Tuesday, February 18, 2014

                                  ਅਸਲ ਨਾਇਕ   
                 ਖੇਤਾਂ ਦੇ ਪੁੱਤ ਮਰਨ ਤ੍ਰਿਹਾਏ
                                  ਚਰਨਜੀਤ ਭੁੱਲਰ
ਬਠਿੰਡਾ : ਖੇਤੀ ਸੰਮੇਲਨ ਦੀ ਚਮਕ ਵਿੱਚ ਖੇਤੀ ਸ਼ਹੀਦਾਂ ਦੇ ਵਾਰਸ ਗੁਆਚ ਗਏ ਹਨ। ਖੇਤਾਂ ਦੇ ਅਸਲ ਨਾਇਕ ਸੜਕਾਂ 'ਤੇ ਰੁਲ ਰਹੇ ਹਨ ਪਰ ਸਰਕਾਰ ਸੰਮੇਲਨ ਵਿੱਚ ਖੇਤੀਬਾੜੀ ਵਿਕਾਸ ਦੇ ਦਮਗਜੇ ਮਾਰ ਰਹੀ ਹੈ। ਜਿਨ੍ਹਾਂ ਨੇ ਆਪਣੇ ਕਮਾਊ ਪੁੱਤ ਖੇਤਾਂ ਵਿੱਚ ਗੁਆ ਦਿੱਤੇ ਹਨ, ਉਹ ਬਜ਼ੁਰਗ ਮਾਪੇ ਫਸਲਾਂ ਦੇ ਭਾਅ ਨਹੀਂ ਬਲਕਿ ਫੌਤ ਹੋਏ ਪੁੱਤਾਂ ਦਾ ਮੁਆਵਜ਼ਾ ਮੰਗਦੇ ਹਨ। ਹਰੀ ਕ੍ਰਾਂਤੀ ਦੇ ਮੋਹਰੀ ਹੁਣ ਸਰਕਾਰ ਨੇ ਪਿੱਛੇ ਧੱਕ ਦਿੱਤੇ ਹਨ। ਕਪਾਹ ਪੱਟੀ ਦੇ ਹਰ ਪਿੰਡ ਦੀ ਜੂਹ ਹੌਂਕੇ ਭਰਦੀ ਹੈ ਪਰ ਸਰਕਾਰ ਨੂੰ ਦਰਦ ਨਹੀਂ ਆਇਆ। ਪੰਜਾਬ ਸਰਕਾਰ ਨੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਸਰਵੇਖਣ ਕਰਾਇਆ ਸੀ। ਇਸ ਸਰਵੇਖਣ ਦੇ ਮੁਢਲੇ ਗੇੜ ਵਿੱਚ 4800 ਅਜਿਹੇ ਪਰਿਵਾਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਦੇ ਕਮਾਊ ਜੀਅ ਕਰਜ਼ੇ ਦੀ ਪੰਡ ਦਾ ਬੋਝ ਨਹੀਂ ਸਹਾਰ ਸਕੇ ਸਨ। ਕੋਈ ਰੇਲ ਲਾਈਨ 'ਤੇ ਲੇਟ ਗਿਆ ਅਤੇ ਕਿਸੇ ਨੇ ਰੱਸਾ ਗਲ ਪਾ ਲਿਆ। ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਸਿਰਫ਼ ਇੱਕ ਇੱਕ ਲੱਖ ਰੁਪਏ ਦਿੱਤੇ ਅਤੇ ਬਹੁਤੇ ਪਰਿਵਾਰਾਂ ਨੂੰ ਇਹ ਰਾਸ਼ੀ ਵੀ ਨਹੀਂ ਮਿਲੀ ਹੈ। ਇਹ ਪਰਿਵਾਰ ਆਖਦੇ ਹਨ ਕਿ ਖੇਤੀ ਸੰਮੇਲਨ ਲਈ ਪੈਸਾ ਹੈ ਪਰ ਸੰਮੇਲਨ ਦੇ ਅਸਲ ਨਾਇਕਾਂ ਲਈ ਨਹੀਂ।
                ਪਿੰਡ ਲਹਿਰਾ ਬੇਗਾ ਦਾ ਕਿਸਾਨ ਹਰਬੰਸ ਸਿੰਘ ਹੁਣ ਇਕੱਲਾ ਰਹਿ ਗਿਆ ਹੈ। ਉਸ ਕੋਲ ਨਾ ਜ਼ਮੀਨ ਰਹੀ ਹੈ ਅਤੇ ਨਾ ਜਵਾਨ ਪੁੱਤ। ਕਰਜ਼ੇ ਵਿੱਚ ਜ਼ਮੀਨ ਵਿਕ ਗਈ ਅਤੇ ਸਦਮੇ ਵਿੱਚ ਦੋ ਪੁੱਤ ਖ਼ੁਦਕੁਸ਼ੀ ਕਰ ਗਏ। ਇਸ ਕਿਸਾਨ ਦੀ ਪਤਨੀ ਗਠੀਏ ਦੀ ਮਰੀਜ਼ ਹੈ, ਜੋ ਮੰਜੇ ਨਾਲ ਜੁੜੀ ਪਈ ਹੈ। ਜਿਹੜੇ ਖੇਤਾਂ ਦਾ ਉਹ ਮਾਲਕ ਸੀ,ਹੁਣ ਉਨ੍ਹਾਂ ਖੇਤਾਂ ਵਿੱਚ ਹੀ ਉਹ ਦਿਹਾੜੀ ਕਰਦਾ ਹੈ। ਇਸ ਕਿਸਾਨ ਦੀ ਸਾਰੀ 30 ਏਕੜ ਜ਼ਮੀਨ ਵਿਕ ਚੁੱਕੀ ਹੈ। ਉਸ ਦੇ ਸਿਰ ਹਾਲੇ ਵੀ 70 ਹਜ਼ਾਰ ਰੁਪਏ ਕਰਜ਼ਾ ਹੈ। ਇਹ ਕਿਸਾਨ ਕਈ ਵਰ੍ਹਿਆਂ ਤੋਂ ਪੁੱਤਾਂ ਦੀ ਖ਼ੁਦਕੁਸ਼ੀ ਦਾ ਮੁਆਵਜ਼ਾ ਲੈਣ ਲਈ ਜੱਦੋਜਹਿਦ ਕਰ ਰਿਹਾ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਥੇੜੀ ਭਾਈ ਦਾ ਮੁਖਤਿਆਰ ਸਿੰਘ ਅੱਖਾਂ ਤੋਂ ਅੰਨ੍ਹਾ ਹੋ ਗਿਆ ਹੈ। ਖੇਤੀ ਸੰਕਟ ਨੇ ਉਸ ਦੇ ਦੋ ਪੁੱਤ ਖੋਹ ਲਏ ਹਨ। ਉਸ ਕੋਲ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਹੈ। ਮੁਖਤਿਆਰ ਸਿੰਘ ਤੇ ਉਸ ਦੀ ਪਤਨੀ ਪਿੰਡ ਦੇ ਗੁਰੂ ਘਰੋਂ ਰੋਟੀ ਪਾਣੀ ਖਾ ਰਹੇ ਹਨ। ਸਰਕਾਰੀ ਸਰਵੇਖਣ ਵਿੱਚ ਉਸ ਦੇ ਦੋਹੇ ਪੁੱਤਾਂ ਦਾ ਨਾਂ ਬੋਲਦਾ ਹੈ ਪਰ ਸਰਕਾਰ ਨੇ ਉਨ੍ਹਾਂ ਨੂੰ ਹਾਲੇ ਤਕ ਮੁਆਵਜ਼ਾ ਨਹੀਂ ਦਿੱਤਾ ਹੈ। ਉਸ ਨੇ ਕਿਹਾ,'ਮੁੱਖ ਮੰਤਰੀ ਜੀ, ਮੈਨੂੰ ਤਾਂ ਹੁਣ ਆਪਣੇ ਦੁੱਖਾਂ ਤੋਂ ਬਿਨਾਂ ਕੁਝ ਨਹੀਂ ਦਿੱਸਦਾ, ਤੁਸੀਂ ਤਾਂ ਪਿੰਡ ਪਿੰਡ ਗੇੜਾ ਮਾਰਿਆ ਹੈ, ਸੰਗਤ ਦਰਸ਼ਨ ਵੀ ਕੀਤੇ ਹਨ, ਫਿਰ ਵੀ ਮੁਆਵਜ਼ਾ ਕਿਉਂ ਨਹੀਂ ਘੱਲਿਆ।'
                    ਪਿੰਡ ਪਿੱਥੋ ਦੀ ਵਿਧਵਾ ਗੁਰਜੀਤ ਕੌਰ ਦਾ ਪਤੀ ਗੁਰਮੇਲ ਸਿੰਘ ਕਰਜ਼ੇ ਤੋਂ ਤੰਗ ਆ ਕੇ ਕੀਟਨਾਸ਼ਕ ਪੀ ਗਿਆ ਸੀ ਅਤੇ ਨੌਜਵਾਨ ਲੜਕੇ ਕੁਲਵਿੰਦਰ ਸਿੰਘ ਨੇ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ ਸੀ। ਤਿੰਨ ਕਨਾਲ ਜ਼ਮੀਨ ਵਿਕਣ ਮਗਰੋਂ ਵੀ ਸਿਰ 'ਤੇ ਸਾਢੇ ਤਿੰਨ ਲੱਖ ਰੁਪਏ ਕਰਜ਼ਾ ਹੈ। ਉਸ ਨੇ ਮੁੱਖ ਮੰਤਰੀ ਨੂੰ ਆਖਿਆ, 'ਤੁਸੀਂ ਹੀ ਦੱਸੋ, ਮੈਂ ਕਿਧਰ ਜਾਵਾਂ, ਮੁਆਵਜ਼ਾ ਤਾਂ ਕੀ ਦੇਣਾ ਸੀ, ਵਿਧਵਾ ਪੈਨਸ਼ਨ ਵੀ ਨਹੀਂ ਲਾਈ।'  ਪਿੰਡ ਭੂੰਦੜ ਦੀ ਕਰਨੈਲ ਕੌਰ ਦਾ ਸੁਹਾਗ ਤਾਂ ਵਾਰ ਵਾਰ ਲੁੱਟਿਆ ਗਿਆ। ਉਸ ਦਾ ਪਤੀ ਬੂਟਾ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਦਿਓਰ ਹਰਦੇਵ ਸਿੰਘ ਦੇ ਲੜ ਲਗਾ ਦਿੱਤਾ ਗਿਆ। ਬਾਅਦ ਵਿੱਚ ਉਹ ਵੀ ਖ਼ੁਦਕੁਸ਼ੀ ਕਰ ਗਿਆ। ਸਭ ਕੁਝ ਗੁਆਉਣ ਵਾਲੀ ਕਰਨੈਲ ਕੌਰ ਨੂੰ ਸਰਕਾਰੀ ਮੁਆਵਜ਼ਾ ਹਾਲੇ ਤਕ ਨਸੀਬ ਨਹੀਂ ਹੋ ਸਕਿਆ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਨੂੰ ਸਰਕਾਰੀ ਤਸਦੀਕ ਮਗਰੋਂ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਨੇ ਸਭ ਤੋਂ ਪਹਿਲਾਂ ਸਾਲ 2001-02 ਦੇ ਬਜਟ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਰੱਖੀ ਸੀ ਪਰ ਲੰਮੇ ਸਮੇਂ ਮਗਰੋਂ ਸਰਕਾਰ ਨੇ ਨਿਗੂਣਾ ਮੁਆਵਜ਼ਾ ਵੰਡਿਆ ਅਤੇ ਕਾਫ਼ੀ ਪਰਿਵਾਰ ਹਾਲੇ ਵੀ ਮੁਆਵਜ਼ੇ ਤੋਂ ਵਾਂਝੇ ਹਨ। ਇਹ ਪਰਿਵਾਰ ਮੁਆਵਜ਼ੇ ਲਈ ਕਦੇ ਸੜਕਾਂ 'ਤੇ ਬੈਠਦੇ ਹਨ।

Monday, February 10, 2014

                                      ਬੱਚੀ ਦੀ ਕੁਰਬਾਨੀ
                   ਹਜ਼ਾਰਾਂ ਘਰਾਂ ਵਿੱਚ ਹੁਣ 'ਏਕਨੂਰ'
                                       ਚਰਨਜੀਤ ਭੁੱਲਰ
ਬਠਿੰਡਾ  :  ਭਾਵੇਂ ਕਿਰਨਦੀਪ ਦੇ ਘਰ ਦਾ ਚਿਰਾਗ  ਬੁੱਝ ਗਿਆ ਹੈ ਪਰ ੳਸਦੀ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਪੰਜਾਬ ਦੇ ਸੱਤ ਹਜ਼ਾਰ ਘਰਾਂ ਵਿੱਚ ਮੁੜ ਦੀਪ ਜਗਾ ਦਿੱਤੇ ਹਨ। ਬਠਿੰਡਾ ਵਿਚ ਬੱਚੀ ਏਕਨੂਰ ਉਰਫ਼ ਰੂਥ ਦੀ ਕੁਰਬਾਨੀ ਨੇ ਅਧਿਆਪਕਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਬੂਰ ਪਾ ਦਿੱਤਾ ਹੈ। ਇਸ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਹਨੇਰੇ ਦੇ ਇਸ ਦੌਰ ਵਿੱਚ ਹਜ਼ਾਰਾਂ ਅਧਿਆਪਕਾਂ ਤੇ ਸੰਘਰਸ਼ੀ ਲੋਕਾਂ ਵਿੱਚ ਉਮੀਦ ਦੀ  ਕਿਰਨ ਜਗਾ ਦਿੱਤੀ ਹੈ। ਅੱਜ ਪੰਜਾਬ ਸਰਕਾਰ ਨੇ ਈ.ਜੀ.ਐਸ ਅਧਿਆਪਕਾਂ ਨੂੰ ਮੁੜ ਦੋ ਵਰ੍ਹਿਆਂ ਲਈ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਹੀਂ ਹੈ ਪਰ ਸੰਘਰਸ਼ੀ ਅਧਿਆਪਕਾਂ ਨੂੰ ਫਿਲਹਾਲ ਧਰਵਾਸ ਜ਼ਰੂਰ ਮਿਲਿਆ ਹੈ। ਈ.ਜੀ.ਐਸ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਵੀਰਪਾਲ ਕੌਰ  ਨੇ ਕਿਹਾ ਕਿ ਬੱਚੀ ਦੀ ਕੁਰਬਾਨੀ ਵੱਡੀ ਹੈ ਜਦੋਂ ਕਿ ਰੁਜ਼ਗਾਰ ਛੋਟਾ ਹੈ। ਸਿਰਫ਼ ਦੋ ਵਰ੍ਹਿਆਂ ਲਈ 2500  ਰੁਪਏ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਬੱਚੀ ਦੀ ਕੁਰਬਾਨੀ ਨੂੰ ਜਥੇਬੰਦੀ ਹਮੇਸ਼ਾ ਯਾਦ ਰੱਖੇਗੀ। ਜਾਣਕਾਰੀ  ਅਨੁਸਾਰ ਈ.ਜੀ.ਐਸ ਅਧਿਆਪਕ ਛੇ ਵਰ੍ਹਿਆਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਸਨ।  ਇਸੇ ਸੰਘਰਸ਼ ਦੌਰਾਨ ਫ਼ਰੀਦਕੋਟ ਦੀ ਕਿਰਨਜੀਤ ਕੌਰ ਨੇ 8 ਫਰਵਰੀ 2010 ਨੂੰ ਕਪੂਰਥਲਾ ਟੈਂਕੀ 'ਤੇ ਆਤਮਦਾਹ ਕਰ ਲਿਆ ਸੀ ਜਿਸ ਦੀ ਬੀਤੇ ਕੱਲ੍ਹ ਚੌਥੀ ਬਰਸੀ ਮਨਾਈ ਗਈ ਹੈ। ਇਨ੍ਹਾਂ ਅਧਿਆਪਕਾਂ ਨੇ ਜਲਾਲਾਬਾਦ,ਚੀਮਾ,ਕਪੂਰਥਲਾ,ਬਠਿੰਡਾ ਅਤੇ ਭੋਖੜਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕੀਤਾ ਸੀ। 11 ਫਰਵਰੀ 2009 ਨੂੰ ਵੀ ਇਹ ਅਧਿਆਪਕ ਬਠਿੰਡਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਸਨ ਜਿਸ 'ਤੇ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਈ.ਟੀ.ਟੀ ਦਾ ਕੋਰਸ ਕਰਵਾਇਆ ਸੀ।
                     ਪੰਜਾਬ ਸਰਕਾਰ ਨੇ ਪਹਿਲੀ ਦਫ਼ਾ ਸਾਲ 2007 ਵਿੱਚ ਈ.ਜੀ.ਐਸ ਸੈਂਟਰ ਬੰਦ ਕਰਨ ਦਾ ਪੱਤਰ ਜਾਰੀ ਕੀਤਾ ਸੀ।  ਪਰ ਜਦੋਂ 25 ਜੁਲਾਈ 2007 ਨੂੰ  ਅਧਿਆਪਕਾਂ ਨੇ ਕਪੂਰਥਲਾ 'ਚ ਧਰਨਾ ਲਾ ਦਿੱਤਾ ਤਾਂ ਸੈਂਟਰਾਂ ਨੂੰ ਤਿੰਨ ਮਹੀਨੇ ਹੋਰ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਮੁੜ 25 ਸਤੰਬਰ 2007 ਨੂੰ ਜਦੋਂ ਕਪੂਰਥਲਾ 'ਚ ਧਰਨਾ ਲਾਇਆ ਗਿਆ ਸੀ ਤਾਂ ਸਰਕਾਰ ਨੇ ਛੇ ਮਹੀਨੇ ਹੋਰ ਸੈਂਟਰ ਚਲਾਉਣ ਦਾ ਫੈਸਲਾ ਕੀਤਾ ਸੀ। ਪੰਜਾਬ ਪੁਲੀਸ ਨੇ ਇਨ੍ਹਾਂ ਅਧਿਆਪਕਾਂ 'ਤੇ ਬਰਨਾਲਾ ਅਤੇ ਬਠਿੰਡਾ ਵਿੱਚ  ਕੇਸ ਵੀ ਦਰਜ ਕੀਤੇ ਹਨ। ਬਠਿੰਡਾ ਸੰਘਰਸ਼ ਦੌਰਾਨ ਕਿਰਨਜੀਤ ਕੌਰ ਦੀ ਬੱਚੀ ਦੀ ਧਰਨੇ   ਦੌਰਾਨ ਠੰਢ ਲੱਗਣ ਕਾਰਨ ਮੌਤ ਹੋ ਗਈ ਜਿਸ ਕਰਕੇ ਅਧਿਆਪਕਾਂ ਨੇ ਬੱਚੀ ਦੀ ਲਾਸ਼ ਸੜਕ 'ਤੇ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਅਧਿਆਪਕਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ. ਆਰ ਅਧਿਆਪਕਾਂ ਨੂੰ ਦੋ ਸਾਲ ਲਈ ਨੌਕਰੀ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਏ.ਆਈ.ਈ ਯੂਨੀਅਨ ਦੇ ਅਵਤਾਰ ਸਿੰਘ ਫਰੀਦਕੋਟ ਦਾ ਕਹਿਣਾ ਹੈ ਕਿ ਏਡਾ ਵੱਡਾ ਸੰਘਰਸ਼ ਲੜ ਕੇ ਵੀ ਉਨ੍ਹਾਂ  ਨੂੰ ਸਰਕਾਰ ਨੇ ਤੱਛ ਜਿਹਾ ਰੁਜ਼ਗਾਰ ਦਿੱਤਾ ਹੈ ਅਤੇ ਉਹ ਵੀ ਸਿਰਫ਼ ਦੋ ਵਰ੍ਹਿਆਂ ਲਈ। ਉਨ੍ਹਾਂ ਆਖਿਆ ਕਿ ਬੱਚੀ ਰੂਥ ਦੀ ਸ਼ਹੀਦੀ ਨੇ ਸਰਕਾਰ  ਨੂੰ ਫੈਸਲਾ ਲੈਣ ਲਈ ਮਜਬੂਰ ਕੀਤਾ ਹੈ।
                                                         ਕੈਂਡਲ ਮਾਰਚ ਨਾਲ ਸੰਘਰਸ਼ ਸਮਾਪਤ
ਈ.ਜੀ.ਐਸ ਅਧਿਆਪਕਾਂ ਦਾ ਬਠਿੰਡਾ ਵਿੱਚ ਹਫ਼ਤੇ ਭਰ ਤੋਂ ਚੱਲ ਰਿਹਾ ਸੰਘਰਸ਼ ਅੱਜ ਸ਼ਾਮ ਕੈਂਡਲ ਮਾਰਚ ਨਾਲ ਸਮਾਪਤ ਹੋ ਗਿਆ ਹੈ। ਕੱਲ੍ਹ ਇਸ ਸੰਘਰਸ਼ ਦੌਰਾਨ ਠੰਢ ਲੱਗਣ ਕਾਰਨ ਫੌਤ ਹੋਈ 14 ਮਹੀਨੇ ਦੀ ਬੱਚੀ ਰੂਥ ਦਾ ਸਸਕਾਰ ਕੀਤਾ ਜਾਵੇਗਾ । ਈ.ਜੀ.ਐਸ ਅਧਿਆਪਕਾਂ ਨੇ ਤਿੰਨ ਦਿਨਾਂ ਤੋਂ ਇੱਥੇ ਬੱਸ ਅੱਡੇ  ਅੱਗੇ ਬੱਚੀ ਦੀ ਲਾਸ਼ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਅੱਜ ਪੰਜਾਬ ਸਰਕਾਰ ਨਾਲ ਸਮਝੌਤਾ ਹੋਣ ਮਗਰੋਂ ਬਠਿੰਡਾ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਧਿਰਾਂ ਨੇ ਸੜਕ ਜਾਮ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਬੱਸ ਅੱਡੇ ਤੋਂ ਪਾਣੀ ਵਾਲੀ ਟੈਂਕੀ ਤੱਕ ਕੈਂਡਲ ਮਾਰਚ ਵੀ ਕੀਤਾ।

Sunday, February 9, 2014

                                                                                  
                                                                        ਨੰਨ੍ਹੀ ਛਾਂ
                                              ਲੋਰੀਆਂ ਦੀ ਥਾਂ ਪੁਲੀਸ ਦੇ ਦਬਕੇ
                                                                   ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖਿੱਤੇ ਵਿੱਚ ਏਦਾਂ ਦੇ ਸੈਂਕੜੇ ਅਣਭੋਲ ਚਿਹਰੇ ਹਨ ਜੋ ਨਿੱਕੀ ਉਮਰੇ ਹੀ ਸੰਘਰਸ਼ਾਂ ਦੇ ਰਾਹੀ ਬਣ ਗਏ ਹਨ। ਬਹੁਤੇ ਇਨ੍ਹਾਂ ਰਾਹਾਂ ਤੋਂ ਅਣਜਾਣ ਤਾਂ ਹਨ ਪਰ ਉਨ੍ਹਾਂ ਦੀ ਅਣਕਹੀ ਭਾਸ਼ਾ ਮਾਪਿਆਂ ਦੀ ਬਿਪਤਾ ਦੀ ਗਵਾਹੀ ਭਰਦੀ ਹੈ। ਈ.ਜੀ.ਐਸ ਮਹਿਲਾ ਅਧਿਆਪਕਾ  ਕਿਰਨਜੀਤ ਕੌਰ ਦੀ 14 ਮਹੀਨੇ ਦੀ ਬੱਚੀ ਏਕਨੂਰ ਉਰਫ ਰੂਥ ਬਠਿੰਡਾ ਪੁਲੀਸ ਦੇ ਟੇਢੇ ਜਬਰ ਦੀ ਭੇਟ ਚੜ੍ਹ ਗਈ ਹੈ। ਉਸ ਦਾ ਕਸੂਰ ਸਿਰਫ ਏਨਾ  ਸੀ ਕਿ ਉਹ ਆਪਣੀ ਮਾਂ ਨਾਲ ਸੰਘਰਸ਼ ਦੇ ਥੜ੍ਹੇ 'ਤੇ ਬੈਠੀ ਸੀ।ਬਠਿੰਡਾ ਦੇ ਬੱਸ ਅੱਡੇ ਅੱਗੇ ਸੜਕ 'ਤੇ ਫਰੀਜ਼ਰ ਨੁਮਾ ਝੂਲੇ ਵਿੱਚ ਪਈ 14 ਮਹੀਨੇ ਦੀ ਬੱਚੀ ਦੇ ਅੰਗ ਸੰਗ ਅੱਜ ਦਰਜਨਾਂ ਬੱਚੇ ਸਨ। ਹੋਸ਼ ਸੰਭਾਲ ਰਹੇ ਬੱਚਿਆਂ ਨੂੰ ਏਨਾ ਕੁ ਅੰਦਾਜ਼ਾ ਹੈ ਕਿ ਪੰਜਾਬ ਦੇ ਵਿਹੜੇ ਵਿੱਚ ਸੁੱਖ ਨਹੀਂ ਹੈ। ਬਠਿੰਡਾ ਦੀ ਈ.ਜੀ.ਐਸ ਅਧਿਆਪਕਾ ਗੁਰਪ੍ਰੀਤ ਕੌਰ ਦੀ ਪੰਜ ਵਰ੍ਹਿਆਂ ਦੀ ਬੱਚੀ ਏਕਮਜੋਤ ਅੱਜ ਸੜਕ 'ਤੇ ਮਾਂ ਨਾਲ ਬੈਠੀ ਸੀ। ਮਾਂ ਦੱਸਦੀ ਹੈ ਕਿ ਜਦੋਂ ਬੱਚੀ ਦੀ ਸੁਰਤ ਸੰਭਲੀ ਤਾਂ ਉਸ ਨੂੰ ਕਿਤੇ ਪਾਣੀ ਵਾਲੀ ਟੈਂਕੀ ਵੇਖਣ ਨੂੰ ਮਿਲੀ ਤੇ ਕਿਤੇ ਦਬਕੇ ਮਾਰਦੀ ਪੁਲੀਸ। ਇਹ ਬੱਚੀ ਚੀਮਾ ਪਿੰਡ ਵੀ ਗਈ ਹੈ ਅਤੇ ਗਿੱਦੜਬਾਹੇ ਚੱਲੇ ਸੰਘਰਸ਼ ਵਿੱਚ ਵੀ। ਖਿਆਲੀਵਾਲਾ ਦੀ ਅਧਿਆਪਕਾ ਹਰਦੀਪ ਕੌਰ ਆਪਣੀ 10 ਮਹੀਨੇ ਦੀ ਬੱਚੀ ਜਸ਼ਨ ਨੂੰ ਹਰ ਸੰਘਰਸ਼ ਵਿੱਚ ਲਿਜਾਂਦੀ ਹੈ। ਜਦੋਂ ਭੋਖੜਾ 'ਚ ਪੁਲੀਸ ਨੇ ਲਾਠੀਚਾਰਜ ਕੀਤਾ ਤਾਂ ਇਹ ਮਾਂ ਵੀ ਬੱਚੀ ਨੂੰ ਗੋਦ ਵਿੱਚ ਲੈ ਕੇ ਭੱਜੀ ਸੀ। ਮਹਿਲਾ ਅਧਿਆਪਕਾ ਸੁਖਵਿੰਦਰ ਕੌਰ ਦੇ ਜੁੜਵਾ ਬੱਚੇ ਹਨ। ਇੱਕ ਸੰਘਰਸ਼ ਇੱਕ ਦੇ ਹਿੱਸੇ ਆਉਂਦਾ ਹੈ ਅਤੇ ਨਵੀਂ ਥਾਂ ਵਾਲਾ ਸੰਘਰਸ਼ ਦੂਸਰੇ ਬੱਚੇ ਦੇ ਹਿੱਸੇ।
                   ਇਨ੍ਹਾਂ ਮਾਵਾਂ ਦਾ ਕਹਿਣਾ ਹੈ ਕਿ ਕਿਸੇ ਹਕੂਮਤ ਨੇ ਸੋਚਿਆ ਹੈ ਕਿ ਉਨ੍ਹਾਂ ਨੂੰ ਸੜਕਾਂ 'ਤੇ ਬੈਠਣਾ ਕਿਉਂ ਪੈਂਦਾ ਹੈ। ਪਿੰਡ ਮਾਣੂਕੇ ਦੀ ਸਰਬਜੀਤ ਕੌਰ ਦਾ ਦੋ ਸਾਲ ਦੇ ਬੱਚਾ ਖੇਡਣ ਦੀ ਉਮਰੇ ਰੋਸ ਮਾਰਚਾਂ ਦਾ ਹਿੱਸਾ ਬਣ ਗਿਆ ਹੈ। ਇਵੇਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਬੱਚੇ ਕੁੱਦੇ ਹਨ ਜੋ ਆਪਣੇ ਮਾਪਿਆਂ ਦੇ ਦਰਦਾਂ ਦੀ ਤੰਦ ਸਮਝਦੇ ਹਨ। ਪਿੰਡ ਕੋਟੜਾ ਦੀ ਬੱਚੀ ਗਗਨਦੀਪ ਦੀ ਹੋਸ਼ ਸੰਭਲਣ ਤੋਂ ਪਹਿਲਾਂ ਹੀ ਬਾਪ ਨੇ ਕਰਜ਼ੇ ਦੇ ਬੋਝ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮਾਂ ਛੱਡ ਕੇ ਚਲੀ ਗਈ ਅਤੇ ਹੁਣ ਇਹ ਬੱਚੀ ਆਪਣੀ ਤਾਈ ਨਾਲ ਹਰ ਸੰਘਰਸ਼ ਵਿੱਚ ਜਾਂਦੀ ਹੈ। ਪਿੰਡ ਜੇਠੂਕੇ ਦੀ 9ਵੀਂ ਜਮਾਤ ਦੀ ਬੱਚੀ ਅਮਰਜੀਤ ਕੌਰ ਦਾ ਪਿਤਾ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕਾ ਹੈ। ਉਹ ਸਕੂਲ ਜਾਣ ਦੀ ਥਾਂ ਹਰ ਧਰਨੇ ਵਿੱਚ ਜਾਂਦੀ ਹੈ। ਪਿੰਡ ਮਹਿਮਾ ਭਗਵਾਨਾ ਦੀ ਕਿਰਨਜੀਤ ਕੌਰ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ। ਕਿਧਰੋਂ ਕੋਈ ਮਦਦ ਦੀ ਆਸ ਦਿਖਦੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸੰਘਰਸ਼ ਦੇ ਰਾਹ ਤੁਰ ਪੈਂਦੀ ਹੈ। ਇਸੇ ਤਰ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਦੇ ਬੱਚੇ ਵੀ ਆਪਣੇ ਮਾਪਿਆਂ ਦੇ ਛੋਟੀ ਉਮਰ ਵਿੱਚ  ਹੀ ਸਾਥੀ ਬਣ ਗਏ ਹਨ। ਆਪਣੇ ਮਾਪਿਆਂ 'ਤੇ ਬਣੇ ਸੰਕਟ ਦਾ ਇਹ ਬੱਚੇ ਅਹਿਸਾਸ ਕਰਦੇ ਹਨ। ਏਦਾਂ ਦੇ ਵੀ ਕਾਫ਼ੀ ਬੱਚੇ ਹਨ ਜਿਨ੍ਹਾਂ ਨੂੰ ਸੰਘਰਸ਼ੀ ਮਾਪਿਆਂ ਦੇ ਨਾਲ ਜੇਲ੍ਹਾਂ ਅਤੇ ਥਾਣਿਆਂ ਵਿੱਚ  ਜਾਣਾ ਪਿਆ ਹੈ। ਬਿਨਾਂ ਕਸੂਰੋਂ ਇਨ੍ਹਾਂ ਨੰਨ੍ਹੇ ਮੁੰਨੇ ਰਾਹੀਆਂ ਨੇ ਥਾਣੇ ਵੀ ਵੇਖ ਲਏ ਹਨ ਅਤੇ ਜੇਲ੍ਹਾਂ ਵੀ। ਹੁਣ ਕਿਰਨਜੀਤ ਦੀ ਰੂਥ ਨੇ ਮੌਤ ਵੀ।
                                                        ਮੌਤ ਤੇ ਪਰਦਾ ਪਾਉਣ ਦੀ ਕੋਸ਼ਿਸ਼
ਪੰਜਾਬ ਸਰਕਾਰ ਹੁਣ ਬਠਿੰਡਾ ਵਿਚ ਹੋਈ ਬੱਚੀ ਦੀ ਮੌਤ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਮਹਿਲਾ ਅਧਿਆਪਕਾਂ ਦੇ ਬੱਚੇ ਦੀ ਮੌਤ ਖੁਰਾਕ ਦੀ ਕਮੀ ਕਰਕੇ ਹੋਈ ਹੈ। ਅੱਜ ਦੇਰ ਸਾਮ ਬਠਿੰਡਾ ਦੇ ਸਿਵਲ ਸਰਜਨ ਅਜੇ ਸਾਹਨੀ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਆਖਿਆ ਕਿ ਬੱਚੀ ਰੂਥ ਦੀ ਮੌਤ ਖੁਰਾਕ ਦੀ ਕਮੀ ਕਰਕੇ ਹੋਈ ਹੈ ਜਿਸ ਕਰਕੇ ਬੱਚੀ ਨੂੰ ਦੌਰੇ ਪੈ ਰਹੇ ਸਨ। ਉਨ•ਾਂ ਆਖਿਆ ਕਿ ਬੱਚੀ ਨੂੰ ਨਾ ਠੰਢ ਲੱਗੀ ਸੀ ਅਤੇ ਨਾ ਹੀ ਨਮੂਨੀਆ ਹੋਇਆ ਸੀ।  ਉਨ•ਾਂ ਆਖਿਆ ਕਿ ਉਨ•ਾਂ ਨੇ ਬੱਚੀ ਦੇ ਵਿਟਾਮਨਾਂ ਦੇ ਇੰਜੈਕਸ਼ਨ ਵੀ ਲਗਾਏ ਸਨ ਜਿਨ•ਾਂ ਦਾ ਕੋਈ ਅਸਰ ਨਾ ਹੋਇਆ। ਉਨ•ਾਂ ਆਖਿਆ ਕਿ ਬੱਚੀ ਨੂੰ ਚੰਗੀ ਖੁਰਾਕ ਨਹੀਂ ਮਿਲ ਰਹੀ ਸੀ। ਉਨ•ਾਂ ਆਖਿਆ ਕਿ ਮੁਢਲੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖੁਰਾਕ ਦੀ ਕਮੀ ਹੀ ਬੱਚੇ ਦੀ ਮੌਤ ਦਾ ਕਾਰਨ ਬਣੀ ਹੈ। ਉਨ•ਾਂ ਇਹ ਵੀ ਮੰਨਿਆ ਕਿ ਦੇਸ ਵਿਚ ਬਹੁਤ ਹੀ ਘੱਟ ਬੱਚਿਆਂ ਦੀ ਮੌਤ ਖੁਰਾਕ ਦੀ ਕਮੀ ਕਰਕੇ ਮੌਤ ਹੁੰਦੀ ਹੈ। ਉਨ•ਾਂ ਆਖਿਆ ਕਿ ਜਿਆਦਾ ਤਾਰ ਕੇਸਾਂ ਵਿਚ ਖੁਰਾਕ ਦੀ ਕਮੀ ਵਾਲੇ ਬੱਚੇ ਬਚ ਜਾਂਦੇ ਹਨ ਪ੍ਰੰਤੂ ਇਸ ਕੇਸ ਵਿਚ ਬੱਚਾ ਬਚ ਨਹੀਂ ਸਕਿਆ।
                   ਕੇਂਦਰੀ ਸਿਹਤ ਮੰਤਰਾਲੇ ਵਲੋਂ ਪਾਰਲੀਮੈਂਟ ਦੇ ਪਿਛਲੇ ਸੈਸ਼ਨ ਵਿਚ ਦਿੱਤੀ ਇੱਕ ਰਿਪੋਰਟ ਜੋ ਕਿ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ, ਵਿਚ ਦੱਸਿਆ ਕਿ ਖੁਰਾਕ ਦੀ ਕਮੀ ਕਾਰਨ ਬੱਚਿਆਂ ਦੀਆਂ ਮੌਤਾਂ ਹੋਣ ਦਾ ਕੋਈ ਰਿਕਾਰਡ ਕਾਇਮ ਨਹੀਂ ਕੀਤਾ ਜਾਂਦਾ ਹੈ। ਲਿਖਤੀ ਜੁਆਬ ਵਿਚ ਦੱਸਿਆ ਹੈ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ 2005 06 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 24.9 ਫੀਸਦੀ ਬੱਚੇ ਖੁਰਾਕ ਦੀ ਕਮੀ ਵਾਲੇ ਸ਼ਨਾਖ਼ਤ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ 30 ਮਾਰਚ 2012 ਨੂੰ ਪਾਰਲੀਮੈਂਟ ਵਿਚ ਇੱਕ ਲਿਖਤੀ ਜੁਆਬ ਵਿਚ ਇਹ ਸਪੱਸ਼ਟ ਕੀਤਾ ਕਿ ਖੁਰਾਕ ਦੀ ਕਮੀ ਬੱਚੇ ਦੀ ਮੌਤ ਦਾ ਸਿੱਧਾ ਕਾਰਨ ਨਹੀਂ ਬਣਦੀ ਹੈ ਜਿਸ ਕਰਕੇ ਇਸ ਦਾ ਕੋਈ ਰਿਕਾਰਡ ਵੀ ਕਾਇਮ ਨਹੀਂ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਸ ਕਰਕੇ ਬੱਚੇ ਦੀ ਇਨਫੈਕਸਨ ਨਾਲ ਲੜਨ ਦੀ ਸਮਰੱਥਾ ਜਰੂਰ ਘੱਟ ਜਾਂਦੀ ਹੈ। ਉਨ•ਾਂ ਰਜਿਸਟਰਾਰ ਜਨਰਲ ਆਫ਼ ਇੰਡੀਆ ਦੀ ਸਾਲ 2001 03 ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਦੇਸ ਵਿਚ ਜ਼ੀਰੋ ਤੋਂ ਚਾਰ ਸਾਲ ਤੱਕ ਦੇ 2.8 ਫੀਸਦੀ ਬੱਚਿਆਂ ਦੀ ਮੌਤ ਹੀ ਖੁਰਾਕ ਦੀ ਚੰਗੀ ਮਾਤਰਾ ਨਾ ਮਿਲਣ ਕਰਕੇ ਹੋਈ ਹੈ।
                  ਇਸੇ ਦੌਰਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਤਰ•ਾਂ ਕਰਕੇ ਬੱਚੇ ਦੇ ਮਾਪਿਆਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਹੀ ਹੈ। ਉਨ•ਾਂ ਆਖਿਆ ਕਿ ਬਿਨ•ਾਂ ਪੋਸਟ ਪਾਰਟਮ ਦੀ ਰਿਪੋਰਟ ਤੋਂ ਮੌਤ ਦੇ ਕਾਰਨ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਬੱਚੇ ਦਾ ਪੋਸਟ ਪਾਰਟਮ ਤਾਂ ਹੋਇਆ ਹੀ ਨਹੀਂ ਹੈ। ਉਨ•ਾਂ ਆਖਿਆ ਕਿ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇਸ ਦੁੱਖ ਦੀ ਘੜੀ ਵਿਚ ਬੱਚੇ ਦੇ ਮਾਪਿਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰ ਸਕਦੇ ਤਾਂ ਘੱਟੋ ਘੱਟ ਚੁੱਪ ਤਾਂ ਰਹਿ ਹੀ ਸਕਦੇ ਹਨ।

Saturday, February 8, 2014

                                        ਪੁਲੀਸ ਦੀ ਜਿੱਦ
                        ... ਹਾਰ ਗਈ ਇੱਕ ਜ਼ਿੰਦਗੀ
                                         ਚਰਨਜੀਤ ਭੁੱਲਰ
ਬਠਿੰਡਾ  :  ਬਠਿੰਡਾ ਪੁਲੀਸ ਦੀ ਜਿੱਦ ਅੱਗੇ ਅੱਜ ਇੱਕ ਜ਼ਿੰਦਗੀ ਹਾਰ ਗਈ ਜਿਸ ਨੇ ਬਾਬਲ ਦਾ ਮਾਣ ਤੇ ਮਾਂ ਦੀ ਛਾਂ ਬਣਨਾ ਸੀ। ਇੱਕ ਸਾਲ ਦੀ ਨੰਨ•ੀ ਬੱਚੀ ਆਪਣੀ ਮਾਂ ਦੇ ਰੁਜ਼ਗਾਰ ਖਾਤਰ ਕੁਰਬਾਨ ਹੋ ਗਈ। ਮਹਿਲਾ ਅਧਿਆਪਕਾ ਕਿਰਨਜੀਤ ਕੌਰ ਬਠਿੰਡਾ ਵਿਚ ਆਪਣੀ ਬੱਚੀ ਰੂਥ ਨੂੰ ਸੰਘਰਸ਼ ਵਿਚ ਲੈ ਕੇ ਪੁੱਜੀ ਹੋਈ ਸੀ। ਪੁਲੀਸ ਅਫਸਰਾਂ ਦੀ ਇੱਕੋ ਅੜੀ ਸੀ ਕਿ ਇਨ•ਾਂ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣਾ ਹੈ। ਤਾਹੀਓਂ ਪੁਲੀਸ ਮੁਲਾਜ਼ਮਾਂ ਨੇ ਇੱਕ ਦਫ਼ਾ ਕੜਾਕੇ ਦੀ ਠੰਡ ਵਿਚ ਬੈਠੇ ਅਧਿਆਪਕਾਂ ਤੋਂ ਰਾਤ ਨੂੰ ਰਜਾਈਆਂ ਵੀ ਖੋਹ ਲਈਆਂ ਸਨ। ਐਤਵਾਰ ਦੀ ਰਾਤ ਹੀ ਇਸ ਬੱਚੀ ਨੂੰ ਰਾਤ ਵਕਤ ਧਰਨੇ ਵਿਚ ਠੰਢ ਲੱਗ ਗਈ ਜੋ ਅੱਜ ਬਠਿੰਡਾ ਦੇ ਹਸਪਤਾਲ ਵਿਚ ਇਸ ਬੱਚੀ ਦੀ ਮੌਤ ਦਾ ਕਾਰਨ ਬਣ ਗਈ। ਛੋਟੀ ਬੱਚੀ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਅੱਜ ਸਵੇਰ ਪੌਣੇ ਦੋ ਵਜੇ ਜਾਨ ਚਲੀ ਗਈ। ਇੱਕ ਸਾਲ ਦੀ ਉਮਰ ਵਿਚ ਹੀ ਇਸ ਬੱਚੀ ਨੇ ਕਈ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਵੇਖ ਲਈਆਂ ਸਨ। ਹਕੂਮਤਾਂ ਦੇ ਚਿਹਰੇ ਤੋਂ ਅਣਜਾਣ ਇਹ ਬੱਚੀ ਨਾਹਰੇ ਮਾਰਦੀ ਮਾਂ ਦੇ ਚਿਹਰੇ ਤੋਂ ਕਾਫ਼ੀ ਕੁਝ ਭਾਂਪਦੀ ਸੀ। ਬੱਚੀ ਰੂਥ ਨੇ ਪਹਿਲਾਂ ਬਰਨਾਲਾ ਦੇ ਪਿੰਡ ਚੀਮਾ ਦੀ ਪਾਣੀ ਵਾਲੀ ਟੈਂਕੀ ਕੋਲ ਮਾਂ ਦੀ ਬੁੱਕਲ ਵਿਚ ਬੈਠ ਕੇ ਕਈ ਦਿਨ ਕੱਟੇ ਅਤੇ ਉਸ ਤੋਂ ਪਹਿਲਾਂ ਪਿੰਡ ਭੋਖੜਾ ਦੀ ਪਾਣੀ ਵਾਲੀ ਟੈਂਕੀ ਵੀ ਇਸ ਬੱਚੀ ਨੇ ਵੇਖੀ।
                    ਭਾਵੇਂ ਇਹ ਬੱਚੀ ਹੋਸ਼ ਸੰਭਾਲਣ ਵਾਲੇ ਪੜਾਅ ਤੇ ਨਹੀਂ ਪੁੱਜੀ ਸੀ ਤੇ ਪੁਲੀਸ ਵਲੋਂ ਕੀਤੀ ਜਾਂਦੀ ਖਿੱਚ ਧੂਹ ਵੀ ਉਸ ਦੀ ਸਮਝੋ ਬਾਹਰ ਸੀ ਪ੍ਰੰਤੂ ਉਸ ਨੂੰ ਅੰਦਰੋਂ ਅੰਦਰੀਂ ਅਹਿਸਾਸ ਜ਼ਰੂਰ ਹੁੰਦਾ ਹੋਵੇਗਾ ਕਿ ਪੰਜਾਬ ਦੇ ਵਿਹੜੇ ਵਿਚ ਹੁਣ ਸੁੱਖ ਨਹੀਂ ਰਹੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਮਹਿਲਾ ਅਧਿਆਪਕਾ ਕਿਰਨਜੀਤ ਕੌਰ ਨੂੰ ਸਰਕਾਰ ਨੇ ਸਾਲ 2009 ਵਿਚ ਈ.ਜੀ.ਐਸ ਸੈਂਟਰ ਚੋਂ ਫ਼ਾਰਗ ਕਰ ਦਿੱਤਾ ਸੀ। ਉਹ ਆਪਣੇ ਸਾਥੀ ਈ.ਜੀ.ਐਸ ਅਧਿਆਪਕਾਂ ਨਾਲ ਬਠਿੰਡਾ ਵਿਚ ਆਪਣੀ ਬੱਚੀ ਸਮੇਤ ਸੰਘਰਸ਼ ਵਿਚ ਕੁੱਦੀ ਹੋਈ ਸੀ। ਬਠਿੰਡਾ ਵਿਚ ਕਈ ਦਿਨਾਂ ਤੋਂ ਦਰਜਨ ਈ.ਜੀ.ਐਸ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜ•ੇ ਹੋਏ ਹਨ।  ਬਠਿੰਡਾ ਵਿਚ ਰੁਜ਼ਗਾਰ ਲੈਣ ਆਈ ਕਿਰਨਜੀਤ ਕੌਰ ਆਪਣੀ ਧੀ ਗੁਆ ਕੇ ਤੁਰ ਗਈ। ਮਾਂ ਕਿਰਨਜੀਤ ਅੱਜ ਧੀ ਦੀ ਲਾਸ਼ ਬੁੱਕਲ ਵਿਚ ਲੈ ਕੇ ਬਠਿੰਡਾ ਦੀਆਂ ਸੜਕਾਂ ਤੇ ਕਈ ਘੰਟੇ ਬੈਠੀ ਰਹੀ। ਬਾਪ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਛੇ ਵਰਿ•ਆ ਦੀ ਵੱਡੀ ਬੇਟੀ ਰਿਬਕਾਹ ਹੈ ਅਤੇ ਉਹ ਵੀ ਆਪਣੀ ਮਾਂ ਨਾਲ ਸੰਘਰਸ਼ ਵਿਚ ਜਾਂਦੀ ਰਹੀ ਹੈ। ਜਦੋਂ ਪੁੱਛਿਆ ਕਿ ਬੱਚੀ ਕਿਹੜੇ ਸਕੂਲ ਪੜ•ਦੀ ਹੈ, ਤਾਂ ਬਾਪ ਨੇ ਧਾਹ ਮਾਰ ਕੇ ਦੱਸਿਆ, ਗਰੀਬਾਂ ਦੇ ਤਾਂ ਸਰਕਾਰੀ ਸਕੂਲਾਂ ਵਿਚ ਹੀ ਪੜ•ਦੇ ਨੇ।
                  ਬਾਪ ਚਰਨਜੀਤ ਇੱਕ ਪੇਂਟਰ ਕੋਲ ਦਿਹਾੜੀ ਤੇ ਕੰਮ ਕਰਦਾ ਹੈ। ਬਾਪ ਚਰਨਜੀਤ ਸਿੰਘ ਖੁਦ ਵੀ ਇਕਲੌਤਾ ਹੈ ਜਿਸ ਦੇ ਨਾ ਭੈਣ ਹੈ ਅਤੇ ਨਾ ਕੋਈ ਭਰਾ। ਕਿਰਨਜੀਤ ਕੌਰ ਨੇ ਈ.ਟੀ.ਟੀ ਕੀਤੀ ਹੋਈ ਅਤੇ ਨਰਸਰੀ ਟੀਚਰ ਟਰੇਨਿੰਗ ਵੀ ਕੀਤੀ ਹੋਈ ਹੈ। ਹੁਣ ਉਹ ਬੀ.ਏ ਵੀ ਕਰ ਰਹੀ ਹੈ। ਇੱਧਰ ਐਸ.ਐਸ.ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਕਾਫ਼ੀ ਸਖ਼ਤੀ ਕੀਤੀ ਹੋਈ ਹੈ ਜਿਸ ਦੇ ਤਹਿਤ ਕਈ ਪੁਲੀਸ ਕੇਸ ਵੀ ਦਰਜ ਕੀਤੇ ਹਨ। ਪੁਲੀਸ ਨੇ ਟੈਂਕੀ ਹੇਠ ਬੈਠੇ ਅਧਿਆਪਕਾਂ ਨੂੰ ਚੁੱਕਣ ਸਮੇਂ ਆਮ ਰਾਹਗੀਰਾਂ ਨੂੰ ਵੀ ਚੁੱਕ ਲਿਆ ਸੀ।  ਮਾਪਿਆਂ ਨੇ ਆਪਣੀ ਵੱਡੀ ਧੀ ਨੂੰ ਇਹ ਖਬਰ ਨਹੀਂ ਦਿੱਤੀ ਕਿ ਉਸ ਦੀ ਛੋਟੀ ਭੈਣ ਮੁੜ ਕਦੇ ਘਰ ਨਹੀਂ ਆਏਗੀ। 

Monday, February 3, 2014

                                       ਖ਼ਾਤਰਦਾਰੀ
             ਪ੍ਰਾਹੁਣਿਆਂ ਦੀ ਸੇਵਾ ਤੇ 5 ਕਰੋੜ ਖਰਚੇ
                                   ਚਰਨਜੀਤ ਭੁੱਲਰ
ਬਠਿੰਡਾ :  ਅਕਾਲੀ ਭਾਜਪਾ ਸਰਕਾਰ ਨੇ ਛੇ ਵਰਿ•ਆਂ ਵਿਚ ਸਰਕਾਰੀ ਪ੍ਰਾਹੁਣਿਆਂ (ਸਟੇਟ ਗੈਸਟ) ਦੀ ਟਹਿਲ ਸੇਵਾ ਤੇ ਕਰੀਬ 5.31 ਕਰੋੜ ਰੁਪਏ ਖਰਚ ਦਿੱਤੇ ਹਨ। ਪੰਜਾਬ ਸਰਕਾਰ ਨੇ ਮਾਲੀ ਸੰਕਟ ਦੇ ਬਾਵਜੂਦ ਪ੍ਰਤੀ ਸਟੇਟ ਗੈਸਟ ਔਸਤਨ 84,432 ਰੁਪਏ ਦਾ ਖਰਚ ਕੀਤਾ ਹੈ। ਸਾਲ 2011 12 ਵਿਚ ਤਾਂ ਸਰਕਾਰ ਨੇ ਪ੍ਰਤੀ ਸਟੇਟ ਗੈਸਟ 2.28 ਲੱਖ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਾਲ 2008 09 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 1.34 ਲੱਖ ਰੁਪਏ ਖਰਚ ਕੀਤੇ ਹਨ । ਇਹ ਚੋਣਾਂ ਵਾਲੇ ਵਰੇ• ਸਨ। ਇਵੇਂ ਹੀ ਪੰਜਾਬ ਭਵਨ ਚੰਡੀਗੜ• ਵਿਚ ਜੋ ਪੇਇੰਗ ਗੈਸਟ ਠਹਿਰੇ ਗਏ, ਉਨ•ਾਂ ਤੇ ਵੀ ਇਨ•ਾਂ ਵਰਿ•ਆਂ ਵਿਚ 2.74 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਆਰ.ਟੀ. ਆਈ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਸਾਲ 2007 08 ਤੋਂ 2012 13 ਤੱਕ ਪੰਜਾਬ ਸਰਕਾਰ ਵਲੋਂ 630 ਸਰਕਾਰੀ ਪ੍ਰਾਹੁਣਿਆ ਦੀ ਖ਼ਾਤਰਦਾਰੀ ਕੀਤੀ ਗਈ ਹੈ ਜਿਨ•ਾਂ ਦੀ ਠਹਿਰ,ਟਰਾਂਸਪੋਰਟ,ਖਾਣ ਪਾਣੀ ਅਤੇ ਤੋਹਫ਼ਿਆਂ ਤੇ ਸਰਕਾਰ ਨੇ 5,31,92,735 ਰੁਪਏ ਖਰਚ ਕੀਤੇ ਹਨ। ਸਾਲ 2007 08 ਵਿਚ ਸਭ ਤੋਂ ਜਿਆਦਾ 180 ਸਟੇਟ ਗੈਸਟਾਂ ਦੀ ਪ੍ਰਾਹੁਣਚਾਰੀ ਕੀਤੀ ਗਈ ਅਤੇ ਇਸ ਤੇ 56.07 ਲੱਖ ਰੁਪਏ ਖਰਚ ਕੀਤੇ ਗਏ। ਸਾਲ 2008 09 ਤੇ 95 ਸਰਕਾਰੀ ਪ੍ਰਾਹੁਣਿਆਂ ਤੇ 1.28 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ।
                 ਇਸੇ ਤਰ•ਾਂ ਸਾਲ 2010 11 ਵਿਚ 119 ਸਟੇਟ ਗੈਸਟ ਪੰਜਾਬ ਵਿਚ ਠਹਿਰੇ ਜਿਨ•ਾਂ ਤੇ 45.68 ਲੱਖ ਰੁਪਏ ਦਾ ਖਰਚਾ ਆਇਆ ਜਦੋਂ ਕਿ ਸਾਲ 2011 12 ਵਿਚ 61 ਮਹਿਮਾਨਾਂ ਤੇ 1.39 ਕਰੋੜ ਰੁਪਏ ਦਾ ਖਰਚ ਕੀਤਾ ਗਿਆ। ਸਾਲ 2012 13 ਵਿਚ 92 ਸਟੇਟ ਗੈਸਟਾਂ ਤੇ 99.71 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਇਨ•ਾਂ ਵਰਿ•ਆਂ ਦੌਰਾਨ ਬਜਟ ਦੀ ਕੋਈ ਕਮੀ ਨਹੀਂ ਰਹੀ ਹੈ। ਸਰਕਾਰ ਨੇ ਖ਼ਾਤਰਦਾਰੀ ਤੋਂ ਜਿਆਦਾ ਹੀ ਬਜਟ ਪ੍ਰਾਹੁਣਚਾਰੀ ਵਿਭਾਗ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਭਵਨ ਵਿਚ ਸਾਲ 2007 08 ਤੋਂ 2012 13 ਦੌਰਾਨ 8563 ਪੇਇੰਗ ਗੈਸਟ ਠਹਿਰੇ ਹਨ ਜਿਨ•ਾਂ ਤੇ ਸਰਕਾਰ ਨੇ 2,74,53,850 ਰੁਪਏ ਦਾ ਖਰਚਾ ਆਇਆ ਹੈ। ਸਾਲ 2012 13 ਦੌਰਾਨ 1783 ਪੇਇੰਗ ਗੈਸਟ ਠਹਿਰੇ ਜਿਨ•ਾਂ ਤੇ 50.51 ਲੱਖ ਰੁਪਏ ਖਰਚ ਕੀਤੇ ਗਏ ਅਤੇ ਉਸ ਪਹਿਲਾਂ ਸਾਲ 2011 12 ਦੌਰਾਨ ਵੀ 1783 ਪੇਇੰਗ ਗੈਸਟ ਠਹਿਰੇ ਜਿਨ•ਾਂ ਦੀ ਸੇਵਾ ਤੇ 46.59 ਲੱਖ ਰੁਪਏ ਦਾ ਖਰਚਾ ਆਇਆ।
                    ਦਿਲਚਸਪ ਤੱਥ ਹਨ ਕਿ ਪੰਜਾਬ ਭਵਨ ਵਿਚ ਇਨ•ਾਂ ਵਰਿ•ਆਂ ਦੌਰਾਨ 19.19 ਲੱਖ ਰੁਪਏ ਚਿਕਨ,ਮਟਨ ਅਤੇ ਅੰਡਿਆਂ ਤੇ ਖਰਚ ਕੀਤਾ ਗਿਆ ਹੈ ਜਦੋਂ ਕਿ 12.23 ਲੱਖ ਰੁਪਏ ਇਕੱਲੇ ਪੀਣ ਵਾਲੇ ਪਾਣੀ ਤੇ ਖਰਚ ਹੋਇਆ ਹੈ। ਸਰਕਾਰ ਵਲੋਂ ਮਿਨਰਲ ਪਾਣੀ ਕਿਨਲੇਅ,ਬਿਸਲੇਰੀ ਅਤੇ ਕੈਚ ਕੰਪਨੀ ਤੋਂ ਖਰੀਦ ਕੀਤਾ ਜਾਂਦਾ ਹੈ। ਇਵੇਂ ਹੀ ਮਹਿਮਾਨਾਂ ਨੂੰ 5.60 ਲੱਖ ਰੁਪਏ ਦਾ ਜੂਸ ਅਤੇ 3.53 ਲੱਖ ਰੁਪਏ ਦੇ ਕੋਲਡ ਡਰਿੰਕਸ ਪਿਲਾਏ ਗਏ ਹਨ। ਖਰੀਦ ਕੀਤੇ ਇਸ ਸਮਾਨ ਦੇ ਕਰੀਬ 22 ਕੰਪਨੀਆਂ ਅਤੇ ਦਫ਼ਤਰਾਂ ਦੇ ਬਕਾਏ ਸਰਕਾਰ ਵੱਲ ਖੜ•ੇ ਹਨ ਜਿਨ•ਾਂ ਵਿਚ ਅਤੁਲ ਫਿਸ ਅਤੇ ਚਿਕਨ ਸ਼ਾਪ ਦੇ 29,804 ਰੁਪਏ,ਫਲਾਵਰ ਸ਼ਾਪ ਦੇ 10 ਹਜ਼ਾਰ ਰੁਪਏ, ਡੀ.ਸੀ ਹੁਸ਼ਿਆਰਪੁਰ ਦੇ 5.11 ਲੱਖ,ਪਨਸਪ ਦੇ 3.80 ਲੱਖ ਰੁਪਏ ਦੇ ਬਕਾਏ ਸ਼ਾਮਲ ਹਨ।
     

Saturday, February 1, 2014


                              ਸਿਆਸੀ ਚੋਗਾ
      ਦੋ ਕਰੋੜ ਵਿਚ ਪਿਆ ਮੈਗਾ ਸੰਮੇਲਨ
                              ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਨੂੰ ਮੈਗਾ ਨਿਵੇਸ਼ਕ ਸੰਮੇਲਨ ਕਰੀਬ ਦੋ ਕਰੋੜ ਰੁਪਏ ਵਿਚ ਪਿਆ ਹੈ ਜਿਸ ਚੋਂ ਵੱਡਾ ਖਰਚਾ ਪ੍ਰਾਹੁਣਚਾਰੀ ਤੇ ਕਰਨਾ ਪਿਆ। ਦੋ ਦਿਨਾਂ ਸੰਮੇਲਨ ਵਿਚ ਕਰੀਬ ਇੱਕ ਹਜ਼ਾਰ ਸਨਅਤੀ ਮਹਿਮਾਨ ਪੁੱਜੇ ਸਨ ਜਿਨ•ਾਂ ਦੇ ਲੰਚ ਅਤੇ ਡਿਨਰ ਤੇ ਸਰਕਾਰ ਨੇ 55 ਲੱਖ ਰੁਪਏ ਖਰਚ ਕੀਤੇ ਹਨ। ਇਨ•ਾਂ ਮਹਿਮਾਨਾਂ ਨੂੰ ਸਰਕਾਰ ਨੇ 7.48 ਲੱਖ ਰੁਪਏ ਦੇ ਤੋਹਫ਼ੇ, ਫੁਲਕਾਰੀ, ਸ਼ਾਲ ਆਦਿ ਵੀ ਦਿੱਤੇ ਹਨ। ਇੱਥੋਂ ਤੱਕ ਕਿ ਸਰਕਾਰ ਵਲੋਂ ਜੋ ਮੈਗਾ ਸੰਮੇਲਨ ਲਈ ਅੱਧੀ ਦਰਜਨ ਸਪੀਕਰ ਬੁਲਾਏ ਗਏ ਸਨ, ਉਨ•ਾਂ ਨੂੰ ਹਵਾਈ ਟਿਕਟ ਦਾ 2.15 ਲੱਖ ਰੁਪਏ ਦਾ ਖਰਚਾ ਵੀ ਦਿੱਤਾ ਗਿਆ ਹੈ। ਦੋ ਸਪੀਕਰ ਤਾਈਵਾਨ ਤੋਂ ਪੁੱਜੇ ਸਨ ਜਿਨ•ਾਂ ਦੇ ਹਵਾਈ ਸਫ਼ਰ ਦਾ ਖਰਚਾ ਸਵਾ ਲੱਖ ਰੁਪਏ ਆਇਆ। ਪੰਜਾਬ ਇਨਫੋਟੈੱਕ ਵਲੋਂ ਆਰ.ਟੀ.ਆਈ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਮੋਹਾਲੀ ਵਿਚ ਇਸ ਮੈਗਾ ਸੰਮੇਲਨ ਵਿਚ 126 ਕੰਪਨੀਆਂ ਨਾਲ 67,425 ਕਰੋੜ ਰੁਪਏ ਦੇ ਐਮ.ਓ.ਯੂ ਸਾਈਨ ਕੀਤੇ ਗਏ ਹਨ ਜਿਨ•ਾਂ ਚੋਂ ਕਰੀਬ 50 ਫੀਸਦੀ ਰਾਸ਼ੀ ਦੇ ਤਾਂ ਹਾਊਸਿੰਗ ਪ੍ਰੋਜੈਕਟ ਹੀ ਹਨ। ਇਨ•ਾਂ ਵਿਚ 62 ਕੰਪਨੀਆਂ ਨੇ 100 ਕਰੋੜ ਤੋਂ ਘੱਟ ਦੀ ਰਾਸ਼ੀ ਦੇ ਐਮ.ਓ.ਯੂ ਸਾਈਨ ਕੀਤੇ ਹਨ ਜਦੋਂ ਕਿ 21 ਕੰਪਨੀਆਂ ਨੇ 1000 ਕਰੋੜ ਤੋਂ 9500 ਕਰੋੜ ਰੁਪਏ ਤੱਕ ਦੀ ਰਾਸ਼ੀ ਦੇ ਪ੍ਰੋਜੈਕਟਾਂ ਦੇ ਸਮਝੌਤੇ ਤੇ ਦਸਤਖ਼ਤ ਕੀਤੇ ਹਨ।
                  ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਮੁਹਿੰਮ ਲਈ 24 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਚੋਂ 8 ਕਰੋੜ ਰੁਪਏ ਦਾ ਯੋਗਦਾਨ ਪੰਜਾਬ ਸਰਕਾਰ ਪਾਏਗੀ ਜਦੋਂ ਕਿ ਬਾਕੀ ਪੈਸਾ ਸਰਕਾਰੀ ਏਜੰਸੀਆਂ ਅਤੇ ਜਨਤਿਕ ਅਦਾਰਿਆਂ ਵਲੋਂ ਦਿੱਤਾ ਜਾਣਾ ਹੈ। ਸੱਤ ਏਜੰਸੀਆਂ (ਪੀ.ਆਈ.ਡੀ.ਸੀ,ਗਮਾਡਾ,ਪੂਡਾ, ਪੇਡਾ,ਪੰਜਾਬ ਐਗਰੋ ਆਦਿ) ਨੇ ਇਸ ਮੁਹਿੰਮ ਲਈ 2.72 ਕਰੋੜ ਰੁਪਏ ਦੇ ਫੰਡ ਦਿੱਤੇ ਹਨ ਜਿਨ•ਾਂ ਚੋਂ ਪਾਵਰਕੌਮ ਨੇ 80.75 ਲੱਖ ਰੁਪਏ ਸਰਕਾਰ ਨੂੰ ਦਿੱਤੇ ਹਨ।  ਪੰਜਾਬ ਸਰਕਾਰ ਵਲੋਂ ਦੋ ਦਿਨਾਂ ਸੰਮੇਲਨ ਤੇ ਕੁੱਲ ਖਰਚ ਕੀਤੇ 1,96,05,142 ਰੁਪਏ ਚੋਂ 1,21,88,534 ਰੁਪਏ ਦੇ ਬਕਾਏ ਹਾਲੇ ਸਰਕਾਰ ਸਿਰ ਖੜ•ੇ ਹਨ। ਇਨ•ਾਂ ਦਾ ਭੁਗਤਾਨ ਕੀਤਾ ਜਾਣਾ ਬਾਕੀ ਹੈ। ਸੰਮੇਲਨ ਦੇ ਖਰਚ ਤੇ ਨਜ਼ਰ ਮਾਰੀਏ ਤਾਂ 35.10 ਲੱਖ ਰੁਪਏ ਇਕੱਲੇ ਪਿੰ੍ਰਟਿੰਗ ਅਤੇ ਸਟੇਸ਼ਨਰੀ ਤੇ ਖਰਚ ਆਏ ਹਨ ਜਦੋਂ ਕਿ ਉਪ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਤੇ 1.23 ਲੱਖ ਰੁਪਏ ਦਾ ਖਰਚ ਆਇਆ ਹੈ। ਇਸੇ ਤਰ•ਾਂ ਡੈਲੀਗੇਟਸ ਨੂੰ 2.17 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ 1.30 ਲੱਖ ਰੁਪਏ ਕਾਰਾਂ ਤੇ ਟੈਕਸੀਆਂ ਦੇ ਕਿਰਾਏ ਤੇ ਖਰਚ ਆਇਆ ਹੈ।
                    ਪੰਜਾਬ ਸਰਕਾਰ ਵਲੋਂ ਤਿੰਨ ਪ੍ਰਾਈਵੇਟ ਕੰਪਨੀਆਂ ਨੂੰ ਸੰਮੇਲਨ ਦਾ ਕੰਮ ਦਿੱਤਾ ਗਿਆ ਸੀ। ਇਸ ਤੋਂ ਬਿਨ•ਾਂ ਮੋਹਾਲੀ ਪੁਲੀਸ ਨੂੰ ਸੁਰੱਖਿਆ ਆਦਿ ਦੇ ਬਦਲੇ ਵਿਚ ਦੋ ਲੱਖ ਰੁਪਏ ਦਿੱਤੇ ਗਏ ਹਨ ਜਦੋਂ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸੇ ਤਰ•ਾਂ ਪੰਜਾਬ ਟੂਰਿਜਮ ਐਂਡ ਹੈਰੀਟੇਜ ਬੋਰਡ ਨੂੰ 8 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਮੇਲਨ ਦੇ ਸਪੀਕਰਾਂ ਨੂੰ ਚੰਡੀਗੜ• ਦਿੱਲੀ,ਚੰਡੀਗੜ• ਬੰਗਲੌਰ,ਚੰਡੀਗੜ• ਅਹਿਮਦਾਬਾਦ ਅਤੇ ਚੰਡੀਗੜ• ਤਾਈਵਾਨ ਦੇ ਸਫ਼ਰ ਦੀ ਹਵਾਈ ਟਿਕਟ ਦਾ ਖਰਚ ਵੀ ਦਿੱਤਾ ਗਿਆ ਹੈ।