Saturday, June 30, 2012

                             ਵੀ.ਆਈ.ਪੀ.ਪਿੰਡ
      ਬਾਦਲ ਵਿੱਚ ਨਹੀਂ ਲੱਗਦਾ ਬਿਜਲੀ ਕੱਟ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵੀ.ਆਈ.ਪੀ. ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਹੈ। ਗਰਮੀ ਹੋਵੇ ਜਾਂ ਸਰਦੀ, ਪਿੰਡ ਬਾਦਲ ਦੇ ਲੋਕਾਂ ਲਈ ਕਦੇ ਵੀ ਬਿਜਲੀ ਦੀ ਕਮੀ ਨਹੀਂ ਹੋਈ। ਹੁਣ ਜਦੋਂ ਪੂਰਾ ਪੰਜਾਬ ਬਿਜਲੀ ਕੱਟਾਂ ਦੀ ਮਾਰ ਝੱਲ ਰਿਹਾ ਹੈ ਤਾਂ ਵੀ ਪਿੰਡ ਬਾਦਲ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਨੇ ਐਤਕੀਂ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਵੱਡੇ ਸ਼ਹਿਰਾਂ ਵਿੱਚ ਵੀ ਐਲਾਨੇ ਹੋਏ ਕੱਟ ਵਧਾ ਦਿੱਤੇ ਹਨ। ਪੰਜਾਬ ਦੇ ਪਿੰਡਾਂ ਦਾ ਤਾਂ ਜ਼ਿਆਦਾ ਸਮਾਂ ਬਿਜਲੀ ਕੱਟਾਂ ਵਿੱਚ ਹੀ ਲੰਘਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੋਣ ਕਰਕੇ ਪਾਵਰਕੌਮ ਇੱਥੇ ਬਿਜਲੀ ਕੱਟ ਨਹੀਂ ਲਾਉਂਦਾ। ਪਿੰਡ ਬਾਦਲ ਦੀ ਬਿਜਲੀ ਸਪਲਾਈ ਵਿੱਚ ਵਿਘਨ ਕੇਵਲ  ਤਕਨੀਕੀ ਨਕੁਸ ਵੇਲੇ ਪੈਂਦਾ ਹੈ।
           ਪਾਵਰਕੌਮ ਨੇ ਪਿੰਡ ਬਾਦਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਹੂਲਤਾਂ ਦਿੱਤੀਆਂ ਹੋਈਆਂ ਹਨ। ਬਾਦਲ ਵਿੱਚ 132 ਕੇ.ਵੀ. ਦਾ ਗਰਿੱਡ ਬਣਾਇਆ ਹੋਇਆ ਹੈ। ਇਸ ਗਰਿੱਡ ਤੋਂ ਦਰਜਨਾਂ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ। ਗਰਿੱਡ ਤੋਂ ਸਪਲਾਈ ਲੈਣ ਵਾਲੇ ਬਾਕੀ ਪਿੰਡਾਂ ਦਾ ਬਿਜਲੀ ਕੱਟ ਦੇ ਮਾਮਲੇ ਵਿੱਚ ਪੰਜਾਬ ਦੇ ਬਾਕੀ ਪਿੰਡਾਂ ਵਾਲਾ ਹਾਲ ਹੀ ਹੈ ਪਰ ਇਸ ਗਰਿੱਡ ਤੋਂ ਕੇਵਲ ਪਿੰਡ ਬਾਦਲ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਹੈ। ਇਸ ਗਰਿੱਡ ਵਾਲੇ ਪਿੰਡ ਬਾਦਲ, ਮਿੱਠੜੀ ਤੇ ਕਾਲਝਰਾਨੀ ਸ਼ਹਿਰੀ ਖੇਤਰ ਵਾਲੀ ਸਪਲਾਈ ਵਿੱਚ ਆਉਂਦੇ ਹਨ ਪਰ ਕੱਟ ਮੁਕਤ ਸਪਲਾਈ ਸਿਰਫ਼ ਪਿੰਡ ਬਾਦਲ ਨੂੰ ਮਿਲਦੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਵੱਡੇ ਸ਼ਹਿਰਾਂ ਵਿੱਚ ਦੋ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾਂਦੇ ਹਨ ਜਦਕਿ ਬਿਜਲੀ ਦੀ ਵੱਧ ਮੰਗ ਵਾਲੇ ਸ਼ਹਿਰਾਂ ਵਿੱਚ ਤਿੰਨ ਘੰਟੇ ਦੇ ਕੱਟ ਲਾਏ ਜਾਂਦੇ ਹਨ। ਸ਼ਹਿਰੀ ਸਪਲਾਈ ਵਾਲੇ ਪੰਜਾਬ ਦੇ ਪਿੰਡਾਂ ਵਿੱਚ ਕਰੀਬ ਢਾਈ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾ ਰਹੇ ਹਨ ਜਦਕਿ ਸ਼ਹਿਰੀ ਪੈਟਰਨ ਵਾਲੀ ਸਪਲਾਈ ਵਾਲੇ ਪੰਜਾਬ ਦੇ ਆਮ ਪਿੰਡਾਂ ਵਿੱਚ ਸਾਢੇ ਤਿੰਨ ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਪਿੰਡਾਂ ਵਿੱਚ ਤਾਂ ਅਣਐਲਾਨੇ ਕੱਟ ਵੀ ਲਾਏ ਜਾਂਦੇ ਹਨ। ਪਿੰਡਾਂ ਵਿੱਚ ਰਾਤ ਨੂੰ 10 ਤੋਂ 12 ਵਜੇ ਤੱਕ ਅਤੇ ਸਵੇਰੇ 8 ਤੋਂ 10 ਵਜੇ ਤੱਕ ਪਾਵਰਕੱਟ ਲਾਏ ਜਾਂਦੇ ਹਨ। ਇਸ ਤੋਂ ਬਿਨਾਂ ਵੀ ਕਈ ਕਈ ਘੰਟੇ ਬਿਜਲੀ ਕੱਟ ਲੱਗਦਾ ਰਹਿੰਦਾ ਹੈ।
           ਪਿੰਡ ਬਾਦਲ ਦੇ ਬਿਜਲੀ ਗਰਿੱਡ 'ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਨਾਲ ਜਦੋਂ ਬਿਜਲੀ ਕੱਟਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਪਰੋਂ ਕੱਟ ਦਾ ਸੁਨੇਹਾ ਆ ਵੀ ਜਾਵੇ ਤਾਂ ਵੀ ਉਹ ਬਿਜਲੀ ਕੱਟ ਨਹੀਂ ਲਾਉਂਦੇ ਹਨ। ਬਾਦਲ ਵਿੱਚ ਬਿਜਲੀ ਦੇ ਘਰੇਲੂ ਕੁਨੈਕਸ਼ਨਾਂ ਦੀ ਗਿਣਤੀ ਕਰੀਬ 705 ਹੈ ਜਦਕਿ ਖੇਤੀ ਮੋਟਰਾਂ ਵਾਲੇ ਕੁਨੈਕਸ਼ਨਾਂ ਦੀ ਗਿਣਤੀ 153 ਹੈ। ਉਂਜ ਪਿੰਡ ਬਾਦਲ ਦੇ ਖੇਤਾਂ ਲਈ ਵੀ ਬਿਜਲੀ ਸਪਲਾਈ ਅੱਠ ਘੰਟੇ ਹੀ ਦਿੱਤੀ ਜਾ ਰਹੀ ਹੈ ਪਰ ਘਰੇਲੂ ਸਪਲਾਈ ਵਿੱਚ ਇਸ ਪਿੰਡ ਨੂੰ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਂਦੀ ਹੈ।  ਪਿੰਡ ਬਾਦਲ ਦੇ ਬਿਜਲੀ ਗਰਿੱਡ ਦੇ ਸਬ ਸਟੇਸ਼ਨ ਇੰਜਨੀਅਰ ਜੱਗਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਸੁਰੱਖਿਆ ਕਾਰਨਾਂ ਕਰਕੇ ਵੱਖਰੇ ਫੀਡਰ ਰਾਹੀਂ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪੂਰੇ ਪਿੰਡ ਨੂੰ ਵੀ ਪਾਵਰਕੱਟ ਮੁਕਤ ਸਪਲਾਈ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਸਬੰਧਤ ਕਾਰਜਕਾਰੀ ਇੰਜਨੀਅਰ ਸੀ.ਵੀ. ਮਿੱਤਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਪਿੰਡ ਹੋਣ ਕਰਕੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ

Wednesday, June 27, 2012

                                   ਵੱਡਿਆਂ' ਘਰਾਂ ਅੱਗੇ ਬੌਣਾ ਹੋਇਆ ਪਾਵਰਕੌਮ
                                                                   ਚਰਨਜੀਤ ਭੁੱਲਰ
ਬਠਿੰਡਾ : 'ਵੱਡੇ ਲੋਕਾਂ' ਦੇ ਬਿਜਲੀ ਮੀਟਰ ਘਰਾਂ ਦੇ ਅੰਦਰ ਹੀ ਲੱਗੇ ਹੋਏ ਹਨ ਜਦਕਿ 'ਆਮ ਲੋਕਾਂ' ਦੇ ਬਿਜਲੀ ਮੀਟਿਰ ਘਰਾਂ 'ਚੋਂ ਬਾਹਰ ਕੱਢ ਦਿੱਤੇ ਗਏ ਹਨ। ਪਾਵਰਕੌਮ ਨੇ ਅਫਸਰਾਂ ਅਤੇ ਨੇਤਾਵਾਂ ਦੇ ਘਰਾਂ 'ਚੋਂ ਬਿਜਲੀ ਮੀਟਰ ਬਾਹਰ ਕੱਢਣ ਵਿੱਚ ਢਿੱਲ ਵਰਤੀ ਹੈ ਦੂਜੇ  ਪਾਸੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ 'ਚੋਂ ਮੀਟਰ ਬਾਹਰ ਕੱਢਣ ਦਾ ਕੰਮ ਫੁਰਤੀ ਨਾਲ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਚੋਰੀ ਰੋਕਣ ਲਈ ਤਿੰਨ ਵਰ੍ਹੇ ਪਹਿਲਾਂ ਬਿਜਲੀ ਮੀਟਰ ਘਰਾਂ 'ਚੋਂ ਬਾਹਰ ਕੱਢਣੇ ਸ਼ੁਰੂ ਕੀਤੇ ਗਏ ਸਨ। ਇਹ ਜਾਣਕਾਰੀ ਪਾਵਰਕੌਮ ਦੇ ਦਰਜਨਾਂ ਦਫਤਰਾਂ ਤੋਂ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਹੋਈ ਹੈ।ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੇ ਜੱਦੀ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਵਿੱਚ ਘਰੇਲੂ ਬਿਜਲੀ ਦੇ 17 ਮੀਟਰ ਹਨ। ਇਹ ਸਾਰੇ ਮੀਟਰ ਰਿਹਾਇਸ਼ ਦੇ ਅੰਦਰ ਹੀ ਹਨ ਅਤੇ ਕੋਈ ਮੀਟਰ ਘਰ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ। ਇਨ੍ਹਾਂ 'ਚੋਂ ਹਰਚਰਨ ਸਿੰਘ ਬਰਾੜ ਦੇ ਨਾਮ 'ਤੇ ਦੋ ਮੀਟਰ, ਉਨ੍ਹਾਂ ਦੇ ਪੁੱਤਰ ਦੇ ਨਾਮ 'ਤੇ ਪੰਜ ਮੀਟਰ, ਨੂੰਹ ਕਰਨ ਕੌਰ ਦੇ ਨਾਮ 'ਤੇ ਇੱਕ ਮੀਟਰ ਅਤੇ ਦਸਮੇਸ਼ ਸਟੱਡ ਫਾਰਮ ਦੇ ਨਾਮ 'ਤੇ ਤਿੰਨ ਮੀਟਰ ਹਨ। ਬਾਕੀ ਛੇ ਮੀਟਰ ਹੋਰ ਨਾਵਾਂ 'ਤੇ ਰਿਹਾਇਸ਼ ਅੰਦਰ ਹਨ। ਪਾਵਰਕੌਮ ਨੇ ਪਿੰਡ ਸਰਾਏਨਾਗਾ ਦੇ ਹੋਰ ਘਰਾਂ 'ਚੋਂ ਮੀਟਰ ਬਾਹਰ ਕੱਢ ਦਿੱਤੇ ਹਨ ਪਰ ਇਸ ਵੀ.ਆਈ.ਪੀ. ਪਰਿਵਾਰ ਦੇ ਬਿਜਲੀ ਮੀਟਰ ਰਿਹਾਇਸ਼ ਦੇ ਅੰਦਰ ਹੀ ਹਨ।
           ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿੱਚ ਘਰੇਲੂ ਬਿਜਲੀ ਦੇ 11 ਮੀਟਰ ਹਨ, ਜਿਨ੍ਹਾਂ 'ਚੋਂ 10 ਮੀਟਰ ਮਹਿਲ ਤੋਂ ਬਾਹਰ ਨਹੀਂ ਕੱਢੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀ ਰਿਹਾਇਸ਼ 'ਚੋਂ ਹਾਲੇ ਤੱਕ ਮੀਟਰ ਬਾਹਰ ਨਹੀਂ ਕੱਢਿਆ ਗਿਆ ਹੈ। ਪਾਵਰਕੌਮ ਦੇ ਜਲੰਧਰ ਦਫਤਰ ਦਾ ਕਹਿਣਾ ਹੈ ਕਿ ਉਹ ਹੁਣ ਮੀਟਰ ਬਾਹਰ ਕੱਢ ਰਹੇ ਹਨ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਬਿਜਲੀ ਦੇ ਦੋ ਮੀਟਰ ਘਰ ਦੀ ਰਿਹਾਇਸ਼ ਦੇ ਅੰਦਰ ਹੀ ਹਨ। ਏਦਾਂ ਹੀ ਸਾਬਕਾ ਕਾਂਗਰਸੀ ਮੰਤਰੀ ਚੌਧਰੀ ਜਗਜੀਤ ਸਿੰਘ ਅਤੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਮੁੱਖ ਸੰਸਦੀ ਸਕੱਤਰ ਸੋਹਣ ਸਿਘ ਠੰਡਲ ਤੋਂ ਇਲਾਵਾ ਸਾਬਕਾ ਵਿਧਾਇਕ ਰਾਜ ਖੁਰਾਣਾ ਦੇ ਘਰਾਂ ਦੇ ਅੰਦਰ ਹੀ ਮੀਟਰ ਲੱਗੇ ਹੋਏ ਹਨ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਸੋਮ ਪ੍ਰਕਾਸ਼, ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਹਰਮੇਲ ਟੌਹੜਾ, ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਮਲੋਟ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ, ਸਾਬਕਾ ਵਿਧਾਇਕ ਨੱਥੂ ਰਾਮ, ਵਿਧਾਇਕ ਸੁੰਦਰ ਸ਼ਾਮ ਅਰੋੜਾ ਅਤੇ ਮਹਿਲਾ ਵਿਧਾਇਕ ਹਰਚੰਦ ਕੌਰ ਦੇ ਬਿਜਲੀ ਮੀਟਰ ਵੀ ਘਰਾਂ ਦੇ ਅੰਦਰ ਹੀ ਹਨ।
             ਸੂਚਨਾ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਬਿਜਲੀ ਮੀਟਰ ਘਰ ਤੋਂ ਬਾਹਰ ਕੱਢ ਕੇ ਲਾਇਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਬਿਜਲੀ ਮੀਟਰ ਵੀ ਘਰ ਤੋਂ ਬਾਹਰ ਕੱਢਿਆ ਗਿਆ ਹੈ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ, ਵਜ਼ੀਰ ਸੁਰਜੀਤ ਸਿੰਘ ਰੱਖੜਾ, ਕੇ.ਡੀ. ਭੰਡਾਰੀ, ਬਲਵੀਰ ਸਿੰਘ ਘੁੰਨਸ, ਵਿਧਾਇਕ ਬਲਵੀਰ ਸਿੰਘ ਸਿੱਧੂ, ਕੇਵਲ ਢਿਲੋਂ, ਵਿਧਾਇਕ ਅਮਰਿੰਦਰ ਸਿੰਘ, ਬੀਬੀ ਉਪਿੰਦਰਜੀਤ ਕੌਰ, ਮੰਤਰੀ ਸਰਬਣ ਸਿੰਘ ਫਿਲੌਰ, ਦੇਸ ਰਾਜ ਧੁੱਗਾ, ਸਾਬਕਾ ਮੰਤਰੀ ਅਵਤਾਰ ਬਰਾੜ, ਦੀਪ ਮਲਹੋਤਰਾ ਆਦਿ ਦੇ ਮੀਟਰ ਵੀ ਘਰਾਂ ਤੋਂ ਬਾਹਰ ਕੱਢੇ ਜਾ ਚੁੱਕੇ ਹਨ।  ਵੱਡੇ ਅਫਸਰਾਂ 'ਤੇ ਨਜ਼ਰ ਮਾਰੀਏ ਤਾਂ ਡਿਪਟੀ ਕਮਿਸ਼ਨਰ ਮੋਗਾ ਦੀ ਰਿਹਾਇਸ਼ ਅਤੇ ਕੈਂਪ ਆਫਿਸ ਦੇ ਅੰਦਰ ਹੀ ਮੀਟਰ ਲੱਗਿਆ ਹੋਇਆ ਹੈ। ਬਠਿੰਡਾ ਦੇ ਐਸ.ਐਸ.ਪੀ, ਡਿਪਟੀ ਕਮਿਸ਼ਨਰ ਤੋਂ ਇਲਾਵਾ ਐਸ.ਐਸ.ਪੀ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਰਿਹਾਇਸ਼ ਦੇ ਅੰਦਰ ਬਿਜਲੀ ਮੀਟਰ ਲੱਗਿਆ ਹੋਇਆ ਹੈ। ਪਾਵਰਕੌਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੀਟਰ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹੋਏ ਹਨ।
            ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਮੀਟਰ ਅੰਦਰ ਹੈ ਜਦਕਿ ਕੈਂਪ ਆਫਿਸ ਦਾ ਬਾਹਰ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਦਾ ਬਿਜਲੀ ਮੀਟਰ ਵੀ ਰਿਹਾਇਸ਼ ਦੇ ਅੰਦਰ ਹੀ ਲੱਗਿਆ ਹੋਇਆ ਹੈ। ਇਸ ਦੇ ਉਲਟ ਲੁਧਿਆਣਾ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਸਾਰੇ ਆਈ.ਏ.ਐਸ., ਆਈ.ਪੀ.ਐਸ. ਅਫਸਰਾਂ ਦੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢੇ ਜਾ ਚੁੱਕੇ ਹਨ। ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਵਾਂ ਸ਼ਹਿਰ ਦੇ ਐਸ.ਐਸ.ਪੀ. ਦੀ ਰਿਹਾਇਸ਼ ਦਾ ਮੀਟਰ ਵੀ ਘਰ ਤੋਂ ਬਾਹਰ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਦਾ ਕਹਿਣਾ ਹੈ ਕਿ ਸਾਰੇ ਨੇਤਾਵਾਂ, ਅਫਸਰਾਂ ਅਤੇ ਪਾਵਰਕੌਮ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸਭ ਤੋਂ ਪਹਿਲਾਂ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢ ਜਾਣੇ ਚਾਹੀਦੇ ਹਨ।
                                                 ਪਿੰਡ ਬਾਦਲ ਵਿੱਚ ਹੋਈ ਕਮਾਲਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਸੌ ਫੀਸਦੀ ਬਿਜਲੀ ਮੀਟਰ ਘਰਾਂ 'ਚੋਂ ਬਾਹਰ ਕੱਢੇ ਜਾ ਚੁੱਕੇ ਹਨ। ਮੁੱਖ ਮੰਤਰੀ ਦੇ ਪਰਿਵਾਰ ਦੇ ਮੀਟਰ ਵੀ ਬਾਹਰ ਕੱਢੇ ਗਏ ਹਨ। ਪਿੰਡ ਬਾਦਲ ਵਿੱਚ 705 ਘਰੇਲੂ ਬਿਜਲੀ ਦੇ ਕੁਨੈਕਸ਼ਨ ਹਨ ਜਦਕਿ 153 ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਪਿੰਡ ਬਾਦਲ ਦੇ ਸਭ ਤੋਂ ਵੱਡੇ ਚਾਰ ਬਿਜਲੀ ਖਪਤਕਾਰਾਂ ਵਿੱਚ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਪੀ.ਐਸ. ਢਿਲੋਂ ਅਤੇ ਤੇਜਾ ਸਿੰਘ ਸ਼ਾਮਲ ਹਨ। ਇਸ ਪਿੰਡ ਦੇ 33 ਖਪਤਕਾਰ ਡਿਫਾਲਟਰ ਹਨ, ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਜਾਣੇ ਹਨ। ਪਾਵਰਕੌਮ ਨੇ ਦੱਸਿਆ ਹੈ ਕਿ ਇੱਥੇ ਕੋਈ ਖਪਤਕਾਰ ਬਿਜਲੀ ਚੋਰੀ ਕਰਦਾ ਨਹੀਂ ਫੜਿਆ ਗਿਆ ਹੈ।

Sunday, June 24, 2012

                             ਵਿਗੜੇ ਦਿਮਾਗ
    ਖਰੂਦੀ ਕੈਦੀ ਕਰਦੇ ਨੇ ਜੇਲ੍ਹਾਂ ਦੀ 'ਸੈਰ'
                            ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਬੰਦ ਖੂੰਖਾਰ ਅਪਰਾਧੀ ਖਰੂਦ ਮਚਾ ਕੇ ਜੇਲ੍ਹਾਂ ਦੀ ਸੈਰ ਕਰਦੇ ਰਹਿੰਦੇ ਹਨ। ਜਦੋਂ ਇੱਕ ਜੇਲ੍ਹ 'ਚ ਰਹਿ ਕੇ ਮਨ ਅੱਕ ਜਾਂਦਾ ਹੈ ਤਾਂ ਕੈਦੀ ਜੇਲ੍ਹ 'ਚ ਖਰੂਦ ਮਚਾਉਂਦੇ ਹਨ। ਜੇਲ੍ਹ ਵਿਭਾਗ ਇਨ੍ਹਾਂ ਖਰੂਦੀ ਅਪਰਾਧੀਆਂ ਨੂੰ ਫਿਰ ਕਿਸੇ ਹੋਰ ਜੇਲ੍ਹ ਵਿੱਚ ਬਦਲ ਦਿੰਦਾ ਹੈ। ਜਦੋਂ ਨਵੀਂ ਜੇਲ੍ਹ 'ਚ ਦਿਲ ਨਹੀਂ ਲੱਗਦਾ ਤਾਂ ਇਹ ਫਿਰ ਹੰਗਾਮਾ ਕਰਦੇ ਹਨ। ਇਨ੍ਹਾਂ ਨੂੰ ਫਿਰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਸੂਚਨਾ ਦੇ ਅਧਿਕਾਰ ਤਹਿਤ 10 ਅਹਿਮ ਜੇਲ੍ਹਾਂ ਤੋਂ ਲਈ ਸੂਚਨਾ 'ਚ ਇਹ ਤੱਥ ਉਭਰੇ ਹਨ। ਜੇਲ੍ਹਾਂ ਦੀ ਸੈਰ ਕਰਨ ਵਾਲਿਆਂ ਵਿੱਚ ਕੈਦੀ ਅਤੇ ਹਵਾਲਾਤੀ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਦੀ ਇਨ੍ਹਾਂ ਦੀ ਜੇਲ੍ਹ ਬਦਲੀ ਕਰਨੀ ਮਜਬੂਰੀ ਬਣ ਜਾਂਦੀ ਹੈ। ਇਕੱਲੇ ਖਰੂਦੀ ਹੀ ਨਹੀਂ ਬਲਕਿ ਵੀ.ਆਈ.ਪੀ. ਕੈਦੀ ਵੀ ਜੇਲ੍ਹ ਬਦਲੀ ਕਰਾ ਲੈਂਦੇ ਹਨ। ਜੇਲ੍ਹ ਵਿਭਾਗ ਇਨ੍ਹਾਂ ਨੂੰ ਪ੍ਰਬੰਧਕੀ ਆਧਾਰ 'ਤੇ ਇੱਕ ਤੋਂ ਦੂਜੀ ਜੇਲ੍ਹ ਵਿੱਚ ਬਦਲਦਾ ਰਹਿੰਦਾ ਹੈ।
           ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਲੰਘੇ ਸਵਾ ਦੋ ਵਰ੍ਹਿਆਂ ਦੌਰਾਨ 53 ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਦੋਂ ਕਿ 103 ਹਵਾਲਾਤੀ ਵੀ ਇਸ ਆਧਾਰ 'ਤੇ ਦੂਜੀਆਂ ਜੇਲ੍ਹਾਂ ਵਿੱਚ ਬਦਲੇ ਗਏ ਹਨ। ਕੇਂਦਰੀ ਜੇਲ੍ਹ ਬਠਿੰਡਾ 'ਚ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਇੱਕ ਧਿਰ ਦੇ ਕੈਦੀਆਂ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਬੰਦੀਆਂ ਦੀ ਵੀ ਜੇਲ੍ਹ ਬਦਲੀ ਕਰ ਦਿੱਤੀ ਜਾਂਦੀ ਹੈ ਜੋ ਗੁਪਤ ਤੌਰ 'ਤੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਕੈਦੀਆਂ ਨੂੰ ਭੜਕਾਉਂਦੇ ਹਨ। ਇਵੇਂ ਹੀ ਜਦੋਂ ਕੋਈ ਕੈਦੀ ਆਪਣੇ ਘਰ ਤੋਂ ਦੂਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਹ ਸੋਚੀ ਸਮਝੀ ਤਰਕੀਬ ਤਹਿਤ ਜੇਲ੍ਹ ਅੰਦਰ ਖਰੂਦ ਮਚਾਉਂਦਾ ਹੈ। ਜਦੋਂ ਜੇਲ੍ਹ ਪ੍ਰਸ਼ਾਸਨ ਉਸ ਤੋਂ ਤੰਗ ਆ ਜਾਂਦਾ ਹੈ ਤਾਂ ਉਸ ਨੂੰ ਦੂਜੀ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਜੇਲ੍ਹ ਸੂਤਰਾਂ ਅਨੁਸਾਰ ਸਾਰੇ ਕੇਸਾਂ ਵਿੱਚ ਏਦਾ ਨਹੀਂ ਹੁੰਦਾ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਸਵਾ ਦੋ ਵਰ੍ਹਿਆਂ ਦੌਰਾਨ 14 ਕੈਦੀ  ਬਠਿੰਡਾ, ਫਰੀਦਕੋਟ, ਨਾਭਾ, ਕਪੂਰਥਲਾ ਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤਬਦੀਲ ਕੀਤੇ ਹਨ। ਇਸ ਜੇਲ੍ਹ 'ਚੋਂ ਦੋ ਦਰਜਨ ਹਵਾਲਾਤੀ ਵੀ ਤਬਦੀਲ ਕੀਤੇ ਗਏ ਹਨ ਜਿਨ੍ਹਾਂ 'ਚੋਂ ਕਰਨੈਲ ਸਿੰਘ ਖ਼ਤਰਨਾਕ ਅਪਰਾਧੀ ਹੋਣ ਕਰਕੇ ਫਰੀਦਕੋਟ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਬਾਕੀ ਹਵਾਲਾਤੀ ਜੇਲ੍ਹ ਵਿੱਚ ਲੜਾਈ ਝਗੜਾ ਕਰਨ ਕਰਕੇ ਬਦਲੇ ਗਏ ਹਨ।
           ਲੁਧਿਆਣਾ ਦੀ ਬੋਰਸਟਲ ਜੇਲ੍ਹ 'ਚੋਂ 30 ਬੰਦੀਆਂ ਨੂੰ ਇਸ ਸਮੇਂ ਦੌਰਾਨ ਪ੍ਰਬੰਧਕੀ ਆਧਾਰ 'ਤੇ ਬਦਲਿਆ ਗਿਆ ਹੈ। ਆਧਾਰ ਇਹੋ ਬਣਾਇਆ ਗਿਆ ਹੈ ਕਿ ਇਹ ਬੰਦੀ ਜੇਲ੍ਹ ਅੰਦਰ ਲੜਾਈ ਝਗੜਾ ਕਰਦੇ ਸਨ। ਲੁਧਿਆਣਾ ਦੀ ਜਨਾਨਾ ਜੇਲ੍ਹ ਦੀਆਂ ਚਾਰ ਹਵਾਲਾਤੀ ਔਰਤਾਂ ਨੂੰ ਵੀ ਬਦਲ ਕੇ ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਇਹ ਔਰਤਾਂ ਵੀ ਜੇਲ੍ਹ ਅੰਦਰ ਲੜਾਈ ਝਗੜਾ ਕਰਦੀਆਂ ਸਨ। ਸੰਗਰੂਰ ਦੀ ਜੇਲ੍ਹ 'ਚੋਂ ਪੰਜ ਬੰਦੀਆਂ ਨੂੰ ਬਰਨਾਲਾ ਦੀ ਜੇਲ੍ਹ ਵਿੱਚ ਬਦਲਿਆ ਗਿਆ ਹੈ। ਕੇਂਦਰੀ ਜੇਲ੍ਹ ਲੁਧਿਆਣਾ 'ਚੋਂ 67 ਕੈਦੀ ਅਤੇ 319 ਹਵਾਲਾਤੀ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤੇ ਗਏ ਹਨ। ਹੁਸ਼ਿਆਰਪੁਰ ਦੀ ਜੇਲ੍ਹ 'ਚੋਂ 15 ਬੰਦੀਆਂ ਨੂੰ ਲੜਾਈ ਝਗੜਾ ਕਰਨ ਕਰਕੇ ਬਦਲਿਆ ਗਿਆ ਹੈ ਜਦੋਂ ਕਿ ਕਪੂਰਥਲਾ ਜੇਲ੍ਹ 'ਚੋਂ 37 ਬੰਦੀਆਂ ਨੂੰ ਜਲੰਧਰ, ਬਠਿੰਡਾ, ਸੰਗਰੂਰ ਅਤੇ ਲੁਧਿਆਣਾ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜ਼ਿਲ੍ਹਾ ਜੇਲ੍ਹ ਨਾਭਾ 'ਚੋਂ ਵੀ 4 ਬੰਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜੇਲ੍ਹ ਸੁਪਰਡੈਂਟ ਜੇਲ੍ਹ ਤਬਦੀਲੀ ਦਾ ਫੈਸਲਾ ਲੈਂਦੇ ਹਨ। ਅਪਰਾਧੀਆਂ ਨੂੰ ਇਹ ਚੰਗਾ ਤਰੀਕਾ ਲੱਭਾ ਹੈ ਜਿਸ ਦੇ ਆਸਰੇ ਉਹ ਜੇਲ੍ਹਾਂ ਦੀ ਸੈਰ ਕਰਦੇ ਰਹਿੰਦੇ ਹਨ।
                                             ਵੀ.ਆਈ.ਪੀ. ਬੰਦੀਆਂ ਲਈ ਮਨਪਸੰਦ ਜੇਲ੍ਹ
ਜੋ ਵੀ.ਆਈ.ਪੀ. ਬੰਦੀ ਹੁੰਦੇ ਹਨ ਉਹ ਆਪਣੀ ਮਰਜ਼ੀ ਦੀ ਜੇਲ੍ਹ ਦੀ ਚੋਣ ਕਰਦੇ ਹਨ। ਜੇਲ ਸੁਪਰਡੈਂਟ ਕੋਲ ਸਿਫਾਰਸ਼ ਕਰਾ ਕੇ ਵੀ ਜੇਲ੍ਹ ਤਬਾਦਲਾ ਹੁੰਦਾ ਹੈ। ਸਿਆਸੀ ਲੋਕਾਂ ਦੇ ਨੇੜਲੇ ਬੰਦੀ ਤਾਂ ਆਪਣੀ ਮਨਪਸੰਦ ਜੇਲ੍ਹ ਵਿੱਚ ਰਹਿੰਦੇ ਹਨ। ਸੂਤਰਾਂ ਅਨੁਸਾਰ ਜੇਲ੍ਹ ਤਬਦਾਲੇ ਲਈ ਜੇਲ੍ਹ ਸੁਪਰਡੈਂਟਾਂ ਨੂੰ ਮੰਤਰੀਆਂ ਦੇ ਫੋਨ ਵੀ ਆਉਂਦੇ ਹਨ। ਜਿਸ ਜੇਲ੍ਹ ਵਿੱਚ ਵੀ.ਆਈ.ਪੀ. ਬੰਦੀ ਨੂੰ ਸੌਖ ਮਹਿਸੂਸ ਹੁੰਦੀ ਹੈ, ਉਸ ਜੇਲ੍ਹ ਬਾਰੇ ਉਹ ਸਿਫ਼ਾਰਸ਼ ਕਰਾ ਲੈਂਦੇ ਹਨ।

                              ਖਬਰ ਦਾ ਅਸਰ
       ਪਾਵਰਕੌਮ ਦਾ ਮੋਤੀ ਮਹਿਲ 'ਤੇ ਛਾਪਾ
                            ਰਵੇਲ ਸਿੰਘ ਭਿੰਡਰ
ਪਟਿਆਲਾ : ਪਾਵਰਕੌਮ ਦੀ ਟੀਮ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਛਾਪਾ ਮਾਰਿਆ। ਬਿਜਲੀ ਅਧਿਕਾਰੀਆਂ ਨੇ ਉਥੇ ਬਿਜਲੀ ਮੀਟਰਾਂ 'ਚ ਵਿਚਲੀਆਂ ਗੜਬੜਾਂ ਅਤੇ ਬੇਨਿਯਮੀਆਂ ਦਾ ਜਾਇਜ਼ਾ ਲਿਆ ਅਤੇ ਜਿਨ੍ਹਾਂ ਮੀਟਰਾਂ ਦੀਆਂ ਸੀਲਾਂ ਟੁੱਟੀਆਂ ਸਨ, ਉਨ੍ਹਾਂ ਨੂੰ ਮੁੜ ਲਗਾ ਦਿੱਤਾ ਗਿਆ। ਟੀਮ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਆਪਣੀ ਰਿਪੋਰਟ ਦੇਰ ਰਾਤ ਨਿਗਮ ਅਧਿਕਾਰੀਆਂ ਸੌਂਪ ਦਿੱਤੀ। ਦੱਸਣਯੋਗ ਹੈ ਕਿ ਅੱਜ 'ਪੰਜਾਬੀ ਟ੍ਰਿਬਿਊਨ' ਵਿਚ ਇਸ ਸਬੰਧੀ ਖ਼ਬਰ ਛਪੀ ਸੀ, ਜਿਸ ਦਾ ਨਿਗਮ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਅਤੇ ਫੌਰੀ ਕਾਰਵਾਈ ਕੀਤੀ। ਛਾਪਾਮਾਰੀ ਟੀਮ ਨੇ ਉਹ ਸੀਲਾਂ ਲਗਾਂ ਦਿੱਤੀਆ ਅਤੇ ਬਾਕੀ ਕਾਰਵਾਈ ਲਈ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਪਤਾ ਲੱਗਾ ਹੈ ਕਿ ਇਸ ਮੌਕੇ ਸ੍ਰੀ ਅਮਰਿੰਦਰ ਸਿੰਘ ਘਰ ਨਹੀਂ ਸਨ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵਿਦੇਸ਼ ਰਾਜ ਮੰਤਰੀ ਹਨ।
                                                      ਮੋਤੀ ਮਹਿਲ ਚੋਂ ਬਾਹਰ ਹੋਣਗੇ ਮੀਟਰ
                                                                      ਚਰਨਜੀਤ ਭੁੱਲਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰੇਲੂ ਬਿਜਲੀ ਦੇ ਮੀਟਰ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ 'ਚੋਂ ਬਾਹਰ ਕੱਢੇ ਜਾ ਰਹੇ ਹਨ। ਪਾਵਰਕੌਮ ਦੀ ਲਿਖਤੀ ਸੂਚਨਾ ਅਨੁਸਾਰ ਮੀਟਰ ਕੱਢਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਮੋਤੀ ਮਹਿਲ ਵਿੱਚ ਇਸ ਵੇਲੇ 10 ਬਿਜਲੀ ਮੀਟਰ ਹਨ ਜਿਨ੍ਹਾਂ ਚੋਂ ਪੰਜ ਮੀਟਰ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਹਨ। ਇੱਕ ਮੀਟਰ ਮੋਤੀ ਮਹਿਲ ਦੇ ਗੇਟ ਨੰਬਰ ਦੋ ਤੇ ਲੱਗਾ ਹੋਇਆ ਹੈ ਜੋ ਐਸ.ਐਸ.ਪੀ ਦੇ ਨਾਮ ਤੇ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਅਰੁਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਘਰਾਂ ਤੋਂ ਬਾਹਰ ਮੀਟਰ ਕੱਢਣ ਦਾ ਕੰਮ ਚੱਲ ਰਿਹਾ ਹੈ। ਪੰਜਾਬੀ ਟ੍ਰਿਬਿਊਨ ਵਲੋ ਅਮਰਿੰਦਰ ਸਿੰਘ ਦੇ ਮੀਟਰਾਂ ਦੀ ਰੀਡਿੰਗ ਜੀਰੋ ਹੋਣ ਦਾ ਜਦੋ ਮਾਮਲਾ ਉਭਾਰਿਆ ਗਿਆ ਤਾਂ ਪਾਵਰਕੌਮ ਹਰਕਤ ਵਿੱਚ ਆ ਗਈ। ਉਂਜ ਪਾਵਰਕੌਮ ਦੇ ਅਧਿਕਾਰੀ ਫਿਰ ਵੀ ਡਰਦੇ ਰਹੇ। ਇਨਫੋਰਸਮੈਂਟ ਵਿੰਗ ਵੀ ਇਸ ਮਾਮਲੇ ਵਿੱਚ ਕਈ ਵਰ੍ਹਿਆਂ ਤੋ ਚੁੱਪ ਹੀ ਬੈਠਾ ਰਿਹਾ ਹੈ ਅਤੇ ਹੁਣ ਵੀ ਇਨਫੋਰਸਮੈਂਟ ਦੇ ਅਧਿਕਾਰੀ ਟਾਲਾ ਹੀ ਵੱਟ ਰਹੇ ਹਨ।
         ਪਾਵਰਕੌਮ ਨੇ ਵੱਖਰੀ ਲਿਖਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਜੱਦੀ ਰਿਹਾਇਸ਼ ਦਾ ਮੀਟਰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੀ ਸਾਬਕਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਬਿਜਲੀ ਦਾ ਮੀਟਰ ਵੀ ਉਨ੍ਹਾਂ ਦੀ ਰਿਹਾਇਸ਼ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

Saturday, June 23, 2012

                                                                         ਕ੍ਰਿਸ਼ਮਾ
                                     ਮੋਤੀ ਮਹਿਲ ਦਾ ਬਿਜਲੀ ਬਿੱਲ 25 ਰੁਪਏ !
                                                                    ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਅਮਰਿੰਦਰ ਸਿੰਘ ਦਾ ਇੱਕ ਮਹੀਨੇ ਦਾ ਬਿਜਲੀ ਬਿੱਲ 25 ਰੁਪਏ ਆਉਂਦਾ ਰਿਹਾ ਹੈ। ਮਤਲਬ ਕਿ ਮੋਤੀ ਮਹਿਲ 'ਚ ਪ੍ਰਤੀ ਦਿਨ 83 ਪੈਸੇ ਦੀ ਬਿਜਲੀ ਦੀ ਖਪਤ ਹੁੰਦੀ ਰਹੀ ਹੈ। ਪਟਿਆਲਾ ਦੇ ਮੋਤੀ ਮਹਿਲ 'ਚ ਏਦਾ ਦੇ ਪੰਜ ਬਿਜਲੀ ਮੀਟਰ ਹਨ ਜਿਨ•ਾਂ ਦੀ ਬਿਜਲੀ ਖਪਤ ਜੀਰੋ ਰਹੀ ਹੈ। ਇਨ•ਾਂ ਮੀਟਰਾਂ ਦੇ ਬਿਜਲੀ ਬਿੱਲ ਤੋਂ ਜਿਆਦਾ ਬਿੱਲ ਤਾਂ ਦਰਜਾ ਚਾਰ ਮੁਲਾਜ਼ਮਾਂ ਦਾ ਬਿੱਲ ਆ ਜਾਂਦਾ ਹੈ। ਮੋਤੀ ਮਹਿਲ ਵਿੱਚ ਬਿਜਲੀ ਦੇ ਕੁੱਲ ਗਿਆਰਾਂ ਮੀਟਰ ਹਨ ਜਿਨ•ਾਂ ਚੋਂ ਇੱਕ ਮੀਟਰ ਹੀ ਸਲਾਮਤ ਹੈ। ਬਾਕੀ ਕਿਸੇ ਮੀਟਰ ਦੇ ਬਕਸੇ ਦੀ ਸੀਲ ਟੁੱਟੀ ਹੋਈ ਹੈ ਅਤੇ ਕਿਸੇ ਮੀਟਰ ਦੇ ਟਰਮੀਨਲ ਦੀ ਸੀਲ ਟੁੱਟੀ ਹੋਈ ਹੈ। ਬਿਜਲੀ ਕੀਮਤਾਂ 'ਚ ਕਿੰਨਾ ਵੀ ਵਾਧਾ ਹੋਵੇ ਪ੍ਰੰਤੂ ਮੋਤੀ ਮਹਿਲ 'ਤੇ ਬਹੁਤਾ ਅਸਰ ਨਹੀਂ ਪੈਣਾ ਹੈ। ਬਿਜਲੀ ਲੋਡ 'ਤੇ ਨਜ਼ਰ ਮਾਰੀਏ ਤਾਂ ਗਿਆਰਾਂ ਚੋਂ ਤਿੰਨ ਮੀਟਰਾਂ ਦਾ ਬਿਜਲੀ ਲੋਡ ਵੀ ਅੱਧਾ ਕਿਲੋਵਾਟ ਤੱਕ ਹੈ ਜਦੋਂ ਕਿ ਪੰਜ ਮੀਟਰਾਂ ਦਾ ਬਿਜਲੀ ਲੋਡ ਇੱਕ ਕਿਲੋਵਾਟ ਤੱਕ ਹੈ। ਪਾਵਰਕੌਮ ਦੇ ਵਧੀਕ ਨਿਗਰਾਨ ਇੰਜੀਨੀਅਰ (ਕਮਰਸ਼ੀਅਲ ਮੰਡਲ) ਪਟਿਆਲਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 2694 ਮਿਤੀ 6 ਜੂਨ 2012 ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਤੋਂ ਇਹ ਤੱਥ ਸਾਹਮਣੇ ਆਏ ਹਨ।
        ਸਰਕਾਰੀ ਸੂਚਨਾ ਅਨੁਸਾਰ ਮੋਤੀ ਮਹਿਲ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਖਾਤਾ ਨੰਬਰ ਪੀ.ਜੀ-08/0393 ਤਹਿਤ ਬਿਜਲੀ ਦਾ ਮੀਟਰ ਹੈ ਜਿਸ ਦਾ ਸੈਕਸ਼ਨ ਲੋਡ 0.50 ਕਿਲੋਵਾਟ ਹੈ। ਇਸ ਮੀਟਰ ਦੀ ਸਿਰਫ ਦੋ ਮਹੀਨਿਆਂ ਨੂੰ ਛੱਡ ਕੇ ਜਨਵਰੀ 2008 ਤੋਂ ਦਸੰਬਰ 2011 (40 ਮਹੀਨੇ) ਤੱਕ ਬਿਜਲੀ ਖਪਤ ਜੀਰੋ ਆ ਰਹੀ ਹੈ। ਇਸ ਮੀਟਰ ਦਾ ਬਿਜਲੀ ਬਿੱਲ ਪ੍ਰਤੀ ਮਹੀਨਾ 22 ਰੁਪਏ ਤੱਕ ਰਿਹਾ ਹੈ। ਸੂਚਨਾ ਅਨੁਸਾਰ ਇਸ ਮੀਟਰ ਦੇ ਬਕਸੇ ਦੀ ਸੀਲ ਵੀ ਟੁੱਟੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ  ਖਾਤਾ ਨੰਬਰ ਪੀ.ਜੀ-08/0392 ਤਹਿਤ ਵੀ ਬਿਜਲੀ ਮੀਟਰ ਹੈ ਜਿਸ ਦਾ ਸੈਕਸ਼ਨ ਲੋਡ 0.46 ਕਿਲੋਵਾਟ ਹੈ। ਇਸ ਮੀਟਰ ਦੇ ਬਕਸੇ ਦੀ ਵੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦੀ ਜਨਵਰੀ 2008 ਤੋਂ ਜੁਲਾਈ 2008 ਤੱਕ ਬਿਜਲੀ ਖਪਤ ਜੀਰੋ ਰਹੀ ਹੈ ਅਤੇ ਇਸੇ ਤਰ•ਾਂ ਅਕਤੂਬਰ 2010 ਤੋਂ ਫਰਵਰੀ 2011 (6 ਮਹੀਨੇ) ਤੱਕ ਵੀ ਬਿਜਲੀ ਖਪਤ ਜੀਰੋ ਹੀ ਰਹੀ ਹੈ ਉਜ ਇਸ ਮੀਟਰ ਦਾ ਦਸੰਬਰ 2011 ਵਿੱਚ ਦੋ ਮਹੀਨੇ ਦਾ ਬਿਜਲੀ ਬਿੱਲ 1167 ਰੁਪਏ ਆਇਆ ਸੀ ਜਦੋਂ ਕਿ ਉਸ ਤੋਂ ਪਹਿਲਾਂ ਲੰਘੇ ਤਿੰਨ ਵਰਿ•ਆਂ ਵਿੱਚ ਕਿਸੇ ਵੀ ਮਹੀਨੇ ਦਾ ਬਿਜਲੀ ਬਿੱਲ 100 ਰੁਪਏ ਤੋਂ ਵਧਿਆ ਨਹੀਂ ਹੈ। ਏਦਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਵਾਲੇ ਇੱਕ ਹੋਰ ਬਿਜਲੀ ਮੀਟਰ ਦਾ ਹਾਲ ਹੈ ਜਿਸ ਦਾ ਖਾਤਾ ਨੰਬਰ ਪੀ.ਜੀ-08/0391 ਹੈ ਅਤੇ ਸੈਕਸ਼ਨ ਲੋਡ 0.80 ਕਿਲੋਵਾਟ ਹੈ।
         ਪਾਵਰਕੌਮ ਦੀ ਸੂਚਨਾ ਅਨੁਸਾਰ ਇਸ ਮੀਟਰ ਦੀ ਫਰਵਰੀ 2011 ਤੋਂ ਦਸੰਬਰ 2011ਤੱਕ ਬਿਜਲੀ ਖਪਤ ਜੀਰੋ ਯੂਨਿਟ ਆ ਰਹੀ ਹੈ। ਇਸ ਸਮੇਂ ਦੌਰਾਨ ਕਿਸੇ ਵੀ ਮਹੀਨੇ ਦਾ ਬਿਜਲੀ ਬਿੱਲ 33 ਰੁਪਏ ਤੋਂ ਵਧਿਆ ਨਹੀਂ ਹੈ।  ਜਨਵਰੀ 2008 ਤੋਂ ਹੁਣ ਤੱਕ ਚਾਰ ਮਹੀਨੇ ਇਹ ਮੀਟਰ ਖਰਾਬ ਰਿਹਾ ਹੈ ਜਦੋਂ ਕਿ ਦੋ ਮਹੀਨੇ ਮੀਟਰ ਵਿੱਚ ਫਰਕ ਹੋਣ ਦੀ ਰਿਪੋਰਟ ਹੋਈ ਹੈ। ਦਸੰਬਰ 2010 ਮੀਟਰ ਬਦਲੀ ਕੀਤਾ ਗਿਆ ਸੀ। ਦਸੰਬਰ 2011 ਵਿੱਚ ਇਸ ਮੀਟਰ ਦੇ ਬਕਸੇ ਦੀ ਸੀਲ ਟੁੱਟੇ ਹੋਣ ਦੀ ਰਿਪੋਰਟ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਖਾਤਾ ਨੰਬਰ ਪੀ.ਜੀ-08/0385  ਤਹਿਤ ਵੀ ਬਿਜਲੀ ਮੀਟਰ ਹੈ ਜਿਸ ਦਾ ਸੈਕਸ਼ਨ ਲੋਡ 10.35 ਕਿਲੋਵਾਟ ਹੈ। ਜਦੋਂ ਇਹ ਮੀਟਰ ਠੀਕ ਸੀ ਤਾਂ ਉਦੋਂ ਨਵੰਬਰ 2007 ਦੇ ਦੋ ਮਹੀਨਿਆਂ ਦਾ ਬਿਜਲੀ ਬਿੱਲ 92239 ਰੁਪਏ ਆਇਆ ਸੀ ਅਤੇ ਉਦੋਂ ਇਨ•ਾਂ ਦੋ ਮਹੀਨਿਆਂ ਦੀ ਬਿਜਲੀ ਖਪਤ 20897 ਯੂਨਿਟ ਰਹੀ ਸੀ। ਮਈ 2008 'ਚ ਇਹ ਮੀਟਰ ਬਦਲ ਦਿੱਤਾ ਗਿਆ। ਨਵੰਬਰ 2008 ਅਤੇ ਫਿਰ ਅਕਤੂਬਰ 2009 'ਚ ਇਸ ਮੀਟਰ ਦੇ ਟਰਮੀਨਲ ਦੀ ਸੀਲ ਟੁੱਟਣ ਦੀ ਰਿਪੋਰਟ ਹੋਈ ਸੀ। ਦਸੰਬਰ 2011 ਵਿੱਚ ਮੀਟਰ ਬਕਸੇ ਦੀ ਸੀਲ ਟੁੱਟਣ ਦਾ ਸਰਕਾਰੀ ਰਿਕਾਰਡ ਵਿੱਚ ਵੇਰਵਾ ਦਰਜ ਹੈ। ਅਮਰਿੰਦਰ ਸਿੰਘ ਦੇ ਨਾਮ ਵਾਲੇ ਇੱਕ ਹੋਰ ਬਿਜਲੀ ਮੀਟਰ (ਖਾਤਾ ਨੰਬਰ ਪੀ.ਜੀ-08/0394) ਦਾ ਸੈਕਸ਼ਨ ਲੋਡ 0.50 ਕਿਲੋਵਾਟ ਹੈ। ਆਖਰੀ ਦਸੰਬਰ 2011 ਵਿੱਚ ਹੋਈ ਰਿਪੋਰਟ ਮੁਤਾਬਿਕ ਇਸ ਮੀਟਰ ਦੇ ਬਕਸੇ ਦੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦਾ ਦਸੰਬਰ 2011 ਵਿੱਚ ਬਿਜਲੀ ਬਿੱਲ 1932 ਰੁਪਏ ਆਇਆ ਹੈ।
        ਵੇਰਵਿਆਂ ਅਨੁਸਾਰ ਮੋਤੀ ਮਹਿਲ 'ਚ ਬਿਜਲੀ ਦੇ ਚਾਰ ਮੀਟਰ ਕੰਪਟਰੋਲਰ ਆਫ ਦਾ ਹਾਊਸ (ਐਚ) ਦੇ ਨਾਮ 'ਤੇ ਹਨ। ਇਸ ਨਾਮ 'ਤੇ ਇੱਕ ਮੀਟਰ ਖਾਤਾ ਨੰਬਰ ਪੀ.ਜੀ-08/0401 ਹੈ ਜਿਸ ਦਾ ਲੋਡ 1 ਕਿਲੋਵਾਟ ਹੈ। ਇਸ ਮੀਟਰ ਦਾ ਆਖਰੀ ਦਸੰਬਰ 2011 ਦਾ ਬਿਜਲੀ ਬਿੱਲ ਸਿਰਫ ਇੱਕ ਯੂਨਿਟ ਆਇਆ ਹੈ ਜਿਸ ਦਾ ਬਿੱਜਲੀ ਬਿੱਲ 82 ਰੁਪਏ ਬਣਿਆ ਹੈ। ਮਾਰਚ 2008 ਤੋਂ ਹੁਣ ਤੱਕ ਇਸ ਮੀਟਰ ਦਾ ਬਿਜਲੀ ਬਿਲ ਕਦੇ ਵੀ 200 ਰੁਪਏ ਪ੍ਰਤੀ ਮਹੀਨਾ ਤੋਂ ਵਧਿਆ ਨਹੀਂ ਹੈ। ਦਸੰਬਰ 2011 ਵਿੱਚ ਇਹ ਮੀਟਰ ਸੜਣ ਦੀ ਰਿਪੋਰਟ ਹੈ। ਇਸੇ ਨਾਮ 'ਤੇ ਮੀਟਰ ਖਾਤਾ ਨੰਬਰ ਪੀ.ਜੀ-08/0399 ਹੈ ਜਿਸ ਦਾ ਲੋਡ ਇੱਕ ਕਿਲੋਵਾਟ ਹੈ। ਜਨਵਰੀ 2008 ਤੋਂ ਹੁਣ ਤੱਕ ਇਸ ਮੀਟਰ ਦੀ 28 ਮਹੀਨੇ ਬਿਜਲੀ ਖਪਤ ਜੀਰੋ ਰਹੀ ਹੈ। ਦਸੰਬਰ 2011 ਦੀ ਬਿਜਲੀ ਖਪਤ 131 ਯੂਨਿਟ ਸੀ ਅਤੇ ਇਸੇ ਮਹੀਨੇ 'ਚ ਬਕਸੇ ਦੀ ਸੀਲ ਟੁੱਟੇ ਹੋਣ ਦੀ ਰਿਪੋਰਟ ਰਿਕਾਰਡ ਵਿੱਚ ਦਰਜ ਕੀਤੀ ਗਈ ਸੀ। ਕੰਪਟਰੋਲਰ ਦੇ ਨਾਮ 'ਤੇ ਹੀ ਪੀ.ਜੀ-08/0400 ਮੀਟਰ ਹੈ ਜਿਸ ਦਾ ਲੋਡ ਇੱਕ ਕਿਲੋਵਾਟ ਹੈ। ਇਸ ਮੀਟਰ ਦੀ ਨਵੰਬਰ 2007 ਤੋਂ ਜੁਲਾਈ 2009(22 ਮਹੀਨੇ) ਬਿਜਲੀ ਖਪਤ ਜੀਰੋ ਰਹੀ ਹੈ। ਦਸੰਬਰ 2011 ਵਿੱਚ ਦੋ ਮਹੀਨੇ ਦਾ ਬਿਜਲੀ ਬਿੱਲ 2012 ਰੁਪਏ ਆਇਆ ਅਤੇ ਇਸੇ ਸਮੇਂ 'ਤੇ ਬਕਸੇ ਦੀ ਸੀਲ ਟੁੱਟੀ ਹੋਈ ਸੀ। ਖਾਤਾ ਨੰਬਰ ਪੀ.ਜੀ-08/0398 (ਸੈਕਸ਼ਨ ਲੋਡ ਇੱਕ ਕਿਲੋਵਾਟ) ਦੀ ਦਸੰਬਰ 2011 ਵਿੱਚ ਬਕਸੇ ਦੀ ਸੀਲ ਟੁੱਟੀ ਹੋਈ ਸੀ।
          ਇਸ ਮੀਟਰ ਦਾ ਆਖਰੀ ਦਸੰਬਰ 2011 ਵਿੱਚ ਬਿੱਲ 1104 ਰੁਪਏ ਆਇਆ ਸੀ। ਮੋਤੀ ਮਹਿਲ ਵਿੱਚ ਜੋ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ 'ਤੇ ਖਾਤਾ ਨੰਬਰ ਐਮ.ਪੀ-3/7 ਵਾਲਾ ਬਿਜਲੀ ਮੀਟਰ ਹੈ, ਉਸ ਸਹੀ ਸਲਾਮਤ ਹੈ, ਉਸ ਦਾ ਤਾਜਾ ਦੋ ਮਹੀਨਿਆਂ ਦਾ ਬਿੱਲ 18794 ਰੁਪਏ ਆਇਆ ਹੈ। ਇਹ ਮੀਟਰ ਵੀ ਸਹੀ ਹੈ ਅਤੇ ਇਸ ਦੀ ਖਪਤ ਵੀ ਸਹੀ ਹੈ। ਇਸ ਮੀਟਰ 'ਤੇ ਕਦੇ ਵੀ ਕੋਈ ਉਂਗਲ ਨਹੀਂ ਉਠੀ ਹੈ। ਮੋਤੀ ਮਹਿਲ ਦੇ ਗੇਟ ਨੰਬਰ ਦੋ 'ਤੇ ਖਾਤਾ ਨੰਬਰ ਪੀ.ਜੀ-08/0402 ਤਹਿਤ ਐਸ.ਐਸ.ਪੀ ਦੇ ਨਾਮ ਤੇ ਮੀਟਰ ਹੈ ਜਿਸ ਦਾ ਲੋਡ ਤਿੰਨ ਕਿਲੋਵਾਟ ਹੈ, ਉਸ ਦੇ ਬਕਸੇ ਦੀ ਵੀ ਸੀਲ ਟੁੱਟੀ ਹੋਈ ਹੈ। ਇਸ ਮੀਟਰ ਦੀ ਬਿਜਲੀ ਖਪਤ ਪ੍ਰਤੀ ਮਹੀਨਾ 400 ਯੂਨਿਟ ਤੋਂ 600 ਯੂਨਿਟ ਤੱਕ ਹੈ। ਸੂਤਰ ਆਖਦੇ ਹਨ ਕਿ ਭਾਵੇਂ ਕਾਰਨ ਕੁਝ ਵੀ ਹੋਵੇ ਪ੍ਰੰਤੂ ਦਲਿਤ ਵਿਹੜਿਆਂ ਦੇ ਘਰਾਂ ਦਾ ਬਿਜਲੀ ਬਿੱਲ ਵੀ ਇਸ ਤੋਂ ਕਿਤੇ ਜਿਆਦਾ ਆਉਂਦਾ ਹੈ। ਕਿਸੇ ਘਰ ਦੀ ਸੀਲ ਜਾਂ ਟਰਮੀਨਲ ਟੁੱਟਿਆ ਮਿਲ ਜਾਵੇ ਤਾਂ ਪਾਵਰਕੌਮ ਦੇ ਅਧਿਕਾਰੀ ਹੱਥੋਂ ਹੱਥ ਕਾਰਵਾਈ ਕਰਦੇ ਹਨ। ਜਿਸ ਤੋਂ ਸਾਫ ਹੈ ਕਿ ਪਾਵਰਕੌਮ ਦੀ ਸਖਤੀ ਗਰੀਬ ਲੋਕਾਂ ਲਈ ਹੈ ,ਨਾ ਕਿ ਵੱਡੇ ਲੋਕਾਂ ਲਈ।
                                           ਮੀਟਰਾਂ ਤੇ ਬਿਲਾਂ ਦੀ ਚੈਕਿੰਗ ਕਰਾਂਗੇ- ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਅਰੁਨ ਵਰਮਾ ਦਾ ਕਹਿਣਾ ਸੀ ਕਿ ਉਨ•ਾਂ ਦੇ ਧਿਆਨ ਵਿੱਚ ਮੋਤੀ ਮਹਿਲ ਦਾ ਮਾਮਲਾ ਨਹੀਂ ਹੈ ਪ੍ਰੰਤੂ ਉਹ ਹੁਣ ਮੀਟਰ ਅਤੇ ਬਿੱਲਾਂ ਦੀ ਚੈਕਿੰਗ ਕਰਨਗੇ ਤਾਂ ਜੋ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ। ਉਨ•ਾਂ ਇਹ ਵੀ ਦੱਸਿਆ ਕਿ ਉਂਝ ਤਾਂ ਇੱਕ ਚਾਰਦਵਾਰੀ ਦੇ ਅੰਦਰ ਇੱਕ ਤੋਂ ਵੱਧ ਮੀਟਰ ਵੀ ਨਹੀਂ ਲੱਗ ਸਕਦੇ ਹਨ ਪ੍ਰੰਤੂ ਮੋਤੀ ਮਹਿਲ ਦੀ ਜਾਣਕਾਰੀ ਨਹੀਂ ਹੈ। ਪਾਵਰਕੌਮ ਦੇ ਸਬੰਧਿਤ ਐਸ.ਡੀ.ਓ ਸ੍ਰੀ ਜਤਿੰਦਰ ਗਰਗ ਦਾ ਕਹਿਣਾ ਸੀ ਕਿ ਮੋਤੀ ਮਹਿਲ ਦੇ ਜੋ ਮੀਟਰ ਚੱਲਦੇ ਨਹੀਂ ਹਨ,ਉਨ•ਾਂ ਦਾ ਬਿੱਲ ਘੱਟ ਆਉਂਦਾ ਹੈ। ਉਨ•ਾਂ ਦੱਸਿਆ ਕਿ ਬਹੁਤੇ ਮੀਟਰਾਂ 'ਤੇ ਬਿਜਲੀ ਦਾ ਲੋਡ ਹੀ ਪੈਂਦਾ ਨਹੀਂ ਹੈ ਜਿਸ ਕਰਕੇ ਬਿਜਲੀ ਦੀ ਖਪਤ ਜੀਰੋ ਰਹਿੰਦੀ ਹੈ।

Thursday, June 21, 2012

                             ਪੰਜਾਬ ਬਜਟ
                ਦੁੱਖਾਂ 'ਚ ਵੀ ਪਾਈ ਵੰਡੀ
                            ਚਰਨਜੀਤ ਭੁੱਲਰ
ਬਠਿੰਡਾ : ਕੇਹਾ ਇਨਸਾਫ ਹੈ ਕਿ ਖੁਦਕਸ਼ੀ ਕਰਨ ਵਾਲੇ ਕਿਸਾਨ ਤੇ ਕਾਮੇ ਵੀ ਵੰਡ ਦਿੱਤੇ ਗਏ ਹਨ। ਪੰਜਾਬ ਬਜਟ ਨੇ ਦੁੱਖਾਂ ਵਿੱਚ ਵੀ ਲਕੀਰ ਖਿੱਚ ਦਿੱਤੀ ਹੈ। ਇਸ ਨੂੰ ਕਾਣੀ ਵੰਡ ਹੀ ਕਿਹਾ ਜਾ ਸਕਦਾ ਹੈ। ਪੰਜਾਬ ਬਜਟ ਨੇ ਖ਼ੁਦਕਸ਼ੀ ਕਰਨ ਵਾਲੇ ਕਿਸੇ ਕਿਸਾਨ ਦੀ ਵਿਧਵਾ ਨੂੰ ਧਰਵਾਸ ਦਿੱਤਾ ਹੈ, ਜਦੋਂ ਕਿ ਕਿਸੇ ਵਿਧਵਾ ਦਾ ਮਨ ਖੱਟਾ ਕਰ ਦਿੱਤਾ ਹੈ। ਪੰਜਾਬ ਬਜਟ ਵਿੱਚ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਦੇ ਕਮਾਊ ਜੀਅ ਸਾਲ 2001 ਤੋਂ ਮਗਰੋਂ ਖ਼ੁਦਕਸ਼ੀ ਕਰ ਗਏ ਸਨ, ਜਿਨ੍ਹਾਂ ਕਿਸਾਨ ਪਰਿਵਾਰਾਂ ਦੇ ਜੀਅ ਸਾਲ 2001 ਤੋਂ ਪਹਿਲਾਂ ਖ਼ੁਦਕਸ਼ੀ ਕਰ ਗਏ, ਉਨ੍ਹਾਂ ਪਰਿਵਾਰਾਂ ਨੂੰ ਫਿਲਹਾਲ ਕੋਈ ਮਾਲੀ ਮਦਦ ਨਹੀਂ ਮਿਲੇਗੀ।
            ਪੰਜਾਬ ਬਜਟ ਵਿੱਚ ਸਿਰਫ ਖ਼ੁਦਕਸ਼ੀ ਕਰਨ ਵਾਲੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਜੀਅ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਦੇ ਕਮਾਊ ਜੀਆਂ ਨੇ ਸਾਲ 2001 ਤੋਂ 2010 ਦੌਰਾਨ ਖ਼ੁਦਕਸ਼ੀ ਕੀਤੀ ਹੈ। ਬਜਟ ਅਨੁਸਾਰ ਸਾਲ 2012-13 ਲਈ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਆਸ਼ਰਿਤਾਂ ਲਈ 30 ਕਰੋੜ ਰੁਪਏ ਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ ਵੱਲੋਂ ਕਿਸਾਨਾਂ ਅਤੇ ਕਾਮਿਆਂ ਦੀਆਂ ਆਤਮ ਹੱਤਿਆਵਾਂ ਸਬੰਧੀ ਅਧਿਐਨ ਸ਼ੁਰੂ ਕਰਵਾਇਆ ਹੈ। ਸਰਕਾਰ ਉਨ੍ਹਾਂ ਅਧਿਐਨ ਰਿਪੋਰਟਾਂ ਦਾ ਨਿਰੀਖਣ ਕਰੇਗੀ ਅਤੇ ਆਤਮ ਹੱਤਿਆ ਦੇ ਅਸਲ ਕਾਰਨਾਂ ਦਾ ਹੱਲ ਕਰਨ ਦੀ ਯਤਨ ਕਰੇਗੀ। ਅਜਿਹੇ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਸਾਲ 2012-13 ਤੋਂ 2 ਲੱਖ ਰੁਪਏ ਦੀ ਵਿੱਤੀ ਮਦਦ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਸਪੱਸ਼ਟ ਹੈ ਕਿ ਸਰਕਾਰੀ ਸਰਵੇਖਣ ਵਿੱਚ ਸ਼ਾਮਲ ਪਰਿਵਾਰਾਂ ਨੂੰ ਹੀ ਮਾਲੀ ਮਦਦ ਮਿਲਣੀ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਵੱਲੋਂ ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਸਾਲ 2001 ਤੋਂ ਸਾਲ 2008 ਤੱਕ ਦਾ ਸਰਵੇਖਣ ਕੀਤਾ ਹੈ ਅਤੇ ਇਸ ਸਮੇਂ ਦੌਰਾਨ 2890 ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕਸ਼ੀ ਕੀਤੀ ਗਈ ਹੈ। ਸਾਲ 2001 ਤੋਂ ਸਾਲ 2010 ਤੱਕ ਪੰਜਾਬ ਵਿੱਚ ਸਰਕਾਰੀ ਸਰਵੇਖਣ ਅਨੁਸਾਰ ਕਰੀਬ 6700 ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕਸ਼ੀ ਕੀਤੀ ਗਈ ਹੈ। ਅਸਲ ਵਿੱਚ ਖ਼ੁਦਕਸ਼ੀਆਂ ਦਾ ਸਿਲਸਿਲਾ ਪੰਜਾਬ ਵਿੱਚ ਸਾਲ 1990 ਤੋਂ ਹੀ ਸ਼ੁਰੂ ਹੋ ਗਿਆ ਸੀ।
           ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ  ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਸਾਲ 2001 ਤੋਂ ਮਗਰੋਂ ਕਿਸਾਨਾਂ ਦੇ ਪਰਿਵਾਰਾਂ ਲਈ ਮਾਲੀ ਮਦਦ ਲੈਣਗੇ ਅਤੇ ਉਸ ਮਗਰੋਂ ਸਾਲ 1990 ਤੋਂ 2000 ਦੌਰਾਨ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਿਵਾਉਣ ਲਈ ਸੰਘਰਸ਼ ਲੜਨਗੇ। ਉਨ੍ਹਾਂ ਆਖਿਆ ਕਿ ਕਿਸਾਨ ਧਿਰਾਂ ਦੀ ਲੜਾਈ ਜਾਰੀ ਰਹੇਗੀ ਅਤੇ ਕਾਣੀ ਵੰਡ ਨਹੀਂ ਹੋਣ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਵੇਖਣ ਵਿੱਚ ਜਿਨ੍ਹਾਂ ਕਿਸਾਨਾਂ ਦੀ ਖ਼ੁਦਕਸ਼ੀ ਦਾ ਕਾਰਨ ਕਰਜ਼ਾ ਹੋਵੇਗਾ, ਉਸ ਨੂੰ ਹੀ ਮਾਲੀ ਮਦਦ ਮਿਲੇਗੀ, ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੇ ਪਰਿਵਾਰ ਹੋਰ ਸਰਕਾਰੀ ਖਾਕੇ ਵਿੱਚੋਂ ਬਾਹਰ ਹੋ ਜਾਣਗੇ, ਜਦੋਂ ਕਿ ਖ਼ੁਦਕਸ਼ੀ ਕਰਨ ਵਾਲੇ ਹਰ ਕਿਸਾਨ ਦਾ ਅਸਿੱਧਾ ਕਾਰਨ ਆਰਥਿਕ ਤੰਗੀ ਤੁਰਸ਼ੀ ਹੀ ਬਣਦਾ ਹੈ। ਖੇਤ ਮਜ਼ਦੂਰਾਂ ਨੂੰ ਮਿਲਣ ਵਾਲੀ ਮਾਲੀ ਮਦਦ 'ਤੇ ਵੀ ਇਸ ਤਰ੍ਹਾਂ ਸਵਾਲੀਆ ਨਿਸ਼ਾਨ ਲੱਗਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਤਾਂ ਕਰਜ਼ਾ ਮਿਲਦਾ ਹੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰੀ ਪੈਮਾਨੇ ਵਿੱਚੋਂ ਬਾਹਰ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਹੈ। ਉਨ੍ਹਾਂ ਆਖਿਆ ਕਿ ਤੰਗੀ ਤੁਰਸ਼ੀ ਹੀ ਮਜ਼ਦੂਰਾਂ ਦੀ ਜਾਨ ਲੈਣ ਦਾ ਕਾਰਨ ਬਣੀ ਹੈ, ਜਿਸ ਕਰਕੇ ਉਨ੍ਹਾਂ ਨੂੰ ਮਾਲੀ ਮਦਦ ਮਿਲਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਦੇ ਡਾ. ਸੁਖਪਾਲ ਸਿੰਘ ਜਿਨ੍ਹਾਂ ਵੱਲੋਂ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖ਼ੁਦਕਸ਼ੀ ਕਰਨ ਵਾਲੇ ਹਰ ਕਿਸਾਨ ਮਜ਼ਦੂਰ ਦੇ ਪਰਿਵਾਰ ਨੂੰ ਮਾਲੀ ਮਦਦ ਮਿਲਣੀ ਚਾਹੀਦੀ ਹੈ ਕਿਉਂਕਿ ਹਰ ਖ਼ੁਦਕਸ਼ੀ ਸਿੱਧੇ ਅਤੇ ਅਸਿੱਧੇ ਤੌਰ 'ਤੇ ਮਾਲੀ ਸੰਕਟ ਨਾਲ ਹੀ ਜੁੜੀ ਹੋਈ ਹੈ।
          ਪਿੰਡ ਬੁਰਜ ਸੇਮਾ ਦੀ ਵਿਧਵਾ ਲੀਲੋ ਕੌਰ ਦੀ ਬਾਂਹ ਪੰਜਾਬ ਬਜਟ ਨੇ ਨਹੀਂ ਫੜੀ ਹੈ। ਉਸ ਦਾ ਪਤੀ ਪਿਲੂ ਸਿੰਘ ਖੇਤੀ ਸੰਕਟ ਕਾਰਨ ਸਾਲ 1991 ਵਿੱਚ ਖ਼ੁਦਕਸ਼ੀ ਕਰ ਗਿਆ ਸੀ। ਉਸ ਦੇ ਸਿਰ 'ਤੇ ਕਰਜ਼ੇ ਦੀ ਪੰਡ ਸੀ, ਜਿਸ ਨੂੰ ਉਤਾਰਨ ਲਈ ਜ਼ਮੀਨ ਵੀ ਵਿਕ ਗਈ। ਤਿੰਨ ਧੀਆਂ ਦਾ ਜਦੋਂ ਬਾਪ ਤੁਰ ਗਿਆ ਤਾਂ ਵਿਧਵਾ ਲੀਲੋ ਕੌਰ ਲਈ ਕੋਈ ਢਾਰਸ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤ ਤਾਂ ਸਭ ਤੋਂ ਪਹਿਲਾਂ ਸੁੰਨੇ ਹੋ ਗਏ ਸਨ, ਜਿਸ ਦੀ ਸਜ਼ਾ ਸਰਕਾਰ ਹੁਣ ਦੇ ਰਹੀ ਹੈ। ਪਿੰਡ ਨਰੂਆਣਾ ਦਾ ਕੁਲਦੀਪ ਸਿੰਘ ਤਾਂ ਖ਼ੁਦਕਸ਼ੀ ਕਰ ਗਿਆ ਹੈ ਪਰ ਹੁਣ ਉਸ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਮਿਲੇਗੀ। ਕਾਰਨ ਇਹ ਕਿ ਇਸ ਕਿਸਾਨ ਨੇ ਸਾਲ 2000 ਵਿੱਚ ਖ਼ੁਦਕਸ਼ੀ ਕੀਤੀ ਸੀ। ਪਿੰਡ ਚੱਠੇਵਾਲਾ ਦੇ ਕਿਸਾਨ ਆਗੂ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਤਿੰਨ ਚਾਰ ਖ਼ੁਦਕਸ਼ੀਆਂ ਹੋਈਆਂ ਹਨ, ਜੋ ਸਾਲ 2000 ਤੋਂ ਪਹਿਲਾਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਉਹ ਕਿਸਾਨ ਪਰਿਵਾਰ ਨਿਰਾਸ਼ ਹਨ ਪਰ ਕਿਸਾਨ ਧਿਰਾਂ ਇਨ੍ਹਾਂ ਪਰਿਵਾਰਾਂ ਲਈ ਵੀ ਲੜਾਈ ਲੜਨਗੀਆਂ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਆਖਿਆ ਕਿ ਪੰਜਾਬ ਬਜਟ ਨੇ ਕਿਸਾਨ ਪਰਿਵਾਰਾਂ ਦੀ ਇਹ ਕਾਣੀ ਵੰਡ ਕੀਤੀ ਹੈ ਅਤੇ ਮਾਲੀ ਮਦਦ ਸਾਰੇ ਪਰਿਵਾਰਾਂ ਨੂੰ ਦੇਣੀ ਬਣਦੀ ਹੈ।

Wednesday, June 20, 2012

                                      ਸ਼ਾਹੀ ਦੌਰਾ
         ਬਹਾਨਾ ਕਿਸਾਨਾਂ ਦਾ,ਸੈਰ ਪਹਾੜਾਂ ਦੀ
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੌਰੇ 'ਤੇ ਆਈ ਸੰਸਦੀ ਟੀਮ ਦੇ ਦੋ ਦਰਜਨ ਮੈਂਬਰ ਕੈਂਸਰ ਪੱਟੀ ਤੋਂ ਦੂਰ ਹੀ ਰਹੇ। ਸੰਸਦੀ ਕਮੇਟੀ ਦੇ ਸੱਤ ਮੈਂਬਰਾਂ ਨੇ ਹੀ ਦੋ ਦਿਨਾਂ ਦੌਰਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗ਼ੈਰਹਾਜ਼ਰ ਰਹੇ ਦੋ ਦਰਜਨ ਮੈਂਬਰਾਂ ਨੇ ਮਾਲਵੇ ਕਿਸਾਨਾਂ ਦੇ ਦੁੱਖ ਸੁਣਨ ਦੀ ਬਜਾਏ ਪਹਾੜਾਂ ਨੂੰ ਤਰਜੀਹ ਦਿੱਤੀ ਹੈ। ਸੰਸਦੀ ਕਮੇਟੀ ਦੀ ਪੂਰੀ ਟੀਮ ਦੇ 31 ਮੈਂਬਰਾਂ ਨੇ ਬਠਿੰਡਾ ਦੇ ਦੋ ਦਿਨਾਂ ਦੌਰੇ 'ਤੇ ਆਉਣਾ ਸੀ ਜਿਸ ਦਾ ਬਕਾਇਦਾ ਪ੍ਰੋਗਰਾਮ ਵੀ ਆਇਆ ਸੀ। ਕੱਲ੍ਹ ਸਿਰਫ ਸੱਤ ਮੈਂਬਰ ਹੀ ਪੁੱਜੇ ਜਦੋਂ ਕਿ ਬਾਕੀ ਦੋ ਦਰਜਨ ਮੈਂਬਰਾਂ ਦੇ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੀ ਰਹਿਣ ਦੀ ਖ਼ਬਰ ਮਿਲੀ ਹੈ। ਬਹੁਤੇ ਮੈਂਬਰ ਤਾਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਏ ਹੋਏ ਸਨ। ਕੋਈ ਵੀ ਸਰਕਾਰੀ ਅਧਿਕਾਰੀ ਇਸ ਮਸਲੇ 'ਚ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ। ਜਦੋਂ ਸੰਸਦੀ ਕਮੇਟੀ ਦੇ ਸਿਰਫ ਸੱਤ ਮੈਂਬਰ ਹੀ ਪੁੱਜੇ ਤਾਂ ਕਿਸਾਨ ਧਿਰਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਲੋਕ ਸਭਾ ਸਕੱਤਰੇਤ ਵੱਲੋਂ ਬਣੇ ਪ੍ਰੋਗਰਾਮ ਤਹਿਤ ਪੂਰੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦਾ ਦੌਰਾ ਕੀਤਾ ਜਾਣਾ ਸੀ। ਸੰਸਦੀ ਕਮੇਟੀ ਦੇ ਚੇਅਰਮੈਨ ਐਮ.ਪੀ. ਵਾਸੂਦੇਵ ਅਚਾਰੀਆ ਵੀ ਬਠਿੰਡਾ ਦੌਰੇ ਸਮੇਂ ਗ਼ੈਰਹਾਜ਼ਰ ਸਨ। ਉਨ੍ਹਾਂ ਦੀ ਥਾਂ ਟੀਮ ਦੀ ਅਗਵਾਈ ਸ਼ਸ਼ੀ ਭੂਸ਼ਨ ਐਮ.ਪੀ. ਨੇ ਕੀਤੀ। ਜੋ ਕਮੇਟੀ  ਮੈਂਬਰ ਬਠਿੰਡਾ ਦੌਰੇ 'ਤੇ ਪੁੱਜੇ,ਉਹ ਵੀ ਕੈਂਸਰ ਪੱਟੀ ਦੇ ਭੈਅ ਵਿੱਚ ਬੋਤਲਾਂ ਵਾਲਾ ਪਾਣੀ ਪੀਂਦੇ ਰਹੇ।
            ਇਸ ਟੀਮ ਦਾ ਬਠਿੰਡਾ ਦੌਰਾ ਕਰੀਬ ਪੰਜ ਲੱਖ 'ਚ ਪਿਆ ਹੈ। ਇਸ ਟੀਮ ਨੇ ਤਿੰਨ ਤਾਰਾ ਹੋਟਲ ਵਿੱਚ ਅਫ਼ਸਰਾਂ ਦੇ ਕਾਗਜ਼ੀ ਨਕਸ਼ੇ ਦੇਖੇ। ਜਦੋਂ ਕਿਸਾਨਾਂ ਦੀ ਵਾਰੀ ਆਈ ਤਾਂ ਟੀਮ ਕੋਲ ਸਮਾਂ ਨਹੀਂ ਸੀ। ਕਿਸਾਨ ਧਿਰਾਂ ਦੇ ਦੋ ਪ੍ਰਤੀਨਿਧ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਰਹੇ। ਬਠਿੰਡਾ ਦੇ ਸ਼ਾਪਿੰਗ ਮਾਲ ਦੇ ਕੰਫਰਟ ਇੰਨ ਹੋਟਲ ਵਿੱਚ ਸੰਸਦੀ ਟੀਮ ਦੀ ਇੱਕ ਦਿਨ ਦੀ ਠਹਿਰ 'ਤੇ ਕਰੀਬ ਤਿੰਨ ਲੱਖ ਰੁਪਏ ਖਰਚੇ ਗਏ ਹਨ। ਕਿਸਾਨਾਂ ਦੇ ਦੁੱਖੜੇ ਸੁਣਨ ਆਈ ਸੰਸਦੀ ਟੀਮ ਜ਼ਿਆਦਾ ਸਮਾਂ ਅਫ਼ਸਰਾਂ ਨਾਲ ਹੀ ਘਿਰੀ ਰਹੀ। ਸ਼ਹਿਰ ਦੇ ਕੰਫਰਟ ਇੰਨ ਹੋਟਲ ਵਿੱਚ 25 ਕਮਰੇ ਬੁੱਕ ਕਰਾਏ ਗਏ ਸਨ ਜਿਨ੍ਹਾਂ ਦਾ ਖਰਚਾ ਪ੍ਰਤੀ ਕਮਰਾ ਤਿੰਨ ਹਜ਼ਾਰ ਰੁਪਏ (ਸਿੰਗਲ ਬੈੱਡ) ਅਤੇ 3800 ਰੁਪਏ (ਡਬਲ ਬੈੱਡ) ਹੈ। ਕੱਲ੍ਹ ਸ਼ਾਮ ਇਹ ਸੰਸਦ ਮੈਂਬਰ ਪੁੱਜ ਗਏ ਸਨ ਜਿਨ੍ਹਾਂ ਨਾਲ ਰਾਜ ਸਰਕਾਰ ਦਾ ਅਮਲਾ ਫੈਲਾ ਵੀ ਸੀ। ਕਰੀਬ 70 ਵੀ.ਆਈ.ਪੀਜ਼. ਨੂੰ ਡਿਨਰ ਦਿੱਤਾ ਗਿਆ ਜਦੋਂ ਕਿ ਅੱਜ 100 ਵਿਅਕਤੀਆਂ ਨੂੰ ਲੰਚ ਵੀ ਦਿੱਤਾ ਗਿਆ। ਸਵੇਰੇ 50 ਵੀ.ਆਈ.ਪੀਜ਼. ਨੂੰ ਬਰੇਕਫਾਸਟ ਦਿੱਤਾ ਗਿਆ। ਕੰਫਰਟ ਇੰਨ ਹੋਟਲ ਦਾ ਤਿੰਨ ਲੱਖ ਰੁਪਏ ਦਾ ਬਿੱਲ ਬਣਨ ਦੀ ਸੰਭਾਵਨਾ ਹੈ। ਲੋਕ ਸਭਾ ਸਕੱਤਰੇਤ ਦੇ ਅੱਧੀ ਦਰਜਨ ਅਧਿਕਾਰੀ ਵੀ ਇਸ ਸੰਸਦੀ ਦਲ ਨਾਲ ਪੁੱਜੇ ਹੋਏ ਸਨ।
           ਖੇਤੀਬਾੜੀ ਵਿਭਾਗ ਵੱਲੋਂ ਇਸ ਟੀਮ ਨੂੰ ਕਰੀਬ 40 ਗੱਡੀਆਂ ਦਿੱਤੀਆਂ ਹੋਈਆਂ ਸਨ ਅਤੇ ਹਰ ਐਮ.ਪੀ. ਦੇ ਨਾਲ ਇੱਕ ਤਾਲਮੇਲ ਅਧਿਕਾਰੀ ਤਾਇਨਾਤ ਕੀਤੀ ਹੋਇਆ ਸੀ। ਚੰਡੀਗੜ੍ਹ ਤੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਬਠਿੰਡਾ ਦੌਰੇ 'ਤੇ ਸੱਤ ਮੈਂਬਰੀ ਵਫ਼ਦ ਦੇ ਨਾਲ ਸਨ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਤੋਹਫੇ ਵਜੋਂ 25 ਮੈਂਬਰਾਂ ਨੂੰ ਲੋਈਆਂ ਦਿੱਤੀਆਂ ਗਈਆਂ ਹਨ। ਬਠਿੰਡਾ ਦੀ ਕਲਾਥ ਮਾਰਕੀਟ 'ਚੋਂ ਖੇਤੀ ਵਿਭਾਗ ਨੇ ਪ੍ਰਤੀ ਲੋਈ 700 ਰੁਪਏ ਦਾ ਖਰਚ ਕੀਤਾ ਹੈ। ਜੋ ਫੁੱਲਾਂ ਦੇ ਗੁਲਦਸਤਿਆਂ ਅਤੇ ਹਾਰਾਂ ਦਾ ਖਰਚਾ ਹੈ,ਉਹ ਵੱਖਰਾ ਹੈ। ਕਰੀਬ 40 ਗੱਡੀਆਂ ਦਾ ਕਾਫ਼ਲਾ ਅੱਜ ਸੰਸਦੀ ਦਲ ਨਾਲ ਪਿੰਡ ਜੱਜਲ ਅਤੇ ਪਿੰਡ ਮਹਿਮਾ ਸਰਜਾ ਵੀ ਗਿਆ। ਜੋ ਪੈਟਰੋਲ ਖਰਚ ਆਇਆ ਹੈ,ਉਹ ਵੱਖਰਾ ਹੈ। ਕੰਫਰਟ ਇੰਨ ਦੇ ਮੈਨੇਜਰ ਸ੍ਰੀ ਅਸ਼ਵਨੀ ਦਾ ਕਹਿਣਾ ਹੈ ਕਿ ਹਾਲੇ ਕੁੱਲ ਖਰਚ ਦਾ ਹਿਸਾਬ ਕਿਤਾਬ ਨਹੀਂ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਕੌਮੀ ਬੀਜ ਕਾਰਪੋਰੇਸ਼ਨ ਵੱਲੋਂ ਆਓ ਭਗਤ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ। ਪੰਜਾਬ ਸੀਡ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਸੁਰਿੰਦਰ ਨੇ ਦੱਸਿਆ ਕਿ ਜੋ ਵੀ ਇਸ ਦੌਰੇ ਦਾ ਖਰਚਾ ਆਵੇਗਾ,ਉਸ ਦੇ ਬਿੱਲਾਂ ਦੀ ਪੂਰੀ ਲੋਕ ਸਭਾ ਸਕੱਤਰੇਤ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਸਕੱਤਰੇਤ ਦੀਆਂ ਹਦਾਇਤਾਂ ਅਨੁਸਾਰ ਹੀ ਪ੍ਰਾਹੁਣਚਾਰੀ 'ਤੇ ਖਰਚ ਕੀਤਾ ਗਿਆ ਹੈ।
                             ਉਦਾਸ ਜੱਜਲ
       ਜਦੋਂ ਵਗਿਆ ਦੁੱਖਾਂ ਦਾ ਦਰਿਆ....
                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਜਲ 'ਚ ਅੱਜ ਦੁੱਖਾਂ ਦਾ ਦਰਿਆ ਵਗਿਆ। ਕੋਈ ਬੱਚਾ ਦੁੱਖ ਰੋ ਰਿਹਾ ਸੀ ਤੇ ਕੋਈ ਬਜ਼ੁਰਗ ਔਰਤ ਦਿਲ ਸੁੱਟੀ ਬੈਠੀ ਸੀ। ਬਹੁਤੇ ਕੈਂਸਰ ਦੇ ਭੰਨੇ ਪਰਿਵਾਰਾਂ ਨੂੰ ਤਾਂ ਅੱਜ ਢਿੱਡ ਫਰੋਲਨ ਦਾ ਮੌਕਾ ਵੀ ਨਸੀਬ ਨਾ ਹੋ ਸਕਿਆ। ਇਸ ਪਿੰਡ ਕੋਲ ਅੱਜ ਮੌਕਾ ਸੀ ਕਿ ਉਹ ਆਪਣੇ ਦਰਦਾਂ ਨਾਲ ਕੇਂਦਰ ਨੂੰ ਹਲੂਣ ਦੇਣ। ਜਦੋਂ ਇਸ ਪਿੰਡ ਦੀ ਜੂਹ 'ਚ ਅੱਜ ਪਾਰਲੀਮੈਂਟ ਦੀ ਸੰਸਦੀ ਕਮੇਟੀ ਦੀ ਟੀਮ ਪੂਰੇ ਅਮਲੇ ਫੈਲੇ ਨਾਲ ਦਾਖਲ ਹੋਈ ਤਾਂ ਕੈਂਸਰ ਗ੍ਰਸਤ ਪਿੰਡ ਨੂੰ ਇੱਕ ਉਮੀਦ ਜਾਗੀ। ਕੈਂਸਰ ਪੀੜਤਾਂ ਨੂੰ ਜ਼ਿੰਦਗੀ ਦੇ ਪਲ ਲੰਮੇ ਹੁੰਦੇ ਜਾਪੇ। ਨੌਜਵਾਨਾਂ ਨੂੰ ਲੱਗਾ ਕਿ ਹੁਣ ਦੁੱਖਾਂ ਦੀ ਵਹਿੰਗੀ ਨਹੀਂ ਚੁੱਕਣੀ ਪਏਗੀ। ਜਦੋਂ ਸੰਸਦੀ ਟੀਮ ਪਿੰਡ 'ਚੋਂ ਵਾਪਸ ਮੁੜ ਗਈ ਤਾਂ ਪਿੰਡ ਦੀ ਸਿਆਣੀ ਉਮਰ ਦੇ ਲੋਕਾਂ ਨੇ ਹਊਕਾ ਭਰ ਕੇ ਆਖਿਆ,'ਹੁਣ ਤਾਂ ਕੋਈ ਕ੍ਰਿਸ਼ਮਾ ਹੀ ਪਿੰਡ ਨੂੰ ਬਚਾ ਸਕੇਗਾ।' ਰਸਾਇਣਾਂ ਦੀ ਵੱਧ ਵਰਤੋਂ ਦੇ ਪ੍ਰਭਾਵਾਂ ਨੂੰ ਜਾਣਨ ਵਾਸਤੇ ਸੰਸਦੀ ਕਮੇਟੀ ਪਿੰਡ ਜੱਜਲ ਪੁੱਜੀ ਸੀ ਤਾਂ ਜੋ ਕੈਂਸਰ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲਮ ਵੀ ਲਾਈ ਜਾ ਸਕੇ। ਸੰਸਦੀ ਕਮੇਟੀ ਦੇ ਐਮ.ਪੀਜ਼ ਜ਼ਿਆਦਾ ਸਮਾਂ ਆਪਣੀ ਗੱਲ ਰੱਖਦੇ ਰਹੇ। ਜਦੋਂ ਲੋਕਾਂ ਨੇ ਆਪਣੇ ਘਰਾਂ ਦੀ ਗੱਲ ਕੀਤੀ ਤਾਂ ਸੰਸਦੀ ਕਮੇਟੀ ਦੇ ਮੈਂਬਰਾਂ ਦੇ ਕੁਝ ਪੱਲੇ ਨਾ ਪੈ ਸਕਿਆ। ਕੋਈ ਐਮ.ਪੀ ਵੀ ਪੰਜਾਬੀ ਨਹੀਂ ਜਾਣਦਾ ਸੀ।
          ਪਿੰਡ ਜੱਜਲ ਦੇ ਡੇਰੇ ਵਿੱਚ ਲੱਗੇ ਟੈਂਟ 'ਚ ਜੋ ਵੀ ਨਿਆਣਾ ਸਿਆਣਾ ਬੈਠਾ ਸੀ, ਉਸ ਨੇ ਕੈਂਸਰ ਦਾ ਸੇਕ ਝੱਲਿਆ ਹੋਇਆ ਸੀ। 14 ਵਰ੍ਹਿਆਂ ਦਾ ਬੱਚਾ ਦਲਜੀਤ ਵੀ ਟੈਂਟ ਵਿੱਚ ਬੈਠਾ ਸੀ ਜਿਸ 'ਤੇ ਬਚਪਨ ਵਿੱਚ ਹੀ ਕੈਂਸਰ ਦਾ ਕਹਿਰ ਝੱਲ ਲਿਆ ਹੈ। ਉਹ ਤਾਂ ਆਪਣੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਵੀ ਗੁਆ ਚੁੱਕਾ ਹੈ। ਉਸ ਦਾ ਬਾਪ ਸੰਸਦੀ ਕਮੇਟੀ ਨੂੰ ਆਪਣੇ ਬੱਚੇ ਦੀ ਬਿਮਾਰੀ ਬਾਰੇ ਦੱਸ ਰਿਹਾ ਸੀ ਪਰ ਕਮੇਟੀ ਮੈਂਬਰ ਕੁਝ ਸਮਝਣ ਤੋਂ ਬੇਵੱਸ ਸਨ। ਪਿੰਡ ਦੇ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਨੇ ਦੱਸਿਆ ਕਿ ਏਸ ਬਿਮਾਰੀ ਨੇ ਘਰੋਂ ਘਰੀ ਸੱਥਰ ਵਿਛਾ ਦਿੱਤੇ ਹਨ। ਉਸ ਨੇ ਦੱਸਿਆ ਕਿ ਕੈਂਸਰ ਨੇ 41 ਜਾਨਾਂ ਲੈ ਲਈਆਂ ਹਨ। ਦੱਸਣਯੋਗ ਹੈ ਕਿ ਮਾਲਵਾ ਖਿੱਤੇ ਦਾ ਇਹ ਪਹਿਲਾ ਪਿੰਡ ਹੈ ਜਿਥੇ ਸਭ ਤੋਂ ਪਹਿਲਾਂ ਕੈਂਸਰ 'ਤੇ ਹੱਲਾ ਬੋਲਿਆ ਸੀ। ਸੰਸਦੀ ਕਮੇਟੀ ਦੀ ਟੀਮ ਨਾਲ ਗੱਲ ਕਰਦਿਆਂ ਪਿੰਡ ਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਦੇ ਇਹ ਪਿੰਡ ਖੁਸ਼ਹਾਲੀ 'ਚ ਖੇਡਦਾ ਹੁੰਦਾ ਸੀ ਤੇ ਹੁਣ ਇਹੋ ਪਿੰਡ ਮੌਤਾਂ ਵੰਡਣ ਲੱਗਾ ਹੈ। ਹੌਲੀ ਹੌਲੀ ਇਸ ਬਿਮਾਰੀ ਨਾਲ ਬਚਪਨ, ਜਵਾਨੀ ਤੇ ਬੁਢਾਪਾ ਮਰ ਰਿਹਾ ਹੈ। ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਨੇ ਆਪਣੇ ਪਰਿਵਾਰਾਂ 'ਤੇ ਪਈ ਕੈਂਸਰ ਦੀ ਮਾਰ ਦੀ ਤਸਵੀਰ ਵੀ ਕਮੇਟੀ ਨੂੰ ਵਿਖਾਈ। ਔਰਤਾਂ ਵੀ ਸਿਹਤ ਮਹਿਕਮੇ ਦਾ ਰਿਕਾਰਡ ਹੱਥ ਵਿੱਚ ਚੁੱਕੀ ਬੈਠੀਆਂ ਸਨ।
          ਸੰਸਦੀ ਟੀਮ ਦੇ ਮੈਂਬਰ ਰਾਜਪਾਲ ਸੈਣੀ ਨੇ ਲੋਕਾਂ ਦੇ ਦੁੱਖ ਸੁਣ ਕੇ ਆਖਿਆ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਜਿਸ ਕਿਸਾਨ ਨੇ ਅਨਾਜ ਦੇ ਸੰਕਟ ਦੇ ਦਿਨਾਂ ਵਿੱਚ ਪੂਰੇ ਮੁਲਕ ਦਾ ਢਿੱਡ ਭਰਿਆ, ਅੱਜ ਉਸ ਨੂੰ ਅਲਾਮਤਾਂ ਨਾਲ ਲੜਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਸਰਕਾਰ ਨੇ ਤਾਂ ਇੱਕ ਆਰ.ਓ ਲਾ ਦਿੱਤਾ ਤੇ ਟੀਮਾਂ ਬਣਾ ਕੇ ਸਰਵੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਬਜ਼ੁਰਗਾਂ ਨੇ ਆਖਿਆ ਕਿ ਕੈਂਸਰ ਹਸਪਤਾਲ ਜੋ ਖੋਲ੍ਹਿਆ ਹੈ, ਉਹ ਏਨਾ ਮਹਿੰਗਾ ਹੈ ਕਿ ਉਹ ਇਲਾਜ ਕਰਾ ਹੀ ਨਹੀਂ ਸਕਦੇ।
          ਇੱਕ ਬਜ਼ੁਰਗ ਔਰਤ ਕਮੇਟੀ ਕੋਲ ਪੇਸ਼ ਹੋਈ ਜਿਸ ਦੀਆਂ ਦੋ ਨੂੰਹਾਂ ਨੂੰ ਕੈਂਸਰ ਨਿਗਲ ਗਿਆ ਸੀ। ਪਿੰਡ ਦੇ ਡੇਰੇ ਦਾ ਮੁਖੀ ਤਾਂ ਆਪਣੀ ਗੱਲ ਵੀ ਨਾ ਕਹਿ ਸਕਿਆ। ਇਸ ਤਰ੍ਹਾਂ ਦੇ ਬਹੁਤ ਲੋਕ ਸਨ ਜਿਨ੍ਹਾਂ ਨੂੰ ਆਪਣੇ ਦੁੱਖ ਦੱਸਣ ਦਾ ਮੌਕਾ ਨਹੀਂ ਮਿਲ ਸਕਿਆ। ਜਦੋਂ ਸੰਸਦੀ ਕਮੇਟੀ ਬਿਨਾਂ ਕੁਝ ਧਰਵਾਸ ਦਿੱਤੇ ਪਿੰਡ 'ਚੋਂ ਵਾਪਸ ਮੁੜੀ ਤਾਂ ਲੋਕਾਂ ਦੇ ਹੌਸਲੇ ਟੁੱਟ ਗਏ। ਕੈਂਸਰ ਪੀੜਤ ਪਰਿਵਾਰਾਂ ਦਾ ਕਹਿਣਾ ਸੀ ਕਿ ਜੋ ਵੀ ਆਉਂਦਾ ਹੈ, ਉਹ ਗੱਲਬਾਤਾਂ ਕਰਕੇ ਮੁੜ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਪਿੰਡ ਦੇ ਲੋਕ ਹੁਣ ਬਾਹਰਲੇ ਕਿਸੇ ਆਦਮੀ ਨਾਲ ਛੇਤੀ ਕਿਤੇ ਕੈਂਸਰ ਦੇ ਮਾਮਲੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਡਿਪਟੀ ਕਮਿਸ਼ਨਰ ਕੇ.ਕੇ.ਯਾਦਵ ਨੇ ਅੱਜ ਸਰਕਾਰੀ ਪੱਖ ਰੱਖਿਆ। ਇਸ ਮੌਕੇ ਪਿੰਡ ਵਿੱਚ ਐਸ.ਡੀ.ਐਮ ਅਨਿਲ ਗਰਗ ਤੇ ਪਿੰਡ ਦੇ ਸਰਪੰਚ ਨਾਜ਼ਰ ਸਿੰਘ ਆਦਿ ਵੀ ਮੌਜੂਦ ਸਨ।

Sunday, June 17, 2012

                                      ਸਿੱਖਿਆ ਮੰਤਰੀ ਤੇ ਝੰਡਾ ਸਿੰਘ ਝੋਟਾ-ਕੁੱਟ
                                                                ਗੁਰਬਚਨ ਸਿੰਘ ਭੁੱਲਰ
ਮੇਰੇ ਜਮਾਤੀ ਖੜਕ ਸਿੰਘ ਦਾ ਫ਼ੋਨ ਆਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ। ਉਹਦਾ ਸੁੱਖ-ਸਾਂਦ ਦਾ ਫ਼ੋਨ ਤਾਂ ਅੱਗੇ ਵੀ ਆਉਂਦਾ ਰਹਿੰਦਾ ਸੀ ਪਰ ਅੱਜ ਉਹਨੇ ਵੱਖਰੀ ਹੀ ਗੱਲ ਕਰ ਦਿੱਤੀ ਸੀ। ਹਾਂ, ਜਮਾਤੀ ਤੋਂ ਇਹ ਮਤਲਬ ਨਾ ਲੈ ਲੈਣਾ ਕਿ ਉਹ ਕਾਲਜ ਜਾਂ ਯੂਨੀਵਰਸਿਟੀ ਵਿਚ ਮੇਰੇ ਨਾਲ ਪੜ•ਦਾ ਹੁੰਦਾ ਸੀ। ਪਿੰਡ ਦੇ ਸਕੂਲ ਵਿਚ ਬੱਸ ਤਿੰਨ ਸਾਲ ਉਹ ਮੇਰਾ ਕਦੀ-ਕਦਾਈਂ ਹਾਜ਼ਰ ਹੋਣ ਵਾਲਾ ਸਾਥੀ ਰਿਹਾ ਸੀ। ਸਕੂਲ ਵਿਚ ਪਹਿਲੇ ਦਿਨੋਂ ਹੀ ਉਹਦਾ ਦਿਲ ਨਹੀਂ ਸੀ ਲਗਦਾ। ਸਾਡੇ ਕਮਰਿਆਂ ਦੇ ਪਿਛਲੇ ਪਾੱਸੇ ਬਾਹਰ ਵੱਲ ਖੁਲ•ਦੀਆਂ ਖਿੜਕੀਆਂ ਸਨ ਜਿਨ•ਾਂ ਦੇ ਹੇਠਲੇ ਅੱਧ ਵਿਚ ਸਰੀਏ ਸਨ ਤੇ ਉਤਲੇ ਅੱਧ ਖਾਲੀ ਸਨ। ਜਦੋਂ ਮਾਸਟਰ ਜੀ ਇਧਰ-ਉਧਰ ਹੁੰਦੇ, ਉਹ ਖਿੜਕੀ ਖੋਲ•ਦਾ ਤੇ ਸਰੀਏ ਟੱਪ ਜਾਂਦਾ। ਉਹਦੇ ਭੱਜਣ ਸਮੇਂ ਅਸੀਂ ਸਾਰੇ ਇਕ ਸੁਰ ਵਿਚ ਗਾਉਂਦੇ, ਖਿੜਕੀਏ ਖੁੱਲ• ਜਾ ਨੀ, ਖੜਕ ਸਿੰਘ ਨੇ ਜਾਣਾ!
            ਜਦੋਂ ਉਹ ਕਿਸੇ ਦਿਨ ਫੇਰ ਸਕੂਲ ਆਉਂਦਾ, ਮਾਸਟਰ ਜੀ ਕੁਛ ਨਹੀਂ ਸਨ ਆਖਦੇ। ਇਮਤਿਹਾਨ ਵੇਲੇ ਹਰ ਵਾਰ ਉਹਦਾ ਬਾਪੂ ਝੰਡਾ ਸਿੰਘ ਘਰ ਦੇ ਘਿਉ ਦੀ ਪੀਪੀ ਤੇ ਕਣਕ ਦੀ ਵੱਡੀ ਬੋਰੀ ਪੁਜਦੀ ਕਰ ਦਿੰਦਾ ਸੀ। ਤੀਜੀ ਵਿਚੋਂ ਵੀ ਪਾਸ ਹੋ ਜਾਣ ਦੇ ਬਾਵਜੂਦ ਉਹਨੇ ਚੌਥੀ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ। ਤਾਏ ਨੇ ਜੁੱਤੀ ਫੜ ਲਈ, ਅਜੇ ਕੱਲ• ਬੋਰੀ ਤੇ ਪੀਪੀ ਦੇ ਕੇ ਆਇਆਂ, ਤੂੰ ਹੁਣ ਸਕੂਲ ਨਹੀਂ ਜਾਣਾ! ਹਰ ਜੁੱਤੀ ਦੇ ਜਵਾਬ ਵਿਚ ਉਹ ਕਹੇ, ਬੱਸ ਇਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ, ਨਹੀਂ ਜਾਣਾ। ਜਦੋਂ ਗਿਣਤੀ ਸਤਾਰਾਂ ਹੋ ਗਈ, ਤਾਏ ਨੇ ਜੁੱਤੀ ਸਿੱਟ ਕੇ ਖੜਕ ਨੂੰ ਹਿੱਕ ਨਾਲ ਲਾ ਲਿਆ ਅਤੇ ਬੋਲਿਆ,''ਪੁੱਤ ਮੇਰਾ ਹੀ ਹੈਂ! ਤੇਰਾ ਦਾੱਦਾ ਜਦੋਂ ਕਿਸੇ ਗੱਲੋਂ ਮੈਨੂੰ ਜੁੱਤੀਆਂ ਨਾਲ ਕੁਟਦਾ, ਮੈਂ ਆਬਦੀ ਗੱਲ ਉੱਤੇ ਇਉਂ ਹੀ ਅੜਿਆ ਰਹਿੰਦਾ। ਆਖ਼ਰ ਉਹ ਜੁੱਤੀ ਸਿੱਟ ਕੇ ਮੈਨੂੰ ਹਿੱਕ ਨਾਲ ਲਾ ਲੈਂਦਾ।...ਜਾਹ ਪੁਤਰਾ, ਅੱਜ ਤੋਂ ਤੂੰ ਅਜਾਦ ਪੰਛੀ, ਖੁੱਲ•ੀਆਂ ਉਡਾਰੀਆਂ ਲਾ!”
          ਫ਼ੋਨ ਅਨੁਸਾਰ ਉਹਨੇ ਇਸ ਸਾਲ ਬਾਪੂ ਦਾ ਜਨਮ-ਦਿਨ ਮੰਨਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਹ ਚਾਹੁੰਦਾ ਸੀ, ਮੈਂ ਓਦੋਂ ਹਰ ਹਾਲਤ ਪਹੁੰਚਾਂ ਤੇ ਲੋਕਾਂ ਨੂੰ ਬਾਪੂ ਬਾਰੇ ਦੱਸ ਕੇ ਉਹਦਾ ਨਾਂ ਉਜਾਗਰ ਕਰ ਦੇਵਾਂ। ਉਹਦਾ ਬਾਪੂ ਮਰੇ ਨੂੰ ਅੱਧੀ ਸਦੀ ਹੋਣ ਲੱਗੀ ਹੈ, ਅੱਗੇ ਨਾ ਕਦੇ ਪਿੱਛੇ, ਹੁਣ ਜਨਮ-ਦਿਨ? ਮੈਂ ਪੁੱਛਿਆ, ਕਦੋਂ ਹੈ ਤਾਏ ਦਾ ਜਨਮ-ਦਿਨ? ਖੜਕ ਹੱਸਿਆ,''ਮੈਨੂੰ ਤਾਂ ਕੀ, ਇਹ ਤਾਂ ਬਾਪੂ ਨੂੰ ਵੀ ਪਤਾ ਨਹੀਂ ਹੋਣਾ, ਉਹ ਕਦੋਂ ਜੰਮਿਆ ਸੀ। ਇਕ ਗੱਲ ਪੱਕੀ ਐ, ਉਹ ਤਿੱਖੀ ਗਰਮੀ ਜਾਂ ਕੱਕਰ ਠੰਢ ਵਿਚ ਜੰਮਣਾ ਤਾਂ ਮੰਨਿਆ ਨਹੀਂ ਹੋਣਾ। ਅਕਤੂਬਰ ਵਿਚ ਜਿਹੜਾ ਦਿਨ ਤੈਨੂੰ ਸੂਤ ਰਹੂ, ਆਪਾਂ ਬਾਪੂ ਦਾ ਜਨਮ-ਦਿਨ ਆਖ ਦੇਵਾਂਗੇ।”
            ਤਾਏ ਦੇ ਕੌਤਕੀ ਜੀਵਨ ਨੂੰ ਚੇਤੇ ਕਰ ਕੇ ਇਕ ਵਾਰ ਤਾਂ ਮੈਂ ਸੋਚਿਆ, ਉਹਦੇ ਬਾਰੇ ਚੰਗੀ ਗੱਲ ਕਿਥੋਂ ਲੱਭੂ! ਫੇਰ ਸੋਚਿਆ, ਹੁਣ ਪਿੰਡ ਵਿਚ ਤਾਏ ਨੂੰ ਜਾਣਨ ਵਾਲੇ ਕਿੰਨੇ ਕੁ ਬਚੇ ਹੋਣਗੇ, ਜੋ ਮਰਜ਼ੀ ਬੋਲ ਦਿਆਂਗੇ। ਖੜਕ ਸਿੰਘ ਕੋਈ ਨਵੀਂ ਗੱਲ ਨਹੀਂ ਸੀ ਕਰ ਰਿਹਾ, ਹਰ ਕੋਈ ਚਾਹੁੰਦਾ ਹੈ, ਲੋਕ ਉਹਦੇ ਵਡੇਰਿਆਂ ਨੂੰ ਇੱਜ਼ਤ ਨਾਲ ਚੇਤੇ ਕਰਨ। ਅਰਥੀ-ਟੈਕਸ ਲਾਉਣ ਕਰਕੇ ਬਦਨਾਮ ਹੋਏ ਰਾਜੇ ਨੂੰ ਚੰਗਾ ਕਹਾਉਣ ਲਈ ਉਹਦੇ ਪੁੱਤਰ ਰਾਜੇ ਨੇ ਇਹ ਟੈਕਸ ਭਰਨ ਦੇ ਨਾਲ ਨਾਲ ਖੱਫਣ ਵੀ ਤੋਸਾਖਾਨੇ ਵਿਚ ਜਮ•ਾਂ ਕਰਵਾਉਣ ਦਾ ਹੁਕਮ ਚਾੜ• ਦਿੱਤਾ। ਲੋਕ ਆਖਣ, ਇਹਦੇ ਨਾਲੋਂ ਤਾਂ ਇਹਦਾ ਪਿਉ ਹੀ ਚੰਗਾ ਸੀ! ਉਹਦੇ ਮਰਨ ਮਗਰੋਂ ਉਹਨੂੰ ਚੰਗਾ ਕਹਾਉਣ ਦੇ ਇਰਾਦੇ ਨਾਲ ਉਹਦੇ ਪੁੱਤਰ ਰਾਜੇ ਨੇ ਅਗਲੇ ਜਹਾਨ ਦੇ ਰਾਹ ਵਿਚ ਖਰਚਣ ਵਾਸਤੇ ਮਰਨ ਵਾਲੇ ਦੇ ਮੂੰਹ ਵਿਚ ਪਾਈ ਜਾਂਦੀ ਮੋਹਰ ਕਢਵਾਉਣੀ ਸ਼ੁਰੂ ਕਰ ਦਿੱਤੀ। ਲੋਕ ਪਹਿਲੇ ਦੋਵਾਂ ਨੂੰ ਸਲਾਹੁਣ ਲੱਗੇ। ਅਸਲ ਪਰੇਸ਼ਾਨੀ ਰਾਜਾ ਬਣਨ ਮਗਰੋਂ ਉਹਦੇ ਪੁੱਤਰ ਨੂੰ ਆਈ। ਟੈਕਸ ਵਸੂਲਣ ਤੋਂ ਇਲਾਵਾ ਮੁਰਦਾ ਵੀ ਹੁਣ ਖੱਫਣ ਖੁਹਾ ਕੇ ਤੇ ਮੂੰਹੋਂ ਮੋਹਰ ਕਢਵਾ ਕੇ ਅਲਫ਼ ਨੰਗਾ ਤੇ ਸੁੱਧਾ ਨੰਗ ਹੋ ਚੁੱਕਿਆ ਸੀ। ਸੋਚ ਸੋਚ ਕੇ ਉਹਨੇ ਮੁਰਦਾ ਕਬਰ ਵਿਚ ਪਾਉਣ ਦੀ ਥਾਂ ਸਿਰ ਵਾਲੇ ਪਾਸਿਉਂ ਅੱਧਾ ਧਰਤੀ ਵਿਚ ਦੱਬਣ ਤੇ ਪੈਰਾਂ ਵਾਲੇ ਪਾਸਿਉਂ ਅੱਧਾ ਬਾਹਰ ਰੱਖਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਤਰਾਹੀ ਤਰਾਹੀ ਕਰਦੇ ਲੋਕ ਪਹਿਲੇ ਤਿੰਨਾਂ ਰਾਜਿਆਂ ਨੂੰ ਧਰਮੀ ਰਾਜੇ ਆਖਣ ਲੱਗ ਪਏ। ਅਗਲੇ ਰਾਜੇ ਨੇ ਇਸ ਚੌਥੇ ਰਾਜੇ ਨੂੰ ਧਰਮੀ ਅਖਵਾਉਣ ਵਾਸਤੇ ਜੋ ਕਾਰਾ ਕੀਤਾ, ਸਾਊਪੁਣਾ ਇਥੇ ਲਿਖਣ ਦੀ ਆਗਿਆ ਨਹੀਂ ਦਿੰਦਾ।
         ਤਾਏ ਝੰਡਾ ਸਿੰਘ ਦੀ ਜੀਵਨਗਾਥਾ ਬੜੀ ਦਿਲਚਸਪ ਅਤੇ ਰੰਗਬਰੰਗੀ ਸੀ। ਉਹ ਸਰ•ੋਂ ਦਾ ਤੇਲ ਪਿਆ ਪਿਆ ਕੇ ਮਜ਼ਬੂਤ ਤੇ ਅਟੁੱਟ ਬਣਾਈ ਹੋਈ ਸੰਮਾਂ ਵਾਲੀ ਡਾਂਗ ਅੰਦਰ-ਬਾਹਰ ਜਾਣ ਸਮੇਂ ਹਮੇਸ਼ਾ ਹੱਥ ਵਿਚ ਰਖਦਾ। ਇਕ ਦਿਨ ਕਿਧਰੇ ਜਾਂਦਿਆਂ ਇਕ ਪਿੰਡ ਦੇ ਲੋਕਾਂ ਨੇ ਕਿਹਾ, ਓ ਭਾਈ ਸਾਹਿਬ, ਅੱਗੇ ਨਾ ਜਾਈਂ, ਮਾਰਨਖੁੰਡਾ ਝੋਟਾ ਰਾਹ ਘੇਰੀਂ ਖੜ•ਾ ਹੈ। ਉਹ ਮੁਸਕਰਾ ਕੇ ਤੁਰਿਆ ਗਿਆ। ਲੋਕਾਂ ਦੇ ਸਾਹ ਰੁਕ ਗਏ। ਝੋਟਾ ਕਹਿਰੀ ਨਜ਼ਰਾਂ ਨਾਲ ਦੇਖ ਕੇ ਪੂਰੇ ਬਲ ਨਾਲ ਤਾਏ ਵੱਲ ਭੱਜਿਆ। ਅੱਗੋਂ ਤਾਏ ਨੇ ਵੀ ਪੂਰੇ ਬਲ ਨਾਲ ਸੰਮਾਂ ਵਾਲੀ ਡਾਂਗ ਉਹਦੇ ਸਿੰਗਾਂ ਦੇ ਐਨ ਵਿਚਾਲੇ ਜੜ ਦਿੱਤੀ। ਇਸ ਅਚਾਨਕ ਟੁੱਟੇ ਕਹਿਰ ਨਾਲ ਭਮੱਤਰਿਆ ਤੇ ਬੌਂਦਲਿਆ ਝੋਟਾ ਪੁੱਠਾ ਮੁੜ ਕੇ ਆਉਣ ਵੇਲੇ ਨਾਲੋਂ ਦੁਗੁਣੀ ਰਫ਼ਤਾਰ ਨਾਲ ਭੱਜ ਤੁਰਿਆ। ਤਾਏ ਦੀ ਪੂਰੇ ਇਲਾਕੇ ਵਿਚ ਧੰਨ-ਧੰਨ ਹੋ ਗਈ ਅਤੇ ਉਸ ਦਿਨ ਤੋਂ ਉਹਦਾ ਨਾਂ ਝੋਟਾ-ਕੁੱਟ ਪੈ ਗਿਆ।
            ਸਾਰੀ ਉਮਰ ਤਾਏ ਨੇ ਕੰਮ ਦਾ ਡੱਕਾ ਭੰੰਨ ਕੇ ਦੂਹਰਾ ਨਹੀਂ ਸੀ ਕੀਤਾ ਅਤੇ ਭਲਾਈ ਤੋਂ ਬਿਨਾਂ ਹੋਰ ਕੋਈ ਕਸਰ ਨਹੀਂ ਸੀ ਛੱਡੀ! ਠਾਣੇ ਵਾਲਿਆਂ ਨਾਲ ਮਿਲ ਕੇ ਰੂੜੀ-ਮਾਰਕਾ ਦਾਰੂ ਕਢਦਾ ਤੇ ਰਾਜਸਥਾਨ ਤੋਂ ਘੋੜੀ ਉੱਤੇ ਫ਼ੀਮ ਦੀ ਬੋਰੀ ਲੱਦ ਲਿਆਉਂਦਾ। ਦਿਲ ਦਾ ਉਹ ਹੀਰਾ ਸੀ, ਦੋਸਤੀ ਸਭ ਨਾਲ, ਵੈਰ ਕਿਸੇ ਨਾਲ ਵੀ ਨਹੀਂ। ਉਹਦੀ ਇਕ ਬੈਠਕ ਵਿਚ ਭਗੌੜੇ ਡਾਕੂ-ਬਦਮਾਸ਼ ਦਾਰੂ ਪੀਂਦੇ ਰਹਿੰਦੇ ਤੇ ਦੂਜੀ ਵਿਚ ਪੁਲਸੀਏ। ਦੋਵਾਂ ਬੈਠਕਾਂ ਵਿਚ ਇਕੋ ਬੱਕਰੇ ਦੇ ਮਾਸ ਦੇ ਛੰਨੇ ਪਹੁੰਚਦੇ ਰਹਿੰਦੇ। ਤਾਇਆ ਦੋਵਾਂ ਨੂੰ ਇਕ ਦੂਜੇ ਦੀ ਸੋਅ ਤੱਕ ਨਾ ਲੱਗਣ ਦਿੰਦਾ। ਇਕ ਵਾਰ ਕਿਸੇ ਦੇ ਸੱਟਾਂ ਮਾਰਨ ਕਰਕੇ ਉਹਨੂੰ ਕੈਦ ਹੋ ਗਈ। ਜੇਲ•ਰ ਨੇ ਚੱਕੀ ਪੀਹਣ ਲਾ ਦਿੱਤਾ। ਤਾਏ ਨੇ ਉਤਲਾ ਪੁੜ ਹੇਠਲੇ ਉੱਤੇ ਮਾਰ ਕੇ ਦੋਵੇਂ ਭੰਨ ਦਿੱਤੇ। ਨਵੀਂ ਮੁਸ਼ੱਕਤ ਕੈਦੀਆਂ ਦੇ ਲੰਗਰ ਵਿਚ ਕੰਮ ਕਰਨ ਦੀ ਮਿਲੀ। ਛੁੱਟਣ ਵਿਚ ਕੁਛ ਹੀ ਦਿਨ ਰਹਿੰਦੇ ਸਨ, ਤਾਏ ਨੇ ਆਪਣਾ ਚਿਰਾਂ ਦਾ ਗੁੱਸਾ ਕੱਢਣ ਲਈ ਲੰਗਰ ਦਾ ਦੌਰਾ ਕਰਨ ਆਏ ਜੇਲ•ਰ ਦੇ ਮੌਰਾਂ ਵਿਚ ਖਰਪਾੜ ਮਾਰੀ। ਕੈਦ ਤਾਂ ਤਿੰਨ ਮਹੀਨੇ ਵਧ ਗਈ ਪਰ ਕੈਦੀਆਂ ਵਿਚ ਤਾਏ ਦੀ ਧੰਨ-ਧੰਨ ਹੋ ਗਈ।
            ਜ਼ਿੰਦਗੀ ਵਿਚ ਤਾਇਆ ਬੱਸ ਇਕ ਵਾਰ, ਤਾਈ ਮਰੀ ਤੋਂ, ਨਿੰਮੋਝੂਣਾ ਹੋਇਆ। ਫੁੱਲ ਪਾਉਣ ਹਰਦੁਆਰ ਗਿਆ ਤਾਂ ਉਥੇ ਗੰਗਾ ਦੇ ਕਿਨਾਰੇ ਰੋਂਦੀ ਇਕ ਬੇਸਹਾਰਾ ਤੀਵੀਂ ਤਾਏ ਦੇ ਨਰਮ ਦਿਲ ਤੋਂ ਝੱਲੀ ਨਾ ਗਈ। ਘਰ ਆ ਕੇ ਨੂੰਹ ਨੂੰ ਕਹਿੰਦਾ, ਬਾਹਰ ਤੇਰੀ ਨਵੀਂ ਬੇਬੇ ਜੀ ਖੜ•ੀ ਐ, ਜਾਹ ਪੁੱਤ ਉਹਨੂੰ ਪੂਰੇ ਆਦਰ-ਮਾਣ ਨਾਲ ਅੰਦਰ ਲਿਆ। ਜਦੋਂ ਘਰ-ਪਰਿਵਾਰ ਤੇ ਸਕੇ-ਸੰਬੰਧੀਆਂ ਨੇ ਬਖੇੜਾ ਖੜ•ਾ ਕਰ ਦਿੱਤਾ, ਤਾਇਆ ਬਿਚਾਰਾ ਉਹਨੂੰ ਘਰੋਂ ਕੱਢਣ ਦੀ ਥਾਂ ਆਪਣੇ ਬਿਸ਼ਨਪੁਰੇ ਵਾਲੇ ਯਾਰ, ਮੁਕੰਦੇ ਛੜੇ ਦੇ ਲੜ ਲਾ ਕੇ ਵੱਟੇ ਵਿਚ ਸੱਜਰ ਸੂਈ ਮੱਝ ਲੈ ਆਇਆ।
        ਤਾਏ ਦਾ ਨੇਕਨਾਮ ਜੀਵਨ ਮਨ ਦੀਆਂ ਅੱਖਾਂ ਅੱਗੋਂ ਲੰਘਿਆ ਤਾਂ ਮੈਥੋਂ ਪੁੱਛਿਆ ਹੀ ਗਿਆ,''ਛੋਟੇ ਵੀਰ, ਅੱਗੇ ਤਾਂ ਕਦੇ ਮਨਾਇਆ ਨਹੀਂ, ਹੁਣ ਅਚਾਨਕ ਤਾਏ ਦਾ ਜਨਮ-ਦਿਨ...?” ਉਹ ਮੇਰੀ ਗੱਲ ਕੱਟ ਕੇ ਬੋਲਿਆ,''ਗੱਲ ਇਹ ਐ, ਵੱਡੇ ਭਾਈ, ਆਪਣੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ, ਪਰਾਇਮਰੀ ਸਕੂਲ ਵਾਸਤੇ ਦਸ ਲੱਖ, ਮਿਡਲ ਵਾਸਤੇ ਵੀਹ ਲੱਖ, ਸੀਨੀਅਰ ਸਕੈਂਡਰੀ ਵਾਸਤੇ ਪੱਚੀ ਲੱਖ ਤੇ ਕਾਲਜ ਵਾਸਤੇ ਪਚੱਤਰ ਲੱਖ ਰੁਪਏ ਦਿਉ ਤੇ ਆਪਣੇ ਪੁਰਖੇ ਦਾ ਨਾਂ ਰਖਵਾਉ। ਪੱਚੀ ਲੱਖ ਦੇਵਾਂਗੇ, ਆਪਣੇ ਪਿੰਡ ਵਾਲੇ ਸਕੂਲ ਦਾ ਨਾਂ ਬਾਪੂ ਦੇ ਨਾਂ ਉੱਤੇ ਹੋ ਜਾਊ। ਬੱਸ ਆਪਾਂ ਸਾਰੇ ਪਿੰਡ ਉੱਤੇ ਬਾਪੂ ਦੀ ਝੰਡੀ ਕਰ ਦੇਣੀ ਐ!”
          ਮੈਂ ਹੈਰਾਨ ਹੋ ਕੇ ਪੁੱਛਿਆ,''ਪਰ ਯਾਰ ਖੜਕ, ਪੱਚੀ ਲੱਖ ਕੋਈ ਛੋਟੀ-ਮੋਟੀ ਰਕਮ ਨਹੀਂ। ਤੂੰ ਇਉਂ ਗੱਲ ਕਰ ਰਿਹਾ ਐਂ ਜਿਵੇਂ ਪੱਚੀ ਹਜ਼ਾਰ ਦਾ ਮਾਮਲਾ ਹੋਵੇ!” ਖੜਕ ਸਿੰਘ ਹੱਸਿਆ,''ਬਾਪੂ ਏਨਾਂ ਕੁਛ ਦੇ ਗਿਆ ਐ ਕਿ ਉਹਦਾ ਨਾਂ ਲੈ ਕੇ ਦਾਨ-ਪੁੰਨ ਕੀਤਿਆਂ ਵੀ ਘਟਣਾ ਨਹੀਂ। ਤੇਰੇ ਯਾਦ ਐ, ਬਾਪੂ ਨੇ ਪਿੰਡ ਦੀ ਸ਼ਾਮਲਾਟੀ ਜ਼ਮੀਨ ਧੱਕੇ ਨਾਲ ਦੱਬ ਕੇ ਆਬਦੇ ਨਾਂ ਕਰਵਾ ਲਈ ਸੀ? ਪਿੱਛੇ ਜਿਹੇ ਉਹਦੇ ਬਿਲਕੁਲ ਨੇੜਿਉਂ ਸੜਕ ਨਿਕਲ ਗਈ। ਹੁਣ ਉਥੇ ਦੋ-ਤਿੰਨ ਫ਼ੈਕਟਰੀਆਂ ਲੱਗ ਗਈਆਂ। ਪਤਾ ਐ, ਆਪਣੀ ਓਸ ਜ਼ਮੀਨ ਦਾ ਹੁਣ ਕੀ ਦਿੰਦੇ ਐ? ਕਿੱਲੇ ਦਾ ਪੰਜਾਹ ਲੱਖ! ਅੱਧਾ ਕਿੱਲਾ ਵੇਚ ਦਿਆਂਗੇ ਤੇ ਸਕੂਲ ਦੇ ਮੱਥੇ ਉੱਤੇ ਮੋਟਾ ਮੋਟਾ ਲਿਖਵਾ ਕੇ ਫੱਟਾ ਲਾਵਾਂਗੇ—ਸਮਾਜ-ਸੇਵਕ ਝੰਡਾ ਸਿੰਘ ਸਰਕਾਰੀ ਸਕੂਲ। ਵੱਡੇ ਭਾਈ, ਤੂੰ ਵੱਡੀਆਂ ਵੱਡੀਆਂ ਕਿਤਾਬਾਂ ਲਿਖਦਾ ਐਂ, ਵੱਡੇ ਵੱਡੇ ਇਕੱਠਾਂ ਵਿਚ ਬੋਲਦਾ ਐਂ। ਨਾਲੇ ਤਾਂ ਤੂੰ ਬਾਪੂ ਬਾਰੇ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਦਾ ਖ਼ੂਬ ਗੁੱਡਾ ਬੰਨ•ੀਂ ਤੇ ਨਾਲੇ ਆਬਦੇ ਹੱਥ ਨਾਲ ਮਲੂਕਾ ਜੀ ਨੂੰ ਪੱਚੀ ਲੱਖ ਦਾ ਚੈੱਕ ਦੇ ਕੇ ਫੱਟੇ ਤੋਂ ਪਰਦਾ ਹਟਵਾਈਂ।” ਸਿੱਖਿਆ ਮੰਤਰੀ ਦੀ ਸੂਖ਼ਮ ਸੋਚ ਨੇ ਮੈਨੂੰ ਦੰਗ ਕਰ ਦਿੱਤਾ। ਸਕੂਲਾਂ ਲਈ ਮਾਇਆ ਹਾਸਲ ਕਰਨ ਦੀ ਵਿਉਂਤ ਕਾਹਦੀ ਸੀ, ਇਹ ਤਾਂ ਗੰਗਾ-ਮਈਆ ਸੀ ਜਿਸ ਵਿਚ ਅਸ਼ਨਾਨ ਕਰ ਕੇ ''ਝੰਡਾ ਸਿੰਘ ਝੋਟਾ-ਕੁੱਟ” ਦੇਖਦਿਆਂ ਦੇਖਦਿਆਂ ''ਸਮਾਜ-ਸੇਵਕ ਝੰਡਾ ਸਿੰਘ” ਬਣ ਬਣ ਨਿਕਲਣੇ ਸਨ!
          ਅੱਜ ਵਾਲੇ ਇਹਨਾਂ ਆਗੂਆਂ ਦੀ ਹੀ ਸਰਕਾਰ ਦੀ ਜੁਲਾਈ 2011 ਵਾਲੀ ਅਧਿਆਪਕ ਜੋਗਤਾ ਪ੍ਰੀਖਿਆ ਦੇ ਕਰੀਬ ਢਾਈ ਲੱਖ ਉਮੀਦਵਾਰਾਂ ਵਿਚੋਂ ਪਾਸ ਹੋਏ ਲਗਭਗ ਨੌਂ ਹਜ਼ਾਰ ਬੇਰੁਜ਼ਗਾਰ ਅਧਿਆਪਕ, ਜਿਨ•ਾਂ ਦੀ ਕੌਂਸਲਿੰਗ ਵੀ ਪਿਛਲਾ ਸਾਲ ਮੁੱਕਣ ਤੋਂ ਪਹਿਲਾਂ ਹੋ ਗਈ ਸੀ ਤੇ ਜਿਨ•ਾਂ ਵਿਚੋਂ ਕਈ ਪੀ-ਐੱਚ.ਡੀ. ਵੀ ਹਨ, ਇਕਰਾਰੀ ਹੋਈ ਨੌਕਰੀ ਪਰਾਪਤ ਕਰਨ ਵਾਸਤੇ ਅੱਜ-ਕੱਲ• ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਅਤੇ ਨਾਨਕੇ ਪਿੰਡ ਲਹਿਰਾ ਧੂਰਕੋਟ ਵੱਲ ਵਹੀਰਾਂ ਘੱਤ ਰਹੇ ਹਨ। ਮੰਤਰੀ ਜੀ ਦੀ ਪੁਲਿਸ ਉਹਨਾਂ ਨੂੰ ਡਾਂਗਾਂ ਦਾ ਪ੍ਰਸ਼ਾਦ-ਪਾਣੀ ਵਰਤਾ ਰਹੀ ਹੈ ਜਦੋਂ ਕਿ ਪਿੰਡਾਂ ਦੇ ਲੋਕ ਦਾਲੇ-ਪ੍ਰਸ਼ਾਦੇ ਤੇ ਚਾਹ-ਦੁੱਧ ਦਾ ਲੰਗਰ ਪਕਾ-ਵਰਤਾ ਰਹੇ ਹਨ। ਤਿੰਨ ਵਾਰ ਮੁੱਖ ਮੰਤਰੀ ਨੂੰ ਅਤੇ ਪੰਜ ਵਾਰ ਸਿੱਖਿਆ ਮੰਤਰੀ ਨੂੰ ਮਿਲ ਕੇ ਅਸਫਲ ਰਹਿਣ ਮਗਰੋਂ ਕਰੋਧ ਵਿਚ ਆਏ ਬੇਰੁਜ਼ਗਾਰ ਅਧਿਆਪਕਾਵਾਂ-ਅਧਿਆਪਕ ਹਿੱਕਾਂ ਪਿਟਦੇ ਹਨ, ਨਾਅਰੇ ਲਾਉਂਦੇ ਹਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ•ਦੇ ਹਨ।
         ਮੇਰਾ ਸੁਝਾਅ ਹੈ, ਸਿੱਖਿਆ ਮੰਤਰੀ ਨੂੰ ਆਪਣੀ ਉਤਲੀ ਵਿਉਂਤ ਹੀ ਇਥੇ ਵੀ ਲਾਗੂ ਕਰ ਦੇਣੀ ਚਾਹੀਦੀ ਹੈ। ਜਿਵੇਂ ਯੂਨੀਵਰਸਿਟੀਆਂ ਵਿਚ ਨਾਨਕ ਚੇਅਰ, ਕਬੀਰ ਚੇਅਰ, ਰਵਿਦਾਸ ਚੇਅਰ ਹੁੰਦੀਆਂ ਹਨ, ਸਕੂਲਾਂ ਵਿਚ ਮਜ਼ਮੂਨਾਂ ਦੇ ਨਾਂ ਸੰਬੰਧਿਤ ਅਧਿਆਪਕਾਂ ਦੀ ਤਨਖ਼ਾਹ ਨਿਸਚਿਤ ਸਮੇਂ ਤੱਕ ਦੇਣ ਵਾਲਿਆਂ ਦੇ ਪੁਰਖਿਆਂ ਦੇ ਨਾਂ ਉੱਤੇ ਰੱਖ ਦੇਣੇ ਚਾਹੀਦੇ ਹਨ। ਮਿਸਾਲ ਵਜੋਂ, ''ਵੰਤਾ ਸਿੰਘ ਵਿਗਿਆਨ ਅਧਿਆਪਕ ਸ੍ਰੀ ਮੋਹਨ ਲਾਲ”, ''ਗੰਡਾ ਸਿੰਘ ਗਣਿਤ ਅਧਿਆਪਕ ਸ੍ਰੀ ਸੋਹਨ ਸਿੰਘ”, ਵਗੈਰਾ ਵਗੈਰਾ। ਏਕ ਪੰਥ, ਦੋ ਕਾਜ! ਨਾਲੇ ਪੁੰਨ, ਨਾਲੇ ਫ਼ਲੀਆਂ!
       (011-65736868)
   

Thursday, June 14, 2012

                                        ਮਿਸ਼ਨ
                       ਜ਼ਿੰਦਗੀ ਦੇ ਖਰੇ ਨਾਇਕ
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਧੋਬੀ ਮਹਾਂਵੀਰ ਪ੍ਰਸ਼ਾਦ ਨੂੰ ਜ਼ਿੰਦਗੀ ਨੇ ਹਲੂਣ ਦਿੱਤਾ ਹੈ। ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲਾ ਖ਼ੁਦ ਜ਼ਿੰਦਗੀ ਲਈ ਜੰਗ ਲੜ ਰਿਹਾ ਹੈ। ਮਹਾਂਵੀਰ ਪ੍ਰਸ਼ਾਦ ਇਕ ਸਾਲ ਵਿੱਚ ਚਾਰ ਦਫ਼ਾ ਖ਼ੂਨਦਾਨ ਕਰਦਾ ਹੈ। ਏਨਾ ਖ਼ੂਨਦਾਨ ਕੀਤਾ ਹੈ ਕਿ ਉਸ ਨੂੰ ਗਿਣਤੀ ਦਾ ਵੀ ਚੇਤਾ ਨਹੀਂ ਹੈ। ਇਕ ਸਾਲ ਤੋਂ ਉਸ ਨੇ ਖ਼ੂਨਦਾਨ ਕਰਨਾ ਬੰਦ ਕਰ ਦਿੱਤਾ ਹੈ। ਹੁਣ ਉਸ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਹਨ ਤੇ ਉਸ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਹੈ। ਉਸ ਦੇ ਸਾਥੀ ਖ਼ੂਨਦਾਨੀ ਉਸ ਦੀ ਜ਼ਿੰਦਗੀ ਲਈ ਪੈਸੇ ਇਕੱਠੇ ਕਰ ਰਹੇ ਹਨ। ਡਾਕਟਰ ਆਖਦੇ ਹਨ ਕਿ ਗੁਰਦੇ ਖਰਾਬ ਹੋਣ ਦੀ ਵਜ੍ਹਾ ਹੋਰ ਹੈ, ਨਾ ਕਿ ਖ਼ੂਨਦਾਨ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਮਹਾਂਵੀਰ ਹੁਣ ਖ਼ੁਦ ਖਾਲੀ ਹੱਥ ਹੈ। ਭਲਕੇ ਵਿਸ਼ਵ ਖੂਨਦਾਨੀ ਦਿਵਸ ਹੈ ਅਤੇ ਏਦਾਂ ਦੇ ਸੈਂਕੜੇ ਖੂਨਦਾਨੀ ਹਨ, ਜੋ ਖ਼ੁਦ ਦੁੱਖਾਂ ਦੇ ਢੇਰ 'ਤੇ ਬੈਠੇ ਹਨ ਪਰ ਫਿਰ ਵੀ ਉਨ੍ਹਾਂ ਖ਼ੂਨਦਾਨ ਨੂੰ ਮਿਸ਼ਨ ਬਣਾਇਆ ਹੋਇਆ ਹੈ।
             ਕੋਟਸ਼ਮੀਰ ਦਾ ਕ੍ਰਿਸ਼ਨ ਅਧਿਆਪਕ ਬਣਨਾ ਚਾਹੁੰਦਾ ਸੀ ਪਰ ਉਹ ਮਜ਼ਦੂਰ ਬਣ ਗਿਆ। ਭਾਵੇਂ ਉਹ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ ਉਹ ਖ਼ੂਨਦਾਨ ਕਰਨਾ ਨਹੀਂ ਭੁੱਲਦਾ। ਇਹ ਨੌਜਵਾਨ 20 ਤੋਂ ਜ਼ਿਆਦਾ ਵਾਰ ਖ਼ੂਨਦਾਨ ਕਰ ਚੁੱਕਾ ਹੈ। ਕ੍ਰਿਸ਼ਨ ਦੀ ਯੋਗਤਾ ਬੀ.ਏ., ਬੀ.ਐੱਡ ਹੈ। ਉਹ ਰੁਜ਼ਗਾਰ ਲਈ ਲੰਮਾ ਸਮਾਂ ਭਟਕਦਾ ਰਿਹਾ। ਆਖਰ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਿਧਰੋਂ ਆਵਾਜ਼ ਪੈਂਦੀ ਹੈ ਤਾਂ ਉਹ ਖ਼ੂਨਦਾਨ ਕਰਨ ਲਈ ਪਹੁੰਚ ਜਾਂਦਾ ਹੈ। ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਨੇ ਵੀ ਏਦਾਂ ਦੇ ਦੁੱਖ ਝੱਲੇ ਹਨ। ਉਹ 70 ਤੋਂ ਜ਼ਿਆਦਾ ਵਾਰ ਖ਼ੂਨਦਾਨ ਕਰ ਚੁੱਕਾ ਹੈ। ਉਹ ਹਰ ਵਰ੍ਹੇ ਤਿੰਨ ਚਾਰ ਦਫ਼ਾ ਖ਼ੂਨਦਾਨ ਕਰਦਾ ਹੈ। ਨੌਜਵਾਨ ਪ੍ਰਿੰਸੀਪਲ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਫਿਰ ਵੀ ਜਦੋਂ ਕਿਸੇ ਲੋੜਵੰਦ ਦਾ ਫੋਨ ਵੱਜਦਾ ਹੈ ਤਾਂ ਉਹ ਦੂਰ ਦੁਰਾਡੇ ਵੀ ਖ਼ੂਨਦਾਨ ਕਰਨ ਵਾਸਤੇ ਜਾਂਦਾ ਹੈ। ਬਠਿੰਡਾ ਦੀ ਮੁਲਤਾਨੀਆ ਰੋਡ ਦੀ ਵਸਨੀਕ ਘਰੇਲੂ ਔਰਤ ਪਰਮਜੀਤ ਕੌਰ ਵੀ ਖ਼ੂਨਦਾਨ ਨੂੰ ਆਪਣਾ ਮਿਸ਼ਨ ਸਮਝਦੀ ਹੈ। ਉਹ 15 ਵਰ੍ਹਿਆਂ ਤੋਂ ਖ਼ੂਨਦਾਨ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਕਰੰਟ ਲੱਗਣ ਕਰਕੇ ਮੌਤ ਹੋ ਚੁੱਕੀ ਹੈ। ਹੁਣ ਇਸ ਵਿਧਵਾ ਔਰਤ ਨੇ ਉਪਦੇਸ਼ ਵੈਲਫੇਅਰ ਸੁਸਾਇਟੀ ਬਣਾ ਕੇ ਆਪਣੇ ਪਤੀ ਦੀ ਹਰ ਬਰਸੀ 'ਤੇ ਖ਼ੂਨਦਾਨ ਕੈਂਪ ਲਾਉਣੇ ਸ਼ੁਰੂ ਕੀਤੇ ਹਨ। ਉਸ ਦਾ ਭਰਾ ਵੀ ਖ਼ੂਨਦਾਨੀ ਹੈ ਅਤੇ ਲੜਕਾ ਵੀ। ਸੋਨੂੰ ਲਲਾਰੀ ਨੂੰ ਤਾਂ ਖ਼ੂਨਦਾਨ ਕਰਨ ਦਾ ਜਜ਼ਬਾ ਹੈ। ਭਾਵੇਂ ਉਹ ਮੁਸ਼ਕਲ ਨਾਲ ਪਰਿਵਾਰ ਪਾਲ ਰਿਹਾ ਹੈ ਪਰ ਉਹ ਖੂਨਦਾਨ ਦੀ ਲਹਿਰ ਮੋਹਰੀ ਵੀ ਹੈ। ਉਸ ਨੇ ਤਾਂ ਲਲਾਰੀ ਸਾਥੀਆਂ ਨੂੰ ਵੀ ਆਪਣੀ ਮੁਹਿੰਮ ਵਿੱਚ ਰਲਾ ਲਿਆ ਹੈ।
            ਬਠਿੰਡਾ ਦੀ ਅਜੀਤ ਰੋਡ ਦਾ ਵਸਨੀਕ ਜਤਿੰਦਰ ਖ਼ੂਨਦਾਨ ਕਰਨ ਵਿੱਚ ਕਦੇ ਪਿੱਛੇ ਨਹੀਂ ਰਿਹਾ। ਕਿੰਨੇ ਹੀ ਲੋਕਾਂ ਨੂੰ ਜੀਵਨ ਦੇਣ ਵਾਲਾ ਜਤਿੰਦਰ ਹੁਣ ਖੁਦ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਉਸ ਦਾ ਸੱਤ ਵਰ੍ਹਿਆਂ ਦਾ ਇਕਲੌਤਾ ਬੱਚਾ ਕਦੇ ਆਪਣੇ ਪਿਤਾ ਜਤਿੰਦਰ ਨੂੰ ਖ਼ੂਨਦਾਨ ਲਹਿਰ ਵਿੱਚ ਮਿਲੀਆਂ ਸ਼ੀਲਡਾਂ ਵੱਲ ਦੇਖਦਾ ਹੈ ਅਤੇ ਕਦੇ ਮੰਜੇ ਉਤੇ ਪਏ ਬਾਪ ਵੱਲ ਵੇਖਦਾ ਹੈ। ਬਠਿੰਡਾ ਦੀ ਯੂਨਾਈਟਿਡ ਵੈਲਫੇਅਰ ਸੁਸਾਇਟੀ ਇਨ੍ਹਾਂ ਖ਼ੂਨਦਾਨੀਆਂ ਦੀ ਅਗਵਾਈ ਕਰ ਰਹੀ ਹੈ, ਜਿਸ ਦੇ ਪ੍ਰਧਾਨ ਵਿਜੈ ਭੱਟ ਨੇ ਦੱਸਿਆ ਕਿ ਉਹ ਹਰ ਵਰ੍ਹੇ 100 ਖ਼ੂਨਦਾਨ ਕੈਂਪ ਲਾ ਦਿੰਦੇ ਹਨ। ਕਰੀਬ 1500 ਖ਼ੂਨਦਾਨੀ ਇਸ ਸੰਸਥਾ ਨਾਲ ਜੁੜੇ ਹੋਏ ਹਨ। ਪਿੰਡ ਕੋਟਸ਼ਮੀਰ ਦਾ ਦੋਧੀ ਮਨਜੀਤ ਸਿੰਘ ਗੋਰਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾ ਰਿਹਾ ਹੈ। ਨਾਲ ਉਹ ਪੇਂਡੂ ਲੋਕਾਂ ਨੂੰ ਖ਼ੂਨਦਾਨ ਲਹਿਰ ਨਾਲ ਜੋੜ ਰਿਹਾ ਹੈ। ਉਸ ਦੇ ਬਾਪ ਦੀ ਮੌਤ ਹੋ ਚੁੱਕੀ ਹੈ। ਜਦੋਂ ਉਸ ਨੇ ਆਪਣੀ ਭੈਣ ਦਾ ਵਿਆਹ ਕੀਤਾ ਤਾਂ ਉਸ ਨੇ ਬਰਾਤ ਦੀ ਹਾਜ਼ਰੀ ਵਿੱਚ ਵਿਆਹ ਮੌਕੇ ਖ਼ੂਨਦਾਨ ਕੈਂਪ ਵੀ ਲਾਇਆ ਸੀ। ਰਾਮਪੁਰਾ ਫੂਲ ਦਾ ਏਸ਼ੀਆ ਵਿੱਚੋਂ ਖ਼ੂਨਦਾਨ ਵਿੱਚ ਪਹਿਲਾ ਨੰਬਰ ਰਿਹਾ ਹੈ। ਰਾਮਪੁਰਾ ਦੇ ਮਰਹੂਮ ਪ੍ਰਿੰਸੀਪਲ ਹਜਾਰੀ ਲਾਲ ਬਾਂਸਲ ਨੇ 1978 ਵਿੱਚ ਇਹ ਰਾਹ ਬਣਾਇਆ ਸੀ, ਜਿਸ 'ਤੇ ਅੱਜ ਹਜ਼ਾਰਾਂ ਖ਼ੂਨਦਾਨੀ ਚੱਲੇ ਹੋਏ ਹਨ।
            ਪੁਲੀਸ ਹੌਲਦਾਰ ਸੁਖਵਿੰਦਰ ਸਿੱਧੂ ਮਾਈਸਰਖਾਨਾ ਆਪਣਾ ਜਨਮ ਦਿਨ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ, ਜਦੋਂ ਕਿ ਸੰਦੀਪ ਘੰਡ ਵੀ ਆਪਣੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਉਣਾ ਨਹੀਂ ਭੁੱਲਦਾ। ਪਿੰਡ ਚੁੱਘੇ ਕਲਾਂ ਦਾ ਦਰਜੀ ਗੁਰਮੀਤ ਗੀਤਾ ਆਪਣੀਆਂ ਭੈਣਾਂ ਦੇ ਜਨਮ ਦਿਨ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ। ਪੁਲੀਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਆਪਣੇ ਉਸਤਾਦ ਦੀ ਬਰਸੀ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ। ਸ਼ਹੀਦ ਸੰਦੀਪ ਸਿੰਘ ਦੀ ਬਰਸੀ ਮੌਕੇ ਬਠਿੰਡਾ ਵਿੱਚ ਖ਼ੂਨਦਾਨ ਕੈਂਪ ਲੱਗਦਾ ਹੈ। ਮਹਿਲਾਵਾਂ ਵਿੱਚੋਂ ਪ੍ਰਿੰਸੀਪਲ ਰਾਜ ਗੁਪਤਾ ਵੀ 45 ਤੋਂ ਜ਼ਿਆਦਾ ਦਫ਼ਾ ਖ਼ੂਨਦਾਨ ਕਰ ਚੁੱਕੇ ਹਨ। ਰਾਮਪੁਰਾ ਦੇ ਰਾਜ ਕੁਮਾਰ ਜੋਸ਼ੀ 91 ਦਫ਼ਾ ਅਤੇ ਆਰਟਿਸਟ ਪ੍ਰੀਤਮ ਸਿੰਘ ਰਾਮਪੁਰਾ ਵੀ 52 ਦਫ਼ਾ ਖ਼ੂਨਦਾਨ ਕਰ ਚੁੱਕੇ ਹਨ। ਮਰਹੂਮ ਹਜ਼ਾਰੀ ਲਾਲ ਬਾਂਸਲ, ਮੰਗਲ ਸੈਨ ਸ਼ਰਮਾ, ਰਤਨ ਸ਼ਰਮਾ ਅਤੇ ਸਤਪਾਲ ਬਾਂਸਲ ਖ਼ੂਨਦਾਨ ਦੇ ਖੇਤਰ ਵਿੱਚ ਮੋਹਰੀ ਰਹੇ ਹਨ, ਜੋ ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ।

Friday, June 8, 2012

                                                                   ਕਿਧਰ ਜਾਈਏ
                                                  ਕਚਰਾ ਕਚਰਾ ਹੋਈ ਜ਼ਿੰਦਗੀ
                                                                 ਚਰਨਜੀਤ ਭੁੱਲਰ
ਬਠਿੰਡਾ : ਭਗਵਾਨ ਕੌਰ ਲਈ ਜ਼ਿੰਦਗੀ ਦਾ ਆਖਰੀ ਪਹਿਰ ਸੌਖਾ ਨਹੀਂ ਹੈ। ਉਹ ਆਪਣੇ ਪੁੱਤ ਪੋਤਿਆਂ ਖਾਤਰ ਲੜ ਰਹੀ ਹੈ ਤਾਂ ਜੋ ਪ੍ਰਦੂਸ਼ਣ ਉਨ੍ਹਾਂ ਦੀ ਜ਼ਿੰਦਗੀ ਦਾ ਵਾਲ ਵਿੰਗਾ ਨਾ ਕਰ ਸਕੇ। 70 ਵਰ੍ਹਿਆਂ ਦੀ ਇਹ ਬਜ਼ੁਰਗ ਔਰਤ 90 ਦਿਨਾਂ ਤੋਂ ਮੋਰਚੇ ਵਿੱਚ ਡਟੀ ਹੋਈ ਹੈ, ਜੋ ਕਚਰਾ ਫੈਕਟਰੀ ਖ਼ਿਲਾਫ਼ ਲੱਗਿਆ ਹੋਇਆ ਹੈ। ਕਰੀਬ ਸਵਾ ਸੌ ਬਜ਼ੁਰਗ ਔਰਤਾਂ ਬਠਿੰਡਾ-ਮੁਕਤਸਰ ਸੜਕ 'ਤੇ ਇਸ ਪਿੰਡ ਕੋਲ ਦਿਨ ਰਾਤ ਦੇ ਸੰਘਰਸ਼ ਵਿੱਚ ਡਟੀਆਂ ਹੋਈਆਂ ਹਨ। ਭਗਵਾਨ ਕੌਰ ਇਨ੍ਹਾਂ ਔਰਤਾਂ ਵਿੱਚੋਂ ਇਕ ਹੈ। ਇਸ ਇਲਾਕੇ ਵਿੱਚ ਕੈਂਸਰ ਦਾ ਕਾਫੀ ਕਹਿਰ ਹੈ। ਉਪਰੋਂ ਪੰਜਾਬ ਸਰਕਾਰ ਨੇ ਇਸ ਪਿੰਡ ਲਾਗੇ ਬਾਇਓ ਮੈਡੀਕਲ ਵੇਸਟੇਜ ਟਰੀਟਮੈਂਟ ਪਲਾਂਟ (ਕਚਰਾ ਫੈਕਟਰੀ) ਲਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਬੁਰਜ ਮਹਿਮਾ, ਮਹਿਮਾ ਭਗਵਾਨਾ ਤੇ ਦਿਉਣ ਦੇ ਲੋਕਾਂ ਨੇ ਕਚਰਾ ਫੈਕਟਰੀ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। 10 ਮਾਰਚ 2012 ਤੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ। ਕਚਰਾ ਫੈਕਟਰੀ ਦਾ ਮਾਲਕ ਹਾਕਮ ਧਿਰ ਦਾ ਵੱਡਾ ਨੇਤਾ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਲੋਕਾਂ ਦੀ ਥਾਂ ਨੇਤਾ ਦਾ ਵੱਧ ਫਿਕਰ ਹੈ।
            ਭਗਵਾਨ ਕੌਰ ਦਾ ਲੜਕਾ ਮੰਦਰ ਸਿੰਘ ਅਧਰੰਗ ਤੋਂ ਪੀੜਤ ਹੈ। ਫਿਰ ਵੀ ਇਹ ਬਜ਼ੁਰਗ ਲੜ ਰਹੀ ਹੈ। ਉਸ ਨੇ ਇੱਕੋ ਨਿਸ਼ਾਨਾ ਦੱਸਿਆ ਕਿ 'ਅਸੀਂ ਤਾਂ ਕੱਢ ਲਈ, ਹੁਣ ਪੁੱਤ ਪੋਤਿਆਂ ਦੀ ਸੁੱਖ ਮੰਗਦੇ ਹਾਂ'। ਉਸ ਨੇ ਭਾਵੁਕਤਾ ਵਿੱਚ ਆਖਿਆ ਕਿ ਕਚਰਾ ਫੈਕਟਰੀ ਦੇ ਸੇਕ ਤੋਂ ਬੱਚਿਆਂ ਨੂੰ ਬਚਾਉਣ ਲਈ ਸੜਕਾਂ 'ਤੇ ਬੈਠੇ ਹਾਂ। ਭਗਵਾਨ ਕੌਰ ਦੀ ਨੂੰਹ ਘਰ ਸਾਂਭ ਰਹੀ ਹੈ ਅਤੇ ਉਹ ਜ਼ਿੰਦਗੀ ਦੇ ਆਖਰੀ ਮੋੜ 'ਤੇ ਮੋਰਚਾ ਸੰਭਾਲੀ ਬੈਠੀ ਹੈ। 60 ਵਰ੍ਹਿਆਂ ਦੀ ਬਜ਼ੁਰਗ ਸੁਰਜੀਤ ਕੌਰ ਨੇ ਝੰਡਾ ਚੁੱਕਿਆ ਹੋਇਆ ਸੀ। ਉਸ ਨੇ ਆਖਿਆ ਕਿ ਉਹ ਤਾਂ ਕਦੇ ਚੁੱਲੇ ਚੌਂਕੇ ਤੋਂ ਬਾਹਰ ਨਹੀਂ ਨਿਕਲੀ ਸੀ। ਹੁਣ ਪ੍ਰਦੂਸ਼ਣ ਦੇ ਡਰ ਨੇ ਝੰਡਾ ਚੁਕਾ ਦਿੱਤਾ ਹੈ। ਸਾਧਾਰਨ ਪੇਂਡੂ ਘਰ ਦੀ ਬਜ਼ੁਰਗ ਜਜ਼ਬੇ ਨਾਲ ਆਖ ਰਹੀ ਸੀ ਕਿ 'ਜੇ ਜੀਣਾ ਹੈ ਤਾਂ ਹੁਣ ਲੜਨਾ ਪੈਣਾ ਹੈ।' ਉਸ ਦਾ ਤਰਕ ਸੀ ਕਿ ਕਚਰਾ ਫੈਕਟਰੀ ਚੱਲੀ ਤਾਂ ਪ੍ਰਦੂਸ਼ਣ ਫੈਲੇਗਾ। ਇਹੋ ਪ੍ਰਦੂਸ਼ਣ ਉਨ੍ਹਾਂ ਦੇ ਬੱਚਿਆਂ ਨੂੰ ਰੋਗੀ ਬਣਾ ਦੇਵੇਗਾ। ਪ੍ਰਦੂਸ਼ਣ ਦੇ ਹੱਲੇ ਤੋਂ ਪਹਿਲਾਂ ਉਹ ਕਚਰਾ ਫੈਕਟਰੀ ਦਾ ਰੋਗ ਸਦਾ ਲਈ ਕੱਟਣਾ ਚਾਹੁੰਦੇ ਹਨ। ਪਿੰਡ ਦਿਉਣ ਦੀ 72 ਵਰ੍ਹਿਆਂ ਦੀ ਘੁੱਕਰ ਕੌਰ ਦਾ ਕੋਈ ਅੱਗੇ ਪਿੱਛੇ ਨਹੀਂ ਹੈ। ਉਹ ਵੀ ਆਪਣੀ ਜ਼ਿੰਦਗੀ ਨੂੰ ਲੋਕ ਘੋਲ ਦੇ ਲੇਖੇ ਲਾ ਰਹੀ ਹੈ। ਇਨ੍ਹਾਂ ਬਜ਼ੁਰਗਾਂ ਦਾ ਸਿਰੜ ਦੇਖਣ ਵਾਲਾ ਹੈ, ਜੋ ਪਹਿਲੀ ਦਫਾ ਸੜਕ 'ਤੇ ਬੈਠੀਆਂ ਹਨ।
             ਬਿਰਧ ਔਰਤ ਗੁਰਮੇਲ ਕੌਰ ਆਖਦੀ ਹੈ ਕਿ ਕਚਰਾ ਫੈਕਟਰੀ ਦਾ ਗੰਦ ਮੰਦ ਪਿੰਡਾਂ ਦੀ ਆਬੋ ਹਵਾ ਨੂੰ ਪਲੀਤ ਕਰੇਗਾ ਅਤੇ ਇਹੋ ਪ੍ਰਦੂਸ਼ਣ ਉਨ੍ਹਾਂ ਦੇ ਪੁੱਤ ਪੋਤਿਆਂ ਦੀ ਜਾਨ ਦਾ ਖੌਅ ਬਣ ਜਾਣਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਖਰੀ ਸਾਹ ਲੈਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਸੁੱਖ ਦੇ ਸਾਹ ਲਈ ਲੜ ਰਹੀ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜੇ ਕਚਰਾ ਫੈਕਟਰੀ ਦਾ ਕੋਈ ਪ੍ਰਦੂਸ਼ਣ ਨਹੀਂ ਫੈਲਣਾ ਤਾਂ ਫਿਰ ਇਸ ਨੂੰ ਬਾਦਲ ਪਿੰਡ ਕਿਉਂ ਨਹੀਂ ਤਬਦੀਲ ਕਰ ਦਿੰਦੇ। ਪਿੰਡ ਦਿਉਣ ਦੀ ਤੇਜ ਕੌਰ ਰੋਜ਼ਾਨਾ ਧਰਨੇ ਵਿੱਚ ਪਹੁੰਚਦੀ ਹੈ। ਉਸ ਦਾ ਕਹਿਣਾ ਸੀ ਕਿ ਉਹ ਕਚਰਾ ਫੈਕਟਰੀ ਚੁੱਕਣ ਮਗਰੋਂ ਹੀ ਉਠਣਗੀਆਂ।ਸੰਘਰਸ਼ ਵਿੱਚ ਕੁੱਦੀ 60 ਵਰ੍ਹਿਆਂ ਦੀ ਜੰਗੀਰ ਕੌਰ ਤਾਂ ਦਿਨ ਰਾਤ ਦੇ ਧਰਨੇ ਕਾਰਨ ਬਿਮਾਰ ਪੈ ਗਈ ਹੈ ਅਤੇ ਉਸ ਦਾ ਹੁਣ ਇਲਾਜ ਚੱਲ ਰਿਹਾ ਹੈ। ਮਹਿਮਾ ਭਗਵਾਨਾ ਦਾ 60 ਵਰ੍ਹਿਆਂ ਦਾ ਨੱਥੂ ਸਿੰਘ ਉਸ ਵੇਲੇ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ, ਜਦੋਂ ਉਹ ਰੋਜ਼ ਵਾਂਗ ਧਰਨੇ ਵਿੱਚ ਆ ਰਿਹਾ ਸੀ। ਕਚਰਾ ਫੈਕਟਰੀ ਦੇ ਸੰਘਰਸ਼ ਵਿੱਚ ਕੁੱਦਣ ਵਾਲੇ ਜਗਰੂਪ ਸਿੰਘ ਦੀ ਵੀ ਅੱਜ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਕਚਰਾ ਫੈਕਟਰੀ ਪਹਿਲਾਂ ਲਹਿਰਾ ਮੁਹੱਬਤ ਵਿਖੇ ਲੱਗੀ ਸੀ, ਜਿਥੇ ਲੋਕਾਂ ਨੇ ਸੰਘਰਸ਼ ਕਰਕੇ ਚੁਕਵਾ ਦਿੱਤੀ। ਹੁਣ ਇੱਥੇ ਵੀ ਲੋਕ ਕਚਰਾ ਫੈਕਟਰੀ ਦੀ ਮਾਰ ਤੋਂ ਤੌਬਾ ਕਰ ਚੁੱਕੇ ਹਨ।

Thursday, June 7, 2012

                                                                      ਪੰਥਕ ਸਰਕਾਰ
                                        ਪ੍ਰਾਹੁਣਿਆਂ ਦੀ ਸੇਵਾ 'ਚ  'ਮੱਛੀ' ਤੇ 'ਮੁਰਗੇ' 
                                                                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਪ੍ਰਾਹੁਣਿਆਂ ਦੀ ਟਹਿਲ ਸੇਵਾ 'ਮੱਛੀ' ਤੇ 'ਮੁਰਗੇ' ਨਾਲ ਕੀਤੀ ਜਾਂਦੀ ਹੈ। ਲੰਘੇ ਪੰਜ ਵਰਿ•ਆਂ 'ਚ ਪੰਜਾਬ ਭਵਨ ਚੰਡੀਗੜ• 'ਚ ਠਹਿਰੇ ਪ੍ਰਾਹੁਣਿਆਂ ਨੂੰ ਪਰੋਸੇ ਇਕੱਲੇ 'ਨਾਨ ਵੈਜ' ਦਾ ਖਰਚਾ ਕਰੀਬ 16 ਲੱਖ ਬਣਦਾ ਹੈ। ਇਸ ਚੋਂ 5.46 ਲੱਖ ਰੁਪਏ ਦਾ 'ਮੱਛੀ' ਦਾ ਖਰਚਾ ਹੈ ਜਦੋਂ ਕਿ 9.33 ਲੱਖ ਰੁਪਏ 'ਮੁਰਗੇ' ਦਾ ਖਰਚਾ ਹੈ। 1.21 ਲੱਖ ਰੁਪਏ ਆਂਡਿਆਂ ਦਾ ਬਿੱਲ ਬਣਿਆ ਹੈ। ਉਂਜ ਪ੍ਰਾਹੁਣਿਆਂ 'ਤੇ ਸਾਲ 2007-08 ਤੋਂ ਸਾਲ 2011-12 ਤੱਕ ਹੋਏ ਕੁੱਲ ਖਰਚ 'ਤੇ ਨਜ਼ਰ ਮਾਰੀਏ ਤਾਂ ਇਹ ਆਓ ਭਗਤ 2.82 ਕਰੋੜ ਰੁਪਏ 'ਚ ਸਰਕਾਰ ਨੂੰ ਪਈ ਹੈ। ਸਾਲ 1992 ਤੋਂ 2007 ਤੱਕ ਪੰਜਾਬ ਭਵਨ 'ਚ ਠਹਿਰੇ ਪ੍ਰਾਹੁਣਿਆਂ ਦੀ ਖਾਤਿਰਦਾਰੀ 'ਤੇ 4.85 ਕਰੋੜ ਰੁਪਏ ਖਰਚੇ ਗਏ ਸਨ ਜਦੋਂ ਕਿ ਲੰਘੇ ਪੰਜ ਵਰਿ•ਆਂ 'ਚ ਪ੍ਰਾਹੁਣਚਾਰੀ ਖਰਚਾ ਕਾਫੀ ਵਧਿਆ ਹੈ। ਪੰਜਾਬ ਭਵਨ 'ਚ ਪ੍ਰਾਈਵੇਟ ਮਹਿਮਾਨਾਂ ਦੀ ਸਰਦਾਰੀ ਹੀ ਰਹਿੰਦੀ ਹੈ ਜੋ ਕਿ ਹਾਕਮ ਧਿਰ ਦੇ ਨੇੜਲੇ ਹੁੰਦੇ ਹਨ। ਲੰਘੇ ਚਾਰ ਵਰਿ•ਆਂ 'ਚ ਪੰਜਾਬ ਭਵਨ 'ਚ 2282 ਕੁੱਲ ਮਹਿਮਾਨ ਠਹਿਰੇ ਜਿਨ•ਾਂ ਚੋਂ 1418 ਪ੍ਰਾਈਵੇਟ ਮਹਿਮਾਨ ਸਨ ਜਦੋਂ ਕਿ ਸਰਕਾਰੀ ਮਹਿਮਾਨਾਂ ਦੀ ਗਿਣਤੀ ਸਿਰਫ 864 ਸੀ। ਕੈਪਟਨ ਹਕੂਮਤ ਸਮੇਂ 6035 ਪ੍ਰਾਹੁਣੇ ਪੰਜਾਬ ਭਵਨ ਵਿੱਚ ਠਹਿਰੇ ਸਨ। ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਪੰਥਕ ਸਰਕਾਰ ਤੋਂ 'ਨਾਨ ਵੈਜ' ਪਰੋਸੇ ਜਾਣ ਦੀ ਆਸ ਨਹੀਂ ਸੀ।
           ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਮੀਮੋ ਨੰਬਰ ਐਚ.ਓ.ਏ.ਐਚ-6/2012/3502 ਮਿਤੀ 24 ਮਈ 2012 ਨੂੰ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਪੰਜਾਬ ਭਵਨ ਚੰਡੀਗੜ• ਦਾ ਪ੍ਰਾਹੁਣਚਾਰੀ ਖਰਚਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਕਰਜ਼ਿਆਂ ਦੇ ਬੋਝ ਹੇਠ ਦਬੀ ਹੋਈ ਹੈ ਲੇਕਿਨ ਫਿਰ ਵੀ ਖਾਤਿਰਦਾਰੀ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪ੍ਰਾਹੁਣਿਆਂ ਦੇ ਚਾਹ ਪਾਣੀ ਅਤੇ ਖਾਣਿਆਂ 'ਤੇ ਸਾਲ 2011-2012 ਵਿੱਚ 62.55 ਲੱਖ ਰੁਪਏ ਇਕੱਲੇ ਪੰਜਾਬ ਭਵਨ ਵਿੱਚ ਖਰਚੇ ਗਏ ਜਦੋਂ ਕਿ ਸਾਲ 2010-11 ਵਿੱਚ ਇਹ ਖਰਚਾ 59 ਲੱਖ ਰੁਪਏ ਸੀ। ਉਸ ਤੋਂ ਪਹਿਲਾਂ ਸਾਲ 2009-10 ਵਿੱਚ ਇਹੋ ਖਰਚਾ 55.09 ਲੱਖ ਰੁਪਏ ਸੀ। ਪੰਜਾਬ ਭਵਨ ਵਿੱਚ ਸਾਲ 2008-09 ਵਿੱਚ 52.50 ਲੱਖ ਰੁਪਏ ਖਰਚਾ ਖਾਤਿਰਦਾਰੀ 'ਤੇ ਕੀਤਾ ਗਿਆ। ਅਗਰ ਪੰਜਾਬ ਸਰਕਾਰ ਦੇ ਦੂਸਰੇ ਰਾਜਾਂ ਵਿਚਲੇ ਅਤੇ ਪੰਜਾਬ ਵਿਚਲੇ ਹੋਰਨਾਂ ਸਰਕਟ ਹਾਊਸਜ਼ ਅਤੇ ਗੈਸਟ ਹਾਊਸਜ ਦਾ ਖਰਚਾ ਸ਼ਾਮਲ ਕਰ ਲਈਏ ਤਾਂ ਇਹ ਕਈ ਗੁਣਾ ਬਣ ਜਾਣਾ ਹੈ। ਪੰਜਾਬ ਭਵਨ ਚੰਡੀਗੜ• ਵਿੱਚ ਸਾਲ 2010-11 ਵਿੱਚ 1.65 ਲੱਖ ਅਤੇ ਸਾਲ 2011-12 ਵਿੱਚ 1.17 ਲੱਖ ਰੁਪਏ ਦੀ ਇਕੱਲੀ 'ਮੱਛੀ' ਹੀ ਮਹਿਮਾਨਾਂ ਵਾਸਤੇ ਪਰੋਸੀ ਗਈ ਹੈ। ਕੈਪਟਨ ਹਕੂਮਤ ਸਮੇਂ ਮੱਛੀ ਅਤੇ ਮੁਰਗੇ ਦਾ ਖਰਚਾ ਹੋਰ ਵੀ ਜਿਆਦਾ ਸੀ।
            ਪੰਜਾਬ ਭਵਨ 'ਚ ਏਦਾ ਹੀ ਸਾਲ 2010-11 ਵਿੱਚ 2.45 ਲੱਖ ਰੁਪਏ ਅਤੇ ਸਾਲ 2011-12 ਵਿੱਚ 2.28 ਲੱਖ ਰੁਪਏ ਦੇ 'ਮੁਰਗੇ' ਮਹਿਮਾਨਾਂ ਦੀ ਟਹਿਲ ਸੇਵਾ ਵਿੱਚ ਪਰੋਸੇ ਗਏ ਹਨ। ਪੰਜਾਬ ਸਰਕਾਰ ਨੇ 7 ਮਾਰਚ 2011 ਨੂੰ ਪੰਜਾਬ ਭਵਨ 'ਚ ਠਹਿਰਨ ਵਾਲਿਆਂ ਲਈ ਕਮਰਿਆਂ ਦੇ ਕਿਰਾਏ ਵਧਾ ਵੀ ਦਿੱਤੇ ਹਨ ਪ੍ਰੰਤੂ ਫਿਰ ਵੀ ਮਹਿਮਾਨਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਹੋਈ ਹੈ। ਪ੍ਰਾਈਵੇਟ ਵਿਅਕਤੀ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਨਾਲ ਪੰਜਾਬ ਭਵਨ 'ਚ ਠਹਿਰ ਸਕਦੇ ਹਨ। ਫਿਰ ਵੀ ਪ੍ਰਾਈਵੇਟ ਮਹਿਮਾਨਾਂ ਦੀ ਗਿਣਤੀ ਜਿਆਦਾ ਹੀ ਰਹਿੰਦੀ ਹੈ। ਪੰਜਾਬ ਭਵਨ ਵਿੱਚ ਇਕੱਲਾ 'ਨਾਨ ਵੈਜ' ਦਾ ਖਰਚਾ ਨਹੀਂ ਬਲਕਿ ਮਹਿਮਾਨਾਂ ਨੂੰ ਦਿੱਤੇ ਜਾਣ ਵਾਲੇ ਪਾਣੀ,ਜੂਸ ਅਤੇ ਠੰਡਿਆਂ ਦਾ ਖਰਚਾ ਵੀ ਹੁਣ ਕਾਫੀ ਵੱਧਣ ਲੱਗਾ ਹੈ।  ਕੁਝ ਅਰਸਾ ਪਹਿਲਾਂ ਪ੍ਰਾਹੁਚਾਰੀ ਵਿਭਾਗ ਨੇ ਇਹ ਸੂਚਨਾ ਦਿੱਤੀ ਸੀ ਕਿ ਪੰਜਾਬ ਭਵਨ 'ਚ ਪ੍ਰਾਹੁਣਿਆ ਨੂੰ ਕੈਚ ਕੰਪਨੀ ਦਾ 25 ਰੁਪਏ ਪ੍ਰਤੀ ਲੀਟਰ ਵਾਲਾ ਪੀਣ ਵਾਲਾ ਪਾਣੀ ਪਿਲਾਇਆ ਜਾਂਦਾ ਹੈ। ਹੁਣ ਤਾਜ਼ਾ ਸੂਚਨਾ 'ਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਪ੍ਰਾਹੁਣਿਆਂ ਨੂੰ ਬਿਸਲਰੀ ਅਤੇ ਕਿਨਲੇ ਕੰਪਨੀ ਦਾ ਪਾਣੀ ਦਿੱਤਾ ਜਾਂਦਾ ਹੈ। ਦੂਸਰੀ ਤਰਫ ਮਾਲਵਾ ਖਿੱਤੇ ਵਿੱਚ ਲੋਕ ਸ਼ੁਧ ਪਾਣੀ ਦੀ ਕਮੀ ਕਾਰਨ ਕੈਂਸਰ ਵਰਗੀ ਅਲਾਮਤ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਚੰਡੀਗੜ• ਦਾ ਪਾਣੀ ਉਜ ਹੀ ਸ਼ੁੱਧ ਹੈ ਪ੍ਰੰਤੂ ਸਰਕਾਰ ਨੂੰ ਪ੍ਰਾਹੁਣਿਆਂ ਦੀ ਸਿਹਤ ਦੀ ਜਿਆਦਾ ਫਿਕਰਮੰਦੀ ਹੈ।
                                                    10 ਲੱਖ ਦਾ ਪਾਣੀ ਪਿਲਾਇਆ
ਪੰਜਾਬ ਸਰਕਾਰ ਵਲੋਂ ਉਨਾਂ ਖਰਚਾ ਠੰਡਿਆਂ ਅਤੇ ਜੂਸ 'ਤੇ ਨਹੀਂ ਕੀਤਾ ਗਿਆ ਜਿਨ•ਾਂ ਪੀਣ ਵਾਲੇ ਪਾਣੀ 'ਤੇ ਕੀਤਾ ਗਿਆ ਹੈ। ਪੰਜਾਬ ਭਵਨ ਵਿੱਚ ਪੰਜ ਵਰਿ•ਆਂ 'ਚ ਪ੍ਰਾਹੁਣਿਆਂ ਨੂੰ 18.36 ਲੱਖ ਰੁਪਏ ਪਾਣੀ,ਜੂਸ ਅਤੇ ਠੰਡੇ ਪਿਲਾਉਣ 'ਤੇ ਖਰਚ ਕੀਤਾ ਗਏ ਹਨ। ਸਰਕਾਰ ਨੇ ਇਕੱਲੇ ਮਿਨਰਲ ਵਾਟਰ 'ਤੇ 10.29 ਲੱਖ ਰੁਪਏ ਖਰਚ ਕੀਤੇ ਹਨ ਜਦੋਂ ਕਿ ਜੂਸ 'ਤੇ 5.01 ਲੱਖ ਰੁਪਏ ਅਤੇ ਕੋਲਡ ਡਰਿੰਕਸ 'ਤੇ 3.06 ਲੱਖ ਰੁਪਏ ਖਰਚ ਕੀਤੇ ਗਏ ਹਨ। ਹਾਲਾਂਕਿ ਪੰਜਾਬ ਸਰਕਾਰ ਨੂੰ ਮਿਨਰਲ ਵਾਟਰ ਰਿਆਇਤੀ ਦਰਾਂ 'ਤੇ ਮਿਲਦਾ ਹੈ। ਅਸਲ ਕੀਮਤ ਲਾਈਏ ਤਾਂ ਪਾਣੀ ਦਾ ਖਰਚ ਕਈ ਗੁਣਾ ਵੱਧ ਜਾਣਾ ਹੈ। ਸਾਲ 2011-12 ਵਿੱਚ ਸਰਕਾਰ ਨੇ 3.56 ਲੱਖ ਰੁਪਏ ਇਕੱਲੇ ਮਿਨਰਲ ਵਾਟਰ 'ਤੇ ਖਰਚ ਕੀਤੇ ਹਨ ਜੋ ਆਪਣੇ ਆਪ ਵਿੱਚ ਰਿਕਾਰਡ ਹੈ। 

Tuesday, June 5, 2012

                                     ਬੇਰੁਜ਼ਗਾਰੀ ਨੇ
      ਟੈਂਕੀਆਂ 'ਤੇ ਚੜ੍ਹਾਏ ਸਿੱਖਿਆ ਦੇ ਸਿਕੰਦਰ
                                   ਚਰਨਜੀਤ ਭੁੱਲਰ
ਬਠਿੰਡਾ :  ਸਿੱਖਿਆ ਦੇ 'ਸਿਕੰਦਰ' ਹੁਣ ਟੈਂਕੀ 'ਤੇ ਚੜ੍ਹਨ ਲਈ ਮਜਬੂਰ ਹਨ। ਕੋਈ ਐਮ.ਫਿਲ ਹੈ ਤੇ ਕੋਈ ਪੀ.ਐਚ.ਡੀ। ਜਿੰਨੀ ਪਾਣੀ ਵਾਲੀ ਟੈਂਕੀ ਉੱਚੀ ਹੈ, ਉਸ ਤੋਂ ਕਿਤੇ ਵੱਧ ਇਨ੍ਹਾਂ ਬੇਰੁਜ਼ਗਾਰਾਂ ਦੀ ਯੋਗਤਾ ਉੱਚੀ ਹੈ। ਜਦੋਂ ਇਨ੍ਹਾਂ ਤੋਂ ਸਰਕਾਰੀ ਜਲਾਲਤ ਨਾ ਝੱਲੀ ਗਈ ਤਾਂ ਇਨ੍ਹਾਂ ਨੂੰ ਟੈਂਕੀ ਦੇ ਗਲ ਲੱਗਣਾ ਪੈ ਗਿਆ ਹੈ। ਮਾਪੇ ਆਖਦੇ ਹਨ ਕਿ ਉਨ੍ਹਾਂ ਨੇ ਪੁੱਤ ਧੀਆਂ ਟੈਂਕੀਆਂ 'ਤੇ ਚੜ੍ਹਣ ਲਈ ਨਹੀਂ ਪੜ੍ਹਾਏ।  ਬਠਿੰਡਾ ਜ਼ਿਲ੍ਹੇ ਦਾ ਪਿੰਡ ਲਹਿਰਾ ਧੂਰਕੋਟ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਨਕਾ ਪਿੰਡ ਹੈ। ਅਧਿਆਪਕਾਵਾਂ  ਟੈਂਕੀ 'ਤੇ ਚੜ੍ਹ ਕੇ ਹੁਣ ਬਾਜ਼ੀ ਜਿੱਤਣ ਦੇ ਰੌਂਅ ਵਿੱਚ ਹਨ। ਇਹ ਕੁੜੀਆਂ ਟੈਂਕੀ 'ਤੇ ਚੜ੍ਹ ਕੇ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀਆਂ ਹਨ। 24 ਘੰਟੇ ਤੋਂ ਇਹ ਬੇਰੁਜ਼ਗਾਰ ਟੈਂਕੀ 'ਤੇ ਚੜ੍ਹੇ ਹੋਏ ਹਨ। ਜਦੋਂ ਪੰਜਾਬ ਸਰਕਾਰ ਵੱਲੋਂ 3 ਜੁਲਾਈ 2011 ਨੂੰ ਅਧਿਆਪਕ ਯੋਗਤਾ ਪ੍ਰੀਖਿਆ ਲਈ ਗਈ ਸੀ ਤਾਂ ਉਦੋਂ ਢਾਈ ਲੱਖ ਬੇਰੁਜ਼ਗਾਰ ਇਸ ਪ੍ਰੀਖਿਆ ਵਿੱਚ ਬੈਠੇ ਸਨ ਜਿਸ ਚੋਂ ਕਰੀਬ 9 ਹਜ਼ਾਰ ਬੇਰੁਜ਼ਗਾਰ ਅਧਿਆਪਕਾਂ ਨੇ ਇਹ ਪ੍ਰੀਖਿਆ ਪਾਸ ਕੀਤੀ। 'ਅਧਿਆਪਕ ਪ੍ਰੀਖਿਆ ਯੋਗਤਾ' ਪਾਸ ਕਰਕੇ ਵਾਲੇ ਹੀ ਹੁਣ ਸੜਕਾਂ 'ਤੇ ਉਤਰੇ ਹਨ। ਇਨ੍ਹਾਂ 'ਚ ਕੋਈ ਕਮੀ ਨਹੀਂ ਹੈ ਪਰ ਸਰਕਾਰੀ ਕਮੀ ਨੇ ਇਨ੍ਹਾਂ ਨੂੰ ਆਹ ਦਿਨ ਵਿਖਾ ਦਿੱਤੇ ਹਨ।
          ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਯੂਨੀਅਨ ਦਾ ਕਹਿਣਾ ਹੈ ਕਿ ਨਵੰਬਰ-ਦਸੰਬਰ 2011 ਵਿੱਚ ਉਨ੍ਹਾਂ ਦੀ ਕੌਸਲਿੰਗ ਹੋ ਚੁੱਕੀ ਹੈ ਪ੍ਰੰਤੂ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਨੇ ਨਿਯੁਕਤੀ ਪੱਤਰ ਨਹੀਂ ਦਿੱਤੇ ਹਨ। ਉਹ ਤਿੰਨ ਦਫਾ ਮੁੱਖ ਮੰਤਰੀ ਅਤੇ ਪੰਜ ਦਫਾ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਨ। ਹੁਣ ਨੇਤਾਵਾਂ ਤੇ ਕੋਈ ਭਰੋਸਾ ਨਹੀਂ ਰਿਹਾ। ਪਿੰਡ ਲਹਿਰਾ ਧੂਰਕੋਟ ਵਿੱਚ ਕੱਲ੍ਹ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਐਮ.ਫਿਲ ਅਤੇ ਪੀ.ਐਚ.ਡੀ ਵੀ ਸ਼ਾਮਲ ਸਨ। ਮੋਗਾ ਜ਼ਿਲ੍ਹੇ ਦੀ ਮਨਦੀਪ ਕੌਰ 24 ਘੰਟਿਆਂ ਤੋਂ ਟੈਂਕੀ 'ਤੇ ਚੜ੍ਹੀ ਹੋਈ ਹੈ। ਉਸ ਦੀ ਯੋਗਤਾ ਵੀ ਦੇਖੋ ਤੇ ਹੌਸਲਾ ਵੀ। ਉਹ ਐਮ.ਐਸ.ਈ (ਬਾਟਨੀ) 66 ਫੀਸਦੀ ਅੰਕਾਂ ਨਾਲ ਪਾਸ,ਬੀ.ਐਸ.ਸੀ 61 ਫੀਸਦੀ ਅੰਕਾਂ ਨਾਲ,ਬੀ.ਐਡ 74 ਫੀਸਦੀ ਅੰਕਾਂ ਨਾਲ ਅਤੇ ਐਮ.ਐਡ 71 ਫੀਸਦੀ ਅੰਕਾਂ ਨਾਲ ਪਾਸ ਹੈ। ਉਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਉਸ ਦਾ ਕਹਿਣਾ ਸੀ ਕਿ ਏਨਾ ਪੜ੍ਹ ਲਿਖ ਕੇ ਵੀ ਟੈਂਕੀ 'ਤੇ ਚੜ੍ਹਨਾ ਪਿਆ ਹੈ। ਉਸ ਦਾ ਕਹਿਣਾ ਸੀ ਕਿ ਹੁਣ ਸਬਰ ਦਾ ਪਿਆਲਾ ਭਰ ਗਿਆ ਹੈ। ਸਰਕਾਰ ਨੇ ਮਿਹਨਤ ਦਾ ਮੁੱਲ ਨਾ ਪਾਇਆ ਤਾਂ ਉਹ  ਇੱਥੋਂ ਖਾਲ੍ਹੀ ਨਹੀਂ ਜਾਣਗੇ।  ਲੁਧਿਆਣਾ ਦੀ ਅੰਮ੍ਰਿਤਪਾਲ ਕੌਰ ਨੂੰ ਵੀ ਟੈਂਕੀ ਤੇ ਚੜ੍ਹਨਾ ਪਿਆ ਹੈ। ਉਸ ਨੇ 69 ਫੀਸਦੀ ਅੰਕਾਂ ਨਾਲ ਐਮ.ਐਡ ਪਾਸ ਕੀਤੀ ਅਤੇ ਟੀ.ਈ.ਟੀ ਪ੍ਰੀਖਿਆ ਵੀ ਪਾਸ ਕੀਤੀ ਹੈ।ਅੰਮ੍ਰਿਤਪਾਲ ਕੌਰ ਦਾ ਕਹਿਣਾ ਸੀ ਕਿ ਹੁਣ ਤੱਕ ਏਨੇ ਪੇਪਰ ਦਿੱਤੇ ਹਨ ਕਿ ਸਰਵਾਈਕਲ ਹੋ ਗਿਆ ਹੈ। ਉਸ ਦਾ ਕਹਿਣਾ ਸੀ ਕਿ ਉਹ ਤਾਂ ਉਚੀ ਥਾਂ ਤੇ ਚੜ੍ਹਣ ਤੋਂ ਡਰਦੀ ਹੁੰਦੀ ਸੀ ਪ੍ਰੰਤੂ ਹੁਣ ਬੇਰੁਜ਼ਗਾਰੀ ਦੀ ਮਾਰ ਨੇ ਟੈਂਕੀ 'ਤੇ ਚੜ੍ਹਾ ਦਿੱਤਾ ਹੈ।
          ਹੁਸ਼ਿਆਰਪੁਰ ਦੇ ਅਜੇ ਕੁਮਾਰ ਨੇ ਦਿਹਾੜੀ ਕਰ ਕਰ ਕੇ ਪੜਾਈ ਕੀਤੀ ਹੈ। ਹੁਣ ਉਹ ਟੈਂਕੀ ਤੇ ਚੜਿਆ ਹੋਇਆ ਹੈ। ਜਦੋਂ ਉਹ ਪੰਜ ਵਰ੍ਹਿਆਂ ਦਾ ਸੀ ਤਾਂ ਉਸ ਦੇ ਬਾਪ ਦੀ ਮੌਤ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਖੇਤਾਂ ਵਿੱਚ ਦਿਹਾੜੀ ਕੀਤੀ ਅਤੇ ਨਾਲੋ ਨਾਲ ਪੜਾਈ ਜਾਰੀ ਰੱਖੀ। ਉਸਦੇ ਭਰਾ ਅਤੇ ਭਰਜਾਈ ਦੀ ਵੀ ਮੌਤ ਹੋ ਚੁੱਕੀ ਹੈ, ਜੋ ਉਸ ਦੇ ਮੱਦਦਗਾਰ ਸਨ। 70 ਵਰ੍ਹਿਆਂ ਦੀ ਮਾਂ ਬਿਮਲਾ ਦੇਵੀ ਸਮੇਤ ਪੂਰਾ ਪ੍ਰਵਾਰ ਉਸ ਤੇ ਨਿਰਭਰ ਹੈ। ਉਹ ਰੁਜਗਾਰ ਖਾਤਰ ਟੈਂਕੀ ਤੇ ਚੜਿਆ ਹੋਇਆ ਹੈ।ਪਿਛੇ ਪੂਰਾ ਪ੍ਰਵਾਰ ਉਸ ਨੂੰ ਉਡੀਕ ਰਿਹਾ ਹੈ।  ਸਰਕਾਰ ਉਸ ਦੀ ਮਿਹਨਤ ਵੱਲ ਵੇਖਦੀ ਤਾਂ ਅੱਜ ਉਸ ਨੂੰ ਟੈਂਕੀ ਤੇ ਨਾ ਚੜਨਾ ਪੈਂਦਾ। ਉਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਹਰਜਾਪ ਸਿੰਘ ਵੀ ਯੋਗਤਾ ਵੀ ਕੋਈ ਛੋਟੀ ਨਹੀਂ ਹੈ। ਟੈਂਕੀ ਤੇ ਚੜ੍ਹੇ ਹਰਜਾਪ ਸਿੰਘ ਨੇ ਕਾਲਜ ਲੈਕਚਰਾਰ ਲੱਗਣ ਵਾਸਤੇ ਜ਼ਰੂਰੀ ਨੈਟ ਦੀ ਪ੍ਰੀਖਿਆ ਇੱਕ ਵਾਰ ਨਹੀਂ ਬਲਕਿ ਤਿੰਨ ਦਫਾ ਪਾਸ ਕੀਤੀ ਹੋਈ ਹੈ। ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਐਮ.ਏ ਚੋਂ 62 ਫੀਸਦੀ ਅਤੇ ਬੀ.ਐਡ ਚੋਂ 73 ਫੀਸਦੀ ਅੰਕ ਲਏ ਹੋਏ ਹਨ। ਫਿਰ ਵੀ ਉਸ ਨੂੰ ਟੈਂਕੀ 'ਤੇ ਚੜ੍ਹਨਾ ਪਿਆ ਹੈ। ਏਦਾ ਹੀ ਆਪਣੀ ਤਿੰਨ ਮਹੀਨੇ ਦੀ ਬੱਚੀ ਨੂੰ ਛੱਡ ਕੇ ਕਰਨੈਲ ਸਿੰਘ ਨੂੰ ਪਾਣੀ ਵਾਲੀ ਟੈਂਕੀ 'ਤੇ ਚੜ੍ਹਨਾ ਪਿਆ ਹੈ। ਉਸ ਨੇ ਐਮ.ਏ ਹਿਸਟਰੀ ਚੋਂ 65 ਫੀਸਦੀ ਅਤੇ ਐਮ.ਏ ਪੰਜਾਬੀ ਚੋਂ 63 ਫੀਸਦੀ ਅੰਕ ਪ੍ਰਾਪਤ ਕੀਤੇ ਹੋਏ ਹਨ। ਉਸ ਦਾ ਕਹਿਣਾ ਸੀ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਪੰਜਾਬ ਵਿੱਚ 45 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਬਣਦੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਯੋਗ ਹੋਣ ਦੇ ਬਾਵਜੂਦ ਨਕਾਰਿਆ ਜਾ ਰਿਹਾ ਹੈ।
                                                       ਪੜ੍ਹਿਆ ਲਿਖਿਆ ਦਾ ਸੰਘਰਸ਼ੀ ਮੇਲਾ
ਸਿੱਖਿਆ ਮੰਤਰੀ ਦੇ ਨਾਨਕੇ ਪਿੰਡ ਲਹਿਰਾ ਧੂਰਕੋਟ ਵਿੱਚ ਦੋ ਦਿਨਾਂ ਤੋਂ ਡਿਗਰੀਆਂ ਵਾਲਿਆਂ ਦਾ ਸੰਘਰਸ਼ੀ ਮੇਲਾ ਲੱਗਿਆ ਹੋਇਆ ਹੈ। ਜਿਸ ਨੂੰ ਪੁੱਛੋ ,ਹਰ ਕੋਈ ਐਮ.ਐਸ.ਈ,ਐਮ.ਫਿਲ ਜਾਂ ਐਮ.ਐਡ ਆਪਣਾ ਯੋਗਤਾ ਦੱਸਦਾ ਹੈ। ਸੱਚਮੁੱਚ ਇਹ ਬੇਰੁਜ਼ਗਾਰ ਅਧਿਆਪਕ ਵਿੱਦਿਅਕ ਅਖਾੜੇ ਦੀ ਕਰੀਮ ਹਨ। ਪਰਮਿੰਦਰ ਸਿੰਘ, ਮੰਜੂ ਅਰੋੜਾ,ਜਸਵਿੰਦਰਪਾਲ ਬਠਿੰਡਾ ਅਤੇ ਲਾਲ ਸਿੰਘ ਨੇ ਬਾਕੀ ਯੋਗਤਾ ਦੇ ਨਾਲ ਐਮ.ਫਿਲ ਵੀ ਕੀਤੀ ਹੋਈ ਹੈ ਜਦੋਂ ਕਿ ਹਰਜਾਪ ਸਿੰਘ,ਪਰਮਜੀਤ ਕੌਰ,ਰਮਨਪ੍ਰੀਤ ਕੌਰ,ਰੀਤੂ ਰਾਣੀ ਅਤੇ ਬੇਅੰਤ ਸਿੰਘ ਅਤੇ ਬੰਤਾ ਸਿੰਘ ਫਾਜਿਲਕਾ ਨੇ ਕਾਲਜ ਲੈਕਚਰਾਰ ਵਾਲੀ ਨੈਟ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਐਮ.ਏ, ਬੀ.ਐਡ ਤਾਂ ਸੈਂਕੜੇ ਹੀ ਹਨ।
                                                      ਕਿਸਾਨ ਧਿਰਾਂ ਵੱਲੋਂ ਲੰਗਰ ਦੀ ਸੇਵਾ
ਕਿਸਾਨ ਧਿਰਾਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ। ਪਿੰਡ ਲਹਿਰਾ ਧੂਰਕੋਟ ਦੀਆਂ ਔਰਤਾਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡਾਂ ਚੋਂ ਵੀ ਲੰਗਰ ਤਿਆਰ ਕਰਾਇਆ ਜਾ ਰਿਹਾ ਹੈ। ਪਿੰਡ ਲਹਿਰਾ ਧੂਰਕੋਟ,ਲਹਿਰਾ ਮੁਹੱਬਤ ਅਤੇ ਕੌਟੜਾ ਦੇ ਲੋਕਾਂ ਵੱਲੋਂ ਇਨ੍ਹਾਂ ਸੰਘਰਸ਼ੀ ਅਧਿਆਪਕਾਂ ਲਈ ਦੁੱਧ ਵੀ ਇਕੱਠਾ ਕੀਤਾ ਗਿਆ ਹੈ।

Sunday, June 3, 2012

                               ਰੰਗਲਾ ਪੰਜਾਬ
         ਗੱਡੀ ਵਿਕਾਸ ਦੀ, ਤੇਲ ਕਰਜ਼ੇ ਦਾ
                              ਚਰਨਜੀਤ ਭੁੱਲਰ
ਬਠਿੰਡਾ : ਸਰਕਾਰੀ ਨਿਗਮਾਂ ਨੂੰ ਵਿਕਾਸ ਕਾਰਜਾਂ ਖਾਤਰ 400 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਿਆ ਹੈ। ਮਾਲਵਾ ਪੱਟੀ 'ਚ ਕਰਜ਼ਾ ਚੁੱਕ ਕੇ ਜ਼ਿਆਦਾਤਰ ਵਿਕਾਸ ਹੋ ਰਿਹਾ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਇਨ੍ਹਾਂ ਸਰਕਾਰੀ ਨਿਗਮਾਂ ਨੂੰ ਕਰੀਬ 409 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ। ਬਹੁਤੇ ਨਿਗਮਾਂ ਕੋਲ ਤਾਂ ਹੁਣ ਕਰਜ਼ੇ ਦੀ ਕਿਸ਼ਤ ਵੀ ਨਹੀਂ ਮੋੜੀ ਜਾ ਰਹੀ। ਨਗਰ ਨਿਗਮ ਬਠਿੰਡਾ ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਕੋਲੋਂ 52.45 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਤਾਂ ਜੋ ਵਿਕਾਸ ਕਾਰਜ ਕੀਤੇ ਜਾ ਸਕਣ। ਪੀ.ਆਈ.ਡੀ.ਬੀ. ਨੇ ਸਾਲ 2008-09 ਵਿੱਚ ਨਗਰ ਨਿਗਮ ਬਠਿੰਡਾ ਨੂੰ ਬਲਿਊ ਫੌਕਸ ਪ੍ਰਾਪਰਟੀ ਵਾਸਤੇ 40 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਹੁਣ ਇਹ ਕਰਜ਼ ਵੀ ਨਿਗਮ ਤੋਂ ਮੋੜਿਆ ਨਹੀਂ ਜਾ ਰਿਹਾ। ਪੀ.ਆਈ.ਡੀ.ਬੀ. ਵੱਲੋਂ ਵਾਰ ਵਾਰ ਨਿਗਮ ਨੂੰ ਪੱਤਰ ਵੀ ਲਿਖੇ ਜਾ ਰਹੇ ਹਨ। ਇਸੇ ਤਰ੍ਹਾਂ ਨਗਰ ਨਿਗਮ ਬਠਿੰਡਾ ਨੇ ਪੀ.ਆਈ.ਡੀ.ਬੀ. ਤੋਂ ਸਾਲ 2010-11 ਵਿੱਚ 12.45 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਤਾਂ ਜੋ ਸ਼ਹਿਰ ਵਿੱਚ ਸੀਵਰੇਜ ਕਾਰਜ ਪੂਰਾ ਕਰਾਇਆ ਜਾ ਸਕੇ।
              ਪੀ.ਆਈ.ਡੀ.ਬੀ. ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਪਿਛਲੇ ਪੰਜ ਵਰ੍ਹਿਆਂ ਦੌਰਾਨ ਸਰਕਾਰੀ ਨਿਗਮਾਂ ਨੂੰ ਇੱਕ ਦਰਜਨ ਕਾਰਜਾਂ ਲਈ 409 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ। ਸਿਹਤ ਵਿਭਾਗ ਪੰਜਾਬ ਵੱਲੋਂ ਜੋ ਤਲਵੰਡੀ ਸਾਬੋ ਵਿਖੇ ਨਸ਼ਾ ਛੁਡਾਊ ਕੇਂਦਰ ਤਿਆਰ ਕੀਤਾ ਗਿਆ ਹੈ, ਉਸ ਲਈ ਵੀ 15 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ। ਹੈਲਥ ਸਿਸਟਮ ਕਾਰਪੋਰੇਸ਼ਨ ਨੇ ਪੀ.ਆਈ.ਡੀ.ਬੀ. ਤੋਂ ਸਾਲ 2008-09 ਵਿੱਚ ਇਹ ਕਰਜ਼ਾ ਚੁੱਕਿਆ ਸੀ।ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵੱਲੋਂ ਤਲਵੰਡੀ ਸਾਬੋ ਅਤੇ ਆਨੰਦਪੁਰ ਸਾਹਿਬ ਦੀਆਂ ਸੜਕਾਂ ਨੂੰ ਚੌੜਾ ਕਰਨ ਵਾਸਤੇ ਪੀ.ਆਈ.ਡੀ.ਬੀ. ਤੋਂ ਸਾਲ 2008-09 ਵਿੱਚ 5.85 ਕਰੋੜ ਰੁਪਏ ਦਾ ਲੋਨ ਲਿਆ ਗਿਆ ਸੀ।  ਪੀ.ਆਈ.ਡੀ.ਬੀ. ਵੱਲੋਂ ਮਲੋਟ ਵਿੱਚ ਸੀਵਰੇਜ ਪਾਉਣ ਖਾਤਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ 7.18 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਸੀਵਰੇਜ ਬੋਰਡ ਨੇ ਸਾਲ 2010-11 ਵਿੱਚ 4.18 ਕਰੋੜ ਰੁਪਏ ਅਤੇ ਸਾਲ 2011-12 ਵਿੱਚ 3 ਕਰੋੜ ਰੁਪਏ ਦਾ ਕਰਜ਼ਾ ਮਲੋਟ ਦੇ ਸੀਵਰੇਜ ਵਾਸਤੇ ਲਿਆ ਸੀ। ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਲਈ ਜੋ ਜ਼ਮੀਨ ਐਕੁਆਇਰ ਕੀਤੀ ਗਈ ਹੈ ਉਸ ਦਾ ਮੁਆਵਜ਼ਾ ਵੀ ਕਰਜ਼ਾ ਚੁੱਕ ਕੇ ਦਿੱਤਾ ਗਿਆ ਹੈ। ਗਮਾਡਾ ਨੇ ਮੁਆਵਜ਼ੇ ਵਾਸਤੇ ਪੀ.ਆਈ. ਡੀ. ਬੀ. ਤੋਂ 160 ਕਰੋੜ ਰੁਪਏ ਦਾ ਕਰਜ਼ਾ ਸਾਲ 2008-09 ਵਿੱਚ ਲਿਆ ਅਤੇ ਉਸ ਮਗਰੋਂ ਸਾਲ 2011-12 ਵਿੱਚ ਇਸੇ ਮਕਸਦ ਲਈ 50 ਕਰੋੜ ਰੁਪਏ ਦਾ ਲੋਨ ਲਿਆ।
            ਪੀ.ਆਈ.ਡੀ.ਬੀ. ਤੋਂ ਲਏ ਕਰਜ਼ੇ ਦੀ ਹਾਲੇ ਤੱਕ ਕੋਈ ਕਿਸ਼ਤ ਨਹੀਂ ਮੋੜੀ ਗਈ ਅਤੇ ਹੁਣ ਵਿਕਾਸ ਬੋਰਡ ਵੱਲੋਂ ਸਰਕਾਰੀ ਨਿਗਮਾਂ ਨੂੰ ਵਾਰ ਵਾਰ ਪੱਤਰ ਲਿਖੇ ਜਾ ਰਹੇ ਹਨ। ਨਗਰ ਨਿਗਮ ਲੁਧਿਆਣਾ ਨੂੰ ਵੀ ਸੜਕਾਂ ਵਾਸਤੇ ਪੀ.ਆਈ. ਡੀ. ਬੀ. ਤੋਂ ਸਾਲ 2008-09 ਵਿੱਚ 20 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਿਆ ਸੀ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੇ ਤਾਂ ਦਸੂਹਾ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ 9.87 ਕਰੋੜ ਦਾ ਕਰਜ਼ਾ ਪੀ.ਆਈ. ਡੀ. ਬੀ. ਤੋਂ ਲਿਆ ਸੀ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਫੀ ਪ੍ਰਾਜੈਕਟ ਇਸ ਵੇਲੇ ਕਰਜ਼ੇ ਨਾਲ ਹੀ ਚੱਲ ਰਹੇ ਹਨ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪੀ.ਆਈ. ਡੀ. ਬੀ. ਵੱਲੋਂ ਇਹ ਕਰਜ਼ਾ ਵੱਖ ਵੱਖ ਅਦਾਰਿਆਂ ਨੂੰ ਦਿੱਤਾ ਗਿਆ ਹੈ। ਪੀ. ਆਈ. ਡੀ. ਬੀ. ਕੋਲ ਕਾਫੀ ਪੈਸਾ ਤਾਂ ਸਰਕਾਰੀ ਜਾਇਦਾਦਾਂ ਤੋਂ ਹੋਈ ਆਮਦਨ ਦਾ ਵੀ ਪਿਆ ਹੈ।
           ਬਠਿੰਡਾ ਵਿਕਾਸ ਅਥਾਰਟੀ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਵਿਕਾਸ ਕਾਰਜਾਂ ਲਈ 92 ਕਰੋੜ ਰੁਪਏ ਦਾ ਕਰਜ਼ਾ ਓ.ਬੀ.ਸੀ. ਬੈਂਕ ਤੋਂ ਚੁੱਕਿਆ ਗਿਆ ਸੀ ਜੋ ਕਿ ਹੁਣ ਖਤਮ ਹੋਣ ਵਾਲਾ ਹੈ। ਰਿੰਗ ਰੋਡ ਦੀਆਂ ਵਪਾਰਕ ਬੈਲਟਾਂ ਨੂੰ ਗਿਰਵੀ ਰੱਖ ਕੇ ਇਹ ਕਰਜ਼ਾ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਕਰਜ਼ਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਵਿਚਾਰ ਕੀਤੀ ਜਾ ਰਹੀ ਹੈ ਕਿ ਜੋ ਨਵੇਂ ਪ੍ਰਾਜੈਕਟ ਉਸਾਰੇ ਜਾਣੇ ਹਨ ਉਹ ਰਿੰਗ ਰੋਡ ਦੀਆਂ ਵਪਾਰਕ ਥਾਵਾਂ 'ਤੇ ਹੀ ਉਸਾਰੇ ਜਾਣ। ਬਠਿੰਡਾ ਵਿਕਾਸ ਅਥਾਰਟੀ ਦੀ ਅੱਖ ਹੁਣ ਇਨ੍ਹਾਂ ਵਪਾਰਕ ਬੈਲਟਾਂ 'ਤੇ ਹੈ। ਨਗਰ ਨਿਗਮ ਬਠਿੰਡਾ ਨੂੰ ਤਾਂ ਆਪਣੀ ਆਮਦਨ ਦੇ ਵਸੀਲੇ ਪੈਦਾ ਕਰਨ ਵਾਸਤੇ ਕੁਝ ਜ਼ਮੀਨਾਂ ਦੀ ਵਿਕਰੀ ਵੀ ਕਰਨੀ ਪਈ ਹੈ।