Sunday, May 31, 2015

                                    ਭੌਂ ਪ੍ਰਾਪਤੀ
                     ਜੁਗਾੜੀ ਲੈ ਗਏ ਨੌਕਰੀਆਂ
                                   ਚਰਨਜੀਤ ਭੁੱਲਰ
ਬਠਿੰਡਾ : ਗੋਬਿੰਦਪੁਰਾ ਥਰਮਲ ਲਈ ਐਕੁਆਇਰ ਕੀਤੀ ਜ਼ਮੀਨ ਵਿਚ ਨਵਾਂ ਨੌਕਰੀ ਸਕੈਂਡਲ ਹੋ ਗਿਆ ਹੈ। ਜੱਦੀ ਪੁਸ਼ਤੀ ਜ਼ਮੀਨਾਂ ਦੇਣ ਵਾਲੇ ਤਾਂ ਨੌਕਰੀ ਲਈ ਭਟਕ ਰਹੇ ਹਨ। ਰਾਤੋ ਰਾਤ ਜ਼ਮੀਨਾਂ ਦੇ ਮਾਲਕ ਬਣਨ ਵਾਲੇ ਨੌਕਰੀਆਂ ਲੈ ਗਏ ਹਨ। ਜਿਲ•ਾ ਪ੍ਰਸ਼ਾਸਨ ਮਾਨਸਾ ਨੇ ਬਰੇਟਾ ਦੇ 162 ਅਜਿਹੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਜੋ ਚੰਦ ਮਿੰਟ ਪਹਿਲਾਂ ਹੀ ਇਨ•ਾਂ ਜ਼ਮੀਨਾਂ ਦੇ ਮਾਲਕ ਬਣੇ ਸਨ। ਇਨ•ਾਂ ਕਿਸਾਨਾਂ ਨੇ 17 ਜਨਵਰੀ 2011 ਨੂੰ ਜ਼ਮੀਨ ਖਰੀਦੀ ਅਤੇ ਉਸੇ ਦਿਨ ਹੀ ਸਰਕਾਰ ਨੇ ਇਹ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਿਲ•ਾ ਪ੍ਰਸ਼ਾਸਨ ਮਾਨਸਾ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਕੀਤੀ ਕਰੀਬ 200 ਸਫਿਆਂ ਦੀ ਰਿਪੋਰਟ ਅਨੁਸਾਰ ਪਿਓਨਾ ਥਰਮਲ ਪਾਵਰ ਪਲਾਂਟ ਵਾਸਤੇ ਚਾਰ ਪਿੰਡਾਂ ਗੋਬਿੰਦਪੁਰਾ, ਬਰੇਟਾ, ਜਲਵੇੜਾ ਅਤੇ ਸਿਰਸੀਵਾਲਾ ਦੇ 1820 ਕਿਸਾਨਾਂ ਦੀ 878 ਜ਼ਮੀਨ 216 ਕਰੋੜ ਵਿਚ ਐਕੁਆਇਰ ਹੋਈ ਸੀ। ਭਾਵੇਂ ਇਸ ਥਰਮਲ ਦੀ ਉਸਾਰੀ ਹਾਲੇ ਤੱਕ ਸ਼ੁਰੂ ਨਹੀਂ ਹੋਈ ਪ੍ਰੰਤੂ ਇਨ•ਾਂ ਪਿੰਡਾਂ ਵਿਚ ਰਾਤੋਂ ਰਾਤ ਮਰਲਿਆਂ ਵਿਚ ਜ਼ਮੀਨਾਂ ਖਰੀਦ ਕੇ 50 ਦੇ ਕਰੀਬ ਬਾਹਰਲੇ ਲੋਕ ਸਰਕਾਰੀ ਨੌਕਰੀਆਂ ਲੈ ਗਏ ਹਨ।
                      ਜਿਲ•ਾ ਪ੍ਰਸ਼ਾਸਨ ਨੇ ਇਨ•ਾਂ ਚਾਰੋਂ ਪਿੰਡਾਂ ਦੇ 624 ਅਜਿਹੇ ਕਿਸਾਨਾਂ ਦੀ ਜ਼ਮੀਨ ਵੀ ਐਕੁਆਇਰ ਵੀ ਕੀਤੀ ਜੋ ਭੂਮੀ ਪ੍ਰਾਪਤੀ ਦੇ ਨੋਟੀਫਿਕੇਸ਼ਨ ਤੋਂ ਐਨ ਪਹਿਲਾਂ ਨੌਕਰੀ ਦੇ ਲਾਲਚ ਵਿਚ ਤਬਾਦਲੇ ਕਰਾ ਕੇ ਜ਼ਮੀਨਾਂ ਦੇ ਮਾਲਕ ਬਣ ਗਏ ਸਨ। ਬਰੇਟਾ ਦੇ ਕਿਰਨਦੀਪ ਸਿੰਘ,ਹਰਕੇਸ਼ ਅਤੇ ਜਗਮੇਲ ਸਿੰਘ ਨੂੰ ਉਸ ਤਿੰਨ ਤਿੰਨ ਮਰਲੇ ਜ਼ਮੀਨ ਦੇ ਅਧਾਰ ਤੇ ਨੌਕਰੀ ਮਿਲ ਗਈ ਹੈ ਜੋ ਜ਼ਮੀਨ ਉਨ•ਾਂ ਦੇ ਪ੍ਰਵਾਰਾਂ ਨੇ ਨੋਟੀਫਿਕੇਸ਼ਨ ਹੋਣ ਵਾਲੇ ਦਿਨ ਹੀ ਖਰੀਦ ਕੀਤੀ ਸੀ। ਪਿੰਡ ਸਿਰਸੀਵਾਲਾ ਦੇ ਵਿਚ 119 ਕਿਸਾਨਾਂ ਨੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਪਹਿਲਾਂ ਅਤੇ 56 ਕਿਸਾਨਾਂ ਨੇ ਤਿੰਨ ਦਿਨ ਪਹਿਲਾਂ ਇਸ ਪਿੰਡ ਵਿਚ ਤਬਾਦਲਾ ਪ੍ਰਣਾਲੀ ਤਹਿਤ ਜ਼ਮੀਨ ਖਰੀਦ ਲਈ। ਏਦਾ ਦੀ ਚੁਸਤ ਚਲਾਕੀ ਨਾਲ ਬਣੇ ਕਰੀਬ 10 ਮਾਲਕਾਂ ਦੇ ਜੀਆਂ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਹੈ। ਇਸ ਪਿੰਡ ਦੇ ਰੁਪਿੰਦਰ ਸਿੰਘ,ਗੁਰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤਾਂ ਨੋਟੀਫਿਕੇਸ਼ਨ ਤੋਂ ਪਹਿਲਾਂ ਦੋ ਦੋ ਮਰਲੇ ਜ਼ਮੀਨ ਦਾ ਤਬਾਦਲਾ ਕਰਕੇ ਮਾਲਕ ਬਣੇ ਸਨ ਜੋ ਇਸ ਰਸਤੇ ਸਰਕਾਰੀ ਨੌਕਰੀ ਵੀ ਲੈ ਗਏ ਹਨ।                                                                                               ਪਿੰਡ ਜਲਵੇੜਾ ਦੇ ਕੁੱਲ 212 ਕਿਸਾਨਾਂ ਦੀ 14 ਏਕੜ ਜ਼ਮੀਨ ਐਕੁਆਇਰ ਹੋਈ ਸੀ ਜਿਸ ਚੋਂ 171 ਕਿਸਾਨ ਤਾਂ ਨੋਟੀਫਿਕੇਸ਼ਨ ਵਾਲੇ ਦਿਨ ਹੀ ਜ਼ਮੀਨ ਦਾ ਤਬਾਦਲਾ ਕਰਕੇ ਮਾਲਕ ਬਣੇ ਸਨ। ਚੰਦ ਪਲ ਪਹਿਲਾਂ ਹੀ ਤਬਾਦਲੇ ਨਾਲ ਬਣੇ ਮਾਲਕਾਂ ਚੋਂ 37 ਕਿਸਾਨਾਂ ਦੇ ਨੌਕਰੀ ਵਾਸਤੇ ਕੇਸ ਵਿਚਾਰੇ ਜਾ ਰਹੇ ਹਨ ਜਦੋਂ ਕਿ ਅੱਧੀ ਦਰਜਨ ਨੌਕਰੀ ਲੈ ਗਏ ਹਨ। ਪਿੰਡ ਗੋਬਿੰਦਪੁਰਾ ਦੇ 899 ਕਿਸਾਨਾਂ ਦੀ ਜ਼ਮੀਨ ਐਕੁਆਇਰ ਹੋਈ ਹੈ ਜਿਨ•ਾਂ ਚੋਂ 266 ਕਿਸਾਨ ਅਜਿਹੇ ਹਨ ਜਿਨ•ਾਂ ਦੀ ਜ਼ਮੀਨ ਦਾ ਤਬਾਦਲਾ ਇੱਕੋ ਤਰੀਕ ਵਿੱਚ ਹੋਇਆ ਹੈ। ਐਕੁਆਇਰ ਦੇ ਨੋਟੀਫਿਕੇਸ਼ਨ ਤੋਂ ਦੋ ਦਿਨ ਪਹਿਲਾਂ ਹੀ ਇੱਕੋ ਦਿਨ ਵਿਚ ਇਸ ਜ਼ਮੀਨ ਦਾ ਤਬਾਦਲਾ ਹੋਇਆ ਹੈ। ਇਸ ਪਿੰਡ ਵਿਚ 30 ਫੀਸਦੀ ਜ਼ਮੀਨ ਤਬਾਦਲੇ ਦੀ ਮਾਲਕੀ ਵਾਲੀ ਐਕੁਆਇਰ ਹੋਈ ਹੈ।ਗੋਬਿੰਦਪੁਰਾ ਦੇ ਅਮਰਿੰਦਰ,ਗੁਰਤੇਜ,ਹਰਜਿੰਦਰ,ਹਰਪ੍ਰੀਤ ਅਤੇ ਹਰਵਿੰਦਰ ਆਦਿ ਨੇ ਨੋਟੀਫਿਕੇਸ਼ਨ ਤੋਂ ਦੋ ਦਿਨ ਪਹਿਲਾਂ ਹੀ ਤਬਾਦਲੇ ਕਰਾ ਕੇ ਜ਼ਮੀਨਾਂ ਦੇ ਮਾਲਕ ਬਣੇ ਅਤੇ ਨੌਕਰੀਆਂ ਲੈ ਲਈਆਂ।                                                                                                                                                                             ਡੀ.ਸੀ ਦਫਤਰ ਕੋਲ ਇਨ•ਾਂ ਪਿੰਡਾਂ ਦੇ 1008 ਨੌਜਵਾਨਾਂ ਨੇ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਜਿਸ ਚੋਂ 51 ਨੂੰ ਨੌਕਰੀਆਂ ਦਿੱਤੀਆਂ ਗਈਆਂ। ਇਸ ਤੋਂ ਬਿਨ•ਾਂ ਪੁਲੀਸ ਵਿਭਾਗ ਨੇ ਇਨ•ਾਂ ਪਿੰਡਾਂ ਦੇ 107 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਦੂਸਰੀ ਤਰਫ ਪਿੰਡ ਗੋਬਿੰਦਪੁਰਾ ਦੇ 29 ਪ੍ਰਵਾਰਾਂ ਸਮੇਤ ਕੁੱਲ 52 ਕਿਸਾਨ ਪ੍ਰਵਾਰ ਅਜਿਹੇ ਹਨ ਜਿਨ•ਾਂ ਦੀ ਜੱਦੀ ਪੁਸ਼ਤੀ ਜ਼ਮੀਨ ਸਰਕਾਰ ਨੇ ਐਕੁਆਇਰ ਕਰ ਲਈ ਪ੍ਰੰਤੂ ਹਾਲੇ ਤੱਕ ਨੌਕਰੀ ਨਹੀਂ ਦਿੱਤੀ ਹੈ। ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਪਿੰਡ ਦੇ ਜੱਦੀ ਜ਼ਮੀਨਾਂ ਵਾਲਿਆਂ ਨੂੰ ਨੌਕਰੀ ਮਿਲੀ ਹੈ ਪ੍ਰੰਤੂ ਕਾਫੀ ਉਹ ਲੋਕ ਵੀ ਨੌਕਰੀਆਂ ਲੈ ਗਏ ਜੋ ਪਿੰਡ ਦੇ ਵਸਨੀਕ ਹੀ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜਿਲ•ਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਉਨ•ਾਂ ਨੂੰ ਨੌਕਰੀਆਂ ਤੇ ਇਤਰਾਜ ਨਹੀਂ ਪ੍ਰੰਤੂ ਮਾਲ ਵਿਭਾਗ ਦੇ ਉਨ•ਾਂ ਅਫਸਰਾਂ ਤੇ ਪੁਲੀਸ ਕੇਸ ਦਰਜ ਹੋਣਾ ਚਾਹੀਦਾ ਹੈ ਜਿਨ•ਾਂ ਨੇ ਖਾਸ ਲੋਕਾਂ ਨੂੰ ਲਾਭ ਪਹੁੰਚਾਇਆ ਹੈ।
                                       ਬਦਨੀਤੀ ਕਾਰਨ ਹੋਇਆ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਭੁਪਿੰਦਰ ਸਿੰਘ ਰਾਏ ਦਾ ਕਹਿਣਾ ਸੀ ਕਿ ਮਾਲ ਮਹਿਕਮੇ ਦੇ ਅਫਸਰਾਂ ਨੇ ਬਦਨੀਤੀ ਨਾਲ ਨੋਟੀਫਿਕੇਸ਼ਨ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਤਬਾਦਲੇ ਅਤੇ ਰਜਿਸਟਰੀਆਂ ਕੀਤੀਆਂ। ਉਨ•ਾਂ ਦੱਸਿਆ ਕਿ ਇਸੇ ਕਰਕੇ ਇਨ•ਾਂ ਅਫਸਰਾਂ ਨੂੰ ਚਾਰਜਸੀਟ ਜਾਰੀ ਕੀਤੀ ਜਾ ਚੁੱਕੀ ਹੈ। 
                                                                  ਦੁਰਵਰਤੋਂ
                                    ਪ੍ਰਾਈਵੇਟ ਕੰਮਾਂ ਲਈ ਸਰਕਾਰੀ ਹੈਲੀਕਾਪਟਰ
                                                                     ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਆਪਣੇ ਪ੍ਰਾਈਵੇਟ ਕੰਮਾਂ ਲਈ ਸਰਕਾਰੀ ਹੈਲੀਕਾਪਟਰ ਵਰਤਦੇ ਹਨ ? ਸਰਕਾਰੀ ਤੱਥਾਂ ਤੇ ਨਜ਼ਰ ਮਾਰੀਏ ਤਾਂ ਇਹ ਸੱਚ ਜਾਪਦਾ ਹੈ। ਹਵਾਈ ਯਾਤਰਾ ਦੇ ਮਕਸਦ ਵਾਰੇ ਪੰਜਾਬ ਸਰਕਾਰ ਓਹਲਾ ਰੱਖ ਰਹੀ ਹੈ। ਤਾਹੀਓਂ ਆਡਿਟ ਮਹਿਕਮੇ ਨੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਤੇ ਉਂਗਲ ਉਠਾਈ ਹੈ। ਏਹ ਗੱਲ ਤਾਂ ਜੱਗ ਜ਼ਾਹਰ ਹੈ ਕਿ ਮੁੱਖ ਮੰਤਰੀ ਪੰਜਾਬ ਵਲੋਂ ਜਦੋਂ ਵੀ ਪਿੰਡ ਬਾਦਲ ਦਾ ਗੇੜਾ ਮਾਰਿਆ ਜਾਂਦਾ ਹੈ ਤਾਂ ਉਦੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹੁੰਦੀ ਹੈ। ਇੱਥੋਂ ਤੱਕ ਕਿ ਬਾਦਲ ਪਰਿਵਾਰ ਪੰਜਾਬ ਵਿਚ ਵਿਆਹਾਂ ਤੇ ਭੋਗਾਂ ਵਾਸਤੇ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਦਾ ਹੈ। ਭਾਵੇਂ ਇਨ•ਾਂ ਪ੍ਰਾਈਵੇਟ ਦੌਰਿਆਂ ਤੇ ਆਨੀ ਬਹਾਨੀ ਸਰਕਾਰੀ ਲੇਪ ਚੜਾ ਦਿੱਤਾ ਜਾਂਦਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਵਲੋਂ ਆਰ.ਟੀ.ਆਈ ਵਿਚ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਅਕਤੂਬਰ 2013 ਤੋਂ ਸਤੰਬਰ 2014 ਦੌਰਾਨ ਵਰਤੇ ਸਰਕਾਰੀ ਹੈਲੀਕਾਪਟਰ ਦੀ ਯਾਤਰਾ ਦਾ ਭੇਤ ਰੱਖ ਰਿਹਾ ਹੈ। ਮਈ 2014 ਵਿਚ ਲੋਕ ਸਭਾ ਚੋਣਾਂ ਹੋਈਆਂ ਸਨ। ਭਾਵੇਂ ਲੋਕ ਚੋਣਾਂ ਦੌਰਾਨ ਹਾਕਮ ਧਿਰ ਤਰਫੋਂ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ ਪ੍ਰੰਤੂ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਯਾਤਰਾ ਦਾ ਕਿਤੇ ਵੀ ਮੰਤਵ ਜ਼ਾਹਰ ਨਹੀਂ ਕੀਤਾ ਹੈ।
                   ਆਡਿਟ ਮਹਿਕਮੇ ਨੇ ਵੀ ਇਤਰਾਜ਼ ਲਗਾਇਆ ਹੈ ਕਿ ਇਸ ਇੱਕ ਵਰੇ• ਦੌਰਾਨ ਹੈਲੀਕਾਪਟਰ ਦੇ ਯਾਤਰੀਆਂ ਅਤੇ ਯਾਤਰਾ ਦੇ ਮਕਸਦ ਵਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਹੈਲੀਕਾਪਟਰ ਦੀ ਵਰਤੋਂ ਕਰਨ ਵਾਲੇ ਵੀ.ਵੀ.ਆਈ.ਪੀ ਦੇ ਨਾਮ ਆਦਿ ਵਾਰੇ ਦੱਸਿਆ ਜਾਣਾ ਹੁੰਦਾ ਹੈ। ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਅਕਤੂਬਰ 2013 ਤੋਂ ਸਤੰਬਰ 2014 ਤੱਕ 1.01 ਕਰੋੜ ਰੁਪਏ ਦਾ ਤੇਲ (ਐਵੀਏਸ਼ਨ ਟਰਬਾਈਨ ਫਿਊਲ) ਸਰਕਾਰੀ ਹੈਲੀਕਾਪਟਰ ਵਿਚ ਵਰਤਿਆ ਗਿਆ ਹੈ। ਇਸ ਤੋਂ ਬਿਨ•ਾਂ ਇਸ ਸਮੇਂ ਦੌਰਾਨ ਭਾੜੇ ਤੇ ਲਏ ਪ੍ਰਾਈਵੇਟ ਹੈਲੀਕਾਪਟਰ 73.63 ਲੱਖ ਰੁਪਏ ਰੁਪਏ ਤਾਰੇ ਗਏ ਹਨ ਪ੍ਰੰਤੂ ਇਹ ਨਹੀਂ ਦੱਸਿਆ ਗਿਆ ਕਿ ਭਾੜੇ ਵਾਲੇ ਹੈਲੀਕਾਪਟਰ ਦੀ ਯਾਤਰਾ ਦਾ ਮੰਤਵ ਕੀ ਸੀ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਤੇਲ ਖਰਚ ਤੇ ਭਾੜਾ ਤਾਂ ਹੋਰ ਵੀ ਜਿਆਦਾ ਹੈ ਪ੍ਰੰਤੂ ਇਥੇ ਉਹੀ ਜ਼ਿਕਰ ਕੀਤਾ ਗਿਆ ਹੈ ਜਿਸ ਯਾਤਰਾ ਦੇ ਮਕਸਦ ਦਾ ਭੇਤ ਰੱਖਿਆ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ•ਾ ਸਕੱਤਰ ਕਾਮਰੇਡ ਜਗਜੀਤ ਸਿੰਘ ਜੋਗਾ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਆਪਣੇ ਪ੍ਰਾਈਵੇਟ ਕੰਮਾਂ ਵਾਸਤੇ ਸਰਕਾਰੀ ਖਜ਼ਾਨੇ ਨੂੰ ਵਰਤਿਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਵਿਆਹਾਂ ਅਤੇ ਭੋਗਾਂ ਵਾਸਤੇ ਵੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ•ਾਂ ਆਖਿਆ ਕਿ ਅਗਰ ਹੈਲੀਕਾਪਟਰ ਦੀ ਵਰਤੋਂ ਸਰਕਾਰੀ ਕੰਮਾਂ ਵਾਸਤੇ ਹੁੰਦੀ ਹੈ ਤਾਂ ਸਰਕਾਰ ਨੂੰ ਯਾਤਰਾ ਦਾ ਮਕਸਦ ਦੱਸਣ ਵਿਚ ਕਾਹਦੀ ਝਿਜਕ ਹੈ।
                       ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬਠਿੰਡਾ ਜਿਲ•ੇ ਦੇ ਪਿੰਡ ਕਾਲਝਰਾਨੀ ਵਿਚ ਆਰਜੀ ਹੈਲੀਪੈਡ ਬਣਾ ਰੱਖਿਆ ਹੈ ਜਿਥੇ ਪੁਲੀਸ ਦਾ ਪਹਿਰਾ ਰਹਿੰਦਾ ਹੈ। ਜਦੋਂ ਵੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਪਿੰਡ ਬਾਦਲ ਦਾ ਗੇੜਾ ਮਾਰਦੇ ਹਨ ਤਾਂ ਉਹ ਹੈਲੀਕਾਪਟਰ ਦੀ ਲੈਂਡਿੰਗ ਪਿੰਡ ਕਾਲਝਰਾਨੀ ਦੇ ਹੈਲੀਪੈਡ ਤੇ ਹੁੰਦੀ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਦਾ ਕਹਿਣਾ ਸੀ ਕਿ ਆਡਿਟ ਮਹਿਕਮੇ ਨੂੰ ਹੈਲੀਕਾਪਟਰ ਵਿਚ ਸਫਰ  ਕਰਨ ਵਾਲੇ ਵੀ.ਵੀ.ਆਈ.ਪੀਜ਼ ਵਾਰੇ ਦੱਸ ਦਿੱਤਾ ਗਿਆ ਸੀ ਪ੍ਰੰਤੂ ਯਾਤਰਾ ਦਾ ਮਕਸਦ ਦੱਸਿਆ ਨਹੀਂ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਹੈਲੀਕਾਪਟਰ ਦੀ ਲਾਗ ਬੁੱਕ ਵਿਚ ਕਿਧਰੇ ਵੀ ਯਾਤਰਾ ਦੇ ਮਕਸਦ ਵਾਲਾ ਕਾਲਮ ਨਹੀਂ ਹੈ। ਉਨ•ਾਂ ਆਖਿਆ ਕਿ ਮਕਸਦ ਵਾਰੇ ਤਾਂ ਮੁੱਖ ਮੰਤਰੀ ਦਫਤਰ ਹੀ ਦੱਸ ਸਕਦਾ ਹੈ।
                                             ਹਵਾਬਾਜ਼ੀ ਮਹਿਕਮੇ ਦੇ 75.33 ਲੱਖ ਫਸੇ
ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਕਰੀਬ 75.33 ਲੱਖ ਰੁਪਏ ਮਾਲ ਮਹਿਕਮੇ ਵੱਲ ਫਸ ਗਏ ਹਨ। ਜਦੋਂ ਉਤਰਾਖੰਡ ਨੂੰ ਜੂਨ 2013 ਵਿਚ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਏਅਰ ਕਿੰਗ ਚਾਰਟਰਜ਼ ਪ੍ਰਾਈਵੇਟ ਲਿਮਟਿਡ ਦਾ ਹੈਲੀਕਾਪਟਰ ਭਾੜੇ ਤੇ ਲਿਆ ਸੀ। ਜੂਨ ਤੇ ਜੁਲਾਈ 2013 ਦੌਰਾਨ ਸ਼ਹਿਰੀ ਹਵਾਬਾਜੀ ਮਹਿਕਮੇ ਤਰਫੋਂ ਹਵਾਈ ਕੰਪਨੀ ਨੂੰ 75.33 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ। ਹੁਣ ਮਾਲ ਵਿਭਾਗ ਤੋਂ ਇਹ ਭਾੜਾ ਸ਼ਹਿਰੀ ਹਵਾਬਾਜ਼ੀ ਵਿਭਾਗ ਮੰਗ ਰਿਹਾ ਹੈ ਪ੍ਰੰਤੂ ਹਾਲੇ ਤੱਕ ਮਾਲ ਮਹਿਕਮੇ ਨੇ ਇਹ ਰਾਸ਼ੀ ਤਾਰੀ ਨਹੀਂ ਹੈ। 

Sunday, May 17, 2015

                                         ਇਰਾਕ ਸੰਕਟ
                       ਢਿੱਡ ਦੀ ਭੁੱਖ ਤੋਂ ਖਤਰੇ ਛੋਟੇ...
                                        ਚਰਨਜੀਤ ਭੁੱਲਰ
ਬਠਿੰਡਾ : ਨੌਜਵਾਨਾਂ ਨੂੰ ਖਾੜੀ ਮੁਲਕਾਂ ਦੇ ਖਤਰੇ ਢਿੱਡ ਦੀ ਭੁੱਖ ਤੋਂ ਛੋਟੇ ਲੱਗਦੇ ਹਨ। ਇਰਾਕ ਸੰਕਟ ਨੇ ਦਰਜਨਾਂ ਪੰਜਾਬ ਦੇ ਮਾਪਿਆਂ ਨੂੰ ਸੁੱਕਣੇ ਪਾਇਆ ਹੋਇਆ ਹੈ। ਫਿਰ ਵੀ ਲੰਘੇ ਇੱਕ ਵਰੇ• ਵਿਚ ਪੰਜਾਬ ਚੋਂ 45,784 ਨੌਜਵਾਨ ਖਾੜੀ ਮੁਲਕਾਂ ਵਿਚ ਰੋਜ਼ੀ ਰੋਟੀ ਦੀ ਤਲਾਸ਼ ਵਿਚ ਗਏ ਹਨ। ਖਾੜ•ੀ ਮੁਲਕਾਂ ਸਮੇਤ ਡੇਢ ਦਰਜਨ ਮੁਲਕਾਂ ਵਿਚ 1 ਅਪਰੈਲ 2014 ਤੋਂ ਫਰਵਰੀ 2015 ਤੱਕ 7.38 ਲੱਖ ਭਾਰਤੀ ਨੌਜਵਾਨ ਪੁੱਜ ਗਏ ਹਨ। ਇਨ•ਾਂ ਵਿਚ ਜਿਆਦਾ ਨੌਜਵਾਨ ਅੰਡਰ ਮੈਟ੍ਰਿਕ ਹਨ। ਵੱਡੀ ਗਿਣਤੀ ਵਿਚ ਨੌਜਵਾਨ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂ ਕਿ ਕਾਫੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਰੁਲ ਰਹੇ ਹਨ\ ਵਿਦੇਸ਼ੀ ਮਾਮਲਿਆਂ ਵਾਰੇ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਲੰਘੇ ਇੱਕ ਵਰੇ• ਦੌਰਾਨ ਇਕੱਲੇ ਇਰਾਕ ਵਿਚ 1171 ਭਾਰਤੀ ਨੌਜਵਾਨ ਪੁੱਜੇ ਹਨ ਜਦੋਂ ਕਿ 2.99 ਲੱਖ ਨੌਜਵਾਨ ਸਾਊਦੀ ਅਰਬ ਰੁਜ਼ਗਾਰ ਖਾਤਰ ਗਏ ਹਨ। 1 ਅਪਰੈਲ 2011 ਤੋਂ ਫਰਵਰੀ 2015 ਤੱਕ (ਕਰੀਬ ਚਾਰ ਵਰੇ•) ਦੌਰਾਨ 29.85 ਲੱਖ ਭਾਰਤੀ ਨੌਜਵਾਨ ਡੇਢ ਦਰਜਨ ਮੁਲਕਾਂ (ਸਮੇਤ ਖਾੜੀ ਮੁਲਕਾਂ) ਵਿਚ ਗਏ ਹਨ ਜੋ ਇੰਮੀਗਰੇਸ਼ਨ ਚੈੱਕ ਰਿਕੁਆਰੈਡ ਕੈਟਾਗਿਰੀ ਵਿਚ ਆਉਂਦੇ ਹਨ।
                      ਇਨ•ਾਂ ਚਾਰ ਵਰਿ•ਆਂ ਦੌਰਾਨ ਇਕੱਲੇ ਇਰਾਕ ਵਿਚ 11,528 ਅਤੇ ਕੁਵੈਤ ਵਿਚ 2.55 ਲੱਖ ਭਾਰਤੀ ਨੌਜਵਾਨ ਪੁੱਜੇ ਹਨ। ਇਸੇ ਤਰ•ਾਂ 13.16 ਲੱਖ ਭਾਰਤੀ ਨੌਜਵਾਨ ਸਾਊਦੀ ਅਰਬ ਗਏ ਹਨ। ਸਭ ਤੋਂ ਜਿਆਦਾ ਯੂ.ਏ.ਈ ਵਿਚ 7.16 ਲੱਖ ਨੌਜਵਾਨ ਗਏ ਹਨ। ਲੰਘੇ ਇੱਕ ਵਰੇ• ਦੀ ਗੱਲ ਕਰੀਏ ਤਾਂ ਹਰਿਆਣਾ ਚੋਂ ਸਿਰਫ 2177 ਨੌਜਵਾਨ ਖਾੜ•ੀ ਮੁਲਕਾਂ ਵਿਚ ਗਏ ਹਨ ਜਦੋਂ ਕਿ ਰਾਜਸਥਾਨ ਚੋਂ 43,966 ਅਤੇ ਯੂ.ਪੀ ਚੋਂ ਸਭ ਤੋਂ ਜਿਆਦਾ 2.09 ਲੱਖ ਨੌਜਵਾਨ ਖਾੜੀ ਮੁਲਕਾਂ ਵਿਚ ਗਏ ਹਨ। ਏਸ਼ੀਅਨ ਟਰੈਵਲ ਏਜੰਸੀ ਬਠਿੰਡਾ ਦੇ ਇੰਜ.ਬਲਜਿੰਦਰ ਸਿੰਘ ਦਾ ਪ੍ਰਤੀਕਰਮ ਸੀ ਕਿ ਖਾੜੀ ਮੁਲਕਾਂ ਵਿਚ ਜਿਆਦਾ ਨੌਜਵਾਨ ਲੇਬਰ ਕਰਨ ਜਾਂਦੇ ਹਨ ਅਤੇ ਬਹੁਤੇ ਏਜੰਟਾਂ ਹੱਥੋਂ ਧੋਖੇ ਦਾ ਸ਼ਿਕਾਰ ਹੋ ਕੇ ਵਾਪਸ ਪਰਤ ਆਉਂਦੇ ਹਨ। ਉਨ•ਾਂ ਆਖਿਆ ਕਿ ਬਹੁਤੇ ਨੌਜਵਾਨ ਸਿਰਫ ਰੁਜ਼ਗਾਰ ਖਾਤਰ ਖਤਰਾ ਮੁੱਲ ਸਹੇੜਦੇ ਹਨ ਅਤੇ ਮਾੜੇ ਹਾਲਾਤਾਂ ਵਿਚ ਰਹਿ ਕੇ ਵੀ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਵਿਦੇਸ਼ ਗਏ ਬਹੁਤੇ ਭਾਰਤੀ ਤਾਂ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋ ਬੈਠਦੇ ਹਨ। ਹਜ਼ਾਰਾਂ ਬਦਨਸੀਬ ਮਾਪੇ ਹਨ ਜਿਨ•ਾਂ ਨੂੰ ਵਿਦੇਸ਼ ਗਏ ਪੁੱਤ ਦੀ ਲਾਸ਼ ਹੀ ਮਿਲਦੀ ਹੈ।
                   ਜਨਵਰੀ 2011 ਤੋਂ 1 ਮਈ 2015 ਤੱਕ ਵਿਦੇਸ਼ੀ ਧਰਤੀ ਤੇ 26,781 ਭਾਰਤੀ ਲੋਕਾਂ ਦੀ ਮੌਤ ਹੋਈ ਹੈ। ਭਾਵੇਂ ਇਨ•ਾਂ ਮੌਤਾਂ ਦੇ ਕਾਰਨ ਵੱਖ ਵੱਖ ਹਨ ਪ੍ਰੰਤੂ ਇਕੱਲੇ ਸਾਲ 2015 ਵਿਚ 1207 ਭਾਰਤੀ ਮੌਤ ਤੋਂ ਹਾਰੇ ਹਨ। ਲੰਘੇ ਚਾਰ ਵਰਿ•ਆਂ ਵਿਚ ਇਕੱਲੇ ਇਰਾਕ ਵਿਚ 38 ਨੌਜਵਾਨਾਂ ਦੀ ਮੌਤ ਹੋਈ ਹੈ। ਇਨ•ਾਂ ਵਰਿ•ਆਂ ਦੌਰਾਨ ਸਭ ਤੋਂ ਜਿਆਦਾ ਯੂ.ਏ.ਈ ਵਿਚ 4195 ਭਾਰਤੀ ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਸਾਊਦੀ ਅਰਬ ਵਿਚ 2705 ਮੌਤਾਂ ਹੋਈਆਂ ਹਨ। ਇਵੇਂ ਹੀ ਕੁਵੈਤ ਵਿਚ 1788 ਅਤੇ ਓਮਾਨ ਵਿਚ 1771 ਭਾਰਤੀ ਆਪਣੀ ਜਾਨ ਗੁਆ ਬੈਠੇ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਜਦੋਂ ਮੁਲਕ ਵਿਚ ਰੁਜ਼ਗਾਰ ਦੀ ਕਿਧਰੋਂ ਕੋਈ ਆਸ ਨਹੀਂ ਦਿੱਖਦੀ ਤਾਂ ਨੌਜਵਾਨ ਖਤਰੇ ਸਹੇੜ ਕੇ ਖਾਲੀ ਮੁਲਕਾਂ ਵਿਚ ਜਾਂਦੇ ਹਨ ਜਿਥੋਂ ਉਨ•ਾਂ ਦੀ ਜ਼ਿੰਦਗੀ ਹੋਰ ਮੁਸ਼ਕਲਾਂ ਵਿਚ ਘਿਰ ਜਾਂਦੀ ਹੈ ਜਿਸ ਦੀ ਮਿਸਾਲ ਇਰਾਕ ਵਿਚ ਫਸੇ ਨੌਜਵਾਨ ਵੀ ਹਨ।
                 ਵੇਰਵਿਆਂ ਅਨੁਸਾਰ ਵੱਡੀ ਗਿਣਤੀ ਵਿਚ ਭਾਰਤੀ ਲੋਕ ਵਿਦੇਸ਼ੀ ਜੇਲ•ਾਂ ਵਿਚ ਵਰਿ•ਆਂ ਤੋਂ ਬੰਦ ਹਨ ਜਿਨ•ਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਹੈ। ਸਾਊਦੀ ਅਰਬ ਦੀਆਂ ਜੇਲ•ਾਂ ਵਿਚ 1276 ਅਤੇ ਕੁਵੈਤ ਦੀਆਂ ਜੇਲ•ਾਂ ਵਿਚ 299 ਭਾਰਤੀ ਬੰਦ ਹਨ। ਵਿਦੇਸ਼ੀ ਜੇਲ•ਾਂ ਵਿਚ ਇਸ ਵੇਲੇ ਕੁੱਲ 6310 ਭਾਰਤੀ ਬੰਦ ਹਨ ਜਦੋਂ ਕਿ ਇਰਾਕ ਦੀਆਂ ਜੇਲ•ਾਂ ਵਿਚ 9 ਭਾਰਤੀ ਬੰਦ ਹਨ। ਇਵੇਂ ਹੀ ਬਹਿਰੀਨ ਵਿਚ 123 ਅਤੇ ਓਮਾਨ ਦੀਆਂ ਜੇਲ•ਾਂ ਵਿਚ 116 ਭਾਰਤੀ ਬੰਦ ਹਨ। ਇਨ•ਾਂ ਚੋਂ ਬਹੁਤੇ ਤਾਂ ਰੁਜ਼ਗਾਰ ਦੀ ਖਾਤਰ ਵਿਦੇਸ਼ ਗਏ ਸਨ ਜਿਥੇ ਉਨ•ਾਂ ਨੂੰ ਏਜੰਟਾਂ ਦੀ ਕਰਤੂਤ ਕਾਰਨ ਸਲਾਖਾਂ ਪਿਛੇ ਜਾਣਾ ਪਿਆ ਹੈ। ਕਈਆਂ ਦੇ ਹੋਰ ਵੀ ਕਾਰਨ ਹਨ। ਠੱਗੇ ਗਏ ਨੌਜਵਾਨ ਏਜੰਟਾਂ ਦੀ ਸ਼ਿਕਾਇਤ ਵੀ ਕਰਦੇ ਹਨ ਪ੍ਰੰਤੂ ਕਿਸੇ ਦਾ ਵਾਲ ਵਿੰਗਾ ਨਹੀਂ ਹੁੰਦਾ ਹੈ। ਵੇਰਵਿਆਂ ਅਨੁਸਾਰ ਲੰਘੇ ਚਾਰ ਵਰਿ•ਆਂ ਦੌਰਾਨ ਪੰਜਾਬ ਦੇ 42 ਨੌਜਵਾਨਾਂ ਨੂੰ ਟਰੈਵਲ ਏਜੰਸੀਆਂ ਅਤੇ ਕੰਪਨੀਆਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ ਜਿਨ•ਾਂ ਚੋਂ ਸਿਰਫ ਅੱਠ ਏਜੰਟਾਂ ਅਤੇ ਕੰਪਨੀਆਂ ਦੇ ਲਾਇਸੈਂਸ ਕੈਂਸਲ ਕੀਤੇ ਗਏ ਹਨ ਜਦੋਂ ਕਿ ਬਾਕੀ ਸਾਫ ਬਚ ਗਏ ਹਨ। ਇੰਮੀਗ੍ਰੇਸ਼ਨ ਐਕਟ 1983 ਤਹਿਤ ਫਰਾਡ ਕਰਨ ਵਾਲੀਆਂ ਕੰਪਨੀਆਂ ਅਤੇ ਏਜੰਟਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰਕੇ ਉਨ•ਾਂ ਦੀ ਬੈਂਕ ਗਰੰਟੀ ਜ਼ਬਤ ਕੀਤੀ ਜਾਂਦੀ ਹੈ।
                    ਪ੍ਰਵਾਸੀ ਭਾਰਤੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਵਾਸੀ ਸੈੱਲ ਦੇ ਸੀਨੀਅਰ ਨੌਜਵਾਨ ਆਗੂ ਕਮਲਜੀਤ ਸਿੰਘ ਸਿੱਧੂ (ਰਾਈਆ ਵਾਲੇ) ਦਾ ਪ੍ਰਤੀਕਰਮ ਸੀ ਕਿ ਜਿਨ•ਾਂ ਸਮਾਂ ਕੇਂਦਰ ਸਰਕਾਰ ਫਰਾਡ ਕਰਨ ਵਾਲੀਆਂ ਏਜੰਸੀਆਂ ਖਿਲਾਫ ਸਖਤ ਕਦਮ ਨਹੀਂ ਚੁੱਕਦੀ,ਉਨ•ਾਂ ਸਮਾਂ ਭੋਲੇ ਭਾਲੇ ਨੌਜਵਾਨਾਂ ਨੂੰ ਏਜੰਟ ਆਪਣੇ ਜਾਲ ਵਿਚ ਫਸਾਉਂਦੇ ਰਹਿਣਗੇ। ਉਨ•ਾਂ ਆਖਿਆ ਕਿ ਗੁੰਮਰਾਹੀ ਵਿਚ ਫਸੇ ਨੌਜਵਾਨ ਖਾਸ ਕਰਕੇ ਖਾੜੀ ਮੁਲਕਾਂ ਵਿਚ ਪੂਰੀ ਜ਼ਿੰਦਗੀ ਗੁਆ ਦਿੰਦੇ ਹਨ।

Saturday, May 16, 2015

                                    ਸਰਕਾਰੀ ਲੁੱਟ
                ਹੈਲੀਕਾਪਟਰ ਦੇ ਭਾੜੇ ਦਾ ਪੁਆੜਾ
                                    ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੂੰ ਭਾੜੇ ਦੇ ਹੈਲੀਕਾਪਟਰ ਨੇ ਕਰੋੜਾਂ ਰੁਪਏ ਦਾ ਰਗੜਾ ਲਾ ਦਿੱਤਾ ਹੈ ? ਪੰਜਾਬ ਸਰਕਾਰ ਨੇ ਲੰਘੇ ਇੱਕ ਵਰੇ• ਦੌਰਾਨ ਬਿਨ•ਾਂ ਕਿਸੇ ਟੈਂਡਰ ਤੋਂ ਹੈਲੀਕਾਪਟਰ ਕਿਰਾਏ ਤੇ ਲਿਆ ਜਿਸ ਦਾ ਮੂੰਹੋ ਮੰਗਿਆ ਕਿਰਾਇਆ ਤਾਰਿਆ ਗਿਆ। ਹੈਲੀਕਾਪਟਰ ਕਿਰਾਏ ਤੇ ਦੇਣ ਵਾਲੀ ਕੰਪਨੀ ਪੰਜਾਬ ਸਰਕਾਰ ਦੇ ਪੈਨਲ ਤੇ ਵੀ ਨਹੀਂ ਹੈ। ਹੁਣ ਆਡਿਟ ਮਹਿਕਮੇ ਨੇ ਵੀ ਇਤਰਾਜ਼ ਲਗਾ ਦਿੱਤੇ ਹਨ। ਇਵੇਂ ਹੀ ਹੈਲੀਕਾਪਟਰ ਦੇ ਰੱਖ ਰਖਾਵ ਅਤੇ ਮੁਰੰਮਤ ਦਾ ਕੰਮ ਵੀ ਬਿਨ•ਾਂ ਟੈਂਡਰਾਂ ਅਤੇ ਕੁਟੇਸ਼ਨਾਂ ਤੋਂ ਹੀ ਕਰਾ ਲਿਆ ਹੈ ਜਿਸ ਤੇ ਵੀ ਉਂਗਲ ਉਠਾਈ ਗਈ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਰੋਜ਼ਾਨਾ ਦੀ ਲੋੜ ਦੇ ਹਿਸਾਬ ਨਾਲ ਨਵੰਬਰ 2013 ਤੋਂ ਸਤੰਬਰ 2014 ਤੱਕ ਪ੍ਰਾਈਵੇਟ ਹਵਾਈ ਕੰਪਨੀਆਂ ਤੋਂ ਭਾੜੇ ਤੇ ਹੈਲੀਕਾਪਟਰ ਲਿਆ ਸੀ ਜਿਸ ਦਾ ਕਰੀਬ ਇੱਕ ਵਰੇ• ਦਾ ਕਿਰਾਇਆ ਖਜ਼ਾਨੇ ਚੋਂ 6.64 ਕਰੋੜ ਰੁਪਏ ਤਾਰਿਆ ਗਿਆ। ਪੰਜਾਬ ਸਰਕਾਰ ਨੇ ਇਨ•ਾਂ ਹੈਲੀਕਾਪਟਰਾਂ ਦਾ ਪ੍ਰਤੀ ਘੰਟਾ ਦੇ ਹਿਸਾਬ ਨਾਲ ਉਹੀ ਕਿਰਾਇਆ ਤਾਰਿਆ ਜੋ ਇਨ•ਾਂ ਕੰਪਨੀਆਂ ਨੇ ਮੰਗਿਆ। ਆਡਿਟ ਇਤਰਾਜ ਵਿਚ ਇਸ ਨੂੰ ਪੰਜਾਬ ਵਿੱਤੀ ਰੂਲਜ ਦੀ ਉਲੰਘਣਾ ਦੱਸਿਆ ਹੈ। ਸੂਤਰ ਆਖਦੇ ਹਨ ਕਿ ਟੈਂਡਰ ਆਦਿ ਤੇ ਭਾੜੇ ਵਿਚ ਕਾਫੀ ਕਟੌਤੀ ਹੋ ਜਾਣੀ ਸੀ।
                     ਪੰਜਾਬ ਸਰਕਾਰ ਨੇ ਹਾਲੇ ਥੋੜਾ ਅਰਸਾ ਪਹਿਲਾਂ ਹੀ ਆਪਣਾ ਸਰਕਾਰੀ ਹੈਲੀਕਾਪਟਰ ਖਰੀਦ ਕੀਤਾ ਹੈ ਪ੍ਰੰਤੂ ਇਕ ਹੈਲੀਕਾਪਟਰ ਨਾਲ ਵੀ ਹਾਲੇ ਸਰਕਾਰ ਦਾ ਸਰਦਾ ਨਹੀਂ ਹੈ। ਤਾਹੀਓ ਮੌਕੇ ਤੇ ਹੀ ਹੈਲੀਕਾਪਟਰ ਮੰਗਵਾਇਆ ਜਾਂਦਾ ਹੈ ਜਿਸ ਦਾ ਭਾੜਾ ਵੀ ਉੱਚਾ ਦੇਣਾ ਪੈਂਦਾ ਹੈ। ਪਤਾ ਲੱਗਾ ਹੈ ਕਿ ਜਦੋਂ ਇੱਕ ਦਿਨ ਵਿਚ ਦੋ ਦੋ ਵੀ.ਆਈ.ਪੀਜ ਨੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੁੰਦਾ ਹੈ ਤਾਂ ਮੌਕੇ ਹੀ ਸਰਕਾਰ ਹੈਲੀਕਾਪਟਰ ਦਾ ਪ੍ਰਬੰਧ ਕਰਦੀ ਹੈ। ਪੰਜਾਬ ਸਰਕਾਰ ਦਾ ਹੈਲੀਕਾਪਟਰ ਖਰਚ ਪਿਛਲੇ ਕਈ ਵਰਿ•ਆਂ ਤੋਂ ਲਗਾਤਾਰ ਵੱਧ ਰਿਹਾ ਹੈ। ਪੰਜਾਬ ਸਰਕਾਰ ਨੇ ਇਸੇ ਤਰ•ਾਂ ਸਰਕਾਰੀ ਹੈਲੀਕਾਪਟਰ ਦੇ ਰੱਖ ਰੱਖਾਵ ਅਤੇ ਮੁਰੰਮਤ ਤੇ ਵੀ ਇੱਕ ਵਰੇ• ਵਿਚ 93.30 ਲੱਖ ਰੁਪਏ ਦਾ ਖਰਚਾ ਕੀਤਾ ਹੈ। ਸਰਕਾਰੀ ਖਜ਼ਾਨੇ ਚੋਂ ਇਸ ਕੰਮ ਵਾਸਤੇ ਮੈਸਰਜ਼ ਏਅਰ ਵਰਕਸ ਇੰਡੀਆ (ਇੰਜ) ਪ੍ਰਾਈਵੇਟ ਲਿਮਟਿਡ ਨੂੰ ਨਵੰਬਰ 2013 ਤੋਂ ਸਤੰਬਰ 2014 ਤੱਕ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਬਿਨ•ਾਂ ਕਿਸੇ ਟੈਂਡਰ ਅਤੇ ਕੁਟੇਸ਼ਨ ਦੇ ਇਸ ਫਰਮ ਨੂੰ ਮੁਰੰਮਤ ਦਾ ਕੰਮ ਅਲਾਟ ਕਰ ਦਿੱਤਾ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਪੈਨਲ ਤੇ ਵੀ ਇਹ ਫਰਮ ਨਹੀਂ ਸੀ। ਆਡਿਟ ਇਤਰਾਜ ਹੈ ਕਿ ਮੁਕਾਬਲੇਬਾਜੀ ਵਿਚ ਇਹੋ ਕੰਮ ਸਸਤਾ ਹੋ ਸਕਦਾ ਸੀ।
                      ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਨਿਯਮਾਂ ਤੋਂ ਉਲਟ ਜਾ ਕੇ ਬਿਨ•ਾਂ ਕਿਸੇ ਟੈਂਡਰ ਤੋਂ ਮਹਿੰਗੇ ਭਾਅ ਤੇ ਹੈਲੀਕਾਪਟਰ ਕਿਰਾਏ ਤੇ ਲਿਆ ਅਤੇ ਸਰਕਾਰੀ ਹੈਲੀਕਾਪਟਰ ਦੀ ਮੁਰੰਮਤ ਦਾ ਕੰਮ ਦਿੱਤਾ ਜਿਸ ਨਾਲ ਕਰੋੜਾਂ ਰੁਪਏ ਦਾ ਖਜ਼ਾਨੇ ਨੂੰ ਝਟਕਾ ਲੱਗਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਦੇਣ ਵਾਸਤੇ ਪੈਸਾ ਨਹੀਂ ਹੈ ਅਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰ ਵਿੱਤੀ ਮਦਦ ਉਡੀਕ ਰਹੇ ਹਨ ਪ੍ਰੰਤੂ ਸਰਕਾਰ ਖਜ਼ਾਨੇ ਚੋਂ ਹਵਾਈ ਕੰਪਨੀਆਂ ਨੂੰ ਖੁੱਲ•ੇ ਗੱਫੇ ਵਰਤਾ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਸੰਜਮ ਵਰਤਣ ਦੀ ਥਾਂ ਹੁਣ ਖਜ਼ਾਨੇ ਨੂੰ ਆਪਣੀ ਸੁੱਖ ਸਹੂਲਤ ਵਾਸਤੇ ਵਰਤ ਰਹੀ ਹੈ।
                                    ਐਮਰਜੈਂਸੀ ਵਿਚ ਹਾਇਰ ਕੀਤਾ ਜਾਂਦਾ ਹੈ : ਸਲਾਹਕਾਰ
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਦਾ ਪ੍ਰਤੀਕਰਮ ਸੀ ਕਿ ਜਦੋਂ ਵੀ.ਆਈ.ਪੀਜ਼ ਦੇ ਇੱਕੋ ਦਿਨ ਵਿਚ ਕਈ ਕਈ ਪ੍ਰੋਗਰਾਮ ਆ ਜਾਂਦੇ ਹਨ ਤਾਂ ਐਮਰਜੈਂਸੀ ਵਿਚ ਹੈਲੀਕਾਪਟਰ ਭਾੜੇ ਤੇ ਲਿਆ ਜਾਂਦਾ ਹੈ ਅਤੇ ਐਨ ਮੌਕੇ ਤੇ ਟੈਂਡਰ ਆਦਿ ਜਾਰੀ ਕਰਨੇ ਸੰਭਵ ਨਹੀਂ ਹੁੰਦੇ ਹਨ। ਉਨ•ਾਂ ਆਖਿਆ ਕਿ ਇਸੇ ਤਰ•ਾਂ ਦੇਸ਼ ਵਿਚ ਮੁਰੰਮਤ ਵਾਲੀਆਂ ਫਰਮਾਂ ਬੰਗਲੌਰ ਅਤੇ ਦਿੱਲੀ ਵਿਚ ਕੁੱਲ ਦੋ ਹਨ ਜਿਸ ਕਰਕੇ ਸਰਕਾਰ ਕੋਲ ਦਿੱਲੀ ਤੋਂ ਹੈਲੀਕਾਪਟਰ ਦੀ ਮੁਰੰਮਤ ਕਰਾਉਣ ਤੋਂ ਬਿਨ•ਾਂ ਕੋਈ ਆਪਸ਼ਨ ਨਹੀਂ ਹੁੰਦੀ ਹੈ। ਉਨ•ਾਂ ਦੱਸਿਆ ਕਿ ਉਨ•ਾਂ ਨੇ ਆਡਿਟ ਦਾ ਜੁਆਬ ਵੀ ਦੇ ਦਿੱਤਾ ਹੈ।

Wednesday, May 13, 2015


                                         ਤਜਵੀਜ਼ ਪ੍ਰਵਾਨ
                       ਨਹਿਰਾਂ ਵਿਚ ਬੱਸਾਂ ਚਲਾਉਣ ਦੀ ਤਿਆਰੀ
                                           ਚਰਨਜੀਤ ਭੁੱਲਰ
ਬਠਿੰਡਾ : ਕੀ ਪੰਜਾਬ ਦੀ ਇੰਦਰਾ ਗਾਂਧੀ ਨਹਿਰ ਵਿਚ ਬੱਸਾਂ ਦੌੜਨਗੀਆਂ ? ਉਪ ਮੁੱਖ ਮੰਤਰੀ ਬਾਦਲ ਇਸ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਹੁਣ ਕੇਂਦਰ ਸਰਕਾਰ ਨੇ ਇਸ ਦਿਸ਼ਾ ਵੱਲ ਕਦਮ ਚੁੱਕਿਆ ਹੈ। ਪੰਜਾਬ ਦੀ ਇੰਦਰਾ ਗਾਂਧੀ ਨਹਿਰ ਨੂੰ ਕੌਮੀ ਜਲ ਮਾਰਗ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਮਿਲ ਗਈ ਹੈ। ਕੇਂਦਰ ਸਰਕਾਰ ਦੀ ਇੰਦਰਾ ਗਾਂਧੀ ਨਹਿਰ (ਰਾਜਸਥਾਨ ਫੀਡਰ) ਵਿਚ ਜਲ ਵਾਹਨ ਚਲਾਉਣ ਦੀ ਯੋਜਨਾ ਹੈ। ਕੇਂਦਰ ਸਰਕਾਰ ਵਲੋਂ 101 ਦਰਿਆਵਾਂ ਤੇ ਨਹਿਰਾਂ ਨੂੰ ਕੌਮੀ ਜਲਮਾਰਗ ਬਣਾਉਣ ਦੀ ਤਜਵੀਜ਼ ਹੈ ਜਿਸ ਵਿਚ ਹੁਣ ਇੰਦਰਾ ਗਾਂਧੀ ਨਹਿਰ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਯੋਜਨਾ ਵਿਚ ਬਿਆਸ ਤੇ ਸਤਲੁਜ ਦਰਿਆ ਪਹਿਲਾਂ ਹੀ ਸ਼ਾਮਲ ਕੀਤੇ ਗਏ ਸਨ। ਕੇਂਦਰੀ ਸ਼ਿਪਿੰਗ ਮੰਤਰਾਲੇ ਦੀ ਸੂਚਨਾ ਅਨੁਸਾਰ ਕੇਂਦਰ ਸਰਕਾਰ ਨੇ ਇੰਦਰਾ ਗਾਂਧੀ ਨਹਿਰ ਸਮੇਤ 101 ਜਲਮਾਰਗ ਪ੍ਰੋਜੈਕਟਾਂ ਲਈ ਸਾਲ 2015-16 ਵਾਸਤੇ 25 ਕਰੋੜ ਰੁਪਏ ਦੇ ਫੰਡ ਰੱਖੇ ਗਏ ਹਨ ਤਾਂ ਜੋ ਇਨ•ਾਂ ਪ੍ਰੋਜੈਕਟਾਂ ਦੀ ਫਿਜੀਬਿਲਟੀ ਰਿਪੋਰਟ ਅਤੇ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ) ਤਿਆਰ ਕਰਾਈ ਜਾ ਸਕੇ। 
              ਇੰਦਰਾ ਗਾਂਧੀ ਨਹਿਰ ਹਰੀਕੇ ਤੋਂ ਸ਼ੁਰੂ ਹੁੰਦੀ ਹੈ ਅਤੇ ਪੰਜਾਬ ਦੇ ਫਿਰੋਜਪੁਰ,ਫਰੀਦਕੋਟ,ਮੁਕਤਸਰ ਅਤੇ ਬਠਿੰਡਾ ਜਿਲ•ੇ ਵਿਚੋਂ ਦੀ ਲੰਘਦੀ ਹੈ। ਅੱਗੇ ਇਹ ਨਹਿਰ ਰਾਜਸਥਾਨ ਵਿਚ ਦਾਖਲ ਹੁੰਦੀ ਹੈ। ਇਸ ਨਹਿਰ ਵਿਚ 11 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਕਰੀਬ 60 ਸਾਲ ਪੁਰਾਣੀ ਨਹਿਰ ਹੈ। ਕੇਂਦਰ ਸਰਕਾਰ ਦੀ ਇਸ ਨਹਿਰ ਨੂੰ ਢੋਆ ਢੋਆਈ ਦੇ ਸਾਧਨ ਵਜੋਂ ਜਲ ਮਾਰਗ ਆਵਾਜਾਈ ਲਈ ਵਰਤਣ ਦੀ ਯੋਜਨਾ ਹੈ। ਕੇਂਦਰ ਸਰਕਾਰ ਵਲੋਂ ਇਨ•ਾਂ ਪ੍ਰੋਜੈਕਟਾਂ ਨੂੰ ਕੌਮੀ ਜਲ ਮਾਰਗ ਐਲਾਨਣ ਵਾਸਤੇ ਬਿੱਲ ਪਾਰਲੀਮੈਂਟ ਵਿਚ ਰੱਖਿਆ ਜਾਵੇਗਾ। ਜਦੋਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਬਠਿੰਡਾ ਵਿਖੇ ਆਏ ਸਨ ਤਾਂ ਉਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ•ਾਂ ਨੂੰ ਇਹ ਨਹਿਰ ਦਿਖਾਈ ਸੀ। ਉਪ ਮੁੱਖ ਮੰਤਰੀ ਬਾਦਲ ਨੇ ਬਠਿੰਡਾ ਸਮਾਗਮ ਵਿਚ ਨਹਿਰਾਂ ਵਿਚ ਬੱਸਾਂ ਚੱਲਣ ਦੀ ਗੱਲ ਵੀ ਆਖੀ ਸੀ। ਭਾਵੇਂ ਮਾਲਵਾ ਖਿੱਤੇ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਹਾਰ ਗਿਆ ਹੈ ਲੇਕਿਨ ਕੇਂਦਰ ਨੇ ਇਸ ਖਿੱਤੇ ਦੀ ਨਹਿਰ ਨੂੰ ਜਲਮਾਰਗ ਬਣਾਉਣ ਦਾ ਫੈਸਲਾ ਕਰ ਲਿਆ ਹੈ।
              ਮੁੱਖ ਇੰਜੀਨੀਅਰ (ਨਹਿਰਾਂ) ਅਮਰਜੀਤ ਸਿੰਘ ਦੁੱਲਟ ਦਾ ਪ੍ਰਤੀਕਰਮ ਸੀ ਕਿ ਅੰਗਰੇਜਾਂ ਦੇ ਜ਼ਮਾਨੇ ਵਿਚ ਵੀ ਨਹਿਰਾਂ ਨੂੰ ਆਵਾਜਾਈ ਦੇ ਸਾਧਨ ਵਜੋਂ ਵਰਤਿਆ ਜਾਂਦਾ ਸੀ ਅਤੇ ਹੁਣ ਵੀ ਇਨ•ਾਂ ਨਹਿਰਾਂ ਦੀ ਵਰਤੋਂ ਆਵਾਜਾਈ ਵਾਸਤੇ ਹੋ ਸਕਦੀ ਹੈ। ਉਨ•ਾਂ ਆਖਿਆ ਕਿ ਅਗਰ ਕੋਈ ਕੇਂਦਰੀ ਯੋਜਨਾ ਹੈ ਤਾਂ ਇਸ ਰਾਜਸਥਾਨ ਫੀਡਰ ਦੀ ਮੁੜ ਉਸਾਰੀ ਕਰਨੀ ਪਵੇਗੀ। ਕੇਂਦਰੀ ਵੇਰਵਿਆਂ ਅਨੁਸਾਰ ਸਾਜੋ ਸਮਾਨ ਦੀ ਵਪਾਰਿਕ ਆਵਾਜਾਈ ਲਈ ਕੇਂਦਰ ਸਰਕਾਰ ਨੇ ਪੰਜ ਕੌਮੀ ਜਲਮਾਰਗ ਐਲਾਨੇ ਹਨ। ਕੇਂਦਰ ਸਰਕਾਰ ਦਾ  ਕੌਮੀ ਜਲ ਮਾਰਗਾਂ ਨੂੰ ਕੌਮੀ ਅਤੇ ਰਾਜ ਹਾਈਵੇਅ ਨਾਲ ਜੋੜਨ ਦਾ ਮੰਤਵ ਹੈ। ਵਿਸ਼ਵ ਬੈਂਕ ਨੇ ਹਾਲਦੀਆ ਅਲਾਹਾਬਾਦ ਕੌਮੀ ਜਲਮਾਰਗ ਲਈ ਜਲ ਮਾਰਗ ਵਿਕਾਸ ਪ੍ਰੋਜੈਕਟ ਪ੍ਰਵਾਨ ਵੀ ਕੀਤਾ ਹੈ। ਪੰਜਾਬ ਦੇ ਬਿਆਸ ਤੇ ਸਤਲੁਜ ਦਰਿਆ ਪਹਿਲਾਂ ਵੀ ਇਸ ਯੋਜਨਾ ਵਿਚ ਸ਼ਾਮਲ ਹਨ ਜਦੋਂ ਕਿ ਹਰਿਆਣਾ ਦੀ ਯਮਨਾ ਅਤੇ ਇੰਦਰਾ ਗਾਂਧੀ ਨਹਿਰ ਵੀ ਇਸ ਵਿਚ ਸ਼ਾਮਲ ਹੈ। ਰਾਜਸਥਾਨ ਵਿਚ ਵੀ ਇੰਦਰਾ ਗਾਂਧੀ ਨਹਿਰ ਨੂੰ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਆਸ ਦਰਿਆ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
                        ਹਾਲੇ ਲਿਖਤੀ ਸੂਚਨਾ ਨਹੀਂ ਆਈ : ਸਿੰਚਾਈ ਮੰਤਰੀ    
        ਸਿੰਚਾਈ ਵਿਭਾਗ ਪੰਜਾਬ ਦੇ ਪ੍ਰਬੰਧਕੀ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਰਾਜਸਥਾਨ ਫੀਡਰ ਦੀ ਫਿਜੀਬਿਲਟੀ ਸਟੱਡੀ ਮਗਰੋਂ ਸਕੋਪ ਦਾ ਪਤਾ ਲੱਗ ਸਕਦਾ ਹੈ। ਉਨ•ਾਂ ਆਖਿਆ ਕਿ ਅਗਰ ਕੇਂਦਰੀ ਯੋਜਨਾ ਪ੍ਰਵਾਨ ਹੋ ਗਈ ਹੈ ਤਾਂ ਇਸ ਨਹਿਰ ਨੂੰ ਟਰਾਂਸਪੋਟੇਸ਼ਨ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਵਾਸਤੇ ਪੁੱਲ ਵਗੈਰਾ ਉਚੇ ਕਰਨੇ ਪੈਣਗੇ। ਸਿੰਚਾਈ ਮੰਤਰੀ ਸ੍ਰੀ ਸ਼ਰਨਜੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਕੇਂਦਰ ਤਰਫੋਂ ਅਜਿਹੀ ਕੋਈ ਲਿਖਤੀ ਸੂਚਨਾ ਉਨ•ਾਂ ਕੋਲ ਪੁੱਜੀ ਨਹੀਂ ਹੈ। ਉਨ•ਾਂ ਆਖਿਆ ਕਿ ਅਗਰ ਏਦਾ ਦਾ ਯੋਜਨਾ ਹੈ ਤਾਂ ਉਹ ਪਹਿਲਾਂ ਮਾਮਲੇ ਦੀ ਸਟੱਡੀ ਕਰਨਗੇ, ਉਸ ਮਗਰੋਂ ਹੀ ਕੁਝ ਆਖਿਆ ਜਾ ਸਕਦਾ ਹੈ।
     

Thursday, May 7, 2015

                                              ਦੌਲਤਮੰਦ 
              ਹਰਸਿਮਰਤ ਕੋਲ 5.40 ਕਰੋੜ ਦੇ ਗਹਿਣੇ
                                          ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਕੋਲ ਪੂਰੀ ਕੇਂਦਰੀ ਵਜ਼ਾਰਤ ਚੋਂ ਸਭ ਤੋਂ ਵੱਧ ਗਹਿਣੇ ਹਨ। ਪ੍ਰਧਾਨ ਮੰਤਰੀ ਸਮੇਤ ਪੂਰੀ ਕੈਬਨਿਟ ਕੋਲ 4.50 ਕਰੋੜ ਦੇ ਗਹਿਣੇ ਹਨ ਜਦੋਂ ਕਿ ਇਕੱਲੀ ਬੀਬਾ ਬਾਦਲ ਕੋਲ 5.40 ਕਰੋੜ ਦੀ ਜਵੈਲਰੀ ਹੈ। 26 ਮੈਂਬਰੀ ਕੈਬਨਿਟ ਚੋਂ ਹਰਸਿਮਰਤ ਕੌਰ ਬਾਦਲ ਜਵੈਲਰੀ ਦੇ ਮਾਮਲੇ ਵਿਚ ਝੰਡੀ ਲੈ ਗਈ ਹੈ। ਪੂਰੀ ਜਾਇਦਾਦ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਬੀਬਾ ਬਾਦਲ ਦਾ ਕੈਬਨਿਟ ਚੋਂ ਦੂਸਰਾ ਨੰਬਰ ਹੈ। ਪ੍ਰਧਾਨ ਮੰਤਰੀ ਦਫਤਰ ਦੇ ਵੇਰਵਿਆਂ ਅਨੁਸਾਰ ਕੇਂਦਰੀ ਵਜ਼ੀਰਾਂ ਵਲੋਂ ਜੋ ਪ੍ਰਧਾਨ ਮੰਤਰੀ ਦਫਤਰ ਕੋਲ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ•ਾਂ ਅਨੁਸਾਰ ਕੈਬਨਿਟ ਵਿਚ ਸ਼ਾਮਲ ਪੰਜ ਮਹਿਲਾ ਵਜ਼ੀਰਾਂ ਕੋਲ ਕੁੱਲ 7.41 ਕਰੋੜ ਦੇ ਗਹਿਣੇ ਹਨ। ਇਕੱਲੀ ਮਹਿਲਾ ਵਜ਼ੀਰ ਬੀਬਾ ਬਾਦਲ ਕੋਲ 5.40 ਕਰੋੜ ਦੀ ਜਵੈਲਰੀ ਹੈ ਜਦੋਂ ਕਿ ਬਾਕੀ ਚਾਰ ਮਹਿਲਾ ਵਜ਼ੀਰਾਂ ਕੋਲ ਸਿਰਫ 2.01 ਕਰੋੜ ਰੁਪਏ ਦੇ ਹੀ ਗਹਿਣੇ ਹਨ। ਜਦੋਂ ਹਰਸਿਮਰਤ ਕੌਰ ਬਾਦਲ ਪਹਿਲੀ ਜਦੋਂ ਸਾਲ 2009 ਵਿਚ ਸੰਸਦ ਮੈਂਬਰ ਬਣੇ ਸਨ ਤਾਂ ਉਦੋਂ ਉਨ•ਾਂ ਕੋਲ 1.94 ਕਰੋੜ ਰੁਪਏ ਦੇ ਗਹਿਣੇ ਸਨ।
       
                       ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਿਰਫ 1.20 ਲੱਖ ਰੁਪਏ ਦੀ ਜਵੈਲਰੀ ਹੈ ਜਦੋਂ ਕਿ ਉਹ ਕੁੱਲ 1.26 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਵਾਲੇ ਕਾਲਮ ਵਿਚ ਸੰਪਤੀ ਦੇ ਵੇਰਵਿਆਂ ਵਾਰੇ ਕੋਈ ਜਾਣਕਾਰੀ ਨਹੀਂ ਲਿਖਿਆ ਹੈ। ਕੇਂਦਰੀ ਵਜ਼ਾਰਤ ਚੋਂ ਸਭ ਤੋਂ ਜਿਆਦਾ ਸੰਪਤੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਹੈ ਜੋ ਕਿ 113 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਦੂਸਰਾ ਨੰਬਰ ਹਰਸਿਮਰਤ ਕੌਰ ਬਾਦਲ ਦਾ ਹੈ ਜਿਨ•ਾਂ ਕੋਲ ਕੁੱਲ ਸੰਪਤੀ 108 ਕਰੋੜ ਰੁਪਏ ਦੇ ਕਰੀਬ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ 1.56 ਕਰੋੜ ਰੁਪਏ ਦੀ ਸੰਪਤੀ ਹੈ ਜਿਸ ਚੋਂ 4.80 ਲੱਖ ਰੁਪਏ ਦੇ ਗਹਿਣੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਦੇਸ਼ ਵਿਚ ਇਸ ਵੇਲੇ ਗਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਜੁੜ ਰਹੀ ਹੈ ਜਦੋਂ ਕਿ ਮੁਲਕ ਨੂੰ ਚਲਾਉਣ ਵਾਲਿਆਂ ਕੋਲ ਗਹਿਣਿਆ ਸਮੇਤ ਜਾਇਦਾਦ ਦੀ ਕੋਈ ਕਮੀ ਨਹੀਂ ਹੈ। ਉਨ•ਾਂ ਆਖਿਆ ਕਿ ਗਰੀਬ ਮਜ਼ਦੂਰ ਦੇ ਪੀਪੇ ਵਿਚ ਉਨ•ਾਂ ਆਟਾ ਨਹੀਂ ਜਿਨ•ਾਂ ਕੋਲ ਕੇਂਦਰੀ ਮਹਿਲਾ ਵਜ਼ੀਰ ਕੋਲ ਸੋਨਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਹਾਲੇ ਵੀ ਏਦੇ ਦੇ ਪਿੰਡ ਹਨ ਜਿਨ•ਾਂ ਵਿਚ ਗਰੀਬ ਲੋਕ ਕੱਚੇ ਘਰਾਂ ਵਿਚ ਰਹਿੰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਘਰਾਂ ਵਿਚ ਹਾਲੇ ਤੱਕ ਦੀਵੇ ਦਾ ਹੀ ਚਾਨਣ ਹੈ।
                  ਜਵੈਲਰੀ ਦੇ ਮਾਮਲੇ ਵਿਚ ਕੇਂਦਰੀ ਵਜ਼ਾਰਤ ਚੋਂ ਦੂਸਰਾ ਨੰਬਰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ ਹੈ ਜਿਨ•ਾਂ ਕੋਲ 1.47 ਕਰੋੜ ਰੁਪਏ ਦੇ ਗਹਿਣੇ ਹਨ। ਮੇਨਕਾ ਗਾਂਧੀ ਕੋਲ ਕੁੱਲ ਜਾਇਦਾਦ 37.66 ਕਰੋੜ ਰੁਪਏ ਦੀ ਹੈ। ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰੀ ਸਿਮਰਤੀ ਇਰਾਨੀ ਕੋਲ 19.85 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਉਸ ਕੋਲ ਕੁੱਲ ਸੰਪਤੀ 9.30 ਕਰੋੜ ਰੁਪਏ ਦੀ ਹੈ। ਕੇਂਦਰੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਕੋਲ ਸਿਰਫ 8.36 ਲੱਖ ਰੁਪਏ ਦੇ ਹੀ ਗਹਿਣੇ ਹਨ ਜਦੋਂ ਕਿ ਉਨ•ਾਂ ਕੋਲ ਕੁੱਲ ਸੰਪਤੀ 12.19 ਕਰੋੜ ਰੁਪਏ ਦੀ ਹੈ। ਇਵੇਂ ਹੀ ਡਾ. ਨਜਮਾ ਹੈਪਤੁੱਲਾ ਕੋਲ 21 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਕੁੱਲ ਸੰਪਤੀ 26.69 ਕਰੋੜ ਰੁਪਏ ਦੀ ਹੈ। ਵਿਰੋਧੀ ਧਿਰ ਚੋਂ ਸੋਨੀਆ ਗਾਂਧੀ ਦੀ ਜਵੈਲਰੀ ਦੀ ਕੀਮਤ ਤੇ ਨਜ਼ਰ ਮਾਰੀਏ ਤਾਂ ਸੋਨੀਆ ਗਾਂਧੀ ਕੋਲ ਇਸ ਵੇਲੇ 62.26 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਸਾਲ 2009 ਵਿਚ ਸੋਨੀਆ ਗਾਂਧੀ ਕੋਲ 29.37 ਲੱਖ ਰੁਪਏ ਦੇ ਗਹਿਣੇ ਸਨ। ਵੇਰਵਿਆਂ ਅਨੁਸਾਰ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਚੌਧਰੀ ਬਿਰੇਂਦਰ ਸਿੰਘ ਕੋਲ 24.30 ਲੱਖ ਰੁਪਏ ਦੀ ਜਵੈਲਰੀ ਹੈ ਜਦੋਂ ਕਿ ਉਨ•ਾਂ ਕੋਲ 9.72 ਕਰੋੜ ਰੁਪਏ ਦੀ ਕੁੱਲ ਸੰਪਤੀ ਹੈ।
                                                                                                                                                                                       

Tuesday, May 5, 2015

                                                                       ਹਕੂਮਤੀ ਲਾਹਾ 
         ਔਰਬਿਟ ਪਾਠਸ਼ਾਲਾ ਵਿਚ ਅਧਿਆਪਕ ਸਰਕਾਰੀ
                                                                     ਚਰਨਜੀਤ ਭੁੱਲਰ
ਬਠਿੰਡਾ  : ਔਰਬਿਟ ਕੰਪਨੀ ਦੀ ਪ੍ਰਾਈਵੇਟ ਪਾਠਸ਼ਾਲਾ ਵਿਚ ਅੱਜ ਸਰਕਾਰੀ ਅਧਿਆਪਕਾਂ ਨੇ ਕਲਾਸ ਲਾਈ। ਇਸ ਪ੍ਰਾਈਵੇਟ ਕੰਪਨੀ ਦੀ ਬਠਿੰਡਾ ਵਿਚਲੀ ਵਰਕਸ਼ਾਪ ਵਿਚ ਅੱਜ ਬਕਾਇਦਾ ਸਿਖਲਾਈ ਕਲਾਸ ਸ਼ੁਰੂ ਹੋ ਗਈ ਹੈ। ਅਧਿਆਪਕਾਂ ਨੇ ਅੱਜ ਔਰਬਿਟ ਸਟਾਫ ਨੂੰ ਗਾਂਧੀਗਿਰੀ ਦਾ ਪਾਠ ਪੜਾਇਆ। ਇਹ ਸਿੱਖਿਆ ਦਿੱਤੀ ਗਈ ਕਿ ਅਗਰ ਕੋਈ ਯਾਤਰੀ ਕੌੜਾ ਵੀ ਬੋਲੇ ਤਾਂ ਉਸ ਦਾ ਪਿਆਰ ਨਾਲ ਜੁਆਬ ਦੇਣਾ। ਨਸੀਹਤ ਦਿੱਤੀ ਗਈ ਕਿ ਇੱਟ ਦਾ ਜੁਆਬ ਪੱਥਰ ਵਿਚ ਤਾਂ ਕਦੇ ਵੀ ਨਹੀਂ ਦੇਣਾ। ਯਾਤਰੀ ਦਾ ਮਾਣ ਇੱਜਤ ਕਰਨ ਦੇ ਨੁਕਤੇ ਵੀ ਸਿਖਾਏ ਗਏ। ਸਟੇਟ ਇੰਸਟੀਚੂਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਪਿੰਡ ਮਾਹੂਆਣਾ (ਜਿਲ•ਾ ਮੁਕਤਸਰ) ਦੇ ਕਰੀਬ ਚਾਰ ਅਧਿਆਪਕਾਂ ਨੇ ਅੱਜ ਕਰੀਬ ਤਿੰਨ ਘੰਟੇ ਔਰਬਿਟ ਕੰਪਨੀ ਦੀ ਪ੍ਰਾਈਵੇਟ ਵਰਕਸ਼ਾਪ ਵਿਚ ਕਲਾਸ ਲਗਾਈ। ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਜੇ.ਐਸ.ਚੀਮਾ ਇਸ ਇੰਸਟੀਚੂਟ ਦੇ ਚੇਅਰਮੈਨ ਹਨ ਜਦੋਂ ਕਿ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਇਸ ਸਿਖਲਾਈ ਸੰਸਥਾ ਦੇ ਮੈਂਬਰ ਸੈਕਟਰੀ ਹਨ। ਜਦੋਂ ਇੰਸਟੀਚੂਟ ਦੇ ਅੰਦਰ ਡਰਾਈਵਿੰਗ ਦਾ ਦੋ ਦਿਨਾਂ ਦਾ ਕੋਰਸ ਹੁੰਦਾ ਹੈ ਤਾਂ ਪ੍ਰਤੀ ਡਰਾਈਵਰ 337 ਰੁਪਏ ਸਰਕਾਰੀ ਫੀਸ ਲਈ ਜਾਂਦੀ ਹੈ। ਹੁਣ ਜੋ ਔਰਬਿਟ ਕੰਪਨੀ ਵਾਸਤੇ ਇਸ ਇੰਸਟੀਚੂਟ ਨੇ ਵਿਸ਼ੇਸ਼ ਟਰੇਨਿੰਗ ਲਗਾਈ ਹੈ, ਉਸ ਦੀ ਫੀਸ ਵਾਰੇ ਹਾਲੇ ਭੇਤ ਬਣਿਆ ਹੋਇਆ ਹੈ।
                     ਔਰਬਿਟ ਵਰਕਸ਼ਾਪ ਵਿਚ ਅੱਜ ਕਰੀਬ ਤਿੰਨ ਸੌ ਤੋਂ ਜਿਆਦਾ ਡਰਾਈਵਰ ਕੰਡਕਟਰਾਂ ਨੇ ਟਰੇਨਿੰਗ ਵਿਚ ਸਮੂਲੀਅਤ ਕੀਤੀ। ਕੰਪਨੀ ਤਰਫੋਂ ਇਸ ਮੌਕੇ ਮੁਹੰਮਦ ਜ਼ਮੀਲ ਹਾਜ਼ਰ ਸਨ। ਕੰਪਨੀ ਵਲੋਂ ਇਸ ਮੌਕੇ ਬੁਲਾਏ ਟੇਲਰਜ਼ ਨੇ ਹਰ ਡਰਾਈਵਰ ਦੀ ਵਰਦੀ ਦਾ ਨਾਪ ਲਿਆ ਜਦੋਂ ਕਿ ਕੰਡਕਟਰਾਂ ਦਾ ਨਾਪ ਭਲਕੇ ਲਿਆ ਜਾਣਾ ਹੈ। ਕੰਪਨੀ ਤਰਫੋਂ ਹਰ ਸਟਾਫ ਮੈਂਬਰ ਨੂੰ ਵਰਦੀ ਦਿੱਤੀ ਜਾਣੀ ਹੈ। ਔਰਬਿਟ ਪ੍ਰਬੰਧਕਾਂ ਨੇ ਅੱਜ ਡਰਾਈਵਰਾਂ ਤੋਂ ਡਰਾਈਵਿੰਗ ਲਾਇਸੈਂਸ ਲਏ ਹਨ ਅਤੇ ਹੋਰ ਇੱਕ ਇੱਕ ਸਬੂਤ ਲਿਆ ਹੈ। ਕੰਪਨੀ ਤਰਫੋਂ ਹਰ ਸਟਾਫ ਮੈਂਬਰ ਦੀ ਵੈਰੀਫਿਕੇਸ਼ਨ ਕਰਾਈ ਜਾ ਰਹੀ ਹੈ। ਕਰੀਬ ਤਿੰਨ ਘੰਟੇ ਚੱਲੀ ਟਰੇਨਿੰਗ ਵਿਚ ਰੈਡ ਬੱਤੀ ਨੂੰ ਜੰਪ ਨਾ ਕਰਨ ਅਤੇ ਹੋਰ ਰੋਡ ਸੇਫਟੀ ਆਦਿ ਦੇ ਨੁਕਤੇ ਸਿਖਾਏ ਗਏ। ਮਾਹਿਰ ਅਧਿਆਪਕਾਂ ਨੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਬੋਲਣ ਦਾ ਸਲੀਕਾ ਵੀ ਸਿਖਾਇਆ। ਸਰਕਾਰੀ ਇੰਸਟੀਚੂਟ ਦੇ ਅਧਿਆਪਕ ਭਲਕੇ ਦੂਸਰੇ ਦਿਨ ਦੀ ਟਰੇਨਿੰਗ ਦੇਣਗੇ। ਸਟੇਟ ਇੰਸਟੀਚੂਟ ਦੇ ਪ੍ਰਿੰਸੀਪਲ ਸ੍ਰੀ ਪੀ.ਆਰ.ਆਨੰਦ ਦਾ ਕਹਿਣਾ ਸੀ ਕਿ ਮੈਂਬਰ ਸੈਕਟਰੀ ਦੀ ਹਦਾਇਤ ਉਪਰ ਔਰਬਿਟ ਕੰਪਨੀ ਲਈ ਕੈਂਪ ਲਗਾਇਆ ਗਿਆ ਹੈ। ਉਨ•ਾਂ ਆਖਿਆ ਕਿ ਉਹ ਆਊਟ ਆਫ ਸਟੇਸ਼ਨ ਹਨ ਜਿਸ ਕਰਕੇ ਵਿਸਥਾਰ ਵਿਚ ਬਹੁਤਾ ਕੁਝ ਪਤਾ ਨਹੀਂ ਹੈ।                                                                                                                                                                 ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਕਹਿਣਾ ਸੀ ਕਿ ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਮਾਮਲਾ ਹੈ। ਉਨ•ਾਂ ਆਖਿਆ ਕਿ ਅਗਰ ਔਰਬਿਟ ਨੇ ਕੋਈ ਟਰੇਨਿੰਗ ਦਿਵਾਉਣੀ ਹੈ ਤਾਂ ਉਹ ਇੰਸਟੀਚੂਟ ਵਿਚ ਸਟਾਫ ਭੇਜ ਕੇ ਬਕਾਇਦਾ ਫੀਸ ਭਰ ਕੇ ਸਿਖਲਾਈ ਦਿਵਾਏ। ਸੂਤਰਾਂ ਅਨੁਸਾਰ ਪੀ.ਆਰ.ਟੀ.ਸੀ ਵਲੋਂ ਵੀ ਆਪਣੇ ਡਰਾਈਵਰਾਂ ਨੂੰ ਇੰਸਟੀਚੂਟ ਵਿਚ ਭੇਜ ਕੇ ਟਰੇਨਿੰਗ ਦਿਵਾਈ ਜਾਂਦੀ ਹੈ। ਪੀ.ਆਰ.ਟੀ.ਸੀ ਨੇ ਵੀ ਕਦੇ ਇੰਸਟੀਚੂਟ ਦੇ ਮਾਹਿਰ ਡਿਪੂਆਂ ਵਿਚ ਨਹੀਂ ਬੁਲਾਏ ਹਨ। ਹਾਲਾਂਕਿ ਪੀ.ਆਰ. ਟੀ.ਸੀ ਦਾ ਇਹ ਆਪਣਾ ਇੰਸਟੀਚੂਟ ਹੈ। ਦੱਸਣਯੋਗ ਹੈ ਕਿ ਸਟੇਟ ਇੰਸਟੀਚੂਟ ਵਾਸਤੇ ਪਿੰਡ ਮਾਹੂਆਣਾ ਦੀ ਪੰਚਾਇਤ ਨੇ ਮੁਫਤ ਜ਼ਮੀਨ ਦਿੱਤੀ ਸੀ ਅਤੇ ਪੀ.ਆਰ.ਟੀ.ਸੀ ਨੇ ਇਮਾਰਤ ਉਸਾਰਨ ਵਾਸਤੇ ਫੰਡ ਖਰਚੇ ਸਨ। ਟਾਟਾ ਮੋਟਰਜ ਅਤੇ ਪੀ.ਆਰ.ਟੀ.ਸੀ ਤਰਫੋਂ ਸਾਂਝੇ ਤੌਰ ਤੇ ਇਹ ਇੰਸਟੀਚੂਟ ਚਲਾਇਆ ਜਾ ਰਿਹਾ ਹੈ ਜਿਸ ਦੇ ਅਧਿਆਪਕਾਂ ਨੂੰ ਤਨਖਾਹ ਵਗੈਰਾ ਇਕੱਤਰ ਹੁੰਦੀ ਫੀਸ ਤੋਂ ਦਿੱਤੀ ਜਾਂਦੀ ਹੈ। ਇਸ ਇੰਸਟੀਚੂਟ ਵਿਚ ਦੋ ਕੋਰਸ ਵੀ ਚੱਲ ਰਹੇ ਹਨ।
                                                ਔਰਬਿਟ ਦੀ ਟਰੇਨਿੰਗ ਪੇਡ : ਨਾਰੰਗ
ਸਟੇਟ ਇੰਸਟੀਚੂਟ ਮਾਹੂਆਣਾ ਦੇ ਮੈਂਬਰ ਸਕੱਤਰ ਮਨਜੀਤ ਸਿੰਘ ਨਾਰੰਗ (ਐਮ.ਡੀ,ਪੀ.ਆਰ.ਟੀ.ਸੀ) ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੀ ਤਰਜੀਹ ਤਾਂ ਇੰਸਟੀਚੂਟ ਕੈਂਪਸ ਵਿਚ ਹੀ ਸਿਖਲਾਈ ਦੇਣ ਦੀ ਹੁੰਦੀ ਹੈ ਪ੍ਰੰਤੂ ਅਗਰ ਕੋਈ ਜਿਆਦਾ ਗਿਣਤੀ ਵਿਚ ਸਟਾਫ ਨੂੰ ਟਰੇਨਿੰਗ ਦਿਵਾਉਣਾ ਚਾਹੇ ਤਾਂ ਮਾਹਿਰ ਇੰਸਟੀਚੂਟ ਤੋਂ ਬਾਹਰ ਵੀ ਜਾ ਸਕਦੇ ਹਨ। ਉਨ•ਾਂ ਆਖਿਆ ਕਿ ਔਰਬਿਟ ਕੰਪਨੀ ਦੇ ਸਟਾਫ ਲਈ ਲਗਾਈ ਟਰੇਨਿੰਗ ਪੇਡ ਹੈ ਜਿਸ ਵਿਚ ਕੁਝ ਵੀ ਗਲਤ ਨਹੀਂ ਹੈ। 

Monday, May 4, 2015

                               ਕੋਚਿੰਗ ਫ਼ਰੀ
                  ਬਾਦਲਾਂ ਦੀ ਪਾਠਸ਼ਾਲਾ
                             ਚਰਨਜੀਤ ਭੁੱਲਰ
ਬਠਿੰਡਾ  : ਔਰਬਿਟ ਕੰਪਨੀ ਦੀ ਨਵੀਂ ਪਾਠਸ਼ਾਲਾ ਵਿਚ ਸਿਆਣਪ ਦੇ ਸਬਕ ਸਿਖਾਏ ਜਾਣੇ ਹਨ। ਦਿੱਲੀਓਂ ਗਿਆਰਾਂ ਅਧਿਆਪਕ ਬੁਲਾਏ ਗਏ ਹਨ ਜੋ ਵੀ.ਆਈ.ਪੀ ਡਰਾਈਵਰਾਂ ਕੰਡਕਟਰਾਂ ਦੀ ਕਲਾਸ ਲੈਣਗੇ।  ਬਠਿੰਡਾ ਡਬਵਾਲੀ ਸੜਕ ਮਾਰਗ ਤੇ ਜੋ ਵੀ.ਆਈ.ਪੀ ਵਰਕਸ਼ਾਪ ਹੈ, ਉਥੇ ਹੀ ਇਸ ਪਾਠਸ਼ਾਲਾ ਦਾ ਕੈਂਪਸ ਬਣਾਇਆ ਗਿਆ ਹੈ। ਪਾਠਸ਼ਾਲਾ ਦਾ ਮਹੂਰਤ 3 ਮਈ ਨੂੰ ਠੀਕ ਗਿਆਰਾਂ ਵਜੇ ਹੋਇਆ। ਔਰਬਿਟ ਕੰਪਨੀ ਨੇ ਪਹਿਲੇ ਦਿਨ ਬੱਸ ਸਟਾਫ ਨੂੰ ਪਹਿਲਾਂ ਫਿਟਕਾਰ ਪਾਈ ਅਤੇ ਫਿਰ ਉਨ•ਾਂ ਨੂੰ ਸਿਆਣੇ ਬਣਨ ਦੀ ਨਸੀਹਤ ਦਿੱਤੀ। ਔਰਬਿਟ ਕੰਪਨੀ ਨੇ ਆਪਣੀ ਸਾਰੀ ਟਰਾਂਸਪੋਰਟ ਸੜਕਾਂ ਤੋਂ ਉਤਾਰ ਕੇ ਅੱਜ ਬਠਿੰਡਾ ਵਿਚਲੀ ਵਰਕਸ਼ਾਪ ਵਿਚ ਖੜ•ੀ ਕਰ ਦਿੱਤੀ ਹੈ। ਔਰਬਿਟ ਕੰਪਨੀ ਦੇ ਪ੍ਰਬੰਧਕਾਂ ਨੇ ਅੱਜ ਕਰੀਬ ਤਿੰਨ ਸੌ ਡਰਾਈਵਰਾਂ ਕੰਡਕਟਰਾਂ ਨੂੰ ਵਰਕਸਾਪ ਨੁਮਾ ਪਾਠਸ਼ਾਲਾ ਵਿਚ ਸੱਦਿਆ ਹੋਇਆ ਸੀ। ਕਰੀਬ ਤਿੰਨ ਘੰਟੇ ਦੀ ਇੱਕ ਲੰਮੀ ਕਲਾਸ ਚੱਲੀ ਜਿਸ ਵਿਚ ਸਟਾਫ ਨੂੰ ਸਿੱਧੇ ਰਾਹ ਪੈਣ ਦੀ ਗੱਲ ਆਖੀ ਗਈ। ਮੋਗਾ ਕਾਂਡ ਤੋਂ ਭੜਕੇ ਰੋਹ ਨੇ ਔਰਬਿਟ ਨੂੰ ਨਵਾਂ ਸਬਕ ਸਿਖਾ ਦਿੱਤਾ ਹੈ। ਕੰਪਨੀ ਵਲੋਂ ਦਿੱਲੀ ਤੋਂ ਮਾਹਿਰਾਂ ਦੀ 11 ਮੈਂਬਰੀ ਟੀਮ ਬੁਲਾਈ ਗਈ ਹੈ ਜੋ ਕਿ ਬਠਿੰਡਾ ਪੁੱਜ ਗਈ ਹੈ। ਅੱਜ ਤੋਂ ਹੀ ਇਹ ਮਾਹਿਰ ਔਰਬਿਟ ਸਟਾਫ ਦੀ ਟਰੇਨਿੰਗ ਸ਼ੁਰੂ ਕਰਨਗੇ।                                                                                                                                                                                            ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬਠਿੰਡਾ ਪੁੱਜਣ ਦਾ ਪ੍ਰੋਗਰਾਮ ਸੀ ਜੋ ਕਿ ਮਗਰੋਂ ਕੈਂਸਲ ਹੋ ਗਿਆ। ਸੂਤਰ ਦੱਸਦੇ ਹਨ ਕਿ ਉਪ ਮੁੱਖ ਮੰਤਰੀ ਨੇ ਖੁਦ ਔਰਬਿਟ ਸਟਾਫ ਨੂੰ ਸੰਬੋਧਨ ਕਰਨਾ ਸੀ। ਅਹਿਮ ਸੂਤਰਾਂ ਅਨੁਸਾਰ ਅੱਜ ਔਰਬਿਟ ਕੰਪਨੀ ਤਰਫੋਂ ਲੱਖੀ ਜੈਲਦਾਰ ਅਤੇ ਮੁਹੰਮਦ ਜ਼ਮੀਲ ਨੇ ਡਰਾਈਵਰਾਂ ਕੰਡਕਟਰਾਂ ਦੀ ਕਲਾਸ ਲਈ ਜੋ ਕਿ 11 ਵਜੇ ਸ਼ੁਰੂ ਹੋਈ ਅਤੇ ਦੋ ਵਜੇ ਖਤਮ ਹੋਈ। ਵੇਰਵਿਆਂ ਅਨੁਸਾਰ ਔਰਬਿਟ ਕੰਪਨੀ ਤਰਫੋਂ ਹੁਣ ਹਰ ਬੱਸ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਅਤੇ 15 ਦਿਨਾਂ ਦੇ ਅੰਦਰ ਅੰਦਰ ਇਹ ਕੈਮਰੇ ਲਗਾਏ ਜਾਣੇ ਹਨ। ਹਰ ਡਰਾਈਵਰ ਕੰਡਕਟਰ ਨੇਵੀ ਬਲੂ ਰੰਗ ਦੀ ਡਰੈਸ ਵਿਚ ਹੋਵੇਗਾ ਅਤੇ ਹਰ ਸਟਾਫ ਮੈਂਬਰ ਦੀ ਜੇਬ ਤੇ ਛੋਟੀ ਨੇਮ ਪਲੇਟ ਹੋਵੇਗੀ। ਕਲਾਸ ਵਿਚ ਨਸੀਹਤ ਦਿੱਤੀ ਗਈ ਹੈ ਕਿ ਕੋਈ ਵੀ ਡਰਾਈਵਰ ਕੰਡਕਟਰ ਚੱਲਦੀ ਬੱਸ ਦੌਰਾਨ ਗੱਡੀ ਵਿਚ ਮੋਬਾਇਲ ਫੋਨ ਨਹੀਂ ਸੁਣੇਗਾ। ਕਲਾਸ ਵਿਚ ਡਰਾਈਵਰਾਂ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਕੋਈ ਵੀ ਡਰਾਈਵਰ ਗੱਡੀ ਓਵਰ ਸਪੀਡ ਨਹੀਂ ਚਲਾਏਗਾ। ਵੱਡੀ ਨਸੀਹਤ ਦਿੱਤੀ ਗਈ ਕਿ ਹਰ ਡਰਾਈਵਰ ਕੰਡਕਟਰ ਆਪਣੀ ਬੋਲਬਾਣੀ ਸੁਧਾਰੇ। ਯਾਤਰੀਆਂ ਨਾਲ ਗੱਲਬਾਤ ਕਰਨ ਦੇ ਸਲੀਕੇ ਵਾਰੇ ਦੱਸਿਆ ਗਿਆ।                                                                                                                                                                                                        ਔਰਬਿਟ ਕੰਪਨੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹਰ ਬੱਸ ਵਿਚ ਡਰਾਈਵਰ ਕੰਡਕਟਰ ਤੋਂ ਇਲਾਵਾ ਕੋਈ ਤੀਸਰਾ ਸਟਾਫ ਮੈਂਬਰ ਨਹੀਂ ਹੋਵੇਗਾ। ਡਰਾਈਵਰਾਂ ਨੂੰ ਇਹ ਗੱਲ ਯਕੀਨੀ ਬਣਾਉਣ ਵਾਸਤੇ ਵੀ ਆਖਿਆ ਗਿਆ ਹੈ। ਟਰੇਨਿੰਗ ਦੀ ਸ਼ੁਰੂਆਤ  ਵਿਚ ਸਖਸੀਅਤ ਨਿਖਾਰ ਵਾਰੇ ਵੀ ਨੁਕਤੇ ਦੱਸੇ ਜਾਣੇ ਹਨ। ਵੇਰਵਿਆਂ ਅਨੁਸਾਰ ਔਰਬਿਟ ਦੇ ਸੜਕਾਂ ਤੋਂ ਉਤਰਨ ਨਾਲ ਇਸ ਕੰਪਨੀ ਨੂੰ ਕਰੀਬ 70 ਲੱਖ ਰੁਪਏ ਰੋਜ਼ਾਨਾ ਦਾ ਮਾਲੀ ਨੁਕਸਾਨ ਹੋਣ ਲੱਗਾ ਹੈ। ਔਰਬਿਟ ਦੀ ਗੈਰਹਾਜ਼ਰੀ ਵਿਚ ਅੱਜ ਮਾਲਵਾ ਪੱਟੀ ਦੇ ਬੱਸ ਅੱਡਿਆਂ ਤੇ ਸ਼ਾਂਤੀ ਛਾਈ ਹੋਈ ਹੈ। ਬਠਿੰਡਾ ਦੇ ਬੱਸ ਅੱਡੇ ਤੇ ਅੱਜ ਕਿਧਰੇ ਕੋਈ ਪ੍ਰੈਸਰ ਹਾਰਨ ਸੁਣਨ ਨੂੰ ਨਹੀਂ ਮਿਲ ਰਿਹਾ ਸੀ ਅਤੇ ਕਿਧਰੇ ਸਵਾਰੀਆਂ ਚੜਾਉਣ ਲਾਈ ਮਾਰੋ ਮਾਰੀ ਨਹੀਂ ਹੋ ਰਹੀ ਸੀ। ਅੱਜ ਬਠਿੰਡਾ ਵਿਚ ਇੱਕ ਮੈਡੀਕਲ ਦੀ ਪ੍ਰੀਖਿਆ ਵੀ ਸੀ ਜਿਸ ਕਰਕੇ ਅੱਜ ਪੀ.ਆਰ.ਟੀ.ਸੀ ਦੀਆਂ ਬੱਸਾਂ ਭਰੀਆਂ ਹੀ ਅੱਡਿਆਂ ਚੋਂ ਨਿਕਲੀਆਂ।
                        ਦੱਸਣਯੋਗ ਹੈ ਕਿ ਔਰਬਿਟ ਕੰਪਨੀ ਨੇ ਥੋੜਾ ਅਰਸਾ ਪਹਿਲਾਂ ਹੀ ਬਠਿੰਡਾ ਵਿਚ ਬੱਸਾਂ ਦੀ ਵਰਕਸ਼ਾਪ ਬਣਾਈ ਹੈ ਜਿਥੇ ਕਾਫੀ ਸਮਾਂ ਪੰਜਾਬ ਪੁਲੀਸ ਦੀ ਤਾਇਨਾਤੀ ਵੀ ਰਹੀ ਹੈ। ਬਠਿੰਡਾ ਪੁਲੀਸ ਨੇ ਥੋੜਾ ਸਮਾਂ ਪਹਿਲਾਂ ਹੀ ਪੁਲੀਸ ਗਾਰਦ ਹਟਾ ਲਈ ਸੀ। ਪੀ.ਆਰ.ਟੀ.ਸੀ ਦੇ ਇੱਕ ਕੰਡਕਟਰ ਦਾ ਕਹਿਣਾ ਸੀ ਕਿ ਕਰੀਬ 10 ਵਰਿਅ•ਾ ਮਗਰੋਂ ਅੱਡਿਆਂ ਤੇ ਏਦਾ ਦਾ ਮਾਹੌਲ ਬਣਿਆ ਹੈ ਅਤੇ ਸਰਕਾਰੀ ਬੱਸਾਂ ਨੂੰ ਏਨੀ ਬੁਕਿੰਗ ਮਿਲੀ ਹੈ। ਬਠਿੰਡਾ ਡਿਪੂ ਚੋਂ ਚੰਡੀਗੜ• ਦੇ ਸਰਕਾਰੀ ਬੱਸਾਂ ਦੇ 32 ਟਾਈਮ ਹਨ। ਭਾਵੇਂ ਅੱਜ ਛੁੱਟੀ ਵਾਲਾ ਦਿਨ ਸੀ ਪ੍ਰੰਤੂ ਇਸ ਦੇ ਬਾਵਜੂਦ ਅੱਜ ਸਰਕਾਰੀ ਬੱਸਾਂ ਦੀ ਬੁਕਿੰਗ ਚੰਗੀ ਰਹੀ ਹੈ। 

Sunday, May 3, 2015

                                     ਔਰਬਿਟ ਕਾਂਡ
                   ਕਾਹਤੋਂ ਨਹੀਂ ਟਲਦਾ ਰਣਜੀਤ
                                     ਚਰਨਜੀਤ ਭੁੱਲਰ
ਬਠਿੰਡਾ : ਕੌਣ ਨਹੀਂ ਜਾਣਦਾ ਔਰਬਿਟ ਵਾਲੇ ਰਣਜੀਤ ਨੂੰ। ਸ਼ਾਇਦ ਬਜ਼ੁਰਗ ਦਾਦੀ ਸੁਰਜੀਤ ਕੌਰ ਨੂੰ ਇਹ ਭੁੱਲੇਗਾ ਵੀ ਨਹੀਂ ਜਿਸ ਦੀ ਪੋਤੀ ਅਰਸ਼ਦੀਪ ਨੂੰ ਉਸ ਤੋਂ ਸਦਾ ਲਈ ਜੁਦਾ ਕਰ ਦਿੱਤਾ। ਔਰਬਿਟ ਦੇ ਡਰਾਈਵਰ ਰਣਜੀਤ ਸਿੰਘ ਦਾ ਮੋਗਾ ਕਾਂਡ ਪਹਿਲਾ ਕੇਸ ਨਹੀਂ ਹੈ। ਉਸ ਤੋਂ ਪਹਿਲਾਂ ਸੜਕਾਂ ਤੇ ਰਣਜੀਤ ਨੇ ਕਈ ਦਰੜੇ ਨੇ। ਰਣਜੀਤ ਦੇ ਮਾਲਕਾਂ ਦੀ ਤਾਕਤ ਅੱਗੇ ਹਰ ਕਿਸੇ ਨੇ ਮੂੰਹ ਬੰਦ ਕਰਨ ਵਿਚ ਭਲਾਈ ਸਮਝੀ। ਰਣਜੀਤ ਤੇ ਦੋ ਪੁਲੀਸ ਕੇਸ ਪਹਿਲਾਂ ਵੀ ਦਰਜ ਹੋ ਚੁੱਕੇ ਹਨ। ਟਰਾਂਸਪੋਰਟ ਸੈਕਟਰ ਵਿਚ ਅੜਬ ਸੁਭਾਅ ਤੇ ਕੱਬੀ ਬੋਲਬਾਣੀ ਰਣਜੀਤ ਦੀ ਪਹਿਚਾਣ ਰਹੀ ਹੈ। ਬਠਿੰਡਾ ਜਿਲ•ੇ ਦੇ ਪਿੰਡ ਚੱਕ ਰਾਮ ਸਿੰਘ ਵਾਲਾ ਦਾ ਸਿਰ ਔਰਬਿਟ ਕਾਂਡ ਨੇ ਸ਼ਰਮ ਨਾਲ ਝੁਕਾ ਦਿੱਤਾ ਹੈ। ਪਿੰਡ ਦੀ ਹਰ ਦੇਹਲੀ ਨੂੰ ਇਸ ਘਟਨਾ ਨੇ ਹਲੂਣ ਦਿੱਤਾ ਹੈ। ਮੋਗਾ ਕਾਂਡ ਵਿਚ ਸ਼ਾਮਲ ਔਰਬਿਟ ਬੱਸ ਦਾ ਡਰਾਈਵਰ ਰਣਜੀਤ ਸਿੰਘ ਇਸ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸ ਨੇ ਹੁਣ ਇਸ ਪਿੰਡ ਦੀ ਇੱਜਤ ਨੂੰ ਵੀ ਲੀਹ ਤੋਂ ਲਾਹ ਦਿੱਤਾ ਹੈ। ਮੋਗਾ ਕਾਂਡ ਵਿਚ ਸ਼ਾਮਲ ਕੰਡਕਟਰ ਅਮਰਜੀਤ ਸਿੰਘ ਵੀ ਬਠਿੰਡਾ ਜਿਲ•ੇ ਦੇ ਪਿੰਡ ਚੱਕ ਬਖਤੂ ਦਾ ਵਸਨੀਕ ਹੈ। ਜਦੋਂ ਚੱਕ ਰਾਮ ਸਿੰਘ ਵਾਲਾ ਤੱਕ ਡਰਾਈਵਰ ਰਣਜੀਤ ਸਿੰਘ ਦੀ ਖਬਰ ਪੁੱਜੀ ਤਾਂ ਪਿੰਡ ਸ਼ਰਮਸਾਰ ਹੋ ਗਿਆ।
                          ਵੇਰਵਿਆਂ ਅਨੁਸਾਰ ਡਰਾਈਵਰ ਰਣਜੀਤ ਸਿੰਘ ਛੋਟੀ ਕਿਸਾਨੀ ਨਾਲ ਸਬੰਧਿਤ ਹੈ ਅਤੇ ਉਹ ਕਈ ਵਰਿ•ਆਂ ਤੋਂ ਔਰਬਿਟ ਬੱਸ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਸ ਦੇ ਦੋ ਲੜਕੇ ਹਨ ਜਿਨ•ਾਂ ਚੋਂ ਇੱਕ ਖੇਤੀ ਕਰ ਰਿਹਾ ਹੈ ਅਤੇ ਦੂਸਰਾ ਲੜਕਾ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਪਹਿਲਾਂ ਉਹ ਮਿੰਨੀ ਬੱਸ ਤੇ ਵੀ ਡਰਾਈਵਰ ਰਿਹਾ ਹੈ। ਸੁਭਾਅ ਪੱਖੋ ਰਣਜੀਤ ਸਿੰਘ ਕਾਫੀ ਅੜਬ ਮੰਨਿਆ ਜਾਂਦਾ ਹੈ ਅਤੇ ਉਸ ਦੇ ਗੁੱਸੇ ਤੋਂ ਸਭ ਡਰਦੇ ਹਨ। ਉਹ ਨਸ਼ੇ ਵੀ ਕਰਦਾ ਹੈ। ਡਰਾਈਵਰ ਰਣਜੀਤ ਸਿੰਘ ਦੀ ਡਰਾਈਵਿੰਗ ਦਾ ਸ਼ਿਕਾਰ ਪਹਿਲਾਂ ਵੀ ਕਈ ਵਿਅਕਤੀ ਹੋ ਚੁੱਕੇ ਹਨ। ਡਰਾਈਵਰ ਰਣਜੀਤ ਸਿੰਘ ਨੇ 22 ਸਤੰਬਰ 2013 ਨੂੰ ਤਪਾ ਮੰਡੀ ਲਾਗੇ ਦੋ ਮੋਟਰ ਸਾਇਕਲ ਸਵਾਰਾਂ ਨੂੰ ਦਰੜ ਦਿੱਤਾ ਸੀ। ਉਦੋਂ ਰਣਜੀਤ ਸਿੰਘ ਔਰਬਿਟ ਕੰਪਨੀ ਦੀ ਬੱਸ ਨੰਬਰ ਪੀ.ਬੀ 03 ਯੂ 3935 ਚਲਾ ਰਿਹਾ ਸੀ। ਇਸ ਸੜਕ ਹਾਦਸੇ ਵਿਚ ਬਲਤੇਜ ਸਿੰਘ ਅਤੇ ਬਲਕਾਰ ਕੌਰ ਜ਼ਖਮੀ ਹੋ ਗਏ ਸਨ। ਤਪਾ ਮੰਡੀ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਉਦੋਂ ਥਾਣਾ ਤਪਾ ਵਿਚ ਧਾਰਾ 279,337,338,427 (ਐਫ. ਆਈ.ਆਰ ਨੰਬਰ 90) ਤਹਿਤ ਡਰਾਈਵਰ ਰਣਜੀਤ ਸਿੰਘ ਖਿਲਾਫ ਪੁਲੀਸ ਕੇਸ ਦਰਜ ਕਰਾਇਆ ਸੀ।
                         ਪੁਲੀਸ ਅਨੁਸਾਰ ਇਸ ਮਾਮਲੇ ਵਿਚ ਚਲਾਨ ਪੇਸ਼ ਹੋ ਚੁੱਕਾ ਹੈ। ਇਵੇਂ ਇਸ ਡਰਾਈਵਰ ਨੇ ਸਾਲ 2002 ਵਿਚ ਬਠਿੰਡਾ ਕੈਂਟ ਲਾਗੇ ਇੱਕ ਫੌਜੀ ਪ੍ਰਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਬਣਾ ਦਿੱਤਾ ਸੀ ਜਿਸ ਵਿਚ ਇੱਕ ਜੀਅ ਦੀ ਮੌਤ ਹੋਣ ਦਾ ਵੀ ਸਮਾਚਾਰ ਹੈ। ਉਦੋਂ ਇਹ ਡਰਾਈਵਰ ਕਿਸੇ ਹੋਰ ਬੱਸ ਕੰਪਨੀ ਵਿਚ ਡਰਾਈਵਰ ਸੀ। ਥਾਣਾ ਕੈਂਟ ਵਿਚ ਉਦੋਂ ਐਫ.ਆਈ. ਆਰ ਨੰਬਰ 29 ਦਰਜ ਹੋਈ ਸੀ ਅਤੇ ਫੌਜ ਦੇ ਹਵਾਲਦਾਰ ਖੈਰ ਨਾਥ ਦੀ ਪਤਨੀ ਸ਼ੋਭਾ ਨੇ ਇਹ ਪਰਚਾ ਦਰਜ ਕਰਾਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਡਰਾਈਵਰ ਰਣਜੀਤ ਸਿੰਘ 18 ਸਤੰਬਰ 2006 ਨੂੰ ਬਰੀ ਹੋ ਗਿਆ ਸੀ। ਪਿੰਡ ਚੱਕ ਰਾਮ ਸਿੰਘ ਵਾਲਾ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਦਾ ਪ੍ਰਤੀਕਰਮ ਸੀ ਕਿ ਇਸ ਕਾਰੇ ਨੇ ਪਿੰਡ ਦੇ ਪੱਲੇ ਬਦਨਾਮੀ ਪਾ ਦਿੱਤੀ ਹੈ। ਉਨ•ਾਂ ਆਖਿਆ ਕਿ ਘਟਨਾ ਕਾਫੀ ਮਾੜੀ ਹੋਈ ਹੈ ਅਤੇ ਪਿੰਡ ਦੇ ਬਹੁਤੇ ਲੋਕ ਇਹ ਸੁਣ ਕੇ ਹੈਰਾਨ ਪ੍ਰੇਸ਼ਾਨ ਵੀ ਹਨ। ਪੰਚਾਇਤ ਮੈਂਬਰ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਜੋ ਹੋਇਆ,ਉਹ ਮਾੜਾ ਹੋਇਆ ਹੈ। ਉਨ•ਾਂ ਆਖਿਆ ਕਿ ਪਿੰਡ ਦੇ ਮੱਥੇ ਤੇ ਵੀ ਬਦਨਾਮੀ ਦਾ ਦਾਗ ਲੱਗ ਗਿਆ ਹੈ।
                         ਔਰਬਿਟ ਕਾਂਡ ਵਿਚ ਸ਼ਾਮਲ ਕੰਡਕਟਰ ਅਮਰਜੀਤ ਸਿੰਘ ਦਾ ਪਿੰਡ ਚੱਕ ਬਖਤੂ ਹੈ। ਅਮਰਜੀਤ ਸਿੰਘ ਚਾਰ ਲੜਕੀਆਂ ਦਾ ਬਾਪ ਹੈ ਅਤੇ ਇੱਕ ਲੜਕੀ ਵਿਆਹੀ ਹੋਈ ਹੈ। ਉਸ ਦੇ ਇੱਕ ਲੜਕਾ ਵੀ ਹੈ। ਅਮਰਜੀਤ ਸਿੰਘ ਦਾ ਵੱਡਾ ਭਰਾ ਅਰਜਨ ਰਾਮ ਹੈ ਜਿਸ ਦੇ ਛੇ ਲੜਕੀਆਂ ਹੀ ਹਨ। ਕੰਡਕਟਰ ਅਮਰਜੀਤ ਸਿੰਘ ਲੰਮੇ ਅਰਸੇ ਤੋਂ ਕਿਸੇ ਹੋਰ ਟਰਾਂਸਪੋਰਟ ਵਿਚ ਕੰਮ ਕਰਦਾ ਰਿਹਾ ਹੈ। ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਨੇ ਤਿੰਨ ਦਿਨ ਪਹਿਲਾਂ ਹੀ ਔਰਬਿਟ ਕੰਪਨੀ ਵਿਚ ਨੌਕਰੀ ਜੁਆਇੰਨ ਕੀਤੀ ਸੀ। ਔਰਬਿਟ ਕਾਂਡ ਨੇ ਇਸ ਪਿੰਡ ਵਿਚ ਵੀ ਚਰਚਾ ਛੇੜੀ ਹੋਈ ਹੈ। ਇਸ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਮੋਗਾ ਦੀ ਘਟਨਾ ਬਹੁਤ ਮਾੜੀ ਹੋਈ ਹੈ ਪ੍ਰੰਤੂ ਇਸ ਵਿਅਕਤੀ ਦਾ ਪਿਛੋਕੜ ਬਿਲਕੁੱਲ ਠੀਕ ਹੈ। ਉਨ•ਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਮੋਗਾ ਕਾਂਡ ਵਿਚ ਅਮਰਜੀਤ ਸਿੰਘ ਦੇ ਸ਼ਾਮਲ ਹੋਣ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ ਹੈ। ਉਨ•ਾਂ ਆਖਿਆ ਕਿ ਘਟਨਾ ਕਾਰਨ ਪਿੰਡ ਸ਼ਰਮਸਾਰ ਹੈ। 

Saturday, May 2, 2015

                                  ਕੇਹਾ ਪੁੰਨ
                 ਔਰਬਿਟ ਅੱਗੇ ਸਭ ਸੁੰਨ...
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਔਰਬਿਟ ਬੱਸਾਂ ਨੂੰ ਬੱਸ ਅੱਡਿਆਂ ਵਿਚ ਸਵਾਰੀਆਂ ਚੁੱਕਣ ਲਈ ਖੁੱਲ•ਾ ਸਮਾਂ ਦਿੱਤਾ ਜਾਂਦਾ ਹੈ। ਬਠਿੰਡਾ ਦੇ ਬੱਸ ਅੱਡੇ ਤੇ ਕੋਈ ਵੀ ਬੱਸ ਏਨਾ ਸਮਾਂ ਨਹੀਂ ਖੜਦੀ ਜਿਨ•ਾਂ ਸਮਾਂ ਔਰਬਿਟ ਬੱਸਾਂ ਨੂੰ ਮਿਲਦਾ ਹੈ। ਨਤੀਜੇ ਵਜੋਂ ਪੀ.ਆਰ.ਟੀ.ਸੀ ਅਤੇ ਬਾਕੀ ਪ੍ਰਾਈਵੇਟ ਬੱਸਾਂ ਨੂੰ ਵੱਡੀ ਮਾਰ ਝੱਲਣੀ ਪੈਂਦੀ ਹੈ। ਜਦੋਂ ਕਿ ਵੀ.ਆਈ.ਪੀ ਬੱਸਾਂ ਨੱਕੋ ਨੱਕ ਭਰ ਕੇ ਚੱਲਦੀਆਂ ਹਨ। ਰਿਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਵਲੋਂ ਬਣਾਏ ਟਾਈਮ ਟੇਬਲ ਦੀ ਮਿਆਦ 31 ਦਸੰਬਰ 2012 ਨੂੰ ਲੰਘ ਵੀ ਚੁੱਕੀ ਹੈ ਪ੍ਰੰਤੂ ਹਾਲੇ ਵੀ ਉਹੀ ਟਾਈਮ ਟੇਬਲ ਚੱਲ ਰਿਹਾ ਹੈ। ਤੱਥਾਂ ਅਨੁਸਾਰ ਔਰਬਿਟ ਅਤੇ ਡਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਲਈ ਕਰੀਬ 34 ਰੂਟ ਬਠਿੰਡਾ ਤੋਂ ਹੀ ਚੱਲਦੇ ਹਨ। ਜੋ ਪਟਿਆਲਾ ਚੰਡੀਗੜ• ਰੂਟ ਹਨ, ਉਹ ਵੱਖਰੇ ਹਨ। ਸਵੇਰ 5.30 ਤੋਂ ਸਾਮ ਦੇ 6 ਵਜੇਂ ਤੱਕ ਜੋ ਔਰਬਿਟ,ਡਬਵਾਲੀ,ਤਾਜ ਅਤੇ ਹਰਗੋਬਿੰਦ ਬੱਸ ਕੰਪਨੀ ਦੇ ਰੂਟ ਹਨ, ਉਨ•ਾਂ ਨੂੰ ਬਠਿੰਡਾ ਦੇ ਬੱਸ ਅੱਡੇ ਤੇ ਖੜਨ ਦਾ ਖੁੱਲ•ਾ ਸਮਾਂ ਦਿੱਤਾ ਗਿਆ ਹੈ। ਸੂਤਰ ਆਖਦੇ ਹਨ ਕਿ ਬੱਸ ਅੱਡੇ ਵਿਚ ਤਾਂ ਇੱਕ ਇੱਕ ਸਕਿੰਟ ਦਾ ਮੁੱਲ ਹੁੰਦਾ ਹੈ।
                    ਰਿਜਨਲ ਅਥਾਰਟੀ ਪਟਿਆਲਾ ਨੇ 10 ਮਈ 2012 ਨੂੰ ਬਠਿੰਡਾ ਬਰਨਾਲਾ ਰੂਟ ਦਾ ਸਾਂਝਾ ਟਾਈਮ ਟੇਬਲ ਤਿਆਰ ਕੀਤਾ ਸੀ ਜਿਸ ਵਿਚ ਟਾਈਮ ਦਾ ਵੱਡਾ ਅਤੇ ਅਹਿਮ ਹਿੱਸਾ ਵੀ.ਆਈ.ਪੀ ਟਰਾਂਸਪੋਰਟ ਨੂੰ ਦਿੱਤਾ ਗਿਆ ਹੈ। ਟਾਈਮ ਟੇਬਲ ਅਨੁਸਾਰ ਔਰਬਿਟ ਜਾਂ ਡਬਵਾਲੀ ਬੱਸ ਕੰਪਨੀ ਦੇ ਅੱਗੇ ਪੀ.ਆਰ.ਟੀ.ਸੀ ਦੇ ਜਿਆਦਾ ਰੂਟ ਹਨ। ਸੂਤਰ ਆਖਦੇ ਹਨ ਕਿ ਅਕਸਰ ਸਰਕਾਰੀ ਬੱਸਾਂ ਦੇ ਰੂਟ ਮਿਸ ਹੋ ਜਾਂਦੇ ਹਨ ਜਿਸ ਦਾ ਲਾਹਾ ਵੀ.ਆਈ.ਪੀ ਬੱਸ ਕੰਪਨੀ ਨੂੰ ਮਿਲ ਜਾਂਦਾ ਹੈ। ਟਾਈਮ ਟੇਬਲ ਅਨੁਸਾਰ ਬਠਿੰਡਾ ਬਰਨਾਲਾ ਰੂਟ ਤੇ ਬਠਿੰਡਾ ਬੱਸ ਅੱਡੇ ਚੋਂ ਕਰੀਬ 193 ਰੂਟ (ਆਮ ਬੱਸਾਂ ਦੇ) ਚੱਲਦੇ ਹਨ ਜਿਨ•ਾਂ ਚੋਂ 16 ਆਮ ਬੱਸਾਂ ਕੋਲ ਨੂੰ ਸਿਰਫ਼ ਦੋ ਦੋ ਮਿੰਟ ਦਾ ਸਮਾਂ ਬੱਸ ਅੱਡੇ ਵਿਚ ਖੜ•ਨ ਦਾ ਦਿੱਤਾ ਗਿਆ ਹੈ ਜਦੋਂ ਕਿ 62 ਬੱਸਾਂ ਨੂੰ ਸਿਰਫ਼ ਤਿੰਨ ਤਿੰਨ ਮਿੰਟ ਹੀ ਅੱਡੇ ਵਿਚ ਸਵਾਰੀ ਚੁੱਕਣ ਲਈ ਮਿਲਦੇ ਹਨ। ਏਦਾ ਹੀ 40 ਬੱਸਾਂ ਨੂੰ ਚਾਰ ਚਾਰ ਮਿੰਟ ਅਤੇ 18 ਬੱਸਾਂ ਨੂੰ ਪੰਜ ਪੰਜ ਮਿੰਟ ਅੱਡੇ ਵਿਚ ਸਵਾਰੀ ਲੈਣ ਵਾਸਤੇ ਮਿਲਦੇ ਹਨ।
                   ਬਠਿੰਡਾ ਦੇ ਬੱਸ ਅੱਡੇ ਚੋਂ ਸਵੇਰ ਵਕਤ ਇਸ ਰੂਟ ਤੇ ਪਹਿਲੀ ਔਰਬਿਟ ਬੱਸ 5.28 ਵਜੇ ਚੱਲਦੀ ਹੈ ਜਿਸ ਨੂੰ ਪੂਰੇ 15 ਮਿੰਟ ਮਿਲਦੇ ਹਨ। ਉਸ ਤੋਂ ਪਹਿਲਾਂ ਪੀ.ਆਰ.ਟੀ.ਸੀ ਚੱਲਦੀ ਹੈ। 6.16 ਵਜੇ ਸਵੇਰੇ ਚੱਲਣ ਵਾਲੀ ਔਰਬਿਟ ਨੂੰ 11 ਮਿੰਟ ਅਤੇ ਉਸ ਪਿਛੇ ਫਿਰ ਔਰਬਿਟ ਨੂੰ 8 ਮਿੰਟ ਮਿਲਦੇ ਹਨ। 7.03 ਚੱਲਣ ਵਾਲੀ ਤਾਜ ਬੱਸ ਨੂੰ ਅੱਠ ਮਿੰਟ ਮਿਲਦੇ ਹਨ ਜਦੋਂ ਕਿ ਪਿਛੇ ਚੱਲਣ ਵਾਲੀਆਂ ਤਿੰਨ ਸਰਕਾਰੀ ਬੱਸਾਂ ਨੂੰ ਸਿਰਫ਼ ਤਿੰਨ ਤਿੰਨ ਮਿੰਟ ਮਿਲਦੇ ਹਨ। 7.06 ਵਜੇ ਤੋਂ 7.41 ਵਜੇ ਤੱਕ ਚੱਲਣ ਵਾਲੀ ਕਿਸੇ ਵੀ ਸਰਕਾਰੀ ਪ੍ਰਾਈਵੇਟ ਬੱਸ ਨੂੰ ਚਾਰ ਮਿੰਟ ਤੋਂ ਜਿਆਦਾ ਦਾ ਸਮਾਂ ਪ੍ਰਤੀ ਬੱਸ ਨਹੀਂ ਮਿਲਦਾ ਹੈ ਜਦੋਂ ਕਿ 7.48 ਵਜੇ ਚੱਲਣ ਵਾਲੀ ਡੀ.ਟੀ.ਸੀ ਨੂੰ ਸੱਤ ਮਿੰਟ ਮਿਲਦੇ ਹਨ। ਸੂਤਰਾਂ ਅਨੁਸਾਰ ਵੀ.ਆਈ.ਪੀ ਬੱਸਾਂ ਦੇ ਅੱਗੇ ਚੱਲਣ ਵਾਲੀਆਂ ਸਰਕਾਰੀ ਬੱਸਾਂ ਚੋਂ 50 ਫੀਸਦੀ ਬੱਸਾਂ ਦੇ ਰੂਟ ਮਿਸ ਹੀ ਹੋ ਜਾਂਦੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਤੋਂ 9.20 ਤੇ ਚੱਲਣ ਵਾਲੀ ਔਰਬਿਟ ਨੂੰ 8 ਮਿੰਟ ਦਿੱਤੇ ਗਏ ਹਨ ਜਦੋਂ ਕਿ ਉਸ ਦੇ ਅੱਗੇ ਪਿਛੇ ਚੱਲਣ ਵਾਲੀ ਪ੍ਰਾਈਵੇਟ ਬੱਸ ਨੂੰ ਦੋ ਦੋ ਮਿੰਟ ਦਿੱਤੇ ਹੋਏ ਹਨ। ਇਵੇਂ 9.58 ਵਜੇਂ ਚੱਲਣ ਵਾਲੀ ਤਾਜ ਬੱਸ 7 ਮਿੰਟ ਅੱਡੇ ਵਿਚ ਖੜ•ਦੀ ਹੈ ਜਦੋਂ ਕਿ ਉਸ ਦੇ ਅੱਗੇ ਚੱਲਣ ਵਾਲੀ ਪ੍ਰਾਈਵੇਟ ਬੱਸ ਨੂੰ 3 ਮਿੰਟ ਦਿੱਤੇ ਗਏ ਹਨ।
                    ਇਸੇ ਤਰ•ਾਂ 11.11 ਵਜੇ ਚੱਲਦੀ ਡਬਵਾਲੀ ਟਰਾਂਸਪੋਰਟ ਕੋਲ 9 ਮਿੰਟ ਹੈ ਜਦੋਂ ਕਿ ਉਸ ਤੋਂ ਪਹਿਲਾਂ ਚੱਲਦੀ ਪੀ.ਆਰ.ਟੀ.ਸੀ ਕੋਲ ਸਿਰਫ਼ ਚਾਰ ਮਿੰਟ ਹਨ। ਇਸ ਤੋਂ ਇਲਾਵਾ 11.40 ਵਜੇ ਚੱਲਦੀ ਡਬਵਾਲੀ ਬੱਸ ਕੋਲ 7 ਮਿੰਟ ਹਨ ਜਦੋਂ ਕਿ ਅੱਗੇ ਪਿਛੇ ਚੱਲਦੀ ਸਰਕਾਰੀ ਬੱਸ ਕੋਲ ਦੋ ਦੋ ਮਿੰਟ ਹਨ। ਦੁਪਹਿਰ 2.30 ਵਜੇ ਚੱਲਦੀ ਵੀ.ਆਈ.ਪੀ ਬੱਸ ਕੋਲ 10 ਮਿੰਟ ਹਨ ਜਦੋਂ ਕਿ ਅੱਗੇ ਚੱਲਦੀ ਲਿਬੜਾ ਕੋਲ ਸਿਰਫ ਚਾਰ ਮਿੰਟ ਮਿਲਦੇ ਹਨ। 3.23 ਵਜੇ ਚੱਲਦੀ ਔਰਬਿਟ ਬੱਸ ਨੂੰ 9 ਮਿੰਟ ਦਿੱਤੇ ਹੋਏ ਹਨ ਜਦੋਂ ਕਿ ਉਸ ਅੱਗੇ ਬੱਸ ਕੋਲ 5 ਮਿੰਟ ਹਨ। ਇਸੇ ਤਰ•ਾਂ ਹੀ ਬਠਿੰਡਾ ਫਰੀਦਕੋਟ ਰੂਟ ਤੇ ਨਿਊ ਦੀਪ ਬੱਸ ਕੰਪਨੀ ਕੋਲ ਵੀ ਬਾਕੀ ਨਾਲੋਂ ਜਿਆਦਾ ਸਮਾਂ ਹੈ। ਟਰਾਂਸਪੋਰਟ ਵਿਭਾਗ ਦੀ ਬਠਿੰਡਾ ਫਰੀਦਕੋਟ ਰੂਟਤੇ ਇਸ ਪੱਖਪਾਤੀ ਨੀਤੀ ਖ਼ਿਲਾਫ਼ ਬਠਿੰਡਾ ਦੇ ਗੁਰੂ ਨਾਨਕ ਟਰਾਂਸਪੋਰਟ ਕੰਪਨੀ ਵਲੋਂ ਸਾਲ 2013 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਟੀਸ਼ਨ (ਨੰਬਰ 28588) ਦਾਇਰ ਕੀਤੀ ਸੀ ਜਿਸ ਦੀ ਅਗਲੀ ਤਰੀਕ 11 ਮਈ 2015 ਹੈ।
                                        ਟਾਈਮ ਟੇਬਲ ਵਿਚ ਕੋਈ ਪੱਖਪਾਤ ਨਹੀਂ : ਆਰ.ਟੀ.ਏ
ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਪਟਿਆਲਾ ਦੇ ਸੈਕਟਰੀ (ਆਰ.ਟੀ.ਏ) ਸ੍ਰੀ ਹਰਮੇਲ ਸਿੰਘ ਦਾ ਕਹਿਣਾ ਸੀ ਕਿ ਹਾਈਕੋਰਟ ਤਰਫੋਂ ਕੁਝ ਰੂਟਾਂ ਦਾ ਟਾਈਮ ਟੇਬਲ ਸਟੇਅ ਕੀਤਾ ਗਿਆ ਹੈ। ਉਨ•ਾਂ ਆਖਿਆ ਕਿ ਸਭ ਬੱਸਾਂ ਨੂੰ ਤਕਨੀਕੀ ਤੌਰ ਤੇ ਬਰਾਬਰ ਦਾ ਸਮਾਂ ਦੇਣਾ ਮੁਸ਼ਕਲ ਹੈ ਕਿਉਂਕਿ ਇੱਕ ਰੂਟ ਤੇ ਕਈ ਬੱਸਾਂ ਕੋਲ ਛੋਟਾ ਪੈਂਡਾ ਹੁੰਦਾ ਹੈ ਅਤੇ ਕਈਆਂ ਕੋਲ ਲੰਮਾ। ਉਨ•ਾਂ ਆਖਿਆ ਕਿ ਟਾਈਮ ਟੇਬਲ ਵਿਚ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਹੈ।
                                    ਹਮੀਰਗੜ ਕਾਂਡ
                 ਨਹੀਂ ਭੁੱਲੇਗਾ ਮਜ਼ਦੂਰ ਦਿਹਾੜਾ
                                    ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਪੁਲੀਸ ਨੇ ਮਜ਼ਦੂਰ ਔਰਤਾਂ ਨੂੰ ਲਹੂ ਲੁਹਾਨ ਕਰਕੇ ਤਪਦੀ ਜ਼ਮੀਨ ਦਾ ਸੀਨਾ ਠਾਰਿਆ ਹੈ। ਠੀਕ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਪੁਲੀਸ ਨੇ ਪਿੰਡ ਹਮੀਰਗੜ• ਦੀ ਛੇ ਕਨਾਲ ਜ਼ਮੀਨ ਲਈ ਮਜ਼ਦੂਰਾਂ ਨੂੰ ਦੋ ਹੱਥ ਦਿਖਾ ਦਿੱਤੇ। ਪੁਲੀਸ ਦੇ ਅੱਥਰੂ ਗੋਲੇ ਮਜ਼ਦੂਰ ਔਰਤਾਂ ਨੂੰ ਛਨਣੀ ਕਰ ਗਏ। ਜਦੋਂ ਮਜ਼ਦੂਰ ਔਰਤਾਂ ਦਾ ਹਸਪਤਾਲ ਵਿਚ ਖੂਨ ਵਹਿ ਰਿਹਾ ਸੀ ਤਾਂ ਉਦੋਂ ਪੁਲੀਸ ਤੇ ਪ੍ਰਸ਼ਾਸਨ ਕਬਜ਼ਾ ਲੈਣ ਮਗਰੋਂ ਸ਼ਾਮਲਾਟ ਦੀ ਛੇ ਕਨਾਲ ਜ਼ਮੀਨ ਨੂੰ ਪਾਣੀ ਲਗਾ ਰਿਹਾ ਸੀ। ਅੱਜ ਹਮੀਰਗੜ ਦੇ ਕਈ ਦਲਿਤ ਬੱਚੇ ਸਕੂਲ ਨਹੀਂ ਜਾ ਸਕੇ ਕਿਉਂਕਿ ਪੁਲੀਸ ਦੀ ਕੁੱਟ ਨੇ ਬਸਤਾ ਚੁੱਕਣ ਜੋਗੇ ਨਹੀਂ ਛੱਡਿਆ ਹੈ। ਪਿੰਡ ਹਮੀਰਗੜ• ਦੇ ਦਲਿਤ ਵਿਹੜੇ ਦੀ ਹਰ ਦੇਹਲੀ ਸਹਿਮੀ ਹੋਈ ਹੈ। ਪੁਲੀਸ ਦੇ ਖੌਫ ਚੋਂ ਦਲਿਤ ਪ੍ਰਵਾਰਾਂ ਨੂੰ ਉਭਰਨਾ ਮੁਸ਼ਕਲ ਲੱਗ ਰਿਹਾ ਹੈ। ਖੂਨੀ ਟਕਰਾਓ ਮਗਰੋਂ ਇਸ ਪਿੰਡ ਵਿਚ ਮਾਹੌਲ ਠੀਕ ਹੋਣ ਵਾਰੇ ਪੁਲੀਸ ਦੱਸ ਰਹੀ ਹੈ। ਇਸ ਪਿੰਡ ਦੀ ਛੇ ਕਨਾਲ ਪੰਚਾਇਤੀ ਜ਼ਮੀਨ ਨੇ ਪੇਂਡੂ ਭਾਈਚਾਰੇ ਵਿਚ ਲੰਮੀ ਲਕੀਰ ਖਿੱਚ ਦਿੱਤੀ ਹੈ। ਇਸ ਪਿੰਡ ਦੀ ਕਰੀਬ 2400 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਚੋਂ ਸਿਰਫ ਦੋ ਪੰਚਾਇਤ ਮੈਂਬਰ ਹੀ ਪੜ•ੇ ਲਿਖੇ ਹਨ।
                  ਇਸ ਪਿੰਡ ਵਿਚ ਦਲਿਤ ਮਜ਼ਦੂਰਾਂ ਅਤੇ ਪੁਲੀਸ ਦਰਮਿਆਨ ਖੂਨੀ ਟਕਰਾਓ ਹੋਇਆ ਹੈ ਅਤੇ ਮਈ ਦਿਵਸ ਦੇ ਮੌਕੇ ਹੋਏ ਇਸ ਕਾਰੇ ਵਿਚ ਦਰਜਨਾਂ ਮਜ਼ਦੂਰ ਔਰਤਾਂ ਫੱਟੜ ਹੋ ਗਈਆਂ ਹਨ। ਮਈ ਦਿਹਾੜੇ ਦੇ ਮੌਕੇ ਤੇ ਚਾਰ ਮਜ਼ਦੂਰ ਔਰਤਾਂ ਨੂੰ ਅੱਜ ਥਾਣਾ ਵੇਖਣਾ ਪੈ ਗਿਆ ਹੈ ਜਦੋਂ ਕਿ ਦਰਜਨਾਂ ਔਰਤਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ ਹੈ। ਇਸ ਪਿੰਡ ਨੂੰ ਖਾਸ ਕਰਕੇ ਦਲਿਤ ਮਜ਼ਦੂਰਾਂ ਨੂੰ ਮਈ ਦਿਵਸ ਕਦੇ ਨਹੀਂ ਭੁੱਲੇਗਾ। ਵੇਰਵਿਆਂ ਅਨੁਸਾਰ ਇਸ ਪਿੰਡ ਵਿਚ ਦਲਿਤਾਂ ਅਤੇ ਜਿਮੀਦਾਰਾਂ ਦੇ ਵੱਖੋ ਵੱਖਰੇ ਸਮਸ਼ਾਨਘਾਟ ਹਨ ਅਤੇ ਵੱਖੋਂ ਵੱਖਰੇ ਗੁਰਦੁਆਰੇ ਹਨ। ਪੰਚਾਇਤ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਦਲਿਤ ਵਿਹੜੇ ਵਿਚ ਡੇਢ ਵਰੇ• ਪਹਿਲਾਂ ਹੀ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਿਆ ਹੋਇਆ ਹੈ। ਉਨ•ਾਂ ਦੱਸਿਆ ਕਿ ਪਿੰਡ ਵਿਚ ਕਦੇ ਵੀ ਪਹਿਲਾਂ ਏਦਾ ਦੀ ਕੋਈ ਘਟਨਾ ਨਹੀਂ ਵਾਪਰੀ ਸੀ ਪ੍ਰੰਤੂ ਅੱਜ ਟਕਰਾਓ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਵਿਚ ਤਾਇਨਾਤ ਪੁਲੀਸ ਵਲੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
                      ਦਲਿਤ ਵਿਹੜੇ ਦੀ ਬਜ਼ੁਰਗ ਔਰਤ ਅਮਰ ਕੌਰ ਨੇ ਦੱਸਿਆ ਕਿ ਦਰਜਨਾਂ ਘਰ ਅੱਜ ਖਾਲ•ੀ ਪਏ ਹਨ ਕਿਉਂਕਿ ਪੁਲੀਸ ਨੇ ਕੁਝ ਲੋਕਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤਾ ਹੈ ਅਤੇ ਬਾਕੀ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਉਨ•ਾਂ ਦੱਸਿਆ ਕਿ ਇੱਕ ਪ੍ਰਵਾਰ ਸਿਰਫ ਬੱਚਾ ਹੀ ਘਰ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੀ ਪੰਚਾਇਤ ਮੈਂਬਰ ਕਰਮਜੀਤ ਕੌਰ ਹੈ ਜੋ ਕਿ ਰਾਖਵੀਂ ਸ੍ਰੇਣੀ ਚੋਂ ਹੈ। ਪਹਿਲਾਂ ਉਸ ਦਾ ਪਤੀ ਜਗਸੀਰ ਸਿੰਘ ਪਿੰਡ ਦਾ ਸਰਪੰਚ ਸੀ। ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫਸਰ ਪ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ ਤਾਂ ਜੋ ਕਿ ਮੁੜ ਕੋਈ ਲੜਾਈ ਝਗੜਾ ਨਾ ਹੋ ਜਾਵੇ। ਉਨ•ਾਂ ਆਖਿਆ ਕਿ ਮਜ਼ਦੂਰਾਂ ਨੇ ਪਹਿਲਾਂ ਪੁਲੀਸ ਦੇ ਪਥਰਾਓ ਕੀਤਾ ਜਿਸ ਦੇ ਵਜੋਂ ਉਨ•ਾਂ ਨੂੰ ਬਚਾਓ ਲਈ ਅੱਥਰੂ ਗੈਸ ਦਾ ਸਹਾਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਹਾਲੇ ਤੱਕ ਕਿਸੇ ਵੀ ਸਿਆਸੀ ਧਿਰ ਦਾ ਕੋਈ ਨੇਤਾ ਨਹੀਂ ਪੁੱਜਿਆ ਹੈ। ਇੱਥੋਂ ਤੱਕ ਕਿ ਪੰਜਾਬ ਦੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੇ ਦਲਿਤ ਪ੍ਰਵਾਰਾਂ ਦੀ ਸਾਰ ਨਹੀਂ ਲਈ ਹੈ।
                         ਪੰਚਾਇਤ ਮੈਂਬਰ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਪਿੰਡ ਵਿਚ ਸ਼ਾਂਤੀ ਬਣੀ ਹੋਈ ਹੈ ਅਤੇ ਅੱਜ ਦੀ ਘਟਨਾ ਤੋਂ ਪਹਿਲਾਂ ਕਦੇ ਵੀ ਪਿੰਡ ਵਿਚ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ। ਬਹੁਜਨ ਸਮਾਜ ਪਾਰਟੀ ਦੇ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਦਲਿਤ ਵਿਹੜਾ ਪੂਰੀ ਤਰ•ਾਂ ਪੁਲੀਸ ਦੇ ਤਸੱਸਦ ਤੋਂ ਡਰਿਆ ਹੋਇਆ ਹੈ ਅਤੇ ਬਹੁਤੇ ਮਜ਼ਦੂਰ ਡਰ ਦੇ ਮਾਰੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਹਨ। ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਡਰ ਹੈ ਕਿ ਪੁਲੀਸ ਹੁਣ ਉਨ•ਾਂ ਨੂੰ ਝੂਠੇ ਕੇਸਾਂ ਵਿਚ ਨਾ ਪਾ ਦੇਵੇ।

Friday, May 1, 2015

                                  ਤੇਰਾ ਕੌਣ ਵਿਚਾਰਾ..
                     ਸ਼ਰਮ ਵਿਚ ਡੁੱਬਿਆ ਪੰਜਾਬ 
                                    ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਵਿਚ ਮਹਿਲਾ ਹੁਣ ਮਹਿਫੂਜ਼ ਨਹੀਂ ਰਹੀ। ਰਾਜ ਵਿਚ ਰੋਜ਼ਾਨਾ ਤਿੰਨ ਔਰਤਾਂ ਨੂੰ ਛੇੜਖਾਨੀ ਤੇ ਬਲਾਤਕਾਰ ਦਾ ਸੰਤਾਪ ਝੱਲਣਾ ਪੈਂਦਾ ਹੈ। ਪੰਜਾਬ ਨੂੰ ਔਰਬਿਟ ਕਾਂਡ ਨੇ ਸ਼ਰਮਸਾਰ ਕਰ ਦਿੱਤਾ ਹੈ। ਤਿੰਨ ਵਰਿ•ਆਂ ਤੋਂ ਪੰਜਾਬ ਵਿਚ ਬੱਸਾਂ ਵਿਚ ਬਲਾਤਕਾਰ ਤੇ ਛੇੜਖਾਨੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਔਰਬਿਟ ਕੰਪਨੀ ਦੀ ਬੱਸ ਵਿਚ ਹੋਈ ਛੇੜਖਾਨੀ ਨੇ ਪੰਜਾਬ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਵੱਡੀ ਗੱਲ ਇਹ ਕਿ ਅਦਾਲਤਾਂ ਚੋਂ ਮੁਲਜ਼ਮ ਸਾਫ ਬਚ ਰਹੇ ਹਨ। ਚਾਰ ਵਰਿ•ਆਂ ਤੋਂ ਅਦਾਲਤਾਂ ਚੋਂ 60 ਫੀਸਦੀ ਛੇੜਖਾਨੀ ਦੇ ਮੁਲਜ਼ਮ ਬਰੀ ਹੋ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ ਚਾਰ ਵਰਿ•ਆਂ (ਜਨਵਰੀ 2011 ਤੋਂ ਦਸੰਬਰ 2014 ਤੱਕ) ਦੌਰਾਨ ਬਲਾਤਕਾਰ ਅਤੇ ਛੇੜਖਾਨੀ ਦੇ 4548 ਪੁਲੀਸ ਕੇਸ ਦਰਜ ਹੋਏ ਹਨ ਜਿਸ ਦਾ ਮਤਲਬ ਹੈ ਕਿ ਔਸਤਨ ਪ੍ਰਤੀ ਮਹੀਨਾ 94 ਔਰਤਾਂ ਨੂੰ ਬਲਾਤਕਾਰ ਤੇ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕੱਲੇ ਸਰਕਾਰੀ ਤੱਥ ਹਨ ਜੋ ਮਾਮਲੇ ਪੁਲੀਸ ਤੱਕ ਪੁੱਜਦੇ ਹੀ ਨਹੀਂ ਹਨ, ਉਨ•ਾਂ ਦੀ ਗਿਣਤੀ ਇਸ ਤੋਂ ਵੱਡੀ ਹੋਵੇਗੀ। ਪੰਜਾਬ ਵਿਚ ਸਾਲ 2013 ਦੇ ਵਰੇ• ਵਿਚ ਤਾਂ ਬਲਾਤਕਾਰ ਤੇ ਛੇੜਖਾਨੀ ਦੇ ਦੋ ਹਜ਼ਾਰ ਪੁਲੀਸ ਕੇਸ ਦਰਜ ਹੋਏ ਹਨ। ਸਾਲ 2012 ਵਿਚ 1051 ਅਤੇ ਸਾਲ 2011 ਵਿਚ ਇਨ•ਾਂ ਕੇਸਾਂ ਦੀ ਗਿਣਤੀ 792 ਰਹੀ ਹੈ।  ਲੰਘੇ ਵਰੇ• ਸਾਲ 2014 ਵਿਚ 705 ਕੇਸ ਦਰਜ ਹੋਏ ਹਨ।
                      ਵੇਰਵਿਆਂ ਅਨੁਸਾਰ ਦਸੰਬਰ 2014 ਵਿਚ ਹੁਸ਼ਿਆਰਪੁਰ ਜਿਲ•ੇ ਵਿਚ ਇੱਕ ਸਕੂਲ ਬੱਸ ਵਿਚ ਸਕੂਲੀ ਬੱਚੀ ਨਾਲ ਬੱਸ ਡਰਾਈਵਰ ਨੇ ਛੇੜਖਾਨੀ ਕੀਤੀ ਸੀ। ਉਸ ਤੋਂ ਪਹਿਲਾਂ ਜਨਵਰੀ 2013 ਵਿਚ ਜਿਲ•ਾ ਗੁਰਦਾਸਪੁਰ ਵਿਚ ਇੱਕ ਬੱਸ ਵਿਚ ਇੱਕ 29 ਵਰਿ•ਆਂ ਦੀ ਔਰਤ ਨਾਲ ਗੈਂਗਰੇਪ ਹੋਇਆ ਸੀ। ਸਾਲ 2015 ਦੇ ਅੱਧ ਤੋਂ ਪਹਿਲਾਂ ਹੀ ਹੁਣ ਔਰਬਿਟ ਕਾਂਡ ਵਾਪਰ ਗਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਨੇ ਮੋਗਾ ਜਿਲ•ੇ ਵਿਚ ਵਾਪਰੀ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਦੇ ਮੱਥੇ ਤੇ ਇਸ ਕਾਂਡ ਨੇ ਬਦਨਾਮੀ ਦਾ ਟਿੱਕਾ ਲਗਾ ਦਿੱਤਾ ਹੈ ਅਤੇ ਰਾਜ ਵਿਚ ਵਧੀ ਗੁੰਡਾਗਰਦੀ ਦਾ ਸਬੂਤ ਦੇ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਾਲ 2014 ਦੌਰਾਨ ਇਕੱਲੀਆਂ ਨਾਬਾਲਗ ਲੜਕੀਆਂ ਨਾਲ 145 ਕੇਸ ਛੇੜਖਾਨੀ ਦੇ ਵਾਪਰੇ ਹਨ ਜਦੋਂ ਕਿ ਲੜਕੀਆਂ ਨਾਲ ਬਲਾਤਕਾਰ ਦੇ 385 ਮਾਮਲੇ ਸਾਹਮਣੇ ਆਏ ਹਨ। ਸੂਚਨਾ ਅਨੁਸਾਰ  ਸਾਲ 2013 ਵਿਚ ਪੰਜਾਬ ਦੇ ਥਾਣਿਆਂ ਵਿਚ 1045 ਕੇਸ ਛੇੜਖਾਨੀ ਦੇ ਦਰਜ ਹੋਏ ਹਨ ਅਤੇ 1132 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਰੇ• ਦੌਰਾਨ ਅਦਾਲਤਾਂ ਵਿਚੋਂ ਸਿਰਫ 30 ਫੀਸਦੀ ਕੇਸਾਂ ਵਿਚ ਹੀ ਪੁਲੀਸ ਨੂੰ ਸਫਲਤਾ ਮਿਲੀ ਹੈ।
                     ਪੰਜਾਬ ਵਿਚ ਸਿਆਸੀ ਛੱਤਰੀ ਹੇਠ ਨਵੇਂ ਗੈਂਗ ਪੈਦਾ ਹੋ ਰਹੇ ਹਨ। ਬਠਿੰਡਾ ਜੇਲ• ਵਿਚ ਹੋਈ ਗੈਂਗਵਾਰ ਇਸ ਦੀ ਜਾਗਦੀ ਮਿਸਾਲ ਹੈ। ਵੱਡੀ ਗੱਲ, ਹੁਣ ਔਰਤਾਂ ਨਿਸ਼ਾਨੇ ਤੇ ਹਨ। ਪੰਜਾਬ ਵਿਚ ਸਾਲ 2013 ਵਿਚ ਸਰੂਤੀ ਕਾਂਡ ਵਾਪਰਿਆ ਸੀ ਜਿਸ ਨੇ ਗੁੰਡਾਗਰਦੀ ਦੀ ਅੱਤ ਨੂੰ ਪ੍ਰਤੱਖ ਕੀਤਾ ਸੀ ਅਤੇ ਇਸੇ ਤਰ•ਾਂ ਸਾਲ 2014 ਵਿਚ ਜਿਲ•ਾ ਮੁਕਤਸਰ ਦੇ ਪਿੰਡ ਗੰਧੜ ਵਿਚ 15 ਵਰਿ•ਆਂ ਦੀ ਲੜਕੀ ਨਾਲ ਬਲਾਤਕਾਰ ਹੋਇਆ ਜਿਸ ਦੇ ਮੁਲਜ਼ਮਾਂ ਨੂੰ ਸਲਾਖਾ ਪਿਛੇ ਭੇਜਣ ਲਈ ਕਿਸਾਨ ਤੇ ਮਜ਼ਦੂਰ ਧਿਰਾਂ ਨੂੰ ਲੰਮਾ ਸੰਘਰਸ਼ ਲੜਣਾ ਪਿਆ ਸੀ। ਤੱਥਾਂ ਤੇ ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਸਾਲ 2012 ਵਿਚ ਛੇੜਖਾਨੀ ਦੇ ਕੇਸਾਂ ਚੋਂ ਸਿਰਫ 26.7 ਫੀਸਦੀ ਕੇਸਾਂ ਵਿਚ ਪੁਲੀਸ ਮੁਲਜ਼ਮਾਂ ਨੂੰ ਸਲਾਖਾ ਪਿਛੇ ਭੇਜਣ ਵਿਚ ਸਫਲ ਰਹੀ ਹੈ ਜਦੋਂ ਕਿ ਸਾਲ 2011 ਵਿਚ 33.2 ਫੀਸਦੀ ਮੁਲਜ਼ਮਾਂ ਨੂੰ ਸਜਾ ਹੋਈ ਸੀ।
                                                 ਹੁਣ ਕਾਨੂੰਨ ਸਖਤ ਬਣਿਆ : ਬਰਾੜ
ਸਾਬਕਾ ਜਿਲ•ਾ ਅਟਾਰਨੀ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਪ੍ਰਤੀਕਰਮ ਸੀ ਕਿ ਛੇੜਖਾਨੀ ਦੇ ਕੇਸਾਂ ਚੋਂ ਪਹਿਲਾਂ ਬਹੁਤੇ ਮੁਲਜ਼ਮ ਸਬੂਤਾਂ ਦੀ ਕਮੀ ਕਰਕੇ ਬਚ ਜਾਂਦੇ ਸਨ ਪ੍ਰੰਤੂ ਹੁਣ ਧਾਰਾ 354 ਨੂੰ ਕਾਫੀ ਸਖਤ ਬਣਾ ਦਿੱਤਾ ਹੈ। ਹੁਣ ਸਰਕਾਰਾਂ ਨੇ ਇਸ ਨੂੰ ਮੁੱਖ ਜੁਰਮ ਵਿਚ ਮੰਨਿਆ ਹੈ ਅਤੇ ਕਾਫੀ ਸਖਤ ਕਾਨੂੰਨ ਬਣਾ ਦਿੱਤਾ ਹੈ ਜਿਸ ਕਰਕੇ ਹੁਣ ਇਨ•ਾਂ ਕੇਸਾਂ ਦੀ ਸਫਲ ਦਰ ਕਾਫੀ ਵੱਧ ਜਾਣੀ ਹੈ। 
                                   ਔਰਬਿਟ ਕਾਂਡ
                    ਇੱਜ਼ਤ ਵੱਡੀ,ਜ਼ਿੰਦਗੀ ਛੋਟੀ
                                    ਚਰਨਜੀਤ ਭੁੱਲਰ
ਬਠਿੰਡਾ : ਕੋਈ ‘ਦੁੱਲਾ ਭੱਟੀ’ ਅਰਸ਼ਦੀਪ ਨੂੰ ਬਚਾ ਨਾ ਸਕਿਆ। ਜਦੋਂ ਇੱਜ਼ਤ ਮਹਿਫੂਜ ਨਾ ਲੱਗੀ ਤਾਂ ਉਸ ਨੂੰ ਜ਼ਿੰਦਗੀ ਛੋਟੀ ਜਾਪੀ। ਸੱਤਵੀਂ ਕਲਾਸ ਵਿਚ ਪੜ•ਦੀ ਅਰਸ਼ਦੀਪ ਕੌਰ ਜੀਵਨ ਦੇ ਪੰਧ ਤੇ ਤੁਰਨ ਤੋਂ ਪਹਿਲਾਂ ਹੀ ਸ਼ਿਕਾਰ ਹੋ ਗਈ। ਮੋਗਾ ਜਿਲ•ੇ ਦੇ ਪਿੰਡ ਲੰਢੇਕੇ ਦੇ ਸੁਖਦੇਵ ਸਿੰਘ ਦੀ ਧੀਅ ਅਰਸ਼ਦੀਪ ਕੌਰ ਹੁਣ ਇਸ ਜਹਾਨ ਵਿਚ ਨਹੀਂ ਰਹੀ। ਦੱਸਣਯੋਗ ਹੈ ਕਿ ਬੀਤੇ ਕੱਲ ਜਦੋਂ ਔਰਬਿਟ ਬੱਸ ਵਿਚ ਅਰਸ਼ਦੀਪ ਤੇ ਉਸ ਦੀ ਮਾਂ ਨੂੰ ਛੇੜਖਾਨੀ ਦਾ ਸ਼ਿਕਾਰ ਹੋਣਾ ਪਿਆ। ਮਗਰੋਂ ਮਾਂ ਧੀਅ ਨੂੰ ਬੱਸ ਚੋਂ ਧੱਕਾ ਦੇ ਦਿੱਤਾ ਸੀ।ਬਾਪ ਸੁਖਦੇਵ ਸਿੰਘ ਨੇ ਆਪਣੀ ਧੀਅ ਦਾ ਨਾਮ ਅਰਸ਼ ਤੇ ਪੁੱਤਰ ਦਾ ਨਾਮ ਅਕਾਸ਼ ਰੱਖਿਆ। ਹੁਣ ਅਕਾਸ਼ ਇਕੱਲਾ ਰਹਿ ਗਿਆ ਹੈ ਲੇਕਿਨ ਕੋਈ ਉਡਾਣ ਭਰਨ ਵਾਲੀ ਪਰੀ ਨਹੀਂ ਬਚੀ। ਮਾਪਿਆਂ ਨੇ ਇਸ ਧੀਅ ਚੋਂ ਸੁਪਨੇ ਵੇਖੇ ਸਨ ਜਿਨ•ਾਂ ਦੀ ਤੰਦ ਅੱਧ ਵਿਚਾਲੇ ਹੀ ਟੁੱਟ ਗਈ ਹੈ। ਬਾਪ ਸੁਖਦੇਵ ਸਿੰਘ ਇੱਕ ਵਰਕਸ਼ਾਪ ਵਿਚ ਕੰਮ ਕਰਦਾ ਹੈ। ਪਿੰਡ ਲੰਢੇਕੇ ਵਿਚ ਉਸ ਨੂੰ ਰੌਣਕੀ ਨਾਮ ਵਜੋਂ ਜਾਣਿਆ ਜਾਂਦਾ ਹੈ। ਅੱਜ ਉਸ ਦੇ ਵਿਹੜੇ ਵਿਚ ਕੋਈ ਰੌਣਕ ਨਹੀਂ ਸੀ। ਦਲਿਤ ਵਿਹੜੇ ਦੇ ਹਰ ਜੀਅ ਦੇ ਚਿਹਰੇ ਤੇ ਸਹਿਮ ਸੀ। ਕਈ ਸਿਆਸੀ ਚਿਹਰੇ ਵੀ ਆਪੋ ਆਪਣੀ ਸਿਆਸਤ ਸਮੇਤ ਇਸ ਪ੍ਰਵਾਰ ਦੇ ਵਿਹੜੇ ਵਿਚ ਪੁੱਜੇ ਹੋਏ ਸਨ।
                      ਮਾਂ ਛਿੰਦਰ ਕੌਰ ਆਪਣੀ ਧੀਅ ਨਾਲ ਆਪਣੇ ਨਾਨਕੇ ਪਿੰਡ ਕੋਠਾ ਗੁਰੂ ਜਾ ਰਹੀ ਸੀ। ਰਸਤੇ ਵਿਚ ਇਹ ਭਾਣਾ ਵਰਤ ਗਿਆ। ਪਿੰਡ ਲੰਢੇਕੇ ਅੱਜ ਸ਼ਰਮ ਵਿਚ ਡੁੱਬਿਆ ਹੋਇਆ ਸੀ। ਦਾਦੀ ਸੁਰਜੀਤ ਕੌਰ ਆਖਦੀ ਹੈ ਕਿ ਸਭ ਕੁਝ ਲੁੱਟਿਆ ਗਿਆ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਫਿਕਰ ਵਿਚ ਡੋਬ ਦਿੱਤਾ ਹੈ ਅਤੇ ਇਸ ਘਟਨਾ ਤੇ ਹਰ ਘਰ ਦੀ ਦੇਹਲੀ ਨੇ ਅਫਸੋਸ ਕੀਤਾ ਹੈ। ਪਿੰਡ ਦੇ ਵਸਨੀਕ ਜਗਸੀਰ ਸਿੰਘ ਦਾ ਇਹੋ ਕਹਿਣਾ ਸੀ ਕਿ ਅੱਜ ਇਸ ਘਟਨਾ ਕਰਕੇ ਪੂਰੇ ਪਿੰਡ ਵਿਚ ਉਦਾਸੀ ਸੀ। ਪ੍ਰਵਾਰ ਅਨੁਸਾਰ ਜਦੋਂ ਔਰਬਿਟ ਬੱਸ ਵਿਚ ਛੇੜਖਾਨੀ ਦੀ ਅੱਤ ਸਿਖਰ ਵੱਧ ਵਧੀ ਤਾਂ ਮਾਂ ਧੀਅ ਨੇ ਆਪਣੀ ਇੱਜਤ ਬਚਾਉਣ ਲਈ ਜ਼ਿੰਦਗੀ ਦੀ ਡੋਰ ਛੱਡ ਦਿੱਤੀ। ਮਾਂ ਬਚ ਗਈ ਪ੍ਰੰਤੂ ਧੀਅ ਆਪਣੀ ਜਾਨ ਦੇ ਗਈ। ਮੁਲਜ਼ਮ ਸਲਾਖਾ ਪਿਛੇ ਹਨ ਪ੍ਰੰਤੂ ਇਸ ਦਲਿਤ ਪ੍ਰਵਾਰ ਦੇ ਅਰਮਾਨ ਸਦਾ ਲਈ ਮਿੱਟੀ ਵਿਚ ਮਿਲ ਗਏ ਹਨ।
                    ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਅਰਸ਼ਦੀਪ ਕੌਰ ਦੀ ਮੌਤ ਨਹੀਂ ਬਲਕਿ ਇੱਕ ਸਹਾਦਤ ਹੈ। ਉਨ•ਾਂ ਆਖਿਆ ਕਿ ਬਟਵਾਰੇ ਵੇਲੇ ਹਜ਼ਾਰਾਂ ਔਰਤਾਂ ਨੇ ਆਪਣੀ ਇੱਜਤ ਦੀ ਰਾਖੀ ਲਈ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ ਸਨ ਪ੍ਰੰਤੂ ਇਹ ਘਟਨਾ ਵੀ ਉਸ ਤੋਂ ਘੱਟ ਨਹੀਂ। ਜਾਣਕਾਰੀ ਅਨੁਸਾਰ ਪਿੰਡ ਲੰਢੇ ਕੇ ਦੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਵਿਛੜੀ ਅਰਸ਼ਦੀਪ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਵੀ ਧਾਰਿਆ ਹੈ।
                                               ਔਰਬਿਟ ਨੂੰ ਸਰਕਾਰੀ ਛੱਤਰੀ ਦੀ ਛਾਂ
ਪੰਜਾਬ ਦੇ ਵੱਡੇ ਘਰਾਣੇ ਦੀ ਔਰਬਿਟ ਬੱਸ ਕੰਪਨੀ ਨੂੰ ਹਮੇਸਾਂ ਸਰਕਾਰੀ ਛੱਤਰੀ ਦੀ ਛਾਂ ਰਹੀ ਹੈ। ਹੁਣ ਇਸ ਬੱਸ ਕੰਪਨੀ ਦੀ ਬਠਿੰਡਾ ਵਿਚ ਵੱਡੀ ਵਰਕਸ਼ਾਪ ਬਣੀ ਹੋਈ ਹੈ ਜਿਥੇ ਜਿਲ•ਾ ਪੁਲੀਸ ਦਾ ਕਾਫੀ ਲੰਮਾ ਸਮਾਂ ਪੁਲੀਸ ਪਹਿਰਾ ਵੀ ਰਿਹਾ ਹੈ। ਜਿਲ•ਾ ਪੁਲੀਸ ਵਲੋਂ ਵਰਕਸ਼ਾਪ ਦੀ ਸੁਰੱਖਿਆ ਵਾਸਤੇ ਅੱਠ ਸਿਪਾਹੀ ਅਤੇ ਦੋ ਹੌਲਦਾਰਾਂ ਦੀ ਤਾਇਨਾਤੀ ਕੀਤੀ ਹੋਈ ਸੀ। ਹੁਣ ਜਿਲ•ਾ ਪੁਲੀਸ ਨੇ ਇਹ ਸੁਰੱਖਿਆ ਗਾਰਦ ਵਾਪਸ ਬੁਲਾ ਲਏ ਹਨ। ਪਤਾ ਲੱਗਾ ਹੈ ਕਿ ਪ੍ਰਾਈਵੇਟ ਸੁਰੱਖਿਆ ਪਹਿਰਾ ਲਗਾਇਆ ਹੋਇਆ ਹੈ। ਜਿਲ•ਾ ਮੋਗਾ ਵਿਚ ਔਰਬਿਟ ਕਾਂਡ ਵਾਪਰਨ ਕਰਕੇ ਅੱਜ ਦੁਪਾਹਿਰ ਤੱਕ ਪੰਜਾਬ ਵਿਚ ਇਸ ਬੱਸ ਕੰਪਨੀਆਂ ਦੀਆਂ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ ਹਨ। ਪੀ.ਆਰ.ਟੀ.ਸੀ ਦੇ ਜਿਲ•ਾ ਮੈਨੇਜਰ ਐਮ.ਪੀ.ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਸੂਚਨਾ ਮਿਲੀ ਸੀ ਕਿ ਔਰਬਿਟ ਦੇ ਕੁਝ ਰੂਟ ਅੱਜ ਚੱਲੇ ਨਹੀਂ ਹਨ ਪ੍ਰੰਤੂ ਜਦੋਂ ਉਨ•ਾਂ ਅੱਡੇ ਤੇ ਵੇਖਿਆ ਤਾਂ ਔਰਬਿਟ ਚੱਲ ਰਹੀ ਸੀ।
                    ਬਠਿੰਡਾ ਦੇ ਬੱਸ ਅੱਡੇ ਦੇ ਠੇਕੇਦਾਰ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਅੱਜ ਪੰਜਾਹ ਫੀਸਦੀ ਹੀ ਔਰਬਿਟ ਬੱਸਾਂ ਬਠਿੰਡਾ ਅੱਡੇ ਵਿਚ ਪੁੱਜੀਆਂ ਹਨ। ਉਨ•ਾਂ ਨੇ ਇਸ ਪਿਛੇ ਹੜਤਾਲ ਦਾ ਕਾਰਨ ਦੱਸਿਆ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਬੱਸ ਮਾਲਕਾਂ ਨੇ ਅੱਜ ਬੱਸਾਂ ਦੀ ਹਿਫਾਜਤ ਦੇ ਮੱਦੇਨਜ਼ਰ ਥੋੜਾ ਪਾਸਾ ਵੱਟਿਆ ਸੀ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ ਤਰਫੋਂ ਬਠਿੰਡਾ ਦੇ ਬੱਸ ਅੱਡੇ ਵਿਚ ਔਰਬਿਟ ਕੰਪਨੀ ਨੂੰ ਇੱਕ ਪ੍ਰਾਈਵੇਟ ਕੈਬਿਨ ਲਗਾਉਣ ਦੀ ਇਜਾਜਤ ਦਿੱਤੀ ਹੋਈ ਹੈ। ਪੰਜਾਬ ਵਿਚ ਜਦੋਂ ਵੀ ਹਿੰਸਾ ਹੋਈ ਤਾਂ ਪੁਲੀਸ ਨੇ ਸਭ ਤੋਂ ਪਹਿਲਾਂ ਇਸ ਬੱਸ ਕੰਪਨੀ ਦੀਆਂ ਬੱਸਾਂ ਦੀ ਹਿਫਾਜਤ ਕੀਤੀ। ਉਂਝ ਇੱਕ ਭਾਜਪਾ ਵਰਕਰਾਂ ਨੇ ਗੁੱਸੇ ਵਿਚ ਆ ਕੇ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਔਰਬਿਟ ਬੱਸ ਭੰਨ ਦਿੱਤੀ ਸੀ। ਡੇਰਾ ਸਿਰਸਾ ਦੇ ਵਿਵਾਦ ਸਮੇਂ ਮੋਗਾ ਅਤੇ ਤਪਾ ਵਿਚ ਔਰਬਿਟ ਕੰਪਨੀ ਦੀ ਬੱਸ ਭੰਨ ਦਿੱਤੀ ਗਈ ਸੀ। ਉਦੋਂ ਪੰਜਾਬ ਪੁਲੀਸ ਨੇ ਮੋਹਾਲੀ,ਬਰਨਾਲਾ ਅਤੇ ਬਠਿੰਡਾ ਦੀ ਪੁਲੀਸ ਲਾਈਨ ਵਿਚ ਔਰਬਿਟ ਬੱਸਾਂ ਨੂੰ ਪੁਲੀਸ ਪਹਿਰੇ ਹੇਠ ਰੱਖਿਆ ਸੀ।
                     ਡੇਰਾ ਸਿਰਸਾ ਵਿਵਾਦ ਸਮੇਂ ਪੰਜਾਬ ਵਿਚ 33 ਸਰਕਾਰੀ ਬੱਸਾਂ ਅਤੇ 32 ਪ੍ਰਾਈਵੇਟ ਬੱਸਾਂ ਸਾੜੀਆਂ ਗਈਆਂ ਸਨ। ਇਸ ਤੋਂ ਇਲਾਵਾ 57 ਪ੍ਰਾਈਵੇਟ ਹੋਰ ਵਾਹਨ ਸਾੜੇ ਗਏ ਸਨ । ਉਦੋਂ ਤਿੰਨ ਦਿਨ ਇਸ ਕੰਪਨੀ ਦੀਆਂ ਬੱਸਾਂ ਸੜਕਾਂ ਤੇ ਚੱਲੀਆਂ ਨਹੀਂ ਸਨ। ਇੱਕ ਦਫਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਔਰਬਿਟ ਬੱਸਾਂ ਘੇਰਨ ਦਾ ਐਲਾਨ ਕੀਤਾ ਸੀ ਤਾਂ ਉਦੋਂ ਪੰਜਾਬ ਪੁਲੀਸ ਨੇ ਹਰ ਔਰਬਿਟ ਨਾਲ ਰੂਟ ਤੇ ਦੋ ਦੋ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ।