦੋਂ ਕਿ ਇੱਕ ਹੋਰ ਉਮੀਦਵਾਰ ਫਰਾਰ ਹੋ ਗਿਆ ਹੈ। ਇਨ•ਾਂ ਚਾਰੇ ਉਮੀਦਵਾਰਾਂ ਨੇ ਮੋਟੀ ਰਿਸ਼ਵਤ ਦੇ ਕੇ ਨੌਕਰੀਆਂ ਹਾਸਲ ਕੀਤੀਆਂ ਹਨ ਅਤੇ ਇਨ•ਾਂ ਉਮੀਦਵਾਰਾਂ ਦੇ ਤਾਰ ਵੀ ਅਕਾਲੀ ਕੌਂਸਲਰ ਡੱਡੀ ਨਾਲ ਜੁੜਨ ਲੱਗੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਹੁਣ ਕੈਪਟਨ ਅਮਰਿੰਦਰ ਦੇ 18 ਜੂਨ ਦੇ ਲੰਬੀ ਵਾਲੇ ਧਰਨੇ ਤੋਂ ਪਹਿਲਾਂ ਪਹਿਲਾਂ ਕੋਈ ਵੱਡਾ ਧਮਾਕਾ ਕਰਨ ਦੇ ਮੂਡ ਵਿਚ ਹੈ। ਇੰਜ ਜਾਪਦਾ ਹੈ ਕਿ ਸਰਕਾਰ ਅਕਾਲੀ ਕੌਂਸਲਰ ਨੂੰ ਧਰਨੇ ਤੋਂ ਪਹਿਲਾ ਗ੍ਰਿਫ਼ਤਾਰ ਕਰੇਗੀ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਨੌਕਰੀ ਘੁਟਾਲੇ ਦੇ ਸਬੰਧ ਵਿਚ ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ ਡੱਡੀ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ ਜਿਸ ਵਾਰੇ ਉਸ ਦੇ ਪ੍ਰਾਈਵੇਟ ਪੀ.ਏ ਅਮਿਤ ਸਾਗਰ ਨੇ ਅਹਿਮ ਖ਼ੁਲਾਸੇ ਕੀਤੇ ਸਨ। ਵਿਜੀਲੈਂਸ ਅਨੁਸਾਰ ਕੌਂਸਲਰ ਡੱਡੀ ਵਲੋਂ ਮੋਟੀਆਂ ਰਕਮਾਂ ਲੈ ਕੇ ਨੌਕਰੀਆਂ ਦਿਵਾਏ ਦੀ ਮੁੱਖ ਭੂਮਿਕਾ ਨਿਭਾਈ ਗਈ ਹੈ ਅਤੇ ਡੱਡੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਤੇ ਅਹਿਮ ਨੇਤਾ ਨਾਲ ਨੇੜਤਾ ਹੈ। ਪਿਛਲੇ ਕੁਝ ਦਿਨਾਂ ਤੋਂ ਵਿਜੀਲੈਂਸ ਨੇ ਡੱਡੀ ਖ਼ਿਲਾਫ਼ ਨਰਮੀ ਵਰਤਣੀ ਸ਼ੁਰੂ ਕਰ ਦਿੱਤੀ ਸੀ ਪ੍ਰੰਤੂ ਹੁਣ ਸਿਆਸੀ ਤੌਰ ਤੇ ਮਾਮਲਾ ਭਖਣ ਕਰਕੇ ਵਿਜੀਲੈਂਸ ਨੇ ਮੁੜ ਰਫਤਾਰ ਫੜ ਲਈ ਹੈ। ਵਿਜੀਲੈਂਸ ਅਫਸਰ ਹੁਣ ਕੌਂਸਲਰ ਡੱਡੀ ਦੇ ਦੁਆਲੇ ਜਾਲ ਬੁਣਨ ਵਿਚ ਡਟ ਗਏ ਹਨ।
                   ਵੇਰਵਿਆਂ ਅਨੁਸਾਰ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਤਲਵੰਡੀ ਸਾਬੋ ਦੇ ਪ੍ਰਵੀਨ ਕੁਮਾਰ ਪੁੱਤਰ ਮੋਹਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਮੌੜ ਮੰਡੀ ਵਿਖੇ ਪਨਸਪ ਇੰਸਪੈਕਟਰ ਵਜੋਂ ਤਾਇਨਾਤ ਸੀ। ਵਿਜੀਲੈਂਸ ਨੇ ਬਠਿੰਡਾ ਦੇ ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਾਂਸਲ ਉਰਫ ਬੱਬੂ ਦੇ ਲੜਕੇ ਗੌਰਵ ਬਾਂਸਲ ਨੂੰ ਵੀ ਹਿਰਾਸਤ ਵਿਚ ਲਿਆ ਹੈ ਜਿਸ ਦਾ ਪੂਡਾ ਵਿਚ ਜੇ.ਈ ਦੀ ਸੂਚੀ ਵਿਚ ਨਾਮ ਹੈ। ਇਵੇਂ ਹੀ ਪੂਡਾ ਵਿਚ ਜੇ.ਈ ਵਜੋਂ ਭਰਤੀ ਹੋਏ ਪਿੰਡ ਗੁਲਾਬਗੜ ਦੇ ਗੁਰਸੇਵਕ ਸਿੰਘ ਨੂੰ ਵੀ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਦੇ ਹੱਥ ਬਠਿੰਡਾ ਦਾ ਵਸਨੀਕ ਭਰਤ ਕਾਕੜੀਆ ਨਹੀਂ ਆ ਸਕਿਆ ਜੋ ਕਿ ਪੂਡਾ ਵਿਚ ਜੇ.ਈ ਭਰਤੀ ਹੋਇਆ ਹੈ। ਉਸ ਦੇ ਭਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਨੌਕਰੀ ਘੁਟਾਲੇ ਵਿਚ ਚਾਰ ਹੋਰ ਨਵੇਂ ਨਾਮ ਜੁੜ ਗਏ ਹਨ। ਸੂਤਰ ਦੱਸਦੇ ਹਨ ਕਿ ਇਨ•ਾਂ ਉਮੀਦਵਾਰਾਂ ਦੀ ਵੀ ਕੌਂਸਲਰ ਡੱਡੀ ਨਾਲ ਤਾਰ ਜੁੜ ਰਹੀ ਹੈ। ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਾਂਸਲ ਦਾ ਕਹਿਣਾ ਸੀ ਕਿ ਵਿਜੀਲੈਂਸ ਨੇ ਅੱਜ ਸਵੇਰ ਵਕਤ ਉਸ ਦੇ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ। ਉਨ•ਾਂ ਆਖਿਆ ਕਿ ਪੂਡਾ ਦਾ ਤਾਂ ਹਾਲੇ ਨਤੀਜਾ ਵੀ ਨਹੀਂ ਆਇਆ ਹੈ ਅਤੇ ਨਾ ਹੀ ਉਨ•ਾਂ ਨੇ ਕੋਈ ਲਾਭ ਲਿਆ ਹੈ ਪ੍ਰੰਤੂ ਫਿਰ ਵੀ ਵਿਜੀਲੈਂਸ ਨੇ ਪਤਾ ਨਹੀਂ ਕਿਉਂ ਏਦਾ ਕੀਤਾ ਹੈ। ਉਨ•ਾਂ ਆਖਿਆ ਕਿ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਹੈ। ਦੂਸਰੀ ਤਰਫ਼ ਵਿਜੀਲੈਂਸ ਦੇ ਅਧਿਕਾਰੀ ਵੀ ਇਸ ਮਾਮਲੇ ਤੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਹਨ।
                  ਇਸ ਮਾਮਲੇ ਵਿਚ ਕੌਂਸਲਰ ਡੱਡੀ ਦੇ ਪਰਿਵਾਰ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਅਹਿਮ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੂੰ ਗੁਪਤ ਹਦਾਇਤਾਂ ਹਨ ਕਿ ਕੈਪਟਨ ਦੇ ਲੰਬੀ ਧਰਨੇ ਤੋਂ ਪਹਿਲਾਂ ਪਹਿਲਾਂ ਕਿਸੇ ਵੱਡੇ ਦੀ ਗ੍ਰਿਫਤਾਰੀ ਕੀਤੀ ਜਾਵੇ। ਅੰਦਾਜ਼ੇ ਹਨ ਕਿ ਕੌਂਸਲਰ ਡੱਡੀ ਦੀ ਗ੍ਰਿਫਤਾਰੀ ਹੋ ਸਕਦੀ ਹੈ।

Tuesday, June 14, 2016

                             ਗੁਪਤ ਫਰਮਾਨ
        ਹੁਣ ਸਰਪੰਚ ਦੇਣਗੇ ਵੱਡੀ 'ਕੁਰਬਾਨੀ'
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਹੁਣ ਗੁਪਤ ਤੌਰ ਤੇ ਦਰਿਆਈ ਪਾਣੀਆਂ ਦੇ ਮਾਮਲੇ ਤੇ ਅਖਾੜਾ ਭਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਪੰਚਾਇਤਾਂ ਨੂੰ ਵੱਡੀ ਕੁਰਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਪੰਚਾਇਤਾਂ ਨੂੰ ਜੁਬਾਨੀ ਹੁਕਮ ਕੀਤੇ ਗਏ ਹਨ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਮੁੱਦੇ ਤੇ ਪੰਚਾਇਤੀ ਮਤੇ ਪਾਸ ਕਰਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਦੋ ਸਫਿਆ ਦਾ ਲਿਖਤੀ ਮਤਾ ਪੰਚਾਇਤਾਂ ਨੂੰ ਵੰਡਿਆ ਗਿਆ ਹੈ ਜਿਸ ਮੁਤਾਬਿਕ ਪੰਚਾਇਤਾਂ ਮਤੇ ਪਾਸ ਕਰਨ ਵਿਚ ਜੁੱਟ ਗਈਆਂ ਹਨ। ਇਨ•ਾਂ ਮਤਿਆਂ ਨੂੰ ਸਿਆਸੀ ਪੁੱਠ ਵੀ ਚਾੜ•ੀ ਜਾ ਰਹੀ ਹੈ ਜਿਸ ਤਹਿਤ ਆਮ ਆਦਮੀ ਪਾਰਟੀ ਨੂੰ ਵੀ ਰਗੜਾ ਲਾਇਆ ਗਿਆ ਹੈ। ਸਰਕਾਰ ਨੇ 17 ਜੂਨ ਤੱਕ ਸਾਰੀਆਂ ਪੰਚਾਇਤਾਂ ਤੋਂ ਇਹ ਮਤੇ ਹਾਸਲ ਕਰਨੇ ਹਨ। ਅਹਿਮ ਸੂਤਰਾਂ ਅਨੁਸਾਰ ਪੰਜਾਬ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਅਤੇ ਜ਼ਿਲ•ਾ ਵਿਕਾਸ ਤੇ ਪੰਚਾਇਤਾਂ ਅਫਸਰਾਂ ਨੂੰ ਸ਼ੁੱਕਰਵਾਰ ਨੂੰ ਉੱਚ ਪੱਧਰੀ ਹੋਈ ਮੀਟਿੰਗ ਵਿਚ ਜ਼ਬਾਨੀ ਹਦਾਇਤਾਂ ਦਿੱਤੀਆਂ ਸਨ ਕਿ ਪੰਚਾਇਤਾਂ ਤੋਂ ਇੱਕ ਹਫਤੇ ਵਿਚ ਮਤੇ ਪਵਾਏ ਜਾਣ ਅਤੇ ਮਤਿਆਂ ਵਾਲੇ ਦੋ ਸਫ਼ੇ ਵੀ ਅਫਸਰਾਂ ਨੂੰ ਦੇ ਦਿੱਤੇ ਗਏ ਸਨ ਜਿਨ•ਾਂ ਮੁਤਾਬਿਕ ਹੁਣ ਮਤੇ ਪਵਾਏ ਜਾ ਰਹੇ ਹਨ। ਮਾਲਵਾ ਖ਼ਿੱਤੇ ਵਿਚ ਦੋ ਦਿਨਾਂ ਵਿਚ ਵੱਡੀ ਗਿਣਤੀ ਵਿਚ ਪੰਚਾਇਤਾਂ ਨੇ ਮਤੇ ਪਾਸ ਵੀ ਕਰ ਦਿੱਤੇ ਹਨ। ਹਰ ਪੰਚਾਇਤ ਵਲੋਂ ਇਹ ਵੀ ਲਿਖਿਆ ਜਾ ਰਿਹਾ ਹੈ ਕਿ ‘ਪੰਜਾਬ ਦੇ ਪਾਣੀਆਂ ਦਾ ਫੈਸਲਾ ਕੇਵਲ ਰਾਈਪੇਰੀਅਨ ਸਿਧਾਂਤ ਅਨੁਸਾਰ ਕਰਵਾਉਣ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਾਂ’ ।
                    ਪੰਚਾਇਤਾਂ ਵਲੋਂ ਮਤਿਆਂ ਵਿਚ ਪੰਜਾਬ ਦੇ ਖੁਰਾਕ ਭੰਡਾਰ ਵਿਚਲੇ ਯੋਗਦਾਨ ਅਤੇ ਪਾਣੀਆਂ ਦੇ ਮਾਮਲੇ ਤੇ ਪੰਜਾਬ ਨਾਲ ਹੁੰਦੀ ਆ ਰਹੀ ਬੇਇਨਸਾਫ਼ੀ ਤੋਂ ਇਲਾਵਾ ਪੰਜਾਬ ਵਿਰੁਧ ਬੇਇਨਸਾਫ਼ੀ ਵਾਲਾ ਕੋਈ ਵੀ ਫੈਸਲਾ ਮਨਜ਼ੂਰ ਨਾ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਸਭ ਮਤਿਆਂ ਦੀ ਇੱਕੋ ਭਾਸ਼ਾ ਹੈ ਜਿਸ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਦਰਿਆਈ ਪਾਣੀਆਂ ਦੇ ਮਸਲੇ ਰਾਈਪੇਰੀਅਨ ਸਿਧਾਂਤ ਅਧੀਨ ਕਰਨ ਦੀ ਅਪੀਲ ਵੀ  ਕੀਤੀ ਗਈ ਹੈ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਸ੍ਰੀ ਅਰੁਣ ਜਿੰਦਲ ਦਾ ਕਹਿਣ ਸੀ ਕਿ ਪੰਚਾਇਤਾਂ ਸਵੈ ਇੱਛਾ ਅਨੁਸਾਰ ਮਤੇ ਪਾਸ ਕਰ ਰਹੀਆਂ ਹਨ ਜਿਨ•ਾਂ ਨੂੰ ਬੁਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪੰਚਾਇਤਾਂ ਵਲੋਂ 17 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਤੇ ਮੰਗ ਪੱਤਰ ਦਿੱਤਾ ਜਾਵੇਗਾ ਪੰਚਾਇਤਾਂ ਵਲੋਂ ਪਾਏ ਮਤਿਆਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਾਇਆ ਜਾ ਰਿਹਾ ਹੈ। ਮਤਿਆਂ ਵਿਚ ਲਿਖਿਆ ਜਾ ਰਿਹਾ ਹੈ ਕਿ ‘ ਅਸੀਂ ਦਿੱਲੀ ਦੀ ਸੂਬਾਈ ਸਰਕਾਰ ਵਲੋਂ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਅਤੇ ਜ਼ਿੰਦਗੀ ਮੌਤ ਦੇ ਇਸ ਮਸਲੇ ਉੱਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਣ ਲਈ ਵਰਤੇ ਜਾ ਰਹੇ ਹੱਥ ਕੰਢਿਆਂ ਦੀ ਭਰਪੂਰ ਨਿਖੇਧੀ ਕਰਦੇ ਹਾਂ’।  ਪੰਚਾਇਤੀ ਮਤਿਆਂ ਦੇ ਅਖੀਰ ਵਿਚ ਪੰਜਾਬ ਦੁਸ਼ਮਣ ਅਤੇ ਕਿਸਾਨ ਵਿਰੋਧੀਆਂ ਵਿਅਕਤੀਆਂ ਤੇ ਸੰਗਠਨਾਂ ਨੂੰ ਪੰਜਾਬੀਆਂ ਦੇ ਜਜ਼ਬਾਤਾਂ ਅਤੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰਨ ਪ੍ਰਤੀ ਵੀ ਸੁਚੇਤ ਕੀਤਾ ਗਿਆ ਹੈ।
                 ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਸ੍ਰੀ ਨਵਲ ਰਾਮ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਪੰਚਾਇਤਾਂ ਖੁਦ ਮਤੇ ਪਾ ਰਹੀਆਂ ਹਨ ਅਤੇ ਬੀ.ਡੀ.ਪੀ.ਓਜ ਰਾਹੀਂ ਇਹ ਮਤੇ ਇਕੱਠੇ ਕੀਤੇ ਜਾਣਗੇ। ਪੰਜਾਬੀ ਟ੍ਰਿਬਿਊਨ ਨੂੰ ਕਈ ਸਰਪੰਚਾਂ ਨੇ ਦੱਸਿਆ ਕਿ ਉਨ•ਾਂ ਨੇ ਮਤੇ ਪਾਸ ਕਰਕੇ ਵਿਭਾਗੀ ਅਫਸਰਾਂ ਨੂੰ ਦੇ ਦਿੱਤੇ ਹਨ। ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ ਦਾ ਪ੍ਰਤੀਕਰਮ ਸੀ ਕਿ ਪਾਣੀਆਂ ਤੇ ਪੰਜਾਬ ਦਾ ਪੂਰਨ ਹੱਕ ਹੈ ਅਤੇ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ ਪ੍ਰੰਤੂ ਸਰਕਾਰ  ਪੰਚਾਇਤੀ ਮਤੇ ਪਵਾ ਕੇ ਸਿਰਫ਼ ਸਿਆਸਤ ਖੇਡ ਰਹੀ ਹੈ। ਇਨ•ਾਂ ਮਤਿਆਂ ਰਾਹੀਂ ਵਿਰੋਧੀਆਂ ਖ਼ਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਦਰਿਆਈ ਪਾਣੀਆਂ ਦੇ ਮਾਮਲੇ ਤੇ ਆਪਣਾ ਪੱਖ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਇਸ ਮੁੱਦੇ ਨੂੰ ਭਖਾ ਕੇ ਵੋਟਾਂ ਦੀ ਭਰਪੂਰ ਫਸਲ ਵੀ ਲੈਣਾ ਚਾਹੁੰਦੀ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦਾ ਵੁਆਇਸ ਸੁਨੇਹਾ ਵੀ ਸਰਪੰਚਾਂ ਨੂੰ ਮੋਬਾਇਲ ਫੋਨਾਂ ਤੇ ਮਿਲਣ ਲੱਗਾ ਹੈ ਜਿਸ ਵਿਚ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ਤੇ ਸਰਪੰਚਾਂ ਨੂੰ ਅਪੀਲ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹਰ ਜ਼ਿਲ•ੇ ਵਿਚ ਪੰਚਾਇਤਾਂ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਪੰਚਾਇਤੀ ਮਤੇ ਸੌਂਪੇ ਜਾਣਗੇ ਜੋ ਅੱਗੇ ਇਹ ਮਤੇ ਸਰਕਾਰ ਨੂੰ ਭੇਜਣਗੇ।
                                  ਸਵੈ ਇੱਛਾ ਨਾਲ ਮਤੇ ਪੈ ਰਹੇ ਹਨ : ਡਾਇਰੈਕਟਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਖਜੀਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਪੰਚਾਇਤਾਂ ਨੂੰ ਹਫਤੇ ਵਿਚ ਮਤੇ ਪਾਉਣ ਲਈ ਆਖਿਆ ਗਿਆ ਹੈ ਅਤੇ ਪੰਚਾਇਤਾਂ ਵਲੋਂ ਇਹ ਮਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ। ਉਨ•ਾਂ ਇਸ ਗੱਲੋਂ ਇਨਕਾਰ ਕੀਤਾ ਕਿ ਪੰਚਾਇਤਾਂ ਨੂੰ ਦੋ ਸਫਿਆ ਤੇ ਅਗਾਊ ਮਤੇ ਲਿਖ ਕੇ ਦਿੱਤੇ ਗਏ ਹਨ। ਉਨ•ਾਂ ਆਖਿਆ ਕਿ ਕੋਈ ਲਿਖਤੀ ਨਹੀਂ ਬਲਕਿ ਜ਼ਬਾਨੀ ਹੁਕਮ ਕਰਕੇ ਪੰਚਾਇਤਾਂ ਨੂੰ ਸਵੈ ਇੱਛਾ ਨਾਲ ਮਤੇ ਪਾਉਣ ਲਈ ਆਖਿਆ ਹੈ। 

Monday, June 13, 2016

                               ਕਿਰਤ ਨੂੰ ਸਲਾਮ
        ਬੇਲਦਾਰ ਬਣਿਆ ਪੀ.ਸੀ.ਐਸ ਅਫਸਰ
                                ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਕੋਟਫੱਤਾ ਦਾ ਬੇਲਦਾਰ ਹੁਣ ਪੀ.ਸੀ.ਐਸ ਅਫਸਰ ਬਣ ਗਿਆ ਹੈ। ਜਦੋਂ ਗੁਰਬਤ ਨੇ ਉਸ ਦੇ ਰਾਹ ਰੋਕੇ ਤਾਂ ਉਸ ਨੇ ਨਵੇਂ ਰਾਹ ਬਣਾ ਲਏ। ਜ਼ਿੰਦਗੀ ਨੇ ਹਰ ਮੌੜ ਤੇ ਪਰਖਿਆ ਪ੍ਰੰਤੂ ਉਸ ਨੇ ਹੌਸਲਾ ਨਾ ਹਾਰਿਆ। ਹੁਣ ਉਨ•ਾਂ ਪਲਾਂ ਨੂੰ ਕਿਵੇਂ ਭੁੱਲੇ ਜਦੋਂ ਫੀਸ ਨਾ ਤਾਰਨ ਕਰਕੇ ਉਸ ਨੂੰ ਛੇਵੀਂ ਕਲਾਸ ਚੋਂ ਹਟਣਾ ਪਿਆ ਸੀ। ਉਹ ਦਿਨ ਵੀ ਹਲੂਣਦਾ ਹੈ ਜਦੋਂ ਮਾਂ ਨੇ ਖੇਸ ਵੇਚ ਕੇ ਉਸ ਦੀ ਜੇਬ ਬੱਸ ਦਾ ਕਿਰਾਇਆ ਪਾਇਆ ਸੀ। ਕੋਟਫੱਤਾ ਦੇ ਗੋਪਾਲ ਸਿੰਘ ਨੇ ਜ਼ਿੰਦਗੀ ਨੂੰ ਆਪਣਾ ਜੇਰਾ ਦਿਖਾਇਆ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਦੋ ਦਿਨ ਪਹਿਲਾਂ ਪੀ.ਸੀ.ਐਸ (ਐਗਜੈਕਟਿਵ) ਦੇ ਐਲਾਨੇ ਨਤੀਜੇ ਵਿਚ ਗੋਪਾਲ ਸਿੰਘ ਨੇ ਰਜਿਸਟਰ ਏ-2 ਕੈਟਾਗਿਰੀ ਵਿਚ ਪੰਜਾਬ ਭਰ ਚੋਂ ਟਾਪ ਕੀਤਾ ਹੈ। ਕੋਟਫੱਤਾ ਦੇ ਮਜ਼ਦੂਰ ਬਾਪ ਬਾਬੂ ਸਿੰਘ ਦੀ ਖੁਸ਼ੀ ਨੂੰ ਅੱਜ ‘ਪਾਲ’ ਨੇ ਖੰਭ ਲਾ ਦਿੱਤੇ ਜਦੋਂ ਕਿ ਮਾਂ ਭੋਲੋ ਕੌਰ ਦਾ ਵਰਿ•ਆਂ ਪਹਿਲਾ ਵੇਚੇ ਖੇਸ ਨੇ ਉਲਾਂਭਾ ਲਾਹ ਦਿੱਤਾ। ਗੋਪਾਲ ਸਿੰਘ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਚੋਂ ਦਸਵੀਂ ਪਾਸ ਕੀਤੀ। ਉਸ ਮਗਰੋਂ ਵੀ ਉਸ ਨੂੰ ਗਰੀਬੀ ਪੈਰ ਪੈਰ ਤੇ ਟੱਕਰੀ। ਉਹ ਕਿਰਤ ਦਾ ਅਲਬੇਲਾ ਰਾਹੀਂ ਬਣ ਕੇ ਤੁਰਿਆ ਜਿਸ ਵਜੋਂ ਉਸ ਨੂੰ ਲੋਕ ਨਿਰਮਾਣ ਵਿਭਾਗ ਵਿਚ ਡੇਲੀ ਵੇਜ਼ ਬੇਲਦਾਰ ਬਣਨ ਦਾ ਮੌਕਾ ਮਿਲ ਗਿਆ। ਉਹ ਸੜਕਾਂ ਦੇ ਕਿਨਾਰੇ ਤਾਂ ਮਿੱਟੀ ਨਾਲ ਭਰਦਾ ਪ੍ਰੰਤੂ ਉਸ ਨੂੰ ਅੰਦਰੋਂ ਖਾਲੀਪਣ ਦਾ ਅਹਿਸਾਸ ਬੇਚੈਨ ਕਰੀ ਰੱਖਦਾ। ਕਦੇ ਅਫਸਰਾਂ ਨੂੰ ਦੇਖਦਾ ਤਾਂ ਸੁਪਨਿਆਂ ਦੇ ਜਗਤ ਵਿਚ ਗੁਆਚ ਜਾਂਦਾ।
                     ਉਸ ਨੇ ਨਾਲੋਂ ਨਾਲ ਪੜਾਈ ਜਾਰੀ ਰੱਖੀ। ਇੱਕ ਵਕਤ ਉਹ ਵੀ ਸੀ ਜਦੋਂ ਗੋਰਾਇਆ ਕਮੇਟੀ ਦੇ ਕਲਰਕ ਦੀ ਅਸਾਮੀ ਦੀ ਇੰਟਰਵਿਊ ਤੇ ਜਾਣ ਸਮੇਂ ਗੋਪਾਲ ਸਿੰਘ ਕੋਲ ਬੱਸ ਕਿਰਾਇਆ ਨਹੀਂ ਸੀ, ਮਾਂ ਨੇ ਖੇਸ ਵੇਚ ਕੇ ਕਿਰਾਏ ਦਾ ਪ੍ਰਬੰਧ ਕੀਤਾ। ਨੇੜਲੇ ਦੋਸਤਾਂ ਨੇ ਦੱਸਿਆ ਕਿ ਗੋਪਾਲ ਸਿੰਘ ਨੂੰ ਇੱਕ ਇੰਟਰਵਿਊ ਦੇਣ ਸਮੇਂ ਲੁਧਿਆਣਾ ਦੇ ਬੱਸ ਅੱਡੇ ਤੇ ਇੱਕ ਮੰਗਤੇ ਦੇ ਨਾਲ ਵਾਲੀ ਜਗ•ਾ ਤੇ ਰਾਤ ਕੱਟਣੀ ਪਈ ਸੀ। ਸਕੂਲੀ ਫੀਸਾਂ ਤਾਰਨ ਲਈ ਉਹ ਮਾਪਿਆ ਨਾਲ ਖੇਤਾਂ ਵਿਚ ਦਿਹਾੜੀ ਵੀ ਕਰਦਾ ਰਿਹਾ। ਉਸ ਦੀ ਮਿਹਨਤ ਤੇ ਸਿਰੜ ਨੇ ਹੌਸਲਾ ਟੁੱਟਣ ਨਾ ਦਿੱਤਾ। ਉਸ ਤੋਂ ਲੋਕ ਨਿਰਮਾਣ ਮਹਿਕਮੇ ਨੇ ਬੇਲਦਾਰੀ ਦੇ ਨਾਲ ਨਾਲ ਦਫਤਰੀ ਕੰਮ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਕੋਲ ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗਰਾਫੀ ਦੀ ਯੋਗਤਾ ਸੀ। ਉਸ ਦੀ ਸਾਲ 1986 ਵਿਚ ਇੱਕੋ ਵੇਲੇ ਜ਼ਿਲ•ਾ ਅਦਾਲਤਾਂ ਅਤੇ ਲੋਕ ਨਿਰਮਾਣ ਵਿਭਾਗ ਵਿਚ ਕਰਮਵਾਰ ਸਟੈਨੋ ਅਤੇ ਕਲਰਕ ਦੀ ਅਸਾਮੀ ਤੇ ਨਿਯੁਕਤੀ ਹੋ ਗਈ। ਲੋਕ ਨਿਰਮਾਣ ਵਿਚ ਕਲਰਕ ਲੱਗਣ ਮਗਰੋਂ ਜੂਨ 1993 ਵਿਚ ਉਹ ਐਸ.ਡੀ.ਐਮ ਦਫਤਰ ਤਲਵੰਡੀ ਸਾਬੋ ਵਿਚ ਬਤੌਰ ਸਟੈਨੋ ਨਿਯੁਕਤ ਹੋ ਗਿਆ। ਫਿਰ ਉਹ ਸੀਨੀਅਰ ਸਕੇਲ ਸਟੈਨੋਗਰਾਫਰ ਬਣਿਆ ਅਤੇ ਸਾਲ 2003 ਵਿਚ ਡਿਪਟੀ ਕਮਿਸ਼ਨਰ ਦੇ ਪੀ.ਏ ਵਜੋਂ ਨਿਯੁਕਤ ਹੋ ਗਿਆ। ਮਾਰਚ 2013 ਵਿਚ ਉਹ ਸੁਪਰਡੈਂਟ (ਮਾਲ) ਬਣ ਗਿਆ।
                    ਹੁਣ ਉਹ ਪੀ.ਸੀ.ਐਸ ਚੋਂ ਟਾਪਰ ਬਣਿਆ ਹੈ। ਉਸ ਨੇ ਨਾਲੋਂ ਨਾਲ ਐਮ.ਏ (ਪੰਜਾਬੀ,ਰਾਜਨੀਤੀ ਸ਼ਾਸਤਰ) ਅਤੇ ਐਮ.ਬੀ.ਏ ਕਰ ਲਈ ਸੀ। ਗੋਪਾਲ ਸਿੰਘ ਕਵਿਤਾ ਤੇ ਵਾਰਤਕ ਲਿਖਦਾ ਹੈ ਅਤੇ ਹਰ ਵੰਨਗੀ ਤੇ ਭਾਸ਼ਾ ਦਾ ਉਸ ਨੇ ਸਾਹਿਤ ਪੜਿਆ ਹੋਇਆ ਹੈ। ਉਨ•ਾਂ ਦੀ ਪਤਨੀ ਸੁਰਿੰਦਰ ਕੌਰ ਜੋ ਵਿਆਹ ਸਮੇਂ ਬਾਰਵੀਂ ਪਾਸ ਸੀ, ਹੁਣ ਐਮ.ਏ, ਬੀ.ਐਡ,ਯੂ.ਜੀ.ਸੀ ਅਤੇ ਟੈੱਟ ਪਾਸ ਕਰਨ ਮਗਰੋਂ ਸਰਕਾਰੀ ਰਜਿੰਦਰਾ ਕਾਲਜ ਵਿਚ ਸਹਾਇਕ ਪ੍ਰੋਫੈਸਰ ਹੈ। ਉਹ ਆਪਣੇ ਮਾਪਿਆ, ਪਤਨੀ, ਬੱਚਿਆਂ (ਮਿਰਾਜਇੰਦਰ ਤੇ ਨੂਰਇੰਦਰ) ਤੇ ਦੋਸਤਾਂ ਨੂੰ ਆਪਣੀ ਕਾਮਯਾਬੀ ਦਾ ਸਿਹਰਾ ਦਿੰਦਾ ਹੈ। ਸੇਵਾ ਮੁਕਤ ਆਮਦਨ ਕਰ ਕਮਿਸ਼ਨਰ ਬੀ.ਐਸ.ਰਤਨ ਨੂੰ ਆਪਣੇ ਮਾਰਗ ਦਰਸ਼ਕ ਮੰਨਦਾ ਹੈ। ਗੋਪਾਲ ਸਿੰਘ ਦੀ ਦਿਆਨਤਕਾਰੀ ਤੇ ਕਿਰਤ ਵਿਚ ਭਰੋਸਾ ਉਸ ਦੀ ਹਮੇਸ਼ਾ ਬਾਂਹ ਬਣਿਆ ਹੈ। ਉਹ ਆਖਦਾ ਹੈ ਕਿ ਪੇਂਡੂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਬੇਸਮਝ ਲੋਕਾਂ ਨੂੰ ਸੁਣਨਾ ਤੇ ਸਮਝਾਉਣਾ ਤੇ ਉਨ•ਾਂ ਦੀ ਤਕਲੀਫ ਦਾ ਨਿਵਾਰਨ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਹਮੇਸ਼ਾ ਨਿਸ਼ਾਨਾ ਰਿਹਾ ਹੈ। 

Sunday, June 12, 2016

                                  ਕਿਸਾਨ ਮੋਰਚਾ 
              ਸੜਕਾਂ ਤੇ ਰੁਲੇ ਖੇਤਾਂ ਦੇ ‘ਜਥੇਦਾਰ’
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚੇ ਵਿਚ ਖੇਤਾਂ ਦੇ ‘ਜਥੇਦਾਰ’ ਵਿਲਕ ਰਹੇ ਹਨ ਪ੍ਰੰਤੂ ਉਨ•ਾਂ ਦੀ ਕੋਈ ਸੁਣਨ ਵਾਲਾ ਨਹੀਂ। ਖੇਤ ਬਚਾਉਣ ਖਾਤਰ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਪੋਤਿਆਂ ਨੂੰ ਕਿਤੇ ਸੜਕਾਂ ਤੇ ਨਾ ਬੈਠਣਾ ਪਵੇ, ਇਹੋ ਉਮੀਦ ਨਾਲ ਉਹ ਵਰਿ•ਆਂ ਤੋਂ ਕਦੇ ਰੇਲ ਲਾਈਨਾਂ ਤੇ ਸਿਰ ਰੱਖਦੇ ਹਨ ਅਤੇ ਕਿਤੇ ਤਪਦੀਆਂ ਸੜਕਾਂ ਤੇ ਪੈਰ ਸਾੜਦੇ ਹਨ। ਦੋ ਦਹਾਕਿਆਂ ਤੋਂ ਉਹ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਹਨ। ਹੁਣ ਬਠਿੰਡਾ ਦਾ ਮੋਰਚਾ ਉਨ•ਾਂ ਲਈ ਪ੍ਰੀਖਿਆ ਤੋਂ ਘੱਟ ਨਹੀਂ। ਪੂਰੇ 19 ਦਿਨਾਂ ਤੋਂ ਇਹ ਕਿਸਾਨ ਮੋਰਚਾ ਚੱਲ ਰਿਹਾ ਹੈ। ਪੰਥਕ ਸਰਕਾਰ ਨੇ ਖੇਤਾਂ ਦੇ ਇਨ•ਾਂ ਜਥੇਦਾਰਾਂ ਵੱਲ ਜਰਾ ਵੀ ਕੰਨ ਨਹੀਂ ਕੀਤਾ। ਇੱਕ ਕਿਸਾਨ ਆਗੂ ਨੇ ਆਖਿਆ ਕਿ ਕੋਈ ਨੇਤਾ ਇੱਕ ਘੰਟਾ ਏਨੀ ਗਰਮੀ ਵਿਚ ਸੜਕ ਤੇ ਬੈਠ ਕੇ ਦਿਖਾਵੇ। ਅੱਜ ਕਿਸਾਨ ਆਗੂਆਂ ਨੇ ਬਠਿੰਡਾ ਪੁਲੀਸ ਵਲੋਂ ਬੇਰੁਜ਼ਗਾਰਾਂ ਤੇ ਕੀਤੀ ਲਾਠੀਚਾਰਜ ਦੀ ਨਿੰਦਾ ਕੀਤੀ। ਪਿੰਡ ਨੰਗਲਾ ਦਾ ਬਹੱਤਰ ਸਿੰਘ ਅੰਮ੍ਰਿਤਧਾਰੀ ਕਿਸਾਨ ਹੈ। ਜਦੋਂ ਟਰਾਈਡੈਂਟ ਘੋਲ ਚੱਲਿਆ ਤਾਂ 31 ਜਨਵਰੀ 2007 ਨੂੰ ਪੁਲੀਸ ਦੀ ਪਲਾਸਟਿਕ ਦੀ ਗੋਲੀ ਉਸ ਦੇ ਪੱਟ ਵਿਚ ਲੱਗੀ। ਪੁਲੀਸ ਦੀ ਇਹ ਗੋਲੀ ਅੱਜ ਵੀ ਉਸ ਦੇ ਸਰੀਰ ਵਿਚ ਹੈ। ਉਹ ਕਢਵਾ ਹੀ ਨਹੀਂ ਸਕਿਆ। ਉਹ ਬਠਿੰਡਾ ਤੇ ਬਰਨਾਲਾ ਜੇਲ• ਵਿਚ ਵੀ ਜਾ ਚੁੱਕਾ ਹੈ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮਹਿੰਦਰ ਸਿੰਘ ਰੋਮਾਣਾ ਵੀ ਅੰਮ੍ਰਿਤਧਾਰੀ ਕਿਸਾਨ ਹੈ। ਉਹ ਅੱਧੀ ਦਰਜਨ ਜੇਲ•ਾਂ ਵਿਚ ਜਾ ਚੁੱਕਾ ਹੈ।
                      ਉਸ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਜੇਲ• ਨਹੀਂ ,ਚੰਗੇ ਦਿਨ ਦਿਖਾਵੇ। ਜੇਲ•ਾਂ ਮਸਲੇ ਦੇ ਹੱਲ ਨਹੀਂ। ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਤਾਂ ਐਮਰਜੈਂਸੀ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਵੀ ਜੇਲ• ਕੱਟੀ ਸੀ। ਮੁੱਖ ਮੰਤਰੀ ਦੇ ਸਹੁਰੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦਾ ਕਿਸਾਨ ਮਹਿੰਦਰ ਸਿੰਘ ਅੰਮ੍ਰਿਤਧਾਰੀ ਹੈ ਜੋ ਹੁਣ ਕਿਸਾਨ ਘੋਲ ਨੂੰ ਹੀ ਆਪਣਾ ਧਰਮ ਮੰਨਦਾ ਹੈ। ਜਦੋਂ ਵੀ ਉਸ ਨੇ ਉੱਚੀ ਅਵਾਜ਼ ਵਿਚ ਨਾਹਰਾ ਲਾਇਆ, ਉਸ ਨੂੰ ਜੇਲ• ਵਿਖਾ ਦਿੱਤੀ ਗਈ। ਪਿੰਡ ਬਹਿਮਣ ਕੌਰ ਸਿੰਘ ਵਾਲਾ ਦੇ 84 ਵਰਿ•ਆਂ ਦੇ ਬਜ਼ੁਰਗ ਕਿਸਾਨ ਜਰਨੈਲ ਸਿੰਘ ਦੀ ਜਰਨੈਲੀ ਵਾਰੇ ਕਿਸੇ ਨੂੰ ਕੋਈ ਵਹਿਮ ਨਹੀਂ। ਉਹ ਦੇ ਜਜ਼ਬੇ ਵਿਚ ਜਵਾਨੀ ਧੜਕਦੀ ਹੈ। ਉਹ ਜ਼ਿੰਦਗੀ ਦਾ ਆਖਰੀ ਪਹਿਰ ਵੀ ਕਿਸਾਨ ਮੋਰਚੇ ਦੇ ਲੇਖੇ ਲਾ ਰਿਹਾ ਹੈ। ਹਰ ਬਜ਼ੁਰਗ ਦੇ ਚਿਹਰੇ ਤੋਂ ਸੰਘਰਸ਼ੀ ਲੋਅ ਝਲਕ ਰਹੀ ਹੈ। ਇਨ•ਾਂ ਬਜ਼ੁਰਗਾਂ ਦਾ ਕਹਿਣਾ ਸੀ ਕਿ ਉਹੀ ਖੇਤਾਂ ਦੇ ਅਸਲ ਜੱਥੇਦਾਰ ਹਨ। ਕਿਸਾਨ ਮੋਰਚੇ ਵਿਚ ਅੱਜ ਜ਼ਿਲ•ਾ ਬਰਨਾਲਾ ਦੇ ਕਿਸਾਨ ਮਜ਼ਦੂਰ ਪੁੱਜੇ ਹੋਏ ਸਨ। ਕਿਸਾਨ ਮੋਰਚੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਿਸ਼ਾਨੇ ਤੇ ਰਹੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਬਰਨਾਲਾ ਦੇ ਚਮਕੌਰ ਸਿੰਘ ਨੈਣੇਵਾਲ  ਨੇ ਆਖਿਆ ਕਿ ਬਾਦਲ ਪਰਿਵਾਰ ਨੂੰ ਕਿਸਾਨਾਂ ਦਾ ਹੇਜ ਹੋਵੇ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਮਸਲੇ ਹੱਲ ਕਰਾ ਸਕਦੀ ਹੈ।
                   ਅੱਜ ਆਗੂਆਂ ਨੇ ਕਿਸਾਨ ਮਸਲੇ ਉਠਾਏ ਅਤੇ ਔਰਤਾਂ ਦੀ ਗਿਣਤੀ ਅੱਜ ਕਾਫ਼ੀ ਸੀ। ਕਿਸਾਨੀ ਮਾਮਲਿਆਂ ਦੇ ਹੱਲ ਲਈ ਇਹ ਕਿਸਾਨ ਇੱਥੋਂ ਦੇ ਮਿੰਨੀ ਸਕੱਤਰੇਤ ਅੱਗੇ 24 ਮਈ ਤੋਂ ਬੈਠੇ ਹਨ। ਸਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਹੁਣ ਉਨ•ਾਂ ਨੂੰ ਕੋਈ ਗਿਲਾ ਨਹੀਂ ਕਿ ਸਰਕਾਰ ਨੇ ਕੋਈ ਸਾਰ ਨਹੀਂ ਲਈ। ਹੁਣ ਉਹ ਇਸ ਮੂਡ ਵਿਚ ਹਨ ਕਿ ਸਰਕਾਰ ਚੰਗੀ ਤਰ•ਾਂ ਕਿਸਾਨਾਂ ਦਾ ਸਬਰ ਪਰਖ ਹੀ ਲਵੇ। ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ। ਕਿਸਾਨ ਮੋਰਚੇ ਨੂੰ ਅੱਜ ਇੰਦਰਜੀਤ ਝੱਬਰ, ਜੋਗਿੰਦਰ ਦਿਆਲਪੁਰਾ, ਗੁਰਮੇਲ ਸਾਹਨੇਵਾਲੀ,ਸਾਧੂ ਅਲੀਸ਼ੇਰ,ਹਰਜਿੰਦਰ ਬੱਗੀ,ਮਾਸਟਰ ਸੁਖਦੇਵ ਜਵੰਧਾ, ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ,ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਐਕਸ਼ਨ ਕਮੇਟੀ ਦੇ ਪ੍ਰਧਾਨ ਜਗਪ੍ਰੀਤ ਸਿੰਘ ਨੇ ਸਬੰੋਧਨ ਕੀਤਾ। ਅਜਮੇਰ ਅਕਲੀਆ ਅਤੇ ਬਲਦੇਵ ਕੌਰ ਭੰਮੇ ਕਲਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। 

Saturday, June 11, 2016

                           ਸਰਕਾਰੀ ਜਾਦੂ
 ਚੋਰ ਦਰਵਾਜੇ ਸਵਾ ਦੋ ਸੌ ਪਰਮਿਟ ਦਿੱਤੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਚੋਰ ਦਰਵਾਜ਼ੇ ਪੰਜਾਬ ਵਿਚ ਸਵਾ ਦੋ ਸੌ ਦੇ ਕਰੀਬ ਬੱਸ ਪਰਮਿਟ ਜਾਰੀ ਕਰ ਦਿੱਤੇ ਹਨ। ਟਰਾਂਸਪੋਰਟ ਮਹਿਕਮੇ ਨੇ ਚੁੱਪ ਚੁਪੀਤੇ ਸਰਕਾਰੀ ਬੱਸਾਂ ਨੂੰ ਇੱਕ ਹਫਤੇ ਵਿਚ ਪਰਮਿਟ ਜਾਰੀ ਕਰ ਦਿੱਤੇ ਹਨ। ਨਾ ਕੋਈ ਗਜ਼ਟ ਨੋਟੀਫਿਕੇਸ਼ਨ ਕੀਤਾ ਅਤੇ ਨਾ ਹੀ ਕੋਈ ਇਤਰਾਜ਼ ਮੰਗੇ, ਨਿਯਮਾਂ ਨੂੰ ਦਰਕਿਨਾਰ ਕਰਕੇ ਹੱਥੋਂ ਹੱਥੀਂ ਇਹ ਪਰਮਿਟ ਜਾਰੀ ਹੋਏ ਹਨ। ਪੰਜਾਬ ਦੇ ਹਰ ਅਸੈਂਬਲੀ ਹਲਕੇ ਨੂੰ ਦੋ ਦੋ ਪਰਮਿਟ ਦਿੱਤੇ ਗਏ ਹਨ ਜਿਨ•ਾਂ ਤੇ ਸਰਕਾਰੀ ਬੱਸਾਂ ਚੱਲਣਗੀਆਂ। ਅਗਾਮੀ ਚੋਣਾਂ ਤੋਂ ਪਹਿਲਾਂ ਪੇਂਡੂ ਲੋਕਾਂ ਨੂੰ ਖੁਸ਼ ਕਰਨ ਖਾਤਰ ਇੱਕੋ ਹਫਤੇ ਵਿਚ ਕੰਮ ਨੇਪਰੇ ਚਾੜਿ•ਆ ਗਿਆ ਹੈ। ਹਲਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਮਸ਼ਵਰੇ ਨਾਲ ਰੂਟ ਸਰਵੇ ਹੋਇਆ ਹੈ। ਅਹਿਮ ਸੂਤਰਾਂ ਅਨੁਸਾਰ ਸਰਕਾਰ ਨੇ ਇੱਕੋ ਦਿਨ ਵਿਚ ਪੰਜਾਬ ਭਰ ਦੇ ਡੀ.ਟੀ.ਓਜ਼ ਤੋਂ ਰੂਟ ਸਰਵੇ ਕਰਵਾ ਲਿਆ। ਦੂਸਰੇ ਦਿਨ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਦੇ ਡੀਪੂਆਂ ਨੂੰ ਰੂਟਾਂ ਵਾਸਤੇ ਅਪਲਾਈ ਕਰਨ ਵਾਸਤੇ ਆਖ ਦਿੱਤਾ। ਡੀਪੂਆਂ ਨੇ ਛੁੱਟੀ ਵਾਲੇ ਦਿਨ ਫੀਸ ਭਰ ਦਿੱਤੀ। ਤੀਸਰੇ ਦਿਨ ਟਰਾਂਸਪੋਰਟ ਵਿਭਾਗ ਨੇ ਸਰਕਾਰੀ ਬੱਸਾਂ ਨੂੰ ਰੂਟ ਪਰਮਿਟ ਜਾਰੀ ਕਰ ਦਿੱਤੇ। ਹੁਣ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਡਿਪੂ ਬਾਕੀ ਫੀਸ ਤਾਰ ਰਹੇ ਹਨ। ਵੇਰਵਿਆਂ ਅਨੁਸਾਰ ਖੇਤਰੀ ਟਰਾਂਸਪੋਰਟ ਅਥਾਰਟੀ(ਆਰ.ਟੀ.ਏ) ਬਠਿੰਡਾ ਤੇ ਫਿਰੋਜ਼ਪੁਰ ਨੇ 40 ਰੂਟ ਪਰਮਿਟ, ਆਰ.ਟੀ.ਏ ਪਟਿਆਲਾ ਨੇ 92 ਅਤੇ ਆਰ.ਟੀ.ਏ ਜਲੰਧਰ ਨੇ 90 ਰੂਟ ਪਰਮਿਟ ਦਿੱਤੇ ਹਨ।
                      ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਨੇ ਇਨ•ਾਂ ਪਰਮਿਟਾਂ ਵਾਸਤੇ 22.80 ਲੱਖ ਰੁਪਏ ਐਪਲੀਕੇਸ਼ਨ ਫੀਸ ਵਜੋਂ ਭਰੇ ਹਨ। ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਨੂੰ ਇਹ ਸਿਆਸੀ ਸੌਦਾ ਘਾਟੇ ਵਾਲਾ ਸਾਬਤ ਹੋਵੇਗਾ ਕਿਉਂਕਿ ਰੂਟਾਂ ਦੀ ਰੂਪ ਰੇਖਾ ਸਿਆਸੀ ਨਜ਼ਰੀਏ ਨਾਲ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 2014 ਤੋਂ ਐਨ ਪਹਿਲਾਂ ਬਿਨ•ਾਂ ਪਰਮਿਟਾਂ ਤੋਂ ਬਠਿੰਡਾ ਜ਼ਿਲ•ੇ ਦੇ ਪਿੰਡਾਂ ਵਿਚ ਦਰਜਨ ਰੂਟਾਂ ਤੇ ਸਰਕਾਰੀ ਬੱਸਾਂ ਚਲਾ ਦਿੱਤੀਆਂ ਸਨ। ਚੋਣਾਂ ਮਗਰੋਂ ਕਾਫ਼ੀ ਰੂਟ ਬੰਦ ਹੋ ਗਏ ਸਨ। ਸੂਤਰ ਦੱਸਦੇ ਹਨ ਕਿ ਲਿੰਕ ਸੜਕਾਂ ਤੇ ਬੱਸਾਂ ਚਲਾਉਣ ਲਈ ਕਾਰਪੋਰੇਸ਼ਨ ਤੇ ਰੋਡਵੇਜ਼ ਨੂੰ ਪ੍ਰਮੁੱਖ ਰੂਟਾਂ ਤੋਂ ਬੱਸਾਂ ਉਤਾਰਨੀਆਂ ਪੈਣਗੀਆਂ। ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਪਟਿਆਲਾ ਦੇ ਸਕੱਤਰ ਸ੍ਰੀ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ 98 ਰੂਟ ਪਰਮਿਟ ਦਿੱਤੇ ਜਾਣੇ ਹਨ ਜਿਨ•ਾਂ ਚੋਂ 92 ਪਰਮਿਟ ਜਾਰੀ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਸਰਕਾਰੀ ਬੱਸਾਂ ਵਾਸਤੇ ਕਿਸੇ ਗਜ਼ਟ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਹੈ। ਉਨ•ਾਂ ਦੱਸਿਆ ਕਿ ਇਹ ਮੁਨਾਫ਼ੇ ਵਾਲੇ ਰੂਟ ਨਹੀਂ ਹਨ ਬਲਕਿ ਹਰ ਪਿੰਡ ਤੱਕ ਬੱਸ ਪਹੁੰਚਾਉਣ ਦੀ ਸਕੀਮ ਹੈ। ਬਠਿੰਡਾ ਤੇ ਫਿਰੋਜ਼ਪੁਰ ਦੇ ਆਰ.ਟੀ.ਏ ਦੇ ਸਕੱਤਰ ਹਰਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਗਜ਼ਟ ਨੋਟੀਫਿਕੇਸ਼ਨ ਵਾਰੇ ਤਾਂ ਪਤਾ ਨਹੀਂ ਪ੍ਰੰਤੂ ਸਰਕਾਰ ਦੇ ਹੁਕਮ ਤੇ ਪਰਮਿਟ ਜਾਰੀ ਕੀਤੇ ਗਏ ਹਨ।
                    ਪੀ.ਆਰ.ਟੀ.ਸੀ ਦੇ ਐਮ.ਡੀ ਅਤੇ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਨੇ ਫੋਨ ਨਹੀਂ ਚੁੱਕਿਆ। ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੀ੍ਰ ਐਚ.ਐਸ.ਭੱਟੀ ਦਾ ਕਹਿਣਾ ਸੀ ਕਿ ਨਵੇਂ ਰੂਟਾਂ ਤੇ ਬੱਸਾਂ ਚਲਾਉਣ ਮਗਰੋਂ ਹੀ ਰੂਟਾਂ ਦੇ ਮੁਨਾਫ਼ੇ ਜਾਂ ਘਾਟੇ ਵਾਰੇ ਕੁਝ ਆਖਿਆ ਜਾ ਸਕਦਾ ਹੈ। ਫਿਲਹਾਲ ਪਰਮਿਟ ਜਾਰੀ ਹੋਏ ਹਨ। ਵੇਰਵਿਆਂ ਅਨੁਸਾਰ ਇਹ ਰੂਟ ਪਰਮਿਟ ਸਿੱਧੇ ਤੌਰ ਤੇ ਲਿੰਕ ਸੜਕਾਂ ਤੇ ਮਿੰਨੀ ਬੱਸ ਸਰਵਿਸ ਨੂੰ ਸੱਟ ਮਾਰਨਗੇ। ਦਿਲਚਸਪ ਤੱਥ ਹਨ ਕਿ ਡਿਪੂਆਂ ਨੇ ਪਰਮਿਟ ਲੈਣ ਵਾਸਤੇ ਫੀਸ ਤਾਂ ਵੱਡੀਆਂ ਬੱਸਾਂ ਦੀ ਭਰੀ ਹੈ ਪ੍ਰੰਤੂ ਪੀ.ਆਰ.ਟੀ.ਸੀ ਨੇ ਲਿੰਕ ਸੜਕਾਂ ਤੇ ਕਿਲੋਮੀਟਰ ਸਕੀਮ ਤਹਿਤ ਚਲਾਉਣੀਆਂ ਮਿੰਨੀ ਬੱਸਾਂ ਹਨ ਜਿਨ•ਾਂ ਦਾ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ।  ਦੂਸਰੀ ਤਰਫ਼ ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਆਰ.ਐਸ.ਬਾਜਵਾ ਦਾ ਕਹਿਣਾ ਸੀ ਕਿ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨ•ਾਂ ਕਿਸੇ ਨੋਟੀਫਿਕੇਸ਼ਨ ਤੋਂ ਸਰਕਾਰੀ ਬੱਸਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਹਨ ਜੋ ਪ੍ਰਾਈਵੇਟ ਟਰਾਂਸਪੋਰਟ ਲਈ ਮਾਰੂ ਸਾਬਤ ਹੋਣਗੇ। ਉਨ•ਾਂ ਆਖਿਆ ਕਿ ਜਾਰੀ ਪਰਮਿਟਾਂ ਨੂੰ ਉਹ ਹਾਈਕੋਰਟ ਵਿਚ ਚੁਣੌਤੀ ਦੇਣਗੇ।
                  ਇਵੇਂ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਬਠਿੰਡਾ ਜ਼ੋਨ ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਚੋਣਾਂ ਕਰਕੇ ਸਿਆਸੀ ਲਾਹੇ ਲਈ ਸਰਕਾਰ ਨੇ ਬਿਨ•ਾਂ ਕਿਸੇ ਪ੍ਰਕਿਰਿਆ ਤੋਂ ਬੱਸ ਪਰਮਿਟ ਜਾਰੀ ਕਰ ਦਿੱਤੇ ਹਨ ਜੋ ਮਿੰਨੀ ਬੱਸਾਂ ਤੋਂ ਬਿਨ•ਾਂ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਨੂੰ ਵੀ ਡੋਬ ਦੇਣਗੇ। ਉਨ•ਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਵੀ ਨਵੇਂ ਪਰਮਿਟਾਂ ਤੇ ਰੋਕ ਲਾਈ ਹੋਈ ਹੈ।
                                   ਪਾਲਿਸੀ ਵੀ ਬਣਾ ਲਵਾਂਗੇ : ਟਰਾਂਸਪੋਰਟ ਮੰਤਰੀ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਪ੍ਰਤੀਕਰਮ ਸੀ ਕਿ ਬੱਸ ਸਰਵਿਸ ਤੋਂ ਵਾਂਝੇ ਪੇਂਡੂ ਲੋਕਾਂ ਦੀ ਸਹੂਲਤ ਵਾਸਤੇ ਹਰ ਹਲਕੇ ਵਿਚ ਸਰਕਾਰੀ ਬੱਸਾਂ ਨੂੰ ਦੋ ਦੋ ਪਰਮਿਟ ਦਿੱਤੇ ਗਏ ਹਨ। ਉਨ•ਾਂ ਨੋਟੀਫਿਕੇਸ਼ਨ ਨਾ ਕਰਨ ਦੇ ਸੁਆਲ ਤੇ ਆਖਿਆ ਕਿ ਲੋਕਾਂ ਦੀਆਂ ਤਕਲੀਫ਼ਾਂ ਹੱਲ ਕਰਨੀਆਂ ਜਰੂਰੀ ਹਨ , ਪਾਲਿਸੀ ਤਾਂ ਬਾਅਦ ਦੀ ਗੱਲ ਹੈ। ਇਨ•ਾਂ ਪਰਮਿਟਾਂ ਨੂੰ ਕਿਸੇ ਨਾ ਕਿਸੇ ਘੇਰੇ ਵਿਚ ਜਰੂਰ ਲੈ ਆਵਾਂਗੇ। ਜਦੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਨਾਲ ਗੱਲ ਕਰਨੀ ਚਾਹੀ ਤਾਂ ਉਨ•ਾਂ ਦੇ ਮੀਟਿੰਗ ਵਿਚ ਰੁਝੇਵੇਂ ਦੀ ਗੱਲ ਦੱਸੀ ਗਈ।
       

Friday, June 10, 2016

                                  ਆਖਰੀ ਪਹਿਰ 
                    ..ਸਾਡੇ ਕਰਮੀਂ ਦਰਦ ਬੜਾ 
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚੇ ਵਿਚ ਜਦੋਂ ਬਜ਼ੁਰਗ ਔਰਤਾਂ ਦੇ ਹੰਝੂ ਕਿਰੇ ਤਾਂ ਸੰਘਰਸ਼ੀ ਪਿੜ ਵੀ ਗਿੱਲਾ ਹੋ ਗਿਆ। ਕਿਸਾਨ ਘਰਾਂ ਦੀਆਂ ਕਦੇਂ ਇਹ ਸੁਹਾਣੀਆਂ ਸਨ ਜੋ ਹੁਣ ਜ਼ਿੰਦਾ ਲਾਸ਼ ਬਣ ਗਈਆਂ ਹਨ। ਫਰਿਆਦਾਂ ਦੇ ਲੇਲੜੀਆਂ ਨੇ ਇਨ•ਾਂ ਦੀ ਝੋਲੀ ਖੈਰ ਨਹੀਂ ਪਾਈ। ਇਨ•ਾਂ ਨੇ ਪੂਰੀ ਜ਼ਿੰਦਗੀ ਸੰਘਰਸ਼ਾਂ ਵਿਚ ਹੀ ਗੁਜਾਰ ਦਿੱਤੀ। ਹੁਣ ਇਨ•ਾਂ ਨੂੰ ਹਕੂਮਤ ਇੱਕ ਖੜਸੁੱਕ ਦਰੱਖਤ ਵਾਂਗੂ ਜਾਪਦੀ ਹੈ ਜਿਸ ਤੋਂ ਕਦੇ ਕੋਈ ਠੰਢਾ ਬੁੱਲਾ ਨਹੀਂ ਮਿਲਿਆ। ਜਦੋਂ ਕੋਈ ਸੰਘਰਸ਼ ਛਿੜਦਾ ਹੈ ਕਿ ਇਨ•ਾਂ ਔਰਤਾਂ ਦੇ ਦੁੱਖਾਂ ਦੀ ਪੰਡ ਵੀ ਖਿਲਰਦੀ ਹੈ। ਕਿਸੇ ਬਿਰਧ ਦੇ ਹੰਝੂ ਜਵਾਨ ਪੁੱਤ ਦੇ ਤੁਰ ਜਾਣ ਦਾ ਗਵਾਹ ਬਣਦੇ ਹਨ ਅਤੇ ਕਿਸੇ ਦੀ ਚਿੱਟੀ ਚੁੰਨੀ ਰੁੱਸ ਗਏ ਖੇਤਾਂ ਦੀ ਨਿਸ਼ਾਨੀ ਬਣਦੀ ਹੈ। ਸੰਗਰੂਰ ਦੇ ਪਿੰਡ ਛਾਜਲੀ ਦੀ ਇੱਕ ਬਿਰਧ ਔਰਤ ਲਾਭ ਕੌਰ ਨੂੰ ਪੁੱਛੋ ਕਿ ਜ਼ਿੰਦਗੀ ਦਾ ਖਜ਼ਾਨਾ ਕਿਵੇਂ ਮੁੱਕਦਾ ਹੈ। ਪਹਿਲਾਂ ਜਵਾਨ ਪੋਤੇ ਨੇ ਖੁਦਕੁਸ਼ੀ ਕੀਤੀ, ਫਿਰ ਪੁੱਤ ਨੇ ਜੀਵਨ ਲੀਲਾ ਸਮਾਪਤ ਕਰ ਲਈ , ਅਖੀਰ ਉਸ ਦਾ ਪਤੀ ਵੀ ਇਹੋ ਰਾਹ ਗਿਆ। ਇੱਕੋ ਵਰੇ• ਵਿਚ ਤਿੰਨ ਵਾਰ ਸੱਥਰ ਵਿਛੇ। ਉਸ ਦੇ ਹਓਕਿਆਂ ਨੂੰ ਸਰਕਾਰ ਸਮਝ ਨਹੀਂ ਸਕੀ ਹੈ। ਤਾਹੀਓ ਉਸ ਨੂੰ ਕਿਸਾਨ ਮੋਰਚੇ ਵਿਚ ਕੁੱਦਣਾ ਪਿਆ ਹੈ। ਉਹ ਤਾਂ ਹੁਣ ਹਰ ਸੰਘਰਸ਼ ਵਿਚ ਜਾਂਦੀ ਹੈ ਤਾਂ ਜੋ ਖੇਤਾਂ ਦੀ ਗੁਆਚੀ ਬਰਕਤ ਮੁੜ ਆਵੇ। ਇਸੇ ਪਿੰਡ ਦੀ ਇੱਕ ਹੋਰ ਅਭਾਗੀ ਮੁਖਤਿਆਰ ਕੌਰ ਵੀ ਤਸਵੀਰਾਂ ਦਿਖਾ ਰਹੀ ਸੀ। ਉਸ ਦੇ ਦੋ ਪੁੱਤ ਖੁਦਕੁਸ਼ੀ ਕਰ ਗਏ ਅਤੇ ਪਤੀ ਨੇ ਵੀ ਇਹੋ ਰਾਹ ਚੁਣਿਆ।
                    ਇਹ ਔਰਤ ਆਖਦੀ ਹੈ ਕਿ ਉਸ ਨੇ ਤਿੰਨ ਵਾਰ ਬਲਦੇ ਸਿਵੇ ਵੇਖ ਲਏ ਹਨ। ਹੁਣ ਜ਼ਿੰਦਗੀ ਹੀ ਸੁਆਹ ਬਣ ਗਈ ਹੈ। ਉਹ ਬਚੇ ਖੁਚੇ ਘਰ ਨੂੰ ਬਚਾਉਣ ਲਈ ਲੋਕ ਸੰਘਰਸ਼ਾਂ ਵਿਚ ਨਾਹਰੇ ਮਾਰਦੀ ਹੈ। ਇਵੇਂ ਬਿਰਧ ਬਚਨ ਕੌਰ ਕੋਲ ਹੁਣ ਉਧਾਰੇ ਸਾਹ ਹੀ ਬਚੇ ਹਨ। ਏਨੀ ਕਮਜ਼ੋਰ ਪੈ ਗਈ ਹੈ ਕਿ ਤੁਰਨਾ ਮੁਸ਼ਕਲ ਹੈ। ਉਸ ਨੇ ਹਰ ਸੰਘਰਸ਼ ਦਾ ਰਾਹ ਵੇਖਿਆ ਹੈ। ਉਸ ਦੇ ਘਰ ਚੋਂ ਵੀ ਵਾਰ ਵਾਰ ਅਰਥੀ ਉਠੀ ਹੈ। ਜੇਠੂਕੇ ਪਿੰਡ ਦੀ 70 ਵਰਿ•ਆਂ ਦੀ ਅਮਰ ਕੌਰ ਤਾਂ ਤਿੰਨ ਦਹਾਕੇ ਤੋਂ ਸੰਘਰਸ਼ ਵਿਚ ਕਦਮ ਮਿਲਾ ਕੇ ਚੱਲ ਰਹੀ ਹੈ ਤਾਂ ਜੋ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਮੰਜ਼ਲ ਮਿਲ ਸਕੇ। ਇਸੇ ਪਿੰਡ ਦੀ ਬਜ਼ੁਰਗ ਤੇਜ ਕੋਰ ਨੂੰ ਵੀ ਉਸ ਦੀਆਂ ਨੂੰਹਾਂ ਲੋਕ ਮੋਰਚਿਆਂ ਵਿਚ ਭੇਜਦੀਆਂ ਹਨ। ਬਠਿੰਡਾ ਦਾ ਕਿਸਾਨ ਮੋਰਚਾ ਅੱਜ 17 ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ ਅਤੇ ਅੱਜ ਸੰਗਰੂਰ ਜ਼ਿਲ•ੇ ਵਿਚੋਂ ਵੱਡੀ ਗਿਣਤੀ ਵਿਚ ਔਰਤਾਂ ਤੇ ਕਿਸਾਨ ਪੁੱਜੇ। ਝੋਨੇ ਦਾ ਸੀਜਨ ਹੋਣ ਕਰਕੇ ਹੁਣ ਕਿਸਾਨ ਮੋਰਚੇ ਦੀ ਕਮਾਨ ਔਰਤਾਂ ਦੇ ਹੱਥ ਆਉਣ ਲੱਗੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਕਿਸਾਨੀ ਮਸਲਿਆਂ ਤੇ ਸਰਕਾਰੀ ਚੁੱਪ ਤੇ ਸੁਆਲ ਖੜ•ੇ ਕੀਤੇ।
                   ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਸੰਗਰੂਰ ਜ਼ਿਲ•ੇ ਦੀ ਮਹਿਲਾ ਅਗੂ ਸੁਖਪਾਲ ਕੌਰ ਛਾਜਲੀ ਨੇ ਆਖਿਆ ਕਿ ਹੁਣ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਆਉਂਦੇ ਦਿਨਾਂ ਵਿਚ ਔਰਤਾਂ ਦੀ ਗਿਣਤੀ ਵਧਾਈ ਜਾਵੇਗੀ। ਅੱਜ ਵੀ ਕਿਸਾਨ ਆਗੂ ਸਰਕਾਰ ਵਲੋਂ ਘੱਟੀ ਘੇਸਲ ਤੋਂ ਨਰਾਜ਼ ਸਨ। ਗਰਮੀ ਦੇ ਨਾਲ ਨਾਲ ਕਿਸਾਨ ਮੋਰਚੇ ਵਿਚ ਕਿਸਾਨਾਂ ਦਾ ਜ਼ੋਸ ਵੀ ਹੁਣ ਵੱਧਣ ਲੱਗਾ ਹੈ ਅਤੇ ਮਾਹੌਲ ਵੀ ਅੰਗੜਾਈ ਲੈਣ ਲੱਗਾ ਹੈ। ਸਰਕਾਰ ਨੇ ਪਾਸਾ ਨਾ ਬਦਲਿਆ ਤਾਂ ਕਿਸਾਨੀ ਰੋਹ ਪਾਸਾ ਲੱਦਣ ਲਈ ਖੜ•ਾ ਹੋਵੇਗਾ, ਕਿਸਾਨ ਆਗੂਆਂ ਨੇ ਅੱਜ ਇਹੋ ਸੁਨੇਹਾ ਦਿੱਤਾ।  ਅੱਜ ਕਿਸਾਨ ਮੋਰਚੇ ਨੂੰ ਅਮਰੀਕ ਸਿੰਘ ਗੰਢੂਆ, ਜਸਵਿੰਦਰ ਸੋਮਾ,ਰਾਮਸਰਨ ਸਿੰਘ ਉਗਰਾਹਾਂ,ਰਾਮ ਸਰੂਪ ਚੰਦ,ਦਰਸ਼ਨ ਚੰਗਾਲੀ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕੀਤਾ।
        

Thursday, June 9, 2016

                                  ਕਿਸਾਨ ਮੋਰਚਾ 
                    ਸਾਨੂੰ ਕੀ ਪਤਾ ਪਹਾੜਾਂ ਦਾ !
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚਾ ਵਿਚ ਕੁੱਦੀਆਂ ਜਿੰਦਾਂ ਤਾਂ ਨਿੱਕੀਆਂ ਹਨ ਪ੍ਰੰਤੂ ਉਨ•ਾਂ ਦੇ ਦੁੱਖ ਪਹਾੜ ਜੇਡੇ ਹਨ। ਔਖ ਦੀ ਘੜੀ ਵਿਚ ਮਾਪਿਆਂ ਦੀ ਬਾਂਹ ਬਣਨ ਲਈ ਸਕੂਲੀ ਬੱਚੇ ਵੀ ਕਿਸਾਨ ਮੋਰਚੇ ਵਿਚ ਡਟੇ ਹਨ। ਭਾਵੇਂ ਇਨ•ਾਂ ਬੱਚਿਆਂ ਦੀ ਗਿਣਤੀ ਵੱਡੀ ਨਹੀਂ ਲੇਕਿਨ ਇਨ•ਾਂ ਦਾ ਜਜ਼ਬਾ ਵੱਡਾ ਹੈ। ਜਦੋਂ ਸ਼ਹਿਰੀ ਬੱਚੇ ਇਨ•ਾਂ ਦਿਨਾਂ ਵਿਚ ਛੁੱਟੀਆਂ ਮਨਾਉਣ ਲਈ ਪਹਾੜਾਂ ਦੀ ਸੈਰ ਤੇ ਹਨ ਤਾਂ ਠੀਕ ਉਸੇ ਵੇਲੇ ਕਿਸਾਨ ਪਰਿਵਾਰਾਂ ਦੇ ਇਹ ਬੱਚੇ ਅੱਤ ਦੀ ਗਰਮੀ ਵਿਚ ਮਾਪਿਆਂ ਨਾਲ ਮੋਰਚੇ ਵਿਚ ਬੈਠੇ ਹਨ। ਇਨ•ਾਂ ਦੀ ਜ਼ਿੰਦਗੀ ਦੇ ਹਿੱਸੇ ਕੋਈ ਪਹਾੜ ਨਹੀਂ ਆਇਆ। ਵਿਰਲਾਪਾਂ ਤੇ ਨਾਅਰਿਆਂ ਵਿਚ ਹੀ ਇਨ•ਾਂ ਦੀ ਸੁਰਤ ਸੰਭਲੀ ਹੈ। ਇਨ•ਾਂ ਦੇ ਨਾਨਕੇ ਜਾਣ ਦੇ ਚਾਅ ਵੀ ਹੁਣ ਖੇਤੀ ਸੰਕਟਾਂ ਨੇ ਦਾਅ ਤੇ ਲਾ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਇੱਥੋਂ ਦੇ ਮਿੰਨੀ ਸਕੱਤਰੇਤ ਦੇ ਅੱਗੇ ਲਾਇਆ ਕਿਸਾਨ ਮੋਰਚਾ ਅੱਜ 15 ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ। ਫਰੀਦਕੋਟ ਦੇ ਪਿੰਡ ਮੋਰਾਂਵਾਲੀ ਦਾ ਇੱਕ ਅੰਮ੍ਰਿਤਧਾਰੀ ਬੱਚਾ ਸਰਕਾਰ ਦੀ ਰਮਜ਼ ਵੀ ਸਮਝ ਰਿਹਾ ਸੀ ਅਤੇ ਕਿਸਾਨ ਮੋਰਚੇ ਵਿਚ ਵੱਜਦੇ ਨਾਅਰਿਆਂ ਦੇ ਮਾਹਣੇ ਵੀ। ਇਸ ਦੇ ਮਾਪਿਆਂ ਕੋਲ ਜ਼ਮੀਨ ਤਾਂ ਹੈ ਪ੍ਰੰਤੂ ਮਾਲ ਮਹਿਕਮੇ ਦੇ ਰਿਕਾਰਡ ਚੋਂ ਮਾਪੇ ਬੇਦਖ਼ਲ ਹੋ ਚੁੱਕੇ ਹਨ। ਅੱਠਵੀਂ ਕਲਾਸ ਵਿਚ ਪੜ•ਦੇ ਇਸ ਬੱਚੇ ਦੇ ਮਾਪਿਆਂ ਨੂੰ ਕਦੋਂ ਪੈਲੀ ਤੋਂ ਵਿਰਵਾ ਹੋਣਾ ਪੈ ਜਾਵੇ, ਇਹੋ ਫਿਕਰ ਵੱਡਾ ਹੈ। ਉਸ ਦਾ ਕਹਿਣਾ ਸੀ ਕਿ ਉਨ•ਾਂ ਨੂੰ ਖੇਤ ਖੁੱਸਣ ਦਾ ਡਰ ਹੈ, ਪਹਾੜਾਂ ਦੀ ਸੈਰ ਦਾ ਚੇਤਾ ਕਿਥੋਂ।
                    ਪਿੰਡ ਮੌੜ ਚੜਤ ਸਿੰਘ ਵਾਲਾ ਦਾ ਰਾਜਕਪੂਰ ਸਿੰਘ ਦਿਨ ਵਕਤ ਮੋਰਚੇ ਵਿਚ ਸੰਘਰਸ਼ਾਂ ਦਾ ਹਾਣੀ ਬਣਦਾ ਹੈ ਤੇ ਸ਼ਾਮ ਵਕਤ ਕਿਸਾਨ ਮੋਰਚੇ ਵਾਲੀ ਥਾਂ ਤੇ ਬੈਠ ਕੇ ਆਪਣਾ ਛੁੱਟੀਆਂ ਦਾ ਕੰਮ ਨਿਬੇੜਦਾ ਹੈ। ਮਾਪਿਆਂ ਦਾ ਦਿਨ ਚੰਗਾ ਚੜ•ੇ, ਇਸੇ ਕਰਕੇ ਇਹ ਬੱਚਾ ਤਿੰਨ ਰਾਤਾਂ ਮੋਰਚੇ ਵਿਚ ਕੱਟ ਚੁੱਕਾ ਹੈ। ਪਿੰਡ ਵਾੜਾ ਭਾਈ ਤੋਂ ਦੋ ਸਕੀਆਂ ਭੈਣਾਂ ਵੀ ਅੱਜ ਮੋਰਚੇ ਵਿਚ ਡਟੀਆਂ। ਨੌਵੀਂ ਕਲਾਸ ਵਿਚ ਪੜ•ਦੀ ਹੇਮੰਤ ਦੀ ਹਿੰਮਤ ਵੇਖਣ ਵਾਲੀ ਸੀ। ਉਸ ਨੇ ਹਰ ਕਿਸਾਨ ਸੰਘਰਸ਼ ਵਿਚ ਪਹਿਰਾ ਦਿੱਤਾ ਹੈ। ਉਸ ਦੀ ਛੋਟੀ ਭੈਣ ਪ੍ਰਤੀਕ ਵੀ ਉਸ ਦੇ ਨਾਲ ਸੀ। ਇਨ•ਾਂ ਭੈਣਾਂ ਨੇ ਕਿਸਾਨ ਮੋਰਚੇ ਵਿਚ ਗੀਤ ਗਾ ਕੇ ਕਿਸਾਨ ਪਰਿਵਾਰਾਂ ਦੇ ਦੁੱਖਾਂ ਦੀ ਦਾਸਤਾ ਸੁਣਾਈ। ਉਨ•ਾਂ ਦੱਸ ਦਿੱਤਾ ਕਿ ਹੁਣ ਖੇਤ ਬਚਾਉਣ ਲਈ ਘਰ ਛੱਡਣੇ ਪੈਣੇ ਹਨ। ਇਨ•ਾਂ ਬੱਚੀਆਂ ਨੇ ਦੱਸਿਆ ਕਿ ਕਿਸਾਨੀ ਦੇ ਇਸ ਸੰਕਟ ਦੇ ਅੱਗੇ ਪਹਾੜ ਛੋਟੇ ਹਨ। ਆਪਣੇ ਦਾਦੇ ਨਾਲ ਆਇਆ ਹਰਮਨਦੀਪ ਛੇਵੀਂ ਕਲਾਸ ਵਿਚ ਪੜ•ਦਾ ਹੈ। ਉਸ ਨੇ ਛੁੱਟੀਆਂ ਨੂੰ ਕਿਸਾਨ ਮੋਰਚੇ ਦੇ ਲੇਖੇ ਲਾ ਦਿੱਤਾ ਹੈ। ਸਕੂਲੀ ਕੰਮ ਨਾਲੋਂ ਉਸ ਨੇ ਸੰਘਰਸ਼ ਵਿਚ ਪੈਰ ਰੱਖਣ ਨੂੰ ਪਹਿਲ ਦਿੱਤੀ ਹੈ। ਭਾਵੇਂ ਇਨ•ਾਂ ਬੱਚਿਆਂ ਨੂੰ ਸੰਘਰਸ਼ਾਂ ਦੇ ਮਾਹਣੇ ਸਮਝ ਵਿਚ ਨਹੀਂ ਸਨ ਪ੍ਰੰਤੂ ਉਹ ਆਪਣੇ ਭਵਿੱਖ ਨੂੰ ਮੋਰਚੇ ਦੀ ਖਿੜਕੀ ਚੋਂ ਵੇਖ ਰਹੇ ਸਨ। ਇਵੇਂ ਹੀ ਇੱਕ ਹੋਰ ਨੌਵੀਂ ਕਲਾਸ ਦਾ ਬੱਚਾ ਬੇਅੰਤ ਵੀ ਮੋਰਚੇ ਵਿਚ ਆਪਣੀ ਹਾਜ਼ਰੀ ਲਾ ਰਿਹਾ ਸੀ।
                 ਮੋਗਾ ਦੇ ਪਿੰਡ ਮੀਨੀਆ ਦੀ ਤੀਸਰੀ ਕਲਾਸ ਵਿਚ ਪੜ•ਦੀ ਬੱਚੀ ਮਨਪ੍ਰੀਤ ਕੌਰ ਆਪਣੀ ਮਾਂ ਨਾਲ ਕਿਸਾਨ ਮੋਰਚੇ ਵਿਚ ਪੁੱਜੀ ਹੋਈ ਸੀ। ਇਨ•ਾਂ ਬੱਚਿਆਂ ਦੇ ਅਣਭੋਲ ਚਿਹਰਿਆਂ ਤੋਂ ਜਾਪਦਾ ਸੀ ਕਿ ਹੁਣ ਦਿੱਲੀ ਦੂਰ ਨਹੀਂ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣ ਸੀ ਕਿ ਸਕੂਲੀ ਬੱਚਿਆਂ ਦੀ ਗਿਣਤੀ ਰੋਜ਼ਾਨਾ ਹੁੰਦੀ ਹੈ ਅਤੇ ਬਹੁਤੇ ਬੱਚੇ ਆਪਣੇ ਮਾਪਿਆਂ ਨਾਲ ਆਉਂਦੇ ਹਨ। ਅੱਜ ਕਿਸਾਨ ਮੋਰਚੇ ਵਿਚ ਮਹਿਲਾ ਆਗੂ ਹਰਵਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿਥੋ ਨੇ ਆਖਿਆ ਕਿ ਕਿਸਾਨੀ ਸੰਕਟ ਦਾ ਸਭ ਤੋਂ ਵੱਧ ਸੰਤਾਪ ਪੇਂਡੂ ਔਰਤਾਂ ਨੂੰ ਭੋਗਣਾ ਪੈ ਰਿਹਾ ਹੈ ਜਿਨ•ਾਂ ਦੇ ਅਰਮਾਨ ਖੇਤਾਂ ਦੇ ਸੇਕ ਨੇ ਝੁਲਸ ਦਿੱਤੇ ਹਨ। ਘਰਾਂ ਦੇ ਚੁੱਲ•ੇ ਚੌਂਕੇ ਚੱਲਦੇ ਰੱਖਣ ਲਈ ਕੰਨਾਂ ਦੇ ਗਹਿਣੇ ਵੀ ਵਿਕ ਗਏ। ਮਹਿਲਾ ਆਗੂਆਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਸੰਘਰਸ਼ਾਂ ਦਾ ਮੋਢਾ ਨਹੀਂ ,ਸਿਰ ਬਣਨ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ  ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਸਾਨੀ ਮਸਲੇ ਰੱਖੇ। ਉਨ•ਾਂ ਆਖਿਆ ਕਿ ਮੋਰਚੇ ਦਾ ਵੱਧ ਰਿਹਾ ਪਾਰਾ ਜਲਦੀ ਹੀ ਸਰਕਾਰ ਨੂੰ ਸੇਕ ਲਾਏਗਾ। ਮੋਰਚੇ ਦੇ ਇਕੱਠ ਨੂੰ ਸਿੰਗਾਰਾ ਸਿੰਘ ਮਾਨ,ਅਮਰਜੀਤ ਸਿੰਘ ਸੈਦੋਕੇ,ਗੁਰਮੀਤ ਸਿੰਘ ਕ੍ਰਿਸ਼ਨਪੁਰਾ, ਗੁਰਾਦਿੱਤਾ ਸਿੰਘ ਭਾਗਸਰ,ਗੁਰਪਾਸ ਸਿੰਘ ਸਿੰਘੇਵਾਲਾ,ਹਰਬੰਸ ਸਿੰਘ ਕੋਟਲੀ,ਅਜੀਤ ਸਿੰਘ ਅਤੇ ਸੁਖਦੀਪ ਸਿੰਘ ਨੇ ਸੰਬੋਧਨ ਕੀਤਾ।
       

Tuesday, June 7, 2016

                                                                  ਭੁੰਜੇ ਲਾਹਿਆ ਖਜ਼ਾਨਾ
                      ਹੈਲੀਕਾਪਟਰ ਦੇ ਬਰਾਬਰ ਉੱਡਿਆ ਲਗਜ਼ਰੀ ਕਾਰਾਂ ਦਾ ਖਰਚਾ
                                                                     ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਨੇ ਏਨਾ ਪੈਸਾ ਲਗਜ਼ਰੀ ਕਾਰਾਂ ਖਰੀਦਣ ਤੇ ਲਾਇਆ ਹੈ ਜਿਨ•ੀ ਕੀਮਤ ਨਾਲ ਇੱਕ ਹੈਲੀਕਾਪਟਰ ਖਰੀਦਿਆ ਜਾ ਸਕਦਾ ਸੀ। ਹਰ ਵਰੇ• ਸਰਕਾਰ ਨੇ ਔਸਤਨ ਸਵਾ ਚਾਰ ਕਰੋੜ ਰੁਪਏ ਨਵੀਆਂ ਕਾਰਾਂ ਖਰੀਦਣ ਤੇ ਖਰਚੇ ਹਨ। ਪੰਜਾਬ ਸਰਕਾਰ ਨੇ ਲੰਘੇ ਨੌ ਵਰਿ•ਆਂ (2007-08 ਤੋਂ 2015-16 ਤੱਕ) ਦੌਰਾਨ 36.84 ਕਰੋੜ ਦੀਆਂ ਲਗਜ਼ਰੀ ਗੱਡੀਆਂ ਅਤੇ ਵਾਹਨ ਖਰੀਦੇ ਹਨ। ਕੈਪਟਨ ਹਕੂਮਤ ਨੇ ਆਪਣੇ ਕਾਰਜਕਾਲ ਦੌਰਾਨ 10.80 ਕਰੋੜ ਦੇ ਲਗਜ਼ਰੀ ਵਾਹਨ ਖਰੀਦੇ ਸਨ। ਜਦੋਂ ਨੌ ਵਰਿ•ਆਂ ਦਾ ਲੇਖਾ ਜੋਖਾ ਕੀਤਾ ਗਿਆ ਤਾਂ ਤੱਥ ਸਾਹਮਣੇ ਆਏ ਕਿ ਸਰਕਾਰ ਨੇ ਸਿਰਫ 2012-13 ਅਤੇ 2013-14 ਤੋਂ ਬਿਨ•ਾਂ ਬਾਕੀ 7 ਵਰਿ•ਆਂ ਦੌਰਾਨ ਕਾਰਾਂ ਦੀ ਖਰੀਦ ਰੈਗੂਲਰ ਜਾਰੀ ਰਹੀ। ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਪ੍ਰਾਪਤ ਆਰ.ਟੀ.ਆਈ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਨੌ ਵਰਿ•ਆਂ ਦੌਰਾਨ ਮੁੱਖ ਮੰਤਰੀ,ਉਪ ਮੁੱਖ ਮੰਤਰੀ,ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਲਈ ਲਗਜ਼ਰੀ ਕਾਰਾਂ ਤੇ ਵਾਹਨ ਖਰੀਦੇ ਹਨ ਜਦੋਂ ਕਿ ਵਿਧਾਇਕਾਂ ਲਈ ਸਾਲ 2015-16 ਦੌਰਾਨ 66 ਇਨੋਵਾ ਗੱਡੀਆਂ ਖਰੀਦ ਕੀਤੀਆਂ ਗਈਆਂ ਹਨ ਜਿਨ•ਾਂ ਤੇ 8.43 ਕਰੋੜ ਦੀ ਲਾਗਤ ਆਈ ਹੈ। ਅੱਠ ਵਰਿ•ਆਂ ਤੋਂ ਵਿਧਾਇਕ ਪੁਰਾਣੇ ਵਾਹਨ ਹੀ ਘੜੀਸ ਰਹੇ ਸਨ। ਪੰਜਾਬ ਸਰਕਾਰ ਨੇ ਵਿਧਾਇਕਾਂ ਦੀ ਥਾਂ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਹੀ ਜਿਆਦਾ ਖਿਆਲ ਰੱਖਿਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕੋਲ ਇਸ ਵੇਲੇ ਕਰੀਬ 33 ਗੱਡੀਆਂ ਹਨ।
                      ਸਰਕਾਰ ਨੇ ਮੁੱਖ ਮੰਤਰੀ ਦੀ ਗੱਡੀ ਦਾ ਦਾ ਐਕਸੀਡੈਂਟ ਹੋਣ ਕਾਰਨ ਸਾਲ 2014-15 ਦੌਰਾਨ 14.03 ਲੱਖ ਰੁਪਏ ਵਿਚ ਇੱਕ ਹੋਰ ਨਵੀਂ ਇਨੋਵਾ ਗੱਡੀ ਖਰੀਦ ਕੀਤੀ ਸੀ। ਇਵੇਂ ਇੱਕ ਵਜ਼ੀਰ ਦੀ ਗੱਡੀ ਦਾ ਐਕਸੀਡੈਂਟ ਹੋਣ ਕਰਕੇ 5.37 ਲੱਖ ਰੁਪਏ ਵਿਚ ਇੱਕ ਜਿਪਸੀ ਖਰੀਦ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਅਪਰੈਲ 2013 ਵਿਚ ਨਵਾਂ ਹੈਲੀਕਾਪਟਰ ਖਰੀਦਣ ਤੇ 38 ਕਰੋੜ ਖਰਚ ਕੀਤੇ ਸਨ। ਇਨੀ ਰਾਸ਼ੀ ਦੇ ਹੀ ਨੌ ਵਰਿ•ਆਂ ਵਿਚ ਵਾਹਨ ਖਰੀਦੇ ਕੀਤੇ ਗਏ ਹਨ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਭ ਤੋਂ ਵੱਧ ਸਾਲ 2015-16 ਦੌਰਾਨ 128 ਖਰੀਦਣ ਤੇ 11.82 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਾਲ 2008-09 ਵਿਚ 10.18 ਕਰੋੜ ਰੁਪਏ ਵਾਹਨਾਂ ਤੇ ਖਰਚੇ ਗਏ ਸਨ। ਕਾਂਗਰਸੀ ਹਕੂਮਤ ਨੇ 4.31 ਕਰੋੜ 'ਚ 97 ਕੁਆਇਲਸ ਗੱਡੀਆਂ,1.13 ਕਰੋੜ 'ਚ 30 ਅਬੈਂਸਡਰ ਗੱਡੀਆਂ,3.18 ਕਰੋੜ 'ਚ 77 ਜਿਪਸੀਆਂ,98.53 ਲੱਖ ਰੁਪਏ 'ਚ 13 ਇਲੈਟਰਾ ਗੱਡੀਆਂ ਅਤੇ 1.20 ਕਰੋੜ ਰੁਪਏ 'ਚ 28 ਕੰਟੈਸਾ ਗੱਡੀਆਂ ਖਰੀਦ ਕੀਤੀਆਂ ਸਨ। ਗਠਜੋੜ ਸਰਕਾਰ ਨੇ ਨੌ ਵਰਿ•ਆਂ ਵਿਚ ਕੁੱਲ 395 ਵਾਹਨ ਵੀ.ਆਈ.ਪੀਜ਼ ਲਈ ਖਰੀਦੇ ਹਨ ਜਦੋਂ ਕਿ ਤਤਕਾਲੀ ਕਾਂਗਰਸ ਸਰਕਾਰ ਨੇ 266 ਵਾਹਨ ਖਰੀਦ ਕੀਤੇ ਸਨ। ਪੰਜਾਬ ਸਰਕਾਰ ਨੇ ਇਵੇਂ ਹੀ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਲਈ ਵੀ ਇਨ•ਾਂ ਨੌ ਵਰਿ•ਆਂ ਦੌਰਾਨ 40 ਇਨੋਵਾ ਗੱਡੀਆਂ ਖਰੀਦ ਕੀਤੀਆਂ ਹਨ।
                     ਸਭ ਤੋਂ ਵੱਧ ਸਾਲ 2015-16 ਦੌਰਾਨ 20 ਇਨੋਵਾ ਵਾਹਨ ਖਰੀਦੇ ਕੀਤੇ ਗਏ ਹਨ ਜਿਨ•ਾਂ ਤੇ 2.55 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਸ ਤੋਂ ਪਹਿਲਾਂ ਸਾਲ 2008-09 ਵਿਚ 17 ਇਨੋਵਾ ਖਰੀਦ ਕੀਤੀਆਂ ਸਨ ਜਿਨ•ਾਂ ਤੇ 1.43 ਕਰੋੜ ਖਰਚ ਆਏ ਸਨ। ਸਾਲ 2009-10 ਦੌਰਾਨ 8.47 ਲੱਖ ਅਤੇ ਸਾਲ 2010-11 ਦੌਰਾਨ ਦੋ ਇਨੋਵਾ ਗੱਡੀਆਂ ਤੇ 17.39 ਲੱਖ ਖਰਚ ਕੀਤੇ ਸਨ। ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਟੈਂਕੀਆਂ ਤੇ ਚੜ•ੇ ਹੋਏ ਬੇਰੁਜ਼ਗਾਰਾਂ ਦਾ ਸੋਚੇ। ਸੂਤਰਾਂ ਅਨੁਸਾਰ ਇਨ•ਾਂ ਤੋਂ ਬਿਨ•ਾਂ ਪੰਜਾਬ ਪੁਲੀਸ ਦੇ ਵਾਹਨ ਵੱਖਰੇ ਤੌਰ ਤੇ ਵੀ.ਆਈ.ਪੀਜ਼ ਨਾਲ ਚੱਲਦੇ ਹਨ ਅਤੇ ਜਿਨ•ਾਂ ਵਾਹਨਾਂ ਦੀ ਖਰੀਦ ਦਾ ਖਰਚਾ ਵੱਖਰਾ ਹੈ।  ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਾਲਤਾਂ ਨੂੰ ਵੇਖਦੇ ਹੁਣ ਗਠਜੋੜ ਸਰਕਾਰ ਨੂੰ ਆਪਣੇ ਸੁੱਖ ਸਹੂਲਤਾਂ ਦੀ ਥਾਂ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਣੀ ਬਣਦੀ ਸੀ। ਉਨ•ਾਂ ਆਖਿਆ ਕਿ ਸਰਕਾਰ ਆਪਣੀ ਐਸੋ ਇਸ਼ਰਤ ਤੇ ਖਜ਼ਾਨਾ ਉਡਾ ਰਹੀ ਹੈ।
                                  ਖਰਚਾ ਹੱਥ ਘੁੱਟ ਕੇ ਕਰਦੇ ਹਾਂ : ਟਰਾਂਸਪੋਰਟ ਮੰਤਰੀ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਕਹਿਣ ਸੀ ਕਿ ਪੰਜਾਬ ਸਰਕਾਰ ਤਾਂ ਨਵੇਂ ਵਾਹਨ ਖਰੀਦਣ ਤੇ ਖਰਚਾ ਹੱਥ ਘੁੱਟ ਕੇ ਹੀ ਕਰ ਰਹੀ ਹੈ ਅਤੇ ਵਿਧਾਇਕਾਂ ਨੂੰ ਕਾਫੀ ਸਮੇਂ ਮਗਰੋਂ ਹੁਣ ਗੱਡੀਆਂ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਉਨ•ਾਂ ਨੇ ਤਾਂ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਕਿਲੋਮੀਟਰ ਸਕੀਮ ਲੈਣ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਨਵੇਂ ਵਾਹਨਾਂ ਤੇ ਹੋਣ ਵਾਲਾ ਖਰਚ ਘਟਾਇਆ ਜਾ ਸਕੇ। ਉਨ•ਾਂ ਆਖਿਆ ਕਿ ਸਰਕਾਰ ਤਰਫੋਂ ਉਨ•ਾਂ ਨੂੰ ਕਦੇ ਬਜਟ ਨੂੰ ਨਾਂਹ ਨਹੀਂ ਹੁੰਦੀ ਹੈ। 

Saturday, June 4, 2016

                            ਮੁਨਾਫੇ ਦਾ ਧੰਦਾ
 ਬਾਦਲਾਂ ਦੇ ਹਲਕੇ ਵਿਚ ਕੁਨੈਕਸ਼ਨ ਘੁਟਾਲਾ !
                            ਚਰਨਜੀਤ ਭੁੱਲਰ
ਬਠਿੰਡਾ : ਬਾਦਲਾਂ ਦੇ ਹਲਕੇ ਵਿਚ ਹੁਣ ਟਿਊਬਵੈਲ ਕੁਨੈਕਸ਼ਨ ਸਕੈਂਡਲ ਹੋ ਗਿਆ ਹੈ ਜਿਸ ਦੀ ਹੁਣ  ਪੜਤਾਲ ਦੇ ਹੁਕਮ ਜਾਰੀ ਹੋਏ ਹਨ। ਵੱਧ ਜ਼ਮੀਨਾਂ ਵਾਲੇ ਜੋੜ ਤੋੜ ਲਾ ਕੇ ਢਾਈ/ਪੰਜ ਏਕੜ ਕੈਟਾਗਿਰੀ ਦੇ ਟਿਊਬਵੈਲ ਕੁਨੈਕਸ਼ਨ ਲੈਣ ਵਿਚ ਸਫਲ ਹੋ ਗਏ ਹਨ। ਬਠਿੰਡਾ-ਮਾਨਸਾ ਵਿਚ ਵੱਧ ਜ਼ਮੀਨਾਂ ਵਾਲੇ ਸੈਂਕੜੇ ਖਪਤਕਾਰਾਂ ਦੇ ਕੇਸ ਰੱਦ ਵੀ ਹੋਏ ਹਨ। ਝੋਨੇ ਦੀ ਲਵਾਈ ਨੇੜੇ ਹੋਣ ਕਰਕੇ ਕੁਨੈਕਸ਼ਨਾਂ ਲਈ ਮਾਰੋ ਮਾਰੀ ਚੱਲ ਰਹੀ ਹੈ। ਬੁਢਲਾਡਾ ਦੇ ਪੁਰਾਣੇ ਐਕਸੀਅਨ ਅਤੇ ਹੇਠਲੇ ਅਫਸਰਾਂ ਵਿਚ ਆਪਸੀ ਖਿੱਚੋਤਾਣ ਨੇ ਸਕੈਂਡਲ ਨੂੰ ਬੇਪਰਦ ਕਰ ਦਿੱਤਾ ਹੈ। ਦੋਵਾਂ ਜ਼ਿਲਿ•ਆਂ ਵਿਚ ਕਰੀਬ 20 ਹਜ਼ਾਰ ਕੁਨੈਕਸ਼ਨ ਜਾਰੀ ਕੀਤੇ ਹਨ। ਵੇਰਵਿਆਂ ਅਨੁਸਾਰ ਐਸ.ਡੀ.ਓ ਭੀਖੀ  ਵਲੋਂ ਉੱਚ ਅਫਸਰਾਂ ਨੂੰ 25 ਮਈ ਨੂੰ ਭੇਜੀ ਪੜਤਾਲ ਰਿਪੋਰਟ ਅਨੁਸਾਰ ਬਰੇਟਾ ਉਪ ਮੰਡਲ ਵਿਚ 179 ਖਪਤਕਾਰਾਂ ਨੂੰ ਕੁਨੈਕਸ਼ਨ ਦੇਣ ਵਿਚ ਘਾਲਾ ਮਾਲਾ ਹੋਇਆ ਹੈ। ਡਾਇਰੀ ਰਜਿਸਟਰ ਵਿਚ ਛੇੜ ਛਾੜ ਕੀਤੀ ਗਈ ਅਤੇ ਪੜਤਾਲ ਵਿਚ 179 ਡਿਮਾਂਡ ਨੋਟਿਸ ਡਬਲ ਪਾਏ ਗਏ। ਪਾਵਰਕੌਮ ਨੂੰ ਆਪਣੀ ਢਾਈ/ਪੰਜ ਏਕੜ ਵਾਲੀ ਆਪਸ਼ਨ ਦੇਣ ਤੋਂ ਖੁੰਝੇ ਖਪਤਕਾਰਾਂ ਨੇ ਮਗਰੋਂ ਮਿਲੀਭੁਗਤ ਨਾਲ ਡਿਮਾਂਡ ਨੋਟਿਸ ਜਾਰੀ ਕਰਾ ਲਏ। ਐਸ.ਡੀ.ਓ ਭੀਖੀ ਸੁਧੀਰ ਕੁਮਾਰ ਦਾ ਕਹਿਣਾ ਸੀ ਕਿ ਸਮਾਂ ਲੰਘਣ ਮਗਰੋਂ ਇਨ•ਾਂ ਖਪਤਕਾਰਾਂ ਨੇ ਆਪਸ਼ਨਾਂ ਦੇ ਕੇ ਡਿਮਾਂਡ ਨੋਟਿਸ ਜਾਰੀ ਕਰਾਏ ਹਨ ਜੋ ਨਹੀਂ ਹੋ ਸਕਦੇ ਸਨ।
                  ਪੁਰਾਣੇ ਐਕਸੀਅਨ (ਬੁਢਲਾਡਾ) ਐਸ.ਪੀ.ਗੋਇਲ ਨੇ ਇਸ ਰਿਪੋਰਟ ਦੇ ਅਧਾਰ ਤੇ ਬਰੇਟਾ ਦੇ ਮੌਜੂਦਾ ਤੇ ਪੁਰਾਣੇ ਐਸ.ਡੀ.ਓ ਖ਼ਿਲਾਫ਼ ਕਾਰਵਾਈ ਲਈ ਲਿਖ ਦਿੱਤਾ। ਮੌਜੂਦਾ ਐਸ.ਡੀ.ਓ ਜਗਮੇਲ ਸਿੰਘ ਦਾ ਕਹਿਣਾ ਸੀ ਕਿ ਕਿਸੇ ਮਾਮਲੇ ਉਨ•ਾਂ ਦਾ ਕੋਈ ਦਾਖਲ ਨਹੀਂ ਹੈ ਅਤੇ ਕੁਝ ਵੀ ਜਾਅਲੀ ਨਹੀਂ ਹੋਇਆ ਹੈ। ਸਿਰਫ਼ 15 ਤੋਂ 20 ਖਪਤਕਾਰ ਹੀ ਵੱਧ ਜ਼ਮੀਨਾਂ ਵਾਲੇ ਹੋਣਗੇ। ਇਸੇ ਦੌਰਾਨ ਪੁਰਾਣੇ ਐਕਸੀਅਨ ਗੋਇਲ ਤੇ ਹੇਠਲੇ ਸਟਾਫ ਵਿਚ ਖੜਕ ਗਈ ਸੀ। ਐਕਸੀਅਨ ਗੋਇਲ ਨੇ ਨਿਗਰਾਨ ਇੰਜੀਨੀਅਰ ਬਠਿੰਡਾ ਨੂੰ 24 ਮਈ ਨੂੰ ਪੱਤਰ ਨੰਬਰ 4146 ਪੱਤਰ ਲਿਖ ਕੇ ਸਭ ਕੁਝ ਜੱਗ ਜ਼ਾਹਰ ਕਰ ਦਿੱਤਾ ਉਨ•ਾਂ ਪੱਤਰ ਲਿਖਿਆ ਕਿ ਉਸ ਉਪਰ ਕੁਝ ਪਿੰਡਾਂ ਦੇ ਸਰਪੰਚਾਂ ਵਲੋਂ ਦਬਾਓ ਪਾਇਆ ਜਾ ਰਿਹਾ ਹੈ ਕਿ ਤਾਜ਼ਾ ਫਰਦਾਂ ਦੇ ਅਧਾਰ ਤੇ ਕੁਨੈਕਸ਼ਨ ਦਿੱਤੇ ਜਾਣ ਅਤੇ ਸਰਪੰਚ ਉਪ ਮੰਡਲ ਝੁਨੀਰ ਵਿਚ ਏਦਾ ਕੁਨੈਕਸ਼ਨ ਦਿੱਤੇ ਜਾਣ ਦਾ ਹਵਾਲਾ ਵੀ ਦੇ ਰਹੇ ਹਨ। ਨਿਗਰਾਨ ਇੰਜੀਨੀਅਰ ਬਠਿੰਡਾ ਜੀਵਨ ਕਾਂਸਲ ਨੇ ਇਸ ਮਗਰੋਂ ਹੀ 25 ਮਈ ਨੂੰ ਦਫ਼ਤਰੀ ਹੁਕਮ ਨੰਬਰ 142 ਤਹਿਤ ਭਗਤਾ ਅਤੇ ਬਠਿੰਡਾ ਦੇ ਐਕਸੀਅਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਪੜਤਾਲ ਕਰਕੇ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ।
                  ਵੱਡੀ ਗੜਬੜ ਬੁਢਲਾਡਾ ਡਵੀਜ਼ਨ ਵਿਚ ਹੋਈ ਹੈ ਜਿਸ ਵਿਚ 5600 ਕੁਨੈਕਸ਼ਨ ਜਾਰੀ ਕਰਨੇ ਹਨ ਅਤੇ ਤਿੰਨ ਹਜ਼ਾਰ ਖਪਤਕਾਰਾਂ ਨੇ ਪੈਸੇ ਭਰ ਦਿੱਤੇ ਹਨ। ਵੇਰਵਿਆਂ ਅਨੁਸਾਰ ਇਨ•ਾਂ ਚੋਂ 110 ਕੁਨੈਕਸ਼ਨ ਉਹ ਰੱਦ ਕਰ ਦਿੱਤੇ ਗਏ ਹਨ ਜਿਨ•ਾਂ ਖਪਤਕਾਰਾਂ ਕੋਲ ਅਪਲਾਈ ਕਰਨ ਵੇਲੇ ਜ਼ਮੀਨ ਢਾਈ ਏਕੜ/ਪੰਜ ਏਕੜ ਤੋਂ ਜਿਆਦਾ ਸੀ। ਇਸੇ ਤਰ•ਾਂ 200 ਦੇ ਕਰੀਬ ਵੱਧ ਜ਼ਮੀਨ ਵਾਲੇ ਖਪਤਕਾਰਾਂ ਤੋਂ ਅਫਸਰਾਂ ਨੇ ਪੈਸੇ ਨਹੀਂ ਭਰਾਏ ਹਨ। ਸੂਤਰਾਂ ਅਨੁਸਾਰ ਬਹੁਤੇ ਖਪਤਕਾਰਾਂ ਨੇ ਵੱਧ ਜ਼ਮੀਨਾਂ ਹੋਣ ਦੇ ਬਾਵਜੂਦ ਢਾਈ/ਪੰਜ ਏਕੜ ਵਾਲੀ ਕੈਟਾਗਿਰੀ ਵਿਚ ਕੁਨੈਕਸ਼ਨ ਅਪਲਾਈ ਕਰ ਦਿੱਤਾ। ਹੁਣ ਜਦੋਂ ਕੁਨੈਕਸ਼ਨ ਜਾਰੀ ਹੋਣ ਲੱਗੇ ਤਾਂ ਵੱਧ ਜ਼ਮੀਨਾਂ ਵਾਲਿਆਂ ਨੇ ਜ਼ਮੀਨਾਂ ਦੇ ਤਬਾਦਲੇ ਕਰਕੇ ਜਾਂ ਆਪਣੇ ਸਕੇ ਸਬੰਧੀਆਂ ਦੇ ਨਾਮ ਤੇ ਜ਼ਮੀਨ ਟਰਾਂਸਫਰ ਕਰਾ ਕੇ ਆਪ ਖੁਦ ਢਾਈ/ਪੰਜ ਏਕੜ ਵਾਲੀ ਸ਼ਰਤ ਪੂਰੀ ਕਰ ਲਈ।ਪਾਵਰਕੌਮ ਨੇ 18 ਮਈ ਨੂੰ ਆਖ ਦਿੱਤਾ ਕਿ ਖਪਤਕਾਰ ਕੋਲ ਜੋ ਜ਼ਮੀਨ ਅਪਲਾਈ ਕਰਨ ਸਮੇਂ ਸੀ, ਉਸ ਨੂੰ ਹੀ ਮੰਨਿਆ ਜਾਵੇ। ਤਾਜਾ ਫਰਦਾਂ ਨੂੰ ਨਾ ਮੰਨਿਆ ਜਾਵੇ। ਘਪਲਾ ਇਹੋ ਹੋ ਰਿਹਾ ਹੈ ਕਿ ਵੱਧ ਜ਼ਮੀਨਾਂ ਵਾਲੇ ਹੁਣ ਆਪਣੇ ਨਾਮ ਤੇ ਜ਼ਮੀਨਾਂ ਘੱਟ ਕਰਕੇ ਕੁਨੈਕਸ਼ਨ ਲੈ ਰਹੇ ਹਨ। ਮਾਨਸਾ ਬਠਿੰਡਾ ਵਿਚ ਵੱਡੀ ਪੱਧਰ ਤੇ ਅਜਿਹਾ ਹੋਇਆ ਹੈ ਅਤੇ ਸਿਆਸੀ ਨੇਤਾ ਅਫਸਰਾਂ ਨੂੰ ਦਬਕੇ ਮਾਰ ਰਹੇ ਹਨ।
                 ਇਵੇਂ ਹੀ ਹੁਣ ਬੁਢਲਾਡਾ ਵਿਚ ਇੱਕ ਸੀ.ਡੀ ਕਾਂਡ ਵੀ ਸਾਹਮਣੇ ਆਇਆ ਹੈ। ਐਕਸੀਅਨ ਗੋਇਲ ਨੇ ਐਸ.ਡੀ.ਓ ਬੁਢਲਾਡਾ ਖ਼ਿਲਾਫ਼ ਪੱਤਰ ਭੇਜ ਦਿੱਤਾ ਹੈ ਕਿ ਉਹ ਖਪਤਕਾਰਾਂ ਤੋਂ ਸ਼ਰੇਆਮ ਪੈਸੇ ਦੀ ਮੰਗ ਕਰ ਰਿਹਾ ਹੈ। ਇੱਕ ਸੀ.ਡੀ ਵੀ ਸਬੂਤ ਵਜੋਂ ਭੇਜੀ ਗਈ ਹੈ। ਦੂਸਰੀ ਤਰਫ਼ ਐਕਸੀਅਨ ਗੋਇਲ ਖ਼ਿਲਾਫ਼ ਸਟਾਫ ਧਰਨੇ ਵੀ ਲਾ ਚੁੱਕਾ ਹੈ ਅਤੇ ਕਈ ਅਫਸਰਾਂ ਤੇ ਮੁਲਾਜ਼ਮਾਂ ਨੇ ਪੱਛਮੀ ਜ਼ੋਨ ਦੇ ਮੁੱਖ ਇੰਜੀਨੀਅਰ ਨੂੰ ਪੱਤਰ ਲਿਖਿਆ ਕਿ ਐਕਸੀਅਨ ਗੋਇਲ ਵਲੋਂ ਟਿਊਬਵੈਲ ਕੁਨੈਕਸ਼ਨਾਂ ਵਿਚ ਉਪ ਮੰਡਲ ਅਫਸਰਾਂ/ਜੇ.ਈ ਅਤੇ ਹੋਰ ਮੁਲਾਜ਼ਮਾਂ ਤੋਂ ਕÎਥਿਤ ਤੌਰ ਤੇ ਰਿਸ਼ਵਤ ਦੀ ਮੰਗੀ ਜਾ ਰਹੀ ਹੈ। ਗੋਇਲ ਦੀ ਬਦਲੀ 24 ਮਈ ਨੂੰ ਹੋ ਗਈ ਸੀ ਪ੍ਰੰਤੂ ਇਹ ਅਧਿਕਾਰੀ ਰਲੀਵ ਹੋਣ ਤੋਂ ਪਹਿਲਾਂ ਮੁਲਾਜ਼ਮਾਂ ਖ਼ਿਲਾਫ਼ ਰੰਜਸ਼ ਵੀ ਕੱਢ ਰਿਹਾ ਹੈ। ਬੁਢਲਾਡਾ ਦੇ ਐਸ.ਡੀ.ਓ ਵਲੋਂ ਵੀ ਐਕਸੀਅਨ ਦੀ ਇੱਕ ਸੀ.ਡੀ ਪੱਛਮੀ ਜ਼ੋਨ ਦੇ ਮੁੱਖ ਇੰਜੀਨੀਅਰ ਨੂੰ ਭੇਜ ਦਿੱਤੀ ਹੈ। ਐਸ.ਡੀ.ਓ ਜਗਦੀਸ਼ ਰਾਏ ਨਾਲ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।
                                      ਅਫਸਰਾਂ ਦੀ ਵੀ ਪੜਤਾਲ ਲਾਈ : ਮੁੱਖ ਇੰਜੀਨੀਅਰ
ਪੱਛਮੀ ਜ਼ੋਨ ਦੇ ਮੁੱਖ ਇੰਜੀਨੀਅਰ ਮਹਿੰਦਰ ਸਿੰਘ ਬਰਾੜ ਦਾ ਕਹਿਣਾ ਕਿ ਬੁਢਲਾਡਾ ਦੇ ਪੁਰਾਣੇ ਐਕਸੀਅਨ ਗੋਇਲ ਅਤੇ  ਐਸ.ਡੀ.ਓ ਜਗਦੀਸ਼ ਰਾਏ ਨੇ ਇੱਕ ਦੂਸਰੇ ਖਿਲਾਫ ਰਿਸ਼ਵਤ ਮੰਗਣ ਦੀ ਸ਼ਿਕਾਇਤ ਸਮੇਤ ਸੀ.ਡੀਜ਼ ਭੇਜੀ ਹੈ ਜਿਨ•ਾਂ ਦੀ ਵੱਖਰੀ ਪੜਤਾਲ ਐਕਸੀਅਨ (ਵਰਕਸ) ਕਰਨਗੇ। ਐਕਸੀਅਨ ਗੋਇਲ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ । ਉਨ•ਾਂ ਆਖਿਆ ਕਿ ਖਪਤਕਾਰਾਂ ਕੋਲ ਅਪਲਾਈ ਕਰਨ ਸਮੇਂ ਜੋ ਜ਼ਮੀਨ ਸੀ, ਉਸ ਦੇ ਅਧਾਰ ਤੇ ਹੀ ਕੁਨੈਕਸ਼ਨ ਜਾਰੀ ਹੋਵੇਗਾ। 

Friday, June 3, 2016

                                  ਨੌਕਰੀ ਘੁਟਾਲਾ
           ‘ਡੱਡ ਟਪੂਸੀਆਂ’ ਅੱਗੇ ਵਿਜੀਲੈਂਸ ਫੇਲ
                                   ਚਰਨਜੀਤ ਭੁੱਲਰ
ਬਠਿੰਡਾ :  ਮਲੋਟ ਦਾ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਹੁਣ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ ਜਿਸ ਨੇ ਨੌਕਰੀ ਘੁਟਾਲੇ ਵਿਚ ਹੱਥ ਰੰਗੇ ਹਨ। ਵਿਜੀਲੈਂਸ ਨੇ ਫਰਾਰ ਕੌਂਸਲਰ ਡੱਡੀ ਦੀ ਪੈੜ ਨੱਪਣ ਲਈ ਸੂਹੀਏ ਤਾਇਨਾਤ ਕਰ ਦਿੱਤੇ ਹਨ। ਵਿਜੀਲੈਂਸ ਨੂੰ ਸੂਹ ਮਿਲੀ ਹੈ ਕਿ ਡੱਡੀ ਨੇ ਕੁਝ ਦਿਨ ਪਹਿਲਾਂ ਆਪਣੇ ਘਰ ਤੋਂ ਆਪਣਾ ਪਾਸਪੋਰਟ ਮੰਗਵਾ ਲਿਆ ਹੈ ਤੇ ਉਹ ਵਿਦੇਸ਼ ਭੱਜਣ ਦੀ ਤਾਕ ਵਿਚ ਵੀ ਹੋ ਸਕਦਾ ਹੈ। ਮਾਲਵਾ ਖ਼ਿੱਤੇ ਦੇ ਅੱਧੀ ਦਰਜਨ ਉਹ ਉਮੀਦਵਾਰ ਵੀ ਆਪਣੇ ਘਰਾਂ ਤੋਂ ਫਰਾਰ ਹਨ ਜਿਨ•ਾਂ ਨੇ ਵੱਢੀ ਦੇ ਕੇ ਨੌਕਰੀ ਹਾਸਲ ਕੀਤੀ ਹੈ। ਵਿਜੀਲੈਂਸ ਨੇ ਇਨ•ਾਂ ਦੇ ਪਿਛੇ ਵੀ ਸੂਹੀਏ ਲਾਏ ਹਨ ਅਹਿਮ ਵੇਰਵਿਆਂ ਅਨੁਸਾਰ ਵਿਜੀਲੈਂਸ ਨੇ ਬਠਿੰਡਾ ਦੇ ਇੱਕ ਅਕਾਲੀ ਨੇਤਾ ਦੇ ਲੜਕੇ ਨੂੰ ਵੀ ਚੰਡੀਗੜ• ਬੁਲਾ ਕੇ ਪੁੱਛ ਗਿੱਛ ਕੀਤੀ ਹੈ ਜਿਸ ਨੂੰ ਸਰਕਾਰੀ ਨੌਕਰੀ ਮਿਲੀ ਹੈ। ਵਿਜੀਲੈਂਸ ਨੇ ਨੌਕਰੀ ਘੁਟਾਲੇ ਦੇ ਸਬੰਧ ਵਿਚ ਤਿੰਨ ਕੇਸ ਦਰਜ ਕੀਤੇ ਹਨ ਜਿਨ•ਾਂ ਵਿਚ ਮਲੋਟ ਦੇ ਕੌਂਸਲਰ ਡੱਡੀ ਦਾ ਨਾਮ ਵੀ ਹੈ। ਜਨ ਸਿਹਤ ਵਿਭਾਗ ਵਿਚ ਕਲਰਕ ਵਜੋਂ ਤਾਇਨਾਤ ਅਮਿਤ ਸਾਗਰ ਨੇ ਡੱਡੀ ਕੌਂਸਲਰ ਵਾਰੇ ਵਿਜੀਲੈਂਸ ਕੋਲ ਖੁਲਾਸਾ ਕੀਤਾ ਸੀ। ਨੌਕਰੀ ਘੁਟਾਲੇ ਵਿਚ ਇੱਕ ਅਕਾਲੀ ਨੇਤਾ ਦਾ ਨਾਮ ਵੀ ਬੋਲਦਾ ਹੈ। ਕੌਂਸਲਰ ਡੱਡੀ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਵਿਜੀਲੈਂਸ ਦੀ ਗੱਡੀ ਦਾ ਮੂੰਹ ਇਸ ਨੇਤਾ ਦੇ ਘਰ ਵੱਲ ਹੋ ਸਕਦਾ ਹੈ।
                   ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਨੇ ਕੌਂਸਲਰ ਡੱਡੀ ਪ੍ਰਤੀ ਸੁਰ ਨਰਮ ਕਰ ਲਈ ਹੈ ਅਤੇ ਕੌਂਸਲਰ ਡੱਡੀ ਦਾ ਮਲੋਟ ਸਥਿਤ ਗੁਪਤਾ ਮਸ਼ੀਨਰੀ ਸਟੋਰ ਆਮ ਵਾਂਗ ਖੁੱਲ• ਰਿਹਾ ਹੈ। ਵਿਜੀਲੈਂਸ ਨੇ ਕੋਈ ਛਾਪੇਮਾਰੀ ਵੀ ਮੁੜ ਕੇ ਨਹੀਂ ਕੀਤੀ ਹੈ। ਸੂਤਰਾਂ ਨੇ ਏਨਾ ਜਰੂਰ ਦੱਸਿਆ ਕਿ ਡੱਡੀ ਨੂੰ ਫੜਨ ਲਈ ਸਰਕਾਰੀ ਤੇ ਪ੍ਰਾਈਵੇਟ ਸੂਹੀਏ ਲਾਏ ਗਏ ਹਨ। ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ 18 ਜੂਨ ਨੂੰ ਨੌਕਰੀ ਘੁਟਾਲੇ ਦੇ ਮਾਮਲੇ ਤੇ ਪਿੰਡ ਬਾਦਲ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਕਰਕੇ ਮਾਮਲਾ ਤੂਲ ਫੜ ਗਿਆ ਹੈ। ਦੱਸਣਯੋਗ ਹੈ ਕਿ ਪਨਸਪ,ਸਥਾਨਿਕ ਸਰਕਾਰਾਂ ਅਤੇ ਪੂਡਾ ਵਿਚ ਹੋਈਆਂ ਨਿਯੁਕਤੀਆਂ ਵਿਚ ਲੱਖਾਂ ਰੁਪਏ ਦੀ ਰਿਸ਼ਵਤ ਦੇ ਕੇ ਨੌਕਰੀਆਂ ਦਿੱਤੀਆਂ ਗਈਆਂ ਹਨ।ਵਿਜੀਲੈਂਸ ਨੇ ਪਨਸਪ ਵਿਚ ਰਾਮਪੁਰਾ ਵਿਖੇ ਤਾਇਨਾਤ ਇੰਸਪੈਕਟਰ ਗਰੇਡ ਵਨ ਪ੍ਰਵੀਨ ਕੁਮਾਰ ਅਤੇ ਮਲੋਟ ਵਿਖੇ ਤਾਇਨਾਤ ਇੰਦਰਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਪਨਸਪ ਵਿਚ ਸੀਨੀਅਰ ਸਹਾਇਕ ਵਜੋਂ ਭਰਤੀ ਹੋਇਆ ਸੁਖਪ੍ਰੀਤ ਸਿੰਘ ਜੋ ਕਿ ਬਠਿੰਡਾ ਦੇ ਜੀਵੀ ਨਗਰ ਵਿਚ ਰਹਿੰਦਾ ਸੀ, ਆਪਣੇ ਘਰ ਤੋਂ ਫਰਾਰ ਹੈ। ਵਿਜੀਲੈਂਸ ਨੇ ਅਬੋਹਰ ਦੇ ਉਮੀਦਵਾਰ ਖੁਸ਼ਵੰਤ ਸਿੰਘ ਦੀ ਵੀ ਪੁੱਛ ਗਿਛ ਕੀਤੀ ਹੈ।
                  ਵਿਜੀਲੈਂਸ ਨੇ ਅਜਿਹੇ 20 ਉਮੀਦਵਾਰ ਵੀ ਸ਼ਨਾਖ਼ਤ ਕੀਤੇ ਹਨ ਜਿਨ•ਾਂ ਦੇ ਉਤਰ ਪੇਪਰ ਇੱਕੋ ਜੇਹੇ ਹਨ। ਵਿਜੀਲੈਂਸ ਲਈ ਹੁਣ ਇਸ ਨੌਕਰੀ ਘੁਟਾਲੇ ਨੂੰ ਕਿਸੇ ਤਣ ਪੱਤਣ ਲਾਉਣਾ ਇੱਕ ਪ੍ਰੀਖਿਆ ਬਣ ਗਿਆ ਹੈ ਕਿਉਂਕਿ ਇਸ ਮਾਮਲੇ ਤੇ ਵਿਰੋਧੀ ਧਿਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਆਪਣਿਆਂ ਤੱਕ ਜਾਂਚ ਦਾ ਰੁਖ ਕਰਨਾ ਵੀ ਨਹੀਂ ਚਾਹੁੰਦੀ ਹੈ ਅਤੇ ਜਾਂਚ ਰੋਕ ਕੇ ਮਾੜਾ ਪ੍ਰਭਾਵ ਵੀ ਨਹੀਂ ਦੇਣਾ ਚਾਹੁੰਦੀ ਹੈ। ਨੌਕਰੀ ਘੁਟਾਲੇ ਵਿਚ ਹੁਣ ਨਵਾਂ ‘ਭਿਖੀ ਕੁਨੈਕਸ਼ਨ’ ਸਾਹਮਣੇ ਆਇਆ ਹੈ। ਭਿਖੀ ਦੇ ਅੱਧੀ ਦਰਜਨ ਲੋਕਾਂ ਨੂੰ ਵਿਜੀਲੈਂਸ ਚੰਡੀਗੜ• ਬੁਲਾ ਕੇ ਪੁੱਛਗਿਛ ਕਰ ਚੁੱਕੀ ਹੈ। ਭਿਖੀ ਦੇ ਸਿਹਤ ਵਿਭਾਗ ਵਿਚ ਵਾਰਡ ਅਟੈਡੈਂਟ ਭਰਤੀ ਹੋਏ ਰਣਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਹਤੇਸ਼ ਕੁਮਾਰ ਦੀ ਪੁੱਛ ਗਿੱਛ ਹੋ ਚੁੱਕੀ ਹੈ ਜਦੋਂ ਕਿ ਇੱਕ ਕੋਚਿੰਗ ਅਧਿਆਪਕ ਪ੍ਰਿਤਪਾਲ ਸਿੰਘ ਦੀ ਵੀ ਇਨਕੁਆਰੀ ਕੀਤੀ ਗਈ ਹੈ। ਵਿਜੀਲੈਂਸ ਨੂੰ ਭਿਖੀ ਦੇ ਇੱਕ ਪਾਈਪ ਵਿਕਰੇਤਾ ਦੀ ਵੀ ਤਲਾਸ਼ ਹੈ। ਭਿਖੀ ਦੇ ਦੋ ਵਿਅਕਤੀ ਹਾਲੇ ਤੱਕ ਵਿਜੀਲੈਂਸ ਦੇ ਹੱਥ ਨਹੀਂ ਆਏ ਹਨ। ਨਾਲ ਹੀ ਕੌਂਸਲਰ ਡੱਡੀ ਦਾ ਕੁਨੈਕਸ਼ਨ ਭਿਖੀ ਨਾਲ ਵੀ ਜੋੜ ਕੇ ਵਿਜੀਲੈਂਸ ਦੇਖ ਰਹੀ ਹੈ।
                     ਦੱਸਣਯੋਗ ਹੈ ਕਿ ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਵਿਚ ਫੜਿਆ ਅਮਿਤ ਸਾਗਰ ਇਸ ਵੇਲੇ ਨਾਭਾ ਜੇਲ• ਵਿਚ ਬੰਦ ਹੈ ਜੋ ਘੁਟਾਲੇ ਦੀ ਅਹਿਮ ਕੜੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਜੇਲ• ਵਿਚ ਵੀ ਇਸ ਤੋਂ ਪੁੱਛਗਿੱਛ ਕੀਤੀ ਹੈ। ਮਲੋਟ ਸ਼ਹਿਰ ਵਿਚ ਅਮਿਤ ਸਾਗਰ ਪਿਛਲੇ ਕਾਫੀ ਸਮੇਂ ਤੋਂ ਕੌਂਸਲਰ ਡੱਡੀ ਦੇ ਪੀ.ਏ ਵਜੋਂ ਵਿਚਰ ਰਿਹਾ ਸੀ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਅਮਿਤ ਸਾਗਰ ਗ੍ਰਿਫਤਾਰੀ ਤੋਂ ਮਗਰੋਂ ਬੇਹੋਸ਼ ਹੋ ਗਿਆ ਸੀ ਜਿਸ ਨੂੰ ਫੌਰੀ ਹਸਪਤਾਲ ਦਾਖਲ ਕਰਾਇਆ। ਇਸੇ ਦੌਰਾਨ ਹੀ ਅਮਿਤ ਸਾਗਰ ਨੂੰ ਜੇਲ• ਭੇਜਣਾ ਵਿਜੀਲੈਂਸ ਦੀ ਮਜਬੂਰੀ ਹੀ ਬਣ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਕੌਂਸਲਰ ਡੱਡੀ ਪ੍ਰਤੀ ਸਰਕਾਰ ਨਵਾਂ ਪੈਂਤੜਾ ਕੀ ਲੈਂਦੀ ਹੈ, ਉਸ ਤੋਂ ਹੀ ਸਰਕਾਰ ਦੀ ਸੁਹਿਰਦਤਾ ਦਾ ਪਤਾ ਲੱਗੇਗਾ।
                                         ਮੈਂ ਡੱਡੀ ਨੂੰ ਨਹੀਂ ਜਾਣਦਾ : ਢਿਲੋਂ
ਵਜ਼ੀਰ ਸ਼ਰਨਜੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਉਨ•ਾਂ ਨੇ ਇੱਕ ਸਾਲ ਪਹਿਲਾਂ ਮਹਿਕਮੇ ਦੇ ਇੱਕ ਸਮਾਗਮ ਮੌਕੇ ਜਥੇਦਾਰ ਕੋਲਿਆਂ ਵਾਲੀ ਦੀ ਰਿਹਾਇਸ਼ ਤੇ ਲੰਚ ਕੀਤਾ ਸੀ ਅਤੇ ਉਦੋਂ ਬਾਕੀ ਲੋਕਾਂ ਦੀ ਤਰ•ਾਂ ਇਸ ਕੌਂਸਲਰ ਨੇ ਵੀ ਤਸਵੀਰਾਂ ਕਰਾਈਆਂ ਹੋਣਗੀਆਂ। ਉਨ•ਾਂ ਆਖਿਆ ਕਿ ਉਹ ਤਾਂ ਕੌਂਸਲਰ ਸ਼ਾਮ ਨਾਲ ਜਾਣਦੇ ਹੀ ਨਹੀਂ ਹਨ।