Thursday, September 27, 2012

                                        ਅੰਗੜਾਈ
                         ਵੇਖਿਆ ਤੇਰਾ ਬਠਿੰਡਾ...
                                  ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ 'ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।' ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ 'ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ 'ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ 'ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ। ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ 'ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ 'ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।
          ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ 'ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ 'ਸਿਟੀ ਆਫ਼ ਲੇਕਸ' ਜਾਂ ਫਿਰ 'ਸ਼ਾਰਜਾਹ ਆਫ਼ ਪੰਜਾਬ' ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ 'ਬਾਦਲਾਂ ਦਾ ਬਠਿੰਡਾ' ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ। ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। 'ਵਾਇਆ ਬਠਿੰਡਾ' ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ 'ਤੇ ਪਾਣੀ ਢੋਣਾ ਪੈਂਦਾ ਹੈ।
           ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ 'ਬਠਿੰਡੇ ਵਾਲਾ ਦਿਓ' ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ। 20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 'ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 'ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ।
             ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ 'ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ। ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ 'ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ 'ਤੇ ਪਾਬੰਦੀ ਲਾਈ ਹੋਈ                   ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੁੱਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ 'ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੁੱਕਰਵਾਰ ਨੂੰ ਉਹ ਬੱਘੀ 'ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ 'ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ  ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।
            ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ 'ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ। ਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 'ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ 'ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।
            ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।
           ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ 'ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ।

Friday, September 14, 2012

                                 ਕੇਂਦਰੀ ਦਾਅਵਾ
            ਕੋਈ ਵਿਤਕਰਾ ਨਹੀਂ ਪੰਜਾਬ ਨਾਲ
                                 ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਕੇਂਦਰੀ ਟੈਕਸਾਂ ਚੋ ਹਿੱਸੇਦਾਰੀ ਦੇਣ ਵਿੱਚ ਵਿਤਕਰਾ ਕੀਤੇ ਜਾਣ ਦੀ ਗੱਲ ਨਕਾਰ ਦਿੱਤੀ ਗਈ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿੱਤ ਕਮਿਸ਼ਨ ਵਲੋਂ ਨਿਸ਼ਚਿਤ ਕੀਤੇ ਫ਼ਾਰਮੂਲੇ ਤਹਿਤ ਹਰ ਸੂਬੇ ਨੂੰ ਇਕਸਾਰ ਰੂਪ ਵਿੱਚ ਕੇਂਦਰੀ ਟੈਕਸਾਂ ਚੋ ਹਿੱਸੇਦਾਰੀ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਆਖਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਚੋ ਟੈਕਸ ਤਾਂ ਇਕੱਠੇ ਕਰ ਲੈਂਦੀ ਹੈ ਪ੍ਰੰਤੂ ਰਾਜ ਸਰਕਾਰ ਨੂੰ ਵਾਪਸ ਕੁਝ ਦਿੰਦੀ ਨਹੀਂ ਹੈ। ਕੇਂਦਰੀ ਟੈਕਸਾਂ ਚੋ ਹਿੱਸੇਦਾਰੀ ਦੇ ਮਾਮਲੇ ਵਿੱਚ ਵਿਤਕਰੇ ਦੀ ਗੱਲ ਆਖੀ ਜਾ ਰਹੀ ਹੈ। ਕੇਂਦਰ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਹਰ ਸੂਬੇ ਨੂੰ ਇੱਕੋ ਫ਼ਾਰਮੂਲੇ ਤਹਿਤ ਕੇਂਦਰੀ ਟੈਕਸਾਂ ਚੋ ਹਿੱਸੇਦਾਰੀ ਦਿੱਤੀ ਜਾਂਦੀ ਹੈ।
            ਸਰਕਾਰੀ ਸੂਚਨਾ ਅਨੁਸਾਰ ਕੇਂਦਰ ਸਰਕਾਰ ਹੁਣ ਕੇਂਦਰੀ ਟੈਕਸਾਂ ਚੋ 32 ਫੀਸਦੀ ਰਾਸ਼ੀ ਪੰਜਾਬ ਨੂੰ ਦੇ ਰਿਹਾ ਹੈ। ਕੇਂਦਰ ਸਰਕਾਰ ਨੇ ਲੰਘੇ ਸੱਤ ਵਰਿ•ਆਂ ਵਿੱਚ 15595 ਕਰੋੜ ਰੁਪਏ ਕੇਂਦਰੀ ਟੈਕਸਾਂ ਚੋ ਪੰਜਾਬ ਸਰਕਾਰ ਨੂੰ ਦਿੱਤੇ ਹਨ। ਟੈਕਸਾਂ ਅਤੇ ਮਹਿੰਗਾਈ ਵਿੱਚ ਵਾਧੇ ਨੇ ਸਰਕਾਰੀ ਆਮਦਨ ਵਿੱਚ ਵੀ ਵਾਧਾ ਕਰ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਸਾਲ 2005-06 ਵਿੱਚ ਪੰਜਾਬ ਸਰਕਾਰ ਨੂੰ ਕੇਂਦਰੀ ਟੈਕਸਾਂ ਚੋ 1227 ਕਰੋੜ ਰੁਪਏ ਵਾਪਸ ਦਿੱਤੇ ਸਨ ਜਦੋਂ ਕਿ ਸਾਲ 2011 - 12 ਵਿੱਚ ਕੇਂਦਰੀ ਟੈਕਸਾਂ ਚੋ ਪੰਜਾਬ ਨੂੰ 3553 ਕਰੋੜ ਰੁਪਏ ਮਿਲੇ ਹਨ। ਮਤਲਬ ਕਿ ਟੈਕਸਾਂ ਦੀ ਰਾਸ਼ੀ ਵਿੱਚ ਤਿੰਨ ਗੁਣਾ ਵਾਧਾ ਹੋ ਗਿਆ ਹੈ। ਮਹਿੰਗਾਈ ਨੇ ਆਮ ਆਦਮੀ ਨੂੰ ਤਾਂ ਬੋਝ ਹੇਠਾਂ ਦੱਬਿਆ ਹੈ ਲੇਕਿਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਖ਼ਜ਼ਾਨੇ ਨੂੰ ਇਸ ਦਾ ਚੋਖਾ ਲਾਹਾ ਮਿਲਿਆ ਹੈ।
           ਕੇਂਦਰੀ ਵਿੱਤ ਮੰਤਰਾਲੇ ਵਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਕੇਂਦਰ ਸਰਕਾਰ ਨੂੰ ਪੰਜਾਬ ਚੋ ਕੇਂਦਰੀ ਟੈਕਸਾਂ ਦੇ ਰੂਪ ਵਿੱਚ ਭਾਰੀ ਕਮਾਈ ਹੋ ਰਹੀ ਹੈ। 13 ਵੇ ਵਿੱਤ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਕੇਂਦਰ ਸਰਕਾਰ ਹੁਣ ਪੰਜਾਬ ਸਰਕਾਰ ਨੂੰ ਕੇਂਦਰੀ ਟੈਕਸਾਂ ਚੋ 32 ਫੀਸਦੀ ਹਿੱਸਾ ਦੇ ਰਹੀ ਹੈ। ਇਹ ਹਿੱਸਾ 1 ਅਪਰੈਲ 2010 ਤੋ ਮਿਲ ਰਿਹਾ ਹੈ। 12 ਵੇ ਵਿੱਤ ਕਮਿਸ਼ਨ ਦੀ ਸਿਫਾਰਸ਼ ਤੇ ਪੰਜਾਬ ਸਰਕਾਰ ਨੂੰ ਕੇਂਦਰੀ ਟੈਕਸਾਂ ਚੋ 29.5 ਫੀਸਦੀ ਹਿੱਸਾ ਮਿਲਦਾ ਸੀ ਜੋ ਕਿ 1 ਅਪਰੈਲ 2005 ਤੋ 31 ਮਾਰਚ 2010 ਤੱਕ ਲਾਗੂ ਰਿਹਾ ਹੈ। ਵਿੱਤ ਮੰਤਰਾਲੇ ਨੇ ਸਾਫ ਕੀਤਾ ਹੈ ਕਿ ਵਿੱਤ ਕਮਿਸ਼ਨ ਵਲੋਂ ਕੇਂਦਰੀ ਟੈਕਸਾਂ ਚੋ ਹਰ ਰਾਜ ਨੂੰ ਹਿੱਸੇਦਾਰ ਦੇਣ ਲਈ ਇੱਕ ਫ਼ਾਰਮੂਲਾ ਤਿਆਰ ਕੀਤਾ ਹੋਇਆ ਹੈ ਜਿਸ ਵਿੱਚ ਇਕਸਾਰਤਾ ਹੈ।
             ਵਿੱਤ ਮੰਤਰਾਲੇ ਦੀ ਲਿਖਤੀ ਸੂਚਨਾ ਅਨੁਸਾਰ ਕੇਂਦਰ ਸਰਕਾਰ ਵਲੋਂ ਪੰਜਾਬ ਚੋ ਅੱਠ ਤਰ•ਾਂ ਦੇ ਕੇਂਦਰੀ ਟੈਕਸ ਅਤੇ ਡਿਊਟੀਜ਼ ਦੀ ਵਸੂਲੀ ਕੀਤੀ ਜਾਂਦੀ ਹੈ। ਇਸ ਵਿੱਚ ਤਿੰਨ ਤਰ•ਾਂ ਦੇ ਸਿੱਧੇ ਟੈਕਸ ਹਨ ਜਦੋਂ ਕਿ ਦੋ ਤਰ•ਾਂ ਦੇ ਅਸਿੱਧੇ ਟੈਕਸ ਹਨ। ਕੇਂਦਰ ਸਰਕਾਰ ਨੂੰ ਪੰਜਾਬ ਚੋ ਸਭ ਤੋ ਜਿਆਦਾ ਕਾਰਪੋਰੇਸ਼ਨ ਟੈਕਸ ਮਿਲਦਾ ਹੈ। ਕੇਂਦਰ ਸਰਕਾਰ ਨੇ  ਸਾਲ 2005-06 ਤੋ 2011-12 ਦੇ ਸਮੇਂ ਦੌਰਾਨ ਇਕੱਠੇ ਕੀਤੇ ਕਾਰਪੋਰੇਸ਼ਨ ਟੈਕਸ ਚੋ 5592 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਵਾਪਸ ਮੋੜ ਦਿੱਤੇ ਹਨ। ਇਸ ਸਮੇਂ ਦੌਰਾਨ ਵਸੂਲ ਹੋਏ ਇਨਕਮ ਟੈਕਸ ਚੋ 3146 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਵਾਪਸ ਦਿੱਤੇ ਗਏ ਹਨ। ਕੇਂਦਰ ਸਰਕਾਰ ਨੂੰ ਇਨ•ਾਂ ਸੱਤ ਵਰਿ•ਆਂ ਵਿੱਚ ਜੋ ਸਰਵਿਸ ਟੈਕਸ ਇਕੱਠਾ ਹੋਇਆ, ਉਸ ਚੋ 1647 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਵਾਪਸ ਦਿੱਤੇ ਗਏ ਹਨ।
            ਇਵੇਂ ਹੀ ਕੇਂਦਰੀ ਐਕਸਾਈਜ ਡਿਊਟੀ ਦੀ ਜੋ ਰਾਸ਼ੀ ਪੰਜਾਬ ਚੋ ਇਕੱਠੀ ਹੋਈ,ਉਸ ਚੋ 2375 ਕਰੋੜ ਰੁਪਏ ਵਾਪਸ ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ। ਚਾਲੂ ਮਾਲੀ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਅੱਠ ਤਰ•ਾਂ ਦੇ ਕੇਂਦਰੀ ਟੈਕਸਾਂ ਅਤੇ ਡਿਊਟੀਜ ਤੋ ਜੋ ਪੈਸਾ ਇਕੱਠਾ ਹੋਇਆ,ਉਸ ਚੋ 600 ਕਰੋੜ ਰੁਪਏ ਵਾਪਸ ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ। ਇਸ ਤੋ ਇਲਾਵਾ ਪੰਜਾਬ ਨੂੰ ਇਨ•ਾਂ ਸੱਤ ਵਰਿ•ਆਂ ਵਿੱਚ ਕਸਟਮ ਡਿਊਟੀ ਚੋ 2823 ਕਰੋੜ ਰੁਪਏ ਅਤੇ ਵੈਲਥ ਟੈਕਸ ਚੋ 11 ਕਰੋੜ ਰੁਪਏ ਦੀ ਹਿੱਸੇਦਾਰੀ ਮਿਲੀ ਹੈ। ਪੰਜਾਬ ਸਰਕਾਰ ਦੇ ਸੂਤਰ ਆਖਦੇ ਹਨ ਕਿ ਕੇਂਦਰੀ ਟੈਕਸਾਂ ਦਾ ਵੱਡਾ ਹਿੱਸਾ ਤਾਂ ਕੇਂਦਰ ਸਰਕਾਰ ਆਪਣੇ ਕੋਲ ਰੱਖ ਲੈਂਦੀ ਹੈ ਅਤੇ ਬਹੁਤ ਥੋੜਾ ਹਿੱਸਾ ਵਾਪਸ ਦਿੱਤਾ ਜਾਂਦਾ ਹੈ। ਸੂਤਰ ਆਖਦੇ ਹਨ ਕਿ ਇਸ ਵੇਲੇ 68 ਫੀਸਦੀ ਕੇਂਦਰੀ ਟੈਕਸ ਤਾਂ ਕੇਂਦਰ ਸਰਕਾਰ ਕੋਲ ਹੀ ਰਹਿ ਜਾਂਦੇ ਹਨ। ਪੰਜਾਬ ਸਰਕਾਰ ਦੀ ਮੰਗ ਹੈ ਕਿ ਕੇਂਦਰ ਸਰਕਾਰ ਕੇਂਦਰੀ ਟੈਕਸਾਂ ਚੋ ਹਿੱਸੇਦਾਰੀ ਦੇ ਫ਼ਾਰਮੂਲੇ ਤੇ ਪੁਨਰਵਿਚਾਰ ਕਰੇ ਅਤੇ ਇਸ ਫ਼ਾਰਮੂਲੇ ਨੂੰ ਰਾਜ ਮੁੱਖੀ ਬਣਾਇਆ ਜਾਵੇ।
                                             ਕੇਂਦਰੀ ਟੈਕਸਾਂ ਚੋ ਪੰਜਾਬ ਨੂੰ ਮਿਲੀ ਹਿੱਸੇਦਾਰੀ
ਸਾਲ                  ਹਿੱਸੇਦਾਰੀ ਦੀ ਮਿਲੀ ਕੁੱਲ ਰਾਸ਼ੀ            ਇਨਕਮ ਟੈਕਸ ਚੋ ਮਿਲੀ ਹਿੱਸੇਦਾਰੀ
2005- 06                   1227.45                                            238. 90
2006- 07                  1565. 65                                            296. 73
2007- 08                  1974 .91                                            420. 69
2008- 09                  2083. 64                                            429. 04
2009- 10                  2138.36                                             420. 57
2010- 11                  3050.87                                             630. 15
2011- 12                  3554.31                                            710. 64

  
                            ਅਫਸਰੀ ਕ੍ਰਿਸ਼ਮਾ
      ਰਾਈਫਲ ਸਸਤੀ ,ਫਾਈਲ ਮਹਿੰਗੀ
                              ਚਰਨਜੀਤ ਭੁੱਲਰ
ਬਠਿੰਡਾ :  ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਹੁਣ ਅਸਲੇ ਵਾਲੀ ਫਾਈਲ ਪੰਜ ਹਜ਼ਾਰ ਰੁਪਏ ਦੀ ਕਰ ਦਿੱਤੀ ਹੈ। ਅਸਲਾ ਲਾਇਸੈਂਸ ਲੈਣ ਲਈ ਅਪਲਾਈ ਕਰਨ ਵਾਸਤੇ ਹੁਣ ਪੰਜ ਹਜ਼ਾਰ ਰੁਪਏ ਇਕੱਲੀ ਫਾਈਲ 'ਤੇ ਖਰਚ ਕਰਨੇ ਪੈਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਮਹੀਨੇ ਵਿੱਚ ਇਸ ਫਾਈਲ ਦੀ ਕੀਮਤ ਵਿੱਚ 165 ਗੁਣਾ ਵਾਧਾ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਹੁਣ ਰਾਈਫਲ ਸਸਤੀ ਹੈ, ਜਦੋਂ ਕਿ ਅਸਲਾ ਫਾਈਲ ਮਹਿੰਗੀ ਹੋ ਗਈ ਹੈ। ਚੰਗੀ ਹਾਲਤ ਵਾਲੀ ਸਿੰਗਲ ਬੈਰਲ ਰਾਈਫਲ ਦੀ ਕੀਮਤ 2 ਹਜ਼ਾਰ ਰੁਪਏ ਹੈ ਅਤੇ ਇਵੇਂ ਹੀ 12 ਬੋਰ ਡਬਲ ਬੈਰਲ ਰਾਈਫਲ (ਚੰਗੀ ਹਾਲਤ) ਦੀ ਕੀਮਤ 7 ਹਜ਼ਾਰ ਰੁਪਏ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਵਿਧਾ ਕੇਂਦਰ ਦੀ ਕਮਾਈ ਵਿੱਚ ਵਾਧਾ ਕਰਨ ਵਾਸਤੇ ਅਸਲਾ ਫਾਰਮ ਦੀ ਕੀਮਤ ਵਿੱਚ ਰਿਕਾਰਡ ਵਾਧਾ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਅਸਲਾ ਫਾਈਲ ਦੀ ਕੀਮਤ ਤਿੰਨ ਮਹੀਨੇ ਵਿੱਚ ਹੀ 165 ਗੁਣਾ ਵਧਾ ਦਿੱਤੀ ਹੈ। ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਅਸਲਾ ਫਾਈਲ ਦੀ ਏਨੀ ਕੀਮਤ ਨਹੀਂ ਹੈ। ਅਸਲਾ ਫਾਈਲ ਦੀ ਕੀਮਤ ਪਹਿਲਾਂ ਸਿਰਫ 30 ਰੁਪਏ ਸੀ, ਜਿਸ ਦੀ ਕੀਮਤ ਵਿੱਚ ਪ੍ਰਸ਼ਾਸਨ ਨੇ 10 ਜੂਨ 2012 ਨੂੰ ਵਾਧਾ ਕਰ ਦਿੱਤਾ ਸੀ ਅਤੇ ਇਸ ਵਾਧੇ ਮਗਰੋਂ ਕੀਮਤ 1500 ਰੁਪਏ ਹੋ ਗਈ ਸੀ। ਤਿੰਨ ਮਹੀਨੇ ਮਗਰੋਂ ਹੁਣ ਪ੍ਰਸ਼ਾਸਨ ਨੇ ਫਾਈਲ 5000 ਦੀ ਕਰ ਦਿੱਤੀ ਹੈ।
          ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਦੋਹਰੀ ਮਾਰ ਪਾਈ ਗਈ ਹੈ। ਸਰਕਾਰੀ ਖ਼ਜ਼ਾਨੇ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣਾ। ਪ੍ਰਸ਼ਾਸਨ ਵੱਲੋਂ ਸੁਵਿਧਾ ਟੈਕਸ ਹੀ ਏਨਾ ਰੱਖਿਆ ਹੋਇਆ ਹੈ, ਜੋ ਆਮ ਆਦਮੀ ਦੇ ਵੱਸ ਦਾ ਕੰਮ ਨਹੀਂ ਹੈ। ਵੇਰਵਿਆਂ ਅਨੁਸਾਰ ਨਵਾਂ ਅਸਲਾ ਲੈਣ ਲਈ 12 ਬੋਰ ਗੰਨ ਦੀ ਸਰਕਾਰੀ ਫੀਸ 80 ਰੁਪਏ ਹੈ, ਜਦੋਂ ਕਿ ਸੁਵਿਧਾ ਟੈਕਸ 500 ਰੁਪਏ ਹੈ, ਜਿਸ ਦਾ ਸਰਕਾਰ ਨੂੰ ਕੋਈ ਫਾਇਦਾ ਨਹੀਂ। ਹੁਣ ਫਾਈਲ ਦੀ ਕੀਮਤ ਦੇ ਵਾਧੇ ਮਗਰੋਂ ਅਸਲਾ ਲਾਇਸੈਂਸ ਲੈਣ ਵਾਲਾ ਵਿਅਕਤੀ 5580 ਰੁਪਏ ਖਰਚ ਕਰੇਗਾ, ਜਿਸ ਵਿੱਚੋਂ ਸਿਰਫ 80 ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਾਣਗੇ। 315 ਬੋਰ ਰਾਈਫਲ ਦੀ ਸਰਕਾਰੀ ਫੀਸ 120 ਰੁਪਏ ਹੈ, ਜਦੋਂ ਕਿ ਸੁਵਿਧਾ ਟੈਕਸ 500 ਰੁਪਏ ਹੈ। ਇਸ ਤਰ੍ਹਾਂ 32 ਬੋਰ ਰਿਵਾਲਵਰ ਦੀ ਸਰਕਾਰੀ ਫੀਸ 200 ਰੁਪਏ ਅਤੇ ਸਰਵਿਸ ਚਾਰਜ 500 ਰੁਪਏ ਹਨ। ਪੀ.ਬੋਰ ਰਿਵਾਲਵਰ ਦੀ ਸਰਕਾਰੀ ਫੀਸ 300 ਅਤੇ ਸਰਵਿਸ ਚਾਰਜ 500 ਰੁਪਏ ਹਨ। ਇਸ ਤਰ੍ਹਾਂ ਅਸਲਾ ਲਾਇਸੈਂਸ ਨਵਿਆਉਣਾ ਹੋਵੇ ਤਾਂ 200 ਰੁਪਏ ਵੱਖਰੀ ਸੁਵਿਧਾ ਫੀਸ ਲਈ ਜਾਂਦੀ ਹੈ। 12 ਬੋਰ ਗੰਨ ਦਾ ਲਾਇਸੈਂਸ ਨਵਿਆਉਣ ਦੀ ਫੀਸ 60 ਰੁਪਏ ਅਤੇ 315 ਬੋਰ ਰਾਈਫਲ ਲਾਇਸੈਂਸ ਨਵਿਆਉਣ ਦੀ ਸਰਕਾਰੀ ਫੀਸ 90 ਰੁਪਏ ਹੈ।
          ਬਠਿੰਡਾ ਜ਼ਿਲ੍ਹੇ ਵਿੱਚ ਲੋਕਾਂ 'ਤੇ ਅਸਲਾ ਲਾਇਸੈਂਸ ਬਣਾਉਣ ਦਾ ਭੂਤ ਸਵਾਰ ਹੈ, ਜਿਸ ਦਾ ਪ੍ਰਸ਼ਾਸਨ ਫਾਇਦਾ ਲੈ ਰਿਹਾ ਹੈ। ਇਸ ਜ਼ਿਲ੍ਹੇ ਵਿੱਚ ਹਰ ਮਹੀਨੇ ਔਸਤਨ 400 ਅਸਲਾ ਫਾਈਲਾਂ ਦੀ ਵਿਕਰੀ ਹੁੰਦੀ ਹੈ। ਵਾਧੇ ਮਗਰੋਂ ਵਿਕਰੀ ਬਰਕਰਾਰ ਰਹਿੰਦੀ ਹੈ ਤਾਂ ਪ੍ਰਸ਼ਾਸਨ ਨੂੰ ਪ੍ਰਤੀ ਮਹੀਨਾ 20 ਲੱਖ ਰੁਪਏ ਦੀ ਕਮਾਈ ਇਕੱਲੀ ਫਾਈਲ ਵੇਚ ਕੇ ਹੀ ਹੋਏਗੀ। ਪ੍ਰਸ਼ਾਸਨ ਵੱਲੋਂ ਹਰ ਬੁੱਧਵਾਰ ਅਤੇ ਵੀਰਵਾਰ ਨੂੰ ਅਸਲਾ ਲਾਇਸੈਂਸ ਲੈਣ ਦੇ ਚਾਹਵਾਨਾਂ ਨੂੰ ਫਾਈਲਾਂ ਦਿੱਤੀਆਂ ਜਾਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਜ਼ਿਲ੍ਹੇ ਵਿੱਚ ਅਸਲਾ ਫਾਈਲ ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੀ ਸਿਆਸੀ ਸਿਫ਼ਾਰਸ਼ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਜਿਸ ਨੂੰ ਅਸਲਾ ਫਾਈਲ ਮਿਲੇਗੀ, ਉਸ ਨੂੰ ਲਾਇਸੈਂਸ ਵੀ ਮਿਲੇਗਾ।
           ਦੱਸਣਯੋਗ ਹੈ ਕਿ ਸੁਵਿਧਾ ਸੈਂਟਰ ਸੁਖਮਨੀ ਸੁਸਾਇਟੀ ਬਣਾ ਕੇ ਚਲਾਇਆ ਜਾ ਰਿਹਾ ਹੈ। ਸੁਵਿਧਾ ਸੈਂਟਰ ਵੱਲੋਂ ਕੇਵਲ ਅਸਲਾ ਲਾਇਸੈਂਸ ਵਾਸਤੇ ਇਕ ਫਾਈਲ ਦਿੱਤੀ ਜਾਂਦੀ ਹੈ ਅਤੇ ਮਗਰੋਂ ਡਲਿਵਰੀ ਦਾ ਸਮਾਂ ਦੇ ਦਿੱਤਾ ਜਾਂਦਾ ਹੈ। ਇਸ ਤੋਂ ਜ਼ਿਆਦਾ ਭੂਮਿਕਾ ਸੁਵਿਧਾ ਸੈਂਟਰ ਦੀ ਨਹੀਂ ਹੈ। ਬਦਲੇ ਵਿੱਚ ਸੁਵਿਧਾ ਸੈਂਟਰ ਮੋਟੀ ਫੀਸ ਵਸੂਲ ਲੈਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮਗਰੋਂ ਇਸ ਜ਼ਿਲ੍ਹੇ ਵਿੱਚ ਅਸਲਾ ਲਾਇਸੈਂਸ ਬਣਾਉਣ ਦਾ ਕੰਮ ਮੱਠਾ ਪਿਆ ਹੈ। ਲੰਘੇ ਅਗਸਤ ਮਹੀਨੇ ਵਿੱਚ ਕਰੀਬ 50 ਅਸਲਾ ਲਾਇਸੈਂਸ ਬਣਾਏ ਗਏ ਹਨ, ਜਦੋਂ ਕਿ ਉਸ ਤੋਂ ਪਹਿਲਾਂ ਕੰਮ ਠੰਢਾ ਰਿਹਾ ਹੈ। ਪਤਾ ਲੱਗਾ ਹੈ ਕਿ ਹਲਫੀਆ ਬਿਆਨ ਖ਼ਤਮ ਕਰਨ ਮਗਰੋਂ ਸੁਵਿਧਾ ਕੇਂਦਰ ਦੀ ਆਮਦਨ ਕਾਫੀ ਘਟ ਗਈ ਸੀ, ਜਿਸ ਕਰਕੇ ਹੁਣ ਆਮਦਨ ਵਧਾਉਣ ਵਾਸਤੇ ਫਾਈਲ ਦੀ ਫੀਸ ਵਧਾਈ ਗਈ ਹੈ।
                                    ਗ਼ੈਰਸੰਜੀਦਾ ਲੋਕਾਂ ਨੂੰ ਰੋਕਣ ਵਾਸਤੇ ਵਾਧਾ ਕੀਤਾ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਦਾ ਕਹਿਣਾ ਸੀ ਕਿ ਅਸਲਾ ਲਾਇਸੈਂਸ ਲੈਣ ਵਾਸਤੇ ਅਪਲਾਈ ਕਰਨ ਲਈ ਜੋ ਫਾਈਲ ਪਹਿਲਾਂ 1500 ਰੁਪਏ ਦੀ ਸੀ, ਉਹ ਹੁਣ ਪੰਜ ਹਜ਼ਾਰ ਰੁਪਏ ਦੀ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਸੁਖਮਨੀ ਸੁਸਾਇਟੀ ਵੱਲੋਂ ਫਾਈਲ ਦੀ ਫੀਸ ਵਿੱਚ ਵਾਧੇ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਗ਼ੈਰ ਸੰਜੀਦਾ ਲੋਕ ਵੀ ਅਸਲਾ ਲਾਇਸੈਂਸ ਲਈ ਬਿਨੈ ਕਰ ਦਿੰਦੇ ਸਨ। ਹੁਣ ਇਸ ਕਰਕੇ ਫਾਈਲ ਦੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਸਿਰਫ ਸੰਜੀਦਾ ਅਤੇ ਲੋੜਵੰਦ ਲੋਕ ਹੀ ਅਸਲਾ ਲਾਇਸੈਂਸ ਵਾਸਤੇ ਅਪਲਾਈ ਕਰਨ।

Wednesday, September 12, 2012

                                                                    ਬਲੈਕੀਆਂ ਦਾ ਪਿੰਡ
                                        ਦੌਲੇਵਾਲੇ ਦਾ ਹਰ ਘਰ ਥਾਣੇ ਹਾਜ਼ਰੀ ਭਰਦੈ...
                                                                      ਚਰਨਜੀਤ ਭੁੱਲਰ
ਬਠਿੰਡਾ : ਪਿੰਡ ਦੌਲੇਵਾਲਾ ਪੰਜਾਬ ਦਾ ਇਕਲੌਤਾ ਪਿੰਡ ਹੈ ਜਿਸ ਦੇ ਔਸਤਨ ਹਰੇਕ ਘਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਇਸ ਪਿੰਡ ਵਿੱਚ ਕਰੀਬ 400 ਘਰ ਹਨ ਜਦੋਂ ਕਿ ਪੁਲੀਸ ਕੇਸਾਂ ਦੀ ਗਿਣਤੀ 385 ਹੈ ਜੋ ਲੰਘੇ ਸਾਢੇ ਪੰਜ ਵਰ੍ਹਿਆਂ ਦੌਰਾਨ ਦਰਜ ਹੋਏ ਹਨ। ਪੁਰਾਣੇ ਕੇਸਾਂ ਨੂੰ ਜੋੜ ਲਈਏ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਬਣਦੀ ਹੈ। ਜ਼ਿਲ੍ਹਾ ਮੋਗਾ ਦੇ ਇਸ ਪਿੰਡ ਦੇ 75 ਫੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ। ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤੇ ਮੋਗਾ ਦੀ ਹੱਦ 'ਤੇ ਪੈਂਦਾ ਹੈ। ਪੂਰੇ ਇਲਾਕੇ ਦੀ ਜਵਾਨੀ ਨੂੰ ਇਨ੍ਹਾਂ ਤਸਕਰਾਂ ਨੇ ਤਬਾਹੀ ਕੰਢੇ ਲਿਆ ਖੜ੍ਹਾਇਆ ਹੈ। ਇਸ ਪਿੰਡ ਦੇ ਬਹੁਗਿਣਤੀ ਲੋਕ ਰਾਏ ਸਿੱਖ ਬਰਾਦਰੀ ਦੇ ਹਨ ਜੋ ਤਸਕਰੀ ਕਰਦੇ ਹਨ। ਪੁਲੀਸ ਅਨੁਸਾਰ ਇਸ ਪਿੰਡ ਦੇ 65 ਵਿਅਕਤੀ ਜੇਲ੍ਹਾਂ ਵਿੱਚ ਬੰਦ ਹਨ।
           ਜ਼ਿਲ੍ਹਾ ਪੁਲੀਸ ਮੋਗਾ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਇੱਕ ਜਨਵਰੀ, 2006 ਤੋਂ 28 ਜੁਲਾਈ,2012 ਤੱਕ ਪਿੰਡ ਦੌਲੇਵਾਲਾ ਦੇ ਲੋਕਾਂ ਖ਼ਿਲਾਫ਼ 385 ਪੁਲੀਸ ਕੇਸ ਦਰਜ ਹੋਏ ਹਨ ਅਤੇ ਬਹੁਤੇ ਕੇਸਾਂ ਵਿੱਚ ਮੁਲਜ਼ਮਾਂ ਦੀ ਗਿਣਤੀ ਔਸਤਨ ਦੋ ਜਾਂ ਤਿੰਨ ਹੈ। 18 ਜੂਨ, 2011 ਨੂੰ ਇਸ ਪਿੰਡ ਦੇ 29 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਸੀ ਜਿਸ ਵਿੱਚ ਅੱਠ ਔਰਤਾਂ ਦੇ ਨਾਂ ਵੀ ਸ਼ਾਮਲ ਹਨ। ਇਸ ਪਿੰਡ ਦੀਆਂ 70 ਔਰਤਾਂ ਖ਼ਿਲਾਫ਼ ਵੀ ਪੁਲੀਸ ਕੇਸ ਦਰਜ ਹਨ।ਕਈ ਪਰਿਵਾਰਾਂ ਖ਼ਿਲਾਫ਼ ਤਾਂ ਦਰਜਨਾਂ ਕੇਸ ਦਰਜ ਹਨ। ਔਰਤਾਂ ਖ਼ਿਲਾਫ਼ ਇੱਕ ਦਰਜਨ ਕੇਸ ਪੋਸਤ ਤਸਕਰੀ ਦੇ ਦਰਜ ਹਨ ਜਦੋਂ ਕਿ 9 ਪੁਲੀਸ ਕੇਸ ਸਮੈਕ ਤਸਕਰੀ ਦੇ ਦਰਜ ਹਨ। ਔਰਤਾਂ ਖ਼ਿਲਾਫ਼ ਤਿੰਨ ਪੁਲੀਸ ਕੇਸ ਸ਼ਰਾਬ ਦੀ ਤਸਕਰੀ ਦੇ ਦਰਜ ਹਨ। ਫਤਹਿਗੜ੍ਹ ਪੰਜਤੂਰ ਥਾਣੇ ਅਧੀਨ ਪੈਂਦੇ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 140 ਕੇਸ ਤਾਂ ਇਕੱਲੇ ਫਤਹਿਗੜ ਪੰਜਤੂਰ ਥਾਣੇ ਵਿੱਚ ਹੀ ਦਰਜ ਹਨ ਜਦੋਂ ਕਿ 245 ਪੁਲੀਸ ਕੇਸ ਬਾਕੀ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਜੋ ਰਾਜਸਥਾਨ ਅਤੇ ਹਰਿਆਣਾ ਵਿੱਚ ਕੇਸ ਦਰਜ ਹਨ,ਉਹ ਵੱਖਰੇ ਹਨ। ਪਿੰਡ ਦੇ ਕਰੀਬ ਇੱਕ ਦਰਜਨ ਲੋਕ ਭਗੌੜੇ ਹਨ। ਅੱਧੀ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਸਨ।
            ਤੱਥਾਂ 'ਤੇ ਨਜ਼ਰ ਮਾਰੀਏ ਤਾਂ ਛੇ ਵਰ੍ਹਿਆਂ ਵਿੱਚ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 120 ਪੁਲੀਸ ਕੇਸ ਤਾਂ ਇਕੱਲੇ ਪੋਸਤ ਤਸਕਰੀ ਦੇ ਦਰਜ ਹੋਏ ਹਨ ਜਦੋਂ ਕਿ 105 ਕੇਸ ਨਾਜਾਇਜ਼ ਸ਼ਰਾਬ ਦੇ ਦਰਜ ਹਨ। ਚਾਰ ਕੇਸ ਅਫੀਮ ਤਸਕਰੀ ਦੇ ਦਰਜ ਹਨ। ਸੂਚਨਾ ਅਨੁਸਾਰ ਪਿੰਡ ਦੇ ਲੋਕਾਂ ਖ਼ਿਲਾਫ਼ 24 ਕੇਸ ਸਮੈਕ ਤਸਕਰੀ ਦੇ ਦਰਜ ਹਨ ਜਦੋਂ ਕਿ ਇੱਕ ਕੇਸ ਹੈਰੋਇਨ ਦਾ ਦਰਜ ਹੈ। ਪੰਜ ਕੇਸ ਜੂਆ ਐਕਟ ਤਹਿਤ ਦਰਜ ਹਨ। ਬਾਕੀ ਕੇਸ ਇਰਾਦਾ ਕਤਲ ਅਤੇ ਲੜਾਈ ਝਗੜੇ ਦੇ ਹਨ। ਇਸ ਪਿੰਡ ਦੀਆਂ ਔਰਤਾਂ ਖ਼ਿਲਾਫ਼ 51 ਪੁਲੀਸ ਕੇਸ ਤਾਂ ਇਕੱਲੇ ਫਤਹਿਗੜ੍ਹ ਪੰਜਤੂਰ ਥਾਣੇ ਵਿੱਚ ਦਰਜ ਹਨ ਜਦੋਂ ਕਿ 19 ਪੁਲੀਸ ਕੇਸ ਪੰਜਾਬ ਦੇ ਬਾਕੀ ਥਾਣਿਆਂ ਵਿੱਚ ਦਰਜ ਹਨ। ਇਸ ਪਿੰਡ ਵਿੱਚ ਤਕਰੀਬਨ ਦੋ ਹਜ਼ਾਰ ਵੋਟਾਂ ਹਨ। ਦੇਖਿਆ ਜਾਵੇ ਤਾਂ ਔਸਤਨ ਹਰ ਦੂਜੇ ਵੋਟਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਕਈ ਨੌਜਵਾਨ ਲੜਕੀਆਂ ਖ਼ਿਲਾਫ਼  ਵੀ ਕੇਸ ਦਰਜ ਹਨ। ਸੂਚਨਾ ਅਨੁਸਾਰ ਇਸ ਪਿੰਡ ਦੇ ਲੋਕ ਪਾਕਿਸਤਾਨ 'ਚੋਂ ਉੱਜੜ ਕੇ ਆਏ ਹਨ। ਪਿੰਡ ਵਿੱਚ 15 ਫੀਸਦੀ ਜੱਟ ਸਿੱਖ ਅਤੇ ਪੰਜ ਫੀਸਦੀ ਅਰੋੜਾ ਸਿੱਖਾਂ ਦੇ ਘਰ ਹਨ ਜਦੋਂ ਕਿ ਪੰਜ ਕੁ ਫੀਸਦੀ ਦਲਿਤ ਲੋਕਾਂ ਦੇ ਘਰ ਹਨ। ਬਾਕੀ ਸਭ ਰਾਏ ਸਿੱਖ ਬਰਾਦਰੀ ਦੇ ਘਰ ਹਨ। ਪੰਚਾਇਤ ਨੇ ਦੱਸਿਆ ਕਿ ਫਿਲਹਾਲ ਜੱਟ ਸਿੱਖ ਅਤੇ ਅਰੋੜਾ ਬਰਾਦਰੀ ਤਸਕਰੀ ਤੋਂ ਬਚੀ ਹੋਈ ਹੈ। ਪਿੰਡ ਦੀ ਮਾੜੀ ਆਰਥਿਕਤਾ ਨੇ ਰਾਏ ਸਿੱਖ ਬਰਾਦਰੀ ਨੂੰ ਤਸਕਰੀ ਵੱਲ ਧੱਕਿਆ ਹੈ।
           ਇਸ ਪਿੰਡੇ ਦੇ ਲੋਕਾਂ ਮੁਤਾਬਕ ਰਾਏ ਸਿੱਖ ਬਰਾਦਰੀ ਦੇ ਲੋਕ ਪਹਿਲਾਂ ਸ਼ਰਾਬ ਵੇਚਦੇ ਸਨ ਅਤੇ ਫਿਰ ਇਹ ਭੁੱਕੀ ਅਤੇ ਅਫ਼ੀਮ ਦੀ ਤਸਕਰੀ ਕਰਨ ਲੱਗ ਪਏ। ਹੁਣ ਇਨ੍ਹਾਂ ਨੇ ਸਮੈਕ ਅਤੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ,ਹਰਿਆਣਾ ਅਤੇ ਮੱਧ ਪ੍ਰਦੇਸ਼ ਤੱਕ ਇਨ੍ਹਾਂ ਦੇ ਸੰਪਰਕ ਹਨ। ਬਹੁਤੇ ਤਸਕਰ ਨਸ਼ਿਆਂ ਦੀ ਇਲਾਕੇ ਵਿੱਚ ਹੋਮ ਡਲਿਵਰੀ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਮੈਕ ਦਾ ਕਾਰੋਬਾਰ ਸ਼ੁਰੂ ਹੋਇਆ ਹੈ ਉਦੋਂ ਤੋਂ ਪਿੰਡ ਵਿੱਚ ਸ਼ਾਮ ਨੂੰ ਲੰਮੀਆਂ ਗੱਡੀਆਂ ਦਾ ਮੇਲਾ ਲੱਗ ਜਾਂਦਾ ਹੈ। ਪਿੰਡ ਵਾਲਿਆਂ ਮੁਤਾਬਕ ਨਸ਼ਿਆਂ ਕਾਰਨ ਪਿੰਡ ਦੇ ਚਾਰ ਪੰਜ ਲੜਕਿਆਂ ਦੀ ਮੌਤ ਵੀ ਹੋ ਚੁੱਕੀ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਥੋੜ੍ਹੀ ਸਖ਼ਤੀ ਦਿਖਾਉਂਦੀ ਤਾਂ ਅੱਜ ਪਿੰਡ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਤਸਕਰੀ ਕਾਰਨ ਪਿੰਡ ਦੇ ਮੱਥੇ 'ਤੇ ਦਾਗ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਮੁੱਖ ਧਾਰਾ ਵਿੱਚ ਆਉਣ ਨੂੰ ਤਿਆਰ ਵੀ ਹਨ ਪਰ ਪੁਲੀਸ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਨੇਤਾਵਾਂ ਅਤੇ ਅਫ਼ਸਰਾਂ ਨੂੰ ਮਿਲੇ ਹਨ ਤਾਂ ਜੋ ਪਿੰਡ ਨੂੰ ਇਸ ਦਲਦਲ 'ਚੋਂ ਕੱਢ ਕੇ ਕਿਰਤ ਦੇ ਰਾਹ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਈ ਵਾਰ ਪੁਲੀਸ ਨੂੰ ਤਸਕਰੀ ਬਾਰੇ ਦੱਸਦੇ ਹਾਂ ਪਰ ਪੁਲੀਸ ਚੁੱਪ ਕਰ ਜਾਂਦੀ ਹੈ।
                                                               ਦੌਲੇਵਾਲਾ ਦੀ ਪੁੜੀ
ਮਾਲਵੇ ਵਿੱਚ ਪਿੰਡ ਦੌਲੇਵਾਲਾ ਦੀ ਪੁੜੀ ਕਾਫ਼ੀ ਮਸ਼ਹੂਰ ਹੈ। ਇਸ ਪਿੰਡ ਦੇ ਤਸਕਰ ਪਰਚੂਨ ਵਿੱਚ ਵੀ ਸਮੈਕ ਵੇਚਦੇ ਹਨ। ਕਈ ਔਰਤਾਂ ਸਮੈਕ ਦੀ ਇੱਕ ਗਰਾਮ ਦੀ ਪੁੜੀ ਤਿਆਰ ਕਰਦੀਆਂ ਹਨ ਜਿਸ ਨੂੰ 600 ਰੁਪਏ ਵਿੱਚ ਵੇਚਿਆ ਜਾਂਦਾ ਹੈ ਜਦੋਂ ਕਿ ਤਸਕਰਾਂ ਨੂੰ ਇੱਕ ਗਰਾਮ ਸਮੈਕ 200 ਰੁਪਏ ਵਿੱਚ ਮਿਲਦੀ ਹੈ। ਨਸ਼ੇੜੀ ਦਿਨ ਵਿੱਚ ਦੋ ਜਾਂ ਤਿੰਨ ਪੁੜੀਆਂ ਉਡਾ ਦਿੰਦੇ ਹਨ। ਇੱਕ ਗਰਾਮ ਹੀਰੋਇਨ ਇਨ੍ਹਾਂ ਤਸਕਰਾਂ ਵੱਲੋਂ 1500 ਰੁਪਏ ਵਿੱਚ ਵੇਚੀ ਜਾਂਦੀ ਹੈ। ਪਿੰਡ 'ਚੋਂ ਦਿਨ ਵਿੱਚ ਸੈਂਕੜੇ ਪੁੜੀਆਂ ਦੀ ਵਿਕਰੀ ਹੁੰਦੀ ਹੈ।
                                               ਹੁਣ ਤਸਕਰੀ ਕੰਟਰੋਲ ਹੋਈ: ਪੁਲੀਸ ਕਪਤਾਨ  
ਜ਼ਿਲ੍ਹਾ ਪੁਲੀਸ ਕਪਤਾਨ ਮੋਗਾ ਸੁਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਇਆ ਸੀ ਕਿ ਉਹ ਇਹ ਕਾਰੋਬਾਰ ਛੱਡ ਦੇਣ, ਪ੍ਰਸ਼ਾਸਨ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕ ਕੰਮ ਛੱਡ ਵੀ ਗਏ ਹਨ ਅਤੇ ਅੱਧੀ ਦਰਜਨ ਤਸਕਰ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਤਸਕਰੀ ਦਾ ਕੰਮ ਕੰਟਰੋਲ ਹੋਇਆ ਹੈ ਅਤੇ ਪੁਲੀਸ ਵੱਲੋਂ ਇਸ ਪਿੰਡ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

Tuesday, September 11, 2012

                                  ਕਿਥੇ ਜਾਈਏ
              ਮਾਲਵੇ ਤੇ ਯੂਰੇਨੀਅਮ ਦਾ ਹੱਲਾ
                                 ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਪੱਟੀ ਦੇ ਅੱਧੀ ਦਰਜਨ ਜ਼ਿਲ•ੇ ਯੂਰੇਨੀਅਮ ਦੀ ਮਾਰ ਹੇਠ ਆ ਗਏ ਹਨ ਜਦੋਂ ਕਿ ਚਾਰ ਜ਼ਿਲਿ•ਆਂ ਦਾ ਇਸ ਅਲਾਮਤ ਤੋ ਬਚਾਓ ਹੋ ਗਿਆ ਹੈ। ਇਨ•ਾਂ ਜ਼ਿਲਿ•ਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਇਕੱਲੀ ਯੂਰੇਨੀਅਮ ਦੀ ਮਾਤਰਾ ਹੀ ਵੱਧ ਨਹੀਂ ਬਲਕਿ ਪਾਣੀ ਵਿੱਚ ਭਾਰੀ ਧਾਤਾਂ ਦੀ ਮਾਤਰਾ ਵੀ ਵੱਧ ਪਾਈ ਗਈ ਹੈ। ਪੰਜਾਬ ਸਰਕਾਰ ਵਲੋਂ ਜੋ ਹੁਣ ਕੇਂਦਰ ਸਰਕਾਰ ਨੂੰ ਸੂਚਨਾ ਭੇਜੀ ਗਈ ਹੈ, ਉਸ ਮੁਤਾਬਿਕ ਪੰਜਾਬ ਵਿੱਚ ਯੂਰੇਨੀਅਮ ਦਾ ਹੱਲਾ ਇਕੱਲਾ ਮਾਲਵਾ ਪੱਟੀ ਤੇ ਹੀ ਹੈ। ਭਾਬਾ ਅਟਾਮਿਕ ਰਿਸਰਚ ਸੈਂਟਰ ਵਲੋਂ ਪੂਰੇ ਪੰਜਾਬ ਭਰ ਚੋ 1686 ਪਾਣੀ ਦੇ ਨਮੂਨੇ ਲਏ ਗਏ ਸਨ ਜਿਨ•ਾਂ ਚੋ 261 ਨਮੂਨਿਆਂ ਵਿੱਚ ਯੂਰੇਨੀਅਮ ਦੀ ਮਾਤਰਾ ਨਿਸ਼ਚਿਤ ਮਾਪਦੰਡਾਂ ਤੋ ਜਿਆਦਾ ਨਿਕਲੀ ਹੈ ਅਤੇ ਇਹ ਪਾਣੀ ਮਨੁੱਖੀ ਵਰਤੋ ਦੇ ਯੋਗ ਨਹੀਂ ਹੈ।
            ਸੂਚਨਾ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ•ੇ ਮੁਕਤਸਰ ਵਿੱਚ ਯੂਰੇਨੀਅਮ ਤੋ ਰਹਿਤ ਹੈ ਅਤੇ ਇਸ ਜ਼ਿਲ•ੇ ਵਿੱਚ ਯੂਰੇਨੀਅਮ ਨਿਸ਼ਚਿਤ ਮਾਪਦੰਡਾਂ ਦੇ ਘੇਰੇ ਅੰਦਰ ਹੀ ਹੈ। ਜ਼ਿਲ•ਾ ਮਾਨਸਾ ਚੋ ਧਰਤੀ ਹੇਠਲੇ ਪਾਣੀ ਦੇ 26 ਨਮੂਨੇ ਲਏ ਗਏ ਸਨ ਜਿਨ•ਾਂ ਚੋ ਸਿਰਫ਼ ਇੱਕ ਨਮੂਨੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਆਦਾ ਨਿਕਲੀ ਹੈ। ਬਠਿੰਡਾ ਜ਼ਿਲ•ੇ ਵਿੱਚ 49 ਨਮੂਨਿਆਂ ਚੋ 14 ਨਮੂਨਿਆਂ ਵਿੱਚ ਯੂਰੇਨੀਅਮ ਜਿਆਦਾ ਪਾਇਆ ਗਿਆ ਹੈ। ਫਰੀਦਕੋਟ ਅਤੇ ਪਟਿਆਲਾ ਦੀ ਜ਼ਿਲ•ੇ ਦੀ ਹਾਲਤ ਤਸੱਲੀਬਖਸ ਹੈ। ਫਰੀਦਕੋਟ ਦੇ 11 ਚੋ 3 ਨਮੂਨੇ ਫੇਲ• ਹੋਏ ਹਨ ਜਦੋਂ ਕਿ ਪਟਿਆਲਾ ਜ਼ਿਲ•ੇ ਚੋ ਲਏ 88 ਨਮੂਨਿਆਂ ਚੋ ਸਿਰਫ਼ ਇੱਕ ਨਮੂਨੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਆਦਾ ਨਿਕਲੀ ਹੈ। ਪੰਜਾਬ ਸਰਕਾਰ ਵਲੋਂ ਇਹ ਦੂਸਰੇ ਪੜਾਅ ਤਹਿਤ ਨਮੂਨੇ ਲਏ ਗਏ ਸਨ।
          ਸਰਕਾਰੀ ਤੌਰ ਤੇ ਜੋ ਕਾਫ਼ੀ ਪਿੰਡਾਂ ਚੋ ਪਹਿਲੇ ਗੇੜ ਵਿੱਚ ਨਮੂਨੇ ਲਏ ਗਏ ਸਨ, ਉਨ•ਾਂ ਵਿੱਚ ਤਾਂ ਯੂਰੇਨੀਅਮ ਹੱਦੋਂ ਵੱਧ ਪਾਇਆ ਗਿਆ ਸੀ। ਅਟਾਮਿਕ ਐਨਰਜੀ ਰੈਗੂਲੇਟਰੀ ਬੋਰਡ ਵਲੋਂ ਜੋ ਮਨੁੱਖੀ ਵਰਤੋ ਲਈ ਯੋਗ ਪਾਣੀ ਲਈ ਯੂਰੇਨੀਅਮ ਦੇ ਮਾਪ ਦੰਡ ਨਿਸ਼ਚਿਤ ਕੀਤੇ ਹੋਏ ਹਨ, ਉਨ•ਾਂ ਤੋ ਜਿਆਦਾ ਮਾਤਰਾ ਵਾਲੇ ਨਮੂਨੇ ਫੇਲ• ਹੋਏ ਹਨ ਜਿਨ•ਾਂ ਦੀ ਗਿਣਤੀ ਇਕੱਲੇ ਮਾਲਵਾ ਖ਼ਿੱਤੇ ਵਿੱਚ 258 ਬਣਦੀ ਹੈ। । ਇਨ•ਾਂ ਜ਼ਿਲਿ•ਆਂ ਚੋ 1282 ਪਾਣੀ ਦੇ ਨਮੂਨੇ ਲਏ ਗਏ ਸਨ। ਸੂਚਨਾ ਅਨੁਸਾਰ ਪੰਜਾਬ ਦੇ ਸਿਰਫ਼ 10 ਜ਼ਿਲ•ੇ ਹੀ ਅਜਿਹੇ ਹਨ ਜੋ ਯੂਰੇਨੀਅਮ ਦੀ ਮਾਰ ਤੋ ਬਚੇ ਹਨ। ਪੰਜਾਬ ਦੇ ਜ਼ਿਲ•ਾ ਰਪੜ,ਪਠਾਨਕੋਟ,ਨਵਾਂ ਸ਼ਹਿਰ,ਮੁਕਤਸਰ,ਮੋਹਾਲੀ,ਕਪੂਰਥਲਾ,ਜਲੰਧਰ,ਹੁਸ਼ਿਆਰਪੁਰ,ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਧਰਤੀ ਹੇਠਲੇ ਪਾਣੀ ਨੂੰ ਯੂਰੇਨੀਅਮ ਤੋ ਕੋਈ ਖਤਰਾ ਨਹੀਂ ਹੈ।
        ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਯੂਰੇਨੀਅਮ ਦੀ ਮਾਰ ਤੋ ਬਚਾਉਣ ਖਾਤਰ ਪਿੰਡ ਪਿੰਡ ਆਰ ਓ ਪਲਾਂਟ ਲਗਾ ਦਿੱਤੇ ਗਏ ਹਨ। ਸਮੱਸਿਆ ਇਹ ਹੈ ਕਿ ਪਿੰਡਾਂ ਦੇ ਸਿਰਫ਼ 14 ਫੀਸਦੀ ਲੋਕ ਹੀ ਆਰ ਓ ਪਲਾਂਟ ਦਾ ਪਾਣੀ ਵਰਤ ਰਹੇ ਹਨ ਜਦੋਂ ਕਿ ਸ਼ਹਿਰੀ ਖੇਤਰ ਵਿੱਚ ਆਰ ਓ ਪਲਾਂਟ ਸਫਲਤਾ ਨਾਲ ਚੱਲ ਰਹੇ ਹਨ। ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਚਾਰ ਜ਼ਿਲ•ੇ ਹੀ ਇਨ•ਾਂ ਤੋ ਬਚੇ ਹਨ ਜਿਨ•ਾਂ ਵਿੱਚ ਜ਼ਿਲ•ਾ ਫਰੀਦਕੋਟ,ਫਤਿਹਗੜ• ਸਾਹਿਬ,ਜਲੰਧਰ ਅਤੇ ਕਪੂਰਥਲਾ ਸ਼ਾਮਲ ਹਨ। ਪੰਜਾਬ ਬਾਇਓ ਟੈਕਨਾਲੋਜੀ ਇੰਨਕੁਬੇਟਰ ਮੋਹਾਲੀ ਵਲੋਂ ਪੰਜਾਬ ਭਰ ਚੋ 976 ਨਮੂਨੇ ਧਰਤੀ ਹੇਠਲੇ ਪਾਣੀ ਦੇ ਭਰੇ ਗਏ ਸਨ ਜਿਨ•ਾਂ ਵਿੱਚੋਂ 188 ਨਮੂਨਿਆਂ ਵਿੱਚ ਭਾਰੀ ਧਾਤਾਂ ਦੀ ਮਾਤਰਾ ਜਿਆਦਾ ਆਈ ਹੈ। ਮਾਲਵਾ ਖ਼ਿੱਤੇ ਚੋ 899 ਨਮੂਨੇ ਲਏ ਗਏ ਸਨ ਜਿਨ•ਾਂ ਚੋ 122 ਨਮੂਨਿਆਂ ਵਿੱਚ ਭਾਰੀ ਧਾਤਾਂ ਦੀ ਮਾਤਰਾ ਜਿਆਦਾ ਨਿਕਲੀ ਹੈ।
        ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਬਹੁਤਾਤ ਲੋਕਾਂ ਦੀ ਸਿਹਤ ਵਿੱਚ ਵਿਗਾੜ ਦਾ ਕਾਰਨ ਬਣ ਰਹੇ ਹਨ। ਪੰਜਾਬ ਦੇ ਜ਼ਿਲ•ਾ ਪਠਾਨਕੋਟ ਅਤੇ ਰੋਪੜ ਜ਼ਿਲ•ੇ ਵਿੱਚ ਸਿਰਫ਼ ਇੱਕ ਇੱਕ ਨਮੂਨੇ ਵਿੱਚ ਭਾਰੀ ਧਾਤਾਂ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਬਠਿੰਡਾ ਜ਼ਿਲ•ੇ ਵਿੱਚ ਤਾਂ ਕਾਫ਼ੀ ਪਿੰਡ ਅਜਿਹੇ ਹਨ ਜਿਥੇ ਯੂਰੇਨੀਅਮ ਦੀ ਮਾਤਰਾ ਕਾਫ਼ੀ ਜਿਆਦਾ ਹੈ। ਪਿੰਡ ਕਰਮਗੜ ਸਤਰਾ,ਦੁੱਲੇਵਾਲਾ ਅਤੇ ਜੱਜਲ ਪਿੰਡ ਇਨ•ਾਂ ਵਿੱਚ ਸ਼ਾਮਲ ਹਨ। ਬਹੁਤੇ ਪਿੰਡਾਂ ਵਿੱਚ ਤਾਂ ਫਲੋਰਾਈਡ ਦੀ ਮਾਤਰਾ ਕਾਫ਼ੀ ਜਿਆਦਾ ਹੈ। ਇਨ•ਾਂ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਲੂਣ ਵਾਂਗ ਖਾਰਾ ਹੈ। ਮਾਲਵਾ ਖ਼ਿੱਤੇ ਵਿੱਚ ਤਾਂ ਕਈ ਆਰ ਓ ਪਲਾਂਟਾਂ ਦੇ ਪਾਣੀ ਵਿੱਚ ਵੀ ਯੂਰੇਨੀਅਮ ਪਾਇਆ ਗਿਆ ਹੈ ਜਿਸ ਕਰਕੇ ਲੋਕ ਡਰੇ ਹੋਏ ਹਨ। ਭਾਵੇਂ ਕੈਂਸਰ ਦਾ ਕਾਰਨ ਵੀ ਇਸ ਨੂੰ ਸਮਝਿਆ ਜਾ ਰਿਹਾ ਹੈ ਪ੍ਰੰਤੂ ਸਰਕਾਰ ਹਾਲੇ ਤੱਕ ਕੈਂਸਰ ਦੇ ਕਾਰਨ ਦਾ ਪਤਾ ਲਗਾਉਣ ਵਿੱਚ ਨਕਾਮ ਰਹੀ ਹੈ।
     ਨਾਗਰਿਕ ਭਲਾਈ ਸੰਸਥਾ ਦੇ ਐਡਵੋਕੇਟ ਮਨੋਹਰ ਬਾਂਸਲ ਦਾ ਕਹਿਣਾ ਸੀ ਕਿ ਆਰ ਓ ਪਲਾਂਟ ਦਾ ਪਾਣੀ ਲੋਕ ਪੀਣ ਲਈ ਵਰਤਦੇ ਜਦੋਂ ਕਿ ਸਬਜ਼ੀਆਂ ਅਤੇ ਫਸਲਾਂ ਨੂੰ ਤਾਂ ਧਰਤੀ ਹੇਠਲਾ ਪਾਣੀ ਹੀ ਲੱਗਦਾ ਹੈ। ਉਸ ਤੋ ਬਚਾਓ ਦਾ ਕੋਈ ਹੀਲਾ ਸਰਕਾਰ ਨਹੀਂ ਕਰ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਧਰਤੀ ਹੇਠਲੇ ਪਾਣੀ ਤੋ ਬਚਾਓ ਖਾਤਰ ਲੋਕਾਂ ਲਈ ਠੋਸ ਬਦਲ ਦੇਵੇ। ਦੂਸਰੀ ਤਰਫ਼ ਸਰਕਾਰ ਨੇ ਹੁਣ ਪਿੰਡਾਂ ਵਿੱਚ ਆਰ ਓ ਪਲਾਂਟਾਂ ਦੇ ਖਪਤਕਾਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਮੁਹਿੰਮ ਛੇੜੀ ਹੈ ਤਾਂ ਜੋ ਕਿ ਲੋਕ ਆਰ ਓ ਪਲਾਂਟਾਂ ਦਾ ਹੀ ਪਾਣੀ ਵਰਤਣ। ਪ੍ਰਾਈਵੇਟ ਕੰਪਨੀਆਂ ਅਤੇ ਜਨ ਸਿਹਤ ਵਿਭਾਗ ਵਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਧਰਤੀ ਹੇਠਲੇ ਮਾੜੇ ਪਾਣੀ ਦੇ ਅਸਰਾਂ ਤੋ ਜਾਣੂ ਕਰਾਇਆ ਜਾ ਰਿਹਾ ਹੈ।
                                        ਪਾਣੀ ਵਿੱਚ ਯੂਰੇਨੀਅਮ ਦੀ ਸਥਿਤੀ
ਜ਼ਿਲ•ੇ ਦਾ ਨਾਮ       ਜਾਂਚ ਲਈ ਲਏ ਨਮੂਨੇ        ਫੇਲ• ਨਮੂਨੇ
ਮੋਗਾ                                 232                          77
ਬਰਨਾਲਾ                          106                           71
ਸੰਗਰੂਰ                            140                           14
ਫਿਰੋਜ਼ਪੁਰ                        342                            61
ਲੁਧਿਆਣਾ                        280                            16
ਬਠਿੰਡਾ                             49                            14
ਪਟਿਆਲਾ                         88                             01
                                       ਪਾਣੀ ਵਿੱਚ ਭਾਰੀ ਧਾਤਾਂ ਦੀ ਸਥਿਤੀ
ਜ਼ਿਲ•ੇ ਦਾ ਨਾਮ    ਜਾਂਚ ਲਈ ਲਏ ਨਮੂਨੇ      ਫ਼ੇਲ• ਨਮੂਨੇ
ਮੋਗਾ                                69                         08
ਬਠਿੰਡਾ                            21                         07
ਮਾਨਸਾ                            18                          08
ਮੁਕਤਸਰ                        21                           13
ਬਰਨਾਲਾ                        30                           11
ਸੰਗਰੂਰ                          97                           28
ਫਿਰੋਜ਼ਪੁਰ                     196                           14
ਲੁਧਿਆਣਾ                      172                          19
ਪਟਿਆਲਾ                       83                          14
    

Saturday, September 8, 2012

                               ਸਰਧਾਂਜਲੀ  
         ਤੁਰ ਗਿਆ ਦਿਲ ਦਾ ਬਾਦਸ਼ਾਹ
                              ਚਰਨਜੀਤ ਭੁੱਲਰ
ਬਠਿੰਡਾ : ਹਾਕਮ ਸੂਫ਼ੀ ਦਿਲ ਦਾ ਬਾਦਸ਼ਾਹ ਸੀ। ਸੁਰਤ ਸੰਭਲੀ ਤਾਂ ਪਹਿਲਾ ਹੱਲਾ ਗੁਰਬਤ ਦਾ ਸੀ। ਅਨਪੜ• ਬਾਪ ਕਰਤਾਰ ਸਿੰਘ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਘਰ ਚ ਸਭ ਤੋ ਵੱਡਾ ਹਾਕਮ ਹੀ ਸੀ। ਥੋੜੀ ਬਹੁਤੀ ਜ਼ਮੀਨ ਵੀ ਸੀ। ਜਦੋਂ ਉਹ ਨਾਭੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਲੱਗਾ ਤਾਂ ਪੜਾਈ ਖਾਤਰ ਜ਼ਮੀਨ ਵੇਚਣੀ ਪਈ। ਉਸ ਨੇ 22 ਜਨਵਰੀ 1976 ਨੂੰ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਡਰਾਇੰਗ ਅਧਿਆਪਕ ਵਜੋਂ ਜੁਆਇੰਨ ਕੀਤਾ ਸੀ। ਇੱਕੋ ਸਕੂਲ ਚ 34 ਸਾਲ ਸਰਵਿਸ ਕਰਨ ਮਗਰੋਂ 31 ਮਾਰਚ 2010 ਨੂੰ ਉਹ ਸੇਵਾ ਮੁਕਤ ਹੋ ਗਿਆ। ਖੁਦ ਉਸ ਨੇ ਵਿਆਹ ਨਹੀਂ ਕਰਾਇਆ ਸੀ ਲੇਕਿਨ ਉਸ ਨੇ ਭੈਣਾਂ ਨੂੰ ਪਹਿਲਾਂ ਧੀਆਂ ਵਾਂਗ ਪਾਲਿਆ ਤੇ ਫਿਰ ਉਨ•ਾਂ ਦੇ ਵਿਆਹ ਕੀਤੇ। ਭੈਣਾਂ ਦੀ ਡੋਲੀ ਤੁਰੀ ਤਾਂ ਹਾਕਮ ਨੇ ਲਿਖਿਆ, ਕਣਕਾਂ ਵਾਂਗੂ ਪਾਲ਼ੀਆਂ ਧੀਆਂ। ਜਦੋਂ ਮਾਂ ਗੁਰਦਿਆਲ ਕੌਰ ਜਹਾਨੋਂ ਤੁਰ ਗਈ ਤਾਂ ਹਾਕਮ ਦੀ ਕਲਮ ਦੇ ਬੋਲ ਸਨ, ਰੋਂਦੇ ਹਾਕਮ ਨੂੰ ,ਖਲਕਤ ਵੇਖਣ ਆਈ। ਸੱਚਮੁੱਚ ਉਹ ਫੱਕਰ ਇਨਸਾਨ ਸੀ। ਮਾਇਆ ਦਾ ਕੋਈ ਲੋਭ ਲਾਲਚ ਨਹੀਂ ਸੀ। ਪਹਿਲਾ ਗਾਇਕ ਹੋਏਗਾ ਜਿਸ ਦਾ ਅਖਾੜੇ ਦਾ ਕੋਈ ਮੁੱਲ ਨਹੀਂ ਸੀ। ਜਿੰਨੇ ਕੋਈ ਦੇ ਦਿੰਦਾ,ਲੈ ਲੈਂਦਾ ਸੀ। ਉਸ ਦਾ ਕੋਈ ਪੀ ਏ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਦਫ਼ਤਰ ਸੀ। ਬੱਸ ਚੱਲਦਾ ਫਿਰਦਾ ਰਮਤਾ ਜੋਗੀ ਸੀ। ਲੋਕਾਂ ਦੇ ਦਿਲਾਂ ਵਿੱਚ ਉਸ ਦਾ ਹਮੇਸ਼ਾ ਚੇਤਾ ਰਹੇਗਾ। ਅਫਸੋਸ ਕਿ ਦਿਲ ਦੀ ਬਿਮਾਰੀ ਨੇ ਹੀ ਉਸ ਨੂੰ ਲੋਕਾਂ ਕੋਲੋਂ ਖੋਹ ਲਿਆ। ਰਾਜ ਗੱਦੀ ਤੇ ਬੈਠੇ ਹਾਕਮਾਂ ਨੇ ਹਾਕਮ ਦੀ ਕਦੇ ਸਾਰ ਨਾ ਲਈ। ਹੁਣ ਉਹ ਹੰਝੂ ਵਹਾਉਂਦੇ ਨੇ। ਜਿਉਦੇ ਜੀਅ ਉਸ ਦੀ ਸਰਕਾਰੀ ਦਰਬਾਰ ਚੋ ਕੋਈ ਮਦਦ ਨਹੀਂ ਹੋਈ।
           ਅੱਜ ਉਦਾਸ ਹਨ ਪਿੰਡ ਜੰਗੀਰਾਣਾ ਸਕੂਲ ਦੇ ਉਹ ਪਿੱਪਲ ਤੇ ਬੋਹੜ ਜਿਨ•ਾਂ ਨੂੰ ਕਦੇ ਹਾਕਮ ਸੂਫ਼ੀ ਨੇ ਆਪਣੇ ਹੱਥੀ ਲਾਇਆ ਸੀ। ਉਦਾਸ ਹੈ ਉਹ ਤਿੰਨ ਦਹਾਕੇ ਪੁਰਾਣਾ ਸਾਈਕਲ ਜੋ ਉਸ ਦੇ ਰਾਹਾਂ ਦਾ ਸਾਥੀ ਬਣਿਆ ਸੀ। ਡਾਲਡੇ ਘਿਓ ਵਾਲੀ ਖ਼ਾਲੀ ਪੀਪੀ ਵੀ ਅੱਜ ਲੋਕਾਂ ਨੂੰ ਚੇਤੇ ਆ ਰਹੀ ਹੈ ਜੋ ਹਾਕਮ ਸੂਫ਼ੀ ਦਾ ਮੁਢਲਾ ਸਾਜ ਬਣੀ ਸੀ। ਜਦੋਂ ਸਾਈਕਲ ਨਹੀਂ ਸੀ ਤਾਂ ਉਹ ਗਿੱਦੜਬਹਾ ਤੋ ਤੁਰ ਕੇ 10 ਕਿਲੋਮੀਟਰ ਦੂਰ ਪਿੰਡ ਚ ਡਿਊਟੀ ਕਰਨ ਜਾਂਦਾ ਸੀ। ਸਕੂਲ ਵਿੱਚ ਉਹ ਕਾਫ਼ੀ ਸਮਾਂ ਲੰਮੇ ਚੋਲ਼ੇ ਵਿੱਚ ਵੀ ਜਾਂਦਾ ਰਿਹਾ ਹੈ। ਜਦੋਂ ਸਿੱਖਿਆ ਵਿਭਾਗ ਦੀ ਸਕੂਲ ਚ ਕੋਈ ਟੀਮ ਚੈਕਿੰਗ ਵਾਸਤੇ ਆਉਂਦੀ ਤਾਂ ਚੈਕਿੰਗ ਅਧਿਕਾਰੀ ਅੱਗਿਓਂ ਹਾਕਮ ਸੂਫ਼ੀ ਦੀ ਸੰਗਤ ਮਾਣ ਕੇ ਮੁੜ ਜਾਂਦੇ। ਚੈਕਿੰਗ ਦਾ ਚੇਤਾ ਹੀ ਭੁੱਲ ਜਾਂਦੇ ਸਨ। ਸਕੂਲ ਪਿੰ੍ਰਸੀਪਲ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਦਫ਼ਾ ਸਕੂਲੀ ਬੱਚਿਆਂ ਨੂੰ ਰਾਜਸਥਾਨ ਦੇ ਟੂਰ ਤੇ ਲੈ ਕੇ ਗਏ ਸਨ। ਬੀਕਾਨੇਰ ਦੇ ਕਿਲੇ ਵਿੱਚ ਜਦੋਂ ਹਾਕਮ ਸੂਫ਼ੀ ਨੇ ਡਫਲੀ ਤੇ ਗਾਇਆ ਤਾਂ ਉਥੇ ਪੂਰਾ ਅਖਾੜਾ ਬੱਝ ਗਿਆ। ਏਨਾ ਪੈਸਾ ਇਕੱਠਾ ਹੋਇਆ ਕਿ ਪੂਰੇ ਟੂਰ ਦਾ ਖਰਚਾ ਨਿਕਲ ਗਿਆ। ਅੱਜ ਹਰਾ ਭਰਾ ਸਕੂਲ ਹਾਕਮ ਸੂਫ਼ੀ ਦੀ ਦੇਣ ਹੈ। ਹਾਕਮ ਸੂਫ਼ੀ ਜਿੰਨੀ ਸੰਗਤ ਸਾਧੂ ਲੋਕਾਂ ਦੀ ਮਾਣਦਾ ਸੀ, ਉੱਨਾਂ ਹੀ ਉਹ ਪ੍ਰਕਿਰਤੀ ਦੇ ਨੇੜੇ ਸੀ।
            ਗਿੱਦੜਬਹਾ ਵਰਗੇ ਛੋਟੇ ਸ਼ਹਿਰ ਦਾ ਉਹ ਵੱਡਾ ਬੰਦਾ ਸੀ। ਸਾਈਕਲ ਤੇ ਹੀ ਉਹ ਘੁੰਮਦਾ ਫਿਰਦਾ ਰਹਿੰਦਾ ਸੀ। ਲੰਘੀਆਂ ਅਸੈਂਬਲੀ ਚੋਣਾਂ ਵੇਲੇ ਉਸ ਨੇ ਆਖਰੀ ਦਫ਼ਾ ਗੁਰਦਾਸ ਮਾਨ ਨਾਲ ਸਟੇਜ ਤੋ ਗਾਇਆ ਸੀ,ਸੱਜਣਾ ਵੇ ਸੱਜਣਾ, ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ। ਹਾਲਾਂ ਕਿ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਹਾਕਮ ਸੂਫ਼ੀ ਨੂੰ ਉਸ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਪ੍ਰੰਤੂ ਉਸ ਨੇ ਪੂਰੀ ਰੂਹ ਨਾਲ ਗਾਇਆ। ਇਹੋ ਉਸ ਦੀ ਆਖਰੀ ਸਟੇਜ ਹੀ ਨਿੱਬੜੀ। ਗੁਰਦਾਸ ਮਾਨ ਦਾ ਜਮਾਤੀ ਹਾਕਮ ਸੂਫ਼ੀ ਜੁਗਾੜਬੰਦੀ ਤੋ ਦੂਰ ਸੀ। ਇੱਕ ਦਫ਼ਾ ਜਲੰਧਰ ਲਾਗੇ ਦੂਰਦਰਸ਼ਨ ਦੀ ਰਿਕਾਰਡਿੰਗ ਸੀ। ਸਟੇਜ ਤੇ ਆਉਣ ਤੋ ਪਹਿਲਾਂ ਕਲਾਕਾਰ ਡਾਇਰੈਕਟਰ ਦੇ ਪੈਰੀਂ ਹੱਥ ਲਾ ਕੇ ਆਉਂਦੇ ਸਨ। ਜਦੋਂ ਇੱਕ ਸਾਥੀ ਨੇ ਹਾਕਮ ਨੂੰ ਅਜਿਹਾ ਕਰਨ ਵਾਸਤੇ ਆਖਿਆ, ਤਾਂ ਹਾਕਮ ਨੇ ਆਖਿਆ, ਅਸੀਂ ਤਾਂ ਉਸ ਮੌਲਾ ਦੀ ਚਮਚਾਗਿਰੀ ਕਰਦੇ ਹਾਂ, ਮਿੱਟੀ ਦੀਆਂ ਮੂਰਤਾਂ ਦੀ ਨਹੀਂ। ਉਸ ਦੇ ਤਿੰਨ ਗੀਤ ਉਦੋਂ ਰਿਕਾਰਡ ਹੋਏ ਸਨ। ਸਾਦਗੀ ਦੀ ਜ਼ਿੰਦਗੀ ਜੀਣ ਵਾਲੇ ਹਾਕਮ ਵਿੱਚ ਕੋਈ ਵੱਲ ਛੱਲ ਨਹੀਂ ਸੀ। ਤਾਹੀਓ ਉਹ ਚਮਕ ਦਮਕ ਵਾਲੇ ਜ਼ਮਾਨੇ ਚ ਉਵੇਂ ਚਮਕ ਨਾ ਸਕਿਆ।
              ਅਮਰਦੀਪ ਗਿੱਲ ਨੇ ਇੱਕ ਦਫ਼ਾ ਫੋਨ ਕੀਤਾ, ਬਾਬਿਓ ਕਿਥੇ ਹੋ ? ਤਾਂ ਹਾਕਮ ਸੂਫ਼ੀ ਦਾ ਜੁਆਬ ਸੀ ਸਿਵਿਆਂ ਚ। ਸੱਚਮੁੱਚ ਉਹ ਕਰੀਬ ਇੱਕ ਦਹਾਕੇ ਤੋ ਗਿੱਦੜਬਹਾ ਦੇ ਸਿਵਿਆਂ ਚ ਜਿਆਦਾ ਸਮਾਂ ਰਹਿੰਦਾ ਸੀ। ਸ਼ਮਸ਼ਾਨਘਾਟ ਚੋ ਪਹਿਲਾਂ ਲੋਕਾਂ ਨੂੰ ਰਜ਼ਾਮੰਦ ਕਰਕੇ ਮਟੀਆਂ ਹਟਵਾ ਦਿੱਤੀਆਂ। ਫਿਰ ਉਸ ਨੂੰ ਹਰਾ ਭਰਾ ਬਣਾ ਦਿੱਤਾ। ਹਾਕਮ ਸੂਫ਼ੀ ਦੀ ਕਲਾ ਕ੍ਰਿਤ ਅੱਜ ਚੰਡੀਗੜ• ਦੀ ਆਰਟ ਗੈਲਰੀ ਵਿੱਚ ਵੀ ਹੈ ਅਤੇ ਗਿੱਦੜਬਹਾ ਦੇ ਸਿਵਿਆਂ ਵਿੱਚ ਵੀ। ਲੋਕ ਗਾਇਕੀ ਦਾ ਸੋਨਾ ਆਖਰ ਇਨ•ਾਂ ਸਿਵਿਆਂ ਵਿੱਚ ਹੀ ਮਿੱਟੀ ਹੋ ਗਿਆ ਹੈ। ਇਨ•ਾਂ ਸਿਵਿਆਂ ਦੀ ਚਾਰਦੀਵਾਰੀ ਖਾਤਰ ਗੁਰਦਾਸ ਮਾਨ ਨੇ ਪੈਸੇ ਭੇਜੇ ਸਨ। ਅੱਜ ਇਹ ਸਿਵੇ ਪਾਰਕ ਵਾਂਗ ਹਨ ਜਿਥੇ ਲੋਕ ਬੈਠ ਕੇ ਸਕੂਨ ਲੈਂਦੇ ਹਨ। ਜਦੋਂ ਸਕੂਲ ਵਿੱਚ ਸਿੱਖਿਆ ਵਿਭਾਗ ਦੇ ਪੈਂਦੇ ਛਾਪਿਆ ਬਾਰੇ ਹਾਕਮ ਕੋਲ ਕਿਸੇ ਨੇ ਗੱਲ ਕਰਨੀ ਤਾਂ ਉਸ ਨੇ ਆਖਣਾ, ਬਾਬਿਓ ਅਸੀਂ ਤਾਂ ਪਹਿਲਾਂ ਹੀ ਉਸ ਥਾਂ ਤੇ ਬੈਠੇ ਹਨ, ਜਿਥੇ ਗੱਲ ਮੁੱਕਣੀ ਹੈ। ਕਈ ਕਈ ਦਿਨ ਹਾਕਮ ਸਿਵਿਆਂ ਵਿੱਚ ਹੀ ਦਿਨ ਰਾਤ ਗੁਜ਼ਾਰ ਦਿੰਦਾ ਸੀ। ਮਰਹੂਮ ਫਿਲਮ ਡਾਇਰੈਕਟਰ ਵਰਿੰਦਰ ਆਪਣੀ ਫਿਲਮ ਯਾਰੀ ਜੱਟ ਦੀ ਲਈ ਗਿੱਦੜਬਹਾ ਆਇਆ। ਜਦੋਂ ਹਾਕਮ ਸੂਫ਼ੀ ਘਰ ਨਾ ਮਿਲਿਆ ਤਾਂ ਵਰਿੰਦਰ ਉੁਸ ਦੇ ਭਰਾ ਨਛੱਤਰ ਨੂੰ ਨਾਲ ਲੈ ਕੇ ਲੱਭਣ ਤੁਰ ਪਿਆ। ਗਿੱਦੜਬਹਾ ਦੀ ਰੇਲਵੇ ਰੋਡ ਤੇ ਪਿੱਪਲ ਕੋਲ ਜੋਗੀ ਬੈਠੇ ਸਨ। ਜਦੋਂ ਵਰਿੰਦਰ ਨੇ ਦੇਖਿਆ ਤਾਂ ਹਾਕਮ ਸੂਫ਼ੀ ਜੋਗੀਆਂ ਵਿੱਚ ਬੈਠਾ ਸੀ ਅਤੇ ਬੀਨ ਆਪਣੇ ਰੰਗ ਬਿਖੇਰ ਰਹੀ ਸੀ। ਜਦੋਂ ਮੌਤ ਦੀ ਖ਼ਬਰ ਸੁਣੀ ਤਾਂ ਗੱਡੀਆਂ ਵਾਲੇ ਵਣਜਾਰੇ ਵੀ ਉਸ ਦੇ ਘਰ ਅਫਸੋਸ ਲਈ ਆਏ ਹੋਏ ਸਨ। ਮਸਤ ਮੌਲਾ ਇਨਸਾਨ ਪਿਆਰ ਵੰਡਦਾ ਸੀ। ਲੋਭੀ ਹੁੰਦਾ ਤਾਂ ਬਹੁਤ ਕੁਝ ਕਮਾ ਲੈਂਦਾ।
              ਪੰਜਾਬ ਵਿੱਚ ਆਏ ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਹਾਕਮ ਸੂਫ਼ੀ ਅਤੇ ਬਲਕਾਰ ਹਾਜੀ ਦਾ ਪਿੰਡ ਬੋਦੀਵਾਲਾ ਖੜਕ ਸਿੰਘ ਵਿੱਚ ਅਖਾੜਾ ਲੱਗਾ ਹੋਇਆ ਸੀ। ਤਿੰਨ ਖਾੜਕੂ ਸਟੇਜ ਕੋਲ ਆਏ ਜਿਨ•ਾਂ ਨੂੰ ਦੇਖ ਕੇ ਲੋਕ ਖਿਸਕਣ ਲੱਗ ਪਏ। ਸਟੇਜ ਤੋ ਹਾਕਮ ਨੇ ਆਖਿਆ ਕਿ ਉਹ ਤਾਂ ਸੂਫ਼ੀਆਨਾ ਗਾਉਂਦਾ ਹੈ, ਕੋਈ ਅਜਿਹਾ ਨਹੀਂ ਗਾਉਂਦਾ ਜੋ ਧੀਆਂ ਭੈਣਾਂ ਵਿੱਚ ਬੈਠ ਕੇ ਨਾ ਸੁਣਿਆ ਜਾ ਸਕਦਾ ਹੋਵੇ। ਹਾਕਮ ਸੂਫ਼ੀ ਨੇ ਖਾੜਕੂਆਂ ਨੂੰ ਸੰਬੋਧਨ ਹੋ ਕੇ ਆਖਿਆ, ਮਿੱਤਰੋ ,ਪਹਿਲਾਂ ਇੱਕ ਗਾਣਾ ਸੁਣ ਲੋ, ਫਿਰ ਜੋ ਮਰਜ਼ੀ ਫੈਸਲਾ ਕਰ ਲੈਣਾ। ਹਾਕਮ ਸੂਫ਼ੀ ਨੇ ਮੇਲਾ ਯਾਰਾ ਦਾ ਗਾਇਆ। ਖਾੜਕੂ ਇੱਕ ਸੌ ਦਾ ਨੋਟ ਇਨਾਮ ਦੇ ਕੇ ਚੁੱਪ ਚਾਪ ਚਲੇ ਗਏ। ਮਗਰੋਂ ਕਈ ਘੰਟੇ ਲੋਕ ਉਸ ਦੀ ਗਾਇਕੀ ਦਾ ਆਨੰਦ ਲੈਂਦੇ ਰਹੇ। ਉਸ ਦੀ ਮਹਿਫਲ ਵਿਦੇਸ਼ਾਂ ਵਿੱਚ ਸਜਦੀ ਰਹੀ ਹੈ ਅਤੇ ਰਾਜਧਾਨੀ ਵਿੱਚ ਵੀ। ਸਾਫ ਸੁਥਰੀ ਗਾਇਕੀ ਦਾ ਮਾਲਕ ਸੀ। ਉਸ ਦੇ ਸਮਿਆਂ ਵਿੱਚ ਦੋ ਗਾਣਾ ਗਾਇਕੀ ਦੀ ਚੜ•ਤ ਸੀ। ਉਸ ਦਾ ਸਾਥੀ ਦਰਸ਼ਨ ਮਾਨ ਦੱਸਦਾ ਹੈ ਕਿ ਜਦੋਂ ਉਹ ਪਿੰਡਾਂ ਵਿੱਚ ਪ੍ਰੋਗਰਾਮ ਤੇ ਜਾਂਦੇ ਤਾਂ ਲੋਕ ਕਾਰ ਵੇਖ ਕੇ ਰੌਲਾ ਪਾ ਦਿੰਦੇ, ਆ ਗਈ ਓਏ, ਆ ਗਈ ਓਏ। ਜਦੋਂ ਕਾਰ ਚੋ ਇਕੱਲਾ ਲੋਈ ਵਾਲਾ ਫੱਕਰ ਉੱਤਰਦਾ ਤਾਂ ਇੱਕ ਵਾਰੀ ਲੋਕ ਨਿਰਾਸ਼ ਹੋ ਜਾਂਦੇ। ਲੋਕਾਂ ਨੂੰ ਇਹੋ ਉਮੀਦ ਹੁੰਦੀ ਸੀ ਕਿ ਨਾਲ ਕੋਈ ਗਾਇਕ ਬੀਬੀ ਵੀ ਹੋਵੇਗੀ। ਜਦੋਂ ਉਹ ਪ੍ਰੋਗਰਾਮ ਖਤਮ ਕਰਕੇ ਵਾਪਸ ਜਾਂਦਾ ਤਾਂ ਉਸ ਨੂੰ ਲੋਕਾਂ ਚੋ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ।
           ਅੱਜ ਉਸ ਦੇ ਪ੍ਰਸੰਸਕ ਦਿਲ ਹੌਲਾ ਕਰੀ ਬੈਠੇ ਹਨ। ਉਸ ਦੀ ਭੈਣ ਜੱਗੂ ਤੇ ਵੀਨਾ ਕੋਲ ਹੁਣ ਉਸ ਦੀਆਂ ਯਾਦਾਂ ਬਚੀਆਂ ਹਨ। ਇਨ•ਾਂ ਭੈਣਾਂ ਨੂੰ ਹੀ ਉਹ ਨਿੱਕੇ ਹੁੰਦੇ ਹੱਥੀ ਰੋਟੀ ਖੁਆਉਂਦਾ ਸੀ। ਘਰ ਦੇ ਵਿਹੜੇ ਵਿੱਚ ਖੜ•ਾ ਸਾਈਕਲ ਉਸ ਦੀ ਨਿਸ਼ਾਨੀ ਹੈ ਅਤੇ ਉਹ ਤੁਰ ਜਾਣ ਤੋ ਪਹਿਲਾਂ ਪ੍ਰਵਾਰ ਨੂੰ ਇਹੋ ਨਿਸ਼ਾਨੀ ਸੰਭਾਲਣ ਵਾਸਤੇ ਆਖ ਕੇ ਵਿਦਾ ਹੋਇਆ। ਲੋਈ ਅਤੇ ਡਫਲੀ ਨੇ ਵੀ ਹਾਕਮ ਸੂਫ਼ੀ ਦਾ ਜ਼ਿੰਦਗੀ ਭਰ ਸਾਥ ਦਿੱਤਾ। ਇਹੋ ਉਹੀ ਡਫਲੀ ਹੈ ਜੋ ਕਦੇ ਹਾਕਮ ਸੂਫ਼ੀ ਨੇ ਗੁਰਦਾਸ ਮਾਨ ਨੂੰ ਫੜਾਈ ਸੀ। ਕਲਯੁਗ ਦੇ ਇਸ ਸਤਜੁਗੀ ਬੰਦੇ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਉਸ ਦੀ ਗਾਇਕੀ ਨੂੰ ਦੇਣ ਕੋਈ ਛੋਟੀ ਨਹੀਂ, ਵੱਡੀ ਸੀ। ਅਫਸੋਸ ਇਹੋ ਹੈ ਕਿ ਹਕੂਮਤਾਂ ਨੂੰ ਵੱਡੇ ਬੰਦੇ ਨਿਗ•ਾ ਪੈਂਦੇ ਹਨ, ਵੱਡੀ ਦੇਣ ਵਾਲੇ ਨਹੀਂ।
        

Thursday, September 6, 2012

                                                                      ਸੁਹਾਣਾ ਸਫ਼ਰ
                                           ਬੁੱਢੇ ਹੋ ਜਾਣਗੇ ਟੌਲ ਟੈਕਸ ਦਿੰਦੇ ਮਲਵਈ
                                                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੀਰਕਪੁਰ ਕੌਮੀ ਸੜਕ ਮਾਰਗ ਤੇ ਸਫ਼ਰ ਕਰਨ ਵਾਲੇ ਮਲਵਈ ਲੋਕਾਂ ਨੂੰ 24 ਸਾਲ ਟੌਲ ਟੈਕਸ ਤਾਰਨਾ ਪਏਗਾ। ਜਦੋਂ ਇਹ ਕੌਮੀ ਸੜਕ ਮਾਰਗ ਚਹੁੰ ਮਾਰਗੀ ਬਣ ਗਿਆ ਤਾਂ ਉਸ ਮਗਰੋਂ ਹੀ ਇਹ ਸੜਕ ਮਾਰਗ ਲੋਕਾਂ ਦੀ ਜੇਬ ਖ਼ਾਲੀ ਕਰਨੀ ਸ਼ੁਰੂ ਕਰ ਦੇਵੇਗਾ। ਸਾਲ 2036 ਤੱਕ ਮਲਵਈ ਲੋਕਾਂ ਨੂੰ ਇਸ ਸੜਕ ਮਾਰਗ ਤੇ ਚੱਲਣ ਵਾਸਤੇ ਟੌਲ ਟੈਕਸ ਤਾਰਨਾ ਪਵੇਗਾ। ਪੰਜਾਬ ਸਰਕਾਰ ਵਲੋਂ ਇਸ ਕੌਮੀ ਸੜਕ ਮਾਰਗ ਨੂੰ ਚਹੁੰ ਮਾਰਗੀ ਬਣਾਉਣ ਖਾਤਰ ਪ੍ਰਾਈਵੇਟ ਕੰਪਨੀ ਨੂੰ ਕੰਮ ਅਲਾਟ ਕਰ ਦਿੱਤਾ ਹੈ। ਕੇਂਦਰੀ ਵਿਭਾਗਾਂ ਤੋ ਹਰੀ ਝੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ। ਭਾਵੇਂ ਇਸ ਸੜਕ ਮਾਰਗ ਨਾਲ ਬਠਿੰਡਾ ਤੋ ਚੰਡੀਗੜ• ਦਾ ਸਫ਼ਰ ਘੱਟ ਜਾਏਗਾ ਲੇਕਿਨ ਇਹ ਮਲਵਈ ਲੋਕਾਂ ਲਈ ਮਹਿੰਗਾ ਸੌਦਾ ਹੋਵੇਗਾ। ਪੂਰੇ 24 ਸਾਲ ਲੋਕ ਇਸ ਸੜਕ ਮਾਰਗ ਤੇ ਟੋਲ ਟੈਕਸ ਦੇ ਕੇ ਸਫ਼ਰ ਕਰਨਗੇ। ਸੂਤਰ ਆਖਦੇ ਹਨ ਕਿ ਉਸ ਮਗਰੋਂ ਤਾਂ ਸੜਕ ਮਾਰਗ ਹੀ ਆਪਣੀ ਉਮਰ ਪੂਰੀ ਕਰ ਲਏਗਾ।
           ਸਰਕਾਰੀ ਸੂਚਨਾ ਅਨੁਸਾਰ ਬਠਿੰਡਾ ਜੀਰਕਪੁਰ ਕੌਮੀ ਸੜਕ ਮਾਰਗ ਦੋ ਹਿੱਸਿਆ ਵਿੱਚ ਚਹੁੰ ਮਾਰਗੀ ਹੋ ਰਹੀ ਹੈ। ਬਠਿੰਡਾ ਤੋ ਪਟਿਆਲਾ ਤੱਕ ਚਹੁੰ ਮਾਰਗੀ ਸੜਕ ਬਣਨ ਮਗਰੋਂ ਇਸ ਤੇ ਸਫ਼ਰ ਕਰਨ ਵਾਲਿਆਂ ਨੂੰ 24 ਸਾਲ ਟੌਲ ਟੈਕਸ ਦੇਣਾ ਪਵੇਗਾ। ਟੌਲ ਟੈਕਸ ਦੀ ਦਰ ਵਿੱਚ ਸਮੇਂ ਸਮੇਂ ਤੇ ਵਾਧਾ ਵੀ ਹੋਏਗਾ। ਇਵੇਂ ਹੀ ਪਟਿਆਲਾ ਤੋ ਜੀਰਕਪੁਰ ਤੱਕ ਸਫ਼ਰ ਕਰਨ ਵਾਲਿਆਂ ਨੂੰ 14 ਸਾਲ ਟੌਲ ਟੈਕਸ ਦੇਣਾ ਪਵੇਗਾ। ਸੂਚਨਾ ਅਨੁਸਾਰ ਜੀਰਕਪੁਰ ਪਟਿਆਲਾ ਤੱਕ ਸੜਕ ਨੂੰ ਚਹੁੰ ਮਾਰਗੀ ਬਣਾਉਣ ਖਾਤਰ 421 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਜਿਸ ਤੇ ਸਾਲ 2026 ਤੱਕ  ਟੌਲ ਟੈਕਸ ਲਗਾਇਆ ਜਾਵੇਗਾ। ਜੀਰਕਪੁਰ ਤੋ ਪਟਿਆਲਾ ਤੱਕ ਦੋ ਟੌਲ ਪਲਾਜਾ ਹੋਣਗੇ ਜਿਨ•ਾਂ ਚੋ ਇੱਕ ਟੌਲ ਪਲਾਜਾ ਬਨੂੜ ਲਾਗੇ ਅਤੇ ਦੂਸਰਾ ਪਿੰਡ ਕੌਲੀ ਕੋਲ ਹੋਏਗਾ। ਕਰੀਬ 50 ਕਿਲੋਮੀਟਰ ਦੇ ਸਫ਼ਰ ਵਿੱਚ ਦੋ ਦਫ਼ਾ ਲੋਕਾਂ ਨੂੰ ਜੇਬ ਹੌਲੀ ਕਰਨੀ ਪਏਗੀ। ਪਟਿਆਲਾ ਤੋ ਬਠਿੰਡਾ ਤੱਕ ਦੇ ਸਫ਼ਰ ਵਿੱਚ ਤਿੰਨ ਦਫ਼ਾ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਏਗੀ। ਇਸ ਸੜਕ ਤੇ ਭਵਾਨੀਗੜ ਕੋਲ, ਧਨੋਲਾ ਅਤੇ ਲਹਿਰਾ ਮੁਹੱਬਤ ਕੋਲ ਟੌਲ ਪਲਾਜਾ ਬਣਨਗੇ।
            ਕੌਮੀ ਸੜਕ ਮਾਰਗ ਦੇ ਚਹੁੰ ਮਾਰਗੀ ਬਣਨ ਮਗਰੋਂ ਜੋ ਨੌਜਵਾਨ ਇਸ ਤੇ ਸਫ਼ਰ ਕਰਨਾ ਸ਼ੁਰੂ ਕਰਨਗੇ, ਉਹ ਟੌਲ ਟੈਕਸ ਤਾਰਦੇ ਬੁੱਢੇ ਹੋ ਜਾਣਗੇ। ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਬਠਿੰਡਾ ਜੀਰਕਪੁਰ ਸੜਕ ਨੂੰ ਚਹੁੰ ਮਾਰਗੀ ਬਣਾਏ ਜਾਣ ਦਾ ਕੰਮ ਢਾਈ ਵਰਿ•ਆਂ ਵਿੱਚ ਮੁਕੰਮਲ ਹੋਣਾ ਹੈ। ਉਨ•ਾਂ ਦੱਸਿਆ ਕਿ ਸੜਕ ਦਾ ਕੰਮ ਅਲਾਟ ਹੋ ਗਿਆ ਹੈ ਅਤੇ ਇਹ ਪ੍ਰੋਜੈਕਟ ਸਾਲ 2014 ਤੱਕ ਮੁਕੰਮਲ ਹੋ ਜਾਵੇਗਾ। ਸੂਚਨਾ ਅਨੁਸਾਰ ਕੇਂਦਰੀ ਜੰਗਲਾਤ ਸਲਾਹਕਾਰ ਕਮੇਟੀ ਨੇ ਇਸ ਪ੍ਰੋਜੈਕਟ ਤੇ ਪੈਂਦੇ ਦਰਖਤਾਂ ਦੀ ਕਟਾਈ ਲਈ ਸਿਧਾਂਤਕ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇੱਕ ਹਫਤੇ ਵਿੱਚ ਲਿਖਤੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਦਰਖਤਾਂ ਦੀ ਕਟਾਈ ਬਦਲੇ ਕਰੀਬ 35 ਕਰੋੜ ਰੁਪਏ ਜੰਗਲਾਤ ਵਿਭਾਗ ਕੋਲ ਜਮ•ਾ ਕਰਾਏ ਜਾਣੇ ਹਨ।
             ਕੌਮੀ ਸੜਕ ਮਾਰਗ ਤੇ ਸਫ਼ਰ ਕਰਨ ਵਾਲਿਆਂ ਨੂੰ ਇਹ ਸੁਹਾਣਾ ਸਫ਼ਰ ਕਰੀਬ 200 ਰੁਪਏ ਵਿੱਚ ਪਏਗਾ ਜਿਸ ਦੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਪੰਜਾਬ ਸਰਕਾਰ ਵਲੋਂ ਇਸ ਸੜਕ ਨੂੰ ਚਹੁੰ ਮਾਰਗੀ ਬਣਾਉਣ ਖਾਤਰ ਪਟਿਆਲਾ,ਸੰਗਰੂਰ ਅਤੇ ਬਰਨਾਲਾ ਜ਼ਿਲ•ੇ ਵਿੱਚ ਜ਼ਮੀਨ ਵੀ ਐਕੁਆਇਰ ਕੀਤੀ ਜਾਣੀ ਹੈ ਜਿਸ ਲਈ ਕਰੀਬ 400 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਬਠਿੰਡਾ ਜ਼ਿਲ•ੇ ਵਿੱਚ ਜ਼ਮੀਨ ਐਕੂਆਇਰ ਨਹੀਂ ਹੋਏਗਾ। ਇਸ ਕੌਮੀ ਸੜਕ ਮਾਰਗ ਤੇ ਕਰੀਬ 289 ਹੈਕਟੇਅਰ ਰਕਬੇ ਵਿੱਚ ਜੰਗਲਾਤ ਹੈ ਜਿਸ ਦੀ ਕਟਾਈ ਹੋਣੀ ਹੈ। ਇਸ ਕੌਮੀ ਮਾਰਗ ਤੇ ਕਰੀਬ ਇੱਕ ਦਰਜਨ ਫਲਾਈ ਓਵਰ ਬਣਨੇ ਹਨ ਜਦੋਂ ਕਿ ਤਿੰਨ ਰੇਲਵੇ ਓਵਰ ਬਰਿੱਜ ਬਣਨੇ ਹਨ। ਰਾਮਪੁਰਾ ਫੂਲ, ਸੰਗਰੂਰ ਬਾਈਪਾਸ ਅਤੇ ਰਾਜਪੁਰਾ ਵਿਖੇ ਰੇਲਵੇ ਓਵਰ ਬਰਿੱਜ ਬਣਨਗੇ।ਕੌਮੀ ਸੜਕ ਮਾਰਗ ਤੇ ਤਿੰਨ ਬਾਈਪਾਸ ਬਣਨੇ ਹਨ। ਇਨ•ਾਂ ਵਿੱਚ ਧਨੌਲਾ ਬਾਈਪਾਸ ਬਣੇਗਾ ਅਤੇ ਸੰਗਰੂਰ ਬਾਈਪਾਸ ਬਣੇਗਾ। ਇਸੇ ਤਰ•ਾਂ ਪਟਿਆਲਾ ਬਾਈਪਾਸ ਚਹੁੰ ਮਾਰਗੀ ਬਣੇਗਾ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਵੇਲੇ ਇਸੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਿੱਚ ਲੱਗੇ ਹੋਏ ਹਨ। ਗਰੀਬ ਆਦਮੀ ਲਈ ਇਸ ਸੜਕ ਤੇ ਸਫ਼ਰ ਕਰਨਾ ਸੌਖਾ ਨਹੀਂ ਹੋਏਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਖਦੇ ਹਨ ਕਿ ਆਲੀਸ਼ਾਨ ਕੌਮੀ ਮਾਰਗ ਬਣੇਗਾ ਜਿਸ ਨਾਲ ਬਠਿੰਡਾ ਚੰਡੀਗੜ• ਦੀ ਦੂਰੀ ਘੱਟ ਜਾਣੀ ਹੈ। ਇਸ ਪੜਾਅ ਤੇ ਕੋਈ ਅਧਿਕਾਰੀ ਇਹ ਦੱਸਣ ਨੂੰੰ ਤਿਆਰ ਨਹੀਂ ਹੈ ਕਿ ਲੋਕਾਂ ਨੂੰ ਬਠਿੰਡਾ ਤੋ ਚੰਡੀਗੜ• ਤੱਕ ਕਿੰਨਾ ਟੌਲ ਟੈਕਸ ਦੇਣਾ ਪਏਗਾ। ਸਰਕਾਰ ਰੋਡ ਟੈਕਸ ਵੀ ਲੈ ਰਹੀ ਹੈ ਅਤੇ ਨਾਲੇ ਟੌਲ ਟੈਕਸ ਵੀ।
                                             ਟੌਲ ਟੈਕਸ ਤੈਅ ਕੀਤਾ ਜਾਣਾ ਬਾਕੀ ਨੋਡਲ ਅਫਸਰ
ਕੌਮੀ ਸੜਕ ਮਾਰਗ ਦੇ ਨੋਡਲ ਅਫਸਰ ਸ੍ਰੀ ਐਨ ਪੀ ਸਿੰਘ ਦਾ ਕਹਿਣਾ ਸੀ ਕਿ ਇਸ ਸੜਕ ਮਾਰਗ ਤੇ 24 ਵਰਿ•ਆਂ ਲਈ  ਟੌਲ ਟੈਕਸ ਲੱਗੇਗਾ ਜਿਸ ਦੀ ਦਰ ਹਾਲੇ ਨਿਸ਼ਚਿਤ ਕੀਤੀ ਜਾਣੀ ਹੈ। ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਦੋ ਹਫਤਿਆਂ ਵਿੱਚ ਹਰ ਤਰ•ਾਂ ਦੀ ਪ੍ਰਵਾਨਗੀ ਮਿਲ ਜਾਣੀ ਹੈ ਅਤੇ ਜਲਦੀ ਕੰਮ ਸ਼ੁਰੂ ਹੋ ਜਾਣਾ ਹੈ। ਉਨ•ਾਂ ਦੱਸਿਆ ਕਿ ਜੰਗਲਾਤ ਮੰਤਰਾਲੇ ਤੋ ਸਿਧਾਂਤਿਕ ਤੌਰ ਤੇ ਪ੍ਰਵਾਨਗੀ ਮਿਲ ਗਈ ਹੈ। ਉਨ•ਾਂ ਦੱਸਿਆ ਕਿ ਬਠਿੰਡਾ ਪਟਿਆਲਾ ਤੱਕ ਟਰੈਫ਼ਿਕ ਘੱਟ ਹੈ ਅਤੇ ਰਸਤਾ ਲੰਮਾ ਹੈ ਜਿਸ ਕਰਕੇ ਇਸ ਹਿੱਸੇ ਤੇ 24 ਸਾਲ ਲਈ ਟੌਲ ਟੈਕਸ ਲੱਗੇਗਾ। ਉਨ•ਾਂ ਦੱਸਿਆ ਕਿ ਪਟਿਆਲਾ ਜੀਰਕਪੁਰ ਸੜਕ ਤੇ ਟਰੈਫ਼ਿਕ ਜਿਆਦਾ ਹੈ ਅਤੇ ਰਸਤਾ ਛੋਟਾ ਹੈ ਜਿਸ ਕਰਕੇ ਉਸ ਹਿੱਸੇ ਤੇ 14 ਸਾਲ ਲਈ ਟੌਲ ਟੈਕਸ ਲੱਗੇਗਾ।
   

Wednesday, September 5, 2012

                                                                ਅਧਿਆਪਕ ਦਿਵਸ
                                     ਨਹੀਂ ਲਭਦੇ ਸਾਈਕਲਾਂ ਵਾਲੇ ਉਹ ਮਾਸਟਰ
                                                                  ਚਰਨਜੀਤ ਭੁੱਲਰ
ਬਠਿੰਡਾ :  ਮਾਲਵੇ ਵਿੱਚ ਮਾਸਟਰ ਜੀ ਹੁਣ ਲੰਮੀ ਗੱਡੀ ਵਿੱਚ ਆਉਂਦੇ ਹਨ । ਹੁਣ ਸਰਕਾਰੀ ਸਕੂਲਾਂ ਵਿੱਚ ਸਾਈਕਲਾਂ ਵਾਲੇ ਮਾਸਟਰ  ਟਾਵੇਂ ਰਹਿ ਗਏ ਹਨ ਜਿਨ੍ਹਾਂ ਅਧਿਆਪਕਾਂ ਦਾ ਰਹਿਣ ਸਹਿਣ ਦਾ ਸਟੈਂਡਰਡ ਉੱਚਾ ਹੋਇਆ ਹੈ ਉਨ੍ਹਾਂ ਸਕੂਲਾਂ ਦਾ ਵਿਦਿਅਕ ਮਿਆਰ ਉੱਚਾ ਨਹੀਂ ਹੋਇਆ ਹੈ। ਭਾਵੇਂ ਤੇਜ਼ ਰਫ਼ਤਾਰ ਜ਼ਮਾਨੇ 'ਚ ਇਹ ਕੋਈ ਨਵੀਂ ਗੱਲ ਨਹੀਂ ਪਰ ਅਧਿਆਪਕਾਂ 'ਚੋਂ ਸਾਦਗੀ ਗਾਇਬ ਹੋਣ ਲੱਗੀ ਹੈ। ਰੋਲ ਮਾਡਲ ਬਣਨ ਵਾਲੇ ਅਧਿਆਪਕ ਹੁਣ ਗਾਇਬ ਹੋ ਗਏ ਹਨ। ਕਈ ਸਕੂਲ ਏਦਾ ਦੇ ਹਨ ਜਿਨ੍ਹਾਂ ਦੇ ਅਧਿਆਪਕ ਆਉਂਦੇ ਤਾਂ ਲੰਮੀਆਂ ਗੱਡੀਆਂ 'ਚ ਹਨ ਪਰ ਉਨ੍ਹਾਂ ਦੇ ਨਤੀਜੇ ਉਨੇ ਲੰਮੇ ਨਹੀਂ ਹਨ। ਪਿੰਡ ਭਾਈਰੂਪਾ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਕਰੋਲਾ ਗੱਡੀ 'ਚ ਆਉਂਦਾ ਹੈ ਜਿਸ ਦੀ ਕੀਮਤ 13 ਲੱਖ ਦੇ ਕਰੀਬ ਹੈ। ਪਿੰਡ ਮਾਈਸਰਖਾਨਾ ਵਿੱਚ ਇੱਕ ਅਧਿਆਪਕ ਸਫਾਰੀ 'ਚ ਆਉਂਦਾ ਹੈ। ਭਾਈਰੂਪਾ ਦਾ ਇੱਕ ਹੋਰ ਅਧਿਆਪਕ ਅਪਟਰਾ ਐਲ.ਡੀ ਗੱਡੀ 'ਚ ਸਕੂਲ ਆਉਂਦਾ ਹੈ ਜਿਸ ਦੀ ਕੀਮਤ 7 ਲੱਖ ਤੋਂ ਉਪਰ ਹੈ। ਪਿੰਡ ਚਾਉਕੇ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ ਗੱਡੀ 'ਚ ਆਉਂਦਾ ਹੈ ਅਤੇ ਇਸ ਗੱਡੀ ਦੀ ਕੀਮਤ ਕਰੀਬ 12 ਲੱਖ ਤੋਂ ਉਪਰ ਹੈ। ਕਾਫੀ ਈ.ਟੀ.ਟੀ. ਅਧਿਆਪਕਾਂ ਕੋਲ ਵੱਡੀਆਂ ਗੱਡੀਆਂ ਹਨ।
          ਸੂਤਰਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਦੇ ਨਤੀਜੇ ਉਨੇ ਸ਼ਾਨਦਾਰ ਨਹੀਂ ਹਨ ਜਿਨ੍ਹੀਆਂ ਗੱਡੀਆਂ ਸ਼ਾਨਦਾਰ ਹਨ। ਪਿੰਡ ਗੁੰਮਟੀ ਦੇ ਸਕੂਲ ਵਿੱਚ ਇੱਕ ਅਧਿਆਪਕ ਆਈ-20 ਵਿੱਚ ਆਉਂਦਾ ਹੈ ਜਦੋਂ ਕਿ ਨਥਾਣਾ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ 'ਚ ਆਉਂਦਾ ਹੈ। ਪਿੰਡ ਅਮਰਗੜ੍ਹ ਦੇ ਸਕੂਲ ਵਿੱਚ ਇੱਕ ਅਧਿਆਪਕ ਆਈਕਾਨ ਗੱਡੀ 'ਚ ਆਉਂਦਾ ਹੈ ਅਤੇ ਇਸੇ ਤਰ੍ਹਾਂ ਪਿੰਡ ਮੰਡੀ ਕਲਾਂ ਵਿੱਚ ਇੱਕ ਅਧਿਆਪਕ ਬੋਲੈਰੋ 'ਚ ਆਉਂਦਾ ਹੈ।ਟੋਇਟਾ ਕੰਪਨੀ ਦੇ ਬਠਿੰਡਾ ਦਫ਼ਤਰ ਦੇ ਜਨਰਲ ਮੈਨੇਜਰ ਦਵਿੰਦਰ ਸਿੰਘ ਦਾਨੇਵਾਲੀਆ ਦਾ ਕਹਿਣਾ ਹੈ ਕਿ ਕਈ ਕਾਰ ਕੰਪਨੀਆਂ ਨੇ ਤਾਂ ਅਧਿਆਪਕਾਂ ਲਈ ਖਾਸ ਰਿਆਇਤਾਂ ਦਾ ਵੀ ਐਲਾਨ ਕੀਤਾ ਹੋਇਆ ਹੈ ਜਿਸ ਦੇ ਤਹਿਤ ਅਧਿਆਪਕਾਂ ਨੂੰ ਕਾਰ ਦੀ ਕੀਮਤ 'ਤੇ ਵਿੱਤੀ ਛੋਟ ਦਿੱਤੀ ਜਾਂਦੀ ਹੈ। ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜਗਸੀਰ ਸਹੋਤਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਮਾਜ ਦੇ ਤੌਰ ਤਰੀਕੇ ਅਤੇ ਰਹਿਣ ਸਹਿਣ ਬਦਲਿਆ ਹੈ, ਉਸ ਦਾ ਅਸਰ ਅਧਿਆਪਕ ਵਰਗ 'ਤੇ ਵੀ ਪਿਆ ਹੈ। ਉਨ੍ਹਾਂ ਆਖਿਆ ਕਿ ਸਹੂਲਤ ਲਈ ਅਧਿਆਪਕ ਸਾਈਕਲ 'ਤੇ ਆਵੇ ਅਤੇ ਭਾਵੇਂ ਗੱਡੀ 'ਤੇ, ਇਹ ਉਸ ਦਾ ਨਿੱਜੀ ਫੈਸਲਾ ਹੈ ਪਰ ਅਜਿਹੇ ਅਧਿਆਪਕਾਂ ਨੂੰ ਆਪਣੇ ਸਕੂਲ ਨਤੀਜੇ ਵੀ ਗੱਡੀ ਦੇ ਹਾਣ ਹੀ ਕਰਨੇ ਚਾਹੀਦੇ ਹਨ। ਗੱਡੀ ਰੱਖਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਨਤੀਜੇ ਕਦੇ ਮਾੜੇ ਨਹੀਂ ਆਏ।
            ਸਰਕਾਰੀ ਸਕੂਲਾਂ ਵਿੱਚ ਕਈ ਥਾਈਂ ਇਹ ਹਾਲ ਹੈ ਕਿ ਅਧਿਆਪਕਾਂ ਨੇ ਅੱਗੇ ਬੱਚੇ ਪੜ੍ਹਾਉਣ ਵਾਸਤੇ ਪ੍ਰਾਈਵੇਟ ਅਧਿਆਪਕ ਥੋੜ੍ਹੀ ਤਨਖਾਹ 'ਤੇ ਰੱਖੇ ਹੋਏ ਹਨ। ਪਿੰਡ ਕੈਲੇ ਬਾਂਦਰ ਦੇ ਸਰਕਾਰੀ ਸਕੂਲ ਵਿੱਚ ਏਦਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਪੜਤਾਲ ਵੀ ਹੋਈ ਸੀ। ਪਿੰਡ ਸੰਗਤ ਕਲਾਂ ਅਤੇ ਪਿੰਡ ਜਲਾਲ ਵਿੱਚ ਵੀ ਦੋ ਅਧਿਆਪਕਾਂ ਨੇ ਅੱਗੇ ਪ੍ਰਾਈਵੇਟ ਅਧਿਆਪਕ ਬੱਚੇ ਪੜ੍ਹਾਉਣ ਵਾਸਤੇ ਰੱਖੇ ਹੋਏ ਹਨ। ਕੋਈ ਵੇਲਾ ਸੀ ਜਦੋਂ ਅਧਿਆਪਕ ਸਾਦਗੀ 'ਚ ਰਹਿੰਦੇ ਸਨ ਅਤੇ ਸਾਈਕਲਾਂ 'ਤੇ ਆਉਂਦੇ ਸਨ। ਪਿੰਡ ਭਾਈਰੂਪਾ ਦਾ ਅਧਿਆਪਕ ਭੋਲਾ ਸਿੰਘ ਹਾਲੇ ਵੀ ਸਾਈਕਲ ਹੀ ਵਰਤਦਾ ਹੈ। ਪਿੰਡ ਭਾਈਰੂਪਾ ਦੀ ਮਹਿਲਾ ਅਧਿਆਪਕ ਹਾਲੇ ਵੀ ਪਿੰਡ ਦੁੱਲੇਵਾਲਾ ਸਾਈਕਲ 'ਤੇ ਪੜ੍ਹਾਉਣ ਜਾਂਦੀ ਹੈ। ਇੱਕ ਅਧਿਆਪਕ ਅਮਨਦੀਪ ਸਿੰਘ ਆਪਣੇ ਪਿੰਡ ਪੂਹਲਾ ਤੋਂ ਪਿੰਡ ਬਾਠ ਦੇ ਸਰਕਾਰੀ ਸਕੂਲ ਵਿੱਚ ਸਾਈਕਲ 'ਤੇ ਪੜ੍ਹਾਉਣ ਜਾਂਦਾ ਹੈ। ਇੱਕ ਡਰਾਇੰਗ ਅਧਿਆਪਕ ਪਿੰਡ ਪੂਹਲੀ ਤੋਂ ਗੰਗਾ ਦੇ ਸਕੂਲ ਵਿੱਚ ਸਾਈਕਲ 'ਤੇ ਜਾਂਦਾ ਹੈ। ਪਿੰਡ ਜੰਗੀਰਾਣਾ ਦਾ ਪੰਜਾਬੀ ਅਧਿਆਪਕ ਨਛੱਤਰ ਸਿੰਘ ਹਾਲੇ ਵੀ ਸਾਈਕਲ 'ਤੇ ਹੀ ਸਕੂਲ ਆਉਂਦਾ ਹੈ। ਪਿੰਡ ਨਰੂਆਣਾ ਦੇ ਪ੍ਰੋ. ਗੁਰਬਚਨ ਸਿੰਘ ਨੇ ਜਿਨ੍ਹਾਂ ਸਮਾਂ ਸਰਕਾਰੀ ਸਕੂਲਾਂ 'ਚ ਨੌਕਰੀ ਕੀਤੀ, ਉਹ ਸਾਈਕਲ 'ਤੇ ਪੜ੍ਹਾਉਣ ਜਾਂਦਾ ਰਿਹਾ। ਰਾਮਪੁਰਾ ਫੂਲ ਦੇ ਮਰਹੂਮ ਪ੍ਰਿੰਸੀਪਲ ਕਰਮ ਸਿੰਘ ਗਰੇਵਾਲ ਨੇ ਸਾਰੀ ਉਮਰ ਹੀ ਸਕੂਲ ਜਾਣ ਵਾਸਤੇ ਸਾਈਕਲ ਚਲਾਇਆ। ਸਮਾਜ ਸੇਵਕ ਅਧਿਆਪਕ ਮੇਹਰ ਬਾਹੀਆ ਦਾ ਕਹਿਣਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਅਧਿਆਪਕਾਂ ਕੋਲ ਸੁੱਖ ਸਹੂਲਤਾਂ ਤਾਂ ਵਧੀਆਂ ਹਨ ਪਰ ਸਮਾਜਿਕ ਸਨਮਾਨ ਪਹਿਲਾਂ ਨਾਲੋਂ ਕਾਫੀ ਘਟਿਆ ਹੈ।
                                                            ਮਾਸਟਰਾਂ ਨੇ ਬੁਲਟ ਵੇਚੇ
ਪੰਜਾਬ ਸਰਕਾਰ ਵੱਲੋਂ ਜਦੋਂ ਈ.ਟੀ.ਟੀ. ਅਧਿਆਪਕ ਭਰਤੀ ਕੀਤੇ ਗਏ ਸਨ, ਉਦੋਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਦਰਜਨ ਈ.ਟੀ.ਟੀ. ਅਧਿਆਪਕਾਂ ਨੇ ਪਹਿਲੀ ਤਨਖਾਹ ਨਾਲ ਬੁਲਟ ਮੋਟਰਸਾਈਕਲ ਲਏ ਸਨ। ਉਨ੍ਹਾਂ ਵਿੱਚੋਂ ਕਾਫੀ ਅਧਿਆਪਕਾਂ ਨੇ ਬੁਲਟ ਮੋਟਰਸਾਈਕਲ ਵੇਚ ਦਿੱਤੇ ਹਨ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਬੁਲਟ ਦੀ ਟੌਹਰ ਤਾਂ ਹੈ ਪਰ ਖਰਚਾ ਜ਼ਿਆਦਾ ਪੈ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੇ ਬੁਲਟ ਵੇਚ ਦਿੱਤੇ ਹਨ। ਟਾਵੇਂ ਅਧਿਆਪਕ ਹਾਲੇ ਵੀ ਸਕੂਲਾਂ ਵਿੱਚ ਬੁਲਟ ਮੋਟਰਸਾਈਕਲ 'ਤੇ ਆਉਂਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਬੱਚੇ ਬੁਲਟ ਵਾਲੇ ਮਾਸਟਰ ਜੀ ਆਖਦੇ ਹਨ।

Tuesday, September 4, 2012


                                 ਕੈਂਸਰ  ਨੇ
        ਬੰਦੇ ਮੁਕਾਏ,ਫੰਡ ਨਾ ਆਏ
                  ਚਰਨਜੀਤ ਭੁੱਲਰ
ਬਠਿੰਡਾ :  ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਕੋਲ ਕੈਂਸਰ ਪੀੜਤਾਂ ਲਈ ਆਏ 90 ਫੀਸਦੀ ਫੰਡ ਅਣਵਰਤੇ ਪਏ ਹਨ। ਪ੍ਰਸ਼ਾਸਨ ਕੋਲ ਏਨੀ ਵਿਹਲ ਨਹੀਂ ਹੈ ਕਿ ਇਹ ਫੰਡ ਕੈਂਸਰ ਪੀੜਤਾਂ ਨੂੰ ਵੰਡ ਦਿੱਤੇ ਜਾਣ। ਕਰੀਬ ਸਵਾ ਸਾਲ ਪਹਿਲਾਂ ਇਹ ਫੰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸਨ। ਕੈਂਸਰ ਪੀੜਤ ਫੰਡਾਂ ਵਾਸਤੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਬਹੁਤੇ ਮਰੀਜ਼ ਤਾਂ ਫੰਡਾਂ ਦੀ ਉਡੀਕ 'ਚ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਨੂੰ ਕੈਂਸਰ ਦੀ ਸਭ ਤੋਂ ਵੱਧ ਮਾਰ ਪਈ ਹੈ ਪਰ ਇਸ ਦੇ ਬਾਵਜੂਦ ਅਫ਼ਸਰ ਇਹ ਫੰਡ ਵੰਡਣ ਲਈ ਸੰਜੀਦਾ ਨਹੀਂ ਹਨ। ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ 30 ਲੱਖ ਰੁਪਏ ਦੇ ਫੰਡ ਕੈਂਸਰ ਪੀੜਤਾਂ ਦੀ ਮਦਦ ਵਾਸਤੇ ਮਿਲੇ ਸਨ। ਮੁੱਖ ਮੰਤਰੀ ਰਾਹਤ ਫੰਡ 'ਚੋਂ ਇਹ ਫੰਡ ਜਾਰੀ ਕੀਤੇ ਗਏ ਸਨ। ਉਸ ਤੋਂ ਪਹਿਲਾਂ ਵੀ ਇਹ ਫੰਡ ਮੁੱਖ ਮੰਤਰੀ ਦਫ਼ਤਰ 'ਚੋਂ ਆਉਂਦੇ ਰਹੇ ਹਨ। ਡਿਪਟੀ ਕਮਿਸ਼ਨਰ ਦਫ਼ਤਰ 'ਚੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2011 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੈਂਸਰ ਪੀੜਤਾਂ ਦੀ ਮਦਦ ਲਈ 30 ਲੱਖ ਰੁਪਏ ਮਿਲੇ ਸਨ ਜਿਸ 'ਚੋਂ 3,80,000 ਰੁਪਏ ਵੰਡੇ ਗਏ ਹਨ। ਬਾਕੀ ਰਾਸ਼ੀ ਸਬ ਡਿਵੀਜ਼ਨ ਬਠਿੰਡਾ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿੱਚ ਪਈ ਹੈ ਜੋ ਕਿ ਹਾਲੇ ਤੱਕ ਨਹੀਂ ਵੰਡੀ ਗਈ। ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਆਇਆ ਹੈ। ਜੋ ਰਾਸ਼ੀ ਵੰਡੀ ਗਈ ਹੈ, ਉਸ 'ਚੋਂ ਵੀ ਕਈ ਚੈੱਕ ਪ੍ਰਸ਼ਾਸਨ ਕੋਲ ਵਾਪਸ ਆ ਗਏ ਹਨ ਕਿਉਂਕਿ ਕਈ ਪੀੜਤਾਂ ਦੀ ਚੈੱਕ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਇਹ ਚੈੱਕ ਵੀ ਪ੍ਰਸ਼ਾਸਨ ਨੇ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਭੇਜ ਦਿੱਤੇ ਹਨ।
       ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਪੂਰੀ ਇਸਤੇਮਾਲ ਨਹੀਂ ਕੀਤੀ। ਸਾਲ 2010 ਵਿੱਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਬਠਿੰਡਾ ਨੂੰ ਕੈਂਸਰ ਪੀੜਤਾਂ ਵਾਸਤੇ 6 ਲੱਖ ਰੁਪਏ ਭੇਜੇ ਸਨ ਜਿਸ 'ਚੋਂ ਇੱਕ ਲੱਖ ਰੁਪਏ ਪ੍ਰਸ਼ਾਸਨ ਨੇ ਵਾਪਸ ਭੇਜ ਦਿੱਤੇ ਸਨ। ਸਾਲ 2008 ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਲੱਖ ਰੁਪਏ ਭੇਜੇ ਗਏ ਸਨ ਜਿਸ 'ਚੋਂ ਪ੍ਰਸ਼ਾਸਨ ਨੇ 7,07,578 ਰੁਪਏ ਵਾਪਸ ਭੇਜ ਦਿੱਤੇ ਸਨ। ਡਿਪਟੀ ਕਮਿਸ਼ਨਰ ਕੋਲ ਕੈਂਸਰ ਪੀੜਤਾਂ ਦੀਆਂ ਕਰੀਬ 500 ਦਰਖਾਸਤਾਂ ਪੈਂਡਿੰਗ ਪਈਆਂ ਹਨ। ਡਿਪਟੀ ਕਮਿਸ਼ਨਰ ਹੁਣ ਇਸ ਕਰਕੇ ਇਨ੍ਹਾਂ 'ਤੇ ਕਾਰਵਾਈ ਨਹੀਂ ਕਰਦੇ ਹਨ ਕਿਉਂਕਿ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਬਣਾ ਦਿੱਤਾ ਹੈ। ਰਾਹਤ ਕੋਸ਼ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ 15 ਤੋਂ 30 ਹਜ਼ਾਰ ਤੱਕ ਦੀ ਰਾਸ਼ੀ ਪ੍ਰਤੀ ਮਰੀਜ਼ ਦਿੱਤੀ ਜਾਂਦੀ ਸੀ। ਪਿੰਡ ਕਲਿਆਣ ਸੁੱਖਾ ਦੇ ਕੈਂਸਰ ਮਰੀਜ਼ ਰੂਪ ਚੰਦ ਦੇ ਲੜਕੇ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ 31 ਜਨਵਰੀ,2006 ਨੂੰ ਵਿੱਤੀ ਮਦਦ ਵਾਸਤੇ ਦਰਖਾਸਤ ਦਿੱਤੀ ਸੀ ਪਰ ਅੱਜ ਤੱਕ ਮਦਦ ਨਹੀਂ ਮਿਲੀ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਤਾਂ ਬਾਪ ਦਾ ਇਲਾਜ ਕਰਾਉਣ ਵਾਸਤੇ ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਇਲਾਜ 'ਤੇ 2 ਲੱਖ ਰੁਪਏ ਲੱਗ ਚੁੱਕੇ ਹਨ। ਪਿੰਡ ਗਹਿਰੀ ਭਾਗੀ ਦਾ ਇੱਕ ਮਰੀਜ਼ ਤਾਂ ਮਦਦ ਮਿਲਣ ਤੋਂ ਪਹਿਲਾਂ ਹੀ ਜਹਾਨੋਂ ਚਲਾ ਗਿਆ ਹੈ। ਇਸ ਤਰ੍ਹਾਂ ਦੇ ਸੈਂਕੜੇ ਮਰੀਜ਼ ਹਨ ਜੋ  ਰਾਸ਼ੀ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ।
      ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਜਦੋਂ ਪ੍ਰਸ਼ਾਸਨ ਨੂੰ ਆਖਰੀ 30 ਲੱਖ ਰੁਪਏ ਭੇਜੇ ਗਏ ਸਨ ਉਸ ਮਗਰੋਂ ਕੈਂਸਰ ਮਰੀਜ਼ਾਂ ਦਾ ਵੀ ਸਿਆਸੀਕਰਨ ਹੋ ਗਿਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਕੈਂਸਰ ਮਰੀਜ਼ਾਂ ਨੂੰ ਚੈੱਕ ਵੰਡਣੇ ਸ਼ੁਰੂ ਕਰ ਦਿੱਤੇ ਸਨ ਅਤੇ ਕੈਂਸਰ ਪੀੜਤਾਂ ਦੀਆਂ ਸੂਚੀਆਂ ਵੀ ਹਲਕਿਆਂ ਮੁਤਾਬਕ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸੰਗਤ ਦਰਸ਼ਨਾਂ ਵਿੱਚ ਵੰਡੇ ਤਿੰਨ ਚੈੱਕ ਵਾਪਸ ਹੋਏ ਸਨ ਕਿਉਂਕਿ ਰਾਸ਼ੀ ਪੁੱਜਣ ਤੱਕ ਮਰੀਜ਼ ਮੌਤ ਦੇ ਮੂੰਹ ਜਾ ਪਏ ਸਨ। ਕਾਫ਼ੀ ਸਮਾਂ ਤਾਂ ਇਹ ਰਾਸ਼ੀ ਸੰਸਦ ਮੈਂਬਰ ਦੇ ਸੰਗਤ ਦਰਸ਼ਨਾਂ ਦੀ ਉਡੀਕ ਵਿੱਚ ਹੀ ਖ਼ਜ਼ਾਨੇ ਵਿੱਚ ਪਈ ਰਹੀ। ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਫੌਰੀ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਵੰਡੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਜਾਰੀ ਰਹਿਣੀ ਚਾਹੀਦੀ ਹੈ ਅਤੇ ਭਾਵੇਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵੀ ਬਣ ਗਿਆ ਹੈ।
                     ਮਾਮਲਾ ਧਿਆਨ ਵਿੱਚ ਨਹੀਂ ਹੈ: ਡੀ.ਸੀ.  
ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਦਾ ਕਹਿਣਾ ਹੈ ਕਿ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਦੇ ਅਣਵਰਤੀ ਪਈ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧੀ ਰਿਪੋਰਟ ਪ੍ਰਾਪਤ ਕਰਕੇ ਉਸ ਦੇ ਆਧਾਰ 'ਤੇ ਇਸ ਰਾਸ਼ੀ ਦੀ ਵੰਡ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ 'ਚੋਂ ਬਠਿੰਡਾ ਜ਼ਿਲ੍ਹੇ ਦੇ 150 ਤੋਂ ਉਪਰ ਮਰੀਜ਼ਾਂ ਨੂੰ ਵਿੱਤੀ ਮਦਦ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੈਂਸਰ ਪੀੜਤ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ 'ਚੋਂ ਵਿੱਤੀ ਮਦਦ ਲੈਣ ਵਾਸਤੇ ਅਪਲਾਈ ਕਰਨ ਕਿਉਂਕਿ ਉਸ 'ਚੋਂ ਰਾਸ਼ੀ ਵੀ ਜ਼ਿਆਦਾ ਮਿਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਕੈਂਸਰ ਪੀੜਤ ਸਿਹਤ ਵਿਭਾਗ ਨਾਲ ਸੰਪਰਕ ਕਰਨ।

Monday, September 3, 2012

                                ਜਾਅਲਸਾਜ਼ੀ
       ਐਕਸੀਅਨ ਦੇ ਜੁਗਾੜ ਦਾ ਉਘਾੜ
                             ਚਰਨਜੀਤ ਭੁੱਲਰ
ਬਠਿੰਡਾ : ਲੋਕ ਨਿਰਮਾਣ ਵਿਭਾਗ ਦੇ ਜੁਗਾੜੀ ਐਕਸੀਅਨ ਜੋਗਿੰਦਰ ਸਿੰਘ ਦੇ ਭੇਤ ਖੁੱਲ੍ਹਣ ਲੱਗੇ ਹਨ। ਕਰੋੜਾਂ ਰੁਪਏ ਦੇ ਘਪਲੇ ਵਿੱਚ ਫੜੇ ਇਸ ਐਕਸੀਅਨ ਦੀ ਇੱਕ ਹੋਰ ਜਾਅਲਸਾਜ਼ੀ ਦਾ ਪਤਾ ਲੱਗਾ ਹੈ। ਥੋੜ੍ਹੀ ਦੇਰ ਹੋ ਜਾਂਦੀ ਤਾਂ ਸਰਕਾਰੀ ਖ਼ਜ਼ਾਨੇ ਨੂੰ ਪੰਜ ਕਰੋੜ ਰੁਪਏ ਦਾ ਹੋਰ ਚੂਨਾ ਲੱਗ ਜਾਣਾ ਸੀ। ਦੱਸਣਯੋਗ ਹੈ ਕਿ ਪੌਣੇ ਪੰਜ ਕਰੋੜ ਦੀ ਜਾਅਲੀ ਐਲ.ਓ.ਸੀ. (ਲੈਟਰ ਆਫ ਕ੍ਰੈਡਿਟ) ਤਿਆਰ ਕਰਕੇ ਰਾਸ਼ੀ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ ਵਿਜੀਲੈਂਸ ਰੇਂਜ ਬਠਿੰਡਾ ਨੇ 21 ਜੁਲਾਈ,2012 ਨੂੰ ਐਕਸੀਅਨ ਜੋਗਿੰਦਰ ਸਿੰਘ ਖ਼ਿਲਾਫ਼ ਕੁਰੱਪਸ਼ਨ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ। ਐਕਸੀਅਨ ਨੇ ਪੱਤਰ ਨੰਬਰ 1024 ਬਜਟ ਮਿਤੀ 14 ਜੂਨ,2010 ਅਨੁਸਾਰ 225 ਲੱਖ ਦੀ ਰਾਸ਼ੀ ਦਾ ਅਤੇ ਐਲ.ਓ.ਸੀ. ਪੱਤਰ ਨੰਬਰ 11824 ਮਿਤੀ 3 ਅਗਸਤ,2010 ਅਨੁਸਾਰ 251 ਲੱਖ ਦੀ ਰਾਸ਼ੀ ਦੇ ਫਰਜ਼ੀ ਕਰਜ਼ਾ ਮਨਜ਼ੂਰੀ ਪੱਤਰ (ਐਲ.ਓ.ਸੀ.) ਤਿਆਰ ਕੀਤੇ ਅਤੇ ਖ਼ਜ਼ਾਨਾ ਅਫ਼ਸਰ ਮਾਨਸਾ ਦੀ ਮਿਲੀਭੁਗਤ ਨਾਲ ਇਹ ਰਾਸ਼ੀ ਖੁਰਦ ਬੁਰਦ ਕਰ ਦਿੱਤੀ ਸੀ। ਇਸ ਐਕਸੀਅਨ ਵੱਲੋਂ ਕੀਤੇ ਗਏ ਕੰਮਾਂ ਦੀ ਜਦੋਂ ਵਿਜੀਲੈਂਸ ਅਫ਼ਸਰਾਂ ਨੇ ਘੋਖ ਕੀਤੀ ਤਾਂ ਪਤਾ ਲੱਗਾ ਕਿ ਪੌਣੇ ਪੰਜ ਕਰੋੜ ਰੁਪਏ ਖੁਰਦ ਬੁਰਦ ਕਰਨ ਮਗਰੋਂ ਹੁਣ ਇਸ ਐਕਸੀਅਨ ਨੇ ਪੰਜ ਕਰੋੜ ਰੁਪਏ ਦੀ ਹੋਰ ਜਾਅਲੀ ਐਲ.ਓ.ਸੀ. ਤਿਆਰ ਕਰ ਲਈ ਸੀ ਜੋ ਕਿ ਵਿਜੀਲੈਂਸ ਦੇ ਕਾਬੂ ਆਉਣ ਕਰਕੇ ਖ਼ਜ਼ਾਨੇ 'ਚੋਂ ਨਹੀਂ ਕਢਵਾ ਸਕਿਆ। ਵਿਜੀਲੈਂਸ ਨੇ ਹੁਣ ਇਸ ਜਾਅਲੀ ਐਲ.ਓ.ਸੀ. ਦੀ ਤਕਨੀਕੀ ਪੜਤਾਲ ਕਰਨ ਵਾਸਤੇ ਮਾਮਲਾ ਲੋਕ ਨਿਰਮਾਣ ਵਿਭਾਗ ਕੋਲ ਭੇਜ ਦਿੱਤਾ ਹੈ।
           ਜ਼ਿਕਰਯੋਗ ਹੈ ਕਿ ਕੱਲ੍ਹ ਬਠਿੰਡਾ ਪੁਲੀਸ ਨੇ ਇਸ ਐਕਸੀਅਨ ਦਾ ਚਾਰ ਕਿਲੋ ਸੋਨਾ ਅਤੇ 22 ਲੱਖ ਰੁਪਏ ਉਸ ਦੇ ਇੱਕ ਰਿਸ਼ਤੇਦਾਰ ਦੇ ਘਰੋਂ ਬਰਾਮਦ ਕੀਤੇ ਹਨ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਅਤੇ ਬਠਿੰਡਾ ਵਿਕਾਸ ਅਥਾਰਟੀ ਤੋਂ ਵੀ ਰਿਕਾਰਡ ਤਲਬ ਕਰ ਲਿਆ ਹੈ। ਲੋਕ ਨਿਰਮਾਣ ਵਿਭਾਗ ਦੇ ਇਸ ਐਕਸੀਅਨ ਨੂੰ ਹਾਕਮ ਧਿਰ ਦੇ ਇੱਕ ਵੱਡੇ ਨੇਤਾ ਦਾ ਥਾਪੜਾ ਰਿਹਾ ਹੈ। ਮਾਨਸਾ ਵਿੱਚ ਤਾਇਨਾਤੀ ਦੌਰਾਨ ਜਦੋਂ ਇਸ ਐਕਸੀਅਨ ਨੇ ਵਿਕਾਸ ਕਾਰਜਾਂ ਵਿੱਚ ਜ਼ਿਆਦਾ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਬਹੁਤੇ ਮੁਲਾਜ਼ਮ ਅਤੇ ਅਧਿਕਾਰੀ ਤਾਂ ਡਰਦੇ ਮਾਰੇ ਮਾਨਸਾ ਤੋਂ  ਬਦਲੀ ਕਰਵਾ ਗਏ ਸਨ। ਇਸ ਐਕਸੀਅਨ ਦੀ ਦਹਿਸ਼ਤ ਕਾਰਨ ਲੋਕ ਨਿਰਮਾਣ ਵਿਭਾਗ ਦੇ ਹੈੱਡ ਡਰਾਫਟਸਮੈਨ ਰਾਮ ਸਿੰਘ ਨੇ ਆਪਣੀ ਬਦਲੀ ਬਠਿੰਡਾ ਦੀ ਕਰਾ ਲਈ ਸੀ। ਰਾਮ ਸਿੰਘ ਨੇ ਦੱਸਿਆ ਕਿ ਇਸ ਐਕਸੀਅਨ ਵੱਲੋਂ ਉਸ 'ਤੇ ਗਲਤ ਕੰਮ ਕਰਨ ਲਈ ਦਬਾਅ ਪਾਇਆ ਜਾਂਦਾ ਸੀ ਜਿਸ ਕਾਰਨ ਉਸ ਨੇ ਆਪਣੀ ਬਦਲੀ ਕਰਾ ਲਈ। ਜਾਣਕਾਰੀ ਮੁਤਾਬਕ ਇੱਕ ਐਸ.ਡੀ.ਓ., ਇੱਕ ਜੇ.ਈ. ਅਤੇ ਇੱਕ ਕਲਰਕ ਨੇ ਵੀ ਬਦਲੀ ਕਰਾ ਲਈ ਸੀ। ਇੱਕ ਮੁਲਾਜ਼ਮ ਦੀ ਪੱਕੀ ਰਿਹਾਇਸ਼ ਮਾਨਸਾ ਵਿੱਚ ਹੀ ਸੀ ਪਰ ਉਸ ਨੇ ਵੀ ਇਸ ਐਕਸੀਅਨ ਡਰੋਂ ਆਪਣੀ ਬਦਲੀ ਬਠਿੰਡਾ ਕਰਾ ਲਈ ਸੀ। ਐਕਸੀਅਨ ਜੋਗਿੰਦਰ ਸਿੰਘ 'ਤੇ ਹੁਣ ਤੱਕ ਤਿੰਨ ਕੇਸ ਦਰਜ ਹੋ ਚੁੱਕੇ ਹਨ। ਵਿਜੀਲੈਂਸ ਬਠਿੰਡਾ ਵੱਲੋਂ ਅਦਾਲਤੀ ਕੰਪਲੈਕਸ ਬੁਢਲਾਡਾ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਹੋਈ ਹੈ। ਬਠਿੰਡਾ ਵਿਕਾਸ ਅਥਾਰਟੀ ਦੇ ਕੰਮ ਵੀ ਇਸ ਐਕਸੀਅਨ ਵੱਲੋਂ ਕਰਾਏ ਗਏ ਹਨ ਜਿਸ ਕਾਰਨ ਅਥਾਰਟੀ ਵੱਲੋਂ ਵੀ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਏਦਾ ਹੀ ਇਹ ਅਧਿਕਾਰੀ ਬਤੌਰ ਐਸ.ਡੀ.ਓ. ਬਰਨਾਲਾ ਅਤੇ ਸੁਨਾਮ ਤੋਂ ਵੀ ਮੁਅੱਤਲ ਹੋ ਚੁੱਕਾ ਹੈ।
            ਸੂਤਰਾਂ ਮੁਤਾਬਕ ਜੇਕਰ ਬਠਿੰਡਾ ਵਿਕਾਸ ਅਥਾਰਟੀ ਦੇ ਵਿਕਾਸ ਕਾਰਜਾਂ ਦੀ ਪੜਤਾਲ ਹੁੰਦੀ ਹੈ ਤਾਂ ਉਸ 'ਚ ਵੀ ਇੱਕ ਵੱਡਾ ਘਪਲਾ ਸਾਹਮਣੇ ਆਵੇਗਾ। ਵਿਜੀਲੈਂਸ ਵੱਲੋਂ ਇਸ ਐਕਸੀਅਨ ਵੱਲੋਂ ਕਰਾਏ ਗਏ ਕੰਮਾਂ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਉਨ੍ਹਾਂ ਫੰਡਾਂ 'ਤੇ ਵੀ ਨਜ਼ਰ ਮਾਰੀ ਜਾ ਰਹੀ ਹੈ ਜੋ ਕਿ ਹੜ੍ਹਾਂ ਵਾਸਤੇ ਆਏ ਸਨ। ਵਿਜੀਲੈਂਸ ਨੂੰ ਸੂਚਨਾ ਮਿਲੀ ਹੈ ਕਿ ਇਸ ਐਕਸੀਅਨ ਨੇ ਡਿਪਟੀ ਕਮਿਸ਼ਨਰ ਤੋਂ ਹੜ੍ਹਾਂ ਵਾਸਤੇ ਆਈ ਰਾਸ਼ੀ 'ਚੋਂ 4,10,00,000 ਰੁਪਏ ਲਏ ਸਨ ਅਤੇ ਇਹ ਰਾਸ਼ੀ ਸੜਕਾਂ ਦਾ ਪੈਚ ਵਰਕ ਕਰਕੇ ਹੀ ਖਪਾ ਦਿੱਤੀ ਸੀ। ਏਦਾ ਹੀ ਇਸ ਐਕਸੀਅਨ ਨੇ 31 ਮਾਰਚ,2008 ਨੂੰ 4 ਕਰੋੜ,80 ਲੱਖ ਰੁਪਏ ਦੀ ਰਾਸ਼ੀ ਸੇਵਿੰਗ 'ਚੋਂ ਕਢਵਾ ਕੇ ਪ੍ਰਾਈਵੇਟ ਬੈਂਕਾਂ ਵਿੱਚ ਰੱਖ ਦਿੱਤੀ ਸੀ ਜੋ ਕਿ ਮਗਰੋਂ ਵਰਤੀ ਗਈ। ਇਸ ਤੋਂ ਇਲਾਵਾ ਸਾਲ 2010 ਤੋਂ 2012 ਤੱਕ ਇਸ ਐਕਸੀਅਨ ਨੇ 6 ਕਰੋੜ,77 ਲੱਖ ਰੁਪਏ ਦੀ ਰਾਸ਼ੀ ਬਿਨਾਂ ਅਸਟੀਮੇਟ ਤੋਂ ਕੰਮਾਂ 'ਤੇ ਲਗਾ ਦਿੱਤੀ ਸੀ।  ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਪੀ. ਸੁਖਦੇਵ ਸਿੰਘ ਚਹਿਲ ਦਾ ਕਹਿਣਾ ਹੈ ਕਿ ਇਸ ਐਕਸੀਅਨ ਵੱਲੋਂ ਇੱਕ ਹੋਰ ਪੰਜ ਕਰੋੜ ਰੁਪਏ ਦੀ ਜਾਅਲੀ ਐਲ.ਓ.ਸੀ. ਤਿਆਰ ਕਰ ਲਈ ਸੀ ਜੋ ਕਿ ਵਰਤੀ ਨਹੀਂ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ।  ਸੂਤਰਾਂ ਅਨੁਸਾਰ ਇਹ ਐਕਸੀਅਨ ਆਪਣੀ ਜੁੰਡੀਦਾਰਾਂ ਨੂੰ ਖੁਸ਼ ਰੱਖਦਾ ਸੀ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਦਾ ਜਦੋਂ ਮਾਨਸਾ ਵਿਖੇ ਨਵੰਬਰ,2011 ਵਿੱਚ ਸੇਵਾਮੁਕਤੀ ਸਮਾਗਮ ਹੋਇਆ ਤਾਂ ਇਸ ਐਕਸੀਅਨ ਨੇ ਉਸ ਅਧਿਕਾਰੀ ਅਤੇ ਉਸ ਦੀ ਪਤਨੀ ਨੂੰ ਸੋਨੇ ਦੇ ਗਹਿਣੇ ਦਿੱਤੇ ਸਨ। ਦੱਸਣਯੋਗ ਹੈ ਕਿ ਇਹ ਐਕਸੀਅਨ ਹੁਣ ਮਾਨਸਾ ਜੇਲ੍ਹ ਵਿੱਚ ਬੰਦ ਹੈ।
                                         ਐਕਸੀਅਨ ਦੇ ਜੋਟੀਦਾਰਾਂ 'ਤੇ ਵਿਜੀਲੈਂਸ ਦੀ ਮਿਹਰ
ਵਿਜੀਲੈਂਸ ਰੇਂਜ ਬਠਿੰਡਾ ਦੀ ਇਸ ਐਕਸੀਅਨ ਦੇ ਜੋਟੀਦਾਰਾਂ 'ਤੇ ਪੂਰੀ ਮਿਹਰ ਹੈ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਸਤਪਾਲ ਬਾਂਸਲ ਖ਼ਿਲਾਫ਼ ਵੀ ਐਫ.ਆਈ.ਆਰ. ਦਰਜ ਕੀਤੀ ਸੀ ਪਰ ਉਸ ਨੂੰ ਹਾਲੇ ਤੱਕ ਛੇੜਿਆ ਨਹੀਂ ਗਿਆ ਹੈ। ਸੂਤਰਾਂ ਮੁਤਾਬਕ ਏਨਾ ਵੱਡਾ ਘਪਲਾ ਇਕੱਲਾ ਐਕਸੀਅਨ ਨਹੀਂ ਕਰ ਸਕਦਾ ਇਸ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਸਨ ਜਿਨ੍ਹਾਂ ਬਾਰੇ ਵਿਜੀਲੈਂਸ ਚੁੱਪ ਹੋ ਗਈ ਹੈ। ਲੋਕ ਨਿਰਮਾਣ ਵਿਭਾਗ ਦੇ ਛੋਟੇ ਤੇ ਵੱਡੇ ਅਫ਼ਸਰਾਂ ਨੂੰ ਵੀ ਵਿਜੀਲੈਂਸ ਨੇ ਇਸ ਮਾਮਲੇ 'ਚ ਸ਼ਾਮਲ ਨਹੀਂ ਕੀਤਾ ਹੈ।

Sunday, September 2, 2012

                               ਸਤਯੁੱਗ
                ਇੱਕ ਡਾਕਟਰ ਏਹ ਵੀ...
                           ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੀ ਸਿਹਤ ਡਿਸਪੈਂਸਰੀ ਦੇ ਡਾਕਟਰ ਅਸ਼ਵਨੀ ਕੁਮਾਰ ਨੂੰ ਬਦਲੀ ਕਰਕੇ ਸਰਕਾਰ ਨੇ ਰਲੀਵ ਕਰ ਦਿੱਤਾ ਹੈ। ਹੁਣ ਪਿੰਡ ਦੇ ਲੋਕ ਇਸ ਡਾਕਟਰ ਨੂੰ ਰਲੀਵ ਨਹੀਂ ਕਰ ਰਹੇ ਹਨ। ਲੋਕ ਪੱਖੀ ਧਿਰਾਂ ਅਤੇ ਪਿੰਡ ਦੇ ਲੋਕਾਂ ਨੇ ਡਿਸਪੈਂਸਰੀ ਦੇ ਬਾਹਰ ਅੱਜ ਇੱਕ ਪ੍ਰਾਈਵੇਟ ਟੈਂਟ ਲਗਾ ਕੇ ਖੁੱਲ•ੀ ਡਿਸਪੈਂਸਰੀ ਬਣਾ ਦਿੱਤੀ ਹੈ ਜਿਸ ਵਿੱਚ ਡਾਕਟਰ ਅਸ਼ਵਨੀ ਕੁਮਾਰ ਇਲਾਕੇ ਭਰ ਚੋ ਆਏ ਮਰੀਜ਼ ਦੇਖ ਰਿਹਾ ਹੈ। ਅੱਜ ਕਰੀਬ 100 ਮਰੀਜ਼ ਟੈਂਟ ਵਾਲੀ ਡਿਸਪੈਂਸਰੀ ਵਿੱਚ ਆਏ ਹੋਏ ਸਨ। ਜ਼ਿਲ•ਾ ਸਿਹਤ ਵਿਭਾਗ ਵਲੋਂ ਉਸ ਨੂੰ ਬਰੇਟਾ ਮੰਡੀ ਦੀ ਬਦਲੀ ਹੋਣ ਕਰਕੇ 29 ਅਗਸਤ ਨੂੰ ਰਲੀਵ ਕਰ ਦਿੱਤਾ ਗਿਆ ਸੀ। ਉਸ ਮਗਰੋਂ ਪਿੰਡ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਸਿਆਸੀ ਨੇਤਾਵਾਂ ਨੂੰ ਬਦਲੀ ਰੱਦ ਕਰਾਉਣ ਵਾਸਤੇ ਮਿਲਣਾ ਸ਼ੁਰੂ ਕਰ ਦਿੱਤਾ ਹੈ।  ਜ਼ਿਲ•ਾ ਬਠਿੰਡਾ ਦੀਆਂ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਧਿਰਾਂ ਨੇ ਅੱਜ ਲੋਕ ਇਕੱਠ ਕਰਕੇ ਇਸ ਡਾਕਟਰ ਦੀ ਬਦਲੀ ਰੱਦ ਕਰਾਉਣ ਖਾਤਰ ਵੱਖਰਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਏਹੋ ਜੇਹਾ ਕਾਬਲ ਡਾਕਟਰ ਉਨ•ਾਂ ਨੇ ਕਦੇ ਨਹੀਂ ਦੇਖਿਆ ਅਤੇ ਪਿੰਡ ਦੇ ਲੋਕਾਂ ਲਈ ਉਹ ਮਸੀਹਾ ਹੈ ਜਿਸ ਨੇ ਗਰੀਬ ਲੋਕਾਂ ਨੂੰ ਕਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਹੀ ਨਹੀਂ ਦਿੱਤਾ ਹੈ। ਉਨ•ਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਹਲਕੇ ਦੇ ਲੀਡਰਾਂ ਨੂੰ ਬਦਲੀ ਰੱਦ ਕਰਨ ਵਾਸਤੇ ਆਖ ਦਿੱਤਾ ਹੈ ਅਤੇ ਉਹ ਹੁਣ 3 ਸਤੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭੁੱਚੋ ਮੰਡੀ ਵਿਖੇ ਬਦਲੀ ਰੱਦ ਕਰਾਉਣ ਵਾਸਤੇ ਮਿਲਨਗੇ।
              ਜਾਣਕਾਰੀ ਅਨੁਸਾਰ ਇਲਾਕੇ ਦੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਨੇ ਇਸ ਡਾਕਟਰ ਦੀ ਬਦਲੀ ਰੱਦ ਕਰਾਉਣ ਲਈ ਰਾਤੋ ਰਾਤ ਮਤੇ ਪਾ ਦਿੱਤੇ ਹਨ।ਪੰਜਾਬੀ ਟ੍ਰਿਬਿਊਨ ਦੀ ਟੀਮ ਜਦੋਂ ਪਿੰਡ ਦੀ ਡਿਸਪੈਂਸਰੀ ਵਿੱਚ ਪੁੱਜੀ ਤਾਂ ਡਾਕਟਰ ਅਸ਼ਵਨੀ ਕੁਮਾਰ ਪ੍ਰਾਈਵੇਟ ਟੈਂਟ ਵਿੱਚ ਮਰੀਜ਼ ਦੇਖ ਰਿਹਾ ਸੀ। ਜਦੋਂ ਪੁੱਛਿਆ ਤਾਂ ਉਸ ਨੇ ਆਖਿਆ ਕਿ ਹੁਣ ਉਸ ਨੂੰ ਲੋਕ ਰਲੀਵ ਨਹੀਂ ਕਰ ਰਹੇ ਹਨ ਜਿਸ ਕਰਕੇ ਉਹ ਆਪਣਾ ਸਮਾਂ ਫ਼ਜ਼ੂਲ ਅਜਾਈ ਗੁਆਉਣ ਦੀ ਥਾਂ ਮਰੀਜ਼ ਦੇਖ ਰਿਹਾ ਹੈ। ਪਿੰਡ ਦੇ ਸਾਬਕਾ ਮੈਂਬਰ ਹਰਨੇਕ ਸਿੰਘ ਦਾ ਕਹਿਣਾ ਸੀ ਕਿ ਉਹ ਡਾਕਟਰ ਨੂੰ ਪਿੰਡ ਚੋ ਜਾਣ ਨਹੀਂ ਦੇਣਗੇ। ਲੋਕਾਂ ਨੇ ਇਸ ਡਾਕਟਰ ਦੀਆਂ ਖੂਬੀਆਂ ਦੀ ਚਰਚਾ ਕੀਤੀ। ਪੰਜਾਬ ਭਰ ਵਿੱਚ ਸਿਹਤ ਡਿਸਪੈਂਸਰੀ ਸਵੇਰ 8 ਵਜੇ ਖੁੱਲ•ਦੀ ਹੈ ਪ੍ਰੰਤੂ ਇਸ ਡਿਸਪੈਂਸਰੀ ਵਿੱਚ ਮਰੀਜ਼ ਸਵੇਰ ਸਾਢੇ ਛੇ ਆ ਜਾਂਦੇ ਹਨ। ਇੱਕ ਬਿਜਲੀ ਮੁਲਾਜ਼ਮ ਗੁਰਜੰਟ ਸਿੰਘ ਸੇਵਾ ਦੇ ਤੌਰ ਤੇ ਅੱਠ ਵਜੇ ਤੱਕ ਮਰੀਜ਼ਾਂ ਦੀ ਪ੍ਰਾਈਵੇਟ ਰਜਿਸਟਰ ਤੇ ਰਜਿਸਟ੍ਰੇਸ਼ਨ ਕਰਦਾ ਹੈ।
          ਡਾਕਟਰ ਅਸ਼ਵਨੀ ਕੁਮਾਰ ਦਾ ਇਹ ਅਨੁਸ਼ਾਸਨ ਹੈ ਕਿ ਉਹ ਬਿਨ•ਾਂ ਵਾਰੀ ਤੋ ਕੋਈ ਮਰੀਜ਼ ਨਹੀਂ ਵੇਖਦਾ। ਇੱਕ ਵਾਰੀ ਡਾਕਟਰ ਦੀ ਸੱਸ ਅਤੇ ਸਾਲੀ ਨੂੰ ਵੀ ਮਰੀਜ਼ਾਂ ਵਾਲੀ ਕਤਾਰ ਵਿੱਚ ਹੀ ਲੱਗਣਾ ਪਿਆ ਸੀ। ਪੰਜਾਬ ਦੀ ਇੱਕੋ ਇੱਕ ਸਰਕਾਰੀ ਡਿਸਪੈਂਸਰੀ ਹੈ ਜਿਥੇ ਮਰੀਜ਼ਾਂ ਦੀਆਂ ਕਤਾਰਾਂ ਲੱਗਦੀਆਂ ਹਨ। ਮਰੀਜ਼ ਹਰਿਆਣਾ ਅਤੇ ਰਾਜਸਥਾਨ ਤੋ ਵੀ ਆਉਂਦੇ ਹਨ। ਡਾਕਟਰ ਦਾ ਕਹਿਣਾ ਸੀ ਕਿ ਉਸ ਲਈ ਅਮੀਰ ਗਰੀਬ ਸਭ ਇੱਕ ਬਰਾਬਰ ਹੈ ਅਤੇ ਮਰੀਜ਼ ਉਸ ਲਈ ਤਰਜੀਹੀ ਹੈ। ਡਾਕਟਰ ਨੇ ਆਪਣੇ ਕੋਲ ਇੱਕ ਮਾਇਕ ਰੱਖਿਆ ਹੋਇਆ ਹੈ ਜਿਸ ਨਾਲ ਉਹ ਵਾਰੀ ਸਿਰ ਮਰੀਜ਼ਾਂ ਨੂੰ ਬੁਲਾਉਂਦਾ ਹੈ। ਪਿੰਡ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਸੁੱਖੀ ਨੇ ਦੱਸਿਆ ਕਿ ਡਿਸਪੈਂਸਰੀ ਦਾ ਸਰਕਾਰੀ ਟਾਈਮ 2 ਵਜੇ ਤੱਕ ਦਾ ਹੁੰਦਾ ਹੈ ਪ੍ਰੰਤੂ ਇਹ ਡਾਕਟਰ ਸ਼ਾਮ ਨੂੰ ਅੱਠ ਵਜੇ ਤੱਕ ਬੈਠਦਾ ਹੈ। ਕੋਈ ਲੰਚ ਟਾਈਮ ਨਹੀਂ ਹੁੰਦਾ ਅਤੇ ਨਾ ਹੀ ਕੋਈ ਰੈਸਟ ਬਰੇਕ ਹੁੰਦੀ ਹੈ। ਇਸ ਡਿਸਪੈਂਸਰੀ ਵਿੱਚ ਔਸਤਨ ਸਲਾਨਾ 10 ਹਜ਼ਾਰ ਮਰੀਜ਼ ਨਵੇਂ ਆਉਂਦੇ ਹਨ।
           ਡਾਕਟਰ ਅਸ਼ਵਨੀ ਦੀ ਪਹਿਲੀ ਤਾਇਨਾਤੀ ਪਿੰਡ ਢਪਾਲੀ ਵਿੱਚ ਹੋਈ ਸੀ। ਜਦੋਂ ਉਥੋਂ ਬਦਲੀ ਹੋਈ ਸੀ ਤਾਂ ਲੋਕਾਂ ਨੇ ਬਦਲੀ ਰੱਦ ਕਰਾਉਣ ਵਾਸਤੇ ਮੁਜ਼ਾਹਰੇ ਕੀਤੇ ਸਨ। ਸਾਲ 1998 ਤੋ ਡਾਕਟਰ ਅਸ਼ਵਨੀ ਇਸ ਪਿੰਡ ਵਿੱਚ ਤਾਇਨਾਤ ਹੈ। ਡਿਸਪੈਂਸਰੀ ਵਿੱਚ ਲੱਗਾ ਬੋਰਡ ਵੀ ਇਸ ਗੱਲ ਦਾ ਗਵਾਹ ਹੈ ਕਿ ਇਸ ਡਾਕਟਰ ਵਲੋਂ ਸਰਕਾਰੀ ਦਵਾਈ ਤੋ ਬਿਨ•ਾਂ ਬਾਹਰੋਂ ਵੀ ਦਵਾਈ ਪ੍ਰਿੰਟ ਰੇਟ ਤੋ 45 ਫੀਸਦੀ ਘੱਟ ਰੇਟ ਤੇ ਦਵਾਈ ਦਿਵਾਈ ਜਾਂਦੀ ਹੈ। ਟੈਸਟਾਂ ਵਿੱਚ ਕੋਈ ਕਮਿਸ਼ਨ ਨਹੀਂ ਲਿਆ ਜਾਂਦਾ। ਇਸ ਡਾਕਟਰ ਦੀ ਸਿਫਾਰਸ਼ ਤੇ ਘੱਟ ਰੇਟਾਂ ਤੇ ਟੈਸਟ ਹੁੰਦੇ ਹਨ। ਸਭ ਲੋਕ ਉਸ ਨੂੰ ਮੁਹੱਬਤ ਕਰਦੇ ਹਨ। ਅੱਜ ਦੇਖਿਆ ਕਿ ਉਸ ਦੀ ਡਾਕਟਰੀ ਕਰਦੀ ਲੜਕੀ ਈਸਾ ਵੀ ਆਪਣੇ ਪਿਤਾ ਦੀ ਮਦਦ ਕਰ ਰਹੀ ਸੀ। ਇਸ ਡਾਕਟਰ ਦੀ ਪ੍ਰਾਈਵੇਟ ਤੌਰ ਤੇ ਪੰਜ ਵਲੰਟੀਅਰ ਵੀ ਮਦਦ ਕਰਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸਿੰਗਾਰਾ ਸਿੰਘ ਮਾਨ ਅਤੇ ਮੋਠਾ ਸਿੰਘ,ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ,ਈ ਟੀ ਟੀ ਯੂਨੀਅਨ ਦੇ ਪਰਮਿੰਦਰ ਸਿੰਘ ਅਤੇ ਹੋਰ ਦਰਜਨਾਂ ਧਿਰਾਂ ਦੇ ਲੋਕ ਅੱਜ ਇਕੱਠੇ ਹੋ ਕੇ ਡਿਸਪੈਂਸਰੀ ਵਿੱਚ ਬੈਠੇ ਹੋਏ ਸਨ ਜਿਨ•ਾਂ ਨੇ ਪ੍ਰਣ ਕੀਤਾ ਕਿ ਉਹ ਬਦਲੀ ਰੱਦ ਕਰਾਉਣ ਮਗਰੋਂ ਹੀ ਇੱਥੋਂ ਹਿੱਲਣਗੇ। ਲੋਕਾਂ ਨੇ ਦੱਸਿਆ ਕਿ ਕਰੀਬ 30 ਪਿੰਡਾਂ ਤੋ ਮਰੀਜ਼ ਇਸ ਸਰਕਾਰੀ ਡਿਸਪੈਂਸਰੀ ਵਿੱਚ ਆਉਂਦੇ ਹਨ। ਅੱਜ ਰੋਪੜ ਤੋ ਇੱਕ ਮਰੀਜ਼ ਆਈ ਸੀ। ਸਰਕਾਰ ੇਨੇ ਡਾਕਟਰ ਦੀ ਬਦਲੀ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਕਦੇ ਵੀ ਇਸ ਡਾਕਟਰ ਦੀ ਕੋਈ ਸ਼ਿਕਾਇਤ ਨਹੀਂ ਹੋਈ ਹੈ। ਲੋਕ ਆਖਦੇ ਸਨ ਕਿ ਸਿਹਤ ਵਿਭਾਗ ਨੇ ਇਸ ਡਾਕਟਰ ਨੂੰ ਕਾਹਦੀ ਸਜ਼ਾ ਦਿੱਤੀ ਹੈ।
             ਸਰਕਾਰ ਰਿਕਾਰਡ ਵਿੱਚ ਭਾਵੇਂ ਅਸ਼ਵਨੀ ਕੁਮਾਰ ਡਾਕਟਰ ਹੈ ਪ੍ਰੰਤੂ ਪਿੰਡ ਦੇ ਬਜ਼ੁਰਗਾਂ ਤੋ ਜਦੋਂ ਇਸ ਡਾਕਟਰ ਬਾਰੇ ਪੁੱਛਿਆ ਤਾਂ ਉਨ•ਾਂ ਆਖਿਆ, ਇੱਥੇ ਤਾਂ ਰੱਬ ਹੀ ਉਤਰ ਆਇਐ ਹੈ। ਜੋ ਮੈਡੀਕਲ ਰੈਪ ਡਿਸਪੈਂਸਰੀ ਆਉਂਦੇ ਹਨ.ਉਹ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਜਾਂਦੇ ਹਨ। ਇਸ ਡਾਕਟਰ ਨੇ ਕਦੇ ਕਿਸੇ ਦਵਾਈ ਕੰਪਨੀ ਤੋ ਕੋਈ ਤੋਹਫ਼ਾ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਆਪਣੇ ਘਰ ਕਦੇ ਕੋਈ ਮਰੀਜ਼ ਦੇਖਿਆ ਹੈ। ਲੋਕਾਂ ਨੇ ਦੱਸਿਆ ਕਿ ਉਨ•ਾਂ ਨੂੰ ਪਿੰਡ ਚੋ ਹੀ ਸਸਤਾ ਇਲਾਜ ਮਿਲਦਾ ਹੈ। ਜਦੋਂ ਪੰਜਾਬ ਭਰ ਵਿੱਚ ਸਰਕਾਰੀ ਸਿਹਤ ਕੇਂਦਰਾਂ ਵਿੱਚ ਕੋਈ ਮਰੀਜ਼ ਜਾਣ ਨੂੰ ਤਿਆਰ ਨਹੀਂ ਤਾਂ ਠੀਕ ਉਸੇ ਸਮੇਂ ਹੀ ਡਾਕਟਰ ਅਸ਼ਵਨੀ ਨੇ ਸਰਕਾਰੀ ਸਿਹਤ ਕੇਂਦਰਾਂ ਦਾ ਭਰੋਸਾ ਕਾਇਮ ਰੱਖਿਆ ਹੋਇਆ ਹੈ। ਪਤਾ ਲੱਗਾ ਹੈ ਕਿ ਜ਼ਿਲ•ਾ ਸਿਹਤ ਵਿਭਾਗ ਦੇ ਅਫਸਰਾਂ ਨੇ ਇਸ ਡਾਕਟਰ ਨੂੰ ਸ਼ਾਬਾਸ਼ ਦੇਣ ਥਾਂ ਹਮੇਸ਼ਾਂ ਇਹੋ ਆਖਿਆ, ਮਰੀਜ਼ ਦੇਖਣ ਦਾ ਏਨਾ ਹੀ ਸ਼ੌਕ ਹੈ ਤਾਂ ਪ੍ਰਾਈਵੇਟ ਹਸਪਤਾਲ ਖੋਲ• ਲੈ। ਲੇਕਿਨ ਇਸ ਡਾਕਟਰ ਨੇ ਲੋਕਾਂ ਦੇ ਦਿਲਾਂ ਵਿੱਚ ਰਾਹ ਖੋਲਿ•ਆ ਹੋਇਆ ਹੈ। ਦੇਖਣਾ ਇਹ ਹੈ ਕਿ ਸਿਹਤ ਮੰਤਰੀ ਪੰਜਾਬ ਦੀ ਨਜ਼ਰ ਇਸ ਡਾਕਟਰ ਤੇ ਪੈਂਦੀ ਹੈ ਜਾਂ ਨਹੀਂ।
    
                                ਸਰਕਾਰੀ ਲੁੱਟ
    ਜੁਗਾੜੀ ਐਕਸੀਅਨ ਦਾ ਖਜ਼ਾਨਾ ਲੱਭਿਆ  
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਅੱਜ ਐਕਸੀਅਨ ਜੋਗਿੰਦਰ ਸਿੰਘ ਦੀ ਲੁੱਟ ਦਾ ਮਾਲ ਇੱੱਕ ਠੇਕੇਦਾਰ ਦੇ ਘਰੋਂ ਬਰਾਮਦ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਦੀ ਟੀਮ ਵਲੋਂ ਕਰੀਬ ਘੰਟੇ ਇਸ ਠੇਕੇਦਾਰ ਦੇ ਘਰ ਦੀ ਤਲਾਸ਼ੀ ਲਈ ਗਈ। ਬਠਿੰਡਾ ਦੇ ਮਹੱਲਾ ਝੁੱਟੀਕਾ ਦਾ ਵਸਨੀਕ ਠੇਕੇਦਾਰ ਗੁਰਜੀਤ ਸਿੰਘ ਐਕਸੀਅਨ ਜੋਗਿੰਦਰ ਸਿੰਘ ਦਾ ਰਿਸ਼ਤੇਦਾਰ ਹੈ। ਵਿਜੀਲੈਂਸ ਰੇਂਜ ਬਠਿੰਡਾ ਵਲੋਂ 25 ਜੁਲਾਈ 2012 ਨੂੰ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜੋਗਿੰਦਰ ਸਿੰਘ 'ਤੇ ਕਰੁਪਸ਼ਨ ਦਾ ਕੇਸ ਦਰਜ ਕੀਤਾ ਸੀ। ਇਸ ਐਕਸੀਅਨ ਵਲੋਂ ਪੰਜ ਕਰੋੜ ਰੁਪਏ ਦਾ ਸਕੈਂਡਲ ਕੀਤਾ ਗਿਆ ਸੀ। ਹੁਣ ਇਹ ਐਕਸੀਅਨ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਪੁਲੀਸ ਦਾ ਕਹਿਣਾ ਹੈ ਕਿ ਐਕਸੀਅਨ ਠੇਕੇਦਾਰ ਗੁਰਜੀਤ ਸਿੰਘ ਦੀ ਭੂਆ ਦਾ ਜਵਾਈ ਹੈ। ਠੇਕੇਦਾਰ ਦੇ ਪ੍ਰਵਾਰ ਨੇ ਇਹ ਗੱਲ ਅੱਜ ਕਬੂਲ ਕਰ ਲਈ ਹੈ ਕਿ ਇਹ ਸਾਰਾ ਮਾਲ ਐਕਸੀਅਨ ਜੋਗਿੰਦਰ ਸਿੰਘ ਦਾ ਹੈ। ਜ਼ਿਲ੍ਹਾ ਪੁਲੀਸ ਵਲੋਂ ਅੱਜ ਠੇਕੇਦਾਰ ਗੁਰਜੀਤ ਸਿੰਘ ਦੇ ਘਰੋਂ ਅਤੇ ਲਾਕਰਾਂ ਚੋਂ 4 ਕਿਲੋ ਸੋਨੇ ਦੇ ਬਿਸਕੁੱਟ,21.90 ਲੱਖ ਰੁਪਏ ਦੀ ਨਗਦੀ ਅਤੇ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਥਾਣਾ ਕੋਤਵਾਲੀ ਵਿੱਚ ਪੁਲੀਸ ਨੇ ਠੇਕੇਦਾਰ ਗੁਰਜੀਤ ਸਿੰਘ ਅਤੇ ਉਸ ਦੇ ਲੜਕੇ ਭੁਪਿੰਦਰ ਸਿੰਘ 'ਤੇ ਐਨ.ਡੀ.ਪੀ.ਐਸ ਅਤੇ ਕਰੁਪਸ਼ਨ ਐਕਟ ਤਹਿਤ ਪੁਲੀਸ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
            ਬਠਿੰਡਾ ਜੋਨ ਦੇ ਆਈ.ਜੀ ਨਿਰਮਲ ਸਿੰਘ ਢਿਲੋਂ ਅਤੇ ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਨੇ ਅੱਜ ਠੇਕੇਦਾਰ ਦੇ ਘਰ ਚੱਲ ਰਹੀ ਸਰਚ ਮਿਹੰਮ ਦੀ ਨਿਗਰਾਨੀ ਵੀ ਕੀਤੀ ਅਤੇ ਘਰ ਦਾ ਦੌਰਾ ਕੀਤਾ। ਪੁਲੀਸ ਨੇ ਗੁਪਤ ਸੂਚਨਾ ਮਿਲਣ 'ਤੇ ਇਹ ਅੱਜ ਦੁਪਾਹਿਰ ਮਗਰੋਂ ਛਾਪਾ ਮਾਰਿਆ। ਪੁਲੀਸ ਵਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਏ.ਐਸ.ਪੀ ਵਨ,ਡੀ.ਐਸ.ਪੀ ਭੁੱਚੋ ਬਲਜੀਤ ਸਿੰਘ ਸਿੱਧੂ,ਇੰਸਪੈਕਟਰ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਇੰਸਪੈਕਟਰ ਜਸਪਾਲ ਸਿੰਘ ਸ਼ਾਮਲ ਸਨ। ਦੁਪਾਹਿਰ ਮਗਰੋਂ ਇਸ ਟੀਮ ਵਲੋਂ ਪਹਿਲਾਂ ਠੇਕੇਦਾਰ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਮਗਰੋਂ ਵੱਡੀ ਪੱਧਰ ਤੇ ਪੁਲੀਸ ਨੇ ਇਸ ਠੇਕੇਦਾਰ ਦੇ ਘਰ 'ਤੇ ਛਾਪਾਮਾਰੀ ਕੀਤੀ। ਪੁਲੀਸ ਨੇ ਇਸ ਠੇਕੇਦਾਰ ਦੇ ਘਰ ਦਾ ਚੱਪਾ ਚੱਪਾ ਛਾਣ ਦਿੱਤਾ। ਇਸ ਠੇਕੇਦਾਰ ਨੇ ਡੇਢ ਕਿਲੋ ਸੋਨਾ ਇੱਕ ਬੈਂਕ ਦੇ ਲਾਕਰ ਵਿੱਚ ਰੱਖਿਆ ਹੋਇਆ ਸੀ। ਪੁਲੀਸ ਵਲੋਂ ਹੁਣ ਜੋਗਿੰਦਰ ਸਿੰਘ 'ਤੇ ਵੱਖਰਾ ਕਰੁਪਸ਼ਨ ਐਕਟ ਦਾ ਪੁਲੀਸ ਕੇਸ ਦਰਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਐਕਸੀਅਨ ਜੋਗਿੰਦਰ ਸਿੰਘ ਵਲੋਂ ਕਈ ਘਪਲੇ ਕੀਤੇ ਗਏ ਹਨ ਅਤੇ ਉਸ 'ਤੇ ਪਹਿਲਾਂ ਵੀ ਪੁਲੀਸ ਕੇਸ ਦਰਜ ਹੋ ਚੁੱਕਾ ਹੈ। ਪੁਲੀਸ ਹੁਣ ਇਹ ਵੀ ਪਤਾ ਲਗਾਏਗੀ ਕਿ ਐਕਸੀਅਨ ਜੋਗਿੰਦਰ ਸਿੰਘ ਵਲੋਂ ਹੋਰ ਕਿਸ ਕਿਸ ਰਿਸ਼ਤੇਦਾਰ ਦੇ ਘਰ ਪੈਸੇ ਰੱਖੇ ਹੋਏ ਹਨ।
           ਬਠਿੰਡਾ ਪੁਲੀਸ ਵਲੋਂ ਅੱਜ ਫੜੀ ਹੋਈ ਰਕਮ ਦੀ ਕਾਫੀ ਸਮਾਂ ਲਗਾ ਕੇ ਗਿਣਤੀ ਕੀਤੀ ਗਈ ਜਦੋਂ ਕਿ ਸੋਨੇ ਦੇ ਬਿਸਕੁੱਟ ਕਾਗਜਾਂ ਵਿੱਚ ਲਪੇਟੇ ਹੋਏ ਸਨ। ਠੇਕੇਦਾਰ ਦੇ ਘਰ ਵਿੱਚ ਇੱਕੋ ਥਾਂ 'ਤੇ ਸੋਨੇ ਦੇ ਬਿਸਕੁੱਟ ਅਤੇ ਨਗਦੀ ਰੱਖੀ ਹੋਈ ਸੀ। ਪੁਲੀਸ ਵਲੋਂ ਇਸ ਠੇਕੇਦਾਰ ਤੋਂ ਹੋਰ ਪੁੱਛਗਿਛ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਬਠਿੰਡਾ ਜੋਨ ਦੇ ਆਈ.ਜੀ ਨਿਰਮਲ ਸਿੰਘ ਢਿਲੋ ਨੇ ਦੱਸਿਆ ਕਿ ਠੇਕੇਦਾਰ ਦੇ ਘਰੋਂ ਕਰੀਬ ਡੇਢ ਕਰੋੜ ਰੁਪਏ ਦਾ ਮਾਲ ਫੜਿਆ ਗਿਆ ਹੈ ਜਿਸ ਵਿੱਚ ਚਾਰ ਕਿਲੋ ਸੋਨਾ, ਕਰੀਬ 20 ਲੱਖ ਦੀ ਨਗਦੀ ਅਤੇ ਇੱਕ ਕਿਲੋ ਅਫੀਮ ਸ਼ਾਮਲ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਅਫੀਮ ਤਾਂ ਠੇਕੇਦਾਰ ਦੀ ਹੀ ਸੀ ਜਿਸ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਤੇ ਠੇਕੇਦਾਰ ਵਲੋ ਅਫੀਮ ਦੀ ਤਸਕਰੀ ਤਾਂ ਨਹੀਂ ਕੀਤੀ ਜਾਂਦੀ ਸੀ।
                             ਐਕਸੀਅਨ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਜਾਏਗਾ- ਐਸ.ਐਸ.ਪੀ
ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਸਵੀਕਾਰ ਕੀਤਾ ਹੈ ਕਿ ਉਸ ਦੇ ਘਰੋਂ ਮਿਲੀ ਰਾਸ਼ੀ ਐਕਸੀਅਨ ਜੋਗਿੰਦਰ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਠੇਕੇਦਾਰ ਜੋਗਿੰਦਰ ਸਿੰਘ 'ਤੇ ਕਰੁਪਸ਼ਨ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਐਕਸੀਅਨ ਜੋਗਿੰਦਰ ਸਿੰਘ ਨੂੰ ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਐਕਸੀਅਨ ਦੇ ਹੋਰ ਟਿਕਾਣਿਆ ਤੇ ਵੀ ਛਾਪੇ ਮਾਰੇ ਜਾਣਗੇ ਅਤੇ ਉਸ ਦੇ ਬੈਂਕ ਖਾਤਿਆਂ ਦੀ ਛਾਣਬੀਣ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੜਤਾਲ ਕੀਤੀ ਜਾਵੇਗੀ ਕਿ ਹੋਰ ਕਿਥੇ ਕਿਥੇ ਐਕਸੀਅਨ ਵਲੋਂ ਪੈਸੇ ਰੱਖੇ ਗਏ ਹਨ।
                                                 ਰਾਤੋ ਰਾਤ ਕਰੋੜਪਤੀ ਬਣਿਆ ਜੋਗਿੰਦਰ  
ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਜੋਗਿੰਦਰ ਸਿੰਘ ਕੁਝ ਸਮੇਂ 'ਚ ਹੀ ਕਰੋੜਪਤੀ ਬਣ ਗਿਆ। ਵਿਜੀਲੈਂਸ ਰੇਂਜ ਬਠਿੰਡਾ ਵਲੋਂ  ਉਸ ਦੀ ਸੰਪਤੀ ਦੀ ਕੀਤੀ ਪੜਤਾਲ 'ਚ ਇਹ ਗੱਲ ਬੇਪਰਦ ਹੋਈ ਹੈ। ਐਕਸੀਅਨ ਜੋਗਿੰਦਰ ਸਿੰਘ ਹੁਣ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਉਸ 'ਤੇ ਵਿਜੀਲੈਂਸ ਰੇਂਜ ਬਠਿੰਡਾ ਵਲੋਂ 25 ਜੁਲਾਈ 2012 ਨੂੰ ਕੇਸ ਦਰਜ ਕੀਤਾ ਸੀ। ਐਕਸੀਅਨ ਜੋਗਿੰਦਰ ਸਿੰਘ ਨੇ ਜਾਅਲੀ ਐਲ.ਓ.ਸੀ ਬਣਾ ਕੇ ਪੌਣੇ ਪੰਜ ਕਰੋੜ ਰੁਪਏ ਕਢਵਾ ਲਏ ਸਨ। ਉਸ ਨੇ 47 ਲੱਖ ਰੁਪਏ ਹੋਰ ਵੱਖ ਵੱਖ ਵਾਊਚਰ ਬਣਾ ਕੇ ਕਢਵਾ ਲਏ ਸਨ। ਇਹ ਐਕਸੀਅਨ ਬਠਿੰਡਾ ਵਿਕਾਸ ਅਥਾਰਟੀ ਵਿੱਚ ਵੀ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਸੀ। ਮਾਨਸਾ ਜ਼ਿਲ੍ਹੇ ਵਿੱਚ ਹਾਕਮ ਧਿਰ ਦੇ ਇੱਕ ਵੱਡੇ ਨੇਤਾ ਦਾ ਇਸ ਐਕਸੀਅਨ ਦੇ ਸਿਰ 'ਤੇ ਹੱਥ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਐਕਸੀਅਨ ਵਲੋਂ ਕੀਤੇ ਕੰਮਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ ਜਿਸ ਵਿੱਚ ਕਰੋੜਾਂ ਰੁਪਏ ਦਾ ਸਕੈਂਡਲ ਨੰਗਾ ਹੋਇਆ ਸੀ। ਵਿਜੀਲੈਂਸ ਰੇਂਜ ਵਲੋਂ ਇਸ ਐਕਸੀਅਨ ਦੀ ਪੁੱਛ ਗਿੱਛ ਕੀਤੀ ਗਈ ਸੀ। ਹੁਣ ਇਹ ਐਕਸੀਅਨ ਨਿਆਇਕ ਹਿਰਾਸਤ ਵਿੱਚ ਹੈ। ਇਸ ਐਕਸੀਅਨ ਨੇ ਵਿਜੀਲੈਂਸ ਦੇ ਡਰੋਂ ਪਹਿਲਾਂ ਹੀ ਆਪਣਾ ਭੇਸ ਬਦਲ ਲਿਆ ਸੀ। ਉਸ ਨੇ ਆਪਣੇ ਕੇਸ ਵੀ ਕਟਵਾ ਦਿੱਤੇ ਸਨ। ਅੱਜ ਇਸ ਐਕਸੀਅਨ ਦੀ ਕਰੀਬ 22 ਲੱਖ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਸੋਨਾ ਉਸ ਦੇ ਬਠਿੰਡਾ ਵਿਚਲੇ ਰਿਸ਼ਤੇਦਾਰ ਦੇ ਘਰੋਂ ਬਰਾਮਦ ਹੋਈ ਹੈ।
            ਵਿਜੀਲੈਂਸ ਸੂਤਰਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਐਕਸੀਅਨ ਜੋਗਿੰਦਰ ਸਿੰਘ ਨੇ ਕਰੁਪਸ਼ਨ ਦੀ ਰਾਸ਼ੀ ਨਾਲ ਕਾਫੀ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਅਤੇ ਕਈ ਪਲਾਂਟ ਵੀ ਖਰੀਦ ਕੀਤੇ ਸਨ। ਵਿਜੀਲੈਂਸ ਪੜਤਾਲ ਅਨੁਸਾਰ ਐਕਸੀਅਨ ਜੋਗਿੰਦਰ ਸਿੰਘ ਵਲੋਂ ਪਿੰਡ ਕੋਟਲੀ ਖੁਰਦ ਵਿੱਚ 46 ਏਕੜ ਜ਼ਮੀਨ ਖਰੀਦੀ ਕੀਤੀ ਸੀ ਜਿਸ ਦੀ ਰਜਿਸਟਰੀ ਕਰੀਬ ਦੋ ਕਰੋੜ ਰੁਪਏ ਵਿੱਚ ਹੋਈ ਸੀ। ਉਸ ਦੇ ਜੀਰਕਪੁਰ ਵਿੱਚ ਦੋ ਪਲਾਂਟ ਵੀ ਹਨ ਜਿਨ੍ਹਾਂ ਦੀ ਕੀਮਤ ਇੱਕ ਕਰੋੜ ਤੋਂ ਜਿਆਦਾ ਹੈ। ਇਵੇਂ ਹੀ ਉਸ ਦਾ ਜੀਰਕਪੁਰ ਵਿੱਚ ਸੋਹੀ ਬਿਲਡਰਜ਼ ਵਿੱਚ ਵੀ ਇੱਕ ਫਲੈਟ ਹੈ ਜਿਸ ਦੀ ਕੀਮਤ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਇਸ ਐਕਸੀਅਨ ਦੀ ਬਰਨਾਲਾ ਵਿੱਚ ਇੱਕ ਕੋਠੀ ਹੈ ਜਿਸ ਦੀ ਕੀਮਤ 80 ਲੱਖ ਰੁਪਏ ਦੇ ਕਰੀਬ ਲਗਾਈ ਗਈ ਹੈ। ਵਿਜੀਲੈਂਸ ਨੇ ਉਹ ਸਰਕਾਰੀ ਗੱਡੀ ਵੀ ਰਿਕਾਰਡ ਵਿੱਚ ਲਿਆਂਦੀ ਹੈ ਜੋ ਕਿ ਇਸ ਐਕਸੀਅਨ ਨੇ ਸਰਕਾਰੀ ਫੰਡਾਂ ਚੋਂ ਖਰੀਦ ਕੀਤੀ ਸੀ। ਸਰਕਾਰੀ ਗੱਡੀ ਇਨੋਵਾ ਇਸ ਐਕਸੀਅਨ ਨੇ ਆਪਣੇ ਰਿਸ਼ਤੇਦਾਰ ਦੇ ਘਰ ਖੜ੍ਹੀ ਕੀਤੀ ਹੋਈ ਸੀ। ਨਿਯਮਾਂ ਅਨੁਸਾਰ ਇਹ ਐਕਸੀਅਨ ਗੱਡੀ ਖਰੀਦਣ ਲਈ ਅਥਾਰਟੀ ਨਹੀਂ ਰੱਖਦਾ ਸੀ। ਵਿਜੀਲੈਂਸ ਕੋਲ ਐਕਸੀਅਨ ਨੇ ਮੰਨਿਆ ਕਿ ਇੱਕ ਆਈ.ਏ.ਐਸ ਅਧਿਕਾਰੀ ਨੂੰ ਇਹ ਗੱਡੀ ਦਿੱਤੀ ਜਾਣੀ ਸੀ।
           ਐਕਸੀਅਨ ਨੇ ਉਸ ਤੋਂ ਪਹਿਲਾਂ ਸਰਕਾਰੀ ਫੰਡਾਂ ਚੋਂ ਇੱਕ ਬਲੈਰੋ ਗੱਡੀ ਵੀ ਖਰੀਦ ਕੀਤੀ ਸੀ। ਵਿਜੀਲੈਂਸ ਵਲੋਂ ਇਸ ਐਕਸੀਅਨ ਦੀ ਜਾਇਦਾਦ ਦਾ ਮਾਰਕੀਟ ਭਾਅ ਵੀ ਕੱਢਿਆ ਗਿਆ ਹੈ। ਵਿਜੀਲੈਂਸ ਨੇ ਇਸ ਐਕਸੀਅਨ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ। ਬਠਿੰਡਾ ਵਿੱਚ ਇੱਕ ਬੈਂਕ ਖਾਤੇ ਵਿਚ ਵੀ 15 ਲੱਖ ਰੁਪਏ ਜਮ੍ਹਾ ਕਰਾਏ ਗਏ ਸਨ ਜਿਨ੍ਹਾਂ ਦੀ ਬਠਿੰਡਾ ਪੁਲੀਸ ਜਾਂਚ ਕਰ ਰਹੀ ਹੈ। ਵਿਜੀਲੈਂਸ ਵਲੋਂ ਇਸ ਐਕਸੀਅਨ ਦੇ ਲਾਕਰ ਵੀ ਸੀਲ ਕੀਤੇ ਹੋਏ ਹਨ। ਪਤਾ ਲੱਗਾ ਹੈ ਕਿ ਵਿਜੀਲੈਂਸ ਕੋਲ ਹੋਰ ਵੀ ਸਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਇਸ ਐਕਸੀਅਨ ਦਾ ਮਾਲ ਵਿਭਾਗ ਤੋਂ ਰਿਕਾਰਡ ਵੀ ਲੈ ਲਿਆ ਹੈ। ਹੁਣ ਇਸ ਐਕਸੀਅਨ ਦੇ ਇਸ ਰਿਸ਼ਤੇਦਾਰ ਦੇ ਘਰੋਂ ਚਾਰ ਕਿਲੋ ਸੋਨਾ ਬਰਾਮਦ ਹੋਣ ਮਗਰੋਂ ਨਵੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।
                                             ਕਈ ਵਾਰ ਮੁਅੱਤਲ ਹੋਇਆ ਐਕਸੀਅਨ
ਐਕਸੀਅਨ ਜੋਗਿੰਦਰ ਸਿੰਘ ਦੀ ਸਰਕਾਰੀ ਨੌਕਰੀ ਦਾ ਪਿਛੋਕੜ ਹੀ ਏਦਾ ਦਾ ਰਿਹਾ ਹੈ। ਵਿਜੀਲੈਂਸ ਦੇ ਤਾਜਾ ਪੁਲੀਸ ਕੇਸ ਤੋਂ ਪਹਿਲਾਂ ਵੀ ਹਾਈਕੋਰਟ ਦੇ ਹੁਕਮਾਂ 'ਤੇ ਬੁਢਲਾਡਾ ਵਿੱਚ ਬਣਾਏ ਅਦਾਲਤੀ ਕੰਪਲੈਕਸ ਦੀ ਪੜਤਾਲ ਹੋਈ ਜਿਸ ਵਿੱਚ ਵਿਜੀਲੈਂਸ ਰੇਂਜ ਬਠਿੰਡਾ ਨੇ ਇਸ ਐਕਸੀਅਨ 'ਤੇ ਐਫ.ਆਈ.ਆਰ ਨੰਬਰ 6 ਦਰਜ ਕੀਤੀ ਸੀ। ਬਠਿੰਡਾ ਵਿਕਾਸ ਅਥਾਰਟੀ ਦੇ ਕੰਮ ਵੀ ਇਸ ਐਕਸੀਅਨ ਵਲੋਂ ਕਰਾਏ ਗਏ ਸਨ ਜਿਨ੍ਹਾਂ ਵਿੱਚ ਇਸ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਇਹ ਜੋਗਿੰਦਰ ਸਿੰਘ ਸੁਨਾਮ ਅਤੇ ਬਰਨਾਲਾ ਵਿੱਚ ਵੀ ਬਤੌਰ ਐਸ.ਡੀ.ਓ ਰਿਹਾ ਹੈ ਅਤੇ ਦੋਵੇਂ ਥਾਵਾਂ ਤੇ ਉਸ ਨੂੰ ਦੋ ਦਫਾ ਮੁਅੱਤਲ ਕੀਤਾ ਗਿਆ ਸੀ। ਹੁਣ ਤਾਜਾ ਬਠਿੰਡਾ ਪੁਲੀਸ ਵਲੋਂ ਵੀ ਪੁਲੀਸ ਕੇਸ ਦਰਜ ਕੀਤਾ ਜਾ ਰਿਹਾ ਹੈ।
       

Saturday, September 1, 2012

                         ਕਿਸਾਨ ਪੱਖੀ ਸਰਕਾਰ
         ਸਨਅਤਾਂ ਦੇ 600 ਕਰੋੜ ਮੁਆਫ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਸਨਅਤਕਾਰਾਂ ਦਾ ਕਰੀਬ 589 ਕਰੋੜ ਰੁਪਏ ਕਰਜ਼ਾ ਚੁੱਪ ਚੁਪੀਤੇ ਮੁਆਫ਼ ਕਰ ਦਿੱਤਾ ਹੈ। ਇਹ ਕਰਜ਼ਾ ਪੰਜਾਬ ਵਿੱਤ ਨਿਗਮ ਵੱਲੋਂ ਇਨ੍ਹਾਂ ਸਨਅਤਕਾਰਾਂ ਨੂੰ ਨਵੀਆਂ ਸਨਅਤਾਂ ਲਾਉਣ ਲਈ ਦਿੱਤਾ ਗਿਆ ਸੀ ਤੇ ਇਸ ਤਹਿਤ ਲੱਗੀਆਂ ਸਨਅਤਾਂ 'ਚੋਂ ਕਾਫ਼ੀ ਫੇਲ੍ਹ ਹੋ ਚੁੱਕੀਆਂ ਹਨ। ਫੇਲ੍ਹ ਸਨਅਤਾਂ ਦੇ ਮਾਲਕਾਂ ਵਲੋਂ ਕਰਜ਼ਾ ਵਾਪਸ ਨਹੀਂ ਕੀਤਾ ਗਿਆ ਤੇ ਪੰਜਾਬ ਵਿੱਤ ਨਿਗਮ ਨੇ ਲੰਘੇ ਇੱਕ ਦਹਾਕੇ ਵਿੱਚ ਪੰਜਾਬ ਦੇ 1656 ਸਨਅਤਕਾਰਾਂ ਦਾ 589 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਪਹਿਲਾ ਕੈਪਟਨ ਸਰਕਾਰ ਵੱਲੋਂ ਵੀ ਸਨਅਤਕਾਰਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ। ਅਜੇ ਵੀ ਨਿਗਮ ਦੇ 3130 ਕਰੋੜ ਰੁਪਏ ਇਨ੍ਹਾਂ ਸਨਅਤਕਾਰਾਂ ਸਿਰ ਖੜ੍ਹਾ ਹੈ।
          ਪੰਜਾਬ ਵਿੱਤ ਨਿਗਮ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਅਨੁਸਾਰ ਸਨਅਤ ਮਾਲਕਾਂ ਤੋਂ ਕਰਜ਼ਾ ਵਸੂਲ ਕਰਨ ਵਾਸਤੇ ਯਕਮੁਸ਼ਤ ਪਾਲਿਸੀ ਬਣਾਈ ਗਈ ਜਿਸ ਤਹਿਤ ਕਰਜ਼ੇ ਵਿੱਚ ਮੁਆਫ਼ੀ ਦਿੱਤੀ ਗਈ। ਐਨ.ਪੀ.ਏ. (ਨਾਨ ਪਰਫਾਰਮਿੰਗ ਐਸੇਟਸ) ਕੇਸਾਂ ਨੂੰ ਸੈਟਲ ਕਰਨ ਵਾਸਤੇ ਸਰਕਾਰ ਨੇ ਸਭ ਤੋਂ ਪਹਿਲਾਂ ਸਾਲ 2001,ਫਿਰ 2003 ਅਤੇ 2009 ਵਿੱਚ ਓ.ਟੀ.ਸੀ.(ਵਨ ਟਾਇਮ ਸੈਟਲਮੈਂਟ)ਪਾਲਿਸੀ ਬਣਾਈ ਜਿਸ ਤਹਿਤ 589 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਸਰਕਾਰ ਵੱਲੋਂ ਦਿੱਤੀ ਇਸ ਛੋਟ ਦਾ ਸਭ ਤੋਂ ਵੱਡਾ ਫਾਇਦਾ ਜ਼ਿਲ੍ਹਾ ਪਟਿਆਲਾ ਦੇ ਸਨਅਤਕਾਰਾਂ ਨੂੰ ਹੋਇਆ। ਇਸ ਜ਼ਿਲ੍ਹੇ ਦੇ 255  ਸਨਅਤਕਾਰਾਂ ਦਾ176 ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ ਜਦੋਂਕਿ ਲੁਧਿਆਣਾ ਜ਼ਿਲ੍ਹੇ ਦੇ 260 ਸਨਅਤਕਾਰਾਂ ਨੂੰ135 ਕਰੋੜ ਰੁਪਏ ਦੀ ਮੁਆਫ਼ੀ ਦਿੱਤੀ ਗਈ। ਬਠਿੰਡਾ ਜ਼ਿਲ੍ਹੇ ਦੇ 78 ਸਨਅਤਕਾਰਾਂ ਨੂੰ 11 ਕਰੋੜ ਰੁਪਏ,ਅੰਮ੍ਰਿਤਸਰ ਦੇ 264 ਸਨਅਤਕਾਰਾਂ ਨੂੰ 59 ਕਰੋੜ 79 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦਿੱਤੀ ਗਈ ਹੈ।
          ਸੂਤਰਾਂ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਇਕੱਲੀ ਪੰਜਾਬ ਵਿੱਤ ਨਿਗਮ ਦੇ 1921 ਸਨਅਤਕਾਰ ਡਿਫਾਲਟਰ ਹਨ ਜਿਨ੍ਹਾਂ ਵੱਲ  3130 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਲੰਮੇ ਅਰਸੇ ਤੋਂ ਇਹ ਸਨਅਤਕਾਰ ਕਰਜ਼ੇ ਨਹੀਂ ਮੋੜ ਰਹੇ ਹਨ ਜਿਸ ਕਰਕੇ ਵਿਆਜ ਦੀ ਮੋਟੀ ਰਕਮ ਵੀ ਇਨ੍ਹਾਂ ਸਿਰ ਚੜ੍ਹ ਗਈ ਹੈ। ਇਨ੍ਹਾਂ ਵਿੱਚ ਜ਼ਿਆਦਾ ਸਨਅਤਾਂ ਫੇਲ੍ਹ ਹੋ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਹੁਣ ਰਾਸ਼ੀ ਮੋੜੀ ਨਹੀਂ ਜਾ ਰਹੀ। ਪਟਿਆਲੇ ਜ਼ਿਲ੍ਹੇ ਦੇ 287 ਸਨਅਤਕਾਰ ਡਿਫਾਲਟਰ ਹਨ ਜਿਨ੍ਹਾਂ ਵੱਲ 683 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਜ਼ਿਲ੍ਹਾ ਬਠਿੰਡਾ ਦੇ 73 ਸਨਅਤਕਾਰ ਡਿਫਾਲਟਰ ਹਨ ਜਿਨ੍ਹਾਂ ਵੱਲ 111 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 365 ਸਨਅਤਕਾਰਾਂ ਵੱਲ 704 ਕਰੋੜ ਰੁਪਏ ਦੀ ਰਾਸ਼ੀ ਖੜ੍ਹੀ ਹੈ। ਲੁਧਿਆਣਾ ਜ਼ਿਲ੍ਹੇ ਦੇ 376 ਸਨਅਤਕਾਰਾਂ ਨੇ 409 ਕਰੋੜ ਰੁਪਏ,ਸੰਗਰੂਰ ਜ਼ਿਲ੍ਹੇ ਦੇ 167 ਸਨਅਤਕਾਰਾਂ ਨੇ 355 ਕਰੋੜ ਰੁਪਏ ਦਾ ਸਰਕਾਰੀ ਕਰਜ਼ਾ ਦੇਣਾ ਹੈ। ਇਨ੍ਹਾਂ ਡਿਫਾਲਟਰਾਂ ਵਿੱਚ ਬਠਿੰਡੇ ਦੇ ਕਈ ਵੱਡੇ ਸਨਅਤਕਾਰ ਵੀ ਹਨ ਜਿਨ੍ਹਾਂ ਵੱਲ 62 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਨ੍ਹਾਂ ਵੱਡੇ ਨਾਵਾਂ ਵਿੱਚ ਛੱਤਰ,ਹਰਸ਼ ਟੈਕਸਟਾਈਲ ਅਤੇ ਪੰਜਾਬ ਪਲਾਈ ਸ਼ਾਮਲ ਹਨ।
                                                   ਵਸੂਲੀ ਲਈ ਲਿਆ ਅਦਾਲਤਾਂ ਦਾ ਸਹਾਰਾ    
ਪੰਜਾਬ ਵਿੱਤ ਨਿਗਮ ਨੇ ਪਹਿਲਾਂ ਸਨਅਤ ਮਾਲਕਾਂ ਤੋਂ ਕਰਜ਼ੇ ਦੀ ਵਸੂਲੀ ਲਈ ਕਾਫ਼ੀ ਹੱਥ ਪੈਰ ਮਾਰੇ। ਜਦੋਂ ਕੋਈ ਵਾਹ ਨਾ ਚੱਲੀ ਤਾਂ ਨਿਗਮ ਨੇ ਅਦਾਲਤਾਂ ਦਾ ਸਹਾਰਾ ਲਿਆ। ਸੂਚਨਾ ਅਨੁਸਾਰ ਵਿੱਤ ਨਿਗਮ ਨੇ ਡਿਫਾਲਟਰਾਂ ਤੋਂ ਵਸੂਲੀ ਲਈ ਅਦਾਲਤਾਂ ਵਿੱਚ 431 ਕੇਸ ਦਾਇਰ ਕੀਤੇ ਜਿਨ੍ਹਾਂ ਵਿੱਚ 11 ਡਿਫਾਲਟਰਾਂ ਨੂੰ ਜੇਲ੍ਹ ਭਿਜਵਾਇਆ ਗਿਆ। ਵੱਡੀ ਗਿਣਤੀ ਡਿਫਾਲਟਰਾਂ 'ਤੇ ਹਾਲੇ ਵੀ ਕੇਸ ਚੱਲ ਰਹੇ ਹਨ।