Friday, October 30, 2015

                              ਪੰਥਕ ਸਰਕਾਰ   
          ਪੰਜਾਬੀ ਸੂਬੇ ਦੇ ਬਾਨੀ ਨੂੰ ਹੀ ਭੁੱਲੀ
                               ਚਰਨਜੀਤ ਭੁੱਲਰ
ਬਠਿੰਡਾ  : ਪੰਥਕ ਸਰਕਾਰ ਕਰੀਬ ਚਾਰ ਦਹਾਕੇ ਮਗਰੋਂ ਵੀ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਹਿ ਸਿੰਘ ਦੀ ਕੋਈ ਢੁਕਵੀਂ ਯਾਦਗਾਰ ਨਹੀਂ ਬਣਾ ਸਕੀ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਿਕ ਹਾਲੇ ਤੱਕ ਸੰਤ ਫਤਹਿ ਸਿੰਘ ਦੀ ਬਰਸੀ 30 ਅਕਤੂਬਰ ਨੂੰ ਮਨਾਏ ਜਾਣ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਇਆ ਹੈ। ਉਂਝ ਭਲਕੇ 30 ਅਕਤੂਬਰ ਨੂੰ ਪਿੰਡ ਬਦਿਆਲਾ ਵਿਚ ਸਰਕਾਰ ਰਾਜ ਪੱਧਰੀ ਸਮਾਗਮ ਕਰ ਰਹੀ ਹੈ। ਐਤਕੀਂ ਬਰਸੀ ਸਮਾਗਮਾਂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਣ ਤੋਂ ਦੂਰੀ ਬਣਾ ਲਈ ਹੈ। ਉਨ•ਾਂ ਦੀ ਥਾਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ,ਵਜ਼ੀਰ ਸੁਰਜੀਤ ਸਿੰਘ ਰੱਖੜਾ ਅਤੇ ਵਜ਼ੀਰ ਜਨਮੇਜਾ ਸਿੰਘ ਸੇਖੋਂ ਪੁੱਜ ਰਹੇ ਹਨ। ਸੂਤਰ ਆਖਦੇ ਹਨ ਕਿ ਪੰਥਕ ਵਿਰੋਧ ਅਤੇ ਕਿਸਾਨਾਂ ਦੇ ਵਿਰੋਧ ਦੇ ਡਰੋਂ ਮੁੱਖ ਮੰਤਰੀ ਨਹੀਂ ਆ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਰੇ• ਪਹਿਲਾਂ ਬਰਸੀ ਸਮਾਰੋਹਾਂ ਤੇ ਹੀ ਐਲਾਨ ਕੀਤਾ ਸੀ ਕਿ ਸੰਤ ਫਤਹਿ ਸਿੰਘ ਦੀ ਬਰਸੀ ਪੱਕੇ ਤੌਰ ਤੇ 30 ਅਕਤੂਬਰ ਨੂੰ ਮਨਾਏ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕਿਉਂਕਿ ਬਰਸੀ ਦੀ ਅੱਗੇ ਪਿਛੇ ਤਰੀਕ ਵਿਚ ਵੀ ਲੋਕ ਮਨਾ ਲੈਂਦੇ ਸਨ।
                   ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਪੰਜਾਬ ਨੇ ਸਾਲ 1977 ਵਿਚ ਪਿੰਡ ਬਦਿਆਲਾ ਵਿਚ ਸੰਤਾਂ ਦੀ ਯਾਦ ਵਿਚ ਸੰਤ ਫਤਹਿ ਸਿੰਘ ਹਸਪਤਾਲ ਬਣਾਇਆ ਸੀ। ਹਸਪਤਾਲ ਵਿਚ ਮੁਲਾਜ਼ਮਾਂ ਦੀ ਕਮੀ ਹੈ ਅਤੇ ਇਮਾਰਤ ਵੀ ਬਹੁਤੀ ਚੰਗੀ ਨਹੀਂ ਹੈ। ਹਸਪਤਾਲ ਦੇ ਮੁੱਖ ਗੇਟ ਤੋਂ ਸੰਤ ਫਤਹਿ ਸਿੰਘ ਦੀ ਯਾਦ ਵਾਲਾ ਬੋਰਡ ਵੀ ਟੁੱਟ ਕੇ ਡਿੱਗ ਚੁੱਕਾ ਹੈ ਜੋ ਹੁਣ ਸਟੋਰ ਵਿਚ ਪਿਆ ਹੈ। ਮੁੱਖ ਮੰਤਰੀ ਪੰਜਾਬ ਨੇ ਸਾਲ 2008 ਵਿਚ ਬਰਸੀ ਸਮਾਗਮਾਂ ਵਿਚ ਹੀ ਐਲਾਨ ਕੀਤਾ ਸੀ ਕਿ ਬਠਿੰਡਾ ਚੰਡੀਗੜ• ਮੁੱਖ ਸੜਕ ਤੋਂ ਡਰੇਨ ਲਾਗਿਓ ਆਉਂਦੀ ਵਾਇਆ ਜੈਦ ਲਿੰਕ ਸੜਕ ਨੂੰ 18 ਫੁੱਟ ਚੌੜਾ ਕਰਕੇ ਇਸ ਨੂੰ ਸੰਤ ਫਤਹਿ ਸਿੰਘ ਮਾਰਗ ਦਾ ਨਾਮ ਦਿੱਤਾ ਜਾਵੇਗਾ। ਸੱਤ ਵਰਿ•ਆਂ ਮਗਰੋਂ ਇਸ ਲਿੰਕ ਸੜਕ ਤੇ ਸੰਤ ਫਤਹਿ ਸਿੰਘ ਮਾਰਗ ਦੇ ਨਾਮ ਵਾਲਾ ਫੱਟਾ ਵੀ ਸਰਕਾਰ ਨਹੀਂ ਲਗਾ ਸਕੀ ਹੈ। ਸੜਕ ਨੂੰ  ਚੌੜੀ ਕਰਨਾ ਤਾਂ ਦੂਰ ਦੀ ਗੱਲ। ਇਹ ਲਿੰਕ ਸੜਕ ਪਿੰਡ ਬਦਿਆਲਾ ਤੱਕ ਸਿਰਫ ਛੇ ਕਿਲੋਮੀਟਰ ਲੰਮੀ ਹੈ। ਸ੍ਰੋਮਣੀ ਕਮੇਟੀ ਨੇ ਇਸ ਪਿੰਡ ਵਿਚ ਪਬਲਿਕ ਸਕੂਲ ਜਰੂਰ ਬਣਾਇਆ ਹੈ।
                  ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਪੰਥਕ ਸਰਕਾਰ ਨੇ ਸੰਤ ਫਤਹਿ ਸਿੰਘ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਹੈ ਜਿਸ ਕਰਕੇ ਕੋਈ ਢੁਕਵੀਂ ਯਾਦਗਾਰ ਪਿੰਡ ਵਿਚ ਨਹੀਂ ਬਣ ਸਕੀ ਹੈ। ਪਿੰਡ ਦੇ ਮੌਜੂਦਾ ਸਰਪੰਚ ਜਗਦੇਵ ਸਿੰਘ ਦਾ ਕਹਿਣਾ ਸੀ ਕਿ ਸੰਤ ਫਤਹਿ ਸਿੰਘ ਦੀ ਪਿੰਡ ਵਿਚ ਕੋਈ ਢੁਕਵੀਂ ਯਾਦਗਾਰ ਨਹੀਂ ਹੈ ਅਤੇ ਮਾਰਗ ਵੀ ਹਾਲੇ ਤੱਕ ਨਹੀਂ ਬਣਿਆ ਹੈ। ਉਨ•ਾਂ ਦੱਸਿਆ ਕਿ ਪੰਚਾਇਤ ਭਲਕੇ ਬਰਸੀ ਸਮਾਗਮਾਂ  ਤੇ ਸਰਕਾਰ ਤੋਂ ਸੰਤ ਫਤਹਿ ਸਿੰੰਘ ਦੇ ਨਾਮ ਤੇ ਯਾਦਗਾਰੀ ਗੇਟ ਬਣਾਏ ਜਾਣ ਦੀ ਮੰਗ ਰੱਖੇਗੀ। ਉਨ•ਾਂ ਆਖਿਆ ਕਿ ਜੋ ਪੁਰਾਣਾ ਹਸਪਤਾਲ ਬਣਿਆ ਸੀ,ਉਸ ਦੀ ਇਮਾਰਤ ਖਸਤਾ ਹੈ ਅਤੇ ਸਟਾਫ ਦੀ ਵੱਡੀ ਕਮੀ ਹੈ ਜਿਸ ਕਰਕੇ ਉਹ ਭਲਕੇ ਹਸਪਤਾਲ ਤੋਂ ਇਲਾਵਾ ਹੋਰਨਾਂ ਕੰਮਾਂ ਵਾਸਤੇ ਵੀ ਫੰਡਾਂ ਦੀ ਮੰਗ ਰੱਖਣਗੇ।ਇਵੇਂ ਹੀ ਪਿੰਡ ਬਦਿਆਲਾ ਦੇ ਸੰਤ ਫਤਹਿ ਸਿੰਘ ਯੁਵਕ ਭਲਾਈ ਕਲੱਬ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੰਤ ਫਤਹਿ ਸਿੰਘ ਦੀ ਏਡੀ ਵੱਡੀ ਕੁਰਬਾਨੀ ਹੈ ਜਿਸ ਕਰਕੇ ਉਨ•ਾਂ ਦੀ ਯਾਦ ਨੂੰ ਤਾਜਾ ਕਰਨ ਵਾਲੀ ਕੋਈ ਢੁਕਵੀਂ ਯਾਦਗਾਰ ਪਿੰਡ ਵਿਚ ਬਣਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਜਾਣ ਸਕਣ।
                   ਦੱਸਣਯੋਗ ਹੈ ਕਿ ਪਿੰਡ ਬਦਿਆਲਾ ਹਲਕਾ ਮੌੜ ਵਿਚ ਪੈਂਦਾ ਹੈ ਜਿਥੋਂ ਕੈਬਨਿਟ ਵਜ਼ੀਰ ਜਨਮੇਜਾ ਸਿੰਘ ਸੇਖੋਂ ਨੁਮਾਇੰਦਗੀ ਕਰ ਰਹੇ ਹਨ। ਉਹ ਖੁਦ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਨ ਪ੍ਰੰਤੂ ਫਿਰ ਵੀ ਸੰਤਾਂ ਦੀ ਯਾਦ ਵਾਲਾ ਸੜਕ ਮਾਰਗ ਬਣ ਨਹੀਂ ਸਕਿਆ ਹੈ। ਕੈਬਨਿਟ ਵਜ਼ੀਰ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਸੀ ਕਿ ਅਫਸਰਾਂ ਦੀ ਅਣਗਹਿਲੀ ਕਰਕੇ ਸੰਤ ਫਤਹਿ ਸਿੰਘ ਦੀ ਬਰਸੀ 30 ਅਕਤੂਬਰ ਨੂੰ ਮਨਾਏ ਜਾਣ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਹੈ ਜੋ ਹੁਣ ਦੋ ਦਿਨਾਂ ਤੱਕ ਹੋ ਜਾਵੇਗਾ। ਉਨ•ਾਂ ਆਖਿਆ ਕਿ ਸੰਤ ਫਤਹਿ ਸਿੰਘ ਮਾਰਗ ਬਣਾਏ ਜਾਣ ਦੇ ਐਲਾਨ ਵਾਰੇ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਅਗਰ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਤਾਂ ਉਹ ਮਾਰਗ ਬਣਾਉਣਗੇ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਦਾ ਰੁਝੇਵਿਆਂ ਕਾਰਨ ਭਲਕੇ ਬਰਸੀ ਸਮਾਰੋਹਾਂ ਤੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਉਨ•ਾਂ ਦੀ ਥਾਂ ਤੇ ਤਿੰਨ ਵਜ਼ੀਰ ਹਾਜ਼ਰ ਹੋਣਗੇ। 

Wednesday, October 28, 2015

                            ਅੰਦਰਲਾ ਡਰ
            ਪਿੰਡ ਬਾਦਲ ਹੋ ਗਿਆ ਦੂਰ ...
                           ਚਰਨਜੀਤ ਭੁੱਲਰ
ਬਠਿੰਡਾ : ਹੁਣ ਬਾਦਲ ਪਰਿਵਾਰ ਨੂੰ ਬਠਿੰਡਾ ਖਿੱਤੇ ਤੋਂ ਭੈਅ ਆਉਣ ਲੱਗਾ ਹੈ। ਕਰੀਬ ਪੌਣੇ ਮਹੀਨੇ ਤੋਂ ਬਾਦਲ ਪਰਿਵਾਰ ਆਪਣੇ ਹਲਕੇ ਤੋਂ ਗਾਇਬ ਹੈ। ਉਹ ਵੀ ਦਿਨ ਸਨ ਜਦੋਂ ਬਾਦਲ ਪਰਿਵਾਰ ਔਸਤਨ ਹਰ ਪੰਜਵੇਂ ਦਿਨ ਬਠਿੰਡਾ ਖਿੱਤੇ ਵਿਚ ਗੇੜਾ ਲਾਉਂਦਾ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਚੰਡੀਗੜ• ਪੁੱਜ ਗਏ ਹਨ ਜੋ ਕਿ ਦੋ ਦਿਨ ਚੰਡੀਗੜ• ਹੀ ਰਹਿਣਗੇ। ਉਹ ਵੀ ਐਤਕੀਂ ਆਪਣੇ ਹਲਕੇ ਵਿਚ ਨਹੀਂ ਆ ਰਹੇ ਹਨ। ਉਹ ਆਖਰੀ ਦਫਾ 8 ਅਕਤੂਬਰ ਨੂੰ ਪਿੰਡ ਜਗਾ ਰਾਮ ਤੀਰਥ ਆਏ ਸਨ। ਉਸ ਮਗਰੋਂ ਉਨ•ਾਂ ਨੇ ਆਪਣੇ ਹਲਕੇ ਵਿਚ ਪੈਰ ਨਹੀਂ ਪਾਇਆ। ਪਹਿਲਾਂ ਕਿਸਾਨ ਅੰਦੋਲਨ ਅਤੇ ਹੁਣ ਪੰਥਕ ਧਿਰਾਂ ਦੇ ਸੰਘਰਸ਼ ਕਾਰਨ ਬਾਦਲ ਪਰਿਵਾਰ ਨੇ ਰਾਜਧਾਨੀ ਵਿਚ ਹੀ ਡੇਰੇ ਲਾਏ ਹੋਏ ਹਨ। ਮੁੱਖ ਮੰਤਰੀ ਪੰਜਾਬ ਨੇ ਸੰਤ ਫਤਹਿ ਸਿੰਘ ਦੇ 30 ਅਕਤੂਬਰ ਦੇ ਰਾਜ ਪੱਧਰੀ ਸਮਾਗਮਾਂ ਤੇ ਪਿੰਡ ਬਦਿਆਲਾ ਪੁੱਜਣਾ ਸੀ ਪ੍ਰੰਤੂ ਅੱਜ ਪਤਾ ਲੱਗਾ ਹੈ ਕਿ ਉਨ•ਾਂ ਦੀ ਥਾਂ ਹੁਣ ਚਾਰ ਕੈਬਨਿਟ ਵਜ਼ੀਰ ਸਮਾਗਮਾਂ ਵਿਚ ਪੁੱਜ ਰਹੇ ਹਨ।
                    ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦਾ ਬਦਿਆਲਾ ਆਉਣ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ,ਸ਼ਰਨਜੀਤ ਸਿੰਘ ਢਿਲੋਂ ਅਤੇ ਸ਼ਰਨਜੀਤ ਸਿੰਘ ਢਿਲੋਂ ਸਮੇਤ ਚਾਰ ਵਜ਼ੀਰ ਇਨ•ਾਂ ਸਮਾਗਮਾਂ ਤੇ ਪੁੱਜ ਰਹੇ ਹਨ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਦੀ ਬਦਿਆਲਾ ਆਮਦ ਫਿਲਹਾਲ ਭੇਤ ਹੀ ਬਣੀ ਹੋਈ ਹੈ। ਕਿਸਾਨ ਧਿਰਾਂ ਵਲੋਂ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ। ਤਾਹੀਂਓ ਫਿਲਹਾਲ ਬਾਦਲ ਪਰਿਵਾਰ ਟਾਲਾ ਵੱਟ ਰਿਹਾ ਹੈ। ਸਰਕਾਰੀ ਤੱਥ ਗਵਾਹੀ ਭਰਦੇ ਹਨ ਕਿ ਪਹਿਲਾਂ ਬਾਦਲ ਪਰਿਵਾਰ ਦਾ ਹਮੇਸ਼ਾ ਬਠਿੰਡਾ ਖਿੱਤੇ ਵਿਚ ਗੇੜੇ ਤੇ ਗੇੜਾ ਰਿਹਾ ਹੈ। ਹੁਣ ਉਨ•ਾਂ ਦੀ ਗੈਰਹਾਜਰੀ ਕਈ ਸੁਨੇਹੇ ਦੇ ਰਹੀ ਹੈ। ਪਿਛਲੇ ਵਰਿ•ਆਂ ਤੇ ਝਾਤ ਮਾਰੀਏ ਤਾਂ 1 ਜਨਵਰੀ 2012 ਤੋਂ ਦਸੰਬਰ 2013 ਤੱਕ ਬਾਦਲ ਪਰਿਵਾਰ ਨੇ 154 ਦਿਨ ਆਪਣੇ ਬਠਿੰਡਾ ਹਲਕੇ ਵਿਚ ਗੁਜਾਰੇ ਹਨ।
                  ਮੁੱਖ ਮੰਤਰੀ ਨੇ ਇਨ•ਾਂ ਦੋ ਵਰਿ•ਆਂ ਵਿਚ 164 ਦੌਰੇ ਕੀਤੇ ਹਨ ਜਦੋਂ ਕਿ ਉਪ ਮੁੱਖ ਮੰਤਰੀ ਨੇ 137 ਦੌਰੇ ਕੀਤੇ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 81 ਦੌਰੇ ਕੀਤੇ ਸਨ। ਹੁਣ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਮਗਰੋਂ ਵਾਪਰੀਆਂ ਘਟਨਾਵਾਂ ਤੋਂ ਉਪਜੇ ਵਿਵਾਦ ਕਾਰਨ ਬਾਦਲ ਪਰਿਵਾਰ ਆਪਣੇ ਹਲਕੇ ਤੋਂ ਦੂਰ ਰਹਿ ਰਿਹਾ ਹੈ। ਮੁੱਖ ਮੰਤਰੀ ਪੰਜਾਬ ਤਾਂ ਕਾਫੀ ਸਮੇਂ ਤੋਂ ਆਪਣੇ ਜੱਦੀ ਪਿੰਡ ਬਾਦਲ ਵੀ ਨਹੀਂ ਆਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿਰਫ ਇੱਕ ਦਿਨ ਵਾਸਤੇ ਪਿੰਡ ਬਾਦਲ ਆਏ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪੋ ਆਪਣੇ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਹੁਣ ਸੰਗਤ ਦਰਸ਼ਨ ਪ੍ਰੋਗਰਾਮ ਵੀ ਰੱਦ ਕੀਤੇ ਹੋਏ ਹਨ। ਕੋਈ ਮਹੀਨਾ ਅਜਿਹਾ ਨਹੀਂ ਜਦੋਂ ਮੁੱਖ ਮੰਤਰੀ ਪੰਜਾਬ ਨੇ ਆਪਣੇ ਜੱਦੀ ਹਲਕੇ ਲੰਬੀ ਵਿਚ ਸੰਗਤ ਦਰਸਨ ਪ੍ਰੋਗਰਾਮ ਨਾ ਕੀਤੇ ਹੋਣ। ਹੁਣ ਕਾਫੀ ਸਮੇਂ ਤੋਂ ਲੰਬੀ ਵਿਚ ਇਹ ਪ੍ਰੋਗਰਾਮ ਵੀ ਬੰਦ ਹੀ ਹਨ।
                   ਉਪ ਮੁੱਖ ਮੰਤਰੀ ਪਿਛਲੇ ਦਿਨਾਂ ਦੌਰਾਨ ਸਿਰਫ ਇੱਕ ਦਿਨ ਮਾਨਸਾ ਦੇ ਪਿੰਡ ਕੋਟਧਰਮੂ ਗਏ ਸਨ ਜਿਥੇ ਅਕਾਲੀ ਦਲ ਮਾਨਸਾ ਤਰਫੋਂ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਬਾਦਲ ਪਰਿਵਾਰ ਦੀ ਗੈਰਹਾਜ਼ਰੀ ਕਰਕੇ ਬਠਿੰਡਾ ਤੇ ਮਾਨਸਾ ਖਿੱਤੇ ਵਿਚ ਸਾਰੀ ਸਿਆਸੀ ਗਤੀਵਿਧੀ ਵੀ ਠੱਪ ਹੋ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਤੇ ਮਾਨਸਾ ਜ਼ਿਲ•ੇ ਵਿਚੋਂ ਹੁਣ ਲੰਮੇ ਵੀ.ਆਈ. ਪੀ ਕਾਫਲੇ ਗਾਇਬ ਹੋ ਗਏ ਹਨ ਅਤੇ ਹੂਟਰਾਂ ਦੀ ਅਵਾਜ਼ ਵੀ ਕਿਧਰੇ ਸੁਣਾਈ ਨਹੀਂ ਦਿੰਦੀ ਹੈ। ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੇ ਉਸ ਦੇ ਪਰਿਵਾਰ ਨੇ ਪੰਜਾਬ ਅਤੇ ਕੌਮ ਦੀ ਸੱਚਮੁੱਚ ਸੇਵਾ ਕੀਤੀ ਹੁੰਦੀ ਤਾਂ ਅੱਜ ਉਨ•ਾਂ ਨੂੰ ਆਪਣੇ ਹਲਕੇ ਦੇ ਲੋਕਾਂ ਤੋਂ ਵੀ ਭੈਅ ਨਹੀਂ ਆਉਣਾ ਸੀ। ਉਨ•ਾਂ ਆਖਿਆ ਕਿ ਇਹ ਪਰਿਵਾਰ ਸਿਆਸਤ ਵਾਂਗ ਹੀ ਜਦੋਂ ਧਰਮ ਨਾਲ ਖੇਡਣ ਲੱਗਾ ਜਿਸ ਕਰਕੇ ਪੰਜਾਬ ਦੇ ਅੱਜ ਇਹ ਹਾਲਾਤ ਬਣੇ ਹਨ। ਉਨ•ਾਂ ਆਖਿਆ ਕਿ ਬਾਦਲ ਪਰਿਵਾਰ ਨੇ ਤਾਂ ਬਾਦਲ ਖਾਨਦਾਨ ਨੂੰ ਹੀ ਮਿੱਟੀ ਵਿਚ ਮਿਲਾ ਦਿੱਤਾ ਹੈ।
      

Tuesday, October 27, 2015

                             ਪੰਜਾਬ ਨੂੰ ਹਲੂਣਾ
   ਮੋਦੀ ਨੇ ‘ਨੋਟਾਂ ਵਾਲੇ ਟਰੱਕ’ ਬਿਹਾਰ ਭੇਜੇ
                              ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ‘ਨੋਟਾਂ ਵਾਲੇ ਟਰੱਕਾਂ’ ਦਾ ਰਾਹ ਤੱਕਦੀ ਹੀ ਰਹਿ ਗਈ ਹੈ ਜਦੋਂ ਕਿ ਕੇਂਦਰ ਨੇ ਇਹ ਟਰੱਕ ਨੋਟਾਂ ਨਾਲ ਲੱਦ ਕੇ ਬਿਹਾਰ ਭੇਜ ਦਿੱਤੇ। ਪੰਜਾਬ, ਹਰਿਆਣਾ ਤੇ ਬਿਹਾਰ ਸਮੇਤ ਸੱਤ ਸੂਬਿਆਂ ਨੂੰ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਤਹਿਤ ਫੰਡਾਂ ਦੇ ਗੱਫੇ ਦੇਣ ਦੀ ਚੋਣ ਕੀਤੀ ਗਈ ਸੀ। ਕੇਂਦਰ ਸਰਕਾਰ ਨੇ ਬਿਹਾਰ ਤੇ ਹਰਿਆਣਾ ਨੂੰ ਤਾਂ ਇਸ ਪ੍ਰੋਜੈਕਟ ਤਹਿਤ ਫੰਡ ਦੇ ਦਿੱਤੇ ਪ੍ਰੰਤੂ ਪੰਜਾਬ ਸਰਕਾਰ ਨੂੰ ਕਰੀਬ 900 ਕਰੋੜ ਦੇ ਸੜਕੀ ਪ੍ਰੋਜੈਕਟ ਲਈ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ ਪੰਜਾਬ ਸਰਕਾਰ ਲਈ ਹੋਰ ਇੱਕ ਵੱਡਾ ਝਟਕਾ ਹੈ। ਇਸ ਸੜਕ ਯੋਜਨਾ ਦੇ ਪਹਿਲੇ ਪੜਾਅ ਲਈ ਵੀ ਕੇਂਦਰ ਨੇ ਫੰਡ ਦੇਣ ਤੋਂ ਹੱਥ ਘੁੱਟ ਲਿਆ ਹੈ ਜਿਸ ਕਰਕੇ ਠੇਕੇਦਾਰਾਂ ਦੇ ਕਰੀਬ 100 ਕਰੋੜ ਦੀ ਅਦਾਇਗੀ ਫਸੀ ਪਈ ਹੈ।
                     ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦਾ ਪਹਿਲਾ ਪੜਾਅ ਜੂਨ 2013 ਵਿਚ ਖਤਮ ਹੋ ਗਿਆ ਸੀ। ਤਤਕਾਲੀ ਯੂ.ਪੀ.ਏ ਸਰਕਾਰ ਨੇ ਉਦੋਂ ਪਹਿਲੇ ਪੜਾਅ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਸਮੇਤ ਸੱਤ ਸੂਬਿਆਂ ਨੂੰ ਸੜਕ ਯੋਜਨਾ ਦੇ ਦੂਸਰੇ ਪੜਾਅ ਲਈ ਚੁਣ ਲਿਆ ਸੀ।। ਪੰਜਾਬ ਸਰਕਾਰ ਨੇ ਸੜਕ ਯੋਜਨਾ ਦੇ ਦੂਸਰੇ ਪੜਾਅ ਤਹਿਤ ਕੇਂਦਰ ਨੂੰ 868 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਸੀ ਜੋ ਕਿ ਕੇਂਦਰ ਨੇ ਹੁਣ ਵਾਪਸ ਭੇਜ ਦਿੱਤਾ ਹੈ।। ਦੂਸਰੀ ਤਰਫ ਕੇਂਦਰ ਨੇ ਹਰਿਆਣਾ ਅਤੇ ਬਿਹਾਰ ਨੂੰ ਦੂਸਰੇ ਪੜਾਅ ਲਈ ਫੰਡ ਵੀ ਜਾਰੀ ਕਰ ਦਿੱਤੇ ਹਨ।  ਕੌਮੀ ਦਿਹਾਤੀ ਸੜਕ ਵਿਕਾਸ ਏਜੰਸੀ ਦੇ ਤਕਨੀਕੀ ਸਲਾਹਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਦੂਸਰੇ ਪੜਾਅ ਦਾ ਪ੍ਰੋਜੈਕਟ ਬੇਰੰਗ ਵਾਪਸ ਕਰ ਦਿੱਤਾ ਹੈ। ਤਰਕ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਫੰਡਾਂ ਦੀ ਕਮੀ ਹੋਣ ਕਰਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਲਈ ਘੱਟ ਫੰਡਾਂ ਦੀ ਐਲੋਕੇਸ਼ਨ ਕੀਤੀ ਹੈ ਜਿਸ ਕਰਕੇ ਪੰਜਾਬ ਨੂੰ ਫੰਡ ਨਹੀਂ ਦਿੱਤੇ ਜਾ ਸਕਦੇ ਹਨ।
                     ਦੂਜੇ ਪਾਸੇ ਹਰਿਆਣਾ ਤੇ ਬਿਹਾਰ ਨੂੰ ਫੰਡ ਜਾਰੀ ਹੋ ਚੁੱਕੇ ਹਨ। ਪੰਜਾਬ ਸਰਕਾਰ ਨੇ ਪੰਜਾਬ ਦੀਆਂ 1346 ਕਿਲੋਮੀਟਰ ਸੜਕਾਂ ਦਾ ਇਸ ਕੇਂਦਰੀ ਸੜਕ ਯੋਜਨਾ ਤਹਿਤ 868 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਜਿਸ ਚੋਂ 75 ਫੀਸਦੀ ਰਾਸ਼ੀ ਕੇਂਦਰ ਨੇ ਦੇਣੀ ਸੀ। ਇਸ ਪ੍ਰੋਜੈਕਟ ਤਹਿਤ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਸੀ ਅਤੇ ਜੋ 18 ਫੁੱਟ ਸੜਕਾਂ ਸਨ, ਉਨਾਂ ਨੂੰ ਮਜ਼ਬੂਤ ਕੀਤਾ ਜਾਣਾ ਸੀ। ਕਰੀਬ ਡੇਢ ਵਰੇ• ਮਗਰੋਂ ਹੁਣ ਕੇਂਦਰ ਨੇ ਇਸ ਪ੍ਰੋਜੈਕਟ ਲਈ ਫੰਡ ਦੇਣ ਤੋਂ ਨਾਂਹ ਕਰ ਦਿੱਤੀ ਹੈ।। ਕੇਂਦਰ ਸਰਕਾਰ ਨੇ ਐਤਕੀਂ ਬਿਹਾਰ ਵਿਚ ਚੋਣਾਂ ਹੋਣ ਕਰਕੇ ਬਿਹਾਰ ਨੂੰ ਇਸ ਪ੍ਰੋਜੈਕਟ ਦੇ ਦੂਸਰੇ ਪੜਾਅ ਤਹਿਤ ਖੁੱਲ•ੇ ਗੱਫੇ ਦਿੱਤੇ ਹਨ ਜਦੋਂ ਕਿ ਪੰਜਾਬ ਲਈ ਪੱਲਾ ਝਾੜ ਦਿੱਤਾ ਹੈ।
                   ਸੂਤਰ ਆਖਦੇ ਹਨ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਸੜਕ ਯੋਜਨਾ ਨੂੰ ਪੈਸਾ ਦੇਣ ਤੋਂ ਹੱਥ ਘੁੱਟਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਤਾਂ ਸਾਲ 2013 14 ਦੀਆਂ ਮੁਰੰਮਤ ਹੋਣ ਵਾਲੀਆਂ ਸੜਕਾਂ ਨੂੰ ਵੀ ਦੂਸਰੇ ਪੜਾਅ ਵਿਚ ਪਾ ਦਿੱਤਾ ਸੀ ਜਿਸ ਕਰਕੇ ਇਨਾਂ ਦੀ ਕਾਫੀ ਸਮੇਂ ਤੋਂ ਮੁਰੰਮਤ ਹੋਣੀ ਬਾਕੀ ਸੀ।। ਹੁਣ ਜਦੋਂ ਕੇਂਦਰ ਨੇ ਪਾਸਾ ਵੱਟ ਲਿਆ ਹੈ ਤਾਂ ਪੰਜਾਬ ਸਰਕਾਰ ਨੇ ਇਨ•ਾਂ ਲਿੰਕ ਸੜਕਾਂ ਨੂੰ ਵੀ ਨਵੇਂ ਰਾਜ ਪ੍ਰੋਜੈਕਟਾਂ ਵਿਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਹੈ।। ਇਹੋ ਨਹੀਂ ਜੋ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪਹਿਲੇ ਪੜਾਅ ਦੇ ਕਰੀਬ 400 ਕਰੋੜ ਦੇ ਕੰਮ ਚੱਲ ਰਹੇ ਹਨ, ਉਨ•ਾਂ ਲਈ ਵੀ ਕੇਂਦਰ ਪੈਸਾ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ।। ਪਤਾ ਲੱਗਾ ਹੈ ਕਿ ਇਨਾਂ 400 ਕਰੋੜ ਦੇ ਕੰਮਾਂ ਬਦਲੇ ਕੇਂਦਰ ਸਰਕਾਰ ਨੇ ਸਾਲ 2015 16 ਵਿਚ ਸਿਰਫ 66 ਕਰੋੜ ਦੀ ਐਲੋਕੇਸ਼ਨ ਕੀਤੀ ਹੈ।।
                  ਪੰਜਾਬ ਦੇ ਅਫਸਰਾਂ ਨੂੰ ਪੁਰਾਣੇ ਕੰਮਾਂ ਦੇ ਪੈਸੇ ਲੈਣ ਲਈ ਦਿੱਲੀ ਵਿਚ ਹਾੜੇ ਕੱਢਣੇ ਪੈ ਰਹੇ ਹਨ।। ਪੈਸਾ ਨਾ ਮਿਲਣ ਕਰਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਬਹੁਤੇ ਕੰਮ ਲਟਕੇ ਪਏ ਹਨ ਅਤੇ ਠੇਕੇਦਾਰ ਕੰਮ ਛੱਡ ਗਏ ਹਨ। ਪੰਜਾਬ ਦੇ ਬਹੁਤੇ ਠੇਕੇਦਾਰ ਤਾਂ ਕੰਮ ਬੰਦ ਕਰ ਗਏ ਹਨ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਕਿਉਂਕਿ ਉਨ•ਾਂ ਨੇ ਕਾਫੀ ਕਾਫੀ ਸਮਾਂ ਪਹਿਲਾਂ ਬਿੱਲ ਵਿਭਾਗ ਨੂੰ ਜਮ•ਾ ਕਰਾਏ ਹੋਏ ਹਨ।। ਬਹੁਤੀਆਂ ਅਧੂਰੀਆਂ ਸੜਕਾਂ ਲੁੱਕ ਪੈਣ ਦੀ ਉਡੀਕ ਵਿਚ ਹਨ ਪ੍ਰੰਤੂ ਮਹਿਕਮੇ ਕੋਲ ਕੋਈ ਪੈਸਾ ਨਹੀਂ ਹੈ। ਜਦੋਂ ਵੀ ਪੰਜਾਬ ਦੇ ਅਧਿਕਾਰੀ ਦਿੱਲੀ ਜਾਂਦੇ ਹਨ ਤਾਂ ਇਸ ਸਕੀਮ ਥੋੜਾ ਜਿਹੀ ਰਾਸ਼ੀ ਦੇ ਕੇ ਦਿੱਲੀ ਵਾਲੇ ਵਾਪਸ ਮੋੜ ਦਿੰਦੇ ਹਨ।।
                                        ਫੰਡਾਂ ਲਈ ਉਪਰਾਲੇ ਜਾਰੀ ਹਨ : ਮੁੱਖ ਇੰਜੀਨੀਅਰ
ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਯੋਗੇਸ਼ ਗੁਪਤਾ ਦਾ ਕਹਿਣਾ ਸੀ ਕਿ ਕੇਂਦਰ ਨੇ ਬਜਟ ਦੀ ਕਮੀ ਕਰਕੇ ਦੂਸਰੇ ਪੜਾਅ ਦਾ ਪ੍ਰੋਜੈਕਟ ਵਾਪਸ ਮੋੜ ਦਿੱਤਾ ਹੈ ਪ੍ਰੰਤੂ ਕੇਂਦਰ ਨੇ ਹੁੰਗਾਰਾ ਵੀ ਭਰਿਆ ਹੈ ਕਿ ਜਿਉਂ ਹੀ ਐਲੋਕੇਸ਼ਨ ਵਿਚ ਵਾਧਾ ਹੋਇਆ,ਪੰਜਾਬ ਨੂੰ ਫੰਡ ਦਿੱਤੇ ਜਾਣਗੇ। ਉਨਾਂ ਆਖਿਆ ਕਿ ਕੁਝ ਰਾਜਾਂ ਨੂੰ ਫੰਡ ਦਿੱਤੇ ਗਏ ਹਨ।। ਉਨਾਂ ਆਖਿਆ ਕਿ ਉਹ ਦੂਸਰੇ ਪੜਾਅ ਲਈ ਫੰਡ ਲੈਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਨਾਂ ਆਖਿਆ ਕਿ ਪਹਿਲੇ ਪੜਾਅ ਦੇ ਕੰਮਾਂ ਲਈ ਕਰੀਬ 100 ਕਰੋੜ ਦੇ ਫੰਡ ਮੰਗੇ ਹਨ ਜੋ ਜਲਦੀ ਮਿਲਣ ਦੀ ਉਮੀਦ ਹੈ।।

Sunday, October 25, 2015

                                   ਪੰਥ ਤੋਂ ਭੈਅ
       ਸੁਖਬੀਰ ਖਾਤਰ ਗੁਰ ਘਰ ਦੀ ਕੰਧ ਤੋੜੀ
                                 ਚਰਨਜੀਤ ਭੁੱਲਰ
ਬਠਿੰਡਾ  : ਮਾਨਸਾ ਪੁਲੀਸ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਾਤਰ ਗੁਰੂ ਘਰ ਦੀ ਕੰਧ ਹੀ ਤੋੜ ਦਿੱਤੀ ਤਾਂ ਜੋ ਸੁਖਬੀਰ ਨੂੰ ਪੰਥਕ ਰੋਹ ਤੋਂ ਬਚਾਇਆ ਜਾ ਸਕੇ। ਸੁਖਬੀਰ ਬਾਦਲ ਨੇ ਪੰਥਕ ਡਰੋਂ ਪੰਜਾਹ ਮੀਟਰ ਦਾ ਪੈਂਡਾ ਵੀ ਗੱਡੀ ਵਿਚ ਬੈਠ ਕੇ ਤੈਅ ਕੀਤਾ। ਜਦੋਂ ਬਾਦਲ ਗੁਰੂ ਘਰ ਵਿਚ ਦਾਖਲ ਹੋਏ,ਉਸ ਤੋਂ ਪਹਿਲਾਂ ਹੀ ਪੁਲੀਸ ਨੇ ਗੁਰੂ ਘਰ ਦੇ ਮੁੱਖ ਗਰੰਥੀ ਦਰਸ਼ਨ ਸਿੰਘ ਨੂੰ ਗੁਰੂ ਘਰ ਚੋਂ ਹੀ ਆਊਟ ਕਰ ਦਿੱਤਾ। ਪੁਲੀਸ ਨੂੰ ਡਰ ਸੀ ਕਿ ਕਿਤੇ ਮੁੱਖ ਗਰੰਥੀ ਬਾਦਲ ਖਿਲਾਫ ਭਰੇ ਸਮਾਗਮਾਂ ਵਿਚ ਨਾਹਰੇ ਨਾ ਮਾਰ ਦੇਵੇ। ਮਾਨਸਾ ਦੇ ਪਿੰਡ ਕੋਟਧਰਮੂ ਦੇ ਗੁਰਦੁਆਰਾ ਸੂਲੀਸਰ ਸਾਹਿਬ ਵਿਚ ਸ੍ਰੋਮਣੀ ਅਕਾਲੀ ਦਲ ਤਰਫੋਂ ਰੱਖੇ ਅਖੰਠ ਪਾਠਾਂ ਦਾ ਭੋਗ ਸਮਾਗਮਾਂ ਵਿਚ ਸ਼ਾਮਲ ਹੋਣ ਵਾਸਤੇ ਸੁਖਬੀਰ ਬਾਦਲ ਪੁੱਜੇ ਸਨ। ਜਦੋਂ ਗੁਰੂ ਘਰ ਚੋਂ ਮੁੱਖ ਗਰੰਥੀ ਦਰਸ਼ਨ ਨੂੰ ਪੁਲੀਸ ਨੇ ਕੱਢ ਦਿੱਤਾ ਤਾਂ ਉਸ ਨੇ ਰੋਹ ਵਿਚ ਆ ਕੇ ਅਸਤੀਫਾ ਦੇ ਦਿੱਤਾ।ਸ੍ਰੋਮਣੀ ਕਮੇਟੀ ਦੇ ਇਸ ਗੁਰੂ ਘਰ ਦੇ ਨਾਲ ਹੀ ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ ਹੈ ਜਿਸ ਦੀ ਗੁਰੂ ਘਰ ਨਾਲ ਦੀਵਾਰ ਸਾਂਝੀ ਹੈ।                        ਸੁਖਬੀਰ ਬਾਦਲ ਦਾ ਹੈਲੀਕਾਪਟਰ ਇਸ ਪਬਲਿਕ ਸਕੂਲ ਵਿਚ ਉਤਾਰਿਆ ਗਿਆ। ਪਬਲਿਕ ਸਕੂਲ ਚੋਂ ਗੁਰੂ ਘਰ ਤੱਕ ਉਪ ਮੁੱਖ ਮੰਤਰੀ ਸਿਰਫ 50 ਮੀਟਰ ਦਾ ਰਸਤਾ ਵੀ ਆਪਣੇ ਬੁਲਟ ਪਰੂਫ ਕਾਫਲੇ ਵਿਚ ਤੈਅ ਕਰਕੇ ਪੁੱਜੇ। ਪੁਲੀਸ ਨੇ ਗੁਰੂ ਘਰ  ਤੇ ਸਕੂਲ ਦੀ ਸਾਂਝੀ ਕੰਧ ਨੂੰ ਤੋੜ ਕੇ ਕਾਫਲੇ ਲਈ ਰਸਤਾ ਬਣਾਇਆ। ਗੁਰੂ ਘਰ ਤੋਂ ਥੋੜੀ ਦੂਰ ਹੀ ਪੰਥਕ ਧਿਰਾਂ ਵਲੋਂ ਸੁਖਬੀਰ ਬਾਦਲ ਦੀ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਨ•ਾਂ ਦੀ ਨਜ਼ਰ ਤੋਂ ਬਚਣ ਖਾਤਰ ਗੁਰੂ ਘਰ ਦੀ ਕੰਧ ਤੋੜਨੀ ਹੀ ਪੁਲੀਸ ਨੇ ਮੁਨਾਸਿਬ ਸਮਝੀ। ਮਾਨਸਾ ਪੁਲੀਸ ਨੇ ਇਵੇਂ ਹੀ ਗੁਰੂ ਘਰ ਚੋਂ ਸ਼ੱਕੀ ਲੋਕਾਂ ਦੀ ਸਨਾਖਤ ਕਰਕੇ ਉਨ•ਾਂ ਨੂੰ ਪਹਿਲਾਂ ਹੀ ਬਾਹਰ ਕੱਢ ਦਿੱਤਾ। ਮੁੱਖ ਗਰੰਥੀ ਦਰਸ਼ਨ ਸਿੰਘ ਦੀ ਥਾਂ ਸੁਖਜਿੰਦਰ ਸਿੰਘ ਗਰੰਥੀ ਨੇ ਡਿਊਟੀ ਨਿਭਾਈ। ਮੁੱਖ ਗਰੰਥੀ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੇ ਹੀ ਅੱਜ ਗੁਰੂ ਘਰ ਵਿਚ ਸਟੇਜ ਤਿਆਰ ਕੀਤੀ ਅਤੇ ਸ੍ਰੀ ਗਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਪ੍ਰੰਤੂ ਪੁਲੀਸ ਨੇ ਉਸ ਨੂੰ ਹੀ ਗੁਰੂ ਘਰ ਚੋਂ ਬਾਹਰ ਕੱਢ ਦਿੱਤਾ।                                                                                                                                                        ਉਨ•ਾਂ ਆਖਿਆ ਕਿ ਜਦੋਂ ਉਹ ਬਤੌਰ ਮੁੱਖ ਗਰੰਥੀ ਅਰਦਾਸ ਹੀ ਨਹੀਂ ਕਰ ਸਕਦੇ ਅਤੇ ਆਪਣੇ ਅਹੁਦੇ ਤੇ ਰਹਿ ਕੇ ਕੰਮ ਨਹੀਂ ਕਰ ਸਕਦੇ ਤਾਂ ਅਹੁਦੇ ਤੇ ਰਹਿਣ ਦਾ ਕੀ ਫਾਇਦਾ। ਉਨ•ਾਂ ਦੱਸਿਆ ਕਿ ਉਨ•ਾਂ ਨੇ ਅੱਜ ਸੰਗਤ ਵਿਚ ਆਪਣਾ ਅਸਤੀਫਾ ਦੇ ਦਿੱਤਾ ਅਤੇ ਭਲਕੇ ਲਿਖਤੀ ਅਸਤੀਫਾ ਭੇਜ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਉਹ ਅੱਜ ਆਨ ਡਿਊਟੀ ਸਨ। ਜਾਣਕਾਰੀ ਅਨੁਸਾਰ ਅੱਜ ਪੁਲੀਸ ਨੇ ਤਾਂ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਨੂੰ ਵੀ ਦਰਬਾਰ ਸਾਹਿਬ ਚੋਂ ਬਾਹਰ ਜਾਣ ਲਈ ਆਖ ਦਿੱਤਾ ਸੀ। ਪ੍ਰਬੰਧੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਦੇ ਕਹਿਣ ਮਗਰੋਂ ਉਹ ਗੁਰੂ ਘਰ ਵਿਚਲੇ ਦਫਤਰ ਆ ਗਏ ਸਨ ਅਤੇ ਦੋ ਮਿੰਟਾਂ ਮਗਰੋਂ ਹੀ ਉਹ ਵਾਪਸ ਸਮਾਗਮਾਂ ਵਿਚ ਚਲੇ ਗਏ ਸਨ ਕਿਉਂਕਿ ਪੁਲੀਸ ਨੂੰ ਉਨ•ਾਂ ਵਾਰੇ ਪਤਾ ਨਹੀਂ ਸੀ। ਉਨ•ਾਂ ਆਖਿਆ ਕਿ ਮੁੱਖ ਗਰੰਥੀ ਛੁੱਟੀ ਤੇ ਸੀ ਜਿਸ ਕਰਕੇ ਦੂਸਰੇ ਗਰੰਥੀ ਨੂੰ ਡਿਊਟੀ ਦਿੱਤੀ।                                                                                                                                                                                     ਅੱਜ ਪਬਲਿਕ ਸਕੂਲ ਵਿਚ ਹੈਲੀਕਾਪਟਰ ਉਤਰਨ ਕਰਕੇ ਅਤੇ ਪੁਲੀਸ ਦੇ ਪਹਿਰੇ ਕਰਕੇ ਥੋੜੀ ਬਹੁਤੀ ਪੜਾਈ ਵੀ ਪ੍ਰਭਾਵਿਤ ਹੋਈ ਪ੍ਰੰਤੂ ਪ੍ਰਿੰਸੀਪਲ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਅੱਜ ਪੜਾਈ ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਸਾਂਝੀ ਦੀਵਾਰ ਵੀ ਪਹਿਲਾਂ ਦੀ ਹੀ ਟੁੱਟੀ ਹੋਈ ਸੀ। ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਆਰਜੀ ਤੌਰ ਤੇ ਕੰਧ ਤੋੜੀ ਗਈ ਸੀ ਅਤੇ ਤੋੜੇ ਹੋਏ ਥਾਂ ਵਿਚ ਪਹਿਲਾਂ ਹੀ ਆਰਜੀ ਇੱਟਾਂ ਲਾਈਆਂ ਹੋਈਆਂ ਸਨ ਅਤੇ ਪਹਿਲਾਂ ਵੀ ਲੋੜ ਪੈਣ ਤੇ ਇੱਥੋਂ ਦੀ ਰਸਤਾ ਬਣਾ ਲਿਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਦਾ ਕਹਿਣਾ ਸੀ ਕਿ ਅੱਜ ਦੇ ਧਾਰਮਿਕ ਸਮਾਗਮ ਸਫਲ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਹਨ। ਐਸ.ਐਸ.ਪੀ ਮਾਨਸਾ ਸ੍ਰੀ ਰਘਬੀਰ ਸਿੰਘ ਸੰਧੂ ਦਾ ਕਹਿਣਾ ਸੀ ਕਿ ਮੁੱਖ ਗਰੰਥੀ ਦਾ ਮਾਮਲਾ ਉਨ•ਾਂ ਦੇ ਨੋਟਿਸ ਵਿਚ ਨਹੀਂ ਹੈ ਅਤੇ ਉਨ•ਾਂ ਇਹ ਵੀ ਆਖਿਆ ਕਿ ਉਪ ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ ਵਾਂਗ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਉਨ•ਾਂ ਆਖਿਆ ਕਿ ਅੱਜ ਬਾਦਲ ਦੀ ਫੇਰੀ ਕਾਰਨ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ

Tuesday, October 20, 2015

                                ਕੋਈ ਮਰੇ ਕੋਈ ਜੀਵੇ
                     ਸਰਕਾਰ ਘੋਲ ਪਤਾਸਾ ਪੀਵੇ
                                   ਚਰਨਜੀਤ ਭੁੱਲਰ
ਬਠਿੰਡਾ : ਜਦੋਂ ਕਿ ਪੰਜਾਬ ਦੇ ਲੋਕ ਨਾਜ਼ੁਕ ਦੌਰ ਵਿਚੋਂ ਗੁਜਰ ਰਹੇ ਹਨ ਤਾਂ ਠੀਕ ਉਸ ਵਕਤ ਪੰਜਾਬ ਸਰਕਾਰ ਛੇਵੇਂ ਵਿਸ਼ਵ ਕਬੱਡੀ ਕੱਪ ਦੀ ਤਿਆਰੀ ਵਿਚ ਉਲਝੀ ਪਈ ਹੈ। ਖੇਡ ਵਿਭਾਗ ਨੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ ਪ੍ਰਬੰਧ ਵਾਸਤੇ ਅੱਜ ਟੈਂਡਰ ਖੋਲ• ਦਿੱਤੇ ਹਨ। ਭਲਕੇ 20 ਅਕਤੂਬਰ ਤੋਂ ਭਾਰਤ ਦੀ ਕਬੱਡੀ ਟੀਮ ਦੇ ਲੁਧਿਆਣਾ ਵਿਚ ਟਰਾਇਲ ਸ਼ੁਰੂ ਹੋ ਰਹੇ ਹਨ। ਭਾਰਤੀ ਕਬੱਡੀ ਟੀਮ ਦਾ ਮੈਨੇਜਰ ਅਤੇ ਹੋਰ ਸਿਆਸੀ ਆਗੂ ਕਬੱਡੀ ਕੱਪ ਦੇ ਸਿਲਸਿਲੇ ਵਿਚ ਵਿਦੇਸ਼ਾਂ ਵਿਚ ਗਏ ਹੋਏ ਹਨ। ਡਿਪਟੀ ਕਮਿਸ਼ਨਰਾਂ ਵਲੋਂ ਕਬੱਡੀ ਕੱਪ ਦੀ ਤਿਆਰੀ ਲਈ ਸਟੇਡੀਅਮਾਂ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਨਾਲੋਂ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਹਨ। ਖੇਡ ਵਿਭਾਗ ਇਸ ਵੱਡੇ ਕਬੱਡੀ ਮੇਲੇ ਵਾਸਤੇ ਸਪੌਸ਼ਰਸ਼ਿਪ ਲੱਭਣ ਵਿਚ ਜੁਟਿਆ ਹੋਇਆ ਹੈ। ਪੰਜਾਬ ਸਰਕਾਰ ਹੁਣ ਛੇਵੇਂ ਕਬੱਡੀ ਕੱਪ ਦੀ ਸ਼ੁਰੂਆਤ 14 ਨਵੰਬਰ ਤੋਂ ਕਰੇਗੀ ਜਦੋਂ ਕਿ ਪਹਿਲਾਂ ਉਦਘਾਟਨ 15 ਨਵੰਬਰ ਨੂੰ ਹੋਣਾ ਸੀ।
                ਖੇਡ ਵਿਭਾਗ ਵਲੋਂ 14 ਨਵੰਬਰ ਤੋਂ 28 ਨਵੰਬਰ ਤੱਕ ਵਿਸ਼ਵ ਕਬੱਡੀ ਕੱਪ ਕਰਾਇਆ ਜਾਣਾ ਹੈ। ਖੇਡ ਵਿਭਾਗ ਕੋਲ ਐਤਕੀਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਤਿੰਨ ਕੰਪਨੀਆਂ ਨੇ ਪਹੁੰਚ ਕੀਤੀ ਹੈ ਜਿਨ•ਾਂ ਵਿਚ ਫੈਰਿਸਵੀਲ ਮੁੰਬਈ,ਟੱਚਵੁੱਡ ਦਿੱਲੀ ਅਤੇ ਪਰਸੈਪਟ ਦਿੱਲੀ ਸ਼ਾਮਲ ਹਨ। ਸਰਕਾਰ ਤਰਫੋਂ ਐਤਕੀਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਤੇ ਚਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਜਿਨ•ਾਂ ਵਿਚ ਬਾਲੀਵੁਡ ਅਦਾਕਾਰਾਂ ਦੀ ਰਾਸ਼ੀ ਵੀ ਸ਼ਾਮਲ ਹੈ। ਦੋ ਚਾਰ ਦਿਨਾਂ ਵਿਚ ਕੰਪਨੀ ਦੀ ਚੋਣ ਕਰ ਲਈ ਜਾਵੇਗੀ ਅਤੇ ਅਗਲੇ ਸੋਮਵਾਰ ਟੀ.ਵੀ ਪਾਰਟਨਰ ਦੀ ਚੋਣ ਦਾ ਕੰਮ ਫਾਈਨਲ ਕੀਤਾ ਜਾਣਾ ਹੈ। ਵਿਦੇਸ਼ੀ ਟੀਮਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਹਨ। ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਐਤਕੀਂ ਜਲਾਲਾਬਾਦ ਵਿਚ ਹੋਣੇ ਹਨ ਅਤੇ ਇਵੇਂ ਹੀ ਪਿੰਡ ਬਾਦਲ ਵਿਚ ਵੀ ਇੱਕ ਮੈਚ ਹੋਣਾ ਹੈ।
                    ਡਿਪਟੀ ਕਮਿਸ਼ਨਰ ਫਾਜਿਲਕਾ ਤਰਫੋਂ ਕਬੱਡੀ ਕੱਪ ਦੀ ਤਿਆਰੀ ਸਬੰਧੀ ਦੋ ਮੀਟਿੰਗਾਂ ਕੀਤੀਆਂ ਗਈਆਂ ਹਨ ਜਿਨ•ਾਂ ਵਿਚ ਸਾਰੇ ਅਫਸਰਾਂ ਨੂੰ ਸੱਦਿਆ ਗਿਆ ਸੀ। ਡੀ.ਸੀ ਵਲੋਂ ਜਲਾਲਾਬਾਦ ਦੇ ਖੇਡ ਸਟੇਡੀਅਮ ਦਾ ਦੌਰਾ ਕਰਕੇ ਜਾਇਜਾ ਵੀ ਲਿਆ ਗਿਆ ਹੈ। ਇਸੇ ਤਰ•ਾਂ ਬਠਿੰਡਾ ਜ਼ਿਲ•ੇ ਦੇ ਪਿੰਡ ਮਹਿਰਾਜ ਵਿਚ ਕਬੱਡੀ ਕੱਪ ਦਾ ਮੈਚ ਹੋਣਾ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਮਹਿਰਾਜ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ ਹੈ। ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਕਬੱਡੀ ਕੱਪ ਦੀ ਤਰੀਕ ਵਿਚ ਕਿਸੇ ਤਰ•ਾਂ ਦੇ ਬਦਲਾਓ ਦੀ ਕੋਈ ਸੂਚਨਾ ਨਹੀਂ ਆਈ ਹੈ ਜਿਸ ਕਰਕੇ ਪ੍ਰਸ਼ਾਸਨ ਨੇ ਆਪਣੀ ਤਰਫੋਂ ਤਿਆਰੀ ਕਰ ਲਈ ਹੈ। ਦੂਸਰੀ ਤਰਫ ਪੰਜਾਬ ਦੇ ਹਾਲਾਤਾਂ ਤੇ ਝਾਤ ਮਾਰੀਏ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਮਗਰੋਂ ਵਾਪਰੀਆਂ ਘਟਨਾਵਾਂ ਕਾਰਨ ਪੂਰਾ ਪੰਜਾਬ ਜਾਮ ਹੋ ਗਿਆ ਹੈ ਅਤੇ ਲੋਕ ਰੋਹ ਸਿਖਰ ਤੇ ਹੈ। ਦੋ ਨੌਜਵਾਨ ਪੁਲੀਸ ਗੋਲੀ ਨਾਲ ਸ਼ਹੀਦ ਹੋ ਚੁੱਕੇ ਹਨ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਰਾੜ ਦਾ ਪ੍ਰਤੀਕਰਮ ਸੀ ਕਿ ਵਿਸਵ ਕਬੱਡੀ ਕੱਪ ਦੀ ਤਿਆਰੀ ਵਿਚ ਜੁਟੀ ਸਰਕਾਰ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ।
                   ਉਨ•ਾਂ ਆਖਿਆ ਕਿ ਸਰਕਾਰ ਕਬੱਡੀ ਕੱਪ ਦੀ ਥਾਂ ਸ਼ਹੀਦ ਹੋਏ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਇੱਕ ਇੱਕ ਕਰੋੜ ਦੀ ਮਾਲੀ ਮਦਦ ਦੇਵੇ। ਪੰਜਾਬ ਦਾ ਦੂਜਾ ਵੱਡਾ ਸੰਕਟ ਕਪਾਹ ਪੱਟੀ ਹੈ ਜਿਥੋਂ ਦੇ ਕਿਸਾਨਾਂ ਦੇ ਘਰ ਚਿੱਟੇ ਮੱਛਰ ਦੇ ਹੱਲੇ ਨੇ ਖਾਲੀ ਕਰ ਦਿੱਤੇ ਹਨ। ਦਰਜਨਾਂ ਕਿਸਾਨ ਖੁਦਕੁਸ਼ੀ ਕਰ ਗਏ ਹਨ। ਕਿਸਾਨਾਂ ਨੂੰ ਗੰਭੀਰ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ। ਭਾਵੇਂ ਵਿਸ਼ਵ ਕਬੱਡੀ ਕੱਪ ਨੂੰ ਕਪਾਹ ਪੱਟੀ ਚੋਂ ਆਊਟ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਕਬੱਡੀ ਕੱਪ ਦੀ ਰੰਗੀਨੀ ਕਿਸਾਨਾਂ ਦੇ ਰੋਹ ਨੂੰ ਹੋਰ ਤਿੱਖਾ ਕਰੇਗੀ। ਬਠਿੰਡਾ ਤੇ ਮਾਨਸਾ ਵਿਚ ਕਬੱਡੀ ਕੱਪ ਦੇ ਮੈਚ ਕਰਾਉਣ ਦੀ ਥਾਂ ਐਤਕੀਂ ਸਿਰਫ ਪਿੰਡ ਮਹਿਰਾਜ ਵਿਚ ਮੈਚ ਰੱਖਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਪ੍ਰਤੀਕਰਮ ਸੀ ਕਿ ਕਿਸਾਨ ਘਰਾਂ ਵਿਚ ਤਾਂ ਸੱਥਰ ਵਿਛ ਗਏ ਹਨ ਤੇ ਸਰਕਾਰ ਕਬੱਡੀ ਕੱਪ ਕਰਾਉਣ ਵਿਚ ਉਲਝੀ ਹੋਈ ਹੈ। ਉਨ•ਾਂ ਆਖਿਆ ਕਿ ਕਬੱਡੀ ਕੱਪ ਵਾਲੀ ਰਾਸ਼ੀ ਸਰਕਾਰ ਐਤਕੀਂ ਕਿਸਾਨਾਂ ਦੀ ਮਦਦ ਲਈ ਜਾਰੀ ਕਰੇ।
                                       ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੇ ਹਾਂ : ਡਾਇਰੈਕਟਰ
ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਉਹ ਛੇਵੇਂ ਕਬੱਡੀ ਕੱਪ ਦੀ ਤਿਆਰੀ ਦੇ ਪ੍ਰਬੰਧ ਕਰਨ ਵਿਚ ਪੂਰੀ ਤਰ•ਾਂ ਜੁਟੇ ਹੋਏ ਹਨ ਅਤੇ ਹਾਲੇ ਤੱਕ ਕਬੱਡੀ ਕੱਪ ਨੂੰ ਮੁਲਤਵੀ ਕਰਨ ਜਾਂ ਕੋਈ ਬਦਲਾਓ ਕਰਨ ਸਬੰਧੀ ਫਿਲਹਾਲ ਕੋਈ ਸਰਕਾਰੀ ਸੂਚਨਾ ਨਹੀਂ ਹੈ। ਉਨ•ਾਂ ਦੱਸਿਆ ਕਿ ਭਲਕੇ ਤੋਂ ਭਾਰਤੀ ਟੀਮ ਦੇ ਟਰਾਇਲ ਸ਼ੁਰੂ ਹੋ ਰਹੇ ਹਨ ਅਤੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ ਐਤਕੀਂ ਚਾਰ ਕਰੋੜ ਦਾ ਬਜਟ ਰੱਖਿਆ ਹੈ।
      

Monday, October 19, 2015

                            ਦਿਨਾਂ ਦੀ ਗੱਲ
           ਕੋਈ ਮੁਲਾਕਾਤੀ ਨਹੀਂ ਆਇਆ...
                            ਚਰਨਜੀਤ ਭੁੱਲਰ
ਬਠਿੰਡਾ : ਬਿਪਤਾ ਦੀ ਘੜੀ ਵਿਚ ਕਿਵੇਂ ਪ੍ਰਛਾਵਾਂ ਸਾਥ ਛੱਡ ਦਿੰਦਾ ਹੈ,ਇਸ ਬਾਰੇ ਕੋਈ ਖੇਤੀਬਾੜੀ ਮਹਿਕਮੇ ਦੇ ਮੁਅੱਤਲ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਪੁੱਛ ਕੇ ਦੇਖੇ ਜੋ 10 ਅਕਤੂਬਰ ਤੋਂ ਬਠਿੰਡਾ ਜੇਲ• ਵਿਚ ਬੰਦ ਹੈ। ਜੋ ਲੋਕ ਮੰਗਲ ਸੰਧੂ ਦਾ ਕਿਸੇ ਵੇਲੇ ਪ੍ਰਛਾਵਾਂ ਬਣਕੇ ਵੀ ਰਹਿੰਦੇ ਸਨ,ਉਹ ਹੁਣ ਸੰਧੂ ਦੇ ਪ੍ਰਛਾਵੇਂ ਤੋ ਵੀ ਡਰਨ ਲੱਗੇ ਹਨ। ਕੇਂਦਰੀ ਜੇਲ• ਵਿਚ ਬੰਦ ਡਾ.ਮੰਗਲ ਸੰਧੂ ਇਸ ਵਕਤ ਸੰਕਟ ਦੇ ਬੱਦਲ ਇਕੱਲਾ ਝੱਲ ਰਿਹਾ ਹੈ। ਹੁਣ ਉਸ ਨੇ ਬਠਿੰਡਾ ਜੇਲ• ਵਿਚ ਗੁਰੂ ਦੀ ਓਟ ਤੱਕੀ ਹੈ ਅਤੇ ਉਹ ਜੇਲ• ਵਿਚ ਜਿਆਦਾ ਸਮਾਂ ਪਾਠ ਕਰਦਾ ਹੈ। ਉਹ ਸਵੇਰ ਤੇ ਸ਼ਾਮ ਵਕਤ ਜਪੁਜੀ ਸਾਹਿਬ ਅਤੇ ਰਹਿਰਾਸ ਸਾਹਿਬ ਦਾ ਪਾਠ ਕਰਦਾ ਹੈ। ਜਿਆਦਾ ਸਮਾਂ ਮੰਗਲ ਸੰਧੂ ਇਕੱਲਾ ਹੀ ਵਿਚਰਦਾ ਹੈ। ਜਦੋਂ ਉਹ ਪਹਿਲੇ ਦਿਨ ਜੇਲ• ਆਏ ਸਨ ਤਾਂ ਉਦੋਂ ਉਨ•ਾਂ ਦਾ ਬਲੱਡ ਪ੍ਰੈਸਰ ਵੱਧ ਗਿਆ ਸੀ ਅਤੇ ਤਣਾਓ ਵਿਚ ਸਨ।
                 ਦੱਸਣਯੋਗ ਹੈ ਕਿ ਨਕਲੀ ਕੀਟਨਾਸ਼ਕਾਂ ਦੇ ਮਾਮਲੇ ਵਿਚ ਬਠਿੰਡਾ ਪੁਲੀਸ ਨੇ ਡਾ.ਮੰਗਲ ਸੰਧੂ ਤੇ ਕੇਸ ਦਰਜ ਕੀਤਾ ਸੀ। ਨਕਲੀ ਕੀਟਨਾਸ਼ਕਾਂ ਦਾ ਸੰਤਾਪ ਕਪਾਹ ਪੱਟੀ ਦੇ ਹਰ ਘਰ ਨੂੰ ਝੱਲਣਾ ਪਿਆ ਹੈ ਅਤੇ ਦਰਜਨਾਂ ਘਰਾਂ ਵਿਚ ਇਨ•ਾਂ ਕੀਟਨਾਸ਼ਕਾਂ ਨੇ ਸੱਥਰ ਵੀ ਵਿਛਾਏ ਹਨ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕਾ ਲੰਬੀ ਦੇ ਪਿੰਡ ਪੱਕੀ ਟਿੱਬੀ ਦੇ ਵਸਨੀਕ ਡਾ.ਮੰਗਲ ਸੰਧੂ ਕਈ ਪਾਵਰਫੁੱਲ ਅਕਾਲੀ ਨੇਤਾਵਾਂ ਦੇ ਅਤਿ ਨੇੜਲੇ ਅਧਿਕਾਰੀ ਰਿਹਾ ਹੈ। ਉਨ•ਾਂ ਦੀ ਸਰਕਾਰ ਵਿਚ ਤੂਤੀ ਬੋਲਦੀ ਰਹੀ ਹੈ। ਖੇਤੀ ਮਹਿਕਮੇ ਵਿਚ ਉਨ•ਾਂ ਦੇ ਕਈ ਨੇੜਲੇ ਅਫਸਰ ਵੀ ਰਾਜਭਾਗ ਦਾ ਆਨੰਦ ਮਾਣਦੇ ਰਹੇ ਹਨ। ਹੁਣ ਜਦੋਂ ਡਾ.ਮੰਗਲ ਸੰਧੂ ਜੇਲ• ਵਿਚ ਬੰਦ ਹੈ ਅਤੇ ਕੀਟਨਾਸ਼ਕ ਸਕੈਂਡਲ ਵਿਚ ਘਿਰ ਗਿਆ ਹੈ ਤਾਂ ਹਾਕਮ ਧਿਰ ਦੇ ਉਸ ਦੇ ਨੇੜਲੇ ਨੇਤਾ ਅਤੇ ਖੇਤੀ ਮਹਿਕਮੇ ਦੇ ਅਫਸਰ ਉਸ ਦੇ ਪ੍ਰਛਾਂਵੇ ਤੋਂ ਵੀ ਦੂਰ ਰਹਿਣ ਲੱਗੇ ਹਨ।                      
                 ਹਾਕਮ ਧਿਰ ਦੇ ਕਿਸੇ ਵੀ ਨੇਤਾ ਅਤੇ ਖੇਤੀ ਮਹਿਕਮੇ ਦੇ ਕਿਸੇ ਛੋਟੇ ਵੱਡੇ ਅਫਸਰ ਨੇ ਬਠਿੰਡਾ ਜੇਲ• ਵਿਚ ਡਾ.ਮੰਗਲ ਸੰਧੂ ਨਾਲ ਅੱਜ ਤੱਕ ਕੋਈ ਮੁਲਾਕਾਤ ਨਹੀਂ ਕੀਤੀ ਹੈ। ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਮੁਲਾਕਾਤਾਂ ਕਰ ਰਹੇ ਹਨ। ਜਾਣਕਾਰੀ ਅਨੁਸਾਰ ਕਰੀਬ ਚਾਰ ਕੁ ਦਿਨ ਪਹਿਲਾਂ ਡਾ.ਮੰਗਲ ਸੰਧੂ ਨਾਲ ਉਸ ਦੀ ਪਤਨੀ ਨੇ ਜੇਲ• ਅੰਦਰ ਮੁਲਾਕਾਤ ਕੀਤੀ ਹੈ। ਪ੍ਰਵਾਰਿਕ ਸੂਤਰ ਦੱਸਦੇ ਹਨ ਕਿ ਡਾ. ਮੰਗਲ ਸੰਧੂ ਧਾਰਮਿਕ ਬਿਰਤੀ ਦੇ ਹਨ ਅਤੇ ਉਹ ਆਪਣੇ ਘਰ ਵੀ ਦੋ ਵਕਤ ਪਾਠ ਰੈਗੂਲਰ ਕਰਦੇ ਹਨ। ਇਹ ਵੀ ਦੱਸਿਆ ਕਿ ਉਹ ਸ਼ਰਾਬ ਦਾ ਸੇਵਨ ਵੀ ਨਹੀਂ ਕਰਦੇ ਹਨ। ਦੱਸਣਯੋਗ ਹੈ ਕਿ ਡਾ.ਮੰਗਲ ਸੰਧੂ ਦੇ ਘਰੋਂ ਪੁਲੀਸ ਨੇ 53 ਬੋਤਲਾਂ ਸ਼ਰਾਬ ਵੀ ਬਰਾਮਦ ਕੀਤੀ ਸੀ ਜਿਸ ਵਾਰੇ ਸੂਤਰ ਆਖਦੇ ਹਨ ਕਿ ਮੁਅੱਤਲ ਡਾਇਰੈਕਟਰ ਨੇ ਮਹਿਮਾਨਾਂ ਖਾਤਰ ਇਹ ਸ਼ਰਾਬ ਘਰ ਵਿਚ ਰੱਖੀ ਹੋਈ ਸੀ।        
            ਬਠਿੰਡਾ ਜੇਲ• ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਡਾ.ਮੰਗਲ ਸੰਧੂ ਧਾਰਮਿਕ ਖਿਆਲਾ ਦੇ ਜਾਪਦੇ ਹਨ ਅਤੇ ਉਹ ਜਿਆਦਾ ਸਮਾਂ ਜੇਲ• ਅੰਦਰ ਪਾਠ ਹੀ ਕਰਦੇ ਹਨ। ਉਨ•ਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਉਨ•ਾਂ ਦੀ ਪਤਨੀ ਨੇ ਜੇਲ• ਅੰਦਰ ਮੁਲਾਕਾਤ ਕੀਤੀ ਸੀ ਅਤੇ ਇਸ ਤੋਂ ਬਿਨ•ਾਂ ਹੋਰ ਕਿਸੇ ਸਿਆਸੀ ਨੇਤਾ ਅਤੇ ਖੇਤੀ ਮਹਿਕਮੇ ਦੇ ਕਿਸੇ ਅਧਿਕਾਰੀ ਨੇ ਡਾ.ਮੰਗਲ ਸੰਧੂ ਨਾਲ ਮੁਲਾਕਾਤ ਨਹੀਂ ਕੀਤੀ ਹੈ।
                                            ਮੰਗਲ ਸੰਧੂ ਦੀ ਜ਼ਮਾਨਤ ਦੀ ਅਰਜੀ ਰੱਦ
ਬਠਿੰਡਾ ਅਦਾਲਤ ਨੇ ਮੁਅੱਤਲ ਡਾਇਰੈਕਟਰ ਮੰਗਲ ਸੰਧੂ ਦੀ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਹੈ। ਅਮਰਜੀਤ ਸਿੰਘ ਦੀ ਅਦਾਲਤ ਨੇ ਮੰਗਲ ਸੰਧੂ ਅਤੇ ਡੀਲਰ ਵਿਜੇ ਕੁਮਾਰ ਦੀ ਜ਼ਮਾਨਤ ਦੀ ਅਰਜੀ ਰੱਦ ਕੀਤੀ ਹੈ ਜਿਸ ਕਰਕੇ ਹੁਣ ਮੁਅੱਤਲ ਡਾਇਰੈਕਟਰ ਜ਼ਮਾਨਤ ਲਈ ਹਾਈਕੋਰਟ ਅਰਜੀ ਦਾਇਰ ਕਰਨਗੇ। ਮੰਗਲ ਸੰਧੂ ਦੇ ਐਡਵੋਕੇਟ ਰਾਜੇਸ਼ ਸ਼ਰਮਾ ਨੇ ਅਰਜੀ ਖਾਰਜ ਕਰਨ ਦੀ ਪੁਸ਼ਟੀ ਕੀਤੀ। 

Sunday, October 18, 2015

                                    ਲੰਗਰ ਖਾਤਰ
            ਪੁਲੀਸ ਨੇ ਗੁਰੂ ਘਰਾਂ ਦੀ ਓਟ ਤੱਕੀ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਵਲੋਂ ਪੁਲੀਸ ਮੁਲਾਜ਼ਮਾਂ ਲਈ ਗੁਰੂ ਘਰਾਂ ਚੋਂ ਲੰਗਰ ਇਕੱਠਾ ਕੀਤਾ ਜਾਂਦਾ ਹੈ। ਪੁਲੀਸ ਕੋਲ ਮੁਲਾਜ਼ਮਾਂ ਦੇ ਖਾਣੇ ਲਈ ਕੋਈ ਪੈਸਾ ਨਹੀਂ ਹੈ। ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀ ਡਿਊਟੀ ਲਗਾਈ ਹੈ ਕਿ ਉਹ ਗੁਰੂ ਘਰਾਂ ਚੋਂ ਲੰਗਰ ਇਕੱਠਾ ਕਰਕੇ ਮੁਲਾਜ਼ਮਾਂ ਨੂੰ ਛਕਾਉਣ। ਮਾਲਵੇ ਦੇ ਵੱਡੇ ਗੁਰੂ ਘਰਾਂ ਚੋਂ ਪੁਲੀਸ ਦੋ ਵਕਤ ਦਾ ਲੰਗਰ ਲਿਆ ਰਹੀ ਹੈ। ਹੁਣ ਦੋ ਗੁਰੂ ਘਰਾਂ ਨੇ ਪੁਲੀਸ ਨੂੰ ਲੰਗਰ ਦੇਣਾ ਬੰਦ ਕਰ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ•ੇ ਵਿਚ 1100 ਦੇ ਕਰੀਬ ਪੁਲੀਸ ਮੁਲਾਜ਼ਮਾਂ ਜ਼ਿਲ•ੇ ਭਰ ਵਿਚ ਸੜਕਾਂ ਅਤੇ ਨਾਕਿਆਂ ਤੇ ਤਾਇਨਾਤ ਹਨ। ਦੁਆਬੇ ਅਤੇ ਮਾਝੇ ਚੋਂ ਵੀ ਪੁਲੀਸ ਮੁਲਾਜ਼ਮ ਇੱਥੇ ਆਏ ਹੋਏ ਹਨ। ਪਹਿਲਾਂ ਪੁਲੀਸ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਰਕੇ ਤਾਇਨਾਤ ਸੀ। ਹੁਣ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਥਾਣੇਦਾਰ ਹੁਣ ਗੁਰੂ ਘਰਾਂ ਵਿਚ ਫੋਨ ਖੜਕਾ ਕੇ ਲੰਗਰ ਦਾ ਆਰਡਰ ਦੇ ਰਹੇ ਹਨ।
                   ਬਠਿੰਡਾ ਜ਼ਿਲ•ੇ ਦੇ ਗੋਨਿਆਣਾ ਬਾਈਪਾਸ,ਤਲਵੰਡੀ ਸਾਬੋ,ਰਾਮਪੁਰਾ ਫੂਲ,ਭਗਤਾ,ਮੌੜ ਆਦਿ ਵਿਖੇ ਪੰਥਕ ਧਿਰਾਂ ਵਲੋਂ ਸੜਕਾਂ ਤੇ ਜਾਮ ਲਗਾਏ ਹੋਏ ਹਨ। ਸਭਨਾਂ ਥਾਵਾਂ ਤੇ ਵੱਡੀ ਗਿਣਤੀ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੈ। ਪੁਲੀਸ ਲਾਈਨ ਵਿਚਲੇ ਸਰਕਾਰੀ ਲੰਗਰ ਬੰਦ ਪਏ ਹਨ ਅਤੇ ਲਾਗਰੀਆਂ ਦੀ ਵੀ ਪੁਲੀਸ ਕੋਲ ਕਮੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਕੋਲ ਏਨੀ ਰਾਸ਼ੀ ਨਹੀਂ ਕਿ ਮੁਲਾਜ਼ਮਾਂ ਦੇ ਖਾਣੇ ਦਿੱਤਾ ਜਾ ਸਕੇ। ਥਾਣਾ ਨੇਹੀਆ ਵਾਲਾ ਦੀ ਪੁਲੀਸ ਵਲੋਂ ਗੁਰਦੁਆਰਾ ਲੱਖੀ ਜੰਗਲ ਚੋਂ ਲੰਗਰ ਲਿਆਂਦਾ ਜਾ ਰਿਹਾ ਹੈ। ਇਸ ਗੁਰੂ ਘਰ ਵਲੋਂ ਗੋਨਿਆਣਾ ਲਾਗੇ ਲੱਗੇ ਧਰਨੇ ਵਿਚ ਵੀ ਲੰਗਰ ਪਹੁੰਚਾਇਆ ਜਾ ਰਿਹਾ ਹੈ। ਥਾਣਾ ਨੇਹੀਆਂ ਵਾਲਾ ਦੇ ਚਾਰ ਪੁਲੀਸ ਮੁਲਾਜ਼ਮ ਇਸ ਗੁਰੂ ਘਰ ਚੋਂ ਲੰਗਰ ਲਿਆਉਂਦੇ ਹਨ। ਗੁਰੂ ਘਰ ਦੇ ਪ੍ਰਬੰਧਕ ਕਾਲਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪੁਲੀਸ ਮੁਲਾਜ਼ਮ ਤਿੰਨ ਟੋਕਰੇ ਅਤੇ ਅੱਜ ਡੇਢ ਟੋਕਰਾ ਰੋਟੀਆਂ ਦਾ ਲੈ ਕੇ ਗਏ ਹਨ ਅਤੇ 35 ਕਿਲੋ ਦੁੱਧ ਲੈ ਕੇ ਗਏ ਹਨ।
                 ਗੁਰਦੁਆਰਾ ਰੂਮੀ ਵਾਲਾ ਭੁੱਚੋ ਕਲਾਂ ਚੋਂ ਵੀ ਪੁਲੀਸ ਲੰਗਰ ਲਿਆ ਰਹੀ ਹੈ। ਪੁਲੀਸ ਚੌਂਕੀ ਭੁੱਚੋ ਦੇ ਇੰਚਾਰਜ ਨੇ ਦੱਸਿਆ ਕਿ ਇੱਥੇ ਪੰਜਾਹ ਤੋਂ ਜਿਆਦਾ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ ਜਿਨ•ਾਂ ਵਾਸਤੇ ਰੂਮੀ ਵਾਲਾ ਗੁਰੂ ਘਰ ਚੋਂ ਲੰਗਰ ਲਿਆਂਦਾ ਜਾਂਦਾ ਹੈ। ਇਵੇਂ ਹੀ ਪੁਲੀਸ ਨੇ ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਗੁਰੂ ਘਰ ਵਿਚ ਲੰਗਰ ਦਾ ਆਰਡਰ ਦਿੱਤਾ ਸੀ। ਗੁਰੂ ਘਰ ਦੇ ਹੈਡ ਗਰੰਥੀ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਵਲੋਂ ਲੰਗਰ ਵਾਸਤੇ ਆਖਿਆ ਗਿਆ ਸੀ ਪ੍ਰੰਤੂ ਮਗਰੋਂ ਲੰਗਰ ਲਿਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ। ਰਾਮਪੁਰਾ ਫੂਲ ਵਿਖੇ ਬਠਿੰਡਾ ਚੰਡੀਗੜ• ਸੜਕ ਮਾਰਗ ਜਾਮ ਕੀਤਾ ਹੋਇਆ ਹੈ। ਇਥੇ ਪੁਲੀਸ ਵਲੋਂ ਸਥਾਨਿਕ ਸ਼ਹਿਰ ਦੇ ਗੁਰੂ ਘਰ ਚੋਂ ਦੋ ਦਿਨ ਤਾਂ ਲੰਗਰ ਲਿਆਂਦਾ ਗਿਆ ਪ੍ਰੰਤੂ ਹੁਣ ਪੁਲੀਸ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੇ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਤਰ•ਾਂ ਭਗਤਾ ਪੁਲੀਸ ਵਲੋਂ ਪਿੰਡ ਦਿਆਲਪੁਰਾ ਭਾਈਕਾ ਦੇ ਗੁਰੂ ਘਰ ਚੋਂ ਲੰਗਰ ਲਿਆਂਦਾ ਗਿਆ ਸੀ। ਹੁਣ ਇਸ ਗੁਰੂ ਘਰ ਵਲੋਂ ਵੀ ਪੁਲੀਸ ਨੂੰ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਹੁਤੇ ਪੁਲੀਸ ਮੁਲਾਜ਼ਮਾਂ ਨੂੰ ਢਾਬਿਆਂ ਤੋਂ ਵੀ ਲੰਗਰ ਖਾਣਾ ਪੈਂਦਾ ਹੈ। ਜਦੋਂ ਬਠਿੰਡਾ ਵਿਚ ਕਿਸਾਨ ਮੋਰਚਾ ਲੱਗਾ ਹੋਇਆ ਸੀ ਤਾਂ ਬਹੁਤੇ ਪੁਲੀਸ ਵਾਲੇ ਕਿਸਾਨ ਯੂਨੀਅਨ ਦੇ ਲੰਗਰ ਚੋਂ ਹੀ ਪ੍ਰਸ਼ਾਦਾ ਛੱਕਦੇ ਸਨ ।
                 ਬਠਿੰਡਾ ਮਾਨਸਾ ਸੜਕ ਤੇ ਮੌੜ ਕੈਂਚੀਆਂ ਤੇ ਵੀ ਸੜਕ ਜਾਮ ਕੀਤੀ ਜਾ ਰਹੀ ਹੈ ਅਤੇ ਇਥੇ ਵੀ ਕਾਫੀ ਗਿਣਤੀ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਮੌੜ ਦੇ ਲਾਗਲੇ ਗੁਰਦੁਆਰਾ ਤਿੱਤਰਸਰ ਚੋਂ ਪੁਲੀਸ ਲੰਗਰ ਲਿਆ ਰਹੀ ਹੈ। ਗੁਰਦੁਆਰਾ ਤਿੱਤਰਸਰਾਰ ਦੇ ਬਾਬਾ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਰੋਜ਼ਾਨਾ 250 ਮੁਲਾਜ਼ਮਾਂ ਦਾ ਲੰਗਰ ਲਿਜਾਇਆ ਜਾਂਦਾ ਹੈ। ਇੱਥੋਂ ਪੁਲੀਸ ਵਾਲੇ ਕੈਂਟਰ ਤੇ ਲੰਗਰ ਲੈ ਕੇ ਜਾਂਦੇ ਹਨ। ਬਾਬਾ ਅੰਗਰੇਜ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਲੰਗਰ ਵਿਚ ਬੈਠ ਕੇ ਕੋਈ ਮੁਲਾਜ਼ਮ ਲੰਗਰ ਨਹੀਂ ਛੱਕਦਾ ਹੈ। ਪੁਲੀਸ ਨੂੰ ਤਾਂ ਟਰਾਂਸਪੋਰਟ ਦੀ ਵੀ ਕਾਫੀ ਮੁਸ਼ਕਲ ਆ ਰਹੀ ਹੈ। ਕਈ ਵਿੱਦਿਅਕ ਅਦਾਰਿਆਂ ਤੋਂ ਬੱਸਾਂ ਲਈਆਂ ਗਈਆਂ ਹਨ ਜਿਨ•ਾਂ ਵਾਸਤੇ ਤੇਲ ਦਾ ਵੀ ਸੰਕਟ ਬਣਿਆ ਹੋਇਆ ਹੈ। ਪੁਲੀਸ ਵਲੋਂ ਬਹੁਤੇ ਹੋਰ ਕੰਮ ਤਾਂ ਵਗਾਰ ਦੇ ਸਹਾਰੇ ਹੀ ਚਲਾਏ ਜਾ ਰਹੇ ਹਨ।
                                        ਸਰਕਾਰੀ ਲੰਗਰ ਚੱਲੇਗਾ : ਐਸ.ਪੀ
ਐਸ.ਪੀ ਸਥਾਨਿਕ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਕੁਝ ਗੁਰੂ ਘਰਾਂ ਤਰਫੋਂ ਪੁਲੀਸ ਨੂੰ ਲੰਗਰ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਕਰਕੇ ਲੋੜ ਪੈਣ ਤੇ ਪੁਲੀਸ ਉਨ•ਾਂ ਗੁਰੂ ਘਰਾਂ ਤੋਂ ਲੰਗਰ ਲੈ ਰਹੀ ਸੀ। ਉਨ•ਾਂ ਦੱਸਿਆ ਕਿ ਹੁਣ ਉਹ ਪੁਲੀਸ ਲਾਈਨ ਵਿਚ ਸਰਕਾਰੀ ਮੈਸ ਚਲਾ ਰਹੇ ਹਨ ਤਾਂ ਜੋ ਮੁਲਾਜ਼ਮਾਂ ਨੂੰ ਖਾਣੇ ਦੀ ਕੋਈ ਦਿੱਕਤ ਨਾ ਆਵੇ। 

Thursday, October 15, 2015

                                   ਬੁਰੇ ਦਿਨ
        ਮੋਦੀ ਸਰਕਾਰ ਮਗਰੋਂ ਫਿਰਕੂ ਦੰਗੇ ਵਧੇ
                                ਚਰਨਜੀਤ ਭੁੱਲਰ
ਬਠਿੰਡਾ : ਜਦੋਂ ਕਿ ਹੁਣ ਦੇਸ਼ ਫਿਰਕੂ ਅੱਗ ਦਾ ਸੇਕ ਝੱਲ ਰਿਹਾ ਹੈ ਤਾਂ ਠੀਕ ਉਸ ਵਕਤ ਪੰਜਾਬ ਨੂੰ ਵਿਗੜ ਰਹੇ  ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਰੋਜ਼ਾਨਾ ਔਸਤਨ ਦੋ ਘਟਨਾਵਾਂ ਫਿਰਕੂ ਦੰਗਿਆਂ ਦੀਆਂ ਵਾਪਰ ਰਹੀਆਂ ਹਨ। ਲੰਘੇ ਸਾਢੇ ਤਿੰਨ ਵਰਿ•ਆਂ ਦਾ ਇਹ ਰੁਝਾਨ ਹੈ ਕਿ ਹਰ ਮਹੀਨੇ ਔਸਤਨ 58 ਮਾਮਲੇ ਫਿਰਕੂ ਫਸਾਦਾਂ ਦੇ ਸਾਹਮਣੇ ਆਏ ਹਨ। ਭਾਵੇਂ ਪੰਜਾਬ ਫਿਰਕੂ ਅੱਗ ਤੋਂ ਤਾਂ ਬਚਿਆ ਹੋਇਆ ਹੈ ਪ੍ਰੰਤੂ ਅਮਨ ਕਾਨੂੰਨ ਦੀ ਵਿਵਸਥਾ ਨੇ ਝਟਕਾ ਦੇ ਦਿੱਤਾ ਹੈ। ਸਮਾਜਿਕ ਤਣਾਓ ਤੇ ਟਕਰਾਓ ਵਧਿਆ ਹੈ। ਉਂਝ ਪੰਜਾਬ ਵਿਚ ਸਾਲ 2012 ਵਿਚ ਦੋ ਮਾਮਲੇ ਫਿਰਕੂ ਫਸਾਦ ਦੇ ਵਾਪਰੇ ਹਨ ਜਿਨ•ਾਂ ਵਿਚ ਤਿੰਨ ਲੋਕਾਂ ਦੀ ਜਾਨ ਗਈ ਸੀ। ਹੁਣ ਮਾਲਵਾ ਖਿੱਤੇ ਵਿਚ ਪੰਥਕ ਧਿਰਾਂ ਤੇ ਪੁਲੀਸ ਦਰਮਿਆਨ ਬਣੇ ਟਕਰਾਓ ਵਿਚ ਹੋਏ ਜਾਨੀ ਮਾਲੀ ਨੁਕਸਾਨ ਨੇ ਪੰਜਾਬ ਨੂੰ ਇਸ਼ਾਰਾ ਕਰ ਦਿੱਤਾ ਹੈ। ਰਾਜ ਸਰਕਾਰ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਥੋੜਾ ਸਮਾਂ ਪਹਿਲਾਂ ਹੀ ਪਾਕਿ ਅੱਤਵਾਦੀਆਂ ਵਲੋਂ ਦੀਨਾਨਗਰ ਕਾਂਡ ਕੀਤਾ ਗਿਆ ਹੈ।
                   ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਵਿਚ ਤੇਜ਼ੀ ਨਾਲ ਫਿਰਕੂ ਫਸਾਦ ਵੱਧ ਰਹੇ ਹਨ। ਮੁਲਕ ਵਿਚ ਜਨਵਰੀ 2012 ਤੋਂ ਜੂਨ 2015 ਤੱਕ ਫਿਰਕੂ ਦੰਗਿਆਂ ਦੀਆਂ 2465 ਘਟਨਾਵਾਂ ਵਾਪਰੀਆਂ ਹਨ ਜਿਨ•ਾਂ ਵਿਚ 373 ਲੋਕਾਂ ਨੂੰ ਜਾਨ ਗੁਆਉਣੀ ਪਈ ਹੈ ਜਦੋਂ ਕਿ 7399 ਵਿਅਕਤੀ ਜ਼ਖਮੀ ਹੋਏ ਹਨ। ਸਿੱਧਾ ਮਤਲਬ ਇਹੋ ਹੈ ਕਿ ਪ੍ਰਤੀ ਦਿਨ ਔਸਤਨ ਦੋ ਘਟਨਾਵਾਂ ਫਿਰਕੂ ਦੰਗਿਆਂ ਦੀਆਂ ਹੋ ਰਹੀਆਂ ਹਨ। ਕੇਂਦਰ ਵਿਚ ਮੋਦੀ ਸਰਕਾਰ ਬਣਨ ਮਗਰੋਂ ਫਿਰਕੂ ਦੰਗਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਵਰ•ਾਂ 2014 ਦੇ ਪਹਿਲੇ ਛੇ ਮਹੀਨਿਆਂ ਵਿਚ ਇਨ•ਾਂ ਘਟਨਾਵਾਂ ਦੀ ਗਿਣਤੀ 252 ਸੀ ਜਦੋਂ ਕਿ ਵਰ•ਾ 2015 ਦੇ ਪਹਿਲੇ ਛੇ ਮਹੀਨਿਆਂ ਵਿਚ ਹੋਈਆਂ ਇਨ•ਾਂ ਘਟਨਾਵਾਂ ਦੀ ਗਿਣਤੀ ਵੱਧ ਕੇ 330 ਹੋ ਗਈ ਹੈ ਜਿਨ•ਾਂ ਵਿਚ 51 ਵਿਅਕਤੀ ਮਾਰੇ ਗਏ ਹਨ ਅਤੇ 1092 ਜ਼ਖਮੀ ਹੋਏ ਹਨ। ਵਰ•ਾ 2012 ਵਿਚ 668 ਘਟਨਾਵਾਂ, ਸਾਲ 2013 ਵਿਚ 823 ,ਸਾਲ 2014 ਵਿਚ 644 ਘਟਨਾਵਾਂ ਫਿਰਕੂ ਦੰਗਿਆਂ ਦੀਆਂ ਹੋਈਆਂ ਹਨ।
                  ਸਰਕਾਰੀ ਵੇਰਵਿਆਂ ਅਨੁਸਾਰ ਉਤਰ ਪ੍ਰਦੇਸ਼ ਇਸ ਮਾਮਲੇ ਵਿਚ ਪਹਿਲੇ ਨੰਬਰ ਹੈ ਜਿਸ ਵਿਚ ਲੰਘੇ ਸਾਢੇ ਤਿੰਨ ਵਰਿ•ਆਂ ਵਿਚ 566 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ•ਾਂ ਵਿਚ 152 ਲੋਕ ਮਾਰੇ ਗਏ ਹਨ ਜਦੋਂ ਕਿ 1458 ਜ਼ਖਮੀ ਹੋਏ ਹਨ। ਯੂ.ਪੀ ਵਿਚ ਅਗਸਤ 2013 ਵਿਚ ਵਾਪਰੇ ਮੁਜ਼ੱਫਰਨਗਰ ਦੰਗੇ ਕਾਫੀ ਦੁਖਦਾਈ ਰਹੇ ਹਨ। ਦੂਸਰਾ ਨੰਬਰ ਮਹਾਂਰਾਸ਼ਟਰ ਦਾ ਹੈ ਜਿਥੇ ਇਸ ਸਮੇਂ ਦੌਰਾਨ 338 ਘਟਨਾਵਾਂ ਹੋਈਆਂ ਹਨ ਜਿਨ•ਾਂ ਵਿਚ 43 ਵਿਅਕਤੀ ਮਾਰੇ ਗਏ ਹਨ ਅਤੇ 1030 ਜ਼ਖਮੀ ਹੋਏ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਸਾਢੇ ਤਿੰਨ ਸਾਲਾਂ ਵਿਚ ਫਿਰਕੂ ਫਸਾਦਾਂ ਦੇ 9 ਮਾਮਲੇ ਸਾਹਮਣੇ ਆਏ ਹਨ ਜਿਨ•ਾਂ ਵਿਚ ਇੱਕ ਵਿਅਕਤੀ ਮਰਿਆ ਹੈ ਅਤੇ 81 ਜ਼ਖਮੀ ਹੋਏ ਹਨ। ਦੂਸਰੇ ਗੁਆਂਢੀ ਰਾਜਸਥਾਨ ਵਿਚ 190 ਮਾਮਲੇ ਵਾਪਰੇ ਹਨ ਜਿਨ•ਾਂ ਵਿਚ 25 ਲੋਕਾਂ ਦੀ ਜਾਨ ਗਈ ਹੈ ਅਤੇ 502 ਜ਼ਖਮੀ ਹੋਏ ਹਨ। ਹਿਮਾਚਲ ਪ੍ਰਦੇਸ਼ ਇਸ ਗੱਲੋਂ ਬਚਿਆ ਰਿਹਾ ਹੈ। ਗੁਜਰਾਤ ਵਿਚ ਇਸ ਸਮੇਂ ਦੌਰਾਨ 224 ਫਿਰਕੂ ਦੰਗਿਆਂ ਦੇ ਮਾਮਲੇ ਸਾਹਮਣੇ ਆਏ ਹਨ ਜਿਨ•ਾਂ ਵਿਚ 29 ਲੋਕ ਮਾਰੇ ਗਏ ਅਤੇ 679 ਜ਼ਖਮੀ ਹੋਏ ਹਨ। ਦੇਸ਼ ਦੇ ਕਰੀਬ ਅੱਠ ਸੂਬੇ ਫਿਰਕੂ ਅੱਗ ਦਾ ਸੇਕ ਜਿਆਦਾ ਝੱਲ ਰਹੇ ਹਨ।
                   ਪੰਜਾਬ ਤੇਜੀ ਨਾਲ ਵਿਗੜਦੇ ਹਾਲਾਤਾਂ ਵੱਲ ਵੱਧ ਰਿਹਾ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਮਾਹੌਲ ਗਰਮਾਇਆ ਹੈ। ਫਰੀਦਕੋਟ ਤੇ ਮੋਗਾ ਜ਼ਿਲ•ੇ ਵਿਚ ਪੁਲੀਸ ਤੇ ਪੰਥਕ ਧਿਰਾਂ ਵਿਚ ਹੋਏ ਟਕਰਾਓ ਪੰਜਾਬ ਨੂੰ ਅਸ਼ਾਂਤੀ ਵੱਧ ਵਧਾ ਰਹੇ ਹਨ। ਅੱਤਵਾਦ ਦਾ ਸੇਕ ਪੰਜਾਬ ਨੂੰ ਪਹਿਲਾ ਹੀ ਸਾੜ ਚੁੱਕਾ ਹੈ ਅਤੇ ਹੁਣ ਹਾਕਮ ਧਿਰ ਨਵੀਆਂ ਪ੍ਰਸਥਿਤੀਆਂ ਨਾਲ ਸੁਲਝਣ ਵਿਚ ਨਾਕਾਮ ਹੋ ਰਹੀ ਹੈ। ਪੰਜਾਬ ਦੇ ਕਿਸਾਨ ਤੇ ਮਜ਼ਦੂਰ ਆਰਥਿਕ ਸੰਕਟ ਦੀ ਅੱਗ ਵਿਚ ਸੜ ਰਹੇ ਹਨ ਜਦੋਂ ਕਿ ਮਾਲਵਾ ਪੱਟੀ ਦੀ ਹਰ ਸੜਕ ਤੇ ਪੰਥਕ ਧਿਰਾਂ ਵਲੋਂ ਲਗਾਏ ਜਾਮ ਸਰਕਾਰੀ ਨਲਾਇਕੀ ਤੇ ਜਿਆਦਤੀ ਦੀ ਹਾਮੀ ਭਰ ਰਹੇ ਹਨ। ਮਈ 2007 ਵਿਚ ਇਸੇ ਮਾਲਵੇ ਵਿਚ ਪੰਥਕ ਧਿਰਾਂ ਤੇ ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਵਿਵਾਦ ਉਠਿਆ ਸੀ। ਹੁਣ ਮਾਲਵਾ ਫਿਰ ਕਟਹਿਰੇ ਵਿਚ ਖੜ•ਾ ਹੈ। 

Monday, October 12, 2015

                           ‘ਮਿਸ਼ਨ ਮਨੋਬਲ’ 
     ਕਾਹਤੋ ਦਿਲ ਹੌਲਾ ਕੀਤਾ ਜਥੇਦਾਰ ਜੀ.. 
                              ਚਰਨਜੀਤ ਭੁੱਲਰ
ਬਠਿੰਡਾ : ਸ੍ਰੋਮਣੀ ਅਕਾਲੀ ਦਲ ਵਲੋਂ ਹੁਣ ਗੁਪਤ ‘ਮਿਸ਼ਨ ਮਨੋਬਲ’ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਤਖਤਾਂ ਦੇ ਜਥੇਦਾਰਾਂ ਨੂੰ ਤਕੜੇ ਕੀਤਾ ਜਾ ਸਕੇ। ਅਕਾਲੀ ਨੇਤਾਵਾਂ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਇਸ ਮਿਸ਼ਨ ਲਈ ਤਾਇਨਾਤ ਕੀਤਾ ਗਿਆ ਹੈ ਜਿਨ•ਾਂ ਨੇ ਜਥੇਦਾਰਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਤਖਤ ਸ੍ਰੀ ਕੇਸਗੜ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੁਣ ਸੰਗਤਾਂ ਵਿਚ ਜਾਣ ਤੋਂ ਝਿਜਕ ਰਹੇ ਹਨ। ਇਹ ਜਥੇਦਾਰ ਪਿਛਲੇ ਦਿਨਾਂ ਤੋਂ ਆਪਣੇ ਘਰਾਂ ਤੋਂ ਬਾਹਰ ਖੁੱਲ• ਕੇ ਨਹੀਂ ਜਾ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ ਸ੍ਰੋਮਣੀ ਕਮੇਟੀ ਮੈਂਬਰਾਂ ਅਤੇ ਅਕਾਲੀ ਨੇਤਾਵਾਂ ਨੂੰ ਗੁਪਤ ਹਦਾਇਤ ਕੀਤੀ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਅਤੇ ਉਨ•ਾਂ ਨੂੰ ਹੌਸਲੇ ਵਿਚ ਰੱਖਣ। ਬਠਿੰਡਾ ਪੁਲੀਸ ਨੇ ਤਾਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ ਤੇ ਦੋ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਵੀ ਕਰ ਦਿੱਤੀ ਹੈ।
                ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਮਗਰੋਂ ਜਥੇਦਾਰਾਂ ਨੂੰ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਟਾਕਰੇ ਲਈ ਨਵੀਂ ਰਣਨੀਤੀ ਘੜੀ ਗਈ ਹੈ। ਸ੍ਰੋਮਣੀ ਕਮੇਟੀ ਦੇ ਪੰਜ ਮੈਂਬਰਾਂ ਦੀ ਟੀਮ ਨੇ 11 ਅਕਤੂਬਰ ਦੀ ਸ਼ਾਮ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ•ਾਂ ਨੂੰ ਹੌਸਲਾ ਦਿੱਤਾ। ਬਠਿੰਡਾ ਤੇ ਮਾਨਸਾ ਜਿਲ•ੇ ਦੇ ਪੰਜ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਉਚੇਚੇ ਤੌਰ ਤੇ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ। ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਮੋਹਨ ਸਿੰਘ ਬੰਗੀ ਦਾ ਪ੍ਰਤੀਕਰਮ ਸੀ ਕਿ ਉਹ ਤਾਂ ਹਮਲਾ ਹੋਣ ਕਰਕੇ ਗਿਆਨੀ ਮੱਲ ਸਿੰਘ ਦਾ ਹਾਲ ਚਾਲ ਪੁੱਛਣ ਦੇ ਨਜ਼ਰੀਏ ਨਾਲ ਗਏ ਸਨ। ਜਾਣਕਾਰੀ ਅਨੁਸਬਾਰ ਇਵੇਂ ਹੀ ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ 11 ਅਕਤੂਬਰ ਦੀ ਸ਼ਾਮ ਨੂੰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਰਿਹਾਇਸ਼ ਤੇ ਕਾਫੀ ਸਮਾਂ ਬਿਤਾਇਆ।
               ਦੋ ਦਿਨ ਪਹਿਲਾਂ ਐਮ.ਪੀ ਬਲਵਿੰਦਰ ਸਿੰਘ ਭੂੰਦੜ ਵੀ ਜਥੇਦਾਰ ਨੂੰ ਮਿਲ ਕੇ ਗਏ ਹਨ। ਅੱਜ ਅੱਧੀ ਦਰਜ਼ਨ ਦੇ ਕਰੀਬ ਸ੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਗੁਰਮੁੱਖ ਸਿੰਘ ਨਾਲ ਉਨ•ਾਂ ਦੀ ਰਿਹਾਇਸ਼ ਤੇ ਮਿਲਣੀ ਕੀਤੀ। ਸੂਤਰ ਦੱਸਦੇ ਹਨ ਕਿ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਵਾਰੋ ਵਾਰੀ ਜਥੇਦਾਰ ਗੁਰਮੁੱਖ ਸਿੰਘ ਨਾਲ ਮੁਲਾਕਾਤ ਕਰਨ ਵਾਸਤੇ ਆਖਿਆ ਗਿਆ ਹੈ। ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਮੁਖੀ ਨੂੰ ਮੁਆਫੀ ਮਗਰੋਂ ਜਨਤਿਕ ਤੌਰ ਤੇ ਵਿਚਰਨਾ ਬੰਦ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਪ੍ਰੋਗਰਾਮ ਨਹੀਂ ਰੱਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ ਤੇ ਪਹਿਲਾਂ ਸਿੰਘ ਸੰਗਤਾਂ ਦਾ ਤਾਂਤਾਂ ਲੱਗਿਆ ਰਹਿੰਦਾ ਸੀ, ਹੁਣ ਨਵੇਂ ਘਟਨਾਕਰਮ ਮਗਰੋਂ ਸਿੱਖ ਸੰਗਤਾਂ ਦੀ ਜਥੇਦਾਰ ਦੀ ਰਿਹਾਇਸ਼ ਤੇ ਸਰਗਰਮੀ ਥੋੜੀ ਘਟੀ ਹੈ। ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਸੰਭਾਲਣ ਮਗਰੋਂ ਗਿਆਨੀ ਗੁਰਮੁੱਖ ਸਿੰਘ ਦੀ ਧਾਰਮਿਕ ਸਖਸੀਅਤ ਵਜੋਂ ਬਹੁਤ ਪ੍ਰਸਿੱਧੀ ਹੋਈ ਸੀ ਅਤੇ ਉਨ•ਾਂ ਨੇ ਕਈ ਸਫਲ ਧਾਰਮਿਕ ਪ੍ਰੋਗਰਾਮ ਵੀ ਕਰਾਏ ਸਨ ਜਿਸ ਕਰਕੇ ਅੰਮ੍ਰਿਤਧਾਰੀ ਸੰਗਤਾਂ ਦੀ ਗਿਣਤੀ ਉਨ•ਾਂ ਦੀ ਰਿਹਾਇਸ਼ ਤੇ ਕਾਫੀ ਰਹਿੰਦੀ ਸੀ। ਹੁਣ ਇਹ ਗਿਣਤੀ ਘਟੀ ਹੈ।
              ਸ੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਜੋ ਕਿ ਜਥੇਦਾਰ ਕੋਲ ਰੋਜ਼ਾਨਾ ਜਾ ਰਹੇ ਹਨ,ਦਾ ਪ੍ਰਤੀਕਰਮ ਸੀ ਕਿ ਬਤੌਰ ਸ੍ਰੋਮਣੀ ਕਮੇਟੀ ਮੈਂਬਰ ,ਸਿੰਘ ਸਾਹਿਬਾਨ ਨਾਲ ਤਾਲਮੇਲ ਰੱਖਣਾ ਅਤੇ ਵਿਚਾਰ ਵਟਾਂਦਰਾ ਕਰਨਾ ਫਰਜ਼ ਹੈ। ਉਨ•ਾਂ ਆਖਿਆ ਕਿ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਪੂਰੀ ਚੜ•ਦੀ ਕਲਾਂ ਵਿਚ ਹਨ ਅਤੇ ਸ੍ਰੋਮਣੀ ਕਮੇਟੀ ਮੈਂਬਰ ਤਾਂ ਰੁਟੀਨ ਵਿਚ ਹੀ ਜਥੇਦਾਰ ਸਾਹਿਬ ਕੋਲ ਆਉਂਦੇ ਰਹਿੰਦੇ ਹਨ। ਸੂਤਰ ਦੱਸਦੇ ਹਨ ਕਿ ਜਦੋਂ ਵੀ ਜਥੇਦਾਰ ਨੂੰ ਕੋਈ ਬਾਹਰੋ ਮਿਲਣ ਆਉਂਦਾ ਹੈ ਤਾਂ ਗੰਨਮੈਨ ਜਥੇਦਾਰ ਦੇ ਨੇੜੇ ਰਹਿੰਦੇ ਹਨ। ਪੁਲੀਸ ਦੀਆਂ ਮਹਿਲਾ ਮੁਲਾਜ਼ਮਾਂ ਵਲੋਂ ਰਿਹਾਇਸ਼ ਤੇ ਆਉਣ ਵਾਲੀਆਂ ਮਹਿਲਾਵਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਦੋ ਮਹਿਲਾ ਮੁਲਾਜ਼ਮਾਂ ਦੀ ਜਥੇਦਾਰ ਦੀ ਰਿਹਾਇਸ਼ ਤੇ ਆਰਜੀ ਡਿਊਟੀ ਲਗਾਈ ਹੈ ਜੋ ਕਿ ਗੇਟ ਤੇ ਮਹਿਲਾਵਾਂ ਦੀ ਚੈਕਿੰਗ ਕਰਦੀਆਂ ਹਨ।

Saturday, October 10, 2015

                              ਪੰਥਕ ਡਰ
         ਜਥੇਦਾਰ ਨਾਲ ਗੰਨਮੈਨਾਂ ਦੀ ਫੌਜ
                            ਚਰਨਜੀਤ ਭੁੱਲਰ
ਬਠਿੰਡਾ  : ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦਾ ਧੁੜਕੂ ਦੂਰ ਕਰਨ ਵਾਸਤੇ ਗੰਨਮੈਨਾਂ ਦੀ ਫੌਜ ਤਾਇਨਾਤ ਕਰ ਦਿੱਤੀ ਹੈ। ਸ੍ਰੋਮਣੀ ਕਮੇਟੀ ਨੇ ਨਵੇਂ ਜਥੇਦਾਰ ਨੂੰ ਖੁਸ਼ ਕਰਨ ਖਾਤਰ ਦੋ ਨਵੀਆਂ ਗੱਡੀਆਂ ਖਰੀਦ ਕੇ ਦਿੱਤੀਆਂ  ਹਨ ਜਦੋਂ ਕਿ ਹੁਣ ਪੰਜਾਬ ਸਰਕਾਰ ਨੇ ਸੁਰੱਖਿਆ ਲਈ 23 ਗੰਨਮੈਨ ਦੇ ਦਿੱਤੇ ਹਨ। ਚਰਚੇ ਹਨ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਦੇ ਮਾਮਲੇ ਵਿਚ ਦਮਦਮਾ ਸਾਹਿਬ ਦੇ ਜਥੇਦਾਰ ਦੀ ਖਾਸ ਭੂਮਿਕਾ ਰਹੀ ਹੈ। ਹੁਣ ਦੋ ਦਿਨ ਪਹਿਲਾਂ ਹੀ ਜਥੇਦਾਰ ਗੁਰਮੁੱਖ ਸਿੰਘ ਤਲਵੰਡੀ ਸਾਬੋ ਵਿਖੇ ਆਏ ਹਨ। ਪੰਜਾਬ ਸਰਕਾਰ ਨੇ ਹੁਣ ਉਨ•ਾਂ ਦੀ ਸੁਰੱਖਿਆ ਦੀ ਤਾਜਾ ਸਥਿਤੀ ਵਾਰੇ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੂੰ ਜਥੇਦਾਰ ਦੀ ਸੁਰੱਖਿਆ ਹੀ ਪ੍ਰਤੀ ਮਹੀਨਾ ਲੱਖਾਂ ਰੁਪਏ ਵਿਚ ਪਵੇਗੀ। ਤਖਤ ਸ੍ਰੀ ਕੇਸ਼ਗੜ ਦੇ ਜਥੇਦਾਰ ਤੇ ਹਮਲਾ ਹੋਣ ਮਗਰੋਂ ਸਰਕਾਰ ਹੋਰ ਚੌਂਕਸ ਹੋ ਗਈ ਹੈ।
                ਵੇਰਵਿਆਂ ਅਨੁਸਾਰ ਸ੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਕਰੀਬ 14.50 ਲੱਖ ਦੀ ਨਵੀਂ ਇਨੋਵਾ ਗੱਡੀ (ਪੀ.ਬੀ 03 ਏ ਐਲ 5113) ਖਰੀਦ ਕੇ ਦਿੱਤੀ ਹੈ ਜਦੋਂ ਕਿ ਪੁਰਾਣੇ ਜਥੇਦਾਰ ਨੰਦਗੜ• ਵਾਲੀ ਇਨੋਵਾ ਗੱਡੀ ਹੁਣ ਦਫਤਰੀ ਕੰਮਾਂ ਵਾਸਤੇ ਸਟਾਫ ਨੂੰ ਦੇ ਦਿੱਤੀ ਗਈ ਹੈ। ਕਰੀਬ ਡੇਢ ਮਹੀਨਾ ਪਹਿਲਾਂ ਸ੍ਰੋਮਣੀ ਕਮੇਟੀ ਨੇ ਜਥੇਦਾਰ ਲਈ ਕਰੀਬ 13 ਲੱਖ ਰੁਪਏ ਦੀ ਨਵੀਂ ਸਕਾਰਪਿਓ ਗੱਡੀ ਖਰੀਦ ਕਰਕੇ ਦਿੱਤੀ ਹੈ ਜੋ ਕਿ ਪਾਇਲਟ ਵਜੋਂ ਚੱਲਦੀ ਹੈ। ਹੁਣ ਪੰਜਾਬ ਪੁਲੀਸ ਨੇ ਇੱਕ ਪਾਇਲਟ ਗੱਡੀ ਦਿੱਤੀ ਹੈ। ਜਥੇਦਾਰ ਦੀ ਰਿਹਾਇਸ਼ ਨੂੰ ਵੀ ਨਵਾਂ ਰੰਗ ਰੋਗਨ ਕਰਾ ਕੇ ਦਿੱਤਾ ਗਿਆ ਹੈ।
              ਸੂਤਰ ਦੱਸਦੇ ਹਨ ਕਿ ਰਿਹਾਇਸ਼ ਵਿਚ ਨਵੇਂ ਏ.ਸੀ ਵੀ ਲਗਾਏ ਗਏ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਹੁਣ ਗੰਨਮੈਨਾਂ ਦੀ ਫੌਜ ਨਾਲ ਚੱਲਦੇ ਹਨ। ਵੇਰਵਿਆਂ ਅਨੁਸਾਰ ਆਈ.ਆਰ.ਬੀ ਤਰਫੋਂ 10 ਪੁਲੀਸ ਮੁਲਾਜ਼ਮ ਦਿੱਤੇ ਗਏ ਹਨ ਜੋ ਕਿ ਜਥੇਦਾਰ ਦੀ ਐਸਕੋਰਟ ਗੱਡੀ ਨਾਲ ਚੱਲਦੇ ਹਨ ਜਦੋਂ ਕਿ ਇੱਕ ਹੌਲਦਾਰ ਸਮੇਤ ਚਾਰ ਮੁਲਾਜ਼ਮ ਪਾਇਲਟ ਗੱਡੀ ਨਾਲ ਚੱਲਦੇ ਹਨ। ਚਾਰ ਪੁਲੀਸ ਮੁਲਾਜ਼ਮਾਂ ਦੀ ਰਿਹਾਇਸ਼ ਤੇ ਗਾਰਦ ਡਿਊਟੀ ਲਗਾਈ ਗਈ ਹੈ ਜਦੋਂ ਪੰਜ ਗੰਨਮੈਨ ਪਹਿਲਾਂ ਹੀ ਪੱਕੇ ਤੌਰ ਤੇ ਨਾਲ ਤਾਇਨਾਤ ਕੀਤੇ ਹੋਏ ਹਨ ਜਿਨ•ਾਂ ਵਿਚ ਦੋ ਪੁਲੀਸ ਮੁਲਾਜ਼ਮ ਬਠਿੰਡਾ ਪੁਲੀਸ ਦੇ ਹਨ।
             ਸੂਤਰਾਂ ਅਨੁਸਾਰ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰੀਬ 10 ਮੁਲਾਜ਼ਮ ਵੀ ਜਥੇਦਾਰ ਦੀ ਸੁਰੱਖਿਆ ਵਾਸਤੇ ਤਾਇਨਾਤ ਹਨ। ਜਥੇਦਾਰ ਦੀ ਰਿਹਾਇਸ਼ ਦੇ ਪਿਛਵਾੜੇ ਵਿਚ ਸੁੰਨੀ ਜਗ•ਾ ਹੈ ਜਿਸ ਕਰਕੇ ਪੁਲੀਸ ਦੀ ਗਸ਼ਤ ਲਗਾ ਦਿੱਤੀ ਗਈ ਹੈ। ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਤੇ ਕੁੱਲ 23 ਮੁਲਾਜ਼ਮਾਂ ਦੀ ਤਾਇਨਾਤੀ ਹੈ ਅਤੇ ਰਿਹਾਇਸ਼ ਦੇ ਆਸ ਪਾਸ ਪੁਲੀਸ ਦੀ ਗਸ਼ਤ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਇਕ ਪਾਇਲਟ ਗੱਡੀ ਵੀ ਪੁਲੀਸ ਤਰਫੋਂ ਦਿੱਤੀ ਗਈ ਹੈ।
                ਮੋਟੇ ਅੰਦਾਜ਼ੇ ਅਨੁਸਾਰ ਟਾਸਕ ਫੋਰਸ ਦੇ ਮੁਲਾਜ਼ਮਾਂ ਸਮੇਤ ਕਰੀਬ 33 ਮੁਲਾਜ਼ਮਾਂ ਦੀ ਜਥੇਦਾਰ ਦੀ ਸੁਰੱਖਿਆ ਲਈ ਤਾਇਨਾਤੀ ਕੀਤੀ ਗਈ ਹੈ। ਤਖਤ ਦਮਦਮਾ ਸਾਹਿਬ ਦੇ ਮੈਨੇਜਰ ਸ੍ਰੀ ਜਗਪਾਲ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਲਈ ਦੋ ਨਵੀਂਆਂ ਗੱਡੀਆਂ ਦੀ ਖਰੀਦ ਕੀਤੀ ਗਈ ਸੀ ਜਦੋਂ ਕਿ ਪੁਰਾਣੀ ਇਨੋਵਾ ਗੱਡੀ ਦਫਤਰੀ ਵਰਤੋਂ ਲਈ ਰੱਖੀ ਗਈ ਹੈ। ਉਨ•ਾਂ ਆਖਿਆ ਕਿ ਤਲਵੰਡੀ ਸਾਬੋ ਤੋਂ ਟਾਸਕ ਫੋਰਸ ਸਮੇਤ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਗਈ ਹੈ। ਪਤਾ ਲੱਗਾ ਹੈ ਕਿ ਸ੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਅੰਦਰ ਚਾਹ ਪਾਣੀ ਵਾਸਤੇ ਵੀ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਕੁਝ ਟਾਸਕ ਫੋਰਸ ਦੇ ਮੁਲਾਜ਼ਮ ਅੰਮ੍ਰਿਤਸਰ ਤੋਂ ਆਏ ਹੋਏ ਹਨ।
                ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ•ਾਂ ਦਾ ਫੋਨ ਬੰਦ ਆ ਰਿਹਾ ਸੀ। ਉਨ•ਾਂ ਨੂੰ ਨਿੱਜੀ ਰੂਪ ਵਿਚ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਥੇਦਾਰ ਜੀ ਦੇ ਅਰਾਮ ਕਰਨ ਦੀ ਸੂਚਨਾ ਮਿਲੀ। ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਸੀ ਕਿ ਜਥੇਦਾਰ ਦੀ ਰਿਹਾਇਸ਼ ਨੂੰ ਰੰਗ ਰੋਗਨ ਤਾਂ ਕਰਾਇਆ ਗਿਆ ਹੈ ਪ੍ਰੰਤੂ ਕੋਈ ਏ.ਸੀ ਵਗੈਰਾ ਨਹੀਂ ਲਗਾਏ ਗਏ ਹਨ। ਉਨ•ਾਂ ਆਖਿਆ ਕਿ ਜਥੇਦਾਰ ਜੀ ਤਲਵੰਡੀ ਸਾਬੋ ਆ ਗਏ ਹਨ ਪ੍ਰੰਤੂ ਉਨ•ਾਂ ਨੇ ਹਾਲੇ ਕੋਈ ਪ੍ਰੋਗਰਾਮ ਨਹੀਂ ਰੱਖੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲੀਸ ਦਾ ਸੁਰੱਖਿਆ ਵਿੰਗ ਰੋਜ਼ਾਨਾ ਜਥੇਦਾਰ ਗੁਰਮੁੱਖ ਸਿੰਘ ਦੀ ਸੁਰੱਖਿਆ ਦਾ ਜਾਇਜਾ ਲੈ ਰਿਹਾ ਹੈ ਅਤੇ ਸਥਾਨਿਕ ਥਾਣੇਦਾਰ ਵੀ ਰੋਜ਼ਾਨਾ ਰਿਹਾਇਸ਼ ਤੇ ਸੁਰੱਖਿਆ ਦਾ ਮੁਲਾਂਕਣ ਕਰ ਰਹੇ ਹਨ।
               ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਮਗਰੋਂ ਜਥੇਦਾਰ ਗੁਰਮੁੱਖ ਸਿੰਘ ਦੋ ਦਿਨ ਪਹਿਲਾਂ ਹੀ ਤਲਵੰਡੀ ਸਾਬੋ ਪੁੱਜੇ ਹਨ। ਅੱਜ ਉਹ ਸਵੇਰ ਵਕਤ ਸਿਵਲ ਕੱਪੜਿਆਂ ਵਾਲੀ ਪੁਲੀਸ ਸਮੇਤ ਤਖਤ ਸਾਹਿਬ ਤੇ ਮੱਥਾ ਟੇਕਣ ਵੀ ਗਏ। 

Wednesday, October 7, 2015

                              ਮੰਗਲ ਸੰਕਟ
     ਵੱਡੇ ਅਫਸਰਾਂ ਨੂੰ ‘ਚੜੇ’ ਕੀਟਨਾਸ਼ਕ
                             ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਕੀਟਨਾਸਕ ਸਕੈਂਡਲ ਵਿਚ ਖੇਤੀ ਮਹਿਕਮੇ ਦੇ ਦੋ ਸੰਯੁਕਤ ਡਾਇਰੈਕਟਰਾਂ ਨੂੰ ਵੀ ਪੁਲੀਸ ਕੇਸ ਵਿਚ ਨਾਮਜ਼ਦ ਕਰ ਦਿੱਤਾ ਹੈ ਪ੍ਰੰਤੂ ਪੁਲੀਸ ਇਸ ਮਾਮਲੇ ਨੂੰ ਪੂਰਨ ਤੌਰ ਤੇ ਗੁਪਤ ਰੱਖ ਰਹੀ ਹੈ। ਪੁਲੀਸ ਇਨ•ਾਂ ਸੰਯੁਕਤਾਂ ਡਾਇਰੈਕਟਰਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਇੱਕ ਸੰਯੁਕਤ ਡਾਇਰੈਕਟਰ ਵਲੋਂ ਪੰਜਾਬ ਭਰ ਵਿਚ ਖਾਦਾਂ ਦੇ ਲਾਇਸੈਂਸ ਦੇਣ ਦੀ ਡਿਊਟੀ ਨਿਭਾਈ ਗਈ ਹੈ। ਜ਼ਿਲ•ਾ ਪੁਲੀਸ ਨੇ ਖੇਤੀ ਮਹਿਕਮੇ ਦੇ ਮੁਅੱਤਲ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਪਹਿਲਾਂ ਹੀ 2 ਸਤੰਬਰ 2015 ਨੂੰ ਥਾਣਾ ਰਾਮਾਂ ਵਿਚ ਦਰਜ ਹੋਈ ਐਫ.ਆਈ.ਆਰ 122 ਵਿਚ ਨਾਮਜ਼ਦ ਕੀਤਾ ਸੀ। ਪੁਲੀਸ ਨੇ ਇਸ ਦੇ ਨਾਲ ਹੀ ਨਕਲ ਰਪਟ ਨੰਬਰ 20 ਮਿਤੀ 3 ਅਕਤੂਬਰ ਤਹਿਤ ਖੇਤੀ ਮਹਿਕਮੇ ਦੇ ਸੰਯੁਕਤ ਡਾਇਰੈਕਟਰ ਸਤਵੰਤ ਸਿੰਘ ਬਰਾੜ ਅਤੇ ਨਿਰੰਕਾਰ ਸਿੰਘ ਨੂੰ ਵੀ ਇਸ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ। ਹਾਲਾਂ ਕਿ ਰਾਮਾਂ ਮੰਡੀ ਦੇ ਗੁਦਾਮਾਂ ਚੋਂ ਫੜੇ ਨਕਲੀ ਕੀਟਨਾਸ਼ਕਾਂ ਅਤੇ ਖਾਦਾਂ ਦੀ ਜਾਂਚ ਖੁਦ ਸੰਯੁਕਤ ਡਾਇਰੈਕਟਰ ਸਤਵੰਤ ਸਿੰਘ ਬਰਾੜ ਨੇ ਕੀਤੀ ਸੀ। ਉਨ•ਾਂ ਨੇ ਹੀ ਮਾਮਲਾ ਉਜਾਗਰ ਕੀਤਾ ਸੀ ਅਤੇ ਨਮੂਨੇ ਭਰਾਏ ਸਨ।
              ਥਾਣਾ ਰਾਮਾਂ ਦੇ ਮੁੱਖ ਥਾਨਾ ਅਫਸਰ ਗੁਰਸ਼ੇਰ ਸਿੰਘ ਦੀ ਇਤਲਾਹ ਤੇ ਜੁਰਮ ਵਾਧਾ ਵੀ ਕੀਤਾ ਗਿਆ ਹੈ ਅਤੇ ਡਾ.ਮੰਗਲ ਸਿੰਘ ਸੰਧੂ ਸਮੇਤ ਇਨ•ਾਂ ਦੋ ਸੰਯੁਕਤ ਡਾਇਰੈਕਟਰਾਂ ਨੂੰ ਨਾਮਜ਼ਦ ਕੀਤਾ ਹੈ। ਪੰਜਾਬੀ ਟ੍ਰਿਬਿਊਨ ਕੋਲ ਇਸ ਨਕਲ ਰਪਟ ਦੀ ਤਸਦੀਕਸੁਦਾ ਕਾਪੀ ਮੌਜੂਦ ਹੈ ਪ੍ਰੰਤੂ ਜਿਲ•ਾ ਪੁਲੀਸ ਇਸ ਤੋਂ ਇਨਕਾਰ ਕਰ ਰਹੀ ਹੈ। ਇਸੇ ਦੌਰਾਨ ਜ਼ਿਲ•ਾ ਪੁਲੀਸ ਨੇ ਅੱਜ ਖੇਤੀ ਮਹਿਕਮੇ ਦੇ ਮੁਅੱਤਲ ਡਾਇਰੈਕਟਰ ਮੰਗਲ ਸਿੰਘ ਸੰਧੂ ਤੋਂ ਲੰਮੀ ਪੁੱਛ ਪੜਤਾਲ ਕੀਤੀ ਹੈ। ਅਹਿਮ ਸੂਤਰਾਂ ਅਨੁਸਾਰ ਪੁਲੀਸ ਵਲੋਂ ਹੁਣ ਨਾਰਦਰਨ ਕਰਾਪ ਸਾਇੰਸ ਦੇ ਮਾਮਲੇ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਖਿਲਾਫ ਥੋੜੇ ਦਿਨ ਪਹਿਲਾਂ ਮੋਹਾਲੀ ਅਤੇ ਬਠਿੰਡਾ ਵਿਚ ਪੁਲੀਸ ਕੇਸ ਦਰਜ ਕੀਤਾ ਸੀ। ਇਸ ਕੰਪਨੀ ਦੇ ਮਾਲਕ ਮੁਕਤਸਰ ਦੇ ਹਨ ਜੋ ਕਿ ਫਰਾਰ ਹਨ। ਪੁਲੀਸ ਹੁਣ ਮੰਗਲ ਸਿੰਘ ਸੰਧੂ ਦੇ ਫੋਨ ਅਤੇ ਮੁਕਤਸਰ ਦੇ ਕੰਪਨੀ ਮਾਲਕਾਂ ਦੇ ਫੋਨਾਂ ਦੀ ਡਿਟੇਲ ਪ੍ਰਾਪਤ ਕਰ ਰਹੀ ਹੈ। ਨਾਰਦਰਨ ਕਰਾਪ ਸਾਇੰਸ ਦੇ ਮਾਮਲੇ ਵਿਚ ਇੱਕ ਜ਼ਿਲ•ਾ ਖੇਤੀ ਅਫਸਰ ਵੀ ਅੜਿੱਕੇ ਵਿਚ ਆਉਣ ਦੀ ਸੰਭਾਵਨਾ ਹੈ।
                 ਪੁਲੀਸ ਨੇ ਪਤਾ ਕੀਤਾ ਹੈ ਕਿ ਇਹ ਜ਼ਿਲ•ਾ ਖੇਤੀ ਅਫਸਰ ਦਫਤਰੋਂ ਗਾਇਬ ਹੈ। ਜ਼ਿਲ•ਾ ਪੁਲੀਸ ਨੇ ਅੱਜ ਜ਼ਿਲ•ਾ ਸੰਗਰੂਰ ਦੇ ਪਿੰਡ ਰਾਮਪੁਰਾ ਦੀ ਗਣੇਸ਼ ਫਰਟੀਲਾਈਜ਼ਰ ਦੇ ਫੜੇ ਮਾਲਕ ਅੰਕੁਸ਼ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਵਲੋਂ ਨਕਲੀ ਖਾਦਾਂ ਦੀ ਰਾਮਾਂ ਮੰਡੀ ਵਿਚ ਸਪਲਾਈ ਕੀਤੀ ਗਈ ਸੀ। ਪੁਲੀਸ ਪੜਤਾਲ ਕਰੇਗੀ ਕਿ ਇਸ ਫੈਕਟਰੀ ਵਲੋਂ ਹੋਰ ਕਿਥੇ ਕਿਥੇ ਖਾਦ ਸਪਲਾਈ ਦਿੱਤੀ ਗਈ ਸੀ। ਜ਼ਿਲ•ਾ ਪੁਲੀਸ ਨੇ 33 ਕਰੋੜ ਦੀ ਸਬਸਿਡੀ ਵਾਲੇ ਕੀਟਨਾਸ਼ਕ ਦੇਣ ਵਾਲੀ ਕੰਪਨੀ ਬਾਇਰ ਅਤੇ ਪਾਇਨੀਅਰ ਕੰਪਨੀ ਦੇ ਬਠਿੰਡਾ ਸਥਿਤ ਥੋਕ ਦੇ ਗੁਦਾਮਾਂ ਚੋਂ ਵੀ ਤਾਜਾ ਨਮੂਨੇ ਲਏ ਹਨ ਜਿਨ•ਾਂ ਨੂੰ ਜਾਂਚ ਲਈ ਭੇਜਿਆ ਜਾਣਾ ਹੈ। ਜਿਲ਼•ਾ ਖੇਤੀਬਾੜੀ ਅਫਸਰ ਬਠਿੰਡਾ ਸ੍ਰੀ ਆਰ.ਕੇ.ਸਿੰਗਲਾ ਨੇ ਦੱਸਿਆ ਕਿ ਦੋ ਦਿਨਾਂ ਤੋਂ ਇਨ•ਾਂ ਕੰਪਨੀਆਂ ਦੇ ਕਰੀਬ 30 ਨਮੂਨੇ ਭਰੇ ਗਏ ਹਨ ਜਿਨ•ਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਪਤਾ ਲੱਗਾ ਹੈ ਕਿ ਪੁਲੀਸ ਨੇ ਡੇਢ ਦਰਜਨ ਵਿਅਕਤੀ ਹਿਰਾਸਤ ਵਿਚ ਲਏ ਹੋਏ ਹਨ। ਪੁਲੀਸ ਨੇ ਬਹਾਦਰਗੜ ਵਿਖੇ ਵੀ ਇੱਕ ਫੈਕਟਰੀ ਤੇ ਛਾਪਾ ਮਾਰਿਆ ਸੀ। ਹੁਣ ਪੁਲੀਸ ਕਪਾਹ ਪੱਟੀ ਦੀਆਂ ਸ਼ੱਕੀ ਡੀਲਰਾਂ ਦੀ ਸਨਾਖਤ ਕਰ ਰਹੀ ਹੈ ਜੋ ਕਿ ਦੋ ਨੰਬਰ ਦੇ ਕਾਰੋਬਾਰ ਵਿਚ ਬਦਨਾਮ ਰਹੇ ਹਨ।
                ਐਸ.ਐਸ.ਪੀ ਇੰਦਰਮੋਹਨ ਸਿੰਘ ਭੱਟੀ ਨੇ ਸੰਯੁਕਤ ਡਾਇਰੈਕਟਰਾਂ ਦੇ ਮਾਮਲੇ ਤੇ ਆਖਿਆ ਕਿ ਉਹ ਹਾਲੇ ਵੈਰੀਫਾਈ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਸਬਸਿਡੀ ਵਾਲੀ ਦਵਾਈ ਦੇ ਤਾਜਾ ਨਮੂਨੇ ਭਰਾਏ ਗਏ  ਹਨ ਜਿਨ•ਾਂ ਨੂੰ ਜਾਂਚ ਲਈ ਭੇਜਿਆ ਜਾਣਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਖਾਦ ਫੈਕਟਰੀ ਦਾ ਮਾਲਕ ਅੰਕੁਸ਼ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ ਲਿਆ ਹੈ।
                               ਮੰਗਲ ਨੇ ਡੇਢ ਮਹੀਨੇ ਚ ਖਰੀਦੀ ਇੱਕ ਕਰੋੜ ਦੀ ਪ੍ਰਾਪਰਟੀ
ਬਠਿੰਡਾ ਪੁਲੀਸ ਨੂੰ ਅੱਜ ਪੜਤਾਲ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ਮੁਅੱਤਲ ਡਾਇਰੈਕਟਰ ਮੰਗਲ ਸੰਧੂ ਨੇ ਲੰਘੇ ਡੇਢ ਮਹੀਨੇ ਦੌਰਾਨ ਖਰੜ ਲਾਗੇ ਕਰੀਬ ਇੱਕ ਕਰੋੜ ਦੀ ਜਾਇਦਾਦ ਖਰੀਦ ਕੀਤੀ ਹੈ ਜਿਸ ਵਿਚ ਇੱਕ ਫਲੈਟ ਅਤੇ ਇੱਕ ਸ਼ਾਪ ਕਮ ਆਫਿਸ ਸ਼ਾਮਲ ਹੈ। ਐਸ.ਐਸ.ਸੀ ਸ੍ਰੀ ਇੰਦਰਮੋਹਨ ਸਿੰਘ ਭੱਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਆਖਿਆ ਹੈ ਕਿ ਹਾਲੇ ਪੁੱਛਗਿੱਛ ਜਾਰੀ ਹੈ। 

Tuesday, October 6, 2015

                                        ਪੁੱਠਾ ਗੇੜ
                 ਮੰਗਲ ਦੀ ‘ਮਾਇਆ’ ਪੰਦਰਾਂ ਕਰੋੜ
                                    ਚਰਨਜੀਤ ਭੁੱਲਰ
ਬਠਿੰਡਾ : ਖੇਤੀਬਾੜੀ ਮਹਿਕਮੇ ਦਾ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਕਰੀਬ 15 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਜਿਸ ਨੂੰ ਬਠਿੰਡਾ ਪੁਲੀਸ ਨੇ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਪੰਦਰਾਂ ਕਰੋੜ ਦੀ ਸੰਪਤੀ ਦਾ ਖੁਲਾਸਾ ਖੁਦ ਡਾ.ਮੰਗਲ ਸੰਧੂ ਨੇ ਪੰਜਾਬ ਸਰਕਾਰ ਕੋਲ ਜਨਤਿਕ ਕੀਤੇ ਪ੍ਰਾਪਰਟੀ ਦੇ ਵਿਵਰਨ ਵਿਚ ਕੀਤਾ ਹੈ। ਉਸ ਨੇ ਇਸ ਜਾਇਦਾਦ ਨੂੰ ਜੱਦੀ ਪੁਸ਼ਤੀ ਦੱਸਿਆ ਹੈ। ਹੁਣ ਜ਼ਿਲ•ਾ ਪੁਲੀਸ ਉਸ ਦੀ ਪ੍ਰਾਪਰਟੀ ਦੀ ਛਾਣਬੀਣ ਕਰੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਪੱਕੀ ਟਿੱਬੀ ਦਾ ਇਹ ਡਾਇਰੈਕਟਰ ਵਸਨੀਕ ਹੈ ਜਿਸ ਦੇ ਪਰਿਵਾਰ ਨੂੰ ਸਾਲ 1947 ਵਿਚ ਪਾਕਿਸਤਾਨ ਤੋਂ ਆਉਣ ਮਗਰੋਂ ਪਿੰਡ ਪੱਕੀ ਟਿੱਬੀ ਵਿਚ ਜ਼ਮੀਨ ਦੀ ਅਲਾਟਮੈਂਟ ਹੋਈ ਸੀ। ਡਾ. ਮੰਗਲ ਸੰਧੂ ਨੇ ਢਾਈ ਦਹਾਕਿਆਂ ਵਿਚ ਆਪਣੀ ਸੰਪਤੀ ਵਿਚ ਸਿਰਫ ਪੰਜ ਏਕੜ ਜ਼ਮੀਨ ਦਾ ਵਾਧਾ ਦੱਸਿਆ ਹੈ। ਪੰਜਾਬ ਸਰਕਾਰ ਨੂੰ ਸੰਪਤੀ ਦੇ ਦਿਤੇ ਵਿਵਰਨ ਅਨੁਸਾਰ ਡਾ.ਸੰਧੂ ਕੋਲ ਪਿੰਡ ਪੱਕੀ ਟਿੱਬੀ ਅਤੇ ਈਨਾ ਖੇੜਾ ਵਿਚ 50 ਏਕੜ ਜ਼ਮੀਨ ਹੈ ਅਤੇ ਖਰੜ ਵਿਚ 300 ਵਰਗ ਗਜ ਦਾ ਪਲਾਟ ਹੈ। ਉਸ ਕੋਲ ਦੋ ਕਨਾਲ ਦਾ ਇੱਕ ਹੋਰ ਰਿਹਾਇਸ਼ੀ ਪਲਾਟ ਹੈ। ਖੇਤੀ ਵਾਲੀ ਜ਼ਮੀਨ ਉਪਜਾਊ ਤੇ ਨਹਿਰੀ ਹੈ ਜਿਸ ਦਾ ਮੁਸਤਰਕਾ ਖਾਤਾ ਹੋਣ ਕਰਕੇ ਸਭਨਾਂ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਹੈ। ਡਾ.ਮੰਗਲ ਸੰਧੂ ਨੇ ਖੁਦ ਇਸ ਸੰਪਤੀ ਦੀ ਮਾਰਕੀਟ ਕੀਮਤ 15 ਕਰੋੜ ਤੋਂ ਜਿਆਦਾ ਦੱਸੀ ਹੈ। ਕਰੀਬ 25 ਵਰੇ• ਪਹਿਲਾਂ ਡਾ.ਮੰਗਲ ਸੰਧੂ ਨੇ ਜੋ ਸਾਲ 1988 89 ਵਿਚ ਆਪਣੇ ਸੰਪਤੀ ਦੇ ਵੇਰਵੇ ਸਰਕਾਰ ਨੂੰ ਦਿੱਤੇ ਸਨ,ਉਨ•ਾਂ ਅਨੁਸਾਰ ਡਾ.ਸੰਧੂ ਕੋਲ ਉਸ ਵਕਤ 45 ਏਕੜ ਨਹਿਰੀ ਜ਼ਮੀਨ ਸੀ ਜੋ ਉਸ ਦੇ ਦੋ ਭਰਾਵਾਂ ਅਤੇ ਮਾਪਿਆਂ ਦੇ ਨਾਮ ਵੀ ਸੀ।
                 ਡਾ.ਸੰਧੂ ਕੋਲ ਜ਼ਿਲ•ਾ ਫਿਰੋਜਪੁਰ ਵਿਚ 500 ਵਰਗ ਗਜ ਦਾ ਮਕਾਨ ਵੀ ਸੀ ਜਿਸ ਦੀ ਡਿਗਰੀ ਸਾਲ1984 ਵਿਚ ਉਨ•ਾਂ ਦੇ ਦਾਦਾ ਜੀ ਵਲੋਂ ਡਾ.ਸੰਧੂ ਦੇ ਨਾਮ ਕਰਾਈ ਗਈ ਸੀ। ਡਾ.ਸੰਧੂ ਅਨੁਸਾਰ ਇਸ ਮਕਾਨ ਵਿਚ ਉਸ ਦਾ ਇੱਕ ਤਿਹਾਈ ਹਿੱਸਾ ਸੀ। ਪੰਜਾਬੀ ਟ੍ਰਿਬਿਊਨ ਕੋਲ ਸੰਪਤੀ ਦੇ ਵਿਵਰਨ ਦੀਆਂ ਸਰਕਾਰੀ ਕਾਪੀਆਂ ਮੌਜੂਦ ਹਨ। ਐਸ.ਐਸ.ਪੀ ਬਠਿੰਡਾ ਸ੍ਰੀ ਇੰਦਰਮੋਹਨ ਸਿੰਘ ਭੱਟੀ ਦਾ ਕਹਿਣਾ ਸੀ ਕਿ ਜ਼ਿਲ•ਾ ਪੁਲੀਸ ਡਾ.ਸੰਧੂ ਦੀ ਸਾਰੀ ਸੰਪਤੀ ਦੀ ਪੜਤਾਲ ਕਰੇਗੀ ਅਤੇ ਉਸ ਦੇ ਸਰੋਤਾਂ ਦਾ ਪਤਾ ਲਗਾਇਆ   ਜਾਵੇਗਾ। ਪੁਲੀਸ ਨੇ ਅੱਜ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਦੀ ਕਰੀਬ ਛੇ ਘੰਟੇ ਲੰਮੀ ਪੁੱਛ ਕੀਤੀ ਜਿਸ  ਵਿਚ ਕੀਟਨਾਸਕ ਸਕੈਂਡਲ ਦੇ ਅਹਿਮ ਤੰਦ ਉਧੜੇ ਹਨ। ਖੇਤੀ ਮਹਿਕਮੇ ਦੇ ਇਸ ਡਾਇਰੈਕਟਰ ਦੀ ਮਿਹਰ ਨਾਲ ਕਪਾਹ ਪੱਟੀ  ਵਿਚ ਜਾਅਲੀ ਕੀਟਨਾਸ਼ਕਾਂ ਅਤੇ ਖਾਦਾਂ ਦਾ ਦੋ ਨੰਬਰ ਦਾ ਕਾਰੋਬਾਰ ਵੱਡੀ ਪੱਧਰ ਤੇ ਚੱਲਣ ਦਾ ਅਹਿਮ ਖੁਲਾਸਾ ਵੀ ਹੋਇਆ ਹੈ। ਫੜੇ ਡਾਇਰੈਕਟਰ ਖਿਲਾਫ ਅੱਜ ਦਰਜਨਾਂ ਲੋਕਾਂ ਨੇ ਪੁਲੀਸ ਕੋਲ ਸ਼ਿਕਾਇਤਾਂ ਕੀਤੀਆਂ ਹਨ ਜੋ ਜਾਅਲੀ ਕੀਟਨਾਸ਼ਕਾਂ ਨਾਲ  ਸਬੰਧਿਤ ਹਨ। ਇਸੇ ਦੌਰਾਨ ਅੱਜ ਜ਼ਿਲ•ਾ ਪੁਲੀਸ ਨੇ ਡਾਇਰੈਕਟਰ ਡਾ.ਮੰਗਲ ਸਿੰੰਘ ਸੰਧੂ ਨੂੰ ਤਲਵੰਡੀ ਸਾਬੋ ਦੇ ਸਿਵਲ  ਜੱਜ (ਜੂਨੀਅਰ ਡਵੀਜ਼ਨ) ਗੁਰਦਰਸ਼ਨ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ•ਾਂ ਨੇ ਤਿੰਨ ਦਿਨਾਂ ਪੁਲੀਸ  ਰਿਮਾਂਡ ਦੇ ਦਿੱਤਾ।
                 ਸੂਤਰਾਂ ਅਨੁਸਾਰ ਜ਼ਿਲ•ਾ ਪੁਲੀਸ ਨੇ ਅੱਜ ਭਵਾਨੀਗੜ ਦੇ ਨੇੜਲੀ ਗਣੇਸ਼ ਫਰਟੀਲਾਈਜ਼ਰ ਦੇ ਮਾਲਕ ਅੰਕੁਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ  ਜਿਸ ਨੇ ਡਾਇਰਕੈਟਰ ਡਾ.ਸੰਧੂ ਨਾਲ ਮਿਲੀਭੁਗਤ ਹੋਣ ਦੀ ਗੱਲ ਕਬੂਲੀ ਹੈ। ਇਸ ਖਾਦ ਫੈਕਟਰੀ ਦੇ ਮਾਲਕਾਂ ਵਲੋਂ ਰਾਮਾਂ ਮੰਡੀ ਦੇ  ਡੀਲਰਾਂ ਨਾਲ ਮਿਲ ਕੇ ਮਾਲਵਾ ਖਿੱਤੇ ਵਿਚ ਦੋ ਨੰਬਰ ਦੀ ਖਾਦ ਸਪਲਾਈ ਕੀਤੀ ਜਾਂਦੀ ਸੀ। ਅੱਜ ਜ਼ਿਲ•ਾ ਪੁਲੀਸ ਨੇ ਦਰਜਨਾਂ ਹੋਰਨਾਂ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਹੈ ਜਿਨ•ਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਬੰਧ ਨਕਲੀ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਬਠਿੰਡਾ ਜ਼ੋਨ ਦੇ ਆਈ.ਜੀ ਬਲਵੀਰ ਕੁਮਾਰ ਬਾਵਾ,ਬਠਿੰਡਾ ਰੇਂਜ ਦੇ ਡੀ.ਆਈ.ਜੀ ਮੋਹਨੀਸ਼ ਚਾਵਲਾ ਅਤੇ ਐਸ.ਐਸ.ਪੀ ਇੰਦਰਮੋਹਨ ਸਿੰਘ ਭੱਟੀ ਨੇ ਅੱਜ ਸਵੇਰ 10 ਵਜੇ ਗ੍ਰਿਫਤਾਰ ਕੀਤੇ ਡਾਇਰੈਕਟਰ ਸੰਧੂ ਦੀ ਪੁੱਛ ਗਿਛ ਸ਼ੁਰੂ ਕੀਤੀ ਜੋ  ਕਿ ਕਰੀਬ ਚਾਰ ਵਜੇ ਤੱਕ ਚੱਲਦੀ ਰਹੀ।
                ਅਹਿਮ ਸੂਤਰਾਂ ਅਨੁਸਾਰ ਪੁਲੀਸ ਅਫਸਰਾਂ ਨੇ ਡਾ.ਸੰਧੂ ਤੋਂ ਖਾਦ ਸਨਅਤਾਂ ਅਤੇ ਕੀਟਨਾਸਕ ਕੰਪਨੀਆਂ ਨਾਲ ਬੁਣੇ ਤਾਣੇ ਬਾਣੇ ਸਬੰਧੀ ਸੈਂਕੜੇ ਸੁਆਲ ਕੀਤੇ ਪ੍ਰੰਤੂ ਡਾ.ਸੰਧੂ ਨੇ ਬਹੁਤੇ ਮਾਮਲਿਆਂ ਤੇ ਆਪਣੇ ਆਪ ਨੂੰ ਅਣਜਾਣ ਦੱਸਿਆ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਕੀਟਨਾਸ਼ਕ ਸਕੈਂਡਲ ਦੇ ਸਬੰਧ ਵਿਚ ਬੀਤੀ ਰਾਤ ਚੰਡੀਗੜ• ਤੋਂ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਰਾਤ ਵਕਤ ਹੀ ਬਠਿੰਡਾ ਲਿਆਂਦਾ ਗਿਆ ਸੀ। ਬਠਿੰਡਾ ਪੁਲੀਸ ਵਲੋਂ 2 ਸਤੰਬਰ ਨੂੰ ਰਾਮਾਂ ਥਾਣੇ ਵਿਚ ਦੋ ਡੀਲਰਾਂ ਵਿਜੇ ਕੁਮਾਰ ਅਤੇ ਸ਼ੁਭਮ ਕੁਮਾਰ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਇਸ ਕੇਸ ਵਿਚ ਹੀ ਹੁਣ ਖੇਤੀ ਡਾਇਰੈਕਟਰ ਡਾ.ਸੰਧੂ ਨੂੰ ਸ਼ਾਮਲ ਕਰ ਲਿਆ ਗਿਆ ਹੈ।
               ਅਹਿਮ ਸੂਤਰਾਂ ਅਨੁਸਾਰ ਪੁਲੀਸ ਵਲੋਂ ਕਾਫੀ ਦਿਨ ਪਹਿਲਾਂ ਫੜੇ ਡੀਲਰ ਵਿਜੇ ਕੁਮਾਰ ਨੇ ਪੁਲੀਸ ਪੁੱਛਗਿੱਛ ਵਿਚ ਖੁਲਾਸਾ ਕੀਤਾ ਸੀ ਕਿ ਉਸ ਨੇ ਅੱਠ ਲੱਖ ਰੁਪਏ ਇਸ ਦੋ ਨੰਬਰ ਦੇ ਕਾਰੋਬਾਰ ਖਾਤਰ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਦਿੱਤੇ ਸਨ। ਪੁਲੀਸ ਨੇ ਕਰੁਪਸ਼ਨ ਵਿਰੋਧੀ ਐਕਟ ਦੀ ਧਾਰਾ ਤਹਿਤ ਵੀ ਸੰਧੂ ਤੇ ਕੇਸ ਦਰਜ ਕਰ ਲਿਆ ਹੈ। ਇਸ ਕੇਸ ਵਿਚ ਲੋੜੀਦੇ ਦੂਸਰੇ ਡੀਲਰ ਸ਼ੁਭਮ ਕੁਮਾਰ ਦੀ ਹਾਈਕੋਰਟ ਚੋਂ ਅਗਾਊ ਜ਼ਮਾਨਤ ਹੋ ਚੁੱਕੀ ਹੈ। ਬਠਿੰਡਾ ਪੁਲੀਸ ਨੇ ਫੜੇ ਡਾਇਰੈਕਟਰ ਤੋਂ 11654 ਅਮਰੀਕੀ ਡਾਲਰ,3090 ਕੈਨੇਡੀਅਨ ਡਾਲਰ,ਸਵਾ ਚਾਰ ਲੱਖ ਦੀ ਭਾਰਤੀ ਕਰੰਸੀ ਅਤੇ 53 ਬੋਤਲਾਂ ਸਕਾਚ ਵੀ ਬਰਾਮਦ ਕੀਤੀ ਹੈ।
                             ਡਾਇਰੈਕਟਰ ਖਿਲਾਫ ਫੇਮਾ ਤਹਿਤ ਕਾਰਵਾਈ ਹੋਵੇਗੀ : ਐਸ.ਐਸ.ਪੀ
 ਐਸ.ਐਸ.ਪੀ ਡਾ.ਇੰਦਰਮੋਹਨ ਸਿੰਘ ਭੱਟੀ ਦਾ ਕਹਿਣਾ ਸੀ ਕਿ ਰਾਮਾਂ ਮੰਡੀ ਦੇ ਫੜੇ ਡੀਲਰ ਵਿਜੇ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਖੇਤੀ ਡਾਇਰੈਕਟਰ ਨੂੰ  ਜਾਅਲੀ ਦਵਾਈਆਂ ਦੇ ਕਾਰੋਬਾਰ ਲਈ ਅੱਠ ਲੱਖ ਰੁਪਏ ਦਿੱਤੇ ਹਨ ਜਿਸ ਦੇ ਅਧਾਰ ਤੇ 2 ਸਤੰਬਰ ਨੂੰ ਦਰਜ ਕੀਤੇ ਕੇਸ ਵਿਚ  ਡਾਇਰੈਕਟਰ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ•ਾਂ ਆਖਿਆ  ਕਿ ਉਹ ਹੋਰਨਾਂ ਕਈ ਥਾਵਾਂ ਤੇ ਛਾਪੇ ਵੀ ਮਾਰ ਰਹੇ ਹਨ। ਉਨ•ਾਂ ਦੱਸਿਆ ਕਿ ਜੋ ਵਿਦੇਸ਼ੀ ਕਰੰਸੀ ਮਿਲੀ ਹੈ, ਉਸ ਸਬੰਧ ਵਿਚ ਫੇਮਾ ਤਹਿਤ ਕਾਰਵਾਈ ਕੀਤੀ ਜਾਵੇਗੀ।

Saturday, October 3, 2015

                                    ਦੁੱਲਾ ਜੱਟ
                      ਦਿੱਲੀ ਨੇ ਦਮੋਂ ਕੱਢਿਆ
                                 ਚਰਨਜੀਤ ਭੁੱਲਰ
ਬਠਿੰਡਾ :  ਕੋਈ ਵੇਲਾ ਸੀ ਜਦੋਂ ਕਪਾਹ ਪੱਟੀ ਦਾ ਦੁੱਲਾ ਜੱਟ ਦਮਗਜੇ ਮਾਰਦਾ ਸੀ। ਹੁਣ ਇਹ ਦੁੱਲਾ ਜੱਟ ਖੁਦ  ਦਮੋਂ ਕੱਢ ਦਿੱਤਾ ਹੈ। ਪਹਿਲਾਂ ਅਮਰੀਕਨ ਸੁੰਡੀ  ਨੇ ਤੇ ਹੁਣ ਚਿੱਟੇ ਮੱਛਰ ਨੇ। ਘਰਾਂ ਦੀਆਂ ਸਬਾਤਾਂ ਨੂੰ ਚਿੱਟੀਆਂ ਫੁੱਟੀਆਂ ਦਾ ਤਰਸੇਵਾਂ ਬਣ ਗਿਆ ਹੈ। ਜਿਉਂ ਹੀ ਫਸਲਾਂ ਵਿਛਿਆ,  ਕਿਸਾਨਾਂ ਦੇ ਘਰਾਂ ਵਿਚ ਸੱਥਰ ਵਿਛਣ ਲੱਗ ਪਏ। ਕਮਾਊ ਜੀਅ ਤਾਂ ਮੁੱਕ ਗਏ ਪ੍ਰੰਤੂ ਫਿਰ ਵੀ ਕਿਸਾਨ ਪਰਿਵਾਰਾਂ ਦੇ ਕਰਜ਼ੇ  ਨਾ ਮੁੱਕੇ। ਠੀਕ ਉਹੋ ਦਿਨ ਮੁੜ ਕਿਸਾਨ ਵੇਖਣ ਲੱਗਾ ਹੈ ਜੋ ਡੇਢ ਦਹਾਕਾ ਪਹਿਲਾਂ ਵੇਖੇ ਸਨ। ਕਪਾਹ ਪੱਟੀ ਵਿਚ ਕਾਲਾ ਦੌਰ  1992 93 ਤੋਂ ਸ਼ੁਰੂ ਹੋਇਆ ਸੀ ਤੇ ਸਾਲ 1998 99 ਵਿਚ ਨਰਮੇ ਦੀ ਪੈਦਾਵਾਰ ਸਿਰਫ 5.20 ਲੱਖ ਗੱਠਾਂ ਦੀ ਰਹਿ ਗਈ ਸੀ।  ਇਕੱਲੀ ਕਪਾਹ ਪੱਟੀ ਵਿਚ ਹਰ ਵਰੇ• 800 ਕਰੋੜ ਦੇ ਕੀਟਨਾਸ਼ਕ ਵਿਕਦੇ ਸਨ। ਟਾਹਲੀ ਵਾਲੇ ਖੇਤ ਨਰਮੇ ਤੋਂ ਵੱਧ ਖੁਦਕੁਸ਼ੀ  ਦਾ ਝਾੜ ਦੇਣ ਲੱਗੇ ਸਨ। ਸਮੁੱਚੇ ਅਰਥਚਾਰੇ ਦੇ ਹਾਲਤ ਕਿਸਾਨ ਦੀ ਸਬਾਤ ਵਰਗੀ ਹੋ ਗਈ ਸੀ। ਸਾਹੂਕਾਰ ਦੀ ਵਹੀ ਦੇ  ਵਰਕੇ ਵੀ ਮੁੱਕ ਗਏ ਸਨ। ਪੂਰੇ 10 ਵਰੇ• ਕਿਸਾਨ ਮਰਦਾ ਰਿਹਾ,ਸਰਕਾਰ ਵੇਖਦੀ ਰਹੀ।
               ਨਰਮੇ ਦੇ ਭਰੇ ਬਾਜ਼ਾਰ ਕਿਸਾਨੀ ਦਾ ਧਰਵਾਸ ਹੁੰਦੇ ਸਨ। ਕਿਸਾਨਾਂ ਦੇ ਘਰਾਂ ਵਾਂਗ ਬਾਜ਼ਾਰ ਵੀ ਖਾਲ•ੀ ਹੁੰਦੇ ਗਏ। ਖੇਤਾਂ ਦੇ ਸ਼ਹੀਦ  ਸਰਕਾਰ ਦੀ ਗਿਣਤੀ ਮਿਣਤੀ ਵਿਚ ਨਹੀਂ ਰਹੇ ਹਨ। ਵਿਧਵਾਵਾਂ ਦੀ ਕੂਕ ਕਦੇ ਸਰਕਾਰ ਨੇ ਸੁਣੀ ਨਹੀਂ ਤੇ ਉਨ•ਾਂ ਦੇ ਬੱਚੇ  ਅਨਾਥਾਂ ਤੋਂ ਘੱਟ ਨਹੀਂ। ਕਪਾਹ ਪੱਟੀ ਦੇ ਸਾਹੂਕਾਰ ਵੀ ਹੁਣ ਜ਼ਮੀਨਾਂ ਵਾਲੇ ਬਣ ਗਏ ਹਨ। ਖੇਤੀ ਪ੍ਰਧਾਨ ਸੂਬੇ ਦੇ ਸਿਆਸੀ ਵਾਰਸ਼  ਕਪਾਹ ਪੱਟੀ ਨੂੰ ਕੋਈ ਬਦਲ ਨਾ ਦਿਖਾ ਸਕੇ। ਰੇਤਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਦੇ ਹੱਥੋਂ ਜ਼ਿੰਦਗੀ ਰੇਤ ਵਾਂਗ ਕਿਰਦੀ ਰਹੀ  ਤੇ ਹਰ ਸਰਕਾਰ ਇਸ ਰੇਤ ਚੋਂ ਵੋਟਾਂ ਭਾਲਦੀ ਰਹੀ। ਸਾਲ 1996 97 ਵਿਚ ਨਰਮੇ ਕਪਾਹ ਹੇਠ 7.42 ਲੱਖ ਹੈਕਟੇਅਰ ਰਕਬਾ  ਸੀ। ਬੀਟੀ ਨਰਮੇ ਦੇ ਠੁੰਮਣਾ ਦਿੱਤਾ ਤੇ ਸਾਲ 2004 05 ਵਿਚ 4.09 ਲੱਖ ਹੈਕਟੇਅਰ ਰਕਬੇ ਚੋਂ 16.50 ਲੱਖ ਗੱਠਾਂ ਦੀ ਪੈਦਾਵਾਰ  ਹੋਈ ਸੀ। ਚੰਗੇ ਦਿਨ ਆਏ ਤਾਂ ਸਾਲ 2006 07 ਵਿਚ ਇਹੋ ਪੈਦਾਵਾਰ 24 ਲੱਖ ਗੱਠਾਂ ਹੋ ਗਈ ਸੀ।
             ਕਪਾਹ ਪੱਟੀ ਨੂੰ ਚਿੱਟੇ ਮੱਛਰ ਨੇ ਮੁੜ ਪੁਰਾਣੇ ਦਿਨ ਵਿਖਾ ਦਿੱਤੇ ਹਨ। ਸਰਕਾਰੀ ਤੱਥਾਂ ਅਨੁਸਾਰ ਐਤਕੀਂ 10.6 ਲੱਖ ਏਕੜ ਰਕਬੇ ਵਿਚ ਨਰਮੇ ਕਪਾਹ ਦੀ ਬਿਜਾਂਦ ਸੀ। ਚਿੱਟੇ ਮੱਛਰ ਦਾ ਹਮਲਾ ਨਾ ਹੁੰਦਾ ਤਾਂ ਐਤਕੀਂ ਕਿਸਾਨਾਂ ਨੇ 2900 ਕਰੋੜ ਦੀ ਫਸਲ ਵੇਚਣੀ ਸੀ। ਇਸ ਚੋਂ ਹੁਣ 2270 ਕਰੋੜ ਦੀ ਫਸਲ ਤਾਂ ਚਿੱਟੇ ਮੱਛਰ ਕਾਰਨ ਤਬਾਹ ਹੀ ਹੋ ਗਈ ਹੈ ਜਿਸ ਦੇ ਬਦਲੇ ਵਿਚ ਸਰਕਾਰ ਨੇ 643 ਕਰੋੜ ਦੇ ਮੁਆਵਜਾ  ਦਿੱਤਾ ਹੈ। ਇਸ ਵਿਚ ਕੋਈ ਲਾਗਤ ਖਰਚਾ ਸ਼ਾਮਲ ਨਹੀਂ ਹੈ। ਪਿਛਲੇ ਵਰੇ• ਕਪਾਹ ਪੱਟੀ ਵਿਚ 3100 ਕਰੋੜ ਦਾ ਨਰਮੇ ਕਪਾਹ  ਦਾ ਕਾਰੋਬਾਰ ਹੋਇਆ ਸੀ। 11.25 ਲੱਖ ਏਕੜ ਰਕਬੇ ਚੋਂ 14 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ। ਐਤਕੀਂ ਇਹ ਪੈਦਾਵਾਰ 5 ਲੱਖ ਗੱਠਾਂ ਤੇ ਪੁੱਜਦੀ ਜਾਪਦੀ ਨਹੀਂ। ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਚੁੱਲ•ੇ ਠੰਢੇ ਹੋ ਗਏ ਹਨ। ਪੰਜਾਹ ਫੀਸਦੀ ਕਪਾਹ  ਮਿੱਲਾਂ ਨੂੰ ਤਾਲੇ ਵੱਜ ਗਏ ਹਨ। ਮੁੜ ਗੁਰੂ ਘਰਾਂ ਦੇ ਸਪੀਕਰਾਂ ਚੋਂ ਪਿਆਰਾ ਸਿਓ ਦੇ ਸਸਕਾਰ ਦਾ ਹੋਕਾ ਵੱਜਣ ਲੱਗਾ ਹੈ। ਉਨ•ਾਂ ਬੱਖਿਆਂ ਦਾ ਕੀ ਕਸੂਰ ਜਿਨ•ਾਂ ਦੇ ਵਾਰਸ਼ ਮੁਲ਼ਕ ਨੂੰ ਰਜਾਉਂਦੇ ਖੁਦ ਨਿਆਣਿਆ ਨੂੰ ਆਪਣੀ ਹੋਣੀ ਤੇ ਛੱਡ ਗਏ ਹਨ।
              ਪੰਜਾਬ ਸਰਕਾਰ ਦੀ ਨੀਅਤ ਵਿਚ ਖੋਟ ਹੈ। ਤਾਹੀਂਓ ਸਰਕਾਰ ਉਦੋਂ ਜਾਗੀ ਜਦੋਂ ਕਪਾਹ ਪੱਟੀ ਦੇ ਖੇਤ ਖਾਲੀ ਹੋ ਗਏ ਹਨ। ਪੰਜਾਬ ਸਰਕਾਰ ਨੇ ਕੁਦਰਤੀ ਆਫਤ ਆਖ ਕੇ ਪੱਲਾ ਝਾੜ ਲਿਆ ਹੈ। ਚਿੱਟੇ ਮੱਛਰ ਦੇ ਹੱਲੇ ਨੂੰ ਰੋਕਣਾ ਤਾਂ ਕੀਟਨਾਸਕਾਂ ਨੇ ਸੀ। ਗੈਰਮਿਆਰੀ ਕੀਟਨਾਸਕ ਵਿਕਦੇ ਗਏ ਤੇ ਖੇਤੀ ਮਹਿਕਮਾ ਆਪਣਾ ਹਿਸਾਬ ਕਿਤਾਬ ਕਰਦਾ ਗਿਆ। ਬਾਜਾਖਾਨਾ ਲਾਗਿਓ ਫੜੇ 60 ਲੱਖ ਦਾ ਕੀ ਬਣਿਆ, ਗੋਨਿਆਣਾ ਪੁਲੀਸ ਵਲੋਂ ਫੜੇ 12 ਲੱਖ ਦਾ ਕੀ ਬਣਿਆ, ਬਠਿੰਡਾ ਵਿਚ ਜਾਅਲੀ ਕੀਟਨਾਸਕਾਂ ਦੇ ਭਰੇ ਟਰੱਕ ਨੂੰ ਖੇਤੀ ਅਫਸਰਾਂ ਨੇ ਛੱਡ ਦਿੱਤਾ, ਕੀ ਬਣਿਆ। ਹੋਰ ਤਾਂ ਹੋਰ ਇੱਕ ਜ਼ਿਲ•ਾ ਖੇਤੀ ਅਫਸਰ ਖੁਦ ਨਾਰਦਰਨ ਕਰੌਪ ਸਾਇੰਸ ਦਾ ਦੋ ਨੰਬਰ ਦਾ ਮਾਲ ਕਪਾਹ ਪੱਟੀ ਵਿਚ ਡੀਲਰਾਂ ਤੱਕ ਪਹੁੰਚਾਉਂਦਾ ਰਿਹਾ ,ਕੀ ਬਣਿਆ। ਪੰਜਾਬ ਵਿਚ ਕਦੇ ਕੁਝ ਨਹੀਂ ਬਣਿਆ। ਖੇਤੀ ਮਹਿਕਮਾ ਸਿਰਫ ਦਵਾਈਆਂ ਤੇ ਖਾਦਾਂ ਦੇ ਨਮੂਨੇ ਭਰਨ ਵਾਲਾ ਮਹਿਕਮਾ ਬਣ ਗਿਆ ਹੈ। ਕਿਸਾਨ ਤਾਂ ਹੁਣ ਇਸ ਨੂੰ ਜੇਬਾਂ ਭਰਨ ਵਾਲਾ ਮਹਿਕਮਾ ਆਖਦੇ ਹਨ।
            ਪੰਜਾਬ ਵਿਚ ਕਦੇ ਗੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਨੂੰ ਕਦੇ ਅਦਾਲਤਾਂ ਚੋਂ ਮਿਸਾਲੀ ਸਜ਼ਾ ਨਹੀਂ ਹੋਈ ਹੈ ਜਿਨ•ਾਂ ਨੇ ਕਿਸਾਨਾਂ ਦੀ ਜੇਬ ਖਾਲੀ ਕੀਤੀ ਹੈ। ਅੱਜ ਪੰਜਾਬ ਦੇ ਹਰ ਕਿਸਾਨ ਸਿਰ ਔਸਤਨ 1.10 ਲੱਖ ਰੁਪਏ ਦਾ ਬੈਂਕ ਕਰਜ਼ਾ ਹੈ। ਦੇਸ਼ ਭਰ ਚੋਂ ਪੰਜਾਬ ਦੇ ਕਿਸਾਨ ਦਾ ਕਰਜ਼ਾਈ ਹੋਣ ਵਿਚ ਪਹਿਲਾ ਨੰਬਰ ਹੈ। ਪੰਜਾਬ ਦੇ 27.76 ਲੱਖ ਕਿਸਾਨਾਂ ਸਿਰ ਇਕੱਲੀਆਂ ਬੈਂਕਾਂ ਦਾ 69,449 ਕਰੋੜ ਦਾ ਕਰਜ਼ਾ ਹੈ। ਇਕੱਲੀ ਕਪਾਹ ਪੱਟੀ ਦੇ ਕਿਸਾਨਾਂ ਸਿਰ ਐਤਕੀਂ ਤਿੰਨ ਹਜ਼ਾਰ ਕਰੋੜ ਦਾ ਹੋਰ ਕਰਜ਼ ਚੜਨ ਦਾ ਅਨੁਮਾਨ ਹੈ। ਉਪਰੋਂ ਕਿਸਾਨੀ ਦੇ ਜਖ਼ਮਾਂ ਤੇ ਕੋਈ ਮੱਲਮ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ ਦੀ ਹਾਕਮ ਧਿਰ ਦਾ ਕੋਈ ਵੀ ਨੇਤਾ ਕਦੇ ਉਸ ਕਿਸਾਨ ਦੇ ਸੱਥਰ ਤੇ ਬੈਠਿਆ ਨਹੀਂ ਦੇਖਾ ਜੋ ਖੇਤੀ ਸੰਕਟ ਕਾਰਨ ਖੁਦਕੁਸ਼ੀ ਕਰ ਗਿਆ ਹੋਵੇ। ਹਰ ਸਿਆਸੀ ਪਾਰਟੀ ਦਾ ਕੋਈ ਵਰਕਰ ਵੀ ਚਲਾ ਜਾਵੇ ਤਾਂ ਉਸ ਦੇ ਘਰ ਨੇਤਾ ਗੇੜਾ ਬੰਨ ਦਿੰਦੇ ਹਨ।
             ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਪਾਹ ਪੱਟੀ ਦੇ ਕਿਸੇ ਵੀ ਖੇਤ ਵਿਚ ਨੁਕਸਾਨੀ ਫਸਲ ਦਾ ਜਾਇਜ਼ਾ ਲੈਂਦੇ ਹਾਲੇ ਤੱਕ ਵੇਖਿਆ ਨਹੀਂ ਗਿਆ ਹੈ। ਖੈਰ ਹੁਣ ਹਾਲਾਤ ਜਾਇਜੇ ਵਾਲੇ ਰਹੇ ਵੀ ਨਹੀਂ ਹਨ। ਹੁਣ ਤਾਂ ਹਾਕਮ ਧਿਰ ਸੜਕਾਂ ਤੇ ਬੈਠੇ ਕਿਸਾਨਾਂ ਦੀ ਗਿਣਤੀ ਕਰ ਰਹੀ ਹੈ। ਅੱਠ ਕਿਸਾਨ ਧਿਰਾਂ ਨੇ ਬਠਿੰਡਾ ਵਿਚ 17 ਸਤੰਬਰ ਤੋਂ ਕਿਸਾਨ ਮੋਰਚਾ ਲਾਇਆ ਹੋਇਆ ਹੈ ਜੋ ਹੁਣ ਕਪਾਹ ਪੱਟੀ ਦੇ ਹਰ ਜਿਲ•ੇ ਵਿਚ ਫੈਲ ਗਿਆ ਹੈ। ਆਮ ਸਧਾਰਨ ਕਿਸਾਨ ਵੀ ਹੁਣ ਬਠਿੰਡਾ ਮੋਰਚਾ ਵਿਚ ਬੈਠਾ ਹੈ। ਖੇਤ ਤਾਂ ਵਾਹ ਦਿੱਤੇ,ਹੁਣ ਘਰ ਬੈਠ ਕੇ ਕੀ ਕਰਨਾ, ਬਠਿੰਡਾ ਦੇ ਪਿੰਡ ਕੁਟੀ ਦੇ ਕਿਸਾਨ ਹਰਮੇਲ ਸਿੰਘ ਦਾ ਇਹ ਪ੍ਰਤੀਕਰਮ ਸੀ। ਮੁਕਤਸਰ ਦੇ ਪਿੰਡ ਭਾਗਸਰ ਦੇ ਹਰਨੇਕ ਸਿੰਘ ਨੇ ਰੋਹ ਵਿਚ ਆਖਿਆ, ਸਾਨੂੰ ਸੜਕਾਂ ਤੇ ਬਿਠਾ ਕੇ ਹੁਣ ਖੁਦ ਗੱਦੀ ਤੇ ਨਹੀਂ ਬੈਠ ਸਕਣਗੇ। ਖੈਰ, ਇਸ ਕਿਸਾਨ ਮੋਰਚੇ ਵਿਚ ਬਿਰਧ ਔਰਤਾਂ ਤੇ ਛੋਟੇ ਬੱਚੇ ਵੀ ਭਾਗੀਦਾਰ ਬਣੇ ਹਨ। ਕਿਸਾਨੀ ਤੇ ਚਿੱਟੇ ਮੱਛਰ ਦਾ ਹੱਲਾ ਅੱਤਵਾਦ ਵਰਗੀ ਸੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਤੋਂ ਬਠਿੰਡਾ ਰੈਲੀ ਵਿਚ ਕਪਾਹ ਪੱਟੀ ਦੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ। ਮੋਹਾਲੀ ਵਿਚ ਮੁੱਖ ਮੰਤਰੀ ਨੇ ਚੇਤਾ ਵੀ ਕਰਾਇਆ ਪ੍ਰੰਤੂ ਉਨ•ਾਂ ਕੋਈ ਹੁੰਗਾਰਾ ਨਾ ਭਰਿਆ।
             ਕਪਾਹ ਪੱਟੀ ਵਿਚ ਕਿਸਾਨਾਂ ਦਾ ਰੋਹ ਹੁਣ ਉਬਾਲੇ ਖਾ ਰਿਹਾ ਹੈ। ਬਠਿੰਡਾ ਦੇ ਖੇਤੀ ਮੇਲੇ ਵਿਚ ਐਮ.ਪੀ ਬਲਵਿੰਦਰ ਸਿੰਘ ਭੂੰਦੜ ਤਾਂ ਇਸ ਰੋਹ ਦਾ ਅੰਦਾਜਾ ਲਗਾ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਵਾ ਦਾ ਰੁਖ ਵੇਖ ਚੁੱਕੀ ਹੈ। ਕਪਾਹ ਪੱਟੀ ਦੇ ਖੇਤਾਂ ਦੀ ਇਹੋ ਫਿਜਾ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਕੇ ਹੋਏ ਕਿਸਾਨ ਸਭਨਾਂ ਧਿਰਾਂ ਦੇ ਲੀਡਰਾਂ ਨੂੰ ਘਰਾਂ ਦੀ ਹਵਾ ਤੱਕ ਸੀਮਿਤ ਕਰ ਦੇਣਗੇ। ਹੁਣ ਕਿਸਾਨ ਸ਼ਮਸ਼ਾਨ ਘਾਟਾਂ ਜਾਂ ਖੜਵੰਜਿਆਂ ਵਾਸਤੇ ਗਰਾਂਟਾਂ ਨਹੀਂ ਮੰਗ ਰਹੇ ਹਨ,ਉਨ•ਾਂ ਦੀ ਤਰਜ਼ੀਹ ਪਹਿਲਾਂ ਢਿੱਡ ਦੀ ਅੱਗ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰੀ ਦੀ ਭਾਈਵਾਲ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੇ ਦੁੱਖ ਵਿਚ ਕਿੰਨਾ ਕੁ ਸਰੀਕ ਹੁੰਦੀ ਹੈ। ਲੋੜ ਕਿਸਾਨਾਂ ਦੀ ਫੌਰੀ ਬਾਂਹ ਫੜਨ ਦੀ ਹੈ। ਕਿੰਨੇ ਕੁ ਸਮਾਂ ਲੀਡਰ ਇੱਕ ਦੂਸਰੇ ਤੇ ਗੱਲ ਸੁੱਟ ਕੇ ਪੱਲਾ ਝਾੜਦੇ ਰਹਿਣਗੇ।