Thursday, August 28, 2014

               ਤਲਵੰਡੀ ਸਾਬੋ
  25 ਕਰੋੜ ਵਿੱਚ ਪਈ ਚੋਣ
               ਚਰਨਜੀਤ ਭੁੱਲਰ
ਬਠਿੰਡਾ : ਤਲਵੰਡੀ ਸਾਬੋ ਉਪ ਚੋਣ ਦੌਰਾਨ ਪੰਜਾਬ ਸਰਕਾਰ ਦਾ ਕਰੀਬ 25 ਕਰੋੜ ਰੁਪਏ ਖ਼ਰਚ ਆਇਆ ਹੈ। ਜ਼ਿਮਨੀ ਚੋਣ ਦੇ ਪ੍ਰਬੰਧਾਂ 'ਤੇ ਹੀ ਕਰੀਬ ਇੱਕ ਕਰੋੜ ਰੁਪਏ ਦਾ ਖਰਚਾ ਆਇਆ ਹੈ ਜਦਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਨੂੰ 40 ਲੱਖ ਰੁਪਏ ਹੀ ਉਪ ਚੋਣ ਕਰਾਉਣ ਲਈ ਭੇਜੇ ਸਨ। ਪੁਲੀਸ ਨੂੰ ਗੱਡੀਆਂ ਵਿੱਚ ਉਧਾਰਾ ਤੇਲ ਪਵਾ ਕੇ ਉਪ ਚੋਣ ਦੌਰਾਨ ਡਿਊਟੀ ਦੇਣੀ ਪਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ ਛੇ ਸੱਤ ਦਿਨ ਹਲਕੇ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ ਅਤੇ ਤਕਰੀਬਨ ਹਰ ਪਿੰਡ ਨੂੰ ਔਸਤਨ 15 ਲੱਖ ਰੁਪਏ ਦੇ ਫੰਡ ਦਿੱਤੇ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਕਰੀਬ ਛੇ ਕਰੋੜ ਰੁਪਏ ਦੇ ਫੰਡ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਉਪ ਚੋਣ ਤੋਂ ਐਨ ਪਹਿਲਾਂ ਵੰਡੇ ਗਏ ਹਨ। ਮਹਿਕਮੇ ਨੇ ਪਹਿਲੀ ਕਿਸ਼ਤ ਵਿੱਚ ਤਿੰਨ ਕਰੋੜ ਰੁਪਏ ਦੇ ਫੰਡ ਭੇਜੇ ਸਨ। ਇਸ ਹਲਕੇ ਦੇ ਪਿੰਡਾਂ ਵਿੱਚ ਚੋਣਾਂ ਵਾਲੇ ਦਿਨਾਂ ਵਿੱਚ ਵੀ ਵਿਕਾਸ ਕੰਮ ਚੱਲਦੇ ਰਹੇ ਸਨ। ਪੰਜਾਬ ਸਰਕਾਰ ਨੇ ਹਲਕਾ ਤਲਵੰਡੀ ਸਾਬੋ ਵਿੱਚ ਪਾਵਰਕੌਮ ਤੋਂ 3.50 ਕਰੋੜ ਰੁਪਏ ਦੇ ਕੰਮ ਕਰਾਏ ਹਨ। ਪਾਵਰਕੌਮ ਨੇ ਇਹ ਰਾਸ਼ੀ ਪੰਜਾਬ ਸਰਕਾਰ ਤੋਂ ਹਾਲੇ ਵਸੂਲ ਕਰਨੀ ਹੈ। ਹਲਕੇ ਦੀਆਂ 74 ਢਾਣੀਆਂ ਨੂੰ ਪਾਵਰਕੌਮ ਨੇ 24 ਘੰਟੇ ਬਿਜਲੀ ਸਪਲਾਈ ਦਿੱਤੀ ਹੈ। ਪਾਵਰਕੌਮ ਨੇ ਕੁੱਲ 4.37 ਕਰੋੜ ਰੁਪਏ ਦੇ ਕੰਮ ਹਲਕਾ ਤਲਵੰਡੀ ਸਾਬੋ ਵਿੱਚ ਚੋਣਾਂ ਤੋਂ ਐਨ ਪਹਿਲਾਂ ਸ਼ੁਰੂ ਕੀਤੇ ਸਨ ਜੋ ਵੋਟਾਂ ਵਾਲੇ ਦਿਨ ਤਕ ਚੱਲਦੇ ਰਹੇ ਹਨ। ਵੇਰਵਿਆਂ ਅਨੁਸਾਰ ਤਲਵੰਡੀ ਦੇ ਪਿੰਡਾਂ ਵਿੱਚ ਕਰੀਬ 200 ਨਵੇਂ ਟਰਾਂਸਫ਼ਾਰਮਰ ਅਤੇ 2500 ਦੇ ਕਰੀਬ ਨਵੇਂ ਖੰਭੇ ਲਗਾਏ ਗਏ ਹਨ। ਲਾਈਨਾਂ ਬਦਲਣ ਦਾ ਕੰਮ ਵੱਡੀ ਪੱਧਰ 'ਤੇ ਹੋਇਆ ਹੈ।
              ਸਰਕਾਰ ਨੇ ਹਲਕੇ ਵਿੱਚ ਬਿਜਲੀ ਕੱਟ ਵੀ ਬੰਦ ਕੀਤੇ ਹੋਏ ਸਨ, ਜੋ ਹੁਣ ਮੁੜ ਸ਼ੁਰੂ ਹੋ ਗਏ ਹਨ। ਪੰਜਾਬ ਮੰਡੀ ਬੋਰਡ ਨੇ ਕਰੀਬ ਦੋ ਕਰੋੜ ਰੁਪਏ ਦੇ ਕੰਮ ਕੀਤੇ ਹਨ। ਮੰਡੀ ਬੋਰਡ ਨੇ ਪਿੰਡ ਜੱਜਲ, ਰਾਈਆ, ਪੱਕਾ ਖੁਰਦ ਅਤੇ ਸੇਰਗੜ੍ਹ ਵਿੱਚ ਨਵਾਂ ਖਰੀਦ ਕੇਂਦਰ ਬਣਾਇਆ ਹੈ ਜਦੋਂਕਿ ਪਿੰਡ ਭਾਗੀ ਵਾਂਦਰ, ਭਗਵਾਨਗੜ੍ਹ, ਜੀਵਨ ਸਿੰਘ ਵਾਲਾ, ਜਗਾ ਰਾਮ ਤੀਰਥ ਅਤੇ ਸੇਖੂ ਵਿੱਚ ਖਰੀਦ ਕੇਂਦਰ ਦਾ ਵਿਸਥਾਰ ਕੀਤਾ ਹੈ। ਇਨ੍ਹਾਂ ਕੰਮਾਂ 'ਤੇ ਕਰੀਬ ਦੋ ਕਰੋੜ ਰੁਪਏ ਖਰਚੇ ਗਏ ਹਨ। ਤਲਵੰਡੀ ਸਾਬੋ ਵਿੱਚ ਨਵੀਂ ਸਬਜ਼ੀ ਮੰਡੀ ਬਣਾਏ ਜਾਣ ਦਾ ਕੰਮ ਸ਼ੁਰੂ ਨਹੀਂ ਕਰਾਇਆ ਜਾ ਸਕਿਆ ਹੈ। ਜਨ ਸਿਹਤ ਵਿਭਾਗ ਵੱਲੋਂ 1.51 ਕਰੋੜ ਰੁਪਏ ਦੀ ਲਾਗਤ ਨਾਲ ਤਲਵੰਡੀ ਦੇ ਜਲ ਘਰ ਦਾ ਵਿਸਥਾਰ ਸ਼ੁਰੂ ਕੀਤਾ ਹੈ। ਜਦੋਂ ਹਲਕੇ ਦੇ 36 ਪਿੰਡਾਂ ਦੇ ਜਲ ਘਰਾਂ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਮਿਲੀ ਤਾਂ ਉਦੋਂ ਤਕ ਚੋਣ ਜ਼ਾਬਤਾ ਲੱਗ ਚੁੱਕਾ ਸੀ ਜਿਸ ਕਰਕੇ ਇਹ ਕੰਮ ਵਿਚਾਲੇ ਹੀ ਰਹਿ ਗਏ ਹਨ। ਬਠਿੰਡਾ ਵਿਕਾਸ ਅਥਾਰਟੀ ਵੱਲੋਂ 4.76 ਕਰੋੜ ਦੇ ਕੰਮ ਕਰਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਕਮਿਊਨਿਟੀ ਸੈਂਟਰ, ਤਲਵੰਡੀ ਤੇ ਰਾਮਾਂ ਵਿੱਚ ਪਾਰਕ ਬਣਾਏ ਜਾਣ ਦਾ ਪ੍ਰਾਜੈਕਟ ਸ਼ਾਮਲ ਹੈ। ਨਗਰ ਕੌਂਸਲ ਰਾਮਾਂ ਵੱਲੋਂ 2.65 ਕਰੋੜ ਰੁਪਏ ਦੇ ਵਿਕਾਸ ਕੰਮ ਕਰਾਏ ਗਏ ਹਨ। ਲੋਕ ਨਿਰਮਾਣ ਵਿਭਾਗ ਨੂੰ ਡਿਪਟੀ ਕਮਿਸ਼ਨਰ ਨੇ 4 ਕਰੋੜ ਦੇ ਫੰਡਾਂ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਹਲਕੇ ਵਿੱਚ ਦਰਜਨ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
            ਤਲਵੰਡੀ ਸਾਬੋ ਦੇ ਦਸਮੇਸ਼ ਸਕੂਲ ਦੀ ਮੁਰੰਮਤ ਲਈ ਇੱਕ ਕਰੋੜ ਰੁਪਏ ਦਿੱਤੇ ਗਏ ਹਨ। ਜੋ ਬਾਕੀ ਵਿਭਾਗਾਂ ਨੇ ਕੰਮ ਕੀਤੇ ਹਨ, ਉਹ ਵੱਖਰੇ ਹਨ। ਇਨ੍ਹਾਂ ਵਿਭਾਗਾਂ ਵੱਲੋਂ ਸਿਰਫ਼ ਤਲਵੰਡੀ ਸਾਬੋ ਹਲਕੇ ਲਈ ਫੰਡ ਜਾਰੀ ਹੋਏ ਸਨ। ਜ਼ਿਲ੍ਹਾ ਪੁਲੀਸ ਬਠਿੰਡਾ ਨੇ ਚੋਣਾਂ ਵਾਸਤੇ ਤਲਵੰਡੀ ਸਾਬੋ ਹਲਕੇ ਦੇ ਚਾਰ ਤੇਲ ਪੰਪਾਂ ਤੋਂ ਕਰੀਬ 3.50 ਲੱਖ ਰੁਪਏ ਦਾ ਉਧਾਰਾ ਤੇਲ ਪਵਾਇਆ ਹੈ। ਇਸੇ ਤਰ੍ਹਾਂ ਬਠਿੰਡਾ ਦੇ ਤਿੰਨ ਤੇਲ ਪੰਪਾਂ ਤੋਂ ਚੋਣ ਲਈ ਉਧਾਰਾ ਤੇਲ ਚੁੱਕਿਆ ਗਿਆ ਹੈ। ਜ਼ਿਲ੍ਹਾ ਚੋਣ ਪ੍ਰਸ਼ਾਸਨ ਨੂੰ ਜੋ 40 ਲੱਖ ਰੁਪਏ ਚੋਣ ਪ੍ਰਬੰਧਾਂ ਲਈ ਮਿਲੇ ਸਨ, ਉਨ੍ਹਾਂ ਵਿੱਚੋਂ 15 ਲੱਖ ਰੁਪਏ ਤਾਂ ਚੋਣ ਅਮਲੇ ਨੂੰ ਮਾਣ ਭੱਤੇ ਵਜੋਂ ਵੰਡੇ ਗਏ ਹਨ। ਵੀਡੀਓਗਰਾਫੀ ਅਤੇ ਉੱਡਣ ਦਸਤਿਆਂ ਦਾ ਖਰਚਾ ਵੱਖਰਾ ਹੈ। ਟਰਾਂਸਪੋਰਟ ਦੇ ਬਿੱਲ ਵੀ ਆਉਣੇ ਬਾਕੀ ਹਨ।ਰਿਟਰਨਿੰਗ ਅਫਸਰ ਤਲਵੰਡੀ ਸਾਬੋ ਦੇ ਵੀ ਖਰਚੇ ਬਾਕੀ ਹਨ। ਤਹਿਸੀਲਦਾਰ (ਚੋਣਾਂ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਲਈ 40 ਲੱਖ ਦੇ ਫੰਡ ਪ੍ਰਾਪਤ ਹੋਏ ਹਨ ਅਤੇ ਖ਼ਰਚਿਆਂ ਦੇ ਬਿੱਲ ਹਾਲੇ ਆਉਣੇ ਬਾਕੀ ਹਨ।

Wednesday, August 27, 2014

                                                                        ਪੰਜਾਬ ਵਿਚ
                                 ਹਰ ਅਠਾਰਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ
                                                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਔਸਤਨ ਹਰ ਅਠਾਰਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ ਹੈ। ਮੁਲਕ 'ਚੋਂ ਪੰਜਾਬ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿਚ ਦੂਸਰੇ ਨੰਬਰ 'ਤੇ ਪੁੱਜ ਗਿਆ ਹੈ। ਪਹਿਲਾ ਨੰਬਰ ਉੱਤਰ ਪ੍ਰਦੇਸ਼ ਹੈ, ਜਿਸ ਕੋਲ 11.17 ਲੱਖ ਲਾਇਸੈਂਸੀ ਹਥਿਆਰ ਹਨ। ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 2.97 ਲੱਖ ਹੈ ਜਦੋਂ ਕਿ ਪੰਜਾਬ ਵਿਚ ਪਰਿਵਾਰਾਂ ਦੀ ਗਿਣਤੀ 55.13 ਲੱਖ ਹੈ। ਇਸ ਹਿਸਾਬ ਨਾਲ ਰਾਜ ਦੇ ਹਰ ਅਠਾਰਵੇਂ ਪਰਿਵਾਰ ਦੇ ਹਿੱਸੇ ਇੱਕ ਲਾਇਸੈਂਸੀ ਹਥਿਆਰ ਆਇਆ ਹੈ। ਪੰਜਾਬ ਵਿਚ ਅਸਲਾ ਲਾਇਸੈਂਸਾਂ ਦੀ ਗਿਣਤੀ ਇਸ ਤੋਂ ਘੱਟ ਹੈ ਪ੍ਰੰਤੂ ਬਹੁਤੇ ਲਾਇਸੈਂਸ ਅਜਿਹੇ ਹਨ, ਜਿਨ੍ਹਾਂ 'ਤੇ ਇੱਕ ਤੋਂ ਜਿਆਦਾ ਹਥਿਆਰ ਚੜ੍ਹੇ ਹੋਏ ਹਨ। ਗ੍ਰਹਿ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ 'ਚੋਂ ਪਹਿਲਾਂ ਨੰਬਰ ਗੁਰਦਾਸਪੁਰ ਜ਼ਿਲ੍ਹੇ ਦਾ ਹੈ, ਜਿਥੇ 35793 ਲਾਇਸੈਂਸੀ ਹਥਿਆਰ ਹਨ ਜਦੋਂ ਕਿ ਦੂਸਰੇ ਨੰਬਰ 'ਤੇ ਜ਼ਿਲ੍ਹਾ ਬਠਿੰਡਾ ਹੈ, ਜਿਥੇ 32452 ਲਾਇਸੈਂਸੀ ਹਥਿਆਰ ਹਨ। ਲੁਧਿਆਣਾ ਵਿਚ 26362, ਜਲੰਧਰ ਵਿਚ 24365 ਅਤੇ ਪਟਿਆਲਾ ਵਿਚ 24309 ਲਾਇਸੈਂਸੀ ਹਥਿਆਰ ਹਨ। ਮਾਲਵਾ ਖ਼ਿੱਤੇ ਵਿਚ ਸਿਆਸੀ ਨੇਤਾਵਾਂ ਵੱਲੋਂ ਲਾਇਸੈਂਸੀ ਹਥਿਆਰਾਂ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਗਿਆ ਹੈ। ਸਮਾਜਿਕ ਕਾਰਕੁਨ ਲੋਕ ਬੰਧੂ ਦਾ ਕਹਿਣਾ ਸੀ ਕਿ ਬਠਿੰਡਾ ਖ਼ਿੱਤੇ ਵਿਚ ਤਾਂ ਵੋਟ ਸਿਆਸਤ ਲਈ ਅਸਲਾ ਲਾਇਸੈਂਸ ਦਾ 'ਲੌਲੀਪਾਪ' ਦਿੱਤਾ ਜਾਣ ਲੱਗਾ ਹੈ। ਹਾਕਮ ਧਿਰ ਵੱਲੋਂ ਖੁਦ ਅਸਲਾ ਲਾਇਸੈਂਸ ਲੋਕਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ।
                     ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ 2.77 ਕਰੋੜ ਹੈ। ਲਾਇਸੈਂਸੀ ਹਥਿਆਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਵਿਚ 93 ਵਿਅਕਤੀਆਂ ਪਿੱਛੇ ਇੱਕ ਲਾਇਸੈਂਸੀ ਹਥਿਆਰ ਹੈ। ਨੌਜਵਾਨਾਂ ਜਾਂ ਇੱਕ ਉਪਰਲੇ ਵਰਗ ਵਿਚ 32 ਬੋਰ ਦਾ ਕਾਨਪੁਰੀ ਰਿਵਾਲਵਰ ਹਰਮਨ ਪਿਆਰਾ ਹਥਿਆਰ ਬਣ ਗਿਆ ਹੈ। ਕਾਨਪੁਰ ਦੀ ਅਸਲਾ ਫੈਕਟਰੀ ਵੱਲੋਂ ਦਿੱਤੀ ਸਰਕਾਰੀ ਸੂਚਨਾ ਮੁਤਾਬਕ ਪੰਜਾਬ ਦੇ ਲੋਕਾਂ ਨੇ ਪੰਜ ਵਰ੍ਹਿਆਂ ਵਿਚ ਕਾਨਪੁਰ ਦੀ ਅਸਲਾ ਫੈਕਟਰੀ 'ਚੋਂ 67.60 ਕਰੋੜ ਰੁਪਏ ਦੇ ਰਿਵਾਲਵਰ ਖਰੀਦੇ ਹਨ। ਕਾਨਪੁਰ ਦੇ 32 ਬੋਰ ਰਿਵਾਲਵਰ ਦੀ ਕੀਮਤ ਕਰੀਬ 85 ਹਜ਼ਾਰ ਰੁਪਏ ਹੈ।ਹਥਿਆਰਾਂ ਦੇ ਜਾਣਕਾਰ ਸੁਖਦੇਵ ਸਿੰਘ ਸੁੱਖਾ (ਤਲਵੰਡੀ ਸਾਬੋ) ਦਾ ਪ੍ਰਤੀਕਰਮ ਸੀ ਕਿ ਪੰਜਾਬ ਦੇ ਨੌਜਵਾਨ ਸ਼ੋਹਰਤ ਵਾਸਤੇ ਲਾਇਸੈਂਸੀ ਹਥਿਆਰ ਖਰੀਦ ਰਹੇ ਹਨ ਜਦੋਂ ਕਿ ਰਾਜ ਵਿਚ ਸੁਰੱਖਿਆ ਦੇ ਪੱਖ ਤੋਂ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਆਖਿਆ ਕਿ ਲੋੜ ਤਾਂ ਸਿਰਫ਼ ਵੱਡੇ ਕਾਰੋਬਾਰੀ ਲੋਕਾਂ ਅਤੇ ਢਾਣੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਹੈ ਪ੍ਰੰਤੂ ਮਾਲਵਾ ਪੱਟੀ ਵਿਚ ਹਥਿਆਰ ਹੁਣ ਸਟੇਟਸ ਸਿੰਬਲ ਬਣ ਗਿਆ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਤਾਂ ਵੱਡੇ ਨੇਤਾਵਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਹਰ ਮਹੀਨੇ ਬਾਕਾਇਦਾ ਨਵੇਂ ਅਸਲਾ ਲਾਇਸੈਂਸਾਂ ਦੀ ਸੂਚੀ ਭੇਜੀ ਜਾਂਦੀ ਹੈ।
                                                         ਕਲਮਾਂ ਦੀ ਥਾਂ ਹਥਿਆਰ
ਪੰਜਾਬ ਵਿਚ ਸੈਂਕੜੇ ਅਧਿਆਪਕਾਂ ਕੋਲ ਵੀ ਲਾਇਸੈਂਸੀ ਹਥਿਆਰ ਹਨ। ਮੋਗਾ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਇੱਕ ਸਕੂਲ ਅਧਿਆਪਕ ਤੋਂ ਕੁਝ ਵਿਅਕਤੀ ਉਸ ਦਾ ਲਾਇਸੈਂਸੀ ਹਥਿਆਰ ਖੋਹ ਕੇ ਵੀ ਲੈ ਗਏ ਸਨ। ਬਠਿੰਡਾ ਜ਼ਿਲ੍ਹੇ ਵਿਚ ਕਰੀਬ ਡੇਢ ਦਰਜਨ ਅਧਿਆਪਕਾਂ ਕੋਲ ਲਾਇਸੈਂਸੀ ਹਥਿਆਰ ਹਨ। ਸੂਤਰਾਂ ਨੇ ਦੱਸਿਆ ਕਿ ਕਈ ਨੌਜਵਾਨ ਅਧਿਆਪਕ ਤਾਂ ਸਕੂਲਾਂ ਵਿਚ ਵੀ ਲਾਇਸੈਂਸੀ ਹਥਿਆਰ ਲੈ ਕੇ ਜਾਂਦੇ ਹਨ।

Sunday, August 24, 2014

                         ਫਿਲਮੀ ਸਿਤਾਰੇ
                ਮੂੰਹ ਨਹੀਂ ਖੋਲ੍ਹਦੇ ਪਾਰਲੀਮੈਂਟ ਵਿਚ
                         ਚਰਨਜੀਤ ਭੁੱਲਰ
ਬਠਿੰਡਾ  : 16ਵੀਂ ਲੋਕ ਸਭਾ ਲਈ ਚੁਣੇ ਫਿਲਮੀ ਕਲਾਕਾਰਾਂ ਵਿੱਚੋਂ ਬਹੁਤਿਆਂ ਨੇ ਪਾਰਲੀਮੈਂਟ ਵਿਚ ਮੂੰਹ ਨਹੀਂ ਖੋਲ੍ਹਿਆ। ਤਾਜ਼ਾ ਬਜਟ ਸੈਸ਼ਨ ਦੇ ਵੇਰਵੇ ਇਸ ਦੇ ਗਵਾਹ ਹਨ। ਕੁਝ ਫਿਲਮੀ ਸਿਤਾਰਿਆਂ ਨੇ ਬਹਿਸ ਵਿਚ ਹਿੱਸਾ ਲਿਆ ਅਤੇ ਕੁਝ ਨੇ ਹੀ ਸੁਆਲ ਪੁੱਛੇ ਹਨ। ਲੋਕ ਸਭਾ ਸਕੱਤਰੇਤ ਤੋਂ ਪ੍ਰਾਪਤ ਸੂਚਨਾ ਅਨੁਸਾਰ ਕਈ ਫਿਲਮੀ ਸਿਤਾਰੇ ਪਾਰਲੀਮੈਂਟ ਵਿਚ ਬਹੁਤਾ ਸਮਾਂ ਹਾਜਰ ਵੀ ਨਹੀਂ ਰਹੇ। ਸੋਲ੍ਹਵੀਂ ਲੋਕ ਸਭਾ ਵਿਚ 16 ਫਿਲਮੀ ਸਿਤਾਰੇ ਅਤੇ ਕਲਾਕਾਰ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਉਤਰ ਪ੍ਰਦੇਸ਼ ਦੇ ਮਥੁਰਾ ਲੋਕ ਸਭਾ ਹਲਕੇ ਤੋਂ ਚੁਣੀ ਹੇਮਾ ਮਾਲਿਨੀ ਨੇ ਹੁਣ ਤੱਕ ਪਾਰਲੀਮੈਂਟ ਵਿਚ ਸਿਰਫ਼ ਦੋ ਦਿਨ ਹਾਜ਼ਰੀ ਭਰੀ ਹੈ। ਉਹ 25 ਦਿਨ ਗ਼ੈਰਹਾਜ਼ਰ ਰਹੀ ਹੈ। ਉਸ ਨੇ ਦੋ ਦਿਨਾਂ ਦੌਰਾਨ ਨਾ ਕੋਈ ਸੁਆਲ ਪੁੱਛਿਆ ਅਤੇ ਨਾ ਹੀ ਕਿਸੇ ਬਹਿਸ ਵਿਚ ਹਿੱਸਾ ਲਿਆ। ਚੰਡੀਗੜ੍ਹ ਤੋਂ ਚੁਣੀ ਕਿਰਨ ਖੇਰ ਪਾਰਲੀਮੈਂਟ ਵਿਚ 27 ਦਿਨਾਂ 'ਚੋਂ 24 ਦਿਨ ਹਾਜ਼ਰ ਰਹੀ, ਪ੍ਰੰਤੂ ਉਸ ਨੇ ਬਜਟ ਸੈਸ਼ਨ ਦੌਰਾਨ ਇਕ ਵਾਰ ਬਹਿਸ ਵਿਚ ਹਿੱਸਾ ਲਿਆ ਅਤੇ ਕੋਈ ਸੁਆਲ ਨਹੀਂ ਪੁੱਛਿਆ। ਲੋਕ ਸਭਾ ਦਾ ਬਜਟ ਸੈਸ਼ਨ 7 ਜੁਲਾਈ ਤੋਂ 14 ਅਗਸਤ ਤੱਕ ਚੱਲਿਆ ਹੈ।                                                                      ਗੁਜਰਾਤ ਦੇ ਅਹਿਮਦਾਬਾਦ ਪੂਰਬੀ ਹਲਕੇ ਤੋਂ ਲੋਕ ਸਭਾ ਮੈਂਬਰ ਬਣੇ ਪਰੇਸ਼ ਰਾਵਲ ਨੇ ਬਹਿਸ ਵਿੱਚ ਹਿੱਸਾ ਲੈਣ ਜਾਂ ਸੁਆਲ ਪੁੱਛਣ ਤੋਂ ਟਾਲਾ ਹੀ ਵੱਟੀ ਰੱਖਿਆ। ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਚੁਣੇ ਸ਼ਤਰੂਘਨ ਸਿਨਹਾ ਨੇ ਬਹਿਸ ਵਿਚ ਸ਼ਮੂਲੀਅਤ ਕੀਤੀ ਪ੍ਰੰਤੂ ਸੁਆਲ ਕੋਈ ਨਹੀਂ ਪੁੱਛਿਆ। ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ 81 ਫੀਸਦੀ ਰਹੀ। ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਨੇ ਬਜਟ ਸੈਸ਼ਨ ਦੌਰਾਨ ਕੋਈ ਸੁਆਲ ਨਹੀਂ ਪੁੱਛਿਆ ਅਤੇ ਨਾ ਹੀ ਬਹਿਸ ਵਿਚ ਹਿੱਸਾ ਲਿਆ। ਉਹ ਸੰਸਦ 'ਚੋਂ ਸਿਰਫ ਇੱਕ ਦਿਨ ਹੀ ਗ਼ੈਰਹਾਜ਼ਰ ਰਹੇ।  ਉਪਰੋਕਤ ਸਾਰੇ ਸੰਸਦ ਮੈਂਬਰ ਭਾਜਪਾ ਦੇ ਹਨ। ਸਭ ਤੋਂ ਵੱਧ ਫਿਲਮੀ ਸਿਤਾਰੇ ਪੱਛਮੀ ਬੰਗਾਲ 'ਚੋਂ ਹਨ, ਜਿਨ੍ਹਾਂ ਦੀ ਗਿਣਤੀ ਅੱਧੀ ਦਰਜਨ ਬਣਦੀ ਹੈ। ਇਹ ਸਾਰੇ ਫਿਲਮੀ ਸਿਤਾਰੇ ਤ੍ਰਿਣਾਮੂਲ ਕਾਂਗਰਸ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਮੂਨਮੂਨ ਸੇਨ ਹਨ। ਉਸ ਨੇ ਸੰਸਦ ਵਿਚ ਮੂੰਹ ਨਹੀਂ ਖੋਲ੍ਹਿਆ। ਉਂਜ, ਉਸ ਦੀ ਸੰਸਦ ਵਿਚ ਹਾਜ਼ਰੀ 74 ਫੀਸਦੀ ਰਹੀ ਹੈ।
                ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੁਣੇ ਕਾਮੇਡੀ ਕਲਾਕਾਰ ਭਗਵੰਤ ਮਾਨ ਦੀ ਹਾਜ਼ਰੀ 66.66 ਫੀਸਦੀ ਰਹੀ ਹੈ। ਉਹ 27 ਦਿਨਾਂ 'ਚੋਂ 18 ਦਿਨ ਸੰਸਦ ਵਿਚ ਹਾਜ਼ਰ ਰਹੇ। ਉਨ੍ਹਾਂ ਨੇ ਚਾਰ ਲਿਖਤੀ ਸੁਆਲ ਪੁੱਛੇ। ਬਹਿਸਾਂ ਵਿੱਚ ਵੀ ਉਹ ਸਰਗਰਮ ਰਹੇ। ਪੱਛਮੀ ਬੰਗਾਲ 'ਚੋਂ ਚੁਣੀ ਕਲਾਕਾਰ ਅਰਪਿਤਾ ਘੋਸ਼ ਦੀ ਸੰਸਦ ਵਿਚ ਹਾਜ਼ਰੀ ਸਿਰਫ਼ 26 ਫੀਸਦੀ ਰਹੀ ਹੈ। ਇਸੇ ਰਾਜ 'ਚੋਂ ਭਾਜਪਾ ਦੀ ਟਿਕਟ 'ਤੇ ਚੁਣੇ ਗਏ ਫਿਲਮੀ ਗਾਇਕ ਬਾਬੁਲ ਸੁਪਰੀਓ ਦੀ ਸੰਸਦ ਵਿਚ ਹਾਜ਼ਰੀ 37 ਫੀਸਦੀ ਰਹੀ। ਇਨ੍ਹਾਂ ਦੋਵਾਂ ਨੇ ਸੰਸਦ ਵਿਚ ਮੂੰਹ ਨਹੀਂ ਖੋਲ੍ਹਿਆ। ਦਿੱਲੀ ਤੋਂ ਚੁਣੇ ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਫਿਲਮਾਂ ਦੇ ਕਲਾਕਾਰ ਮਨੋਜ ਤਿਵਾੜੀ ਦੀ ਸੰਸਦ ਵਿਚ ਹਾਜ਼ਰੀ 81 ਫੀਸਦੀ ਰਹੀ ਹੈ ਪ੍ਰੰਤੂ ਉਨ੍ਹਾਂ ਕੋਈ ਸੁਆਲ ਨਹੀਂ ਪੁੱਛਿਆ ਹੈ। ਗੁਜਰਾਤ ਦੀ ਛੋਟਾ ਉਦੇਪੁਰ ਸੀਟ ਤੋਂ ਚੁਣੇ ਰਾਮ ਸਿੰਹੁ ਰਾਠਵਾ ਦੀ ਕਾਰਗੁਜ਼ਾਰੀ ਸਭ ਤੋਂ ਚੰਗੀ ਰਹੀ ਹੈ। ਉਸ ਨੇ 31 ਦਫ਼ਾ ਬਹਿਸ ਵਿਚ ਹਿੱਸਾ ਲਿਆ ਅਤੇ 30 ਸੁਆਲ ਪੁੱਛੇ। ਉਹ ਸਿਰਫ਼ ਇੱਕ ਦਿਨ ਸੰਸਦ 'ਚੋਂ ਗ਼ੈਰਹਾਜ਼ਰ ਹੋਏ। ਉਹ ਵੀ ਭਾਜਪਾ ਨਾਲ ਸਬੰਧਤ ਹਨ।
                ਪੱਛਮੀ ਬੰਗਾਲ ਤੋਂ ਚੁਣੇ ਫਿਲਮੀ ਸਿਤਾਰੇ ਦੀਪਕ ਅਧਿਕਾਰੀ ਦੀ ਬਜਟ ਸੈਸ਼ਨ ਦੌਰਾਨ ਕਾਰਗੁਜ਼ਾਰੀ ਸਭ ਕਲਾਕਾਰਾਂ ਤੋਂ ਮਾੜੀ ਰਹੀ। ਉਹ ਸਿਰਫ਼ ਇੱਕ ਦਿਨ ਸੰਸਦ ਵਿਚ ਆਇਆ ਅਤੇ ਉਸ ਦਿਨ ਵੀ ਉਸ ਨੇ ਚੁੱਪ ਹੀ ਵੱਟੀ ਰੱਖੀ। ਦੂਸਰੀ ਤਰਫ਼ ਤੈਲਗੂ ਫਿਲਮਾਂ ਦੇ ਮੁਰਲੀ ਮੋਹਨ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ 96 ਫੀਸਦੀ ਰਹੀ ਅਤੇ ਉਹ ਸਿਫਰ ਕਾਲ ਦੌਰਾਨ ਕਾਫੀ ਸਰਗਰਮ ਰਹਿੰਦਾ ਰਿਹਾ।
                            ਗ਼ੈਰਹਾਜ਼ਰੀ ਪੱਖੋਂ ਅਮਰਿੰਦਰ ਦਾ ਜਵਾਬ ਨਹੀਂ
ਪੰਜਾਬ ਦੇ ਸੰਸਦ ਮੈਂਬਰਾਂ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਸਿਰਫ਼ ਪੰਜ ਦਿਨ ਹਾਜ਼ਰ ਰਹੇ ਜਦੋਂਕਿ ਭਾਜਪਾ ਦੇ ਵਿਜੈ ਕੁਮਾਰ ਸਾਂਪਲਾ ਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦੀ ਹਾਜ਼ਰੀ ਸੌ ਫੀਸਦੀ ਰਹੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਅਤੇ ਪ੍ਰੋ. ਸਾਧੂ ਸਿੰਘ ਬਜਟ ਸੈਸ਼ਨ 'ਚੋਂ ਬਾਰਾਂ ਬਾਰਾਂ ਦਿਨ ਗ਼ੈਰਹਾਜ਼ਰ ਰਹੇ। ਅਕਾਲੀ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ 11 ਦਿਨ ਗ਼ੈਰਹਾਜ਼ਰ ਰਹੇ ਜਦੋਂਕਿ 'ਆਪ' ਦੇ ਹਰਿੰਦਰ ਸਿੰਘ ਖਾਲਸਾ ਸਿਰਫ਼ ਇੱਕ ਦਿਨ ਗ਼ੈਰਹਾਜ਼ਰ ਰਹੇ