Monday, February 28, 2011

         'ਸਾਨੂੰ ਮੋਇਆ ਨੂੰ ਵੀ ਮਾਣ ਕਿਥੇ..'

ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਦੇ ਤਾਂ 'ਮ੍ਰਿਤਕ ਮੁਲਾਜ਼ਮਾਂ' ਨੂੰ ਵੀ ਪੂਰਾ 'ਸਨਮਾਨ' ਨਹੀਂ ਮਿਲਦਾ। ਫੰਡਾਂ ਦਾ ਟੋਟਾ ਪੈਣ ਕਰਕੇ ਹੁਣ 'ਮ੍ਰਿਤਕ ਮੁਲਾਜ਼ਮਾਂ ' ਨੂੰ ਅਧੂਰੀ ਸੋਗ ਸਲਾਮੀ ਦੇਣੀ ਪੈ ਰਹੀ ਹੈ। ਜ਼ਿਲ੍ਹਾ ਪੁਲੀਸ ਕੋਲ ਸੋਗ ਸਲਾਮੀ ਦੇਣ ਵੇਲੇ ਵਰਤੇ ਜਾਂਦੇ 'ਵਿਸ਼ੇਸ਼ ਕਾਰਤੂਸ' ਘੱਟ ਗਏ ਹਨ। 'ਮ੍ਰਿਤਕ ਮੁਲਾਜ਼ਮਾਂ' ਨੂੰ ਜਦੋਂ ਸਸਕਾਰ ਸਮੇਂ 'ਸੋਗ ਸਲਾਮੀ' ਦਿੱਤੀ ਜਾਂਦੀ ਹੈ ਤਾਂ 'ਸਲਾਮੀ ਗਾਰਦ' ਵਲੋਂ ਕੇਵਲ ਇੱਕ ਇੱਕ ਫਾਇਰ ਹੀ ਕੀਤਾ ਜਾਂਦਾ ਹੈ। ਤਿੰਨ ਵਰ੍ਹਿਆਂ ਤੋਂ ਇਸ ਤਰ੍ਹਾਂ ਹੋਣਾ ਸ਼ੁਰੂ ਹੋਇਆ ਹੈ। ਉਸ ਤੋਂ ਪਹਿਲਾਂ ਨਿਯਮਾਂ ਅਨੁਸਾਰ 'ਸਲਾਮੀ ਗਾਰਦ' ਵਲੋਂ ਸਸਕਾਰ ਮੌਕੇ 25-25 ਫਾਇਰ ਕੀਤੇ ਜਾਂਦੇ ਸਨ। 'ਵਿਸ਼ੇਸ਼ ਕਾਰਤੂਸਾਂ' ਦੀ ਕਮੀ ਪੈ  ਗਈ ਹੈ ਜਿਸ ਵਾਰੇ ਸਰਕਾਰ ਨੂੰ ਕਈ ਦਫਾ ਪੱਤਰ ਵੀ ਲਿਖੇ ਗਏ ਹਨ। 'ਸੋਗ ਸਲਾਮੀ' ਦੇਣ ਸਮੇਂ ਇੱਕ ਹੌਲਦਾਰ ਅਤੇ ਚਾਰ ਸਿਪਾਹੀ ਹੁੰਦੇ ਹਨ ਜਿਨ੍ਹਾਂ ਵਲੋਂ 25 ਫਾਇਰ ਸਸਕਾਰ ਮੌਕੇ ਕੀਤੇ ਜਾਂਦੇ ਹਨ। ਸੋਗ ਸਲਾਮੀ ਵੇਲੇ ਇੱਕ ਮੁਲਾਜ਼ਮ ਵਲੋਂ ਬਿਗਲਰ ਵਜਾਇਆ ਜਾਂਦਾ ਹੈ। ਜ਼ਿਲ੍ਹਾ ਪੁਲੀਸ ਨੇ ਇੱਕ ਜਨਵਰੀ 2006 ਤੋਂ ਅਕਤੂਬਰ 2010 ਤੱਕ ਕੁੱਲ 75 ਮੁਲਾਜ਼ਮਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਸਸਕਾਰ ਮੌਕੇ ਪੁਲੀਸ ਵਲੋਂ 'ਸੋਗ ਸਲਾਮੀ' ਦਿੱਤੀ ਗਈ ਹੈ। ਸਾਲ 2006 'ਚ ਸਲਾਮੀ ਗਾਰਦ ਵਲੋਂ 150 'ਵਿਸ਼ੇਸ਼ ਕਾਰਤੂਸ' ਵਰਤੇ ਗਏ।
 ਸਾਲ 2006 ਦੇ ਵਰ੍ਹੇ 'ਚ ਸਲਾਮੀ ਗਾਰਦ ਦੇ ਹਰ ਜਵਾਨ ਵਲੋਂ ਪੰਜ ਪੰਜ ਫਾਇਰ ਕੀਤੇ ਗਏ। ਸਾਲ 2008 'ਚ  ਹਰ ਜਵਾਨ ਵਲੋਂ ਸਸਕਾਰ ਮੌਕੇ ਸਲਾਮੀ ਦੇਣ ਲਈ ਚਾਰ ਚਾਰ ਫਾਇਰ ਕੀਤੇ ਗਏ। ਫਿਰ ਕਾਰਤੂਸਾਂ ਦੀ ਕਮੀ ਹੋਰ ਵੱਧ ਗਈ ਜਿਸ ਵਜੋਂ ਸਾਲ 2009 'ਚ ਸਲਾਮੀ ਦੇਣ ਵੇਲੇ ਹਰ ਜਵਾਨ ਵਲੋਂ ਸਸਕਾਰ ਮੌਕੇ ਦੋ ਦੋ ਫਾਇਰ ਕੀਤੇ ਜਾਣ ਲੱਗੇ। ਸਾਲ 2010 ਦੇ ਵਰ੍ਹੇ 'ਚ ਇਹ ਕਮੀ ਹੋਰ ਜਿਆਦਾ ਬਣ ਗਈ। ਐਤਕੀਂ ਦੇ ਵਰ੍ਹੇ 'ਚ ਹਰ ਜਵਾਨ ਵਲੋਂ ਮ੍ਰਿਤਕ ਮੁਲਾਜ਼ਮ ਦੇ ਸਸਕਾਰ ਮੌਕੇ ਸਲਾਮੀ ਦੇਣ ਵੇਲੇ ਕੇਵਲ ਇੱਕ ਇੱਕ ਫਾਇਰ ਹੀ ਕੀਤਾ ਜਾਂਦਾ ਹੈ। ਜ਼ਿਲ੍ਹਾ ਪੁਲੀਸ ਦੇ ਲੰਘੇ ਪੌਣ ਚਾਰ ਵਰ੍ਹਿਆਂ 'ਚ ਚਾਰ ਇੰਸਪੈਕਟਰਾਂ,38 ਹੌਲਦਾਰਾਂ ਅਤੇ 17 ਸਿਪਾਹੀਆਂ ਦੀ ਮੌਤ ਹੋਈ ਹੈ। ਮੁਲਾਜ਼ਮਾਂ 'ਚ ਇਸ ਗੱਲੋਂ ਰੋਸ ਹੈ ਕਿ ਘੱਟੋ ਘੱਟ ਮ੍ਰਿਤਕ ਮੁਲਾਜ਼ਮ ਦੇ ਸਸਕਾਰ ਮੌਕੇ 'ਤੇ ਤਾਂ ਪੂਰਾ ਸਨਮਾਨ ਦਿੱਤਾ ਜਾਵੇ। ਜ਼ਿਲ੍ਹਾ ਪੁਲੀਸ ਵਲੋਂ ਡਿਊਟੀ ਦੌਰਾਨ ਮੁਲਾਜ਼ਮ ਦੀ ਮੌਤ ਹੋਣ 'ਤੇ ਸਸਕਾਰ ਲਈ 1500 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਬਹੁਤੇ ਮੁਲਾਜ਼ਮਾਂ ਨੂੰ ਤਾਂ ਇਹ ਰਾਸ਼ੀ ਵੀ ਨਹੀਂ ਮਿਲਦੀ ਹੈ। ਪੌਣ ਚਾਰ ਵਰ੍ਹਿਆਂ 'ਚ ਜ਼ਿਲ੍ਹਾ ਪੁਲੀਸ ਦੇ ਕੁੱਲ 75 ਮੁਲਾਜ਼ਮਾਂ ਦੀ ਮੌਤ ਹੋਈ ਹੈ ਜਦੋਂ ਕਿ ਸਸਕਾਰ ਵਾਲੀ ਰਾਸ਼ੀ 64 ਮੁਲਾਜ਼ਮਾਂ ਨੂੰ  ਹੀ ਮਿਲੀ ਹੈ।
 ਜ਼ਿਲ੍ਹਾ ਪੁਲੀਸ ਵਲੋਂ ਇਸ ਸਮੇਂ ਦੌਰਾਨ ਮ੍ਰਿਤਕ ਮੁਲਾਜ਼ਮਾਂ ਦੇ ਸਸਕਾਰ ਲਈ 95 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਾਲ 2006 'ਚ ਤਾਂ ਔਸਤਨ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਸਸਕਾਰ ਲਈ 1333 ਰੁਪਏ ਦੀ ਰਾਸ਼ੀ ਦਿੱਤੀ ਗਈ ਜਦੋਂ ਕਿ ਸਾਲ 2009 'ਚ ਪ੍ਰਤੀ ਸਸਕਾਰ ਕੇਵਲ ਇੱਕ ਹਜ਼ਾਰ ਰੁਪਏ ਦੀ ਹੀ ਰਾਸ਼ੀ ਦਿੱਤੀ ਗਈ। ਬਾਕੀ ਸਾਲਾਂ 'ਚ ਹਰ ਸਸਕਾਰ ਲਈ 1500 ਰੁਪਏ ਦੀ ਰਾਸ਼ੀ ਸਸਕਾਰ ਵਾਸਤੇ ਦਿੱਤੀ ਜਾਂਦੀ ਰਹੀ ਹੈ। ਜ਼ਿਲ੍ਹਾ ਪੁਲੀਸ ਵਲੋਂ ਸੋਗ ਸਲਾਮੀ ਲਈ ਕਾਰਤੂਸਾਂ ਦਹੀ ਮੰਗ ਵਾਰੇ ਪੌਣੇ ਚਾਰ ਸਾਲਾਂ 'ਚ ਛੇ ਦਫਾ ਪੱਤਰ ਵੀ ਲਿਖੇ ਗਏ ਹਨ। ਜ਼ਿਲ੍ਹਾ ਪੁਲੀਸ ਨੇ 16 ਸਤੰਬਰ 2006 ਨੂੰ ਪੱਤਰ ਨੰਬਰ 70, ਮਿਤੀ 18 ਅਪ੍ਰੈਲ 2007 ਨੂੰ ਪੱਤਰ ਨੰਬਰ 8, ਮਿਤੀ 3 ਜੂਨ 2007 ਨੂੰ ਪੱਤਰ ਨੰਬਰ 30, ਮਿਤੀ 9 ਅਕਤੂਬਰ 2007 ਨੂੰ ਪੱਤਰ ਨੰਬਰ 67,ਮਿਤੀ 10 ਫਰਵਰੀ 2008 ਨੂੰ ਪੱਤਰ ਨੰਬਰ 10 ਅਤੇ ਮਿਤੀ 22 ਅਕਤੂਬਰ 2010 ਨੂੰ ਪੱਤਰ ਨੰਬਰ 39 ਲਿਖਿਆ। ਇਨ੍ਹਾਂ ਪੱਤਰਾਂ ਰਾਹੀਂ ਪੁਲੀਸ ਵਲੋਂ 'ਵਿਸ਼ੇਸ਼ ਕਾਰਤੂਸਾਂ' ਦੀ ਮੰਗ ਕੀਤੀ ਗਈ। ਮ੍ਰਿਤਕ ਮੁਲਾਜ਼ਮਾਂ ਨੂੰ ਸੋਗ ਸਲਾਮੀ  ਸਮੇਂ ਜੋ 'ਵਿਸ਼ੇਸ਼ ਕਾਰਤੂਸ' ਵਰਤੇ ਜਾਂਦੇ ਹਨ, ਉਹ ਕੇਵਲ 'ਹਵਾਈ ਫਾਇਰ' ਕਰਨ ਵਾਸਤੇ ਹੀ ਹੁੰਦੇ ਹਨ। ਇਹ ਕਾਰਤੂਸ ਜਾਨੀ ਨੁਕਸਾਨ ਕਰਨ ਦੇ ਸਮਰੱਥ ਨਹੀਂ ਹੁੰਦੇ ਹਨ ਅਤੇ ਕੇਵਲ 'ਖਾਲੀ ਫਾਇਰ' ਹੀ ਹੁੰਦੇ ਹਨ।

                                         ਸੋਗ ਸਲਾਮੀ ਸਮੇਂ ਕੀਤੇ ਵਰਤੇ ਕਾਰਤੂਸ
  ਸਾਲ         ਮ੍ਰਿਤਕ ਮੁਲਾਜ਼ਮਾਂ ਦੀ ਗਿਣਤੀ                    ਕੀਤੇ ਫਾਇਰਾਂ ਦੀ ਗਿਣਤੀ
     2006                   7                                                   150
     2007                  17                                                   700
    2008                  14                                                    270
   2009                   17                                                    210
   2010(ਅਕਤੂਬਰ ਤੱਕ)   20                                            130

                                                      ਕਾਰਤੂਸਾਂ ਦੀ ਕਮੀ ਹੈ- ਐਸ.ਐਸ.ਪੀ।
ਜ਼ਿਲ੍ਹਾ ਪੁਲੀਸ ਕਪਤਾਨ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਸਸਕਾਰ ਮੌਕੇ ਦਿੱਤੀ ਜਾਣ ਵਾਲੀ ਸੋਗ ਸਲਾਮੀ ਮੌਕੇ ਕੀਤੇ ਜਾਣ ਵਾਲੇ ਫਾਇਰਾਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੈ। ਉਨ੍ਹਾਂ ਆਖਿਆ ਕਿ ਜੋ ਸਲਾਮੀ ਮੌਕੇ ਕਾਰਤੂਸ ਵਰਤੇ ਜਾਂਦੇ ਹਨ, ਉਹ ਕੇਵਲ ਫਾਇਰ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਕਮੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਮ੍ਰਿਤਕ ਮੁਲਾਜ਼ਮਾਂ ਦੇ ਸਸਕਾਰ ਲਈ ਰੈਂਕ ਦੇ ਹਿਸਾਬ ਨਾਲ ਅਲੱਗ ਅਲੱਗ ਰਾਸ਼ੀ ਦਿੱਤੀ ਜਾਂਦੀ ਹੈ ਜੋ ਕਿ ਹਰ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜੋ ਵਿਸ਼ੇਸ਼ ਕਾਰਤੂਸ ਹੁੰਦੇ ਹਨ ,ਉਨ੍ਹਾਂ ਦੀ ਕਮੀ ਹੋ ਸਕਦੀ ਹੈ ਪ੍ਰੰਤੂ ਪੁਲੀਸ ਵਲੋਂ ਆਮ ਵਰਤੇ ਜਾਂਦੇ ਕਾਰਤੂਸਾਂ ਦੀ ਕਮੀ ਨਹੀਂ ਹੈ।
       
ਵੱਡੇ ਬਾਗਾਂ ਦੀ ਸਰਕਾਰ 'ਪਟਵਾਰੀ'..।
ਚਰਨਜੀਤ ਭੁੱਲਰ
ਬਠਿੰਡਾ : ਇਕੱਲੇ ਵੱਡੇ ਬਾਗਾਂ ਵਾਲੇ ਹੀ ਸਬਸਿਡੀ ਛੱਕ ਰਹੇ ਹਨ। ਸਰਕਾਰ ਮੁੜ ਘਿੜ ਚੰਦ ਕੁ ਧਨਾਢਾਂ ਨੂੰ ਸਬਸਿਡੀ ਦੇ ਰਹੀ ਹੈ। ਬਾਗਵਾਨੀ ਮਹਿਕਮੇ ਦੀ 'ਮਿਹਰ' ਹੈ ਕਿ ਛੋਟੇ ਬਾਗਵਾਨਾਂ ਨੂੰ ਤਾਂ ਇਸ ਸਬਸਿਡੀ ਦਾ ਇਲਮ ਹੀ ਨਹੀਂ ਹੁੰਦਾ। ਸਬਸਿਡੀ 'ਚ ਨਾਮ ਹਰ ਛੋਟੇ ਵੱਡੇ ਕਿਸਾਨ ਦਾ ਬੋਲਦਾ ਹੈ ਜਦੋਂ ਕਿ ਸਰਕਾਰ 'ਪਟਵਾਰੀ' ਵੱਡੇ ਕਿਸਾਨਾਂ ਦੀ ਬਣੀ ਹੋਈ ਹੈ। ਬਠਿੰਡਾ ,ਮੁਕਤਸਰ ਤੇ ਫਿਰੋਜਪੁਰ 'ਚ ਕੇਵਲ ਇੱਕ ਦਰਜ਼ਨ ਧਨਾਢ ਕਿਸਾਨਾਂ ਹਨ ਜਿਨ੍ਹਾਂ ਨੂੰ ਪੰਜ ਵਰ੍ਹਿਆਂ ਤੋਂ ਮੁੜ ਮੁੜ ਸਬਸਿਡੀ ਦਿੱਤੀ ਜਾ ਰਹੀ ਹੈ।  ਮਾਲਵਾ ਦੇ ਤਿੰਨ ਜ਼ਿਲਿਆਂ 'ਚ ਕਿੰਨੂ ਵਾਲੇ ਬਾਗਵਾਨਾਂ ਦੀ ਗਿਣਤੀ 1200 ਦੇ ਕਰੀਬ ਹੈ ਜਦੋਂ ਕਿ ਮੰਡੀਕਰਨ 'ਤੇ ਸਬਸਿਡੀ ਕੇਵਲ 12 ਵੱਡੇ ਬਾਗਵਾਨਾਂ ਨੂੰ ਦਿੱਤੀ ਜਾ ਰਹੀ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਕੇਵਲ ਦੋ ਬਾਗਵਾਨ ਹੀ ਲੱਖਾਂ ਰੁਪਏ ਸਬਸਿਡੀ ਦਾ ਲੈ ਰਹੇ ਹਨ ਜਦੋਂ ਕਿ ਬਾਕੀ 400 ਬਾਗਵਾਨਾਂ ਨੂੰ ਇਹ ਸਬਸਿਡੀ ਮਿਲੀ ਹੀ ਨਹੀਂ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਦੇ ਕੇਵਲ ਸੱਤ ਵੱਡੇ ਬਾਗਵਾਨ ਹਨ ਜਿਨ੍ਹਾਂ ਨੂੰ ਸਬਸਿਡੀ ਮਿਲ ਰਹੀ ਹੈ ਜਦੋਂ ਕਿ ਬਾਕੀ ਇਸ ਜ਼ਿਲ੍ਹੇ ਦੇ 400 ਛੋਟੇ ਤੇ ਦਰਮਿਆਨੇ ਬਾਗਵਾਨਾਂ ਦੀ ਪਹੁੰਚ ਤੋਂ ਸਬਸਿਡੀ ਬਾਹਰ ਹੈ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਆਰ.ਟੀ.ਆਈ ਤਹਿਤ ਦਿੱਤੀ ਸੂਚਨਾ 'ਚ ਦੱਸਿਆ ਹੈ ਕਿ ਫਲ ਅਤੇ ਸਬਜ਼ੀਆਂ ਨੂੰ ਉਤਸਾਹਤ ਕਰਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਸਕੀਮ ਸਾਲ 1997-98 'ਚ ਸ਼ੁਰੂ ਕੀਤੀ ਗਈ ਸੀ।
ਸੂਚਨਾ ਅਨੁਸਾਰ ਜੋ ਬਾਗਵਾਨ ਪੰਜਾਬ ਬਾਰਡਰ ਤੋਂ 500 ਕਿਲੋਮੀਟਰ ਮੰਡੀਕਰਨ ਕਰਦੇ ਹਨ, ਉਨ੍ਹਾਂ ਨੂੰ ਕਿੰਨੂ ਦੀ ਵੈਕਸਿੰਗ ਅਤੇ ਗ੍ਰੇਡਿੰਗ 'ਤੇ 50 ਫੀਸਦੀ ਸਬਸਿਡੀ ਅਤੇ ਪ੍ਰੀ ਕੁਲਿੰਗ ਅਤੇ ਕੋਲਡ ਸਟੋਰੇਜ 'ਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਫਲ ਅਤੇ ਸਬਜੀਆਂ ਦੀ ਅੰਦਰੂਨੀ ਢੁਆਈ ਦੇ ਖਰਚੇ 'ਤੇ 25 ਫੀਸਦੀ ਸਬਸਿਡੀ ਦਿਤੀ ਜਾਂਦੀ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ 'ਚ ਸਾਲ 2006-07 ਤੋਂ ਦਸੰਬਰ 2010 ਤੱਕ ਕੇਵਲ ਦੋ ਵੱਡੇ ਬਾਗਵਾਨਾਂ ਨੂੰ ਹੀ ਮੰਡੀਕਰਨ 'ਤੇ 9.10 ਲੱਖ ਰੁਪਏ ਸਬਸਿਡੀ ਦਿੱਤੀ ਹੈ ਅਤੇ ਇਸ ਚੋਂ ਵੀ ਇੱਕ ਬਾਗਵਾਨ ਨੇ ਇਕੱਲੇ ਨੇ ਹੀ 6.49 ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਕੀਤੀ ਹੈ। ਜ਼ਿਲ੍ਹੇ 'ਚ ਜੋ ਬਾਕੀ 400 ਬਾਗਵਾਨ ਹਨ,ਉਨ੍ਹਾਂ ਤੱਕ ਇਹ ਸਬਸਿਡੀ ਪੁੱਜੀ ਨਹੀਂ ਹੈ। ਜ਼ਿਲ੍ਹਾ ਮੁਕਤਸਰ ਦੇ ਸੱਤ ਵੱਡੇ ਬਾਗਵਾਨਾਂ ਨੂੰ ਇਸੇ ਸਮੇਂ ਦੌਰਾਲ 19.58 ਲੱਖ ਦੀ ਸਬਸਿਡੀ ਦਿੱਤੀ ਗਈ ਹੈ। ਜ਼ਿਲ੍ਹਾ ਫਿਰੋਜਪੁਰ ਦੇ ਪੰਜ ਧਨਾਢ ਬਾਗਵਾਨਾਂ ਨੂੰ ਲੰਘੇ ਪੰਜ ਵਰ੍ਹਿਆਂ 'ਚ ਮੰਡੀਕਰਨ ਆਦਿ 'ਤੇ 20.20 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਪੰਜ ਵਰ੍ਹਿਆਂ ਨੂੰ ਇੱਕੋ ਕਿਸਾਨਾਂ ਨੂੰ ਮੁੜ ਮੁੜ ਸਬਸਿਡੀ ਦਿੱਤੀ ਜਾ ਰਹੀ ਹੈ। ਆਮ ਬਾਗਵਾਨਾਂ ਤੱਕ ਤਾਂ ਸਬਸਿਡੀ ਸਕੀਮਾਂ ਹੀ ਪੁੱਜ ਨਹੀਂ ਰਹੀਆਂ ਹਨ। ਏਨਾ ਜ਼ਰੂਰ ਹੈ ਕਿ ਬਾਗ ਲਗਾਉਣ ਵੇਲੇ ਦਿੱਤੀ ਜਾਣ ਵਾਲੀ ਸਬਸਿਡੀ ਜ਼ਰੂਰ ਹਰ ਬਾਗਵਾਨ ਤੱਕ ਪੁੱਜਦੀ ਹੈ।
ਇਲਾਕੇ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਚੋਣਵੇਂ ਕਿਸਾਨਾਂ ਨੂੰ ਸਾਲ 2006-07 'ਚ 1,34,800 ਰੁਪਏ ਦੀ ਸਬਸਿਡੀ ਦਿੱਤੀ ਗਈ ਜਦੋਂ ਕਿ ਸਾਲ 2007-08 'ਚ ਇਹ ਸਬਸਿਡੀ 9,91,354 ਰੁਪਏ ਦੀ ਦਿੱਤੀ ਗਈ। ਇਸੇ ਤਰ੍ਹਾਂ ਸਾਲ 2008-09 'ਚ 4,47,395 ਰੁਪਏ ਦੀ ਸਬਸਿਡੀ ਦਿੱਤੀ ਗਈ ਅਤੇ ਸਾਲ 2009-10 'ਚ 33,16,417 ਰੁਪਏ ਦੀ ਸਬਸਿਡੀ ਦਿੱਤੀ ਗਈ । ਚਾਲੂ ਮਾਲੀ ਸਾਲ ਦੌਰਾਨ ਹਾਲੇ ਸਬਸਿਡੀ ਦੀ ਕੋਈ ਰਾਸ਼ੀ ਜਾਰੀ ਨਹੀਂ ਹੋਈ ਹੈ। ਕੌਮੀ ਅਵਾਰਡ ਜੇਤੂ ਬਾਗਵਾਨ ਸ੍ਰੀ ਸੁਖਪਾਲ ਸਿੰਘ ਭੁੱਲਰ ਦਾ ਤਰਕ ਸੀ ਕਿ ਆਮ ਕਿਸਾਨ ਮੰਡੀਕਰਨ 'ਤੇ ਇਸ ਕਰਕੇ ਸਬਸਿਡੀ ਨਹੀਂ ਲੈ ਸਕੇ ਕਿਉਂਕਿ ਉਹ ਮੰਡੀਕਰਨ 'ਚ ਖਤਰਾ ਮੁੱਲ ਨਹੀਂ ਲੈ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ ਪੰਜਾਬ ਦੇ ਬਾਰਡਰ ਤੋਂ 500 ਕਿਲੋਮੀਟਰ ਦੂਰ ਫਲ ਲਿਜਾਣ ਨੂੰ ਤਿਆਰ ਨਹੀਂ ਹੈ ਜਦੋਂ ਕਿ ਸਬਸਿਡੀ ਲਈ ਇਹ ਸ਼ਰਤ ਲਾਜ਼ਮੀ ਹੈ। ਸਰਕਾਰੀ ਸੂਚਨਾ ਅਨੁਸਾਰ ਦੂਸਰੇ ਮੁਲਕਾਂ ਨੂੰ ਫਲ ਅਤੇ ਸਬਜੀਆ ਨਿਰਯਾਤ ਕਰਦੇ ਹਨ, ਉਨ੍ਹਾਂ ਨੂੰ ਅਧੂਰੇ ਹਵਾਈ ਲੋਡ 'ਤੇ ਸਬਸਿਡੀ 30 ਫੀਸਦੀ ਅਤੇ ਪੂਰੇ ਹਵਾਈ ਲੋਡ 'ਤੇ ਸਬਸਿਡੀ 50 ਫੀਸਦੀ ਦਿੱਤੀ ਜਾਂਦੀ ਹੈ। ਸਮੁੰਦਰੀ ਭਾੜੇ 'ਤੇ ਸਬਸਿਡੀ 30 ਫੀਸਦੀ ਦਿੱਤੀ ਜਾਂਦੀ ਹੈ। ਪੰਜਾਬ ਦੇ ਕੇਵਲ ਚਾਰ ਜ਼ਿਲ੍ਹਿਆ ਪਟਿਆਲਾ,ਲੁਧਿਆਣਾ ,ਅੰਮ੍ਰਿਤਸਰਅਤੇ ਫਤਹਿਗੜ੍ਹ ਸਾਹਿਬ ਦੇ ਧਨਾਢ ਕਿਸਾਨ ਹੀ ਵਿਦੇਸ਼ਾਂ ਨੂੰ ਫਲ ਅਤੇ ਸਬਜ਼ੀਆਂ ਭੇਜ ਰਹੇ ਹਨ ਜਿਨ੍ਹਾਂ ਨੂੰ ਇਹ ਸਬਸਿਡੀ ਮਿਲ ਰਹੀ ਹੈ। ਸਾਲ 2005-06 ਤੋਂ ਹੁਣ ਤੱਕ ਵਿਦੇਸ਼ਾਂ ਨੂੰ ਫਲ ਅਤੇ ਸਬਜੀਆਂ ਭੇਜਣ ਵਾਲੇ ਵੱਡੇ ਕਿਸਾਨ 2.13 ਕਰੋੜ ਰੁਪਏ ਦੀ ਸਬਸਿਡੀ ਲੈ ਚੁੱਕੇ ਹਨ। ਸਾਲ 2008-09 'ਚ ਸਭ ਤੋਂ ਜਿਆਦਾ ਸਬਸਿਡੀ 57 ਲੱਖ ਰੁਪਏ ਜਾਰੀ ਕੀਤੀ ਗਈ। ਇਹ ਵੱਡੇ ਕਿਸਾਨ ਲੰਡਨ,ਸਿਡਨੀ,ਸਾਊਥ ਅਫਰੀਕਾ,ਯੂ.ਏ.ਈ, ਡੁੱਬਈ,ਯੂ.ਕੇ,ਦਮਨ,ਦੋਹਾ, ਸਾਰਜਾਹ ਆਦਿ ਮੁਲਕਾਂ ਨੂੰ ਫਲ ਅਤੇ ਸਬਜੀਆਂ ਭੇਜ ਰਹੇ ਹਨ।
 ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਸਬਸਿਡੀਆਂ ਦਾ ਵੱਡਾ ਹਿੱਸਾ ਤਾਂ ਧਨਾਢ ਕਿਸਾਨ ਹੀ ਛੱਕ ਰਹੇ ਹਨ ਜਦੋਂ ਕਿ ਸਰਕਾਰ ਪ੍ਰਚਾਰ ਕੁਝ ਹੋਰ ਕਰਦੀ ਹੈ। ਉਨ੍ਹਾਂ ਆਖਿਆ ਕਿ ਜੋ ਛੋਟੇ ਅਤੇ ਦਰਮਿਆਨੇ ਕਿਸਾਨ ਹਨ ਜਾਂ ਬਾਗਵਾਨ ਹਨ, ਉਨ੍ਹਾਂ ਤੱਕ ਤਾਂ ਬਹੁਤੀਆਂ ਸਬਸਿਡੀ ਸਕੀਮਾਂ ਪੁੱਜਦੀਆਂ ਹੀ ਨਹੀਂ ਹਨ ਕਿਉਂਕਿ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਵੱਡਿਆਂ ਨਾਲ ਮਿਲੇ ਹੁੰਦੇ ਹਨ ਜਿਸ ਕਰਕੇ ਰਿਆਇਤੀ ਸਹੂਲਤਾਂ ਦੀ ਗੱਲ ਆਮ ਬਾਗਵਾਨਾਂ ਤੱਕ ਪੁੱਜਦੀ ਹੀ ਨਹੀਂ ਕਰਦੇ ਹਨ ਅਤੇ ਨਾ ਹੀ ਆਮ ਬਾਗਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਇਸ ਸਬੰਧੀ ਪੱਖ ਜਾਣਨ ਲਈ ਬਾਗਵਾਨੀ ਪੰਜਾਬ ਦੇ ਡਾਇਰੈਕਟਰ ਨਾਲ ਗੱਲ ਕਰਨੀ ਚਾਹੀ ਪ੍ਰੰਤੂ ਉਨ੍ਹਾਂ ਫੋਨ ਅਟੈਂਡ ਨਾ ਕੀਤਾ ਅਤੇ ਨਾ ਹੀ ਬਠਿੰਡਾ ਦੇ ਡਿਪਟੀ ਡਾਇਰੈਕਟਰ ਨੇ ਫੋਨ ਅਟੈਂਡ ਕੀਤਾ। 

Sunday, February 27, 2011

                      ਸਿੱਧੀ ਸੜਕ 'ਬਾਦਲ' ਨੂੰ ਜਾਵੇ....
ਚਰਨਜੀਤ ਭੁੱਲਰ
ਬਠਿੰਡਾ  :ਮੁੱਖ ਮੰਤਰੀ ਪੰਜਾਬ ਦੇ ਪਿੰਡ ਬਾਦਲ ਲਈ ਚਹੁਮਾਰਗੀ ਵੀ.ਆਈ.ਪੀ ਸੜਕ ਬਣ ਰਹੀ ਹੈ। ਖਰਚਾ ਆਏਗਾ 40 ਕਰੋੜ ਰੁਪਏ। ਵੀ.ਆਈ.ਪੀ ਪਿੰਡ ਲਈ ਪਹਿਲਾਂ ਇੱਕ ਓਵਰ ਬਰਿੱਜ ਬਣ ਰਿਹਾ ਹੈ ਜਿਸ 'ਤੇ 23 ਕਰੋੜ ਖਰਚੇ ਜਾ ਰਹੇ ਹਨ ਜਦੋਂ ਕਿ ਪਵਿੱਤਰ ਸ਼ਹਿਰਾਂ ਵਾਲੀ ਸੜਕ ਨੂੰ ਏਜੰਡੇ ਚੋਂ ਬਾਹਰ ਕਰ ਦਿੱਤਾ ਗਿਆ ਹੈ। ਪਿੰਡ ਬਾਦਲ ਲਈ ਵੀ.ਆਈ.ਪੀ ਓਵਰ ਬਰਿੱਜ ਬਠਿੰਡਾ-ਬੀਕਾਨੇਰ ਰੇਲ ਮਾਰਗ 'ਤੇ ਬਣ ਰਿਹਾ ਹੈ ਲੋਕ ਨਿਰਮਾਣ ਵਿਭਾਗ ਵਲੋਂ ਜੋ ਕੇਂਦਰ ਸਰਕਾਰ ਨੂੰ 'ਕੇਂਦਰੀ ਸੜਕ ਫੰਡ' ਲਈ ਤਜਵੀਜ਼ ਭੇਜੀ ਸੀ, ਉਸ ' ਰਾਮਪੁਰਾ ਤੋਂ ਪਵਿੱਤਰ ਸ਼ਹਿਰ ਤਖਤ ਦਮਦਮਾ ਸਾਹਿਬ ਵਾਲੀ ਸੜਕ ਨੂੰ ਇੱਕ ਨੰਬਰ 'ਤੇ ਰੱਖਿਆ ਗਿਆ ਸੀ। ਹੁਣ ਕੇਂਦਰ ਤੋਂ 'ਕੇਂਦਰੀ ਸੜਕ ਫੰਡ' ਤਹਿਤ ਸੜਕਾਂ ਨੂੰ ਹਰੀ ਝੰਡੀ ਮਿਲੀ ਹੈ,ਉਸ ਚੋਂ ਰਾਮਪੁਰਾ-ਤਲਵੰਡੀ ਵਾਇਆ ਮੌੜ ਮੰਡੀ ਵਾਲੀ ਸੜਕ ਨੂੰ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਸੜਕ ਦਾ ਬੁਰਾ ਹਾਲ ਹੈ ਅਤੇ ਵੱਡੇ ਵੱਡੇ ਖੱਡੇ ਵੀ ਪਏ ਹੋਏ ਹਨ। ਬਠਿੰਡਾ-ਮੁਕਤਸਰ ਸੜਕ ਨੂੰ ਵੀ ਇਸੇ ਤਰ੍ਹਾਂ 'ਕੇਂਦਰੀ ਸੜਕ ਫੰਡ' ਨੂੰ ਭੇਜੀ ਤਜਵੀਜ਼ ' ਤਰਜੀਹੀ ਅਧਾਰ 'ਤੇ ਪਾਇਆ ਗਿਆ ਸੀ, ਉਸ ਸੜਕ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਥਾਂ 'ਤੇ ਬਠਿੰਡਾ-ਬਾਦਲ ਸੜਕ ਨੂੰ ਪਾ ਦਿੱਤਾ ਗਿਆ ਹੈ ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ।
'ਕੇਂਦਰੀ ਸੜਕ ਫੰਡ' ਦੇ ਫੰਡਾਂ ਨਾਲ ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਘੁੱਦਾ ਤੱਕ ਚਹੁਮਾਰਗੀ ਸੜਕ ਬਣਾਈ ਜਾਣੀ ਦੀ ਪਹਿਲਾਂ ਯੋਜਨਾ ਸੀ ਕਿਉਂਕਿ ਪਿੰਡ ਘੁੱਦਾ ' ਕੇਂਦਰੀ 'ਵਰਸਿਟੀ ਹੈ। ਇਹ ਸੜਕ 7 ਮੀਟਰ ਚੌੜੀ ਹੈ ਜਿਸ ਨੂੰ ਹੁਣ 14 ਮੀਟਰ ਕੀਤਾ ਜਾਣਾ ਹੈ। ਬਠਿੰਡਾ ਤੋਂ ਪਿੰਡ ਘੁੱਦਾ ਤੱਕ ਇਹ ਸੜਕ 12 ਕਿਲੋਮੀਟਰ ਤੱਕ ਹੈ ਜਿਸ ਨੂੰ ਚਹੁਮਾਰਗੀ ਕਰਨ  'ਤੇ 18.60 ਕਰੋੜ ਰੁਪਏ ਖਰਚ ਆਉਣੇ ਹਨ। ਪੰਜਾਬ ਸਰਕਾਰ ਵਲੋਂ ਹੁਣ ਪਿੰਡ ਘੁੱਦਾ ਤੋਂ ਪਿੰਡ ਬਾਦਲ ਤੱਕ ਵੀ ਸੜਕ ਨੂੰ  ਚਹੁਮਾਰਗੀ ਬਣਾਇਆ ਜਾਣਾ ਹੈ ਜਿਸ ਦੀ ਲੰਬਾਈ 9.80 ਕਿਲੋਮੀਟਰ ਹੈ ਜਿਸ 'ਤੇ 16.41 ਕਰੋੜ ਰੁਪਏ ਖਰਚ ਆਉਣਗੇ।  ਜਿਥੋਂ ਬਠਿੰਡਾ ਜ਼ਿਲ੍ਹੇ ਦੀ ਹਦੂਦ ਖਤਮ ਹੁੰਦੀ ਹੈ, ਉਸ ਤੋਂ ਲੈ ਕੇ ਪਿੰਡ ਬਾਦਲ ਵਿਚਦੀ ਕੌਮੀ ਹਾਈਵੇ 10 ਤੱਕ ਜੋ  ਸੜਕ ਬਣਾਈ ਜਾਣੀ ਹੈ,ਉਹ ਜ਼ਿਲ੍ਹਾ ਮੁਕਤਸਰ ਵਲੋਂ ਬਣਾਈ ਜਾਣੀ ਹੈ। ਮੁਕਤਸਰ ਜ਼ਿਲ੍ਹੇ ਵਲੋਂ 6.61 ਕਿਲੋਮੀਟਰ ਸੜਕ ਬਣਾਈ ਜਾਣੀ ਹੈ ਜਿਸ 'ਤੇ 4.83 ਕਰੋੜ ਰੁਪਏ ਖਰਚ ਆਉਣਗੇ। ਹਾਲਾਂਕਿ ਮੁਕਤਸਰ ਪ੍ਰਸ਼ਾਸਨ ਤਰਫੋਂ ਹੋਰ ਬਠਿੰਡਾ ਮੁਕਤਸਰ ਸੜਕ ਤੋਂ ਇਲਾਵਾ ਹੋਰ ਸੜਕਾਂ ਦੀ ਤਜਵੀਜ਼ ਭੇਜੀ ਗਈ ਸੀ ਪ੍ਰੰਤੂ ਉਪਰੋਂ ਕੇਵਲ ਵੀ.ਆਈ.ਪੀ ਸੜਕ ਨੂੰ ਹੀ ਪ੍ਰਵਾਨਗੀ ਮਿਲੀ ਹੈ। ਬਠਿੰਡਾ ਬਾਦਲ ਸੜਕ 'ਤੇ ਹਾਲਾਂਕਿ ਟਰੈਫਿਕ ਕੋਈ ਜਿਆਦਾ ਨਹੀਂ ਹੈ।
ਦੂਸਰੀ ਤਰਫ ਰਾਮਪੁਰਾ-ਤਲਵੰਡੀ ਸਾਬੋ ਸੜਕ ਦਾ ਬੁਰਾ ਹਾਲ ਹੈ ਜਿਸ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ 45 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕਰਕੇ ਭੇਜਿਆ ਗਿਆ ਸੀ। ਇਸ ਸੜਕ ਦੀ ਲੰਬਾਈ 39.40 ਕਿਲੋਮੀਟਰ ਹੈ। ਕਾਫੀ ਮਹੀਨਿਆਂ ਤੋਂ ਇਸ ਸੜਕ 'ਤੇ ਹਾਦਸੇ ਵੀ ਵਾਪਰ ਰਹੇ ਹਨ। ਦਰਜ਼ਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਤੰਗੀ ਵੀ ਝੱਲਣੀ ਪੈਂਦੀ ਹੈ। ਤੇਲ ਸੋਧਕ ਕਾਰਖਾਨੇ ਵਾਲਾ ਟਰੈਫਿਕ ਵੀ ਇਸੇ ਸੜਕ ਉਪਰੋਂ ਗੁਜਰਦਾ ਹੈ। ਇਸ ਦੇ ਬਾਵਜੂਦ ਇਸ ਸੜਕ ਨੂੰ 'ਕੇਂਦਰੀ ਸੜਕ ਫੰਡ' ਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਇਸ ਦੀ ਥਾਂ 'ਤੇ ਬਠਿੰਡਾ ਬਾਦਲ ਵੀ.ਆਈ.ਪੀ ਸੜਕ ਨੂੰ ਪਾ ਦਿੱਤਾ ਗਿਆ ਹੈ। ਗਿੱਦੜਬਹਾ ਸਬ ਡਵੀਜ਼ਨ ਵਲੋਂ ਬਠਿੰਡਾ ਤੋਂ ਮੁਕਤਸਰ ਵਾਲੀ ਸੜਕ ਦੇ ਕਰੀਬ 18 ਕਿਲੋਮੀਟਰ ਹਿੱਸੇ ਨੂੰ ਚੌੜਾ ਕਰਨ ਦੀ ਤਜਵੀਜ਼ ਭੇਜੀ ਸੀ ਪ੍ਰੰਤੂ ਮੁਕਤਸਰ ਦੀ ਇਕੱਲੀ ਪਿੰਡ ਬਾਦਲ ਵਾਲੀ ਸੜਕ ਤੋਂ ਬਿਨ੍ਹਾਂ ਕਿਸੇ ਵੀ ਸੜਕ ਨੂੰ ਕੇਂਦਰ ਸਰਕਾਰ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਨਾਗਰਿਕ ਚੇਤਨਾ ਮੰਚ ਦੇ ਸ੍ਰੀ ਬੱਗਾ ਸਿੰਘ ਅਤੇ ਜਗਮੋਹਨ ਕੌਸਲ ਦਾ ਕਹਿਣਾ ਸੀ ਕਿ ਵੀ.ਆਈ.ਪੀ ਲੋਕ ਆਪਣੀ ਸੁੱਖ ਸੁਵਿਧਾ ਲਈ ਲੋੜਬੰਦ ਪ੍ਰੋਜੈਕਟਾਂ ਨੂੰ ਤਜਵੀਜ਼ਾਂ ਚੋਂ ਕਿਵੇਂ ਬਾਹਰ ਕਰਾ ਦਿੰਦੇ ਹਨ, ਉਸ ਦੀ ਇਹ ਮਿਸਾਲ ਹੈ। ਉਨ੍ਹਾਂ ਆਖਿਆ ਕਿ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਤਰਜੀਹਾਂ ਬਣਾਏ। ਉਨ੍ਹਾਂ ਆਖਿਆ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ।
   ਸਰਕਾਰ ਨੇ ਪੂਰੀ ਵਾਹ ਲਾਈ ਸੀ- ਐਕਸੀਅਨ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਕੁਲਬੀਰ ਸਿੰਘ ਸੰਧੂ ਦਾ ਕਹਿਣਾ ਸੀ ਕਿ 'ਕੇਂਦਰੀ ਸੜਕ ਫੰਡ' ਨੂੰ ਭੇਜੀ ਤਜਵੀਜ਼ '  ਰਾਮਪੁਰਾ  ਤਲਵੰਡੀ ਸੜਕ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ ਹੈ ਕਿਉਂਕਿ 'ਕੇਂਦਰੀ ਸੜਕ ਫੰਡ' ਦੇ ਐਲੋਕੇਸ਼ਨ ਪਲਾਨ ' ਇਹ ਪੂਰੀ ਸੜਕ ਨਹੀਂ ਰਹੀ ਸੀ ਜਦੋਂ ਕਿ ਸਰਕਾਰ ਤਰਫੋਂ ਇਸ ਨੂੰ ਪ੍ਰਵਾਨ ਕਰਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਘੁੱਦਾ ਤੋਂ ਪਿੰਡ ਬਾਦਲ ਤੱਕ ਚਹੁਮਾਰਗੀ ਸੜਕ ਬਣਾਈ ਜਾ ਰਹੀ ਹੈ ਜਿਸ ਨੂੰ ਇਸ ਪਲਾਟ ' ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਹੁਣ ਰਾਮਪੁਰਾ ਤਲਵੰਡੀ ਸੜਕ ਨੂੰ ਕਿਸੇ ਹੋਰ ਫੰਡਾਂ ਨਾਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ

Saturday, February 26, 2011

ਕੈਂਸਰ ਮਰੀਜ ਹਾਰੇ,ਵੀ.ਆਈ.ਪੀ ਘੋੜੇ ਜੇਤੂ।
ਚਰਨਜੀਤ ਭੁੱਲਰ
ਬਠਿੰਡਾ : ਕੈਂਸਰ ਦੇ ਮਰੀਜ਼ਾਂ  ਨਾਲੋਂ ਤਾਂ ਵੀ.ਆਈ.ਪੀ ਘੋੜੇ ਚੰਗੇ ਹਨ ਜਿਨ੍ਹਾਂ ਲਈ ਪੌਣੇ ਦੋ ਕਰੋੜ 'ਚ ਪਿੰਡ ਬਾਦਲ 'ਚ ਸਰਕਾਰੀ ਹਸਪਤਾਲ ਬਣ ਗਿਆ ਹੈ। ਕੈਂਸਰ ਹਸਪਤਾਲ ਲਈ ਸਰਕਾਰੀ ਖਜ਼ਾਨੇ 'ਚ ਪੈਸ਼ਾ ਨਹੀਂ। ਪ੍ਰਾਈਵੇਟ ਕੰਪਨੀ ਕੈਂਸਰ ਹਸਪਤਾਲ ਬਣਾ ਰਹੀ ਹੈ ਜਦੋਂ ਕਿ ਘੋੜਿਆ ਦਾ ਹਸਪਤਾਲ ਸਰਕਾਰੀ ਰਾਸ਼ੀ ਨਾਲ ਬਣ ਕੇ ਤਿਆਰ ਹੈ। ਪਸ਼ੂ ਪਾਲਣ ਮਹਿਕਮਾ ਮੁਕਤਸਰ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 247 'ਚ ਇਹ ਸੂਚਨਾ ਦਿਤੀ ਗਈ ਹੈ ਕਿ ਪਿੰਡ ਬਾਦਲ ਦੇ ਪੋਲੀਕਲੀਨਿਕ ਕੰਪਲੈਕਸ 'ਚ ਸਰਕਾਰ ਵਲੋਂ ਘੋੜਿਆਂ ਦਾ ਹਸਪਤਾਲ ਖੋਲਿਆ ਜਾ ਰਿਹਾ ਹੈ ਜੋ ਕਿ ਨਿਰੋਲ ਸਰਕਾਰੀ ਹੋਵੇਗਾ। ਸੂਚਨਾ ਅਨੁਸਾਰ ਪੇਂਡੂ ਵਿਕਾਸ ਮਹਿਕਮੇ ਵਲੋਂ ਇਸ ਸਰਕਾਰੀ ਹਸਪਤਾਲ ਵਾਸਤੇ 1,75,19,000 ਰੁਪਏ ਵੀ ਭੇਜ ਦਿੱਤੇ ਗਏ ਸਨ ਜਿਸ ਨਾਲ ਹੁਣ ਹਸਪਤਾਲ ਤਿਆਰ ਹੋ ਗਿਆ ਹੈ।  ਘੋੜਿਆਂ ਦੇ ਹਸਪਤਾਲ ਵਾਰੇ ਇਹ ਤਰਕ ਦਿੱਤਾ ਗਿਆ ਹੈ ਕਿ ਲੋਕਾਂ ਦੀ ਮੰਗ ਸੀ। ਦੱਸਣਯੋਗ ਹੈ ਕਿ ਪਿੰਡ ਬਾਦਲ 'ਚ ਹੀ ਮੁੱਖ ਮੰਤਰੀ ਪੰਜਾਬ ਦਾ ਸਟੱਡ ਫਾਰਮ ਹੈ। ਉਂਝ ਮੁੱਖ ਮੰਤਰੀ ਦੇ ਜੱਦੀ ਜ਼ਿਲੇ 'ਚ ਅੱਧੀ ਦਰਜ਼ਨ ਸਟੱਡ ਫਾਰਮ ਹਨ। ਇਸ ਹਸਪਤਾਲ ਦੀ ਉਸਾਰੀ ਪੰਜਾਬ ਮੰਡੀ ਬੋਰਡ ਤੋਂ ਕਰਵਾਈ ਗਈ ਹੈ।
ਬਠਿੰਡਾ ਸੰਸਦੀ ਹਲਕੇ ਦੇ ਪਿੰਡ ਬਾਦਲ 'ਚ ਸਾਲ 2001 'ਚ ਜ਼ਿਲਾ ਪੱਧਰ ਦਾ ਵੈਟਰਨਰੀ ਪੋਲੀਕਲੀਨਿਕ ਬਣਾਇਆ ਗਿਆ ਸੀ ਜਿਸ 'ਤੇ 79.68 ਲੱਖ ਰੁਪਏ ਖਰਚ ਹੋਏ ਸਨ। ਜਦੋਂ ਕਿ ਪੰਜਾਬ ਭਰ ਦੇ ਹਰ ਜ਼ਿਲੇ 'ਚ ਜ਼ਿਲਾ ਪੱਧਰ ਦਾ ਵੈਟਰਨਰੀ ਪੋਲੀਕਲੀਨਿਕ ਜ਼ਿਲਾ ਹੈਡ ਕੁਆਰਟਰ 'ਤੇ ਬਣਿਆ ਹੋਇਆ ਹੈ। ਇਹੋ ਜ਼ਿਲ੍ਹਾ ਹੈ ਜਿਥੇ ਵੈਟਰਨਰੀ ਪੌਲੀਕਲੀਨਿਕ ਜ਼ਿਲਾ ਕੁਆਰਟਰ ਦੀ ਥਾਂ ਇੱਕ ਪਿੰਡ 'ਚ ਬਣਾਇਆ ਗਿਆ ਹੈ ਜੋ ਕਿ ਜ਼ਿਲਾ ਹੈਡਕੁਆਰਟਰ ਤੋਂ ਕਾਫੀ ਦੂਰ ਪੈਂਦਾ ਹੈ। ਪਿੰਡ ਬਾਦਲ 'ਚ ਪੋਲੀਕਲੀਨਿਕ ਤੇ ਹਸਪਤਾਲ 27 ਕਨਾਲ 4 ਮਰਲੇ 'ਚ ਬਣੇ ਹੋਏ ਹਨ। ਇਸ ਹਸਪਤਾਲ ਤੇ ਪੋਲੀਕਲੀਨਿਕ ਲਈ ਇੱਕ ਵੈਟਰਨਰੀ ਅਫਸਰ,ਦੋ ਵੈਟਰਨਰੀ ਇੰਸਪੈਕਟਰ,ਇੱਕ ਲਬਾਟਰੀ ਸਹਾਇਕ, ਦੋ ਦਰਜਾ ਚਾਰ ਮੁਲਾਜ਼ਮਾਂ ਦੀਆਂ ਅਸਾਮੀਆ ਮਨਜ਼ੂਰ ਹਨ। ਇਥੇ ਕੋਈ ਅਸਾਮੀ ਖਾਲੀ ਨਹੀਂ ਹੈ। ਸੂਤਰ ਆਖਦੇ ਹਨ ਕਿ ਇਹ ਤਸਵੀਰ ਦਾ ਇੱਕ ਪਾਸਾ ਹੈ ਕਿ ਵੀ.ਆਈ.ਪੀ ਪਿੰਡ ਬਾਦਲ ਦੇ ਪਸ਼ੂਆਂ ਤੇ ਘੋੜਿਆ ਲਈ ਫੰਡਾਂ ਦੇ ਗੱਫੇ ਦਿੱਤੇ ਗਏ ਹਨ। ਦੂਸਰਾ ਪਾਸਾ ਬਠਿੰਡਾ ਜ਼ਿਲੇ ਦੇ ਕੈਂਸਰ ਪੀੜਤਾਂ ਦੀ ਤਸਵੀਰ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਇਲਾਜ ਵਾਸਤੇ ਇੱਕ ਸਰਕਾਰੀ ਹਸਪਤਾਲ ਵੀ ਨਸੀਬ ਨਹੀਂ ਹੋ ਸਕਿਆ ਹੈ। ਇਕੱਲੇ ਬਠਿੰਡਾ ਜ਼ਿਲੇ 'ਚ ਦੋ ਹਜ਼ਾਰ ਤੋਂ ਉਪਰ ਕੈਂਸਰ ਪੀੜਤ ਹਨ।
ਕੈਂਸਰ ਪੀੜਤਾਂ ਨੂੰ ਇਲਾਜ ਲਈ ਸਰਕਾਰੀ ਦਫਤਰਾਂ 'ਚ ਚੱਕਰ ਕੱਟਣੇ ਪੈ ਰਹੇ ਹਨ। ਦਰਜ਼ਨਾਂ ਕੈਂਸਰ ਪੀੜਤ ਤਾਂ ਸਰਕਾਰੀ ਰਾਸ਼ੀ ਉਡੀਕਦੇ ਹੀ ਰੱਬ ਨੂੰ ਪਿਆਰੇ ਹੋ ਗਏ ਹਨ। ਸਰਕਾਰ ਵਲੋਂ ਕੈਂਸਰ ਪੀੜਤਾਂ ਨਾਲ ਹਸਪਤਾਲ ਬਣਾਉਣ ਦੇ ਵਾਅਦੇ ਕੀਤੇ ਗਏ ਸਨ। ਆਖਰ ਹੁਣ ਸਰਕਾਰ ਨੇ ਖੁਦ ਕੈਂਸਰ ਹਸਪਤਾਲ ਬਣਾਉਣ ਤੋਂ ਹੱਥ ਖੜੇ ਕਰ ਦਿੱਤੇ ਹਨ। ਪ੍ਰਾਈਵੇਟ ਕੰਪਨੀ ਮੈਕਸ ਹੈਲਥ ਕੇਅਰ ਗਰੁਪ ਵਲੋਂ ਬਠਿੰਡਾ 'ਚ ਕੈਂਸਰ ਹਸਪਤਾਲ ਬਣਾਇਆ ਜਾ ਰਿਹਾ ਹੈ। ਸਰਕਾਰ ਵਲੋਂ ਪ੍ਰਾਈਵੇਟ ਕੰਪਨੀ ਨੂੰ ਹਸਪਤਾਲ ਬਣਾਉਣ ਲਈ 4.8 ਏਕੜ ਜਗ੍ਹਾਂ ਲੀਜ 'ਤੇ ਦਿੱਤੀ ਗਈ ਹੈ। ਮੈਕਸ ਹੈਲਥ ਕੇਅਰ ਦੇ ਖੇਤਰੀ ਡਾਇਰੈਕਟਰ ਡਾ . ਦਿਲਪ੍ਰੀਤ ਬਰਾੜ ਅਨੁਸਾਰ ਕੈਂਸਰ ਹਸਪਤਾਲ ਅਗਸਤ 2011 ਤੋਂ ਕੰਮ ਸ਼ੁਰੂ ਕਰ ਦੇਏਗਾ। ਸਿਵਲ ਸਰਜਨ ਬਠਿੰਡਾ ਦਾ ਕਹਿਣਾ ਸੀ ਕਿ ਪ੍ਰਾਈਵੇਟ ਕੰਪਨੀ ਹਸਪਤਾਲ ਤੋਂ ਪ੍ਰਾਪਤ ਆਮਦਨ ਚੋਂ 5 ਫੀਸਦੀ ਪੂੰਜੀ ਸਰਕਾਰ ਨੂੰ ਦੇਏਗੀ ਜਿਸ ਨਾਲ ਗਰੀਬ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਨਾਲ ਕਰੀਬ 100 ਕਰੋੜ ਰੁਪਏ ਦਾ ਸਮਰਪਤ ਫੰਡ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀ ਵਲੋਂ ਹੀ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਸਿਹਤ ਮਹਿਕਮੇ ਵਲੋਂ ਹਸਪਤਾਲ ਲਈ ਜਗ੍ਹਾਂ ਲੀਜ 'ਤੇ ਦਿੱਤੀ ਗਈ ਹੈ। ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਤੇ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਇਸ ਤੋਂ ਇੱਕ ਤਾਂ ਇਹ ਸਾਫ ਹੈ ਕਿ ਸਰਕਾਰ ਨੂੰ ਇਨਸਾਨਾਂ ਤੋਂ ਵੱਧ ਵੀ.ਆਈ.ਪੀ ਘੋੜਿਆ ਦੀ ਚਿੰਤਾਂ ਹੈ। ਦੂਸਰਾ ਜੋ ਕੈਂਸਰ ਦਾ ਪ੍ਰਾਈਵੇਟ ਹਸਪਤਾਲ ਬਣ ਰਿਹਾ ਹੈ, ਉਸ ਤੋਂ ਇਹ ਉਮੀਦ ਰੱਖਣੀ ਕਿ ਗਰੀਬ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ, ਮੂਰਖਤਾ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਸਰਕਾਰ ਘੋੜਿਆਂ ਪ੍ਰਤੀ ਤਾਂ ਸੁਹਿਰਦ ਹੈ ਪ੍ਰੰਤੂ ਮਨੁੱਖਾਂ ਦੀ ਜਾਨ ਦਾ ਕੋਈ ਫਿਕਰ ਨਹੀਂ ਹੈ।  ਉਨ੍ਹਾਂ ਆਖਿਆ ਕਿ ਸਰਕਾਰ ਆਪਣੀਆਂ ਤਰਜ਼ੀਹਾਂ ਨਿਰਧਾਰਤ ਕਰੇ। ਉਨ੍ਹਾਂ ਆਖਿਆ ਕਿ ਦਵਾਈਆਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ ਤੇ ਨਿੱਜੀ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿੰਦੀ।

Thursday, February 24, 2011

ਉਪ ਮੁੱਖ ਮੰਤਰੀ ਦੇ ਪੀ.ਏ. ਦੀਆਂ ਮੌਜਾਂ ਹੀ ਮੌਜਾਂ

  • ਬਿਨਾਂ ਨਿਵੇਸ਼ ਤੋਂ 20% ਭਾਈਵਾਲੀ

  • ਮੁਨਾਫ਼ੇ ‘ਚੋਂ 20 ਫੀਸਦੀ ਹਿੱਸੇਦਾਰੀ, ਘਾਟੇ ਨਾਲ ਲੈਣਾ-ਦੇਣਾ ਨਹੀਂ

ਚਰਨਜੀਤ ਭੁੱਲਰ
ਬਠਿੰਡਾ, 23 ਫਰਵਰੀ

ਉਪ ਮੁੱਖ ਮੰਤਰੀ ਦੇ ਪੀ.ਏ. ਲਈ ‘ਕਚਰਾ ਫੈਕਟਰੀ’ ਘਾਟੇ ਦਾ ਸੌਦਾ ਨਹੀਂ। ਜ਼ਿਲ੍ਹਾ ਬਠਿੰਡਾ ‘ਚ ਲੱਗੀ ‘ਕਚਰਾ ਫੈਕਟਰੀ’ ਵਿਚ ਇਹ ਪੀ.ਏ. ਭਾਈਵਾਲ ਹੈ, ਪਰ ਬਿਨਾਂ ਕੋਈ ਰਕਮ ਖਰਚ ਕੀਤਿਆਂ। ਉਹ ਇਸ ਫੈਕਟਰੀ ਤੋਂ ਮੁਨਾਫਾ ਤਾਂ ਲਏਗਾ, ਘਾਟਾ ਨਹੀਂ ਝੱਲੇਗਾ। ਪਿੰਡ ਲਹਿਰਾ ਮੁਹੱਬਤ ‘ਚ ਲੱਗੀ ਇਸ ਕਚਰਾ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਕਾਫੀ ਸਮੇਂ ਤੋਂ ਲੋਕ ਉਠੇ ਹੋਏ ਹਨ। ਧਰਨੇ, ਮੁਜ਼ਾਹਰੇ ਹੋ ਚੁੱਕੇ ਹਨ। ਮੁੱਖ ਸੜਕਾਂ ‘ਤੇ ਲੋਕ ਜਾਮ ਵੀ ਲਾ ਚੁੱਕੇ ਹਨ। ਪਰ ਅਜੇ ਤਕ ਕੋਈ ਸੁਣਵਾਈ ਨਹੀਂ। ਇਸ ਪੱਤਰਕਾਰ ਨੂੰ ਕੁਝ ਅਜਿਹੇ ਦਸਤਾਵੇਜ਼ ਪ੍ਰਾਪਤ ਹੋਏ ਹਨ ਜਿਨ੍ਹਾਂ ਤੋਂ ਇਹ ਗੱਲ ਬੇਪਰਦ ਹੋਈ ਹੈ ਕਿ ‘ਕਚਰਾ ਫੈਕਟਰੀ’ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੀ.ਏ. ਗੁਰਬਿੰਦਰ ਸਿੰਘ ਦੀ ਬਿਨਾਂ ਪੈਸਿਆਂ ਤੋਂ ਹਿੱਸੇਦਾਰੀ ਹੈ। ਬਿਨਾਂ ਕਿਸੇ ਨਿਵੇਸ਼ ਤੋਂ ਪੀ.ਏ. ਨੂੰ ਮੁਨਾਫੇ ‘ਚੋਂ 20 ਫੀਸਦੀ ਹਿੱਸਾ ਮਿਲਦਾ ਹੈ। ਜੇਕਰ ਫੈਕਟਰੀ ਨੂੰ ਕੋਈ ਘਾਟਾ ਪੈਂਦਾ ਹੈ ਤਾਂ ਉਹ ਘਾਟੇ ਝੱਲਣ ਤੋਂ ਪੀ.ਏ. ਨੂੰ ਛੋਟ ਹੋਏਗੀ।
ਹਸਪਤਾਲਾਂ ਦੀ ਰਹਿੰਦਖੂੰਹਦ ਨੂੰ ਸੋਧ ਕੇ ਖਤਮ ਕਰਨ ਵਾਲੀ ਇਸ ਫੈਕਟਰੀ ‘ਤੇ ਕੁੱਲ 78 ਲੱਖ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਕਾਰਖਾਨੇ ਜਾਂ ਇਨਸਿਨਰੇਟਰ ਨੂੰ ਇਲਾਕੇ ਦੇ ਲੋਕ ਆਮ ਬੋਲਚਾਲ ਵਿਚ ‘ਕਚਰਾ ਫੈਕਟਰੀ’ ਹੀ ਆਖਦੇ ਹਨ।
ਮੈਸਰਜ਼ ਗਰੀਨ ਟੈੱਕ ਵੱਲੋਂ ਇਹ ਫੈਕਟਰੀ ਚਲਾਈ ਜਾ ਰਹੀ ਹੈ। ਮੈਸਰਜ਼ ਗਰੀਨ ਟੈੱਕ ਵੱਲੋਂ ਜੋ ਪਾਰਟਨਰਸ਼ਿਪ ਡੀਡ ਪਹਿਲੀ ਦਸੰਬਰ 2009 ਨੂੰ ਕੀਤੀ ਗਈ, ਉਸ ਅਨੁਸਾਰ ਇਸ ਫੈਕਟਰੀ ਨੂੰ ਚਲਾਉਣ ਵਾਲੇ ਚਾਰ ਹਿੱਸੇਦਾਰ ਹਨ। ਜ਼ਿਲ੍ਹਾ ਬਰਨਾਲਾ ਦੇ ਦਲਬੀਰ ਸਿੰਘ ਪੁੱਤਰ ਰੁਪਿੰਦਰ ਸਿੰਘ ਨੇ 12 ਫਰਵਰੀ 2009 ਨੂੰ ਮੈਸਰਜ਼ ਗਰੀਨ ਟੈੱਕ ਦੇ ਨਾਂ ਹੇਠ ਇਕੱਲੇ ਨੇ ਹੀ ਇਹ ਕੰਮ ਸ਼ੁਰੂ ਕੀਤਾ ਸੀ। ਡੀਡ ਅਨੁਸਾਰ ਦਲਬੀਰ ਸਿੰਘ ਨੇ ਮਗਰੋਂ ਆਪਣੇ ਕਾਰੋਬਾਰ ਦੀ ਬਿਹਤਰੀ ਅਤੇ ਚੰਗੀਆਂ ਸੁਵਿਧਾਵਾਂ ਦੇਣ ਲਈ ਤਿੰਨ ਹੋਰ ਹਿੱਸੇਦਾਰਾਂ ਨੂੰ ਸ਼ਾਮਲ ਕਰ ਲਿਆ ਜਿਨ੍ਹਾਂ ‘ਚੋਂ ਇਕ ਉਪਰੋਕਤ ਪੀ.ਏ. ਹੈ। ਹਿੱਸੇਦਾਰੀ ਡੀਡ ‘ਚ ਚਾਰੋਂ ਹਿੱਸੇਦਾਰਾਂ ਵੱਲੋਂ 13 ਸ਼ਰਤਾਂ ਲਿਖੀਆਂ ਗਈਆਂ ਹਨ। ਸ਼ਰਤ ਨੰਬਰ ਛੇ ਅਨੁਸਾਰ ਦਲਬੀਰ ਸਿੰਘ ਅਤੇ ਹਿੱਸੇਦਾਰ ਕੁਲਵਿੰਦਰਪ੍ਰੀਤ ਸਿੰਘ ਵਾਸੀ ਬਰਨਾਲਾ ਵੱਲੋਂ ਨਿਵੇਸ਼ ‘ਚ 30-30 ਫੀਸਦੀ ਹਿੱਸਾ ਪਾਇਆ ਜਾਏਗਾ ਜਦੋਂ ਕਿ ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਵਾਸੀ ਕਾਂਸਲ ਜ਼ਿਲ੍ਹਾ ਮੁਹਾਲੀ ਵੱਲੋਂ ਕੋਈ ਪੈਸਾ ਨਹੀਂ ਲਾਇਆ ਜਾਵੇਗਾ। ਪੈਸਾ ਲਾਉਣ ਵਾਲੇ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ ਵੱਲੋਂ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਨੂੰ ਨਿਵੇਸ਼ ਕਰਨ ਲਈ ਆਖਿਆ ਵੀ ਨਹੀਂ ਜਾਏਗਾ। ਸ਼ਰਤ ਨੰਬਰ 9 ਦਾ ਸਬੰਧ ਫਰਮ ਦੇ ਮੁਨਾਫੇ ਅਤੇ ਘਾਟੇ ਨਾਲ ਹੈ। ਇਸ ਅਨੁਸਾਰ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ (ਜਿਨ੍ਹਾਂ ਵੱਲੋਂ ਸਾਰਾ ਪੈਸਾ ਖਰਚ ਕੀਤਾ ਗਿਆ ਹੈ) ਮੁਨਾਫੇ ‘ਚ 30-30 ਫੀਸਦੀ ਦੇ ਹਿੱਸੇਦਾਰ ਹੋਣਗੇ ਜਦੋਂ ਕਿ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ (ਜਿਨ੍ਹਾਂ ਕੋਈ ਪੈਸਾ ਖਰਚ ਨਹੀਂ ਕੀਤਾ) ਮੁਨਾਫੇ ‘ਚੋਂ 20-20 ਫੀਸਦੀ ਦੇ ਹਿੱਸੇਦਾਰ ਹੋਣਗੇ। ਜੇਕਰ ਫਰਮ ਨੂੰ ਕੋਈ ਘਾਟਾ ਪੈਂਦਾ ਹੈ ਤਾਂ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ ਸਾਰਾ ਘਾਟਾ ਝੱਲਣਗੇ, ਜਦੋਂ ਕਿ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਘਾਟੇ ਦਾ ਭਾਰ ਨਹੀਂ ਵੰਡਾਉਣਗੇ। ਸਾਫ ਲਿਖਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਦੀ ਵਿੱਤੀ ਜ਼ਿੰਮੇਵਾਰੀ ਨਹੀਂ ਹੋਏਗੀ। ਇਸ ਫਰਮ ਵੱਲੋਂ ਇਸ ਪਾਰਟਰਨਰਸ਼ਿਪ ਡੀਡ ਦੀ ਇਕ ਨਕਲ ਬਠਿੰਡਾ ‘ਚ ਸਿਵਲ ਜੱਜ ਜੂਨੀਅਰ ਡਿਵੀਜ਼ਨ ਸ੍ਰੀ ਪਰਿੰਦਰ ਸਿੰਘ ਦੀ ਅਦਾਲਤ ‘ਚ ਦਾਇਰ ਕੀਤੇ ਇਕ ਕੇਸ ‘ਚ ਵੀ ਲਗਾਈ ਗਈ ਹੈ। ਜ਼ਿਲ੍ਹਾ ਉਦਯੋਗ ਵਿਭਾਗ, ਬਠਿੰਡਾ ਕੋਲ ਵੀ ਇਨ੍ਹਾਂ ਹਿੱਸੇਦਾਰਾਂ ਦਾ ਇੰਦਰਾਜ 27 ਮਈ, 2010 ਨੂੰ ਹੋਇਆ ਹੈ। ਪੀ.ਏ. ਗੁਰਬਿੰਦਰ ਸਿੰਘ ਲੰਬੀ ਹਲਕੇ ਦੇ ਪਿੰਡ ਵਣਵਾਲਾ ਅਨੂਕਾ ਦਾ ਵਸਨੀਕ ਹੈ। ਜ਼ਿਲ੍ਹਾ ਉਦਯੋਗ ਵਿਭਾਗ ਕੋਲ ਜੋ ਇਸ ਫਰਮ ਵੱਲੋਂ ਫਾਰਮ ਨੰਬਰ 291 ਦਿੱਤਾ ਗਿਆ ਹੈ, ਉਸ ਅਨੁਸਾਰ ਫਰਮ ਨੇ ‘ਕਚਰਾ ਫੈਕਟਰੀ’ ਵਾਲੀ ਜ਼ਮੀਨ ਦੀ ਕੀਮਤ 14 ਲੱਖ ਲਿਖੀ ਹੈ ਜਦੋਂ ਕਿ ਇਮਾਰਤ ਦਾ ਖਰਚਾ 18 ਲੱਖ ਰੁਪਏ ਦੱਸਿਆ ਗਿਆ ਹੈ। ਪਲਾਂਟਸ ਅਤੇ ਹੋਰ ਮਸ਼ੀਨਰੀ ਦੀ ਕੀਮਤ 46 ਲੱਖ ਰੁਪਏ ਦੱਸੀ ਗਈ ਹੈ। ਇਸ ਫੈਕਟਰੀ ਦੀ ਸਮਰੱਥਾ 1500 ਮੀਟਰਿਕ ਟਨ ਦੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਵੱਲੋਂ ਪੱਤਰ ਨੰਬਰ ਈ.ਈ. (ਈ.ਪੀ.ਏ.) 19194 ਮਿਤੀ 21 ਅਪਰੈਲ 2010 ਨੂੰ ਮੈਸਰਜ਼ ਗਰੀਨ ਟੈੱਕ ਨੂੰ ਬਾਇਓ ਮੈਡੀਕਲ ਵੇਸਟ (ਮੈਨੇਜਮੈਂਟ ਐਂਡ ਹੈਂਡÇਲੰਗ) ਰੂਲਜ਼ 1998 ਤਹਿਤ ਅਧਿਕਾਰ ਦਿੱਤੇ ਗਏ ਸਨ ਜੋ ਕਿ ਇਕ ਸਾਲ ਲਈ ਹਨ। ਇਸ ਫੈਕਟਰੀ ਨੂੰ 150 ਕਿਲੋਮੀਟਰ ਦੇ ਘੇਰੇ ਅੰਦਰ ਕਾਰਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।  ਫੈਕਟਰੀ ਵੱਲੋਂ ਹਸਪਤਾਲਾਂ ‘ਚੋਂ ਰਹਿੰਦ-ਖੂੰਹਦ ਇਕੱਠੀ ਕੀਤੀ ਜਾਂਦੀ ਹੈ ਅਤੇ ਉਸ ਨੂੰ ਸੋਧ ਕੇ ਉਸ ਦੀ ਨਿਕਾਸੀ ਕੀਤੀ ਜਾਂਦੀ ਹੈ। ਇਸ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਇਕ ਐਕਸ਼ਨ ਕਮੇਟੀ ਵੀ ਬਣੀ ਹੈ ਜਿਸ ਦੇ ਕਨਵੀਨਰ ਸ੍ਰੀ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਕਾਨੂੰਨੀ ਚਾਰਾਜੋਈ ਵੀ ਕਰ ਰਹੇ ਹਨ ਕਿਉਂਕਿ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਦੀ ਸੁਣਵਾਈ ਤਕ ਨਹੀਂ ਕੀਤੀ। ਸਿਵਲ ਸਰਜਨ, ਬਠਿੰਡਾ ਵੱਲੋਂ ਪੱਤਰ (ਨੰਬਰ ਮਲੇ/ਟੈਕ/10-4268 ਮਿਤੀ 22 ਸਤੰਬਰ 2010) ਰਾਹੀਂ ਇਸ ਫੈਕਟਰੀ ਦੀ ਜਾਂਚ ਲਈ ਲਿਖਿਆ ਗਿਆ ਸੀ। ਮੁਢਲਾ ਸਿਹਤ ਕੇਂਦਰ, ਨਥਾਣਾ ਵੱਲੋਂ ਜਾਂਚ ਮਗਰੋਂ ਆਪਣੀ ਰਿਪੋਰਟ 24 ਸਤੰਬਰ 2010 ਨੂੰ ਪੱਤਰ (ਨੰਬਰ ਮਲੇ/ਟੈਕ/ਨੰਬਰ 10-155) ਤਹਿਤ ਐਸ. ਡੀ.ਐਮ. ਬਠਿੰਡਾ ਨੂੰ ਭੇਜ ਦਿੱਤੀ ਗਈ ਸੀ।
ਜਾਂਚ ਰਿਪੋਰਟ ਅਨੁਸਾਰ ਫੈਕਟਰੀ ‘ਚੋਂ ਬਦਬੂ ਆ ਰਹੀ ਸੀ। ਇਕ ਛੋਟਾ ਜਿਹਾ ਟੋਆ ਪੁੱਟ ਕੇ ਗੰਦਾ ਮੈਟੀਰੀਅਲ ਦੱਬਿਆ ਹੋਇਆ ਸੀ। ਪਹਿਲਾ ਟੱਕ ਲਾਏ ਜਾਣ ਮਗਰੋਂ ਗੰਦਾ ਮੈਟੀਰੀਅਲ ਬਾਹਰ ਆ ਗਿਆ। ਫੈਕਟਰੀ ‘ਚ ਰੋਜ਼ਾਨਾ ਚਾਰ-ਪੰਜ ਕੈਂਟਰ ਵੇਸਟ ਸਾਮਾਨ ਦੇ ਆਉਂਦੇ ਸਨ। ਬਠਿੰਡਾ ਦੇ ਐਸ.ਡੀ.ਐਮ. ਸ੍ਰੀ ਕੇ.ਪੀ.ਐਸ. ਮਾਹੀ ਦਾ ਕਹਿਣਾ ਸੀ ਕਿ ਐਸ.ਐਮ.ਓ. ਦੀ ਰਿਪੋਰਟ ਆ ਗਈ ਹੈ ਅਤੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਰਿਪੋਰਟ ਲੈ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨਕ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਦੀ ਟੀਮ ਵੀ ਲਹਿਰਾ ਮੁਹੱਬਤ ਦੌਰਾ ਕਰਨ ਗਈ ਸੀ ਪ੍ਰੰਤੂ ਲੋਕਾਂ ਨੇ ਉਨ੍ਹਾਂ ਨੂੰ ਫੈਕਟਰੀ ‘ਚ ਜਾਣ ਨਹੀਂ ਦਿੱਤਾ। ਦੂਸਰੀ ਤਰਫ ਫੈਕਟਰੀ ਤੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਸਬੰਧੀ ਲੋਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 19 ਫਰਵਰੀ, 2011 ਨੂੰ ਗੋਨਿਆਣਾ ਵਿਖੇ ਮਿਲੇ ਸਨ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਡਿਪਟੀ ਕਮਿਸ਼ਨਰ ਨੂੰ ਕਰਨ ਦੇ ਮੌਕੇ ‘ਤੇ ਹੁਕਮ ਦੇ ਦਿੱਤੇ ਸਨ।
ਸ੍ਰੀ ਗੁਰਬਿੰਦਰ ਸਿੰਘ ਨਾਲ ਜਦੋਂ 22 ਫਰਵਰੀ ਦੀ ਸ਼ਾਮ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਤੇ ਦੱਸਿਆ ਕਿ ‘ਸਾਹਿਬ ਕੈਬਨਿਟ ਮੀਟਿੰਗ ਵਿਚ ਹਨ।’ ਫੋਨ ਅਟੈਂਡ ਕਰਨ ਵਾਲੇ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਸ੍ਰੀ ਗੁਰਬਿੰਦਰ ਸਿੰਘ ਵਿਹਲੇ ਹੋਣ ‘ਤੇ ਗੱਲ ਕਰ ਲੈਣ। ਅੱਜ ਫਿਰ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਫੋਨ ਅਟੈਂਡ ਨਾ ਕੀਤਾ। ਅਖੀਰ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਕਰਕੇ ਵੀ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦਾ ਕੋਈ ਜੁਆਬ ਨਾ ਆਇਆ।

Monday, February 21, 2011

ਹੋਂਦ ਚਿੱਲੜ ਪੀੜਤਾਂ ਦੀ ਦਾਸਤਾਨ

ਚਰਨਜੀਤ ਭੁੱਲਰ
ਬਠਿੰਡਾ, 20 ਫਰਵਰੀ
ਪਿੰਡ ਹੋਂਦ ਚਿੱਲੜ ਦੇ ਕਤਲੇਆਮ ਤੋਂ ਬਚ ਕੇ ਆਇਆ ਉੱਤਮ ਸਿੰਘ ਹੱਡਬੀਤੀ ਸੁਣਾਉਂਦਾ ਹੋਇਆ (ਫੋਟੋ:ਪੰਜਾਬੀ ਟ੍ਰਿਬਿਊਨ)
ਉਤਮ ਸਿੰਘ ਨੂੰ ਉਹ ਦਿਨ ਭੁਲਾਇਆ ਨਹੀਂ ਭੁੱਲਦਾ। 27 ਵਰ੍ਹਿਆਂ ਮਗਰੋਂ ਵੀ ਮਾਸੂਮਾਂ ਦਾ ਚੀਕ ਚਿਹਾੜਾ ਉਸ ਦਾ ਪਿੱਛਾ ਨਹੀਂ ਛੱਡਦਾ। ਉਸ ਕਾਲੇ ਦਿਨ ਬਜ਼ੁਰਗਾਂ ਵੱਲੋਂ ਭਰੇ ਤਰਲੇ ਉਸ ਦੇ ਜ਼ਿਹਨ ‘ਚੋਂ ਨਿਕਲੇ ਨਹੀਂ। ਇਕੱਲਾ ਉਤਮ ਸਿੰਘ ਹੀ ਨਹੀਂ, ਉਸ ਦੇ ਤਿੰਨ ਭਰਾ ਵੀ ਇਸ ਤਰਾਸਦੀ ‘ਚੋਂ ਹਾਲੇ ਨਿਕਲ ਨਹੀਂ ਸਕੇ। ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿੱਚ ‘84 ਦੇ ਕਤਲੇਆਮ ਮੌਕੇ ਮਾਰੇ ਸਿੱਖ ਪਰਿਵਾਰਾਂ ਦੀ ਪੜਤਾਲ ਨੇ ਮੁੜ ਇਨ੍ਹਾਂ ਪਰਿਵਾਰਾਂ ਨੂੰ ‘ਕਾਲੇ ਦਿਨਾਂ’ ਦਾ ਚੇਤਾ ਕਰਾ ਦਿੱਤਾ ਹੈ। ਜ਼ਿਲ੍ਹਾ ਰਿਵਾੜੀ ਦੇ ਪਿੰਡ ਹੋਂਦ ਚਿੱਲੜ ‘ਚੋਂ ਸਿੱਖ ਕਤਲੇਆਮ ਵਿੱਚੋਂ ਬਚੇ ਅੱਧੀ ਦਰਜਨ ਪਰਿਵਾਰ ਇਸ ਵੇਲੇ ਬਠਿੰਡਾ ‘ਚ ਰਹਿ ਰਹੇ ਹਨ। ਇਨ੍ਹਾਂ ਪਰਿਵਾਰਾਂ ਨੇ ਅੱਜ ਆਪਣੀ ਦੁੱਖਾਂ ਦੀ ਦਾਸਤਾਨ ਸਾਂਝੀ ਕੀਤੀ। ਵਰ੍ਹਿਆਂ ਮਗਰੋਂ ਵੀ ਉਨ੍ਹਾਂ ਦੇ ਚਿਹਰਿਆਂ ‘ਤੇ ਸਹਿਮ ਦਾ ਪਰਛਾਵਾਂ ਦਿਸ ਰਿਹਾ ਸੀ। ਇਨ੍ਹਾਂ ਪਰਿਵਾਰਾਂ ਨੇ ਆਪਣੇ ਅੱਖੀਂ ਉਸ ਮਾਹੌਲ ਨੂੰ ਦੇਖਿਆ।
ਉਤਮ ਸਿੰਘ ਦੱਸਦਾ ਹੈ ਕਿ 2 ਨਵੰਬਰ, 1984 ਨੂੰ ਸਵੇਰੇ 11 ਵਜੇ ਕਰੀਬ ਤਿੰਨ ਹਜ਼ਾਰ ਲੋਕਾਂ ਨੇ ਪਿੰਡ ਹੋਂਦ ਚਿੱਲੜ ਨੂੰ ਘੇਰਾ ਪਾਇਆ ਅਤੇ ਸਾਰੇ ਪਿੰਡ ਨੂੰ ਅੱਗ ਲਾ ਦਿੱਤੀ। ਉਸ ਦੇ ਸਾਹਮਣੇ ਸਭ ਤੋਂ ਪਹਿਲਾਂ ਬਜ਼ੁਰਗ ਗੁਲਾਬ ਸਿੰਘ ਦੇ ਘਰ ਨੂੰ ਅੱਗ ਲਾਈ ਗਈ। ਗੁਲਾਬ ਸਿੰਘ ਦੇ ਪਰਿਵਾਰ ਦੇ ਤਿੰਨ ਲੜਕੇ, ਉਨ੍ਹਾਂ ਦੀਆਂ ਪਤਨੀਆਂ ਸਮੇਤ ਕਰੀਬ 10 ਮੈਂਬਰ ਜਿੰਦਾ ਜਲਾ ਦਿੱਤੇ ਗਏ। ਫਿਰ ਗੁਰਦਿਆਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਉਸ ਦੇ ਪਰਿਵਾਰ ਦੇ ਇਕ ਦਰਜਨ ਮੈਂਬਰਾਂ ਨੂੰ ਤੇਲ ਪਾ ਕੇ ਜਿੰਦਾ ਸਾੜ ਦਿੱਤਾ।
ਉਸ ਨੇ ਦੱਸਿਆ ਕਿ ਚਾਰ ਚੁਫੇਰੇ ਹਾਹਾਕਾਰ ਮੱਚੀ ਹੋਈ ਸੀ। ਹਰ ਕੋਈ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਉਣ ਦੇ ਤਰਲੇ ਮਾਰ ਰਿਹਾ ਸੀ। ਉਤਮ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੋ ਕਮਰਿਆਂ ‘ਚ ਕਰੀਬ 45 ਜੀਅ ਸਨ। ਹਮਲਾਵਾਰਾਂ ਨੇ ਇੱਕੋ ਹੱਲੇ ਸਭ ਦਰਵਾਜ਼ੇ ਤੋੜ ਸੁੱਟੇ। ਤੇਲ ਦੀਆਂ ਭਰੀਆਂ ਬਾਲਟੀਆਂ ਸੁੱਟ ਕੇ ਅੱਗ ਲਾ ਦਿੱਤੀ ਜਿਸ ‘ਚ ਉਸ ਦੇ ਤਾਏ ਤੇ ਭਰਜਾਈ ਦੀ ਮੌਕੇ ‘ਤੇ ਹੀ ਮੌਤ ਹੋ ਗਏ ਤੇ ਬਾਕੀ ਜਾਨ ਬਚਾਉਂਦੇ ਭੱਜ ਨਿਕਲੇ। ਕਤਲੇਆਮ ‘ਚੋਂ ਬਚੇ ਕੇਸਰ ਸਿੰਘ ਤੇ ਰਣਜੀਤ ਸਿਘ ਨੇ ਦੱਸਿਆ ਕਿ ਅਚਾਨਕ ਪਿੰਡ ‘ਚ ਡੀਜ਼ਲ ਦਾ ਭਰਿਆ ਡਰੱਮ ਫਟ ਗਿਆ ਜਿਸ ਤੋਂ ਹਮਲਾਵਾਰ ਡਰ ਗਏ। ਉਹ ਗੋਲੀ ਚਲਾਉਂਦੇ ਹੋਏ  ਪਿੰਡ ‘ਚੋਂ ਨਿਕਲ ਗਏ। ਪੰਜ ਘੰਟੇ ਮੌਤ ਪਿੰਡ ਦੇ ਹਰ ਘਰ ‘ਚੋਂ ਜ਼ਿੰਦਗੀਆਂ ਤਲਾਸ਼ਦੀ ਰਹੀ। ਛੇ ਪਰਿਵਾਰਾਂ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਹਮਲਾਵਾਰਾਂ ਨੇ ਪਿੰਡ ਦੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਬਚਦੇ ਬਚਾਉਂਦੇ ਰਾਤ ਨੂੰ ਗੁਆਂਢੀ ਪਿੰਡ ਧਨੋਰਾ ਦੇ ਗੁਰੂ ਘਰ ‘ਚ ਪੁੱਜ ਗਏ ਜਿੱਥੇ ਉਨ੍ਹਾਂ ਨੇ ਅਰਦਾਸ ਕੀਤੀ। ਮਗਰੋਂ ਦੂਸਰੇ ਪਿੰਡ ਨੂਰਪੁਰ ਦੇ ਜਾਟ ਮਹਿੰਗਾ ਰਾਮ ਦੇ ਘਰ ਪੁੱਜ ਗਏ ਜਿੱਥੇ ਉਨ੍ਹਾਂ ਨੇ ਰਾਤੋ-ਰਾਤ ਹੀ ਉਨ੍ਹਾਂ ਨੂੰ ਟਰੈਕਟਰ ਟਰਾਲੀਆਂ ‘ਤੇ ਰਿਵਾੜੀ ਤੋਂ ਤਿੰਨ ਕਿਲੋਮੀਟਰ ਦੂਰ ਰਠੌੜ ਢਾਣੀ ‘ਚ ਪਹੁੰਚਾ ਜਿੱਥੇ ਰਠੌੜ ਬਰਾਦਰੀ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ। ਕਤਲੇਆਮ ‘ਚ ਜ਼ਖਮੀ ਹੋਏ ਲੋਕਾਂ ਦੇ ਮੱਲਮ ਪੱਟੀ ਕੀਤੀ।
ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਅੱਠ ਦਿਨ ਉਸ ਪਿੰਡ ‘ਚ ਰਹੇ। ਹਫਤੇ ਮਗਰੋਂ ਐਸ.ਡੀ.ਐਮ. ਨੇ ਜਦੋਂ ਪਿੰਡ ਹੋਂਦ ਚਿੱਲੜ ਦਾ ਦੌਰਾ ਕੀਤਾ ਤਾਂ ਚਾਰ ਚੁਫੇਰੇ ਜਲੀਆ ਲਾਸ਼ਾਂ ਸਨ, ਫੂਕੇ ਹੋਏ ਘਰਾਂ ‘ਚੋਂ ਰਾਖ ਉਡ ਰਹੀ ਸੀ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਪਿੰਡ ‘ਚ 17 ਦੁਕਾਨਾਂ ਨੂੰ ਵੀ ਸਾੜ ਦਿੱਤਾ ਗਿਆ। ਇਸ ਉਜਾੜੇ ਬਦਲੇ ਪ੍ਰਸ਼ਾਸਨ ਨੇ ਉਸ ਵੇਲੇ ਉਨ੍ਹਾਂ ਦੀ ਸਿਰਫ 10 ਹਜ਼ਾਰ ਰੁਪਏ ਮਦਦ ਕੀਤੀ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ 1985 ‘ਚ ਪੰਜਾਬ ਆ ਗਏ ਸਨ। ਇਕ ਸਾਲ ਮਗਰੋਂ ਉਹ ਬਠਿੰਡਾ ਆ ਕੇ ਵਸ ਗਏ ਅਤੇ ਰੁਜ਼ਗਾਰ ਸ਼ੁਰੂ ਕਰ ਦਿੱਤਾ। ਉਤਮ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਇਕ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਿੱਤੇ ਹਨ, ਬਾਕੀ ਕਿਸੇ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਠੋਸ ਮੁਆਵਜ਼ਾ ਦੇਣ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਲ ਬਚੇ ਕੁਝ ਪਰਿਵਾਰ ਲੁਧਿਆਣਾ ਵਿਖੇ ਹਨ ਜਿਨ੍ਹਾਂ ‘ਚ ਇੰਦਰ ਸਿੰਘ, ਬਲਵੰਤ ਸਿੰਘ, ਸਾਵਨ ਸਿੰਘ, ਪ੍ਰਤਾਪ ਸਿੰਘ ਤੇ ਹਰਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਪਰਿਵਾਰਾਂ ਵੱਲੋਂ ਦਰਦ ਕਹਾਣੀ ਬਿਆਨ ਕਰਨ ਵੇਲੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਮੱਕੜ ਨੇ ਇਨ੍ਹਾਂ ਵਿਅਕਤੀਆਂ ਦੀ ਗੱਲਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਵੀ ਕਰਾਈ।

ਕਮੇਟੀ ਦਾ ਬਠਿੰਡਾ ਦੌਰਾ ਅੱਜ

ਪਿੰਡ ਹੋਂਦ ਚਿੱਲੜ ਦੇ ਕਤਲੇਆਮ ਦੀ ਜਾਂਚ ਕਰਨ ਲਈ ਬਣਾਈ ਸੱਤ ਮੈਂਬਰੀ ਕਮੇਟੀ 21 ਫਰਵਰੀ ਨੂੰ ਬਠਿੰਡਾ ਵਿਖੇ ਪੁੱਜੇਗੀ ਅਤੇ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਮੱਕੜ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੂਚਨਾ ਦਿੱਤੀ ਹੈ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਬਣਾਈ ਕਮੇਟੀ 21 ਫਰਵਰੀ ਨੂੰ ਬਠਿੰਡਾ ਪੁੱਜੇਗੀ ਅਤੇ ਇਨ੍ਹਾਂ ਪ੍ਰਵਾਰਾਂ ਨਾਲ ਗੱਲਬਾਤ ਕਰੇਗੀ।

Sunday, February 20, 2011

ਹੈਲੀਕਾਪਟਰ ਦੀ ਲੈਂਡਿੰਗ ਲਈ ‘ਸਮੋਕ ਕੈਂਡਲ’ ਖ਼ਤਮ

ਬਠਿੰਡਾ ਵਿੱਚ ਲੈਂਡਿੰਗ ਕਰ ਰਹੇ ਹੈਲੀਕਾਪਟਰ ਦੀ ਇਕ ਫਾਈਲ ਫੋਟੋ
ਚਰਨਜੀਤ ਭੁੱਲਰ
ਬਠਿੰਡਾ, 19 ਫਰਵਰੀ
ਬਠਿੰਡਾ ’ਚ ਬਾਦਲਾਂ ਦੇ ਗੇੜਿਆਂ ਨੇ ‘ਸਮੋਕ ਕੈਂਡਲ’ ਦੇ ਭੰਡਾਰ ਮੁਕਾ ਦਿੱਤੇ ਹਨ। ਬਠਿੰਡਾ ਪੁਲੀਸ ਕੋਲ ਹੁਣ ਹੈਲੀਕਾਪਟਰ ਨੂੰ ਦਿਸ਼ਾ ਦੱਸਣ ਲਈ ‘ਸਮੋਕ ਕੈਂਡਲ’ ਹੀ ਨਹੀਂ। ਹੈਲੀਕਾਪਟਰ ਉਤਰਨ ਸਮੇਂ ‘ਸਮੋਕ ਕੈਂਡਲ’ ਵਰਤੀ ਜਾਂਦੀ ਹੈ ਤਾਂ ਜੋ ਧੂੰਏ ਨਾਲ ਪਾਇਲਟ ਨੂੰ ਹਵਾ ਦਾ ਰੁਖ ਪਤਾ ਲੱਗ ਸਕੇ। ਪਾਇਲਟ ਅਸਮਾਨ ਚੜ੍ਹੇ ਧੂੰਏ ਤੋਂ ਹਵਾ ਦੀ ਦਿਸ਼ਾ ਦਾ ਅੰਦਾਜ਼ਾ ਲਗਾ ਕੇ ਹੈਲੀਕਾਪਟਰ ਉਤਾਰਦਾ ਹੈ। ‘ਸਮੋਕ ਕੈਂਡਲ’ (ਧੂੰਏ ਵਾਲੀ ਮੋਮਬੱਤੀ) ਦਾ ਧੂੰਆਂ ਤੇਜ਼ ਹੁੰਦਾ ਹੈ ਅਤੇ ਜਿਸ ਜਗ੍ਹਾ ’ਤੇ ਹੈਲੀਕਾਪਟਰ ਦੀ ਲੈਂਡਿੰਗ ਹੋਣੀ ਹੁੰਦੀ ਹੈ, ਉਸ ਦੇ ਲਾਗੇ ਹੀ ‘ਸਮੋਕ ਕੈਂਡਲ’ ਰੱਖੀ ਜਾਂਦੀ ਹੈ। ਜਦੋਂ ਅਸਮਾਨ ’ਚ ਹੈਲੀਕਾਪਟਰ ਦਿਸਣਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਹੀ ਪੁਲੀਸ ਦੇ ਵਿਸ਼ੇਸ਼ ਸਟਾਫ ਵੱਲੋਂ ‘ਸਮੋਕ ਕੈਂਡਲ’ ਨੂੰ ਅੱਗ ਲਾਈ ਜਾਂਦੀ ਹੈ। ਪਲਾਂ ’ਚ ਹੀ ਸਮੋਕ ਕੈਂਡਲ ਦਾ ਧੂੰਆਂ ਅਸਮਾਨੀ ਚੜ੍ਹ ਜਾਂਦਾ ਹੈ ਜਿਸ ਤੋਂ ਪਾਇਲਟ ਹਵਾ ਦੀ ਦਿਸ਼ਾ ਦਾ ਅੰਦਾਜ਼ਾ ਲਾ ਲੈਂਦਾ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਜਦੋਂ ਤੋਂ ਬਾਦਲ ਪਰਿਵਾਰ  ਦੇ ਗੇੜੇ ਵਧੇ ਹਨ, ਉਦੋਂ ਤੋਂ ‘ਸਮੋਕ ਕੈਂਡਲ’ ਦੀ ਖਪਤ ਵੀ ਕਾਫੀ ਵਧ ਗਈ ਹੈ। ਬਠਿੰਡਾ ਜ਼ਿਲ੍ਹੇ ’ਚ ਹੈਲੀਪੈਡ ਸ਼ਹਿਰ ਦੇ ਫੀਲਡ ਹੋਸਟਲ ਜਾਂ ਫਿਰ ਪਿੰਡ ਕਾਲਝਰਾਨੀ ਵਿਖੇ ਬਣਾਇਆ ਹੋਇਆ ਹੈ ਜਿੱਥੇ ਹੈਲੀਕਾਪਟਰ ਦੀ ਲੈਡਿੰਗ ਤੋਂ ਪਹਿਲਾਂ ‘ਸਮੋਕ ਕੈਂਡਲ’ ਵਰਤੀ ਜਾਂਦੀ ਰਹੀ ਹੈ। ਹੁਣ ਹਾਲਾਤ ਇਹ ਬਣੇ ਹੋਏ ਹਨ ਕਿ ਜਦੋਂ ਜ਼ਿਲ੍ਹੇ ’ਚ ਹੁਣ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਦਾ ਹੈ ਤਾਂ ਬਠਿੰਡਾ ਪੁਲੀਸ ਪਾਇਲਟ ਨੂੰ ਹਵਾ ਦਾ ਰੁਖ ਦੱਸਣ ਲਈ ‘ਘਾਹ’ ਨੂੰ ਅੱਗ ਲਾਉਂਦੀ ਹੈ ਕਿਉਂਕਿ ‘ਸਮੋਕ ਕੈਂਡਲ’ ਦੇ ਭੰਡਾਰ ਖਤਮ ਹੋ ਚੁੱਕੇ ਹਨ। ਪੁਲੀਸ ਵੱਲੋਂ ਹੈਲੀਪੈਡ ਵਾਲੀ ਜਗ੍ਹਾ ’ਤੇ ਇਕ ਝੰਡਾ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ‘ਸਮੋਕ ਕੈਂਡਲ’ ਦੀ ਥਾਂ ਹੈਲੀਕਾਪਟਰ ਦੀ ਲੈਂਡਿੰਗ ਸਮੇਂ ਧੂੰਆਂ ਕਰਨ ਵਾਸਤੇ ਪਹਿਲਾਂ ਘਾਹ ਇਕੱਠਾ ਕੀਤਾ ਜਾਂਦਾ ਹੈ। ਪੁਲੀਸ ਮੁਲਾਜ਼ਮ ਹੈਲੀਕਾਪਟਰ ਨੂੰ ਦੇਖਦੇ ਹੀ ਘਾਹ ਨੂੰ ਅੱਗ ਲਾ ਕੇ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਜਲਦੀ-ਜਲਦੀ ਧੰੂਆਂ ਅਸਮਾਨੀ ਚੜ੍ਹ ਜਾਵੇ। ਇੱਥੋਂ ਤੱਕ ਕਿ ਪੁਰਾਣੀ ਬੋਰੀ ਜਾਂ ਗੱਟੇ ਦੀ ਵਰਤੋਂ ਵੀ ਧੂੰਆਂ ਕਰਨ ਵਾਸਤੇ ਕੀਤੀ ਜਾਂਦੀ ਹੈ। ਅੱਜ ਵੀ ਜਦੋਂ ਬਠਿੰਡਾ ਤੇ ਰਾਮਪੁਰਾ ਫੂਲ ਵਿੱਚ ਹੈਲੀਕਾਪਟਰ ਦੀ ਲੈਡਿੰਗ ਹੋਈ ਤਾਂ ਇਸੇ ਤਰ੍ਹਾਂ ਧੂੰਆਂ ਕਰਨ ਲਈ ‘ਘਾਹ ਫੂਸ’ ਦਾ ਸਹਾਰਾ ਲਿਆ ਗਿਆ। ਜਿਨ੍ਹਾਂ ਮੁਲਾਜ਼ਮਾਂ ਨੂੰ ‘ਸਮੋਕ ਕੈਂਡਲ’ ਨਾ ਹੋਣ ਕਰਕੇ ਘਾਹ ਦਾ ਧੂੰਆਂ ਕਰਨ ਵਾਸਤੇ ਫੂਕਾਂ ਮਾਰਨੀਆਂ ਪੈਂਦੀਆਂ ਹਨ, ਉਹ ਮੁਲਾਜ਼ਮ ਅੰਦਰੋਂ ਅੰਦਰੀ ਕਾਫੀ ਔਖੇ ਹਨ। ਮਾਹਿਰ ਦੱਸਦੇ ਹਨ ਕਿ ਹੈਲੀਕਾਪਟਰ ਨੂੰ ਹਮੇਸ਼ਾ ਪਾਇਲਟ ਹਵਾ ਦੇ ਵਿਰੋਧ ਵਾਲੇ ਪਾਸੇ ਉਤਾਰਦਾ ਹੈ ਅਤੇ ਲੈਂਡਿੰਗ ਲਈ ਕਰੀਬ ਪੰਜ-ਸੱਤ ਮਿੰਟ ਲੱਗਦੇ ਹਨ। ‘ਸਮੋਕ ਕੈਂਡਲ’ ਦੇ ਧੂੰਏ ਦੀ ਇਹ ਖਾਸ ਗੱਲ ਹੁੰਦੀ ਹੈ ਕਿ ਇਹ ਵਰਖਾ ਦੌਰਾਨ ਵੀ ਕੰਮ ਕਰਦਾ ਹੈ। ਸੂਤਰਾਂ ਅਨੁਸਾਰ ਹਰ ਜ਼ਿਲ੍ਹਾ ਪੁਲੀਸ ਨੂੰ ਡੀ.ਜੀ.ਪੀ. ਦਫਤਰ ਵੱਲੋਂ ‘ਸਮੋਕ ਕੈਂਡਲ’ ਜਾਰੀ ਹੁੰਦੀ ਹੈ ਅਤੇ ਹਰ ਜ਼ਿਲ੍ਹੇ ਨੂੰ ਔਸਤਨ 15 ਤੋਂ 20 ‘ਸਮੋਕ ਕੈਂਡਲ’ ਮਿਲਦੀਆਂ ਹਨ। ਬਠਿੰਡਾ ਜ਼ਿਲ੍ਹੇ ’ਚ ਵੀ.ਆਈ.ਪੀ. ਦੌਰੇ ਜ਼ਿਆਦਾ ਹੁੰਦੇ ਹਨ, ਫਿਰ ਵੀ ਹਰ ਸਾਲ 15 ਤੋਂ 20 ਸਮੋਕ ਕੈਂਡਲ ਹੀ ਮਿਲਦੀਆਂ ਹਨ। ਪੁਲੀਸ ਨੂੰ ‘ਸਮੋਕ ਕੈਂਡਲ’ ਦੀ ਸਪਲਾਈ ਬਹਾਦਰਗੜ੍ਹ ਤੋਂ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਤੋਂ ਬਠਿੰਡਾ ਪੁਲੀਸ ਕੋਲ ‘ਸਮੋਕ ਕੈਂਡਲ’ ਦੇ ਭੰਡਾਰ ਮੁੱਕੇ ਹੋਏ ਹਨ। ਪੁਲੀਸ ਲਈ ਮੁਸ਼ਕਲ ਇਹ ਹੈ ਕਿ ‘ਸਮੋਕ ਕੈਂਡਲ’ ਦੀ ਪ੍ਰਾਈਵੇਟ ਤੌਰ ’ਤੇ ਖਰੀਦ ਨਹੀਂ ਹੈ ਜਿਸ ਕਰਕੇ ਘਾਹ ਫੂਸ ਤੇ ਬੋਰੀਆਂ ਦਾ ਸਹਾਰਾ ਲੈਣਾ ਪੁਲੀਸ ਦੀ ਮਜਬੂਰੀ ਹੈ। ਤੱਥ ਗਵਾਹ ਹਨ ਕਿ ਪਿਛਲੇ ਪੌਣੇ ਚਾਰ ਸਾਲਾਂ ’ਚ ਜ਼ਿਲ੍ਹਾ ਬਠਿੰਡਾ ’ਚ ਬਾਦਲ ਪਰਿਵਾਰ ਦਾ ਔਸਤਨ ਹਰ ਚੌਥੇ ਦਿਨ ਗੇੜਾ ਰਿਹਾ ਹੈ।

‘ਸਮੋਕ ਕੈਂਡਲ’ ਦੀ ਮੰਗ ਭੇਜੀ: ਐਸ.ਪੀ.

ਐਸ.ਪੀ. (ਸਥਾਨਕ) ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲੀਸ ਕੋਲ ਕਾਫੀ ਸਮੇਂ ਤੋਂ ‘ਸਮੋਕ ਕੈਂਡਲ’ ਖਤਮ ਹੋ ਚੁੱਕੀ ਹੈ ਅਤੇ ਇਸ ਦੀ ਸਪਲਾਈ ਲਈ ਮੰਗ ਭੇਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਮੋਕ ਕੈਂਡਲ ਨਾ ਹੋਣ ਕਰਕੇ ਹੁਣ ਘਾਹ ਫੂਸ ਨੂੰ ਅੱਗ ਲਾ ਕੇ ਧੂੰਆਂ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸਮੋਕ ਕੈਂਡਲ ਖਤਮ ਹੋਣ ਨਾਲ ਕੋਈ ਵੱਡੀ ਸਮੱਸਿਆ ਤਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਨੂੰ ਧੂੰਏ ਨਾਲ ਹਵਾ ਦੀ ਦਿਸ਼ਾ ਪਤਾ ਲੱਗਦੀ ਹੈ ਜਿਸ ਕਰਕੇ ਘਾਹ ਫੂਸ ਜਾਂ ਬੋਰੀ ਨੂੰ ਅੱਗ ਲਾ ਕੇ ਧੂੰਆਂ ਕਰ ਦਿੱਤਾ ਜਾਂਦਾ ਹੈ।

ਕਾਂਗਰਸੀ ਕੌਂਸਲਰਾਂ ਨੂੰ ਨਾ ਸੱਦਿਆ

ਬਠਿੰਡਾ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ (ਫੋਟੋ:ਪਵਨ ਸ਼ਰਮਾ)
ਨਿੱਜੀ ਪੱਤਰ ਪ੍ਰੇਰਕ
ਬਠਿੰਡਾ ,19 ਫਰਵਰੀ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸ਼ਹਿਰ ’ਚ ਸਾਂਝਾ ਸੰਗਤ ਦਰਸ਼ਨ ਕਰਕੇ ‘ਆਪਣਿਆਂ’ ਦੇ ਦਰਸ਼ਨ ਕੀਤੇ। ਸ਼ਹਿਰ ਦੇ ਖਾਲਸਾ ਸਕੂਲ ਦੇ ਕੈਂਪਸ ਵਿੱਚ ਅੱਜ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਅਕਾਲੀ ਕੌਂਸਲਰ ਆਪਣੇ ‘ਖਾਸ’ ਆਦਮੀਆਂ ਸਮੇਤ ਆਪੋ-ਆਪਣੇ ਵਾਰਡ ਦੀ ਮੁਸ਼ਕਲ ਦੱਸਣ ਲਈ ਪੁੱਜੇ। ਸ਼ਹਿਰ ਦੇ 50 ਵਾਰਡ ਹਨ। ਜਿਨ੍ਹਾਂ ਵਾਰਡਾਂ ’ਚ ਕਾਂਗਰਸੀ ਕੌਂਸਲਰ ਜਿੱਤੇ ਹੋਏ ਹਨ, ਉਨ੍ਹਾਂ ਕੌਂਸਲਰਾਂ ਨੂੰ ਸੱਦਿਆ ਨਹੀਂ ਗਿਆ ਬਲਕਿ ਉਨ੍ਹਾਂ ਚੁਣੇ ਪ੍ਰਤੀਨਿਧਾਂ ਦੀ ਥਾਂ ਹਾਰੇ ਹੋਏ ਪਾਰਟੀ ਉਮੀਦਵਾਰਾਂ ਨੂੰ ਸੰਗਤ ਦਰਸ਼ਨਾਂ ’ਚ ਬੁਲਾਇਆ ਗਿਆ। ਸਕੂਲ ਕੈਂਪਸ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਪੁੱਜਣ ਲਈ ਚਾਰ ਥਾਵਾਂ ’ਤੇ ਪੁਲੀਸ ਰੋਕਾਂ ਸਨ ਅਤੇ ਆਖਰੀ ਰੋਕਾਂ ਤੋਂ ਲੰਘਣ ਵਾਸਤੇ ਕੌਂਸਲਰ ਦੀ ਸਹਿਮਤੀ ਜ਼ਰੂਰੀ ਹੁੰਦੀ ਸੀ। ਵਾਰਡ ਨੰਬਰ ਅੱਠ ਦੀ ਆਸ਼ਾ ਰਾਣੀ ਜੋ ਤਿੰਨ ਦਿਨ ਪਹਿਲਾਂ ਉਪ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ਦੀ ਖਿੱਚ ਧੂਹ ਦਾ ਸ਼ਿਕਾਰ ਹੋ ਚੁੱਕੀ ਹੈ, ਅੱਜ ਪੂਰਾ ਦਿਨ ਸੰਗਤ ਦਰਸ਼ਨ ’ਚ ਪੇਸ਼ ਹੋਣ ਵਾਸਤੇ ਬੈਠੀ ਰਹੀ। ਉਸ ਨੂੰ ਮਿਲਾਉਣਾ ਤਾਂ ਦੂਰ ਦੀ ਗੱਲ, ਪੁਲੀਸ ਨੇ ਉਸ ’ਤੇ ਦੋ ਮਹਿਲਾ ਮੁਲਾਜ਼ਮਾਂ ਦਾ ਪਹਿਰਾ ਲਾ ਦਿੱਤਾ। ਪਤਾ ਲੱਗਾ ਹੈ ਕਿ ਮਗਰੋਂ ਉਹ ਮਹਿਲਾ ਗੋਨਿਆਣਾ ਮੰਡੀ ’ਚ ਉਪ ਮੁੱਖ ਮੰਤਰੀ ਨੂੰ ਮਿਲਣ ’ਚ ਕਾਮਯਾਬ ਹੋ ਸਕੀ।
ਸ੍ਰੀ ਬਾਦਲ ਦਾ ਕਹਿਣਾ ਸੀ ਕਿ ਲੋਕ ਜਨਤਕ ਮੁਸ਼ਕਲਾਂ ਉਨ੍ਹਾਂ ਕੋਲ ਰੱਖ ਰਹੇ ਹਨ ਅਤੇ ਉਹ ਸਬੰਧਤ ਅਫਸਰਾਂ ਨੂੰ ਫੌਰੀ ਹੱਲ ਕਰਨ ਦੀ ਹਦਾਇਤ ਕਰ ਰਹੇ ਹਨ। ਬਹੁਤੇ ਲੋਕਾਂ ਵੱਲੋਂ ਸੀਵਰੇਜ, ਪੀਣ ਵਾਲੇ ਪਾਣੀ, ਨਿਕਾਸੀ ਤੇ ਸੜਕਾਂ ਆਦਿ ਦੇ ਮਸਲੇ ਸੰਗਤ ਦਰਸ਼ਨ ’ਚ ਰੱਖੇ ਗਏ। ਕਾਫੀ ਲੋਕਾਂ ਨੇ ਆਪਣੇ ਨਿੱਜੀ ਮਸਲੇ ਵੀ ਰੱਖੇ। ਅੱਜ ਦੇ ਪ੍ਰੋਗਰਾਮਾਂ ਦੌਰਾਨ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਹਾਜ਼ਰ ਰਹੇ। ਅੱਜ ਸਵੇਰ ਵੇਲੇ ਮੈਂਬਰ ਪਾਰਲੀਮੈਂਟ ਬੀਬਾ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਦੁਪਹਿਰ ਤੋਂ ਪਹਿਲਾਂ ਉਪ ਮੁੱਖ ਮੰਤਰੀ ਵੀ ਪੁੱਜ ਗਏ ਸਨ। ਮਿਲਣ ਵਾਲੇ ਜ਼ਿਆਦਾ ਲੋਕ ਅਕਾਲੀ-ਭਾਜਪਾ ਨਾਲ ਸਬੰਧ ਰੱਖਣ ਵਾਲੇ ਹੀ ਸਨ।
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਜੋ ਭਾਜਪਾ ਆਗੂ ਹਨ, ਨੂੰ ਵੀ ਪੁਲੀਸ ਨੇ ਇਕ ਦਫ਼ਾ ਰੋਕ ਲਿਆ ਸੀ। ਜੋ ਸ਼ਹਿਰੋਂ ਬਾਹਰ ਦੇ ਲੋਕ ਆਏ ਹੋਏ ਸਨ, ਉਨ੍ਹਾਂ ਨੂੰ ਵੀ ਮਿਲਣ ਨਾ ਦਿੱਤਾ ਗਿਆ।
ਪਿੰਡ ਪੂਹਲੀ ਤੋਂ ਆਏ ਇਕ ਮਜ਼ਦੂਰ ਨੂੰ ਆਪਣੀ ਧੀ ਸਮੇਤ ਖਾਲੀ ਹੱਥ ਵਾਪਸ ਪਰਤਣਾ ਪਿਆ। ਪ੍ਰੋਗਰਾਮਾਂ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ, ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਓ.ਐਸ.ਡੀ. ਮੁਨੀਸ਼ ਕੁਮਾਰ, ਭਾਜਪਾ ਦਿਹਾਤੀ ਦੇ ਪ੍ਰਧਾਨ ਦਿਆਲ ਸੋਢੀ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਬਰਾੜ, ਕੌਂਸਲਰ ਨਿਰਮਲ ਸਿੰਘ ਸੰਧੂ, ਆਈ.ਜੀ. ਨਿਰਮਲ ਸਿੰਘ ਢਿੱਲੋਂ ਮੌਜੂਦ ਸਨ। ਕਾਂਗਰਸੀ ਕੌਂਸਲਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਵੋਟਾਂ ਖਾਤਰ ਸੰਗਤ ਦਰਸ਼ਨ ਕੀਤੇ ਗਏ ਹਨ ਜਿਸ ’ਚ ਆਮ ਲੋਕਾਂ ਨੂੰ ਤਾਂ ਦੂਰ ਹੀ ਰੱਖਿਆ ਗਿਆ ਹੈ।

ਕੇਂਦਰੀ ਸਹਾਇਤਾ ਚੈੱਕ ਸੌਂਪਣ ਲਈ ਬੱਚਿਆਂ ਨੂੰ ਸੱਦਿਆ

ਬਠਿੰਡਾ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ‘ਸੰਗਤ ਦਰਸ਼ਨ’ ਪ੍ਰੋਗਰਾਮਾਂ ’ਚ ਲਿਆਂਦਾ ਗਿਆ। ਪਿੰਡ ਬੱਜੋਆਣਾ ਦੇ ਪ੍ਰਾਇਮਰੀ ਸਕੂਲ ’ਚੋਂ ਪੰਜ ਤੇ ਸ਼ਹਿਰ ਦੇ ਪਰਸ ਰਾਮ ਨਗਰ ਦੇ ਪ੍ਰਾਇਮਰੀ ਸਕੂਲ ’ਚੋਂ 23 ਬੱਚਿਆਂ ਨੂੰ ਪ੍ਰੋਗਰਾਮਾਂ ’ਚ ਅਧਿਆਪਕਾਂ ਵੱਲੋਂ ਲਿਆਂਦਾ ਗਿਆ। ਇਨ੍ਹਾਂ ਬੱਚਿਆਂ ਦੇ ਸਕੂਲਾਂ ’ਚ ਕੇਂਦਰ ਸਰਕਾਰ ਦੀ ਘੱਟ ਗਿਣਤੀ ਸਕੀਮ ਦੇ ਵਜ਼ੀਫੇ ਵਾਲੇ ਚੈੱਕ ਪਹਿਲਾਂ ਹੀ ਪੁੱਜ ਗਏ ਸਨ। ਅੱਜ ਅਧਿਆਪਕ ਨਾਲ ਹੀ ਚੈੱਕ ਲੈ ਕੇ ਆਏ ਅਤੇ ਉਨ੍ਹਾਂ ਨੇ ਇਹ ਚੈੱਕ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫੜਾ ਦਿੱਤੇ ਜਿਨ੍ਹਾਂ ਨੇ ਮੋੜਵੇਂ ਰੂਪ ’ਚ ਬੱਚਿਆਂ ਨੂੰ ਵੰਡ ਦਿੱਤੇ। ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮਲਕੀਤ ਕੌਰ ਦਾ ਕਹਿਣਾ ਸੀ ਕਿ ਚੈੱਕ ਦਿਵਾਉਣ ਨਾਲ ਬੱਚਿਆਂ ਦਾ ਮਾਣ ਹੋ ਜਾਂਦਾ ਹੈ।

Saturday, February 19, 2011

ਰੈੱਡ ਕਰਾਸ ਦੇ 50 ਹਜ਼ਾਰ ਵੀ ਫਸੇ

ਚਰਨਜੀਤ ਭੁੱਲਰ
ਬਠਿੰਡਾ, 18 ਫਰਵਰੀ

ਕਾਰਗਿਲ ਸ਼ਹੀਦ ਅਜੇ ਆਹੂਜਾ ਦਾ ਬੁੱਤ ਸਰਕਾਰੀ ਫੰਡਾਂ ਨੂੰ ਉਡੀਕ ਰਿਹਾ ਹੈ। ਉਪਰੋਂ ਰੈਡ ਕਰਾਸ ਵੱਲੋਂ ਗੂੰਗੇ ਬੋਲੇ ਬੱਚਿਆਂ ਦੇ ਫੰਡਾਂ ’ਚੋਂ ਇਸ ਬੁੱਤ ਲਈ ਦਿੱਤੇ ਗਏ 50 ਹਜ਼ਾਰ ਰੁਪਏ ਵੀ ਫਸੇ ਹੋਏ ਹਨ। ਸਕੁਆਡਰਨ ਲੀਡਰ ਅਜੇ ਆਹੂਜਾ ਦਾ ਬੁੱਤ ਲਾਉਣਾ ਤਾਂ ਦੂਰ ਦੀ ਗੱਲ, ਬੁੱਤ ਲਈ ਕਰਜ਼ੇ ਵਜੋਂ ਦਿੱਤੇ 50 ਹਜ਼ਾਰ ਰੁਪਏ ਵੀ ਰੈਡ ਕਰਾਸ ਬਠਿੰਡਾ ਨੂੰ ਵਾਪਸ ਨਹੀਂ ਮਿਲ ਰਹੇ ਹਨ।
ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਪੱਤਰ ਨੰਬਰ 322/ਆਰ.ਟੀ.ਆਈ. ਮਿਤੀ 24 ਜਨਵਰੀ 2011 ’ਚ ਨਗਰ ਨਿਗਮ ਨੇ ਕਿਹਾ ਹੈ ਕਿ ਨਿਗਮ ਨੂੰ ਕਾਰਗਿਲ ਸ਼ਹੀਦ ਅਜੇ ਆਹੁੂਜਾ ਦਾ ਬੁੱਤ ਲਗਾਉਣ ਲਈ ਕੋਈ ਗ੍ਰਾਂਟ/ਰਾਸ਼ੀ ਪ੍ਰਾਪਤ ਹੀ ਨਹੀਂ ਹੋਈ ਹੈ। ਉਧਰ ਮੁੱਖ ਮੰਤਰੀ ਦਫਤਰ ਵੀ ਰੈਡ ਕਰਾਸ ਨੂੰ ਇਹ ਰਾਸ਼ੀ ਵਾਪਸ ਕਰਨ ਤੋਂ ਭੱਜ ਰਿਹਾ ਹੈ।
ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਦਾ ਸਕੁਆਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਬਠਿੰਡਾ ’ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਸਸਕਾਰ ਕੀਤਾ ਗਿਆ ਸੀ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ’ਚ ਕਾਰਗਿਲ ਸ਼ਹੀਦ ਦਾ ਬੁੱਤ ਲਾਉਣ ਦਾ ਐਲਾਨ ਕੀਤਾ ਸੀ। ਜ਼ੁਬਾਨੀ ਹੁਕਮ ਕੀਤੇ ਗਏ ਸਨ ਕਿ ਬੁੱਤ ਲਈ ਰੈਡ ਕਰਾਸ ’ਚੋਂ ਪੈਸੇ ਦੇ ਦਿੱਤੇ ਜਾਣ, ਮਗਰੋਂ ਸਰਕਾਰ ਇਹ ਰਾਸ਼ੀ ਭੇਜ ਦੇਵੇਗੀ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ’ਚੋਂ 14 ਜੂਨ, 1999 ਨੂੰ 50 ਹਜ਼ਾਰ ਰੁਪਏ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਂਸਲ ਬਠਿੰਡਾ ਦੇ ਮਿਉਂਸਪਲ ਇੰਜਨੀਅਰ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ। ਇਹ ਵੀ ਲਿਖ ਦਿੱਤਾ ਕਿ ਮਗਰੋਂ ਮੁੱਖ ਮੰਤਰੀ ਦਫਤਰ ਇਹ ਰਾਸ਼ੀ ਰੈਡ ਕਰਾਸ ਨੂੰ ਦੇ ਦੇਵੇਗਾ।
ਜਦੋਂ ਨਾ ਬੁੱਤ ਆਇਆ ਅਤੇ ਨਾ ਰਾਸ਼ੀ ਆਈ ਤਾਂ ਰੈਡ ਕਰਾਸ ਬਠਿੰਡਾ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਪੱਤਰ ਲਿਖ ਕੇ ਆਖਿਆ ਕਿ ਲੋਨ ਦੇ ਰੂਪ ’ਚ ਬੁੱਤ ਵਾਸਤੇ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕੀਤੀ ਜਾਵੇ ਪਰ ਨਗਰ ਕੌਂਸਲ ਨੇ ਕੋਈ ਪ੍ਰਵਾਹ ਨਾ ਕੀਤੀ। ਇਸ ਸਮੇਂ ਦੌਰਾਨ ਬੁੱਤ ਬਣਾਉਣ ਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਰਿਹਾ ਅਤੇ ਲੋਨ ਮੁੱਖ ਰੂਪ ’ਚ ਸਿਰਦਰਦੀ ਬਣ ਗਿਆ। ਰੈਡ ਕਰਾਸ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਨੂੰ ਪੱਤਰ ਨੰਬਰ 321 ਮਿਤੀ 5 ਜੂਨ 2008 ਲਿਖਿਆ ਕਿ ਉਨ੍ਹਾਂ ਨੂੰ ਨਗਰ ਕੌਂਸਲ ਬਠਿੰਡਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਵੱਲੋਂ, ਜੋ 50 ਹਜ਼ਾਰ ਦੀ ਰਾਸ਼ੀ ਭੇਜੀ ਜਾਣੀ ਸੀ, ਉਹ ਪ੍ਰਾਪਤ ਨਹੀਂ ਹੋਈ। ਰੈਡ ਕਰਾਸ ਨੇ ਰਾਸ਼ੀ ਭੇਜਣ ਦੀ ਅਪੀਲ ਕੀਤੀ। ਮਗਰੋਂ ਰੈਡ ਕਰਾਸ ਫੰਡਾਂ ਦਾ ਮਾਮਲਾ ਹਾਈ ਕੋਰਟ ’ਚ ਚਲਾ ਗਿਆ ਸੀ ਤਾਂ ਹਾਈ ਕੋਰਟ ਨੇ ਜਾਂਚ ਕਮੇਟੀ ਬਣਾ ਦਿੱਤੀ ਸੀ। ਰੈਡ ਕਰਾਸ ਬਠਿੰਡਾ ਨੇ ਪੱਤਰ ਨੰਬਰ 445 ਮਿਤੀ 4 ਜੂਨ 2010 ਰਾਹੀਂ ਨਗਰ ਨਿਗਮ ਬਠਿੰਡਾ ਦੇ ਐਸ.ਈ. ਨੂੰ ਆਖਿਆ ਕਿ ਉਨ੍ਹਾਂ ਨੂੰ  ਬੁੱਤ ਲਈ ਜੋ 50 ਹਜ਼ਾਰ ਰੁਪਏ ਦਿੱਤੇ ਗਏ ਸਨ, ਉਹ ਵਾਪਸ ਨਹੀਂ ਦਿੱਤੇ ਗਏ ਅਤੇ ਨਾਲ ਹੀ 11 ਜੂਨ 2010 ਨੂੰ ਹਾਈਕੋਰਟ ਦੀ ਜਾਂਚ ਕਮੇਟੀ ਕੋਲ ਪੇਸ਼ ਹੋਣ ਲਈ ਆਖ ਦਿੱਤਾ ਗਿਆ। ਉਦੋਂ ਐਸ.ਈ. ਇੱਕ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਸਨ ਅਤੇ ਜਾਂਚ ਕਮੇਟੀ ਨੇ ਪੈਸੇ ਵਾਪਸ ਲੈਣ ਲਈ ਆਖ ਦਿੱਤਾ।
ਅਸਲ ਵਿੱਚ ਬੁੱਤ ਦੀ ਕੀਮਤ ਤਿੰਨ ਲੱਖ ਰੁਪਏ ਤੋਂ ਉਪਰ ਸੀ, ਜਿਸ ਦਾ ਪ੍ਰਬੰਧ ਨਾ ਹੋ ਸਕਿਆ। ਇਸ ਕਰਕੇ ਡਰਾਫਟ ਰਾਹੀਂ 50 ਹਜ਼ਾਰ ਰੁਪਏ ਦਿੱਲੀ ਦੀ ਫਰਮ ਨੂੰ ਦੇ ਦਿੱਤੇ ਗਏ ਸਨ ਪਰ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ।
ਰੈਡ ਕਰਾਸ ਨੇ ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਨੂੰ ਵੱਖ ਵੱਖ ਸਮੇਂ ’ਤੇ ਤਿੰਨ ਪੱਤਰ ਲਿਖ ਕੇ ਚੇਤਾ ਕਰਾਇਆ ਗਿਆ ਕਿ ਮੁੱਖ ਮੰਤਰੀ ਵੱਲੋਂ  ਬੁੱਤ ਲਈ ਰੈਡ ਕਰਾਸ ਵੱਲੋਂ ਲੋਨ ਦੇ ਰੂਪ ’ਚ ਦਿੱਤੀ 50 ਹਜ਼ਾਰ ਦੀ ਰਾਸ਼ੀ ਦੀ ਪੂਰਤੀ ਕੀਤੀ ਜਾਵੇ ਪਰ ਸਰਕਾਰ ਵੱਲੋਂ ਇਨ੍ਹਾਂ ਪੱਤਰਾਂ ਦਾ ਕੋਈ ਜੁਆਬ ਨਹੀਂ ਦਿੱਤਾ ਗਿਆ। ਰੈਡ ਕਰਾਸ ਬਠਿੰਡਾ ਦੇ ਸਕੱਤਰ ਜੇ.ਆਰ. ਗੋਇਲ ਨੇ ਦੱਸਿਆ ਕਿ ਵਾਰ ਵਾਰ ਪੰਜਾਬ ਸਰਕਾਰ ਨੂੰ ਪੱਤਰ ਲਿਖਣ ਦੇ ਬਾਵਜੂਦ  ਹਾਲੇ ਤੱਕ ਇਹ ਰਾਸ਼ੀ ਪ੍ਰਾਪਤ ਨਹੀਂ ਹੋਈ ਹੈ।

Friday, February 18, 2011

ਇਕ ਵੀ ਮੋਟਰ ਕੁਨੈਕਸ਼ਨ ਨਾ ਮਿਲਿਆ

ਚਰਨਜੀਤ ਭੁੱਲਰ
ਜੋਧਪੁਰ ਰੋਮਾਣਾ (ਬਠਿੰਡਾ), 17 ਫਰਵਰੀ
ਪਿੰਡ ਜੋਧਪੁਰ ਰੋਮਾਣਾ ਦਾ ਕਿਸਾਨ ਜਸਪਾਲ ਸਿੰਘ ਖੇਤ ਦਿਖਾਉਂਦਾ ਹੋਇਆ (ਫੋਟੋ: ਭੁਪਿੰਦਰ ਢਿੱਲੋਂ)
ਬਠਿੰਡਾ ਨੇੜਲੇ ਇਸ ਪਿੰਡ ਦੇ ਖੇਤਾਂ ‘ਚ ਹਾਲੇ ਵੀ ਬਿਜਲੀ ਨਹੀਂ ਪਹੁੰਚੀ। ਇਸ ਪਿੰਡ ਦੇ ਗੁਆਂਢੀ ਪਿੰਡ ਨਰੂਆਣਾ ਨਾਲ ਲੱਗਦੇ ਖੇਤਾਂ ‘ਚ ਕੇਵਲ ਚਾਰ ਕੁਨੈਕਸ਼ਨ ਹਨ। ਵਰ੍ਹਿਆਂ ਤੋਂ ਪੰਜਾਬ ਦਾ ਹਰ ਛੋਟਾ ਵੱਡਾ ਪਿੰਡ ਬਿਜਲੀ ਮੋਟਰਾਂ ‘ਤੇ ਸਬਸਿਡੀ ਦਾ ਲਾਹਾ ਲੈ ਰਿਹਾ ਹੈ ਪਰ ਇਸ ਪਿੰਡ ਦੇ ਕਿਸਾਨਾਂ ਨੂੰ  ਮੁਆਫੀ ਦਾ ਕੋਈ ਫਾਇਦਾ ਨਹੀਂ ਹੋਇਆ। ਕਾਰਨ ਇਹੋ ਹੈ ਕਿ ਇਸ ਪਿੰਡ ‘ਚ ਖੇਤੀ ਮੋਟਰਾਂ ਹੀ ਨਹੀਂ ਹਨ। ਬਠਿੰਡਾ ਸ਼ਹਿਰ ਦੇ ਹੱਦ ਲੱਗਦੀ ਹੋਣ ਦਾ ਨੁਕਸਾਨ ਪਿੰਡ ਨੂੰ ਝੱਲਣਾ ਪੈ ਰਿਹਾ ਹੈ। ਸ਼ਹਿਰੀ ਫੀਡਰ ਤੋਂ ਕੁਝ ਮੋਟਰਾਂ ਦੇ ਕੁਨੈਕਸ਼ਨ ਹਨ ਜਿਨ੍ਹਾਂ ਦੀ ਪਾਵਰਕੌਮ ਦੇ ਚੀਫ ਇੰਜਨੀਅਰ (ਵਪਾਰਕ) ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਪਈ ਹੈ। ਕਿਸਾਨਾਂ ਨੇ ਖੇਤ ਦਿਖਾਏ ਜਿਨ੍ਹਾਂ ‘ਚ ਦੂਰ-ਦੁਰਾਡੇ ਤੱਕ ਬਿਜਲੀ ਦੀ ਤਾਰ ਨਹੀਂ ਦਿਸੀ। ਪਿੰਡ ਦੇ ਕਿਸਾਨਾਂ ਨੂੰ ਪਿਛਲੇ 21 ਵਰ੍ਹਿਆਂ ਤੋਂ ਕੋਈ ਮੋਟਰ ਕੁਨੈਕਸ਼ਨ ਨਹੀਂ ਮਿਲਿਆ ਹੈ।
ਕਿਸਾਨਾਂ ਲਈ ਇਹ ਵੱਡਾ ਮਸਲਾ ਹੈ ਕਿ ਇਸ ਪਿੰਡ ਦੇ ਲਾਗੇ ਕੋਈ ਦਿਹਾਤੀ ਫੀਡਰ ਨਹੀਂ ਹੈ। ਖੇਤੀ ਸੈਕਟਰ ਲਈ ਕੁਨੈਕਸ਼ਨ ਦੇਣ ਵਾਸਤੇ ਸਪਲਾਈ ਦਿਹਾਤੀ ਫੀਡਰ ਤੋਂ ਹੀ ਦਿੱਤੀ ਜਾਂਦੀ ਹੈ। ਪਿੰਡ ਦੇ ਖੇਤਾਂ ਤੋਂ ਕਰੀਬ ਚਾਰ ਕਿਲੋਮੀਟਰ ਦਿਹਾਤੀ ਫੀਡਰ ਦੀ ਲਾਈਨ ਹੈ। ਏਨੀ ਲੰਮੀ ਦੂਰੀ ਤੋਂ ਲਾਈਨ ਖਿੱਚਣ ਵਾਸਤੇ ਅੱਠ ਲੱਖ ਰੁਪਏ ਦਾ ਖਰਚਾ ਪੈਂਦਾ ਹੈ ਜੋ ਕਿਸੇ ਕਿਸਾਨ ਦੀ ਪਹੁੰਚ ‘ਚ ਨਹੀਂ ਹੈ। ਪਿੰਡ ਦੇ ਕਰੀਬ ਡੇਢ ਦਰਜਨ ਕਿਸਾਨਾਂ ਵੱਲੋਂ ਕਰੀਬ 15 ਸਾਲ ਪਹਿਲਾਂ ਮੋਟਰ ਕੁਨੈਕਸ਼ਨਾਂ ਵਾਸਤੇ ਅਪਲਾਈ ਕੀਤਾ ਸੀ। ਕਿਸਾਨ ਕੁਲਵੰਤ ਸਿੰਘ ਤੇ ਬਿੱਲੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਾਰੀ 15 ਸਾਲਾਂ ਮਗਰੋਂ ਵੀ ਨਹੀਂ ਆਈ ਹੈ ਜਦੋਂ ਕਿ ਬਾਕੀ ਪਿੰਡਾਂ ‘ਚ ਧੜਾਧੜ ਕੁਨੈਕਸ਼ਨ ਲੱਗ ਰਹੇ ਹਨ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਸਾਲਾਨਾ ਇਕ ਡਰੱਮ ਡੀਜ਼ਲ ਦਾ ਫੂਕਣਾ ਪੈਂਦਾ ਹੈ। ਹਰ ਕਿਸਾਨ ਨੂੰ 6000 ਰੁਪਏ ਦਾ ਵਾਧੂ ਖਰਚ ਇਸੇ ਕਰਕੇ ਕਰਨਾ ਪੈਂਦਾ ਹੈ ਕਿਉਂਕਿ ਪਿੰਡ ‘ਚ ਕੋਈ ਮੋਟਰ ਕੁਨੈਕਸ਼ਨ ਨਹੀਂ ਹੈ। ਦੱਸਣਯੋਗ ਹੈ ਕਿ ਪਿੰਡ ਦਾ ਕਰੀਬ 4000 ਏਕੜ ਰਕਬਾ ਹੈ ਅਤੇ ਲੋਕਾਂ ਦੀ ਕਰੀਬ 1500 ਦੇ ਕਰੀਬ ਵੋਟ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਜਨਵਰੀ ਮਹੀਨੇ ਵਿੱਚ ਇਸ ਪਿੰਡ ‘ਚ ਗਏ ਸਨ ਤਾਂ ਕਿਸਾਨਾਂ ਨੇ ਇੱਕੋ ਮੰਗ ਰੱਖੀ ਕਿ ਖੇਤੀ ਮੋਟਰਾਂ ਦੇ ਕੁਨੈਕਸ਼ਨ ਦੇ ਦਿਓ।
ਪਿੰਡ ਦੇ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਡੀਜ਼ਲ ਇੰਜਣ ਨਾਲ ਫਸਲ ਪਾਲਦੇ ਹਨ ਤੇ ਪ੍ਰਤੀ ਘੰਟਾ 80 ਰੁਪਏ ‘ਚ ਪੈਂਦਾ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਤਾਂ ਟਿਊਬਵੈਲਾਂ ‘ਤੇ ਮਹਿੰਗੇ ਟਰੈਕਟਰ ਪਾਣੀ ਕੱਢਣ ਲਈ ਲਾਏ ਹੋਏ ਹਨ।
ਕਿਸਾਨਾਂ ਨੇ ਇੱਕੋ ਸੁਰ ‘ਚ ਆਖਿਆ, ‘ਸਾਰਾ ਪੰਜਾਬ ਮੁਫ਼ਤ ਬਿਜਲੀ ਬਾਲ ਰਿਹਾ ਹੈ ਤੇ ਉਨ੍ਹਾਂ ਨੂੰ ਡੀਜ਼ਲ ਫੂਕਣਾ ਪੈ ਰਿਹਾ ਹੈ।’ ਇਹ ਵੀ ਆਖਿਆ ਕਿ ਮੁੱਖ ਮੰਤਰੀ ਜਾਂ ਚੇਅਰਮੈਨ ਦੇ ਕੋਟੇ ਵਾਲੇ ਬਿਜਲੀ ਕੁਨੈਕਸ਼ਨ ਵੀ ਉਨ੍ਹਾਂ ਦੇ ਪਿੰਡ ਨੂੰ ਨਹੀਂ ਮਿਲੇ ਹਨ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਇਸ ਪਿੰਡ ਦੇ ਬਿਜਲੀ ਦੇ ਮੀਟਰ ਵੀ ਘਰਾਂ ਤੋਂ ਬਾਹਰ ਕੱਢੇ ਹੋਏ ਹਨ। ਚੰਗੀ ਸਹੂਲਤ ਇਹ ਹੈ ਕਿ ਇਸ ਪਿੰਡ ‘ਚ ਘਰੇਲੂ ਸਪਲਾਈ ਸ਼ਹਿਰੀ ਫੀਡਰ ਤੋਂ ਹੈ। ਪਿੰਡ ਦੇ ਕਿਸਾਨਾਂ ਨੇ ਦਾਅਵਾ ਕੀਤਾ ਕਿ ਖੇਤੀ ਮੋਟਰਾਂ ਦੇ ਕੁਨੈਕਸ਼ਨ ਨਾ ਹੋਣ ਕਰਕੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੁੂਕਣਾ ਪੈ ਜਾਂਦਾ ਹੈ। ਇਸ ਪਿੰਡ ਦੇ ਵਸਨੀਕ ਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਗੁਰਤੇਗ ਸਿੰਘ ਗਿੱਕੂ ਦਾ ਕਹਿਣਾ ਸੀ ਕਿ ਪਿੰਡ ਦੇ ਕਿਸਾਨਾਂ ਦੀ ਇਹ ਮੁਸ਼ਕਲ ਜਾਇਜ਼ ਹੈ। ਉਨ੍ਹਾਂ ਵੱਲੋਂ ਖੁਦ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਦਿਹਾਤੀ ਫੀਡਰ ਤੋਂ ਕੋਈ ਵਿਸ਼ੇਸ਼ ਲਾਈਨ ਖੇਤਾਂ ਵਾਸਤੇ ਖਿੱਚੀ ਜਾ ਸਕੇ ਤਾਂ ਜੋ ਕਿਸਾਨਾਂ ਨੂੰ ਕੁਨੈਕਸ਼ਨ ਲੈਣ ਲਈ ਬਹੁਤਾ ਖਰਚਾ ਨਾ ਕਰਨਾ ਪਵੇ।

ਦਿਹਾਤੀ ਲਾਈਨ ਨਾ ਹੋਣ ਦਾ ਅੜਿੱਕਾ: ਐਕਸੀਅਨ

ਸ਼ਹਿਰੀ ਐਕਸੀਅਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਅਸਲ ਵਿੱਚ ਇਸ ਪਿੰਡ ‘ਚ ਬਿਜਲੀ ਦੀ ਕੋਈ ਦਿਹਾਤੀ ਲਾਈਨ ਨਹੀਂ ਹੈ ਅਤੇ ਸ਼ਹਿਰੀ ਫੀਡਰ ਤੋਂ ਖੇਤੀ ਸੈਕਟਰ ਦੇ ਕੁਨੈਕਸ਼ਨਾਂ ਨੰ ਸਪਲਾਈ ਦਿੱਤੀ ਨਹੀਂ ਜਾ ਸਕਦੀ। ਉਨ੍ਹਾਂ ਦੱਸਿਆ ਕਿ ਦਿਹਾਤੀ ਲਾਈਨ ਦੂਰ ਪੈਂਦੀ ਹੋਣ ਕਰਕੇ ਕੋਈ ਕਿਸਾਨ ਏਨਾ ਖਰਚ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੋ ਸ਼ਹਿਰੀ ਫੀਡਰ ਤੋਂ ਕੁਨੈਕਸ਼ਨ ਹਨ, ਉਨ੍ਹਾਂ ਕਿਸਾਨਾਂ ਨੂੰ ਵੀ ਪਹਿਲਾਂ ਚੀਫ ਇੰਜਨੀਅਰ (ਵਪਾਰਕ) ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਪਈ ਹੈ।

Thursday, February 17, 2011

ਲੇਖਾ ਰਿਪੋਰਟ ’ਚ ਖੁਲਾਸਾ

ਪੁਲੀਸ ਵਿਭਾਗ ਤੋਂ ਡੇਢ ਕਰੋੜ ਰੁਪਏ ਕਿਰਾਇਆ ਮੰਗਿਆ

ਬਠਿੰਡਾ ਦਾ ਰੈਸਟ ਹਾਊਸ ਜਿਸ ’ਤੇ ਪੁਲੀਸ ਨੇ ਕਬਜ਼ਾ ਕੀਤਾ ਹੋਇਆ (ਫੋਟੋ:ਭੁਪਿੰਦਰ ਢਿੱਲੋਂ)
ਚਰਨਜੀਤ ਭੁੱਲਰ
ਬਠਿੰਡਾ, 16 ਫਰਵਰੀ

ਬਠਿੰਡਾ ਜ਼ੋਨ ਦੇ ਆਈ.ਜੀ. ਵੱਲੋਂ ਰੈਸਟ ਹਾਊਸ ਵਿੱਚ ਬਣਾਇਆ ਦਫਤਰ ‘ਗੈਰਕਾਨੂੰਨੀ’ ਹੈ। ਅਕਾਊਂਟੈਂਟ ਜਨਰਲ ਪੰਜਾਬ ਨੇ ਤਾਜ਼ਾ ਆਡਿਟ ਵਿੱਚ ਇਸ ਦਫਤਰ ਨੂੰ ਅਣਅਧਿਕਾਰਤ ਦੱਸ ਕੇ ਪੁਲੀਸ ਵਿਭਾਗ ਨੂੰ 1.43 ਕਰੋੜ ਰੁਪਏ ਕਿਰਾਇਆ ਪਾ ਦਿੱਤਾ ਹੈ। ਪੁਲੀਸ ਮਹਿਕਮੇ ਦੇ ਉਸ ਸਹਿਮਤੀ ਪੱਤਰ ਦੀ ਵੀ ਕੋਈ ਵੁੱਕਤ ਨਹੀਂ ਰਹੀ ਜੋ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਸੀ।
ਲੋਕ ਨਿਰਮਾਣ ਵਿਭਾਗ ਦਾ ਬਠਿੰਡਾ ਦੇ ਬੱਸ ਅੱਡੇ ਲਾਗੇ ਸ਼ਾਨਦਾਰ ਰੈਸਟ ਹਾਊਸ ਹੈ ਜਿਸ ਵਿੱਚ ਇਕ ਪੁਰਾਣਾ ਆਈ.ਜੀ. ਕੁਝ ਦਿਨਾਂ ਠਹਿਰਣ ਵਾਸਤੇ ਆਇਆ ਸੀ। ਮਗਰੋਂ ਪੁਲੀਸ ਅਫਸਰਾਂ ਨੇ ਇਸ ਰੈਸਟ ਹਾਊਸ ’ਤੇ ਪੱਕਾ ਹੀ ਕਬਜ਼ਾ ਕਰ ਲਿਆ। ਅਕਾਊਂਟੈਂਟ ਜਨਰਲ ਪੰਜਾਬ ਵੱਲੋਂ ਸਾਲ 2010-11 ਦੇ ਤਾਜ਼ਾ ਕੀਤੇ ਆਡਿਟ ਦੇ ਪੈਰ੍ਹਾ ਨੰਬਰ 6 ਤਹਿਤ ਪੁਲੀਸ ਵਿਭਾਗ ਨੂੰ 2358 ਦਿਨਾਂ ਦਾ 1,43,63,690 ਰੁਪਏ ਕਿਰਾਇਆ ਪਾ ਦਿੱਤਾ ਹੈ। ਪੁਲੀਸ ਅਫਸਰਾਂ ਵੱਲੋਂ ਕਰੀਬ ਸਾਢੇ ਛੇ ਵਰ੍ਹਿਆਂ ਤੋਂ ਇਸ ਦਾ ਕੋਈ ਕਿਰਾਇਆ ਵੀ ਨਹੀਂ ਦਿੱਤਾ ਜਾ ਰਿਹਾ ਹੈ। ਜਦੋਂ ਵੀ ਕੋਈ ਨਵਾਂ ਆਈ.ਜੀ. ਤਾਇਨਾਤ ਹੁੰਦਾ ਹੈ, ਉਹ ਨਵੇਂ ਸਿਰਿਓਂ ਰੈਸਟ ਹਾਊਸ ਦੀ ਮੁਰੰਮਤ ਕਰਵਾ ਲੈਂਦਾ ਹੈ। ਮੌਜੂਦਾ ਆਈ.ਜੀ. ਨੇ ਵੀ ਆਪਣੀ ਰਿਹਾਇਸ਼ ‘ਰੈਸਟ ਹਾਊਸ’ ਵਿੱਚ ਹੀ ਤਬਦੀਲ ਕਰ ਲਈ ਹੈ।
ਲੋਕ ਨਿਰਮਾਣ ਮਹਿਕਮੇ ਵੱਲੋਂ ਅਣਅਧਿਕਾਰਤ ਤੌਰ ’ਤੇ ਬੈਠੇ ਪੁਲੀਸ ਅਫਸਰਾਂ ਦੀ ਸੁਵਿਧਾ ਲਈ ਸਰਕਾਰੀ ਖਾਤੇ ’ਚੋਂ ਹਾਲ ਹੀ ਵਿੱਚ ਕਰੀਬ 1.75 ਲੱਖ ਰੁਪਏ ਖਰਚ ਕੀਤੇ ਗਏ ਹਨ। ਐਸ.ਡੀ.ਓ. ਮੰਦਰ ਸਿੰਘ ਦਾ ਕਹਿਣਾ ਸੀ ਕਿ ਚਾਰਦੀਵਾਰੀ ਦੀ ਮੁਰੰਮਤ ਤੋਂ ਇਲਾਵਾ ਕਮਰਿਆਂ ਵਿੱਚ ਸਫੈਦੀ ਕਰਾਈ ਗਈ ਹੈ ਅਤੇ ਰਸੋਈ ਦੀ ਮੁਰੰਮਤ ਕੀਤੀ ਗਈ ਹੈ ਅਤੇ ਇਹ ਖਰਚਾ ਆਈ.ਜੀ. ਰਿਹਾਇਸ਼ ਦੇ ਨਾਮ ’ਤੇ ਕੀਤਾ ਗਿਆ ਹੈ। ਆਡਿਟ ਵਿਭਾਗ ਉਸ ਪੱਤਰ ਨੂੰ ਮੰਨ ਨਹੀਂ ਰਿਹਾ ਜਿਸ ’ਤੇ ਸਿਰਫ ਤਤਕਾਲੀ ਮੁੱਖ ਮੰਤਰੀ ਵੱਲੋਂ ਇਹ ਲਿਖਿਆ ਗਿਆ ਹੈ ਕਿ ‘ਮੈਂ ਸਹਿਮਤ ਹਾਂ।’ ਆਡਿਟ ਮਹਿਕਮੇ ਦਾ ਕਹਿਣਾ ਹੈ ਕਿ ਬੀ.ਐਂਡ ਆਰ. ਮੈਨੂਅਲ ਅਨੁਸਾਰ ਪ੍ਰਬੰਧਕੀ ਸਕੱਤਰ ਦੇ ਪੱਧਰ ’ਤੇ ਜਦੋਂ ਤੱਕ ਸਹੀ ਤਬਾਦਲਾ ਨਹੀਂ ਹੁੰਦਾ, ਉਸ ਸਮੇਂ ਤੱਕ ਪੁਲੀਸ ਦਾ ਰੈਸਟ ਹਾਊਸ ’ਤੇ  ਨਾਜਾਇਜ਼ ਕਬਜ਼ਾ ਹੀ ਮੰਨਿਆ ਜਾਏਗਾ। ਆਡਿਟ ਮਹਿਕਮੇ ਵੱਲੋਂ ਪੱਤਰ ਨੰਬਰ 446 ਮਿਤੀ 31 ਦਸੰਬਰ, 2010 ਤਹਿਤ ਪੈਰ੍ਹਾ ਨੰਬਰ 6 ਬਣਾਇਆ ਗਿਆ ਹੈ, ਉਸ ਅਨੁਸਾਰ ਐਸ.ਐਸ.ਪੀ. ਬਠਿੰਡਾ ਵੱਲੋਂ ਪੱਤਰ ਨੰਬਰ 8868 ਤਹਿਤ 14 ਮਈ, 2005 ਤੋਂ 21 ਮਈ, 2005 ਤੱਕ ਰੈਸਟ ਹਾਊਸ ਆਈ.ਜੀ. ਰਜਿੰਦਰ ਸਿਘ ਲਈ ਬੁੱਕ ਕੀਤਾ ਗਿਆ ਸੀ। ਪਿਛੋਂ ਇਹ ਬੁਕਿੰਗ 23 ਮਈ 2005 ਤੋਂ 27 ਮਈ 2005 ਤੱਕ ਵਧਾ ਲਈ ਗਈ ਸੀ।
ਅਕਾਊਟੈਂਟ ਜਨਰਲ ਨੇ ਲਿਖਿਆ ਹੈ ਕਿ ਇਹ ਰੈਸਟ ਹਾਊਸ ਰਸਮੀ ਤੌਰ ’ਤੇ ਪੁਲੀਸ ਦੇ ਹਵਾਲੇ ਨਹੀਂ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ਤੱਕ ਬਿਨਾਂ ਕਿਰਾਏ ਤੋਂ ਪੁਲੀਸ ਵਿਭਾਗ ਵੱਲੋਂ ਰੈਸਟ ਹਾਊਸ ਵਰਤਿਆ ਜਾ ਰਿਹਾ ਹੈ। ਮੁੱਖ ਇੰਜੀਨੀਅਰ (ਇਮਾਰਤਾਂ) ਪੰਜਾਬ ਏ.ਕੇ. ਗੋਇਲ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਰੈਸਟ ਹਾਊਸ ਵਿੱਚ ਆਈ.ਜੀ. ਦਫਤਰ-ਕਮ-ਰਿਹਾਇਸ਼ ਬਣਾਉਣ ਦੀ ਸਹਿਮਤੀ ਦੇ ਦਿੱਤੀ ਗਈ ਸੀ ਪਰ ਰਸਮੀ ਤੌਰ ’ਤੇ ਮਹਿਕਮੇ ਤਰਫੋਂ ਪੁਲੀਸ ਵਿਭਾਗ ਨੁੂੰ ਰੈਸਟ ਹਾਊਸ ਸੌਂਪਿਆ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਇਹੋ ਵਜ੍ਹਾ ਕਾਰਨ ਆਡਿਟ ਵਿਭਾਗ ਵੱਲੋਂ ਪੁਲੀਸ ਨੂੰ ਕਿਰਾਇਆ ਪਾਇਆ ਜਾ ਰਿਹਾ ਹੈ। ਦੂਸਰੀ ਤਰਫ਼ ਮੌਜੂਦਾ ਆਈ.ਜੀ. ਨਿਰਮਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਰੈਸਟ ਹਾਊਸ, ਪੁਲੀਸ ਵਿਭਾਗ ਨੂੰ ਤਬਦੀਲ ਹੋ ਚੁੱਕਾ ਹੈ ਜਿਸ ਦਾ ਇਕ ਪੱਤਰ ਵੀ ਜਾਰੀ ਹੋਇਆ ਸੀ। ਉਨ੍ਹਾਂ ਆਖਿਆ ਕਿ ਆਡਿਟ ਮਹਿਕਮੇ ਵੱਲੋਂ ਕਿਰਾਇਆ ਪਾਏ ਜਾਣ ਬਾਰੇ ਕੋਈ ਸੂਚਨਾ ਉਨ੍ਹਾਂ ਕੋਲ ਨਹੀਂ ਹੈ। ਉਨ੍ਹਾਂ ਆਖਿਆ ਕਿ ਆਡਿਟ ਮਹਿਕਮੇ ਦਾ ਕੋਈ ਪੱਤਰ ਵੀ ਉਨ੍ਹਾਂ ਨੂੰ ਨਹੀਂ ਮਿਲਿਆ।
ਨਵਾਂ ਕਿਰਾਇਆ 26 ਲੱਖ ਪਾਇਆ
ਆਡਿਟ ਵਿਭਾਗ ਪੰਜਾਬ ਨੇ ਹੁਣ ਇਕ ਸਤੰਬਰ, 2009 ਤੋਂ 31 ਅਕਤੂਬਰ, 2010 ਤੱਕ ਦਾ ਰੈਸਟ ਹਾਊਸ ਦਾ ਕਿਰਾਇਆ 26,07,102  ਰੁਪਏ ਪੁਲੀਸ ਵਿਭਾਗ ਨੂੰ ਪਾ ਦਿੱਤਾ ਹੈ ਜਦੋਂ ਕਿ ਇਕ ਸਤੰਬਰ, 2008 ਤੋਂ 31 ਸਤੰਬਰ, 2009 ਤੱਕ ਦਾ ਕਿਰਾਇਆ 22,33,800 ਰੁਪਏ ਕਿਰਾਇਆ ਪਾਇਆ ਗਿਆ ਸੀ। ਬਾਕੀ ਕਿਰਾਇਆ ਉਸ ਤੋਂ ਪਹਿਲਾਂ ਦਾ ਹੈ। ਰੈਸਟ ਹਾਊਸ ’ਚ ਚਾਰ ਵੱਡੇ ਬੈੱਡਰੂਮ ਹਨ, ਇਕ ਡਰਾਇੰਗ ਰੂਮ, ਇਕ ਡਾਈਨਿੰਗ ਹਾਲ,ਰਸੋਈ, ਬਰਾਂਡਾ ਤੇ ਇਕ ਸਬ ਰੈਸਟ ਹਾਊਸ ਹੈ। ਆਡਿਟ ਵਿਭਾਗ ਵੱਲੋਂ ਵੱਡੇ ਬੈੱਡਰੂਮ ਦਾ ਪ੍ਰਤੀ ਦਿਨ ਦਾ ਕਿਰਾਇਆ 1530 ਰੁਪਏ ਨਿਰਧਾਰਤ ਗਿਆ ਹੈ।

Wednesday, February 16, 2011

ਬਠਿੰਡਾ ਵਿਖੇ ਖੇਤਰੀ ਸਰਸ ਮੇਲੇ ਦੌਰਾਨ ਗਾਹਕਾਂ ਦੀ ਉਡੀਕ ਵਿੱਚ ਕੁਝ ਸਟਾਲ (ਫੋਟੋ:ਭੁਪਿੰਦਰ ਸਿੰਘ ਢਿੱਲੋਂ)
ਚਰਨਜੀਤ ਭੁੱਲਰ
ਬਠਿੰਡਾ, 15 ਫਰਵਰੀ

ਬਠਿੰਡਾ ਪੱਟੀ ਦੇ ਲੋਕ ‘ਖੇਤਰੀ ਸਰਸ ਮੇਲੇ’ ਨੂੰ ਇਕੱਲਾ ਦੇਖ ਕੇ ਹੀ ਲੁਤਫ ਲੈ ਰਹੇ ਹਨ ਜਦੋਂ ਕਿ ਖਰੀਦੋ ਫਰੋਖਤ ਲਈ ਜੇਬ ਢਿੱਲੀ ਕਰਨ ਦੀ ਹਿੰਮਤ ਕੋਈ ਨਹੀਂ ਦਿਖਾਉਂਦਾ। ਦੂਰ-ਦੁਰਾਡੇ ਸੂਬਿਆਂ ਤੋਂ ਆਏ ਸੈਲਫ ਹੈਲਪ ਗਰੁੱਪ ਵਿਕਰੀ ਦੇ ਮੱਠੇ ਹੁੰਗਾਰੇ ਤੋਂ ਕਾਫੀ ਨਿਰਾਸ਼ ਹਨ। ਪੰਜਾਬ ਵਿੱਚ ਪਹਿਲਾਂ ‘ਖੇਤਰੀ ਸਰਸ ਮੇਲਾ’ ਪਟਿਆਲਾ ਵਿੱਚ ਲੱਗਿਆ ਸੀ ਜਿਥੇ ਕਿ 8.50 ਕਰੋੜ ਰੁਪਏ ਦੀ ਸਾਜੋ ਸਮਾਨ ਵਿਕਿਆ ਸੀ। ਪਟਿਆਲਾ ਮੇਲੇ ’ਚ ਔਸਤਨ ਨਿੱਤ ਦੀ ਵਿਕਰੀ 80 ਲੱਖ ਰੁਪਏ ਦੀ ਸੀ ਪਰ ਬਠਿੰਡਾ ਦੇ ਖੇਤਰੀ ਸਰਸ ਮੇਲੇ ’ਚ ਰੋਜ਼ਾਨਾ ਦੀ ਵਿਕਰੀ ਪੰਜ ਲੱਖ ਤੱਕ ਵੀ ਨਹੀਂ ਪੁੱਜੀ ਹੈ।
ਪਟਿਆਲਾ ’ਚ 10 ਦਿਨਾਂ ’ਚ 75 ਹਜ਼ਾਰ ਲੋਕਾਂ ਨੇ ਖੇਤਰੀ ਸਰਸ ਮੇਲਾ ਦੇਖਿਆ ਸੀ ਜਦੋਂ ਕਿ ਬਠਿੰਡਾ ਵਿਖੇ ਪੰਜ ਦਿਨਾਂ ’ਚ ਇਹ ਗਿਣਤੀ 20 ਹਜ਼ਾਰ ਹੈ। ਕੁਝ ਸੈਲਫ ਹੈਲਪ ਗਰੁੱਪਾਂ ਵਾਲਿਆਂ ਨੇ ਆਖਿਆ ਕਿ ਬਠਿੰਡਾ ਇਲਾਕੇ ਦੇ ਲੋਕ ਮੇਲਾ ਦੇਖਣ ਵਾਸਤੇ ਤਾਂ ਵੱਡੀ ਗਿਣਤੀ ’ਚ ਆ ਰਹੇ ਹਨ ਪਰ ਖਰੀਦਦਾਰੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ। ਮੱਧ ਪ੍ਰਦੇਸ਼ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਲੋਕ ਪਿਛਾਂਹ ਹੱਥ ਕਰਕੇ ਨੁਮਾਇਸ਼ਾਂ ਦੇਖ ਕੇ ਮੁੜ ਜਾਂਦੇ ਹਨ, ਸਾਜੋ ਸਮਾਨ ਕੋਈ ਖਰੀਦਦਾ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੀ.ਸਿਬਨ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਵਿੱਚ ਚਾਰ ਦਿਨਾਂ ਦੌਰਾਨ 11.48 ਲੱਖ ਰੁਪਏ ਦੀ ਵਿਕਰੀ ਹੋਈ ਹੈ ਜਿਸ ਵਿੱਚ 26050 ਰੁਪਏ ਦੀ ਖਾਣ ਪੀਣ ਦੀ ਵਿਕਰੀ ਵੀ ਸ਼ਾਮਲ ਹੈ। ਮੀਂਹ ਨੇ ਵੀ ਵਿਕਰੀ ’ਤੇ ਅਸਰ ਪਾਇਆ ਹੈ ਪਰ ਅੱਜ ਲੋਕਾਂ ਨੇ ਮੀਂਹ ਦੇ ਬਾਵਜੂਦ ਮੇਲਾ ਦੇਖਿਆ ਪਰ ਖਰੀਦਦਾਰੀ ਨਹੀਂ ਕੀਤੀ। ਹੁਣ ਤੱਕ ਉਤਰ ਪ੍ਰਦੇਸ਼ ਦਾ ਸਭ ਤੋਂ ਜ਼ਿਆਦਾ ਸਾਮਾਨ 2.17 ਲੱਖ ਰੁਪਏ ਦਾ ਵਿਕਿਆ ਹੈ ਜਦੋਂ ਕਿ ਚਨਾਬ ਬਲਾਕ ਦਾ ਸਭ ਤੋਂ ਜਿਆਦਾ 3.87 ਲੱਖ ਰੁਪਏ ਦਾ ਸਮਾਨ ਵਿਕਿਆ ਹੈ। ਮੇਲੇ ਦੇ ਪਹਿਲੇ ਦਿਨ ਕੇਵਲ 95070 ਰੁਪਏ ਦੇ ਸਮਾਨ ਦੀ ਹੀ ਵਿਕਰੀ ਹੋਈ ਸੀ ਅਤੇ ਦੂਸਰੇ ਦਿਨ 2.69 ਲੱਖ ਰੁਪਏ ਦਾ ਸਮਾਨ ਵਿਕਿਆ ਸੀ। ਪੰਜਾਬੀ ਖਾਣੇ ਦੀ ਵਿਕਰੀ 18,600 ਰੁਪਏ ਦੀ ਹੋਈ ਹੈ। ਸੈਲਫ ਹੈਲਪ ਗਰੁੱਪਾਂ ਵੱਲੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਪਰੋਸਿਆ ਜਾ ਰਿਹਾ ਹੈ।
ਪੰਜਾਬ ਦੀਆਂ ਸਟਾਲਾਂ ਤੋਂ ਚਾਰ ਦਿਨਾਂ ਦੌਰਾਨ 1.69 ਲੱਖ ਰੁਪਏ ਦੇ ਸਮਾਨ ਦੀ ਵਿਕਰੀ ਹੋਈ ਹੈ। ਖੇਤਰੀ ਮੇਲੇ ’ਚ ਸਕੂਲੀ ਬੱਚੇ ਵੀ ਪੁੱਜ ਰਹੇ ਹਨ ਅਤੇ ਖਾਸ ਕਰਕੇ ਕਾਲਜਾਂ ਦੇ ਬੱਚੇ ਵੀ ਮੇਲਾ ਦੇਖ ਰਹੇ ਹਨ। ਝੂਲਿਆਂ ’ਤੇ ਵੀ ਕਾਫੀ ਬੱਚਿਆਂ ਦੀ ਭੀੜ ਬਣਨ ਲੱਗੀ ਹੈ। ਨਗਰ ਨਿਗਮ ਬਠਿੰਡਾ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੇ ਅੱਜ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਨ੍ਹਾਂ ਨਾਰਥ ਜ਼ੋਨ ਕਲਚਰ ਸੈਂਟਰ ਵੱਲੋਂ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਮੇਅਰ ਨੇ ਵੱਖ-ਵੱਖ ਸਟਾਲਾਂ ਤੇ ਜਾ ਕੇ ਵੱਖ ਵੱਖ ਸੂਬਿਆਂ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਤਿਆਰ ਸਮਾਨ ਵਾਰੇ ਜਾਣਕਾਰੀ ਹਾਸਲ ਕੀਤੀ।  ਸੈਲਫ ਹੈਲਪ ਗਰੁੱਪਾਂ ਵਲੋਂ ਆਪਣੇ ਤਜਰਬੇ ਮੇਅਰ ਨਾਲ ਸਾਂਝੇ ਕੀਤੇ ਗਏ ਹਨ। ਸ਼ਾਮ ਵੇਲੇ ਵੱਖ ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਵਲੋਂ ਆਪੋ ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ ਗਿਆ।

Tuesday, February 15, 2011

ਕਾਸ਼ ! ਬੁੱਤ ਬੋਲ ਪੈਂਦੇ.......

ਅਫਸੋਸ ਇਹੋ ਹੈ ਕਿ ਬੁੱਤ ਬੋਲ ਨਹੀਂ ਸਕਦੇ। ਬੋਲਦੇ ਹੁੰਦੇ ਤਾਂ ਇੰਜ ਨਹੀਂ ਸੀ ਹੋਣਾ। ‘ਸ਼ਹੀਦਾਂ’ ਦੇ ਬੁੱਤ ਤਾਂ ਜਾਣੀ ਜਾਣ ਹਨ। ਉਹ ਹੁਣ ਘੂਰਦੇ ਨਹੀਂ, ਝਿੜਕਦੇ ਨਹੀਂ, ਲਾਹਨਤ ਨਹੀਂ ਪਾਉਂਦੇ, ਝੋਲੀ ਅੱਡਣ ਵਾਲਿਆਂ ਨੂੰ। ਝੋਲੀ ਭਰਨ ਵਾਲਿਆਂ ’ਤੇ ਢਿੱਡੋਂ ਔਖੇ ਹਨ। ਜੋ ਵੱਡੇ ਢਿੱਡਾਂ ਵਾਲੇ ਹਨ, ਉਹ ਤਾਂ ਬੇਸ਼ਰਮ ਹਨ,ਬੇਗੈਰਤ ਹਨ,ਭੁਲੱਕੜ ਹਨ।ਉਨ੍ਹਾਂ ਤੇ ਕਾਹਦਾ ਗਿਲਾ। ਬੁੱਤ ਇਨ੍ਹਾਂ ਤੋਂ ਭੈਅ ਖਾਂਦੇ ਹਨ। ਸਾਲ ਮਗਰੋਂ ਆਉਂਦੇ ਹਨ, ਹਾਰ ਲਿਆਉਂਦੇ ਹਨ, ਗੁਣਗਾਣ ਗਾਉਂਦੇ ਹਨ, ਨਵੇਂ ਲਾਰੇ ਲਾਉਂਦੇ ਹਨ, ਝੋਲੀ ਭਰਨ ਵਾਲਿਆਂ ਨੂੰ, ਫਿਰ ਤੂੰ ਕੌਣ ਤੇ ਮੈਂ ਕੌਣ। ਬੋਲਦੇ ਨਹੀਂ ਤਾਂ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ‘ਅਹਿਸਾਸ’ ਮੁੱਕ ਗਏ ਹਨ। ਜਿਨ੍ਹਾਂ ਗੁਲਾਮੀ ਭੋਗੀ, ਉਹ ਤਾਂ ਇਨ੍ਹਾਂ ਬੁੱਤਾਂ ਚੋਂ ਰੂਹਾਂ ਦੇਖਦੇ ਹਨ। ਵਰ੍ਹੇ ਛਿਮਾਹੀ ਆਉਣ ਵਾਲਿਆਂ ਨੂੰ ਤਾਂ ਇਨ੍ਹਾਂ ਬੁੱਤਾਂ ਚੋਂ ਵੀ ਵੋਟ ਦਾ ਝੋਲਾ ਪੈਂਦਾ ਹੈ। ਉਹ ਬੁੱਤਾਂ ਦੀ ਭਾਸ਼ਾ ਜਾਣਦੇ ਹਨ, ਇਸ਼ਾਰੇ ਸਮਝਦੇ ਹਨ, ਰਮਜ਼ ਤੋਂ ਵੀ ਜਾਣੂ ਹਨ। ਜਾਣਦੇ ਹੋਏ ਅਨਜਾਣ ਬਣ ਜਾਂਦੇ ਹਨ। ਵੱਡੇ ਢਿੱਡ ਉਹੋ ਹੀ ਹੁੰਦੇ ਹਨ, ਕੇਵਲ ਉਪਰਲੇ ਬਸਤਰ ਦਾ ਫਰਕ ਹੁੰਦਾ ਹੈ। ਸਭ ਕੁਝ ਦੇਖ ਕੇ ਵੀ ਬੁੱਤ ਰੋਕ ਨਹੀਂ ਸਕਦੇ, ਟੋਕ ਨਹੀਂ ਸਕਦੇ, ਘੋਖ ਨਹੀਂ ਸਕਦੇ। ਸ਼ਾਇਦ ਇਹੋ ਸਮਝ ਬੈਠੇ ਹਨ ਦਰਬਾਰ ਵਾਲੇ। ਬੁੱਤ ਲਾਉਣਾ ਸੌਖਾ ਹੈ। ਬੋਲ ਪੁਗਾਉਣਾ ਔਖਾ ਹੈ। ਇਸ ਜ਼ਮਾਨੇ ’ਚ ਤਾਂ ਹੁਣ ਬੁੱਤਾਂ ਨੂੰ ਵੀ ਖਤਰਾ ਹੈ। ਸਿਆਸਤ ਨੇ ਏਨਾ ਲਪੇਟਾ ਮਾਰ ਲਿਆ ਹੈ ਕਿ ਬੁੱਤਾਂ ’ਤੇ ਵੀ ਅਕਾਲੀ ਜਾਂ ਕਾਂਗਰਸੀ ਹੋਣ ਦੀ ਮੋਹਰ ਲੱਗ ਗਈ ਹੈ।

ਪੰਜਾਬ ਹਰਿਆਣਾ ਸਰਹੱਦ ’ਤੇ ਕਿੱਲਿਆ ਵਾਲੀ ’ਚ ਚੌਧਰੀ ਦੇਵੀ ਲਾਲ ਦਾ ਬੁੱਤ ਹੈ। ਬੁੱਤ ਨੂੰ ਕਿਸ ਤੋਂ ਖਤਰਾ ਹੈ, ਇਹ ਪਤਾ ਨਹੀਂ, ਪਰ ਬੁੱਤ ਦੀ ਰਾਖੀ ਕਾਫ਼ੀ ਸੁਰੱਖਿਆ ਕਰਮੀ ਕਰ ਰਹੇ ਹਨ। ਲੱਖਾਂ ਰੁਪਏ ਦਾ ਖਰਚਾ ਇਕੱਲੇ ਬੁੱਤ ਦੀ ਰਾਖੀ ਦਾ ਹੈ। ਪਟਿਆਲਾ ’ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਰਾਖੀ ’ਚ ਕਾਫ਼ੀ ਸਮਾਂ ਪੁਲੀਸ ਬੈਠੀ ਰਹੀ ਸੀ। ਹਾਲ ਏਹ ਹੈ ਕਿ ਜਦੋਂ ਹਕੂਮਤਾਂ ਬਦਲਦੀਆਂ ਹਨ ਤਾਂ ਉਨ੍ਹਾਂ ਬੁੱਤਾਂ ਨੂੰ ਦੂਸਰੀ ਪਾਰਟੀ ਰਾਮ ਭਰੋਸੇ ਛੱਡ ਦਿੰਦੀ ਹੈ, ਜੋ ਪੁਰਾਣੀ ਸਰਕਾਰ ਨੇ ਲਗਾਏ ਹੁੰਦੇ ਹਨ। ਹਰ ਬੁੱਤ ਅੱਗੇ ਲੱਗਿਆ ਪੱਥਰ ਗਵਾਹ ਬਣਦਾ ਹੈ ਕਿ ਬੁੱਤ ਲਾਇਆ ਕਿਸ ਨੇ ਹੈ। ਬੁੱਤ ਵੀ ਤਾਂ ਇੱਥੇ ਜਲੀਲ ਹੀ ਹੁੰਦੇ ਹਨ। ਮੁਕਤਸਰ ਦੇ ਪਿੰਡ ਭਲਾਈਆਣਾ ਨੂੰ ਬਚਾਉਂਦਾ ਬਚਾਉਂਦਾ ਇੱਕ ਪਾਇਲਟ ਸ਼ਹੀਦ ਹੋ ਗਿਆ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਸ ਸ਼ਹੀਦ ਦੇ ਨਾਮ ’ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮਕਰਨ ਹੋਏਗਾ। ਕਾਫ਼ੀ ਸਮਾਂ ਬੀਤ ਗਿਆ, ਕੁਝ ਨਹੀਂ ਹੋਇਆ। ਉਲਟਾ ਪਿੰਡ ਭੁੱਚੋ ਖੁਰਦ ਦੇ ਇੱਕ ਅਕਾਲੀ ਨੇਤਾ ਦੇ ਨਾਮ ’ਤੇ ਰਾਤੋਂ ਰਾਤ ਸਕੂਲ ਦਾ ਨਾਮਕਰਨ ਕਰ ਦਿੱਤਾ ਗਿਆ। ਬੁੱਤ ਨਹੀਂ ਜਾਣਦੇ ਕਿ ਉਸ ਅਕਾਲੀ ਨੇਤਾ ਦੇ ਪਰਿਵਾਰ ਦਾ ਦਬਦਬਾ ਮੁੱਖ ਮੰਤਰੀ ਦੇ ਦਰਬਾਰ ’ਚ ਕਿੰਨਾ ਹੈ। ਸਰਕਾਰੀ ਸੂਚਨਾ ਹੈ ਕਿ ਭਾਜਪਾ ਦੇ ਵਜ਼ੀਰਾਂ ਨੇ ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਫੰਡਾਂ ਦੇ ਸਰਕਾਰੀ ਗੱਫੇ ਦਿੱਤੇ ਹਨ ਜੋ ਸਿੱਧੇ ਅਸਿੱਧੇ ਰੂਪ ’ਚ ਆਰਐਸਐਸ ਦੇ ਪ੍ਰਭਾਵ ਵਾਲੇ ਹਨ। ਅਕਾਲੀ ਵਜ਼ੀਰਾਂ ਨੇ ਸਿੱਖ ਪ੍ਰਭਾਵ ਵਾਲੇ ਅਦਾਰਿਆਂ ਨੂੰ ਗਰਾਂਟਾਂ ਦੇ ਦਿੱਤੀਆਂ।

ਤੱਥ ਗਵਾਹ ਹਨ ਕਿ ਮੁੱਖ ਮੰਤਰੀ ਪੰਜਾਬ ਨੇ ਪਿੰਡ ਬਾਦਲ ਵਿਚਲੇ ਉਨ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਰਿਓੜੀਆਂ ਵਾਂਗੂ ਫੰਡ ਦਿੱਤੇ ਹਨ, ਜਿਨ੍ਹਾਂਦੇ ਚੇਅਰਮੈਨ ਉਹ ਖੁਦ ਹਨ। ਜੋ ‘ਆਮ ਲੋਕਾਂ’ ਦੇ ਸਰਕਾਰੀ ਸਕੂਲ ਹਨ, ਉਨ੍ਹਾਂ ਦੀ ਵਾਰੀ ਆਉਣ ’ਤੇ ਫੰਡਾਂ ਦਾ ਟੋਟਾ ਕਿਉਂ ਪੈ ਜਾਂਦਾ ਹੈ, ਬੁੱਤ ਇਸ ਗੱਲੋਂ ਵੀ ਹੈਰਾਨ ਹਨ। ਨਗਰ ਸੁਧਾਰ ਟਰੱਸਟ ਬਠਿੰਡਾ ਨੇ ਟਰੱਸਟ ਵਲੋਂ ਬਠਿੰਡਾ ’ਚ ਵਸਾਏ ਨਵੇਂ ਨਗਰ ਦਾ ਨਾਮ ਰੱਖਿਆ ਹੈ ‘ਮਨਮੋਹਨ ਇਨਕਲੇਵ’। ਲੋਕ ਹੈਰਾਨ ਸਨ ਕਿ ਟਰੱਸਟ ’ਤੇ ਕਬਜ਼ਾ ਭਾਜਪਾ ਦਾ, ਇਨਕਲੇਵ ਦਾ ਨਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਮ ’ਤੇ ਰੱਖ ਦਿੱਤਾ। ਮਗਰੋਂ ਪਤਾ ਲੱਗਿਆ ਕਿ ਅਸਲ ’ਚ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਪਿਤਾ ਦਾ ਨਾਮ ਮਨਮੋਹਨ ਕਾਲੀਆ ਹੈ। ਬਠਿੰਡਾ ਦੇ ਪੁਰਾਣੇ ਬੱਸ ਅੱਡੇ ’ਚ ਵਿਕਟੋਰੀਆ ਕਰਾਸ ਜੇਤੂ ਸੂਬੇਦਾਰ ਨੰਦ ਸਿੰਘ ਦਾ ਬੁੱਤ ਲੱਗਾ ਹੋਇਆ ਹੈ। ਸਾਲ ਮਗਰੋਂ ਇਸ ’ਤੇ ਰੰਗ ਰੋਗਨ ਹੁੰਦਾ ਹੈ। ਇੱਕ ਦਿਨ ਉਸ ਨੂੰ ਮਿਲਦਾ ਹੈ। ਬਾਕੀ ਸਾਰਾ ਸਾਲ ਲੀਡਰਾਂ ਦੀ ਆਓ ਭਗਤ ਲਈ ਬੰਨੀਆਂ ਜਾਣ ਵਾਲੀਆਂ ਸਵਾਗਤੀ ਝੰਡੀਆਂ ’ਚ ਨੂੜਿਆ ਰਹਿੰਦਾ ਹੈ। ਫਿਰ ਕੌਣ ਵੱਡਾ ਹੋਇਆ, ਸੂਬੇਦਾਰ ਨੰਦ ਸਿੰਘ ਦਾ ਬੁੱਤ ਜਾਂ ਫਿਰ ਝੰਡੀ ਵਾਲੀ ਕਾਰ।

ਸਰਕਾਰੀ ਸੰਪਤੀ ਦੀ ਵੇਚਣ ਦੀ ਜਦੋਂ ਗੱਲ ਚੱਲੀ ਤਾਂ ਸਰਕਾਰ ਦੀ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ’ਤੇ ਸਿੱਧੀ ਨਿਗ੍ਹਾ ਗਈ ਕਿਉਂਕਿ ਇਸ ਕਾਲਜ ’ਚ ਆਮ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਦੀ ਕਾਲਜ ਦੇ ਸਾਹਮਣੇ ਵਾਲੇ ਉਸ ਡੂਨਜ਼ ਕਲੱਬ ’ਤੇ ਨਜ਼ਰ ਨਹੀਂ ਪਈ ਜੋ ਸਰਕਾਰੀ ਜਗ੍ਹਾ ’ਚ ਉਸਾਰਿਆ ਗਿਆ ਹੈ ਕਿਉਂਕਿ ਇਹ ਅਫਸਰਾਂ ਦਾ ਕਲੱਬ ਹੈ। ਜਦੋਂ ਪਿਛਲੀ ਕਾਂਗਰਸੀ ਹਕੂਮਤ ਸੀ ਤਾਂ ਉਦੋਂ ਸ਼ਰਾਬ ਫੈਕਟਰੀਆਂ ਨੂੰ ਕਰੀਬ 50 ਕਰੋੜ ਰੁਪਏ ਦੇ ਟੈਕਸਾਂ ਤੋਂ ਰਾਤੋਂ ਰਾਤ ਛੋਟ ਦੇ ਦਿੱਤੀ ਗਈ ਸੀ। ਪੰਜਾਬ ਵਿੱਤ ਨਿਗਮ ਨੇ ‘ਵਨ ਟਾਈਮ ਸੈਟਲਮੈਂਟ’ ਸਕੀਮ ਤਹਿਤ ਵਪਾਰੀਆਂ ਦੇ ਕਰੋੜਾਂ ਰੁਪਏ ਮੁਆਫ਼ ਕਰ ਦਿੱਤੇ ਸਨ। ਉਦੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਕਰਕੇ ਵਜ਼ੀਫਾ ਨਹੀਂ ਮਿਲ ਸਕਿਆ ਸੀ ਕਿ ਖ਼ਜ਼ਾਨਾ ਖ਼ਾਲੀ ਸੀ। ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਢੱਡੇ ਦੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਸਿੱਧਾ ਥਾਣੇ ਬੰਦ ਕਰਵਾ ਦਿੱਤਾ। ਉਨ੍ਹਾਂ ਦਾ ਏਨਾ ਕਸੂਰ ਸੀ ਕਿ ਉਨ੍ਹਾਂ ਨੇ ਕਾਲਜ ਅੱਗੇ ਬੀਬੀ ਦੀ ਗੱਡੀ ਰੋਕ ਕੇ ਇੱਕ ਪੌਦਾ ਉਨ੍ਹਾਂ ਦੇ ਹੱਥੋਂ ਲਗਵਾਉਣ ਦੀ ਗਲਤੀ ਕਰ ਲਈ। ਬੀਬੀ ਬਾਦਲ ਇਸ ਗੱਲੋਂ ਖਫ਼ਾ ਹੋ ਗਏ ਕਿ ਬਿਨ੍ਹਾਂ ਅਗਾਊਂ ਸਮਾਂ ਲਏ ਕਿਉਂ ਰੋਕਿਆ ਗਿਆ। ਬੁੱਤ ਹੁਣ ਪੁੱਛਦੇ ਹਨ ਕਿ ਚੋਣਾਂ ਵੇਲੇ ਲੀਡਰ ਲੋਕ ਬਿਨਾਂ ਸਮਾਂ ਦਿੱਤੇ ਲਏ ਕਿਉਂ ਵਿਚ ਵੱਜਦੇ ਫਿਰਦੇ ਹੁੰਦੇ ਹਨ। ਬੁੱਤ ਇਹ ਨਹੀਂ ਜਾਣਦੇ ਕਿ ਵੋਟਾਂ ਮਗਰੋਂ ਇਨ੍ਹਾਂ ਸਿਆਸੀ ਲੋਕਾਂ ਨੂੰ ਆਮ ਲੋਕ ਵੀ ਬੁੱਤ ਹੀ ਦਿਖਦੇ ਹਨ। ਕਿਉਂਜੋ ਕਿਸੇ ਦੇ ਹੱਥ ਵਸ ਕੁਝ ਨਹੀਂ ਬਚਦਾ, ਸਿਵਾਏ ਅਗਲੇ ਪੰਜ ਸਾਲਾਂ ਦੀ ਉਡੀਕ ਤੋਂ।

ਬੁੱਤਾਂ ਨੂੰ ਇਕੱਲਾ ਸਰਕਾਰਾਂ ਦਾ ਡਰ ਨਹੀਂ, ਵਿਜੀਲੈਂਸ ਦਾ ਵੀ ਭੈਅ ਹੈ। ਬੁੱਤਾਂ ਨੇ ਗਿਆਨੀ ਜੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਦੇ ਇਮਾਨਦਾਰ ਪ੍ਰੋਫੈਸਰ ਨੂੰ ਜੱਫਾ ਮਾਰਦੇ ਵਿਜੀਲੈਂਸ ਵਾਲੇ ਦੇਖੇ ਹਨ। ਉਹ ਵੀ ਦੇਖੇ ਹਨ ਜੋ ਵਿਜੀਲੈਂਸ ਦੇ ਨੱਕ ਥੱਲੇ ਜੇਬਾਂ ਭਰਦੇ ਹਨ, ਉਧਰ ਵਿਜੀਲੈਂਸ ਦੀ ਨਿਗ੍ਹਾ ਨਹੀਂ ਪੈਂਦੀ। ਉਪਰੋਂ ਹੁਕਮ ਹੋ ਗਏ ਤਾਂ ਵਿਜੀਲੈਂਸ ਨੇ ਬੁੱਤਾਂ ਦੀ ਪੈਮਾਇਸ਼ ਸ਼ੁਰੂ ਕਰ ਦੇਣੀ ਹੈ, ਤਾਹੀਓਂ ਤਾਂ ਅੱਜ ਕੱਲ ਬੁੱਤ ਵੀ ਸਹਿਮੇ ਹੋਏ ਹਨ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪੈਮਾਇਸ਼ ਕਰਨ ਵਾਲੇ ਹੀ ਮੁਕਰਦੇ ਹਨ ਜਿਸ ਕਰਕੇ ਬਹੁਤਾ ਭੈਅ ਮੰਨਣ ਦੀ ਵੀ ਲੋੜ ਨਹੀਂ। ਰੋਪੜ ਤੇ ਮੋਹਾਲੀ ਦੀ ਅਦਾਲਤ ’ਚ ਚੱਲੇ ਵੱਡੇ ਕੁਰੱਪਸ਼ਨ ਕੇਸ ’ਚ 31 ਸਰਕਾਰੀ ਗਵਾਹ ਮੁੱਕਰ ਗਏ। ਸਾਲ 2002 ’ਚ ਵਿਜੀਲੈਂਸ ਨੇ ਇਹ ਨੀਤੀ ਬਣਾਈ ਕਿ ਜੋ ਗਵਾਹ ਮੁੱਕਰਦੇ ਹਨ, ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਇਆ ਜਾਵੇ। ਪੰਜਾਬ ’ਚ 2002 ਤੋਂ 2007 ਤੱਕ ਵਿਜੀਲੈਂਸ ਕੇਸਾਂ ’ਚ 70 ਗਵਾਹ ਮੁੱਕਰੇ ਜਿਨ੍ਹਾਂ ’ਚ 37 ਮੁੱਕਰੇ ਗਵਾਹ ਮਾਲਵਾ ਖ਼ਿੱਤੇ ਦੇ ਵੀ ਹਨ। ਵਿਜੀਲੈਂਸ ਨੇ ਮੁੱਕਰੇ ਗਵਾਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ, ਧਾਰਾ 182 ਤਹਿਤ ਕਾਰਵਾਈ ਕੀਤੀ। ਬੁੱਤ ਪੁੱਛਦੇ ਹਨ ਕਿ ਹੁਣ ਜੋ 31 ਮੁੱਕਰੇ ਹਨ, ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਕਿਉਂ ਚੁੱਪ ਹੈ। ਨਵੀਂ ਸਰਕਾਰ ਬਣੇਗੀ ਤਾਂ ਮੁੱਕਰਨ ਵਾਲੇ ਗਵਾਹਾਂ ਦੀ ਗਿਣਤੀ ਹੋਰ ਵਧੇਗੀ।

ਖੈਰ ,ਇਹ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਹਨ। ਇੱਥੇ ਤਾਂ ਸਭ ਕੁਝ ਵੱਡਿਆਂ ਦੇ ਹੱਥ ਹੈ। ਕੋਈ ਨਿਤਾਣਾ ਕਦਮ ਚੁੱਕੇ ਤਾਂ ਉਹ ਜੁਰਮ ਬਣ ਜਾਂਦਾ ਹੈ, ਵੱਡਾ ਚੁੱਕੇ ਤਾਂ ਉਹ ‘ਦੇਸ਼ ਭਗਤੀ’। ਬਰਨਾਲਾ ਦੀ ਇੱਕ ਵੱਡੀ ਫੈਕਟਰੀ ਦੀ ਸੁਆਹ ਤੋਂ ਅੱਕੇ ਛੋਟੀ ਬਸਤੀ ਦੇ ਲੋਕਾਂ ਨੇ ਜਦੋਂ ਸੰਘਰਸ਼ ਵਿੱਢ ਦਿੱਤਾ ਤਾਂ ਜਿਨ੍ਹਾਂ ਸੰਘਰਸ਼ ਦੀ ਅਗਵਾਈ ਕੀਤੀ, ਉਨ੍ਹਾਂ ਨੂੰ ਪੁਰਾਣੇ ਕੇਸਾਂ ’ਚ ਪਾ ਕੇ ਜੇਲ੍ਹੀਂ ਡੱਕ ਦਿੱਤਾ। ਜਦੋਂ ਬੇਕਾਰੀ ਦੇ ਭੰਨੇ ਲੰਬੀ ’ਚ ਟੈਂਟ ਲਾਉਂਦੇ ਹਨ ਤਾਂ ਪੁਲੀਸ ਪੁੱਟ ਦਿੰਦੀ ਹੈ। ਟੈਂਟਾਂ ਨੂੰ ਗ਼ੈਰਕਨੂੰਨੀ ਆਖਿਆ ਜਾਂਦਾ ਹੈ। ਜਦੋਂ ਇਹੋ ਟੈਂਟ ਦਿੱਲੀ ’ਚ ਕੇਂਦਰ ਖ਼ਿਲਾਫ਼ ਲੱਗਦੇ ਹਨ ਤਾਂ ਉਦੋਂ ਸਭ ਕੁਝ ਕਾਨੂੰਨੀ ਕਿਵੇਂ ਬਣ ਜਾਂਦਾ ਹੈ, ਸਮਝੋ ਬਾਹਰ ਹੈ। ਜਦੋਂ ਵੀ ਬੀਤੇ ਸਮੇਂ ’ਚ ਪੰਜਾਬ ’ਚ ਕਿਸੇ ਨਾ ਕਿਸੇ ਮੁੱਦੇ ’ਤੇ ਭੰਨ ਤੋੜ ਹੋਈ, ਉਸ ’ਚ ‘ਆਮ ਲੋਕਾਂ’ ਦੀ ਟਰਾਂਸਪੋਰਟ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਸ਼ਿਕਾਰ ਹੋਣਾ ਪਿਆ। ਪੁਲੀਸ ਨੇ ਸਰਕਾਰੀ ਟਰਾਂਸਪੋਰਟ ਦੀ ਰਾਖੀ ਨਹੀਂ ਕੀਤੀ, ਕਿਉਂਕਿ ਇਹੋ ਪੁਲੀਸ ਤਾਂ ਇੱਕ ਵੱਡੇ ਘਰਾਣੇ ਦੀਆਂ ਬੱਸਾਂ ਨੂੰ ਬਚਾਉਣ ਲਈ ਪੁਲੀਸ ਲਾਈਨਾਂ ’ਚ ਪਹਿਰਾ ਦੇ ਰਹੀ ਸੀ।

ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਸ਼ਹੀਦਾਂ ਦਾ ਓਟ ਆਸਰਾ ਤੱਕ ਰਹੇ ਹਨ। ਲੋਕਾਂ ਨੂੰ ਕੀਲਣ ਲਈ ਉਹ ਗੱਲ ਗੱਲ ’ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਨ। ਇੰਜ ਲੱਗਦਾ ਹੈ ਕਿ ਉਹੋ ਹੀ ਸ਼ਹੀਦਾਂ ਦੇ ਵੱਡੇ ਉਪਾਸਕ ਹਨ। ਜਦੋਂ ਉਹ ਹੁਣ ਗੱਦੀ ਤੋਂ ਥੱਲੇ ਹਨ ਤਾਂ ਸ਼ਹੀਦਾਂ ਦੀ ਕੁਰਬਾਨੀ ਦਾ ਚੇਤਾ ਲੋਕਾਂ ਨੂੰ ਕਰਾ ਰਹੇ ਹਨ। ਇਨ੍ਹਾਂ ਸ਼ਹੀਦਾਂ ਦੇ ਬੁੱਤਾਂ ਦਾ ਇਸ਼ਾਰਾ ਹੈ ਕਿ ਮਨਪ੍ਰੀਤ ਬਾਦਲ ਇਹ ਵੀ ਇਕੱਠਾਂ ’ਚ ਦੱਸਣ ਕਿ ਜਦੋਂ ਖ਼ਜ਼ਾਨੇ ਉਨ੍ਹਾਂ ਦੇ ਹੱਥ ’ਚ ਸੀ ਤਾਂ ਉਨ੍ਹਾਂ ਨੇ ਸ਼ਹੀਦਾਂ ਦੀ ਵਿਰਾਸਤ ਸਾਂਭਣ ਲਈ ਕੀ ਕੀ ਕੁਝ ਕੀਤਾ। ਚੰਗਾ ਹੁੰਦਾ ਮਨਪ੍ਰੀਤ ਸਿੰਘ ਬਾਦਲ ਉਦੋਂ ਉਨ੍ਹਾਂ ਬੱਸ ਮਾਲਕਾਂ ਦਾ ਲੱਖਾਂ ਰੁਪਏ ਦਾ ਕਿਰਾਇਆ ਤਾਰ ਦਿੰਦੇ ਜਿਹੜੇ ਬੱਸ ਮਾਲਕ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਅੰਮ੍ਰਿਤਸਰ ’ਚ ਮਨਾਈ ਜਨਮ ਸ਼ਤਾਬਦੀ ਮੌਕੇ ਆਮ ਲੋਕਾਂ ਨੂੰ ਪਿੰਡਾਂ ਚੋਂ ਲੈ ਕੇ ਗਏ ਸਨ। ਬੁੱਤ ਬੋਲ ਨਹੀਂ ਸਕਦੇ, ਫਿਰ ਕੀ ਹੋਇਆ। ਚੇਤਾ ਤਾਂ ਕਰਾਉਂਦੇ ਹਨ ਉਨ੍ਹਾਂ ਗੱਲਾਂ ਦਾ,ਜਿਨ੍ਹਾਂ ਨੂੰ ਗੱਦੀ ਵਾਲੇ ਭੁੱਲਣ ਲੱਗੇ ਹਨ। ਜੇ ਕਿਤੇ ਇਹ ਬੁੱਤ ਬੋਲ ਪਏ ਤਾਂ ਫਿਰ ਖੈਰ ਨਹੀਂ। ਜ਼ਮੀਰ ਲੋਕਾਂ ਦੀ ਮਰੀ ਹੋਏਗੀ ਪਰ ਇਨ੍ਹਾਂ ਦੀ ਨਹੀਂ। ਹਕੂਮਤਾਂ ਵਾਲੇ ਇਨ੍ਹਾਂ ਬੁੱਤਾਂ ਦੀ ਹੀ ਸ਼ਰਮ ਕਰ ਲੈਣ। ਪਾਣੀ ਸਿਰੋਂ ਲੰਘਣ ਲੱਗਿਆ ਤਾਂ ਫਿਰ ਇਨ੍ਹਾਂ ਨੂੰ ਬੋਲਣਾ ਹੀ ਪੈਣਾ ਹੈ। ਸ਼ਹੀਦਾਂ ਦੇ ਬੁੱਤ ਉਨ੍ਹਾਂ ਲੋਕਾਂ ਦੀ ਤਰਜਮਾਨੀ ਕਰਦੇ ਹਨ,ਜਿਨ੍ਹਾਂ ਨੂੰ ਸਰਕਾਰਾਂ ਮਹਿਜ ਇੱਕ ਵੋਟ ਸਮਝਦੀਆਂ ਹਨ।

ਚਰਨਜੀਤ ਭੁੱਲਰ

Monday, February 14, 2011

ਵੈਲੇਨਟਾਈਨ ਡੇਅ ਉੱਤੇ ਵਿਸ਼ੇਸ਼

ਪਿੰਡ ਮਲਕਾਣਾ ਦਾ ਬਜ਼ੁਰਗ ਸੁਖਦੇਵ ਸਿੰਘ ਚੁੱਲ੍ਹਾ ਬਾਲਦਾ ਹੋਇਆ
ਚਰਨਜੀਤ ਭੁੱਲਰ
ਬਠਿੰਡਾ, 13 ਫਰਵਰੀ

ਸੁਖਦੇਵ ਸਿੰਘ ਦੀ ਜ਼ਿੰਦਗੀ ਵਿੱਚ ਕਦੇ ਖੁਸ਼ੀ ਨਹੀਂ ਮਹਿਕ ਸਕੀ। ਇਕ ਇਕਲਾਪੇ ਦਾ ਝੋਰਾ ਤੇ ਉਪਰੋਂ ਬੁਢਾਪੇ ਦੀ ਚੀਸ। ਜ਼ਿੰਦਗੀ ਦੇ ਆਖਰੀ ਮੋੜ ’ਤੇ ਵੀ ਦੁੱਖਾਂ ਨੇ ਪਿੱਛਾ ਨਹੀਂ ਛੱਡਿਆ। ਪਿੰਡ ਮਲਕਾਣਾ ਦੇ ਇਕੱਲੇ ਸੁਖਦੇਵ ਸਿੰਘ ਦੀ ਇਹ ਦਾਸਤਾਂ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਬਜ਼ੁਰਗਾਂ ਦਾ ਸੱਚ ਹੈ, ਜਿਨ੍ਹਾਂ ਦੇ ਵਿਹੜੇ ਕਦੇ ਖੁਸ਼ੀ ਨਹੀਂ ਆਈ। ਭਲਕੇ ‘ਵੈਲੇਨਟਾਈਨ ਡੇਅ’ ਹੈ ਪਰ ਇਹ ਦਿਵਸ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦਾ। 70 ਵਰ੍ਹਿਆਂ ਨੂੰ ਢੁੱਕੇ ਸੁਖਦੇਵ ਨੇ ਜਵਾਨੀ ਉਮਰੇ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਸੀ। ਹੁਣ ਉਸ ਨੂੰ ਇਸ ਫੈਸਲੇ ’ਤੇ ਅਫਸੋਸ ਹੋ ਰਿਹਾ ਹੈ। ਉਹ ਛੋਟੇ ਜਿਹੇ ਘਰ ਵਿੱਚ ਇਕੱਲਾ ਰਹਿੰਦਾ ਹੈ। ਖ਼ੁਦ ਹੀ ਰੋਟੀ ਬਣਾਉਂਦਾ ਹੈ। ਆਪਣੇ ਸਮੇਂ ਵਿੱਚ ਉਹ ਵਿਆਹ ਸਾਹਿਆਂ ਵਿੱਚ ਸਪੀਕਰ ਲਾਉੇਣ ਦਾ ਕੰਮ ਕਰਦਾ ਸੀ। ਉਹ ਆਖਦਾ ਹੈ ਕਿ ਉਸ ਨੇ ਸਪੀਕਰ ਲਾ ਲਾ ਕੇ ਸਾਰਾ ਪਿੰਡ ਵਿਆਹ ਦਿੱਤਾ ਪਰ ਆਪ ਨੂੰ ਹੁਣ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਢਿੱਲ ਮੱਠ ਪੈਣ ’ਤੇ ਉਸ ਨੂੰ ਕੋਈ ਦਵਾਈ ਦੇਣ ਵੀ ਨਹੀਂ ਆਉਂਦਾ। ਬੁਢਾਪੇ ਵਿੱਚ ਉਹ ਥੋੜ੍ਹੀ ਬਹੁਤੀ ਦਿਹਾੜੀ ਕਰਕੇ ਆਪਣਾ ਵਕਤ ਲੰਘਾ ਰਿਹਾ ਹੈ।
ਜ਼ਿਲ੍ਹਾ ਬਠਿੰਡਾ ਵਿੱਚ ਬਹੁਤੇ ਉਹ ਬਜ਼ੁਰਗ ਵੀ ਹਨ, ਜਿਨ੍ਹਾਂ ਦੇ ਘੱਟ ਜ਼ਮੀਨਾਂ ਹੋਣ ਕਰਕੇ ਵਿਆਹ ਨਹੀਂ ਹੋ ਸਕੇ। ਪਿੰਡ ਕੋਟਸ਼ਮੀਰ ਦਾ 62 ਸਾਲ ਦਾ ਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਇਸ ਕਰਕੇ ਰਿਸ਼ਤਾ ਨਹੀਂ ਹੋ ਸਕਿਆ ਕਿ ਉਨ੍ਹਾਂ ਕੋਲ ਜ਼ਮੀਨ ਨਹੀਂ ਸੀ। ਕੋਈ ਵੇਲਾ ਸੀ, ਜਦੋਂ ਉਹ ਮੁਰੱਬਿਆਂ ਵਾਲੇ ਸਨ। ਇਕ ਕਤਲ ਕੇਸ ਵਿੱਚ ਪੂਰੀ 80 ਏਕੜ ਜ਼ਮੀਨ ਚਲੀ ਗਈ। ਇਹ ਬਜ਼ੁਰਗ ਹੁਣ ਦਿਹਾੜੀ ਕਰਕੇ ਵਕਤ ਟਪਾ ਰਿਹਾ ਹੈ। ਉਸ ਨੇ ਭਰੇ ਮਨ ਨਾਲ ਆਖਿਆ ਕਿ ਹੁਣ ਤਾਂ ਕੋਈ ਰੋਟੀ ਵੀ ਨਹੀਂ ਦਿੰਦਾ। ਕਦੇ ਖ਼ੁਦ ਰੋਟੀ ਬਣਾ ਲੈਂਦਾ ਹੈ ਅਤੇ ਕਦੇ ਇੱਧਰੋਂ ਉਧਰੋਂ ਛਕ ਲੈਂਦਾ ਹੈ। ਉਸ ਦਾ ਕਹਿਣਾ ਸੀ ਕਿ ਜੀਵਨ ਸਾਥੀ ਬਿਨਾਂ ਕਾਹਦੀ ਜ਼ਿੰਦਗੀ। ਉਸ ਨੇ ਦੱਸਿਆ ਕਿ ਬੁਢਾਪੇ ਵਿੱਚ ਹੁਣ ਜ਼ਿੰਦਗੀ ਲੰਘਾਉਣੀ ਪਹਾੜ ਵਾਂਗ ਹੈ। ਉਸ ਨੇ ਤਾਂ ਸਰਕਾਰ ’ਤੇ ਵੀ ਗਿਲਾ ਕੀਤਾ, ਜਿਸ ਨੇ ਉਸ ਨੂੰ ਬੁਢਾਪਾ ਪੈਨਸ਼ਨ ਵੀ ਨਹੀਂ ਲਾਈ। ਇਹੋ ਕਹਾਣੀ ਇੱਥੋਂ ਦੇ 62 ਸਾਲ ਦੇ ਮਹਿੰਦਰ ਸਿੰਘ ਦੀ ਹੈ। ਉਹ ਪੰਜ ਭਰਾ ਸਨ, ਜਿਨ੍ਹਾਂ ਵਿੱਚੋਂ ਤਿੰਨ ਹੀ ਵਿਆਹੇ ਗਏ। ਉਹ ਦੱਸਦਾ ਹੈ ਕਿ ਜ਼ਮੀਨ ਘੱਟ ਹੋਣ ਕਰਕੇ ਸਾਕ ਨਹੀਂ ਜੁੜ ਸਕਿਆ। ਉਸ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਕੱਟ ਲਈ ਪਰ ਹੁਣ ਬੁਢਾਪੇ ਵਿੱਚ ਇਕ ਪਲ ਕੱਢਣਾ ਮੁਸ਼ਕਲ ਹੈ। ਉਸ ਦਾ ਕਹਿਣਾ ਸੀ ਕਿ ਹੁਣ ਤਾਂ ਭਤੀਜਾ ਹੀ ਸੰਭਾਲਦਾ ਹੈ।
ਪਿੰਡ ਮਹਿਰਾਜ ਦੇ ਇੱਕੋ ਘਰ ਵਿੱਚ ਚਾਰ ਭਰਾ ਛੜੇ ਹਨ। ਗਰੀਬੀ ਕਾਰਨ ਇਨ੍ਹਾਂ ਭਰਾਵਾਂ ਨੂੰ ਰਿਸ਼ਤਾ ਨਹੀਂ ਜੁੜ ਸਕਿਆ। ਉਨ੍ਹਾਂ ਵਿੱਚੋਂ ਸਭ ਤੋਂ ਵੱਡੇ ਨੇ ਨਾਮ ਛਪਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਮੀਨਾਂ ਵਾਲਿਆਂ ਦੀ ਜ਼ਿੰਦਗੀ ਹੈ। ਉਨ੍ਹਾਂ ਆਖਿਆ ਕਿ ਜੀਵਨ ਸਾਥੀ ਤੋਂ ਬਿਨਾਂ ਇਨਸਾਨ ਅਧੂਰਾ ਹੈ। ਉਨ੍ਹਾਂ ਤਸੱਲੀ ਵੀ ਜ਼ਾਹਰ ਕੀਤੀ ਕਿ ਜਿਸ ਤਰ੍ਹਾਂ ਦਾ ਜ਼ਮਾਨਾ ਦੇਖ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ‘ਛੜੇ ਹੀ ਚੰਗੇ ਹਾਂ’। ਪਿੰਡ ਬਦਿਆਲਾ ਦੇ 56 ਸਾਲ ਦੇ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਜ਼ਿੰਦਗੀ ਕਦੇ ਭਾਰੀ ਨਹੀਂ ਲੱਗੀ। ਉਸ ਦਾ ਕਹਿਣਾ ਸੀ ਕਿ ਚੜ੍ਹਦੀ ਉਮਰ ਵਿੱਚ ਹੀ ਉਸ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਸੀ, ਜਿਸ ’ਤੇ ਕੋਈ ਅਫਸੋਸ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ਹਾਲੇ ਤਾਂ ਚੰਗੇ ਦਿਨ ਲੰਘ ਰਹੇ ਹਨ। ਉਸ ਦਾ ਕਹਿਣਾ ਸੀ ਕਿ ਰੋਟੀ ਪਾਣੀ ਦੀ ਵੀ ਕੋਈ ਸਮੱਸਿਆ ਨਹੀਂ। ਉਸ ਦਾ ਵੀ ਕਹਿਣਾ ਸੀ ਕਿ ਮੌਜੂਦਾ ਸਮੇਂ ਵਿੱਚ ਪਰਿਵਾਰਾਂ ਵਿੱਚ ਜਿਸ ਤਰ੍ਹਾਂ ਦੇ ਸੰਕਟ ਬਣੇ ਹੋਏ ਹਨ, ਉਸ ਤੋਂ ਲੱਗਦਾ ਹੈ ਕਿ ਇਵੇਂ ਹੀ ਚੰਗੇ ਹਾਂ।
ਬਠਿੰਡਾ ਦੇ 65 ਸਾਲ ਦੇ ਬਜ਼ੁਰਗ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਬੁਢਾਪੇ ਵਿੱਚ ਹੁਣ ਵਿਆਹ ਨਾ ਕਰਾਉਣ ਦਾ ਝੋਰਾ ਹੈ। ਉਸ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਸਰੀਰ ਚੱਲਦਾ ਹੈ, ਉਨਾ ਸਮਾਂ ਤਾਂ ਮਹਿਸੂਸ ਨਹੀਂ ਹੁੰਦਾ ਪਰ ਹੁਣ ਪਛਤਾਵਾ ਜ਼ਰੂਰ ਹੈ। ਇਸ ਤਰ੍ਹਾਂ ਦੇ ਹੋਰ ਕਿੰਨੇ ਬਜ਼ੁਰਗ ਸਨ, ਜਿਨ੍ਹਾਂ ਨੇ ਇਹੋ ਆਖਿਆ ਕਿ ‘ਵੈਲੇਨਟਾਈਨ ਡੇਅ’ ਤਾਂ ਉਨ੍ਹਾਂ ਦੇ ਹਨ, ਜਿਨ੍ਹਾਂ ਦੀ ਜੇਬ੍ਹ ਭਾਰੀ ਹੈ, ਉਨ੍ਹਾਂ ਨੂੰ ਤਾਂ ਬੁਢਾਪਾ ਹੀ ਦਿਨ ਰਾਤ ਡਰਾ ਰਿਹਾ ਹੈ।

Sunday, February 13, 2011

ਚਰਨਜੀਤ ਭੁੱਲਰ
ਬਠਿੰਡਾ, 12 ਫਰਵਰੀ
ਬਾਦਲ ਪਰਿਵਾਰ ਦੀ ਬਠਿੰਡਾ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਸਭ ਤੋਂ ਵੱਧ ਸਰਗਰਮੀ ਹੈ। ਬਾਦਲ ਪਰਿਵਾਰ ਦੇ ਸਭ ਤੋਂ ਵੱਧ ਗੇੜੇ ਬਠਿੰਡਾ ਦੇ ਹਨ।
ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਅਕਾਲੀ ਹਕੂਮਤ ਬਣਨ ਮਗਰੋਂ ਹੁਣ ਤੱਕ 45 ਮਹੀਨਿਆਂ ਵਿੱਚ ‘ਬਾਦਲ ਪਰਿਵਾਰ’ ਵੱਲੋਂ ਔਸਤਨ ਹਰ ਚੌਥੇ ਦਿਨ ਬਠਿੰਡਾ ਦਾ ਗੇੜਾ ਲਾਇਆ ਗਿਆ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਬਠਿੰਡਾ ਵਿਚਲੇ ਵੀ.ਆਈ.ਪੀ. ਦੌਰੇ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਔਸਤਨ ਹਰ ਅੱਠਵੇਂ ਦਿਨ ਬਠਿੰਡਾ ਦਾ ਫੇਰਾ ਪਾਇਆ ਹੈ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਔਸਤਨ ਹਰ ਨੌਵੇਂ ਦਿਨ ਬਠਿੰਡਾ ਦਾ ਚੱਕਰ ਕੱਟਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਨੇ 9 ਫਰਵਰੀ, 2011 ਨੂੰ ਪੱਤਰ ਨੰਬਰ 309/ ਆਰ.ਟੀ.ਆਈ ਤਹਿਤ ਵੀ.ਆਈ.ਪੀ ਦੌਰਿਆਂ ਦੇ ਵੇਰਵੇ ਦਿੱਤੇ ਹਨ। ਮੁੱਖ ਮੰਤਰੀ ਪੰਜਾਬ ਨੇ ਪਿਛਲੇ ਕਰੀਬ ਪੌਣੇ ਚਾਰ ਸਾਲਾਂ ਵਿੱਚ 153 ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਹੈ ਜਦੋਂ ਕਿ ਬਾਕੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਿੱਸੇ ਔਸਤਨ 63 ਦਿਨ ਹੀ ਆਏ ਹਨ। ਮੁੱਖ ਮੰਤਰੀ ਨੇ ਬਾਕੀ ਪੰਜਾਬ ਦੇ ਹਰ ਜ਼ਿਲ੍ਹੇ ’ਚ ਔਸਤਨ 22 ਦਿਨ ਦੇ ਗੇੜਾ ਲਾਇਆ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ’ਚ ਹਰ ਅੱਠਵੇਂ ਦਿਨ।
‘ਬਾਦਲ ਪਰਿਵਾਰ’ ਦੀ ਗੱਲ ਕਰੀਏ ਤਾਂ ਹਰ ਜ਼ਿਲ੍ਹੇ ਦੇ ਹਿੱਸੇ ਔਸਤਨ ਇਸ ਪਰਿਵਾਰ ਦੇ 53 ਦਿਨ ਆਏ ਹਨ ਜਦੋਂ ਕਿ ਇਕੱਲੇ ਜ਼ਿਲ੍ਹਾ ਬਠਿੰਡਾ ਦੇ ਹਿੱਸੇ ਇਸ ਪਰਿਵਾਰ ਦੇ 337 ਦਿਨ ਆਏ ਹਨ। ਲੋਕ ਸਭਾ ਚੋਣਾਂ ਵਾਲੇ ਸਾਲ 2009 ’ਚ ‘ਬਾਦਲ ਪਰਿਵਾਰ’ ਦਾ ਸਭ ਤੋਂ ਜ਼ਿਆਦਾ ਗੇੜਾ ਬਠਿੰਡਾ ’ਚ ਰਿਹਾ ਹੈ ਕਿਉਂਕਿ ਇੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ’ਚ ਸਨ। ਮੁੱਖ ਮੰਤਰੀ ਪੰਜਾਬ ਵੱਲੋਂ ਸਾਲ 2007 ’ਚ ਜ਼ਿਲ੍ਹਾ ਬਠਿੰਡਾ ’ਚ 20 ਵੀ.ਆਈ.ਪੀ. ਗੇੜ੍ਹੇ ਲਾਏ ਗਏ ਜਦੋਂ ਕਿ ਸਾਲ 2008 ’ਚ ਮੁੱਖ ਮੰਤਰੀ ਨੇ ਦੁਗਣੇ ਤੋਂ ਵੱਧ ਭਾਵ 46 ਗੇੜੇ ਲਾਏ। ਤੀਸਰੇ ਸਾਲ 2009 ’ਚ ਇਨ੍ਹਾਂ ਗੇੜਿਆਂ ਦੀ ਗਿਣਤੀ ਤਿੰਨ ਗੁਣਾ ਕਰੀਬ 59 ਹੋ ਗਈ ਸੀ। ਲੰਘੇ ਸਾਲ 2010 ’ਚ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹਾ ਬਠਿੰਡਾ ’ਚ 28 ਦੌਰੇ ਕੀਤੇ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਬਠਿੰਡਾ ’ਚ ਕੁੱਲ 153 ਗੇੜੇ ਲਾਏ ਹਨ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਬਠਿੰਡਾ ਦਾ ਇਕ ਦੌਰਾ ਤਿੰਨ ਲੱਖ ਰੁਪਏ ’ਚ ਪੈਂਦਾ ਹੈ। ਪੰਜਾਬ ਸਰਕਾਰ ਦਾ ਇਸ ਹਿਸਾਬ ਨਾਲ ਇਕੱਲੇ ਜ਼ਿਲ੍ਹਾ ਬਠਿੰਡਾ ਦੇ ਦੌਰਿਆਂ ’ਤੇ 4.50 ਕਰੋੜ ਰੁਪਏ ਖਰਚ ਆਇਆ ਹੈ। ਸਾਲ 2010 ’ਚ ਮੁੱਖ ਮੰਤਰੀ ਦੇ ਬਠਿੰਡਾ ਜ਼ਿਲ੍ਹੇ ’ਚ ਗੇੜੇ ਘਟੇ ਹਨ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲ 2010 ’ਚ ਜ਼ਿਲ੍ਹਾ ਬਠਿੰਡਾ ਦੇ ਗੇੜੇ ਵਧੇ ਹਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੰਘੇ 45 ਮਹੀਨਿਆਂ ’ਚ ਜ਼ਿਲ੍ਹਾ ਬਠਿੰਡਾ ਵਿੱਚ 144 ਵੀ.ਆਈ.ਪੀ. ਦੌਰੇ ਕੀਤੇ ਹਨ। ਸਾਲ 2007 ਵਿੱਚ ਉਪ ਮੁੱਖ ਮੰਤਰੀ ਦੇ ਇਸ ਜ਼ਿਲ੍ਹੇ ’ਚ ਸੱਤ ਵੀ.ਆਈ.ਪੀ. ਦੌਰੇ ਸਨ ਜਦੋਂ ਕਿ ਸਾਲ 2008 ਵਿੱਚ ਇਹ ਦੌਰੇ 35 ਹੋ ਗਏ। ਸਾਲ 2009 ’ਚ ਸੁਖਬੀਰ ਸਿੰਘ ਬਾਦਲ ਦੇ ਬਠਿੰਡਾ ਜ਼ਿਲ੍ਹੇ ਦੇ ਗੇੜੇ 43 ਹੋ ਗਏ। ਸਾਲ 2009 ’ਚ ਉਪ ਮੁੱਖ ਮੰਤਰੀ ਨੇ ਜ਼ਿਲ੍ਹਾ ਬਠਿੰਡਾ ’ਚ 144 ਗੇੜੇ ਲਾਏ। ਔਸਤਨ ਹਰ ਨੌਵੇਂ ਦਿਨ ਸੁਖਬੀਰ ਬਾਦਲ ਬਠਿੰਡਾ ਜ਼ਿਲ੍ਹੇ ’ਚ ਆਏ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਜ਼ਿਲ੍ਹੇ ’ਚ ਦੌਰੇ ਮਾਰਚ 2009 ਤੋਂ ਮਗਰੋਂ ਹੀ ਸ਼ੁਰੂ ਹੋਏ ਹਨ। ਹਰਸਿਮਰਤ ਕੌਰ ਬਾਦਲ ਨੇ ਸਾਲ 2009 ’ਚ 13 ਦੌਰੇ ਕੀਤੇ ਜਦੋਂ ਕਿ ਸਾਲ 2010 ’ਚ 27 ਦੌਰੇ ਕੀਤੇ ਹਨ। ਬੀਬੀ ਸÇੁਰੰਦਰ ਕੌਰ ਬਾਦਲ ਤੇ ਸਾਬਕਾ ਐਮ.ਪੀ. ਗੁਰਦਾਸ ਸਿੰਘ ਬਾਦਲ ਦੇ ਦੌਰਿਆਂ ਨੂੰ ਇਸ ਗਿਣਤੀ-ਮਿਣਤੀ ’ਚ ਸ਼ਾਮਲ ਨਹੀਂ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਅਪਰੈਲ, 2009 ਦੇ ਮਹੀਨੇ ਦੇ 30 ਦਿਨਾਂ ’ਚੋਂ 18 ਦਿਨ ਇਕੱਲੇ ਜ਼ਿਲ੍ਹਾ ਬਠਿੰਡਾ ’ਚ ਰਹੇ। ਬਾਦਲ ਪਰਿਵਾਰ ਵੱਲੋਂ ਬਠਿੰਡਾ ਨੂੰ ਨਵੀਂ ਹੱਦਬੰਦੀ ਹੋਣ ਮਗਰੋਂ ਅਪਣਾ ਲਿਆ ਗਿਆ ਸੀ। ਪ੍ਰਾਜੈਕਟਾਂ ਤੇ ਗਰਾਂਟਾਂ ਦੇ ਗੱਫੇ ਹੀ ਇਕੱਲੇ ਬਠਿੰਡਾ ਜ਼ਿਲ੍ਹੇ ਨੂੰ ਨਹੀਂ ਮਿਲੇ ਬਲਕਿ ਹਰ ਚੌਥੇ ਦਿਨ ਬਾਦਲ ਪਰਿਵਾਰ ਜ਼ਿਲ੍ਹਾ ਬਠਿੰਡਾ ’ਚ ਆਇਆ ਵੀ ਹੈ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਬਠਿੰਡਾ ’ਚ ਅੱਠ ਦੌਰੇ ਕੀਤੇ ਹਨ। ਸਾਲ 2007 ’ਚ ਸਾਬਕਾ ਮੁੱਖ ਮੰਤਰੀ ਨੇ ਦੋ ਗੇੜੇ ਅਤੇ ਸਾਲ 2009 ’ਚ ਸਾਬਕਾ ਮੁੱਖ ਮੰਤਰੀ ਨੇ ਜ਼ਿਲ੍ਹਾ ਬਠਿੰਡਾ ਦੇ ਅੱਧੀ ਦਰਜਨ ਦੌਰੇ ਕੀਤੇ ਹਨ। ਸਾਲ 2008 ਅਤੇ ਸਾਲ 2010 ਦੌਰਾਨ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਬਠਿੰਡਾ ’ਚ ਆਏ ਹੀ ਨਹੀਂ। ਯੁਵਰਾਜ ਰਣਇੰਦਰ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੇ ਪਿਛਲੇ ਪੌਣੇ ਚਾਰ ਸਾਲਾਂ ’ਚ 21 ਗੇੜੇ ਲਾਏ ਹਨ ਜਦੋਂ ਕਿ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਸਾਲ 2009 ’ਚ ਜ਼ਿਲ੍ਹਾ ਬਠਿੰਡਾ ਦੇ ਦੋ ਚੱਕਰ ਲਾਏ ਹਨ।

ਪੁਲੀਸ ਨਿੱਤ ਦੇ ਗੇੜਿਆਂ ਤੋਂ ਔਖੀ

ਬਠਿੰਡਾ ਪੁਲੀਸ ਦੇ ਮੁਲਾਜ਼ਮਾਂ ਨੂੰ ਵੀ.ਆਈ.ਪੀ. ਗੇੜੇ ਬੜੇ ਮਹਿੰਗੇ ਪੈ ਰਹੇ ਹਨ। ਪੁਲੀਸ ਮੁਲਾਜ਼ਮ ਇਸ ਗੱਲੋਂ ਕਾਫੀ ਤੰਗ ਹਨ ਕਿ ਉਨ੍ਹਾਂ ਦਾ ਜ਼ਿਆਦਾ ਸਮਾਂ ਬਾਦਲ ਪਰਿਵਾਰ ਦੀ ਸੁਰੱਖਿਆ ’ਚ ਹੀ ਲੰਘਦਾ ਹੈ। ਜਦੋਂ ਕਾਂਗਰਸੀ ਰਾਜ ਭਾਗ ਸੀ ਤਾਂ ਉਦੋਂ ਬਠਿੰਡਾ ਪੁਲੀਸ ਨੂੰ ਟਾਵੀਂ ਹੀ ਵੀ.ਆਈ.ਪੀ. ਡਿਊਟੀ ਪਈ ਸੀ। ਹੁਣ ਅਕਾਲੀ ਰਾਜ ਭਾਗ ਆਉਣ ਮਗਰੋਂ ਵੀ.ਆਈ.ਪੀ. ਡਿਊਟੀ ’ਚ ਹੀ ਮੁਲਾਜ਼ਮ ਉਲਝੇ ਰਹਿੰਦੇ ਹਨ। ਬਹੁਤੇ ਮੁਲਾਜ਼ਮ ਤਾਂ ਸਰਦੀ ਦੇ ਦਿਨਾਂ ’ਚ ਬਿਮਾਰ ਵੀ ਰਹੇ ਹਨ। ਕਾਫੀ ਮੁਲਾਜ਼ਮ ਆਪਣੀ ਬਦਲੀ ਹੀ ਦੂਸਰੇ ਜ਼ਿਲ੍ਹਿਆਂ ’ਚ ਕਰਾ ਗਏ ਹਨ।